ਨਵੀਂ ਦਿੱਲੀ: ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਹਾੜੇ ਮੌਕੇ ਭਾਰਤੀ ਮਹਿਲਾ ਹਾਕੀ ਟੀਮ ਨੇ 36 ਸਾਲਾਂ ਬਾਅਦ 2016 ਰੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਲੰਡਨ ਵਿਚ ਚੱਲ ਰਹੀ ਯੂਰੋ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਇੰਗਲੈਂਡ ਦੇ ਜਗ੍ਹਾ ਬਣਾਉਣ ਨਾਲ ਹੀ ਭਾਰਤ ਨੂੰ ਓਲੰਪਿਕ ਦੀ ਟਿਕਟ ਮਿਲ ਗਈ। ਯੂਰਪੀ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਵਿਚ ਇੰਗਲੈਂਡ ਨੇ ਸਪੇਨ ਨੂੰ ਹਰਾਇਆ ਸੀ ਜਦੋਂ ਕਿ ਇਸ ਤੋਂ ਪਹਿਲਾਂ ਇਕ ਹੋਰ ਸੈਮੀ ਫਾਈਨਲ ਵਿਚ ਹਾਲੈਂਡ ਨੇ ਜਰਮਨੀ ਨੂੰ ਮਾਤ ਦਿੱਤੀ।
ਇੰਗਲੈਂਡ ਤੇ ਸਪੇਨ ਦੇ ਫਾਈਨਲ ਵਿਚ ਪਹੁੰਚਣ ਨਾਲ ਇਕ ਕੋਟਾ ਸਥਾਨ ਖਾਲੀ ਹੋ ਗਿਆ ਕਿਉਂਕਿ ਇਹ ਦੋਵੇਂ ਟੀਮਾਂ ਪਹਿਲਾਂ ਹੀ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਪਿਛਲੇ ਮਹੀਨੇ ਬੈਲਜੀਅਮ ਦੇ ਐਂਟਵਰਪ ਵਿਚ ਮਹਿਲਾ ਹਾਕੀ ਵਿਸ਼ਵ ਲੀਗ ਸੈਮੀ ਫਾਈਨਲਜ਼ ਵਿਚ ਪੰਜਵੇਂ ਸਥਾਨ ਉਤੇ ਰਹਿਣ ਕਾਰਨ ਭਾਰਤ ਨੂੰ ਇਹ ਕੋਟਾ ਸਥਾਨ ਮਿਲਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਪਿਛਲੀ ਵਾਰ 1980 ਮਾਸਕੋ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਸੀ, ਜਿਥੇ ਟੀਮ ਚੌਥੇ ਸਥਾਨ ਉਤੇ ਰਹੀ ਸੀ।
ਕੌਮਾਂਤਰੀ ਹਾਕੀ ਫੈਡਰੇਸ਼ਨ (ਐਫ਼ਆਈæਐਚæ) ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਮਹਿਲਾ ਟੀਮ ਰੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਹੈ। ਭਾਰਤੀ ਟੀਮ ਹੁਣ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀਆਂ ਨੌਂ ਟੀਮਾਂ ਨਾਲ ਓਲੰਪਿਕ ਵਿਚ ਹਿੱਸਾ ਲਵੇਗੀ। ਇਸ ਤੋਂ ਪਹਿਲਾਂ ਏਸ਼ਿਆਈ ਚੈਂਪੀਅਨ ਦੱਖਣੀ ਕੋਰੀਆ, ਅਰਜਨਟੀਨਾ, ਗ੍ਰੇਟ ਬ੍ਰਿਟੇਨ, ਚੀਨ, ਜਰਮਨੀ, ਨੈਦਰਲੈਂਡਜ਼, ਆਸਟਰੇਲੀਆ, ਨਿਊਜ਼ੀਲੈਂਡ ਤੇ ਅਮਰੀਕਾ ਰੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀਆਂ ਹਨ।
ਹਾਕੀ ਇੰਡੀਆ ਨੇ ਮਹਿਲਾ ਹਾਕੀ ਟੀਮ ਦੀ ਇਸ ਇਤਿਹਾਸਕ ਪ੍ਰਾਪਤੀ ਲਈ ਸ਼ਲਾਘਾ ਕੀਤੀ ਹੈ। ਹਾਕੀ ਇੰਡੀਆ ਦੇ ਪ੍ਰਧਾਨ ਨਰੇਂਦਰ ਬੱਤਰਾ ਨੇ ਕਿਹਾ, ‘ਇਹ ਹਾਕੀ ਇੰਡੀਆ ਤੇ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਅਸੀਂ ਪਿਛਲੇ 36 ਸਾਲਾਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸੀ ਤੇ ਇਹ ਯਾਦਗਾਰ ਪਲ ਹਨ। ਹਾਕੀ ਇੰਡੀਆ ਨੇ ਖਿਡਾਰੀਆਂ ਤੇ ਕੋਚਿੰਗ ਸਟਾਫ ਨੂੰ ਵਧਾਈ ਦਿੱਤੀ ਹੈ। ਰੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਭਾਰਤ 10ਵੀਂ ਟੀਮ ਹੈ। ਆਖਰੀ ਦੋ ਟੀਮਾਂ ਦਾ ਫ਼ੈਸਲਾ ਮਿਸਰ ਵਿਚ ਹੋਣ ਵਾਲੇ 2015 ਅਫਰੀਕਾ ਕੱਪ ਫੋਰ ਨੇਸ਼ਨਜ਼ ਤੇ ਨਵੰਬਰ ਵਿਚ ਨਿਊਜ਼ੀਲੈਂਡ ਵਿਚ ਹੋਣ ਵਾਲੇ 2015 ਓਸਿਆਨਾ ਕੱਪ ਨਾਲ ਹੋਵੇਗਾ।
_____________________________________
ਸਾਨੀਆ ਬਣੀ ਖੇਲ ਰਤਨ, ਸਵਰਨ ਤੇ ਜੀਤੂ ਰਾਏ ਸਣੇ 17 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ
ਨਵੀਂ ਦਿੱਲੀ: ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੌਮੀ ਖੇਡ ਦਿਵਸ ਮੌਕੇ ਇਥੇ ਰਾਸ਼ਟਰਪਤੀ ਭਵਨ ਵਿਚ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਨੂੰ ‘ਰਾਜੀਵ ਗਾਂਧੀ ਖੇਲ ਰਤਨ’ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਜਦੋਂ ਕਿ ਪੰਜਾਬ ਦੇ ਸਵਰਨ ਸਿੰਘ ਵਿਰਕ (ਰੋਇੰਗ) ਤੇ ਪਿਸਟਲ ਕਿੰਗ ਜੀਤੂ ਰਾਏ ਸਮੇਤ 17 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਾਨੀਆ ਨੂੰ ਪੁਰਸਕਾਰ ਦਿੱਤਾ।
ਸਾਨੀਆ ਦੇ ਉਨਾਭੀ ਰੰਗੀ ਦੀ ਸਾੜੀ ਤੇ ਨੀਲਾ ਬਲੇਜ਼ਰ ਪਾਇਆ ਹੋਇਆ ਸੀ। ਦਰਬਾਰ ਹਾਲ ਵਿਚ ਤਾੜੀਆਂ ਦੀ ਗੜਗੜਾਹਟ ਵਿਚ ਉਸ ਨੇ ਇਹ ਸਨਮਾਨ ਹਾਸਲ ਕੀਤਾ। ਇਸ ਮੌਕੇ ਕੇਂਦਰੀ ਖੇਡ ਮੰਤਰੀ ਸਰਬਨੰਦ ਸੋਨੋਵਾਲ ਸਮੇਤ ਕਈ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਲਿਏਂਡਰ ਪੇਸ ਬਾਅਦ ਸਾਨੀਆ ਦੇਸ਼ ਦਾ ਸਰਬਉੱਚ ਖੇਡ ਸਨਮਾਨ ਹਾਸਲ ਕਰਨ ਵਾਲੀ ਦੂਜੀ ਟੈਨਿਸ ਖਿਡਾਰੀ ਹੈ। ਰਾਸ਼ਟਰਪਤੀ ਵੱਲੋਂ ਇਸ ਮੌਕੇ ਅਰਜੁਨ ਐਵਾਰਡ ਵੀ ਦਿੱਤੇ ਗਏ। ਕ੍ਰਿਕਟਰ ਰੋਹਿਤ ਸ਼ਰਮਾ, ਮੁੱਕੇਬਾਜ਼ ਮਨਦੀਪ ਜਾਂਗੜਾ ਤੇ ਦੌੜਾਕ ਐਮæਆਰ ਪੂਵੰਮਾ ਪੁਰਸਕਾਰ ਹਾਸਲ ਕਰਨ ਲਈ ਨਹੀਂ ਆ ਸਕੇ ਕਿਉਂਕਿ ਇਹ ਸਾਰੇ ਖਿਡਾਰੀ ਵਿਦੇਸ਼ਾਂ ਵਿਚ ਟੂਰਨਾਮੈਂਟ ਖੇਡ ਰਹੇ ਹਨ।
ਅਰਜੁਨ ਐਵਾਰਡੀ ਬਣੇ ਖਿਡਾਰੀ: ਪੀæਆਰæ ਸ੍ਰੀਜੇਸ਼ (ਹਾਕੀ), ਦੀਪਾ ਕਰਮਾਕਰ (ਜਿਮਨਾਸਟਕ), ਜੀਤੂ ਰਾਏ (ਨਿਸ਼ਾਨੇਬਾਜ਼ੀ), ਸੰਦੀਪ ਕੁਮਾਰ (ਤੀਰਅੰਦਾਜ਼ੀ), ਮਨਦੀਪ ਜਾਂਗੜਾ (ਮੁੱਕੇਬਾਜ਼ੀ), ਬਬੀਤਾ (ਕੁਸ਼ਤੀ), ਬਜਰੰਗ (ਕੁਸ਼ਤੀ), ਰੋਹਿਤ ਸ਼ਰਮਾ (ਕ੍ਰਿਕਟ), ਕੇæ ਸ਼੍ਰੀਕਾਂਤ (ਬੈਡਮਿੰਟਨ), ਸਵਰਨ ਸਿੰਘ ਵਿਰਕ (ਰੋਇੰਗ), ਸਤੀਸ਼ ਸ਼ਿਵਾਲਿੰਗਮ (ਵੇਟਲਿਫਟਿੰਗ), ਸਾਂਤੋਈ ਦੇਵੀ (ਵੁਸ਼ੂ), ਸ਼ਰਤ ਗਾਇਕਵਾੜ (ਪੈਰਾ-ਸੇਲਿੰਗ), ਐਮæਆਰæ ਪੂਵੰਮਾ (ਅਥਲੈਟਿਕਸ), ਮਨਜੀਤ ਛਿੱਲਰ (ਕਬੱਡੀ), ਅਭਿਲਾਸ਼ਾ ਮਹਾਤਰੇ (ਕਬੱਡੀ), ਅਨੂਪ ਕੁਮਾਰ ਯਾਮਾ (ਰੋਲਰਸਕੇਟਿੰਗ)।
ਦਰੋਣਾਚਾਰੀਆ ਐਵਾਰਡ ਹਾਸਲ ਕਰਨ ਵਾਲੇ ਕੋਚ: ਨਵਲ ਸਿੰਘ (ਅਥਲੈਟਿਕਸ ਤੇ ਪੈਰਾ-ਖੇਡਾਂ), ਅਨੂਪ ਸਿੰਘ (ਕੁਸ਼ਤੀ), ਹਰਬੰਸ ਸਿੰਘ (ਅਥਲੈਟਿਕਸ ਲਾਈਫਟਾਈਮ), ਸਵਤੰਤਰ ਰਾਜ ਸਿੰਘ (ਮੁੱਕੇਬਾਜ਼ੀ-ਲਾਈਫਟਾਈਮ), ਨਿਹਾਰ ਅਮੀਨ (ਤੈਰਾਕੀ-ਲਾਈਫਟਾਈਮ)।
ਧਿਆਨ ਚੰਦ ਐਵਾਰਡੀ: ਰੋਮੀਓ ਜੇਮਜ਼ (ਹਾਕੀ), ਸ਼ਿਵ ਪ੍ਰਕਾਸ਼ ਮਿਸ਼ਰਾ (ਟੈਨਿਸ), ਟੀæਪੀæਪੀæ ਨਾਇਰ (ਵਾਲੀਬਾਲ)।
_____________________________________
ਵਿਸ਼ਵ ਰੈਂਕਿੰਗ ‘ਚ ਸਾਨੀਆ ਨੇ ਸਿਖ਼ਰਲੀ ਥਾਂ ਮੱਲੀ
ਨਵੀਂ ਦਿੱਲੀ: ਵਿੰਬਲਡਨ ਮਹਿਲਾ ਡਬਲਜ਼ ਚੈਂਪੀਅਨ ਭਾਰਤ ਦੀ ਸਾਨੀਆ ਮਿਰਜ਼ਾ ਤਾਜ਼ਾ ਵਿਸ਼ਵ ਟੈਨਿਸ ਰੈਂਕਿੰਗ ਵਿਚ ਸਿਖਰਲੇ ਸਥਾਨ ਉਤੇ ਬਰਕਰਾਰ ਹੈ ਪਰ ਪੁਰਸ਼ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੂੰ ਰੈਂਕਿੰਗ ਵਿਚ ਇਕ ਸਥਾਨ ਦਾ ਨੁਕਸਾਨ ਉਠਾਉਣਾ ਪਿਆ ਹੈ। ਸਾਨੀਆ ਤੇ ਉਸ ਦੀ ਜੋੜੀਦਾਰ ਸਵਿਟਜ਼ਰਲੈਂਡ ਦੀ ਮਾਰਟੀਨਾ ਹਿੰਗਿਸ ਨੂੰ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਵਿਚ ਮਹਿਲਾ ਡਬਲਜ਼ ਦੇ ਸੈਮੀ ਫਾਈਨਲ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਹ ਮਹਿਲਾ ਡਬਲਜ਼ ਰੈਂਕਿੰਗ ਵਿਚ ਆਪਣੇ ਨੰਬਰ ਇਕ ਉਤੇ ਬਰਕਰਾਰ ਹੈ ਜਦੋਂ ਕਿ ਹਿੰਗਿਸ ਦੂਜੇ ਸਥਾਨ ਉਤੇ ਬਣੀ ਹੋਈ ਹੈ। ਪੁਰਸ਼ ਡਬਲਜ਼ ਵਿਚ ਬੋਪੰਨਾ ਇਕ ਸਥਾਨ ਦੇ ਨੁਕਸਾਨ ਨਾਲ 10ਵੇਂ ਸਥਾਨ ਉਤੇ ਖਿਸਕ ਗਿਆ ਹੈ।