ਜੰਮੂ: ਰੂਸ ਦੇ ਸ਼ਹਿਰ ਉਫ਼ਾ ਵਿਚ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਵੱਲੋਂ ਗੱਲਬਾਤ ਬਾਰੇ ਕੀਤੇ ਐਲਾਨ ਸਿਰੇ ਨਾ ਚੜ੍ਹਨ ਪਿੱਛੋਂ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਉਤੇ ਇਕ ਵਾਰ ਫਿਰ ਤਣਾਅ ਵਧ ਗਿਆ ਹੈ। ਦੋਵਾਂ ਦੇਸ਼ਾਂ ਵੱਲੋਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਭਾਰਤ ਜਦੋਂ 1965 ਜੰਗ ਦੀ ਜਿੱਤ ਦੇ ਜਸ਼ਨ ਮਨਾ ਰਿਹਾ ਸੀ ਤਾਂ
ਪਾਕਿਸਤਾਨ ਵੱਲੋਂ ਸਰਹੱਦ ਉਤੇ ਕੀਤੀ ਜ਼ੋਰਦਾਰ ਗੋਲੀਬਾਰੀ ਕਾਰਨ ਤਿੰਨ ਭਾਰਤੀ ਨਾਗਰਿਕ ਹਲਾਕ ਤੇ 17 ਹੋਰ ਫੱਟੜ ਹੋ ਗਏ। ਉਧਰ ਪਾਕਿਸਤਾਨ ਨੇ ਵੀ ਦਾਅਵਾ ਕੀਤਾ ਹੈ ਕਿ ਬੀæਐਸ਼ਐਫ਼ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੌਰਾਨ ਉਸ ਦੇ ਅੱਠ ਨਾਗਰਿਕ ਮਾਰੇ ਗਏ ਤੇ 22 ਔਰਤਾਂ ਸਮੇਤ 47 ਤੋਂ ਵੀ ਵੱਧ ਜ਼ਖ਼ਮੀ ਹੋ ਗਏ। ਪਾਕਿਸਤਾਨੀ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੇ ਸੈਨਿਕ ਭਾਰਤੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ।
ਗੋਲਬਾਰੀ ਦੇ ਵੇਰਵੇ ਦੱਸਦਿਆਂ ਬੀæਐਸ਼ਐਫ਼ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਬਿਨਾਂ ਕਿਸੇ ਕਾਰਨ ਗੋਲਾਬਾਰੀ ਕੀਤੀ ਹੈ। ਪਹਿਲਾਂ ਪਹਿਲ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਪਰ ਬਾਅਦ ਵਿਚ ਆਰæਐਸ਼ ਪੁਰਾ ਤੇ ਅਰਨੀਆ ਸੈਕਟਰਾਂ ਵਿਚ ਬੀæਐਸ਼ਐਫ਼ ਦੀਆਂ ਚੌਕੀਆਂ ਤੇ ਨਾਗਰਿਕ ਟਿਕਾਣਿਆਂ ‘ਤੇ ਮੋਰਟਾਰ ਤੋਪਾਂ ਨਾਲ ਗੋਲਾਬਾਰੀ ਸ਼ੁਰੂ ਕਰ ਦਿੱਤੀ। ਪਾਕਿ ਨੇ ਕਿਸ਼ਨਪੁਰ, ਜੋਰਾ ਫਾਰਮ, ਜੁਗਨੂ ਚੱਕ, ਨਵਾਂ ਪਿੰਡ, ਘਰਨਾ ਸਿਆ, ਅਬਦੁੱਲਾ ਤੇ ਆਰæਐਸ਼ਪੁਰਾ ਦੇ ਇਲਾਕਿਆਂ ਚੰਦੂ ਚੱਕ ਤੇ ਦੂਸਰੇ ਇਲਾਕੇ ਅਰਨੀਆ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਸੈਨਿਕਾਂ ਨੇ ਗੋਲੀਬਾਰੀ ਲਈ ਅਤਿ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ। ਸਰਹੱਦ ਦੀ ਰਾਖੀ ਕਰ ਰਹੇ ਬੀæਐਸ਼ਐਫ਼ ਦੇ ਸੁਰੱਖਿਆ ਮੁਲਾਜ਼ਮਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਸਿੱਟੇ ਵਜੋਂ ਭਾਰੀ ਗੋਲੀ ਵਟਾਂਦਰਾ ਸ਼ੁਰੂ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਅਗਲੇਰੇ ਇਲਾਕਿਆਂ ਵਿਚ ਤਾਇਨਾਤ ਜਵਾਨ ਮੂੰਹ ਤੋੜ ਜਵਾਬ ਦੇ ਰਹੇ ਹਨ ਤੇ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨ ਦੇ ਅਗਲੇਰੇ ਇਲਾਕਿਆਂ ‘ਤੇ ਗੋਲੀਬਾਰੀ ਕੀਤੀ ਜਿਸ ਨਾਲ ਉਸ ਦਾ ਵੀ ਨੁਕਸਾਨ ਹੋਇਆ ਹੈ। ਪਾਕਿਸਤਾਨ ਨੇ ਅਗਸਤ ਮਹੀਨੇ 55 ਤੇ ਹੁਣ ਤੱਕ ਇਸ ਸਾਲ ਦੌਰਾਨ 245 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ।
______________________________________
ਪਾਕਿਸਤਾਨ ਲਈ ਭਾਰਤ ਵੱਡਾ ਖਤਰਾ ਕਰਾਰ
ਇਸਲਾਮਾਬਾਦ: ਪਾਕਿਸਤਾਨੀ ਫ਼ੌਜ ਨੇ ਇਕ ਸੰਸਦੀ ਕਮੇਟੀ ਨੂੰ ਦੱਸਿਆ ਹੈ ਕਿ ਦੇਸ਼ ਨੂੰ ਇਕੋ-ਇਕ ਬਾਹਰੀ ਖ਼ਤਰਾ ਭਾਰਤ ਤੋਂ ਹੈ ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਗੱਲਬਾਤ ਮੁਲਤਵੀ ਹੋਣ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਦੇ ਮਾਮਲੇ ਵਿਚ ਸਥਿਤੀ ਵਿਸਫੋਟਕ ਬਣੀ ਹੋਈ ਹੈ। ਸੈਨਟ ਮੈਂਬਰ ਮੁਸ਼ਾਹਿਦ ਹੁਸੈਨ ਦੀ ਅਗਵਾਈ ਵਾਲੀ ਸੈਨਟ ਰੱਖਿਆ ਕਮੇਟੀ ਨੇ ਬੀਤੇ ਦਿਨੀਂ ਫੌਜ ਦੇ ਰਾਵਲਪਿੰਡੀ ਵਿਚਲੇ ਜੁਆਇੰਟ ਸਟਾਫ ਹੈੱਡਕੁਆਰਟਰ ਦਾ ਦੌਰਾ ਕੀਤਾ ਜਿਥੇ ਜੁਆਇੰਟ ਚੀਫ ਸਟਾਫ ਕਮੇਟੀ ਦੇ ਚੇਅਰਮੈਨ ਜਨਰਲ ਰਾਸ਼ਦ ਮਹਿਮੂਦ ਤੇ ਉਸ ਦੀ ਟੀਮ ਨੇ ਕਮੇਟੀ ਨੂੰ ਹਾਲਾਤ ਤੋਂ ਜਾਣੂ ਕਰਵਾਇਆ। ‘ਡਾਨ’ ਅਖਬਾਰ ਦੀ ਇਕ ਰਿਪੋਰਟ ਅਨੁਸਾਰ ਫੌਜੀ ਅਫਸਰਾਂ ਨੇ ਕਮੇਟੀ ਨੂੰ ਦੱਸਿਆ ਕਿ ਵਿਸ਼ਵ ਵਿਚ ਭਾਰਤ ਹਥਿਆਰਾਂ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ ਤੇ ਉਸ ਨੇ ਪਿਛਲੇ ਇਕ ਦਹਾਕੇ ਦੌਰਾਨ ਆਪਣਾ ਰੱਖਿਆ ਖਰਚ ਦੁੱਗਣੇ ਤੋਂ ਵਧ ਕਰ ਲਿਆ ਹੈ।
______________________________________
ਭਾਰਤ ਨੂੰ ਭੁਗਤਣੇ ਪੈਣਗੇ ਨਤੀਜੇ: ਆਸਿਫ਼
ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਵੱਲੋਂ ਉਨ੍ਹਾਂ ਦੇ ਦੇਸ਼ ਨਾਲ ਜੰਗ ਲੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ ਜਿਸ ਨੂੰ ਮੁਲਕ ਦਹਾਕਿਆਂ ਤੱਕ ਯਾਦ ਰੱਖੇਗਾ। ਸ੍ਰੀ ਆਸਿਫ਼ ਨੇ ਕਿਹਾ ਕਿ ਪਾਕਿਸਤਾਨ ਦੀ ਫ਼ੌਜ ਆਪਣੀ ਮਾਤ ਭੂਮੀ ਦੀ ਹਰ ਕੀਮਤ ‘ਤੇ ਰੱਖਿਆ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਪਾਕਿਸਤਾਨ ਅੰਦਰ ਜਿਸ ਤਰ੍ਹਾਂ ਦੀ ਦਖ਼ਲਅੰਦਾਜ਼ੀ ਕਰ ਰਿਹਾ ਹੈ, ਉਸ ਦੇ ਸਾਰੇ ਸਬੂਤ ਪਾਕਿਸਤਾਨ ਕੋਲ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਯੂæਐਨæ ਦੀ ਜਨਰਲ ਅਸੈਂਬਲੀ ਮੀਟਿੰਗ ਵਿਚ ਬਾਕਾਇਦਾ ਪੇਸ਼ ਕਰਨਗੇ।
_________________________________
ਪਾਕਿ ਪਰਮਾਣੂ ਤਾਕਤ ਦਾ ਰੋਹਬ ਨਾ ਝਾੜੇ: ਕੈਰੀ
ਵਾਸ਼ਿੰਗਟਨ: ਪਾਕਿਸਤਾਨ ਵੱਲੋਂ ਪਰਮਾਣੂ ਤਾਕਤ ਦਾ ਰੋਹਬ ਝਾੜਨ ‘ਤੇ ਅਮਰੀਕਾ ਨੇ ਉਸ ਨੂੰ ਖ਼ਬਰਦਾਰ ਕੀਤਾ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਜੌਹਨ ਕਿਰਬੀ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਵਾਰ-ਵਾਰ ਆਖਿਆ ਹੈ ਕਿ ਦੋਵੇਂ ਮੁਲਕ ਮੁੱਦਿਆਂ ਦੇ ਹੱਲ ਲਈ ਮਿਲ ਕੇ ਕੰਮ ਕਰਨ। ਪਾਕਿਸਤਾਨ ਵੱਲੋਂ ਪਰਮਾਣੂ ਤਾਕਤ ਵਾਲਾ ਮੁਲਕ ਹੋਣ ਦੇ ਬਿਆਨ ਬਾਰੇ ਤਰਜਮਾਨ ਨੇ ਕਿਹਾ ਕਿ ਅਮਰੀਕਾ ਦੋਹਾਂ ਮੁਲਕਾਂ ਵਿਚ ਤਣਾਅ ਘਟਾਉਣਾ ਚਾਹੁੰਦਾ ਹੈ। ਪਰਮਾਣੂ ਹਥਿਆਰਾਂ ਦੀ ਸੰਭਾਵਿਤ ਵਰਤੋਂ ਸਬੰਧੀ ਕਿਆਸਾਂ ਨਾਲ ਤਣਾਅ ਘੱਟ ਨਹੀਂ ਰਿਹਾ ਸਗੋਂ ਵੱਧ ਰਿਹਾ ਹੈ। ਅਮਰੀਕਾ ਦੀ ਕੌਮੀ ਸੁਰੱਖਿਆ ਸਲਾਹਕਾਰ ਸੁਜ਼ੈਨ ਰਾਈਸ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਖ਼ਿੱਤੇ ਵਿਚ ਸ਼ਾਂਤੀ ਤੇ ਸਥਿਰਤਾ ਲਈ ਪਹਿਲ ਕਰੇ।
_______________________________
ਪਾਕਿਸਤਾਨ ਖਿਲਾਫ ਇਕ ਹੋਰ ਜਿਉਂਦਾ ਸਬੂਤ
ਜੰਮੂ: ਊਧਮਪੁਰ ਵਿਚ ਪਾਕਿਸਤਾਨ ਤੋਂ ਆਏ ਅਤਿਵਾਦੀ ਨਾਵੇਦ ਨੂੰ ਫੜਨ ਦੇ ਕੁਝ ਹਫ਼ਤਿਆਂ ਬਾਅਦ ਕਸ਼ਮੀਰ ਵਿਚ ਫ਼ੌਜ ਦੇ ਨਾਲ ਹੋਏ ਮੁਕਾਬਲੇ ਵਿਚ ਇਕ ਹੋਰ ਪਾਕਿਸਤਾਨੀ ਅਤਿਵਾਦੀ ਨੂੰ ਜ਼ਿੰਦਾ ਕਾਬੂ ਕਰ ਲਿਆ ਗਿਆ, ਜਦ ਕਿ ਉਸ ਦੇ ਚਾਰ ਹੋਰ ਸਾਥੀ ਮਾਰੇ ਗਏ। ਸ੍ਰੀਨਗਰ ਪਹੁੰਚੀ ਐਨæਆਈæਏæ ਦੀ ਟੀਮ ਸਾਹਮਣੇ ਸੱਯਾਦ ਅਹਿਮਦ ਨੇ ਇਹ ਕਬੂਲਿਆ ਹੈ ਕਿ ਉਹ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਜੱਫਰਗੜ੍ਹ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਨਾਵੇਦ ਨਾਂ ਦਾ ਅਤਿਵਾਦੀ ਜਿਉਂਦਾ ਫੜਿਆ ਗਿਆ ਸੀ ਜਿਸ ਨੇ ਕਬੂਲਿਆ ਸੀ ਕਿ ਉਹ ਪਾਕਿਸਤਾਨ ਤੋਂ ਆਇਆ ਹੈ। ਨਾਵੇਦ ਤੇ ਉਸ ਦੇ ਸਾਥੀ ਨੇ ਪੰਜ ਅਗਸਤ ਨੂੰ ਊਧਮਪੁਰ ਜ਼ਿਲ੍ਹੇ ਵਿਚ ਚੇਨਾਨੀ ਖੇਤਰ ਵਿਚ ਬੀæਐਸ਼ਐਫ਼ ਕਾਫ਼ਿਲੇ ‘ਤੇ ਹਮਲਾ ਕੀਤਾ ਸੀ। ਉਸ ਦਾ ਇਕ ਸਾਥੀ ਮੁਕਾਬਲੇ ਵਿਚ ਮਾਰਿਆ ਗਿਆ ਸੀ।