ਗਾਖਲ ਭਰਾਵਾਂ ਦੀਆਂ ਦੋ ਪੰਜਾਬੀ ਫਿਲਮਾਂ ਸੈਟ ‘ਤੇ ਜਾਣ ਲਈ ਤਿਆਰ

ਸੈਨ ਹੋਜ਼ੇ (ਬਿਊਰੋ): ਟਰੱਕਿੰਗ, ਜਿਮ ਅਤੇ ਮੋਟਲ ਕਾਰੋਬਾਰ ਵਿਚ ਕਾਮਯਾਬੀ ਤੋਂ ਬਾਅਦ ਵੱਡੇ ਪਰਦੇ ਲਈ ਸਰਗਰਮ ਹੋਏ ਗਾਖਲ ਭਰਾ-ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਹਿੰਦੀ ਫਿਲਮ Ḕਸੈਕੰਡ ਹੈਂਡ ਹਸਬੈਂਡḔ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਵਿਚ ਇੱਕੋ ਵੇਲੇ ਬੂਹੇ ਬਾਰੀਆਂ Ḕਕੱਠੇ ਖੋਲ੍ਹਣ ਲੱਗੇ ਹਨ ਯਾਨਿ ਜੀ ਬੀ ਐਂਟਰਟੇਨਮੈਂਟ ਦੇ ਬੈਨਰ ਹੇਠ ਦੋ ਪੰਜਾਬੀ ਫਿਲਮਾਂ ਦਾ ਨਿਰਮਾਣ ਨਵੰਬਰ ਮਹੀਨੇ ਸ਼ੁਰੂ ਹੋ ਰਿਹਾ ਹੈ।

ਵਾਟਸਨਵਿਲ (ਕੈਲੀਫੋਰਨੀਆ) ਵਸਦੇ ਗਾਖਲ ਭਰਾਵਾਂ ਦਾ ਪੰਜਾਬੀ ਭਾਈਚਾਰੇ ਵਿਚ ਸਤਿਕਾਰ ਬਹੁਤ ਵੱਡਾ ਹੈ। ਅਮੋਲਕ ਸਿੰਘ ਗਾਖਲ ਯੂਨਾਈਟਡ ਸਪੋਰਟਸ ਕਲੱਬ ਕੈਲੀਫੋਰਨੀਆ ਦੇ ਚੇਅਰਮੈਨ ਹਨ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਕਬੱਡੀ ਦੀ ਪ੍ਰੋਮੋਸ਼ਨ ਲਈ ਸਰਗਰਮ ਰਹੇ ਹਨ। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਉਹ ਹੋਰ ਖੇਡ ਕਲੱਬਾਂ ਨੂੰ ਵੀ ਆਰਥਿਕ ਮਦਦ ਦਿੰਦੇ ਆਏ ਹਨ। ਗੋਲਡ ਜਿਮ ਦੇ ਰੂਪ ਵਿਚ ਉਨ੍ਹਾਂ ਦਾ ਇਕ ਹੋਰ ਵੱਖਰਾ ਕਾਰੋਬਾਰ ਭਾਰਤ ਤੱਕ ਵੀ ਫੈਲਿਆ ਹੋਇਆ ਹੈ।
ਅਮੋਲਕ ਸਿੰਘ ਗਾਖਲ ਨੇ ਕਿਹਾ ਹੈ ਕਿ ਉਹ Ḕਸੈਕੰਡ ਹੈਂਡ ਹਸਬੈਂਡḔ ਫਿਲਮ ਨੂੰ ਇਕ ਤਜਰਬਾ ਮੰਨਦੇ ਹਨ ਕਿਉਂਕਿ ਕਿਸੇ ਵੀ ਖੇਤਰ ਵਿਚ ਤਜਰਬਾ ਹਾਸਲ ਕਰਨ ਲਈ ਕੁਝ ਨਾ ਕੁਝ ਅਦਾ ਵੀ ਕਰਨਾ ਪੈਂਦਾ ਹੈ। ਉਹ ਬਾਲੀਵੁਡ ਵਿਚ ਪੱਕੇ ਪੈਰੀਂ ਗਏ ਹਨ ਅਤੇ ਹਿੰਦੀ ਸਿਨਮੇ ਦੇ ਨਾਲ ਨਾਲ ਪੰਜਾਬੀ ਫਿਲਮ ਜਗਤ ਨੂੰ ਵੀ ਨਵੀਆਂ ਰਾਹਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸੇ ਲਈ ਉਨ੍ਹਾਂ ਨੇ ਅਗਲੀਆਂ ਦੋ ਪੰਜਾਬੀ ਫਿਲਮਾਂ ਦਾ ਨਿਰਮਾਣ ਕਾਰਜ ਪਿਛਲੇ ਤਿੰਨ ਮਹੀਨਿਆਂ ਤੋਂ ਅਰੰਭ ਕੀਤਾ ਹੋਇਆ ਹੈ। ਇਨ੍ਹਾਂ ਦੋਹਾਂ ਹੀ ਫਿਲਮਾਂ ਦਾ ਲਿਖਤੀ ਕੰਮ ਕਾਜ ਮੁਕੰਮਲ ਹੋਣ ਤੋਂ ਬਾਅਦ ਇਨ੍ਹਾਂ ‘ਚੋਂ ਪਹਿਲੀ ਪੰਜਾਬੀ ਫਿਲਮ ਜਿਸ ਵਿਚ ਜਿੰਮੀ ਸ਼ੇਰਗਿੱਲ ਅਤੇ ਬੱਬੂ ਮਾਨ ਦੀ ਪ੍ਰਮੁੱਖ ਭੂਮਿਕਾ ਹੋਵੇਗੀ, ਨਵੰਬਰ ਮਹੀਨੇ ਕਿਸੇ ਵੇਲੇ ਵੀ ਸੈਟ Ḕਤੇ ਜਾ ਸਕਦੀ ਹੈ।
ਸ਼ ਗਾਖਲ ਨੇ ਕਿਹਾ ਕਿ ਪੰਜਾਬੀ ਦੀ ਵਿਰਾਸਤ ਨੂੰ ਜਿਉਂਦਿਆਂ ਰੱਖਣ ਲਈ ਜਿਥੇ ਇਸ ਫਿਲਮ ਦੀ ਕਹਾਣੀ ਨੂੰ ਉਨ੍ਹਾਂ ਨੇ ਆਪਣੀਆਂ ਨਜ਼ਰਾਂ ਨਾਲ ਘੋਖ ਕੇ ਅੱਗੇ ਤੋਰਿਆ ਹੈ, ਉਥੇ ਉਹ ਇਸ ਫਿਲਮ ਨੂੰ ਨੌਜਵਾਨ ਵਰਗ ਲਈ ਮਨੋਰੰਜਕ ਬਣਾਉਣ ਲਈ ਵੀ ਪੂਰੀ ਵਾਹ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਫਿਲਮ ਵਿਚ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਬੀਨੂ ਢਿੱਲੋਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸ਼ ਗਾਖਲ ਅਨੁਸਾਰ Ḕਜੱਟ ਜੇਮਜ਼ ਬਾਂਡḔ ਅਤੇ Ḕਕੈਰੀ ਆਨ ਜੱਟਾḔ ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਸਮੀਪ ਕੰਗ ਨੂੰ ਇਕ ਫਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦੋਂਕਿ ਦੂਜੀ ਫਿਲਮ ਦੇ ਨਿਰਦੇਸ਼ਨ ਵਾਲਾ ਰਹੱਸ ਅਜੇ ਉਹ ਬਣਾਈ ਰੱਖਣਗੇ।
ਸ਼ ਅਮੋਲਕ ਸਿੰਘ ਗਾਖਲ ਨੇ ਸਵੀਕਾਰ ਕੀਤਾ ਕਿ ਭਾਵੇਂ Ḕਸੈਕੰਡ ਹੈਂਡ ਹਸਬੈਂਡḔ ਫਿਲਮ ਨੂੰ ਆਸ ਜਿੰਨਾ ਹੁੰਗਾਰਾ ਨਹੀਂ ਮਿਲਿਆ ਪਰ ਉਹ ਇਸ ਖੇਤਰ ਦੀਆਂ ਸਾਰੀਆਂ ਬਾਰੀਕੀਆਂ ਸਿੱਖਣ ਲਈ ਇਸੇ ਫਿਲਮ ਨੂੰ ਸਿਹਰਾ ਦਿੰਦੇ ਰਹਿਣਗੇ। ਇਸੇ ਕਰਕੇ ਅਗਲੀਆਂ ਪੰਜਾਬੀ ਫਿਲਮਾਂ ਵਿਚ ਗਿੱਪੀ ਗਰੇਵਾਲ ਵੀ ਉਨ੍ਹਾਂ ਦਾ ਹੀਰੋ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਪੰਜਾਬੀ ਫਿਲਮ ਦੇ ਕੁਝ ਗੀਤ ਐਸ ਅਸ਼ੋਕ ਭੌਰਾ ਨੇ ਲਿਖੇ ਹਨ।