ਦੀਨਾਨਗਰ ਫਿਦਾਈਨ ਹਮਲੇ ਬਾਰੇ ਸਾਹਮਣੇ ਆਏ ਕਈ ਅਹਿਮ ਖੁਲਾਸੇ

ਚੰਡੀਗੜ੍ਹ: ਗੁਰਦਾਸਪੁਰ ਦੇ ਦੀਨਾਨਗਰ ਪੁਲਿਸ ਸਟੇਸ਼ਨ ਉਤੇ ਹੋਏ ਫਿਦਾਈਨ ਹਮਲੇ ਨੂੰ ਇਕ ਮਹੀਨਾ ਹੋ ਗਿਆ ਹੈ। ਇਸ ਅਤਿਵਾਦੀ ਹਮਲੇ ਦੀਆਂ ਪਰਤਾਂ ਦਿਨੋਂ ਦਿਨ ਖੁੱਲ੍ਹ ਰਹੀਆਂ ਹਨ। ਹੁਣ ਪੰਜਾਬ ਪੁਲਿਸ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਰਿਪੋਰਟ ਵਿਚ ਨਵਾਂ ਖੁਲਾਸਾ ਹੋਇਆ ਹੈ।

ਰਿਪੋਰਟ ਮੁਤਾਬਕ ਦੀਨਾਨਗਰ ਹਮਲੇ ਲਈ ਤਿੰਨੋਂ ਫਿਦਾਈਨ 26 ਜੁਲਾਈ ਦੀ ਰਾਤ ਕੌਮਾਂਤਰੀ ਸਰਹੱਦ ਉਤੇ ਬੀæਐੱਸ਼ਐੱਫ਼ ਦੀ ਤਾਸ਼ ਪੋਸਟ ਕੋਲੋਂ ਭਾਰਤੀ ਸੀਮਾ ਵਿਚ ਦਾਖਲ ਹੋਏ। ਇਹ ਪੋਸਟ ਨਰੋਟ ਜੈਮਲ ਸਿੰਘ ਪੁਲਿਸ ਸਟੇਸ਼ਨ ਦੀ ਹੱਦ ਵਿਚ ਮਸਤਗੜ੍ਹ ਪਿੰਡ ਕੋਲ ਹੈ। ਹਮਲਾਵਰਾਂ ਕੋਲੋਂ ਦੋ ਜੀæਪੀæਐਸ਼ ਬਰਾਮਦ ਹੋਏ ਸੀ। ਪੰਜਾਬ ਪੁਲਿਸ ਨੇ ਇਨ੍ਹਾਂ ਨੂੰ ਜਾਂਚ ਲਈ ਨੈਸ਼ਨਲ ਟੈਕਨੀਕਲ ਰਿਸਰਚ ਆਰਗਨਾਈਜੇਸ਼ਨ (ਐਨæਟੀæਆਰæਓæ) ਕੋਲ ਭੇਜਿਆ ਸੀ। ਐਨæਟੀæਆਰæਓæ ਨੇ ਪਹਿਲੇ ਜੀæਪੀæਐੱਸ਼ ਵਿਚ 12 ਲੋਕੇਸ਼ਨਜ਼ ਟਰੈਕ ਕੀਤੀਆਂ ਹਨ। ਇਹ ਸਰਹੱਦ ਪਾਰ ਰਾਵੀ ਨਦੀ ਤੋਂ ਲੈ ਕੇ ਦੀਨਾਨਗਰ ਪੁਲਿਸ ਸਟੇਸ਼ਨ ਦਾ ਰੂਟ ਦਿਖਾਉਂਦੀਆਂ ਹਨ। ਰਾਵੀ ਨਦੀ ਪਾਰ ਕਰਨ ਤੋਂ ਬਾਅਦ ਤਿੰਨੋਂ ਫਿਦਾਈਨ ਮਕੌੜਾ, ਮਰਾੜਾ ਅਤੇ ਬਾਲਾ ਪਿੰਡ ਤੋਂ ਕਾਜੀ ਚੱਕ ਦੇ ਰਸਤੇ ਸਿੱਧੇ ਰੇਲ ਦੀ ਪਟੜੀ ਉਤੇ ਪਹੁੰਚੇ। ਇਹ ਟਰੈਕ ਪਠਾਨਕੋਟ ਤੇ ਅੰਮ੍ਰਿਤਸਰ ਨੂੰ ਜੋੜਦਾ ਹੈ। ਦੀਨਾਨਗਰ ਦੇ ਪਹਾੜੋਂ ਚੱਕ ਤੇ ਜਾਖੜ ਪਿੰਡੀ ਵੀ ਰਸਤੇ ਵਿਚ ਸੀ। ਜਾਂਚ ਏਜੰਸੀਆਂ ਮੰਨ ਰਹੀਆਂ ਹਨ ਕਿ ਅਤਿਵਾਦੀਆਂ ਨੇ ਇਥੋਂ ਤੱਕ ਪਹੁੰਚਣ ਲਈ ਕੱਚਾ ਰਸਤਾ ਚੁਣਿਆ। ਰਾਤ ਦੇ ਹਨ੍ਹੇਰੇ ਵਿਚ ਨਾਲੇ ਉਤੇ ਬਣੀ ਪੁਲੀ ‘ਤੇ 954 ਬੰਬ ਪਲਾਂਟ ਕੀਤੇ।
ਅਤਿਵਾਦੀਆਂ ਦਾ ਇਰਾਦਾ ਸੀ ਰੇਲ ਗੱਡੀ ਨੂੰ ਬੰਬ ਨਾਲ ਉਡਾ ਕੇ ਹਾਹਾਕਾਰ ਮਚਾਉਣਾ ਤੇ ਜਦੋਂ ਉੱਥੇ ਮਾਤਮ ਪੱਸਰ ਜਾਂਦਾ ਤਾਂ ਤਿੰਨੋਂ ਫਿਦਾਇਨ ਗੁਰਦਾਸਪੁਰ ਜ਼ਿਲ੍ਹੇ ਅੰਦਰ ਬੰਧਕ ਸੰਕਟ ਖੜ੍ਹਾ ਕਰਦੇ ਪਰ ਸਰਕਟ ਵਿਚ ਗਲਤੀ ਕਾਰਨ ਪਟੜੀ ਉਤੇ ਲੱਗੇ ਬੰਬ ਨਹੀਂ ਚੱਲੇ। ਪਹਿਲਾਂ ਮਾਲ ਗੱਡੀ ਤੇ ਫਿਰ ਪੈਸੰਜ਼ਰ ਲਗਾਤਾਰ ਦੋ ਰੇਲ ਗੱਡੀਆਂ ਗੁਜ਼ਰ ਗਈਆਂ। ਫਿਦਾਈਨ ਦਸਤੇ ਦਾ ਪਹਿਲਾ ਪਲਾਨ ਫੇਲ੍ਹ ਹੋ ਗਿਆ ਤੇ ਪੁਲਿਸ ਨੇ ਰੇਲਵੇ ਮੁਲਾਜ਼ਮਾਂ ਦੀ ਚੌਕਸੀ ਨਾਲ ਬੰਬ ਲੱਭ ਕੇ ਸੈਨਾ ਤੋਂ ਨਸ਼ਟ ਕਰਵਾ ਦਿੱਤੇ। ਐਨæਟੀæਆਰæਓæ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਹੈ ਕਿ ਜੀæਪੀæਐਸ਼ ਦੇ ਸਕਰੀਨ ਡਿਸਪਲੇਅ ਤੋਂ ਵੀ ਅਤਿਵਾਦੀਆਂ ਨੇ ਗੁਰਦਾਸਪੁਰ ਦੇ ਨਾਲ ਲੱਗਦੇ ਇਲਾਕਿਆਂ ਦੀ ਲੋਕੇਸ਼ਨਜ਼ ਦਾ ਪਤਾ ਲਗਾਇਆ। ਸਕਰੀਨ ਡਿਸਪਲੇਅ ਦਾ ਡਾਟਾ ਹਮੇਸ਼ਾ ਜੀæਪੀæਐਸ਼ ਵਿਚ ਫੀਡ ਨਹੀਂ ਰਹਿੰਦਾ। ਦੀਨਾਨਗਰ ਅਤਿਵਾਦੀ ਹਮਲੇ ਵਿਚ ਮਾਰੇ ਗਏ ਦੂਜੇ ਫਿਦਾਇਨ ਦਾ ਜੀæਪੀæਐਸ਼ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਵੱਡਾ ਸਬੂਤ ਹੈ। ਐਨæਟੀæਆਰæਓæ ਮੁਤਾਬਕ ਦੂਜੇ ਜੀæਪੀæਐਸ਼ ਵਿਚ ਪਾਕਿਸਤਾਨ ਦੀ ਲੋਕੇਸ਼ਨ ਫੀਡ ਹੈ। ਇਹ ਜੀæਪੀæਐਸ 21 ਜੁਲਾਈ ਨੂੰ ਪਾਕਿਸਤਾਨ ਦੇ ਸਰਗੋਧਾ ਵਿਚ ਸੀ। ਅਜਿਹਾ ਜੀæਪੀæਐਸ਼ ਸਿਸਟਮ ਤਾਇਵਾਨ, ਅਮਰੀਕਾ ਜਾਂ ਫਿਰ ਬ੍ਰਿਟੇਨ ਵਿਚ ਹੀ ਮਿਲਦਾ ਹੈ।
___________________________________________
ਅਤਿਵਾਦੀ ਏæਕੇæ 56 ਅਸਾਲਟਾਂ ਨਾਲ ਲੈਸ ਸਨ
ਚੰਡੀਗੜ੍ਹ: ਦੀਨਾਨਗਰ ਅਤਿਵਾਦੀ ਹਮਲੇ ਦੇ ਹਮਲਾਵਰਾਂ ਚੈਕੋਸਲਵਾਕੀਆ ਦੇ ਰਾਕੇਟ ਲਾਂਚਰ, ਚੀਨ ਦੀ ਰਾਇਫ਼ਲ ਤੇ ਅਮਰੀਕਾ ਦੇ ਨਾਇਟ ਵਿਜ਼ਨ ਡਵਾਈਸ ਨਾਲ ਲੈੱਸ ਸਨ। ਪੰਜਾਬ ਪੁਲਿਸ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਰਿਪੋਰਟ ਵਿਚ ਇਸ ਗੱਲ ਦਾ ਜ਼ਿਕਰ ਹੈ। ਇਸ ਰਿਪੋਰਟ ਮੁਤਾਬਕ ਅਤਿਵਾਦੀਆਂ ਕੋਲ ਕੋਲ ਏæਕੇæ ਸੰਤਾਲੀ ਅਸਾਲਟ ਰਾਇਫਲ ਹੀ ਨਹੀਂ ਸੀ ਬਲਕਿ ਏæਕੇæ 56 ਰਾਇਫਲ ਵੀ ਸੀ। ਪੁਲਿਸ ਮੁਤਾਬਕ ਅਤਿਵਾਦੀਆਂ ਕੋਲ ਚੈਕੋਸਲਵਾਕੀਆ ਦਾ ਡਿਸਪੋਜ਼ਏਬਲ ਰਾਕੇਟ ਲਾਂਚਰ ਸੀ। ਦਰਅਸਲ ਪੰਜਾਬ ਪੁਲਿਸ ਵੱਲੋਂ ਅਤਿਵਾਦੀਆਂ ‘ਤੇ ਗੋਲੀਆਂ ਦੀ ਅੰਨ੍ਹੀ ਬੋਛਾੜ ਕੀਤੀ ਗਈ ਤੇ ਉਨ੍ਹਾਂ ਨੂੰ ਰਾਕੇਟ ਲਾਂਚਰ ਚਲਾਉਣ ਦਾ ਮੌਕਾ ਹੀ ਨਹੀਂ ਮਿਲਿਆ। ਜੇ ਕਿਤੇ ਉਹ ਇਸ ਨੂੰ ਚਲਾਉਣ ਵਿਚ ਕਾਮਯਾਬ ਹੋ ਜਾਂਦੇ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ‘ਨਾਈਟ ਵਿਜ਼ਨ ਡਵਾਈਸ’ ਤੋਂ ਵੀ ਪਤਾ ਲੱਗ ਗਿਆ ਹੈ ਕਿ ਅਤਿਵਾਦੀ ਕਿੰਨੀ ਵੱਡੀ ਤਿਆਰੀ ਨਾਲ ਆਏ ਹਨ। ਇਹ ਡਵਾਈਸ ਕੋਈ ਮਾਮੂਲੀ ਡਵਾਈਸ ਨਹੀਂ ਬਲਕਿ ਅਮਰੀਕੀ ਫੌਜ ਇਸ ਦੀ ਵਰਤੋਂ ਵਿਸ਼ੇਸ਼ ਅਪਰੇਸ਼ਨਾਂ ਲਈ ਕਰਦੀ ਹੈ।
_________________________________________
ਪਾਕਿਸਤਾਨ ਤੋਂ ਹੀ ਆਏ ਸਨ ਅਤਿਵਾਦੀ
ਨਵੀਂ ਦਿੱਲੀ: ਤਿੰਨ ਅਤਿਵਾਦੀ ਜਿਨ੍ਹਾਂ ਨੇ ਗੁਰਦਾਸਪੁਰ ਜ਼ਿਲ੍ਹੇ ਵਿਚ ਦੀਨਾਨਗਰ ਥਾਣੇ ‘ਤੇ ਹਮਲਾ ਕੀਤਾ ਸੀ, ਸਰਗੋਧਾ (ਪਾਕਿਸਤਾਨ) ਤੋਂ ਹੀ ਆਏ ਸਨ। ਮਾਰੇ ਗਏ ਅਤਿਵਾਦੀਆਂ ਦੇ ਬੂਟ ‘ਚੀਤਾ’ ਮਾਰਕੇ ਦੇ ਹਨ ਜੋ ਪਾਕਿਸਤਾਨ ਦਾ ਪ੍ਰਸਿੱਧ ਬਰਾਂਡ ਹੈ। ਰੱਦ ਹੋਈ ਐਨæਐਸ਼ਏæ ਪੱਧਰ ਦੀ ਗੱਲਬਾਤ ਦੌਰਾਨ ਪਾਕਿਸਤਾਨ ਨੂੰ ਦਿੱਤਾ ਜਾਣ ਵਾਲਾ ਜੋ ਡੋਜੀਅਰ ਤਿਆਰ ਕੀਤਾ ਗਿਆ ਸੀ, ਉਸ ਅਨੁਸਾਰ ਨਿਰਪੱਖ ਮਾਹਿਰਾਂ ਨੇ ਮਾਰੇ ਗਏ ਅਤਿਵਾਦੀਆਂ ਕੋਲੋਂ ਬਰਾਮਦ ਕੀਤੀਆਂ ਦੋ ਜੀæਪੀæਐਸ ਡਿਵਾਈਸਾਂ ਦਾ ਵਿਸ਼ਲੇਸ਼ਣ ਕੀਤਾ ਹੈ। ਮਾਹਿਰਾਂ ਅਨੁਸਾਰ ਇਹ ਡਿਵਾਈਸਾਂ ਵੀ ਅਤਿਵਾਦੀਆਂ ਦੇ ਪਾਕਿਸਤਾਨ ਤੋਂ ਆਉਣ ਦੀ ਪੁਸ਼ਟੀ ਕਰਦੀਆਂ ਹਨ।