ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਣ ਦੇ ਦਾਅਵੇ ਪਿੱਛੋਂ ਰਾਜ ਦੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ। ਕੈਪਟਨ ਦੇ ਇਸ ਬਿਆਨ ਦੇ ਭਾਵੇਂ ਕਈ ਅਰਥ ਕੱਢੇ ਜਾ ਰਹੇ ਹਨ ਪਰ ਇਸ ਨੇ ‘ਆਪ’ ਨੂੰ ਵੱਡਾ ਸਿਆਸੀ ਹੁਲਾਰਾ ਦਿੱਤਾ ਹੈ ਕਿਉਂਕਿ ਪਹਿਲਾਂ ਕਾਂਗਰਸ ਅਕਸਰ ‘ਆਪ’ ਨੂੰ ਪਾਣੀ ਦਾ ਬੁਲਬੁਲਾ ਦੱਸਦੀ ਆਈ ਹੈ।
ਉਧਰ, ਆਮ ਆਦਮੀ ਪਾਰਟੀ (ਆਪ) ਨੇ ਫੁੱਟ ਦਾ ਸ਼ਿਕਾਰ ਕਾਂਗਰਸ ਨੂੰ ਖਦੇੜਨ ਲਈ ਪੰਜਾਬ ਵਿਚ ਵਿਸ਼ੇਸ਼ ਮੁਹਿੰਮ ਛੇੜ ਦਿੱਤੀ ਹੈ। ‘ਆਪ’ ਵੱਲੋਂ ਪਹਿਲਾਂ ਪੰਜਾਬ ਵਿਚ ਸ਼ੁਰੂ ਕੀਤੀ ਮੈਂਬਰਸ਼ਿਪ ਮੁਹਿੰਮ ਦੇ ਨਾਲ ਹੀ ਹੁਣ ਕਾਗਜ਼ ਰਹਿਤ ਤਕਨੀਕ ਰਾਹੀਂ ਵਿਆਪਕ ਪੱਧਰ ਉਤੇ ਫੰਡ ਇਕੱਠਾ ਕਰਨ ਦੀ ਰਣਨੀਤੀ ਵੀ ਤਿਆਰ ਕਰ ਲਈ ਗਈ ਹੈ। ਸੂਤਰਾਂ ਅਨੁਸਾਰ ‘ਆਪ’ ਦੀ ਕੌਮੀ ਲੀਡਰਸ਼ਿਪ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੇ ਮਿਸ਼ਨ ਤਹਿਤ ਆਪਣੀ ਰਣਨੀਤੀ ਨੂੰ ਕਾਫੀ ਹੱਦ ਤੱਕ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ਤਹਿਤ ਪਹਿਲੇ ਦੌਰ ਦੌਰਾਨ ਸੂਬੇ ਵਿਚ ਵਿਆਪਕ ਪੱਧਰ ਉਤੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਹੁਣ ਕਾਗਜ਼ ਰਹਿਤ ਤਕਨੀਕ ਰਾਹੀਂ ਵਿਆਪਕ ਪੱਧਰ ਉਤੇ ਫੰਡ ਇਕੱਠਾ ਕਰਨ ਦੀ ਰਣਨੀਤੀ ਘੜੀ ਹੈ। ‘ਆਪ’ ਪੰਜਾਬ ਦੇ ਸਹਾਇਕ ਇੰਚਾਰਜ ਦੁਰਗੇਸ਼ ਪਾਠਕ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿਚ ਕਾਗਜ਼ ਰਹਿਤ ਨਵੀਂ ਤਕਨੀਕ ਮੋਬਾਈਲ ਐਪਲੀਕੇਸ਼ਨ ਰਾਹੀਂ ਫੰਡ ਇਕੱਠਾ ਕਰਨ ਲਈ ‘ਆਪ ਕਾ ਦਾਨ’ ਮੁਹਿੰਮ ਛੇੜੀ ਜਾ ਰਹੀ ਹੈ। ਦਿੱਲੀ ਚੋਣਾਂ ਦੌਰਾਨ ਇਸ ਤਕਨੀਕ ਰਾਹੀਂ ਵਾਲੰਟੀਅਰਾਂ ਨੇ ਘਰ ਬੈਠਿਆਂ ਹੀ ਸਾਢੇ ਚਾਰ ਕਰੋੜ ਰੁਪਏ ਫੰਡ ਇਕੱਠਾ ਕੀਤਾ ਸੀ ਤੇ ਹੁਣ ਪੰਜਾਬ ਵਿਚ ਵੀ ਦਿੱਲੀ ਵਾਂਗ ਆਮ ਲੋਕਾਂ ਦੀ ਟੇਕ ਆਮ ਆਦਮੀ ਪਾਰਟੀ ਉਤੇ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕੁਝ ਵਿਸ਼ੇਸ਼ ਵਿਅਕਤੀਆਂ ਨੂੰ ਫੰਡ ਇਕੱਠਾ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਇਹ ਵਿਅਕਤੀ ਕਿਸੇ ਵੀ ਥਾਂ ਤੋਂ ਫੰਡ ਇਕੱਠਾ ਕਰਨ ਦੇ ਸਮਰੱਥ ਹਨ। ਇਸ ਮੋਬਾਈਲ ਐਪਲੀਕੇਸ਼ਨ ਰਾਹੀਂ ਕੋਈ ਵੀ ਚਾਹਵਾਨ ਵਿਅਕਤੀ ਕੈਸ਼ ਜਾਂ ਚੈੱਕ ਰਾਹੀਂ ਫੰਡ ਦੇ ਸਕਦਾ ਹੈ। ਫੰਡ ਦੇਣ ਵਾਲਾ ਵਿਅਕਤੀ ਨਿਯੁਕਤ ਕੀਤੇ ਵਿਅਕਤੀ ਦੀ ਮੋਬਾਈਲ ਐਪਲੀਕੇਸ਼ਨ ਉਤੇ ਜਾ ਕੇ ਆਪਣੇ ਵੇਰਵੇ ਦਰਜ ਕਰਵਾਉਣ ਤੋਂ ਬਾਅਦ ਕੈਸ਼ ਜਾਂ ਚੈੱਕ ਰਾਹੀਂ ਫੰਡ ਟਰਾਂਸਫਰ ਕਰ ਸਕਦਾ ਹੈ। ਫੰਡ ਮੁਹੱਈਆ ਕਰਨ ਵਾਲੇ ਨੂੰ ਇਸ ਦੇ ਇਵਜ਼ ਵਜੋਂ ਕਾਗਜ਼ੀ ਰਸੀਦ ਦੀ ਥਾਂ ਐਸ਼ਐਮæਐਸ਼ ਰਾਹੀਂ ਰਸੀਦ ਮਿਲੇਗੀ। ਇਸ ਤੋਂ ਬਾਅਦ ਫੰਡ ਦਿੱਤੇ ਜਾਣ ਦੇ ਵੇਰਵੇ ਪਾਰਟੀ ਦੀ ਕੇਂਦਰੀ ਵੈੱਬਸਾਈਟ ਉਤੇ ਵੀ ਦੇਖੇ ਜਾ ਸਕਦੇ ਹਨ।
___________________________________
ਕੇਜਰੀਵਾਲ ਦੀ ਪੰਜਾਬ ਬਾਰੇ ਰਣਨੀਤੀ
ਚੰਡੀਗੜ੍ਹ: ‘ਆਪ’ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਵਿਚ ਪੱਕੇ ਡੇਰੇ ਲਵਾਉਣ ਦੀ ਰਣਨੀਤੀ ਵੀ ਤੈਅ ਕਰ ਲਈ ਗਈ ਹੈ। ਉਂਜ ਸ੍ਰੀ ਕੇਜਰੀਵਾਲ ਵੱਲੋਂ ਅਗਲੇ ਮਹੀਨਿਆਂ ਦੌਰਾਨ ਪੰਜਾਬ ਦਾ ਸੰਖੇਪ ਦੌਰਾ ਕੀਤੇ ਜਾਣ ਦੀ ਸੰਭਾਵਨਾ ਹੈ।