ਨਵੀਂ ਦਿੱਲੀ: ਆਮ ਆਦਮੀ ਪਾਰਟੀ(ਆਪ) ਦੀ ਪੰਜਾਬ ਵਿਚਲੀ ਇਕਾਈ ਦਾ ਕਲੇਸ਼ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਪਾਰਟੀ ਨੇ ਆਪਣੇ ਪਟਿਆਲਾ ਲੋਕ ਸਭਾ ਹਲਕੇ ਤੋਂ ਮੈਂਬਰ ਡਾæ ਧਰਮਵੀਰ ਗਾਂਧੀ ਤੇ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ।
ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ(ਪੀæਏæਸੀæ), ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹਨ, ਨੇ ਆਪਣੇ ਇਨ੍ਹਾਂ ਦੋ ਸੰਸਦ ਮੈਂਬਰਾਂ ਖ਼ਿਲਾਫ਼ ਇਹ ਸਖ਼ਤ ਕਦਮ ਉਦੋਂ ਚੁੱਕਿਆ ਜਦੋਂ ਇਨ੍ਹਾਂ ਨੇ ਬਾਬਾ ਬਕਾਲਾ ਵਿਚ ਰੱਖੜ ਪੁੰਨਿਆ ਮੌਕੇ ਪਾਰਟੀ ਤੋਂ ਵੱਖਰੀ ਸਟੇਜ ਲਗਾ ਲਈ।
ਇਸੇ ਨਾਲ ਪੀæਏæਸੀæ ਨੇ ਇਨ੍ਹਾਂ ਦੋਵਾਂ ਖ਼ਿਲਾਫ਼ ਅਗਲੀ ਕਾਰਵਾਈ ਲਈ ਮਾਮਲਾ ਕੌਮੀ ਅਨੁਸ਼ਾਸਨੀ ਕਮੇਟੀ ਦੇ ਸਪੁਰਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਲੋਕ ਸਭਾ ਵਿਚ ‘ਆਪ’ ਦੇ ਸਿਰਫ਼ ਚਾਰ ਮੈਂਬਰ ਹਨ ਤੇ ਇਹ ਸਾਰੇ ਪੰਜਾਬ ਵਿਚੋਂ ਹੀ ਹਨ। ਪਾਰਟੀ ਦੀ ਪੀæਏæਸੀæ ਨੇ ਡਾæ ਗਾਂਧੀ ਤੇ ਖਾਲਸਾ ਖ਼ਿਲਾਫ਼ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਨੇ ਬਾਬਾ ਬਕਾਲਾ ਵਿਚ ਰੱਖੜ ਪੁੰਨਿਆ ਮੌਕੇ ਜਾਣਬੁਝ ਕੇ ਆਮ ਆਦਮੀ ਪਾਰਟੀ ਨਾਲੋਂ ਵੱਖਰੀ ਕਾਨਫਰੰਸ ਕਰਕੇ ਪਾਰਟੀ ਦੇ ਵਰਕਰਾਂ ਵਿਚ ਭੰਬਲਭੂਸਾ ਪੈਦਾ ਕੀਤਾ ਤੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ। ਇਸ ਨਾਲ ਇਨ੍ਹਾਂ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ ਦੋ ਹੋਰ ਸੰਸਦ ਮੈਂਬਰਾਂ ਭਗਵੰਤ ਮਾਨ ਤੇ ਸਾਧੂ ਸਿੰਘ ਦੀਆਂ ਤਸਵੀਰਾਂ ਆਪਣੀ ਕਾਨਫਰੰਸ ਵਿਚ ਵਰਤ ਕੇ ਪਾਰਟੀ ਵਰਕਰਾਂ ਨੂੰ ਗੁਮਰਾਹ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਮਦਦ ਕੀਤੀ। ਇਨ੍ਹਾਂ ਨੇ ਕਾਨਫਰੰਸ ਵਿਚ ਪਾਰਟੀ ਚਿੰਨ੍ਹ ਤੇ ਨੇਤਾਵਾਂ ਦੀਆਂ ਤਸਵੀਰਾਂ ਬਗ਼ੈਰ ਇਜਾਜ਼ਤ ਤੋਂ ਵਰਤੀਆਂ ਹਨ।
ਪਾਰਟੀ ਨੇ ਕਿਹਾ ਕਿ ਪੀæਸੀæਏæ ਨੇ ਆਪਣੀ ਮੀਟਿੰਗ ਵਿਚ ਦੋਵਾਂ ਸੰਸਦ ਮੈਂਬਰਾਂ ਵੱਲੋਂ ਪਾਰਟੀ ਵਿਰੋਧੀ ਕਾਰਵਾਈਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਦੋਵਾਂ ਸੰਸਦ ਮੈਂਬਰਾਂ ਨੇ ਪਾਰਟੀ ਤੋਂ ਵੱਖਰੀ ਬੀਨ ਵਜਾਈ। ਇਸ ਤੋਂ ਪਹਿਲਾਂ ਵੀ ਦੋਵੇਂ ਕਈ ਵਾਰ ਪਾਰਟੀ ਤੋਂ ਉਲਟ ਚੱਲੇ ਹਨ ਤੇ ਪਾਰਟੀ ਦੇ ਫੈਸਲਿਆਂ ਤੇ ਨੇਤਾਵਾਂ ਨੂੰ ਟਿੱਚ ਜਾਣਦੇ ਹਨ। ਇਨ੍ਹਾਂ ਦਾ ਅਜਿਹਾ ਕਰਨ ਦਾ ਇਕੋ ਇਕ ਉਦੇਸ਼ ਪੰਜਾਬ ਵਿਚ ਪਾਰਟੀ ਨੂੰ ਢਾਹ ਲਾਉਣਾ ਹੈ। ਪੀæਸੀæਏæ ਨੇ ਮਤੇ ਵਿਚ ਕਿਹਾ ਕਿ ਡਾæ ਗਾਂਧੀ ਤੇ ਖਾਲਸਾ ਦੀਆਂ ਕਾਰਵਾਈਆਂ ਆਮ ਆਦਮੀ ਪਾਰਟੀ ਤੇ ਦੇਸ਼ ਵਿਚ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਲਈ ਘਾਤਕ ਹਨ।
___________________________________________
ਪੰਜਾਬ ‘ਚ ਦਿੱਲੀ ਦੇ ਆਗੂਆਂ ਦਾ ਗਲਬਾ: ਗਾਂਧੀ
ਪਟਿਆਲਾ: ਪਟਿਆਲਾ ਤੋਂ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਅੱਜ ਵੀ ‘ਆਪ’ ਨੂੰ ਪੰਜਾਬ ਵਿਚ ਹਾਰਦਾ ਨਹੀਂ ਦੇਖਣਾ ਚਾਹੁੰਦੇ। ਉਹ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਵਿਚਲੇ ਇਮਾਨਦਾਰ ਉਮੀਦਵਾਰਾਂ ਨਾਲ ਖੜ੍ਹੇ ਹੋ ਕੇ ਪੰਜਾਬ ਦਾ ਤਖ਼ਤਾ ਉਲਟਾਉਣ ਦਾ ਯਤਨ ਕਰਨਗੇ। ਕੇਂਦਰੀ ਲੀਡਰਸ਼ਿਪ ਪੰਜਾਬ ਉਪਰ ਦਿੱਲੀ ਦੇ ਆਗੂਆਂ ਦਾ ਗਲਬਾ ਕਾਇਮ ਕਰਕੇ ਪੰਜਾਬੀਅਤ ਦੀ ਗਿੱਚੀ ਦਬਾ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ‘ਆਪ’ ਵਿਚ ਯੋਗੇਂਦਰ ਯਾਦਵ ਕਾਰਨ ਨਹੀਂ ਸਗੋਂ ਪਾਰਟੀ ਦੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ ਸ਼ਾਮਲ ਹੋਏ ਸਨ। ਹੁਣ ਪੰਜਾਬ ਦੇ ਕਨਵੀਨਰ ਸ੍ਰੀ ਛੋਟੇਪੁਰ ‘ਆਪ’ ਵਿਚੋਂ ਪਾਰਟੀ ਦੀ ਰੂਹ ਹੀ ਗਾਇਬ ਕਰਨ ਦੇ ਰਾਹ ਪੈ ਗਏ ਹਨ।
__________________________________________
ਵੱਖਰੀ ਕਾਨਫਰੰਸ ਕਰ ਕੇ ਗੁਨਾਹ ਨਹੀਂ ਕੀਤਾ: ਖਾਲਸਾ
ਚੰਡੀਗੜ੍ਹ: ਪਾਰਟੀ ਵਿਚੋਂ ਮੁਅੱਤਲ ਕੀਤੇ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਉਨ੍ਹਾਂ ਨੇ ਬਾਬਾ ਬਕਾਲਾ ਵਿਖੇ ਵਾਲੰਟੀਅਰਾਂ ਦੇ ਇਕੱਠ ਵਿਚ ਜਾ ਕੇ ਕੋਈ ਗੁਨਾਹ ਨਹੀਂ ਕੀਤਾ ਤੇ ਆਪਣੀ ਜ਼ਮੀਰ ਕਿਸੇ ਵੀ ਹਾਲਤ ਵਿਚ ਦਿੱਲੀ ਤੋਂ ਪੰਜਾਬ ਵਿਚ ਥੋਪੇ ਉਤਰ ਪ੍ਰਦੇਸ਼ ਤੇ ਬਿਹਾਰ ਦੇ ਤਨਖਾਹੀਆ ਨੇਤਾਵਾਂ ਅੱਗੇ ਨਹੀਂ ਵੇਚਣਗੇ। ਸ੍ਰੀ ਕੇਜਰੀਵਾਲ ਨੇ ਉਨ੍ਹਾਂ ਦੋਵਾਂ ਸੰਸਦ ਮੈਂਬਰਾਂ ਨੂੰ ਬਾਬਾ ਬਕਾਲਾ ਦੇ ਇਕੱਠ ਦੀ ਆੜ ਹੇਠ ਕੱਢਣ ਦਾ ਇਕ ਬਹਾਨਾ ਹੀ ਘੜਿਆ ਹੈ ਕਿਉਂਕਿ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਰੱਖੜ ਪੁੰਨਿਆ ਮੌਕੇ ਇਕੱਠ ਕਰਨ ਲਈ ਛਪਵਾਏ ਪੋਸਟਰਾਂ ਵਿਚੋਂ ਉਨ੍ਹਾਂ ਦੋਵਾਂ ਦੀਆਂ ਤਸਵੀਰਾਂ ਪਹਿਲਾਂ ਹੀ ਗਾਇਬ ਸਨ।