ਅਹਿਮਦਾਬਾਦ: ਪਟੇਲ ਭਾਈਚਾਰੇ ਲਈ ਰਾਖਵੇਂਕਰਨ ਦੀ ਮੰਗ ਕਰ ਰਹੇ ਇਕ 22 ਸਾਲਾ ਨੌਜਵਾਨ ਹਾਰਦਿਕ ਪਟੇਲ ਨੇ ਗੁਜਰਾਤ ਵਿਚ ਨਰੇਂਦਰ ਮੋਦੀ ਦੀ ਹਰਮਨਪਿਆਰਤਾ ਵਾਲੇ ਦਾਅਵੇ ਨੂੰ ਵੰਗਾਰਿਆ ਹੈ। ਇਸ ਨੌਜਵਾਨ ਵੱਲੋਂ ਰਾਖਵੇਂਕਰਨ ਦੇ ਮੁੱਦੇ ‘ਤੇ ਦਿੱਤੇ ਸੱਦੇ ਵਿਚ ਪੰਜ ਲੱਖ ਤੋਂ ਵੱਖ ਲੋਕਾਂ ਦੀ ਭੀੜ ਜੁੜ ਗਈ ਜਿਸ ਨੇ ਮੋਦੀ ਦੇ ਵਿਕਾਸ ਮਾਡਲ ਦੀ ਵੀ ਪੋਲ ਖੋਲ੍ਹ ਦਿੱਤੀ। ਇਸ ਅੰਦੋਲਨ ਨੇ ਪੂਰੇ ਗੁਜਰਾਤ ਵਿਚ ਕੰਮ-ਕਾਜ ਠੱਪ ਕਰਵਾ ਦਿੱਤਾ ਤੇ 2002 ਦੇ ਦੰਗਿਆਂ ਤੋਂ ਬਾਅਦ ਪਹਿਲੀ ਵਾਰ ਗੁਜਰਾਤ ਸਰਕਾਰ ਲਈ ਅਤਿਅੰਤ ਗੰਭੀਰ ਸੰਕਟ ਖੜ੍ਹਾ ਕੀਤਾ ਹੈ।
ਦੋ ਦਿਨਾਂ ਦੀ ਹਿੰਸਾ ਵਿਚ 10 ਮੌਤਾਂ ਹੋ ਗਈਆਂ। ਪਟੇਲਾਂ ਦੇ ਅੰਦੋਲਨ ਤੇ ਇਸ ਨਾਲ ਜੁੜੀ ਹਿੰਸਾ ਨੇ ਕੇਂਦਰ ਤੇ ਗੁਜਰਾਤ ਸਰਕਾਰਾਂ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਭਾਜਪਾ ਦੇ 121 ਵਿਧਾਇਕਾਂ ਵਿਚੋਂ ਇਕ ਤਿਹਾਈ ਪਟੇਲ ਹਨ ਤੇ ਵਿਰੋਧੀ ਧਿਰ ਵਿਚ ਵੀ ਉਨ੍ਹਾਂ ਦਾ ਅਨੁਪਾਤ ਏਨਾ ਕੁ ਹੈ। ਵਸੋਂ ਪੱਖੋਂ ਉਨ੍ਹਾਂ ਦੀ ਗਿਣਤੀ ਘੱਟ ਨਹੀਂ।
ਮਾਰਚ 2002 ਤੋਂ ਲੈ ਕੇ 24 ਅਗਸਤ 2015 ਤੱਕ ਨਰੇਂਦਰ ਮੋਦੀ ਤੋਂ ਬਗ਼ੈਰ ਕੋਈ ਵੀ ਨਹੀਂ ਜੋ ਗੁਜਰਾਤ ਦੇ ਕਿਸੇ ਵੀ ਹਿੱਸੇ ਵਿਚ ਪੰਜ ਲੱਖ ਲੋਕਾਂ ਦੀ ਭੀੜ ਜੁਟਾ ਸਕਿਆ। 25 ਅਗਸਤ ਨੂੰ ਅਹਿਮਦਾਬਾਦ ਦੇ ਐਨ ਵਿਚਕਾਰ ਠਾਠਾਂ ਮਾਰਦਾ ਇਕੱਠ ਹੋਇਆ। 2002 ਤੋਂ ਲੈ ਕੇ ਹੁਣ ਤੱਕ ਸਿਵਲ ਪ੍ਰਸ਼ਾਸਨ ਦੀ ਮੱਦਦ ਲਈ ਕਦੀ ਫ਼ੌਜ ਨਹੀਂ ਸੀ ਸੱਦੀ ਗਈ। 2014 ਤੋਂ ਪਹਿਲਾਂ ਤੇ ਮਗਰੋਂ, ਮੋਦੀ ਕ੍ਰਿਸ਼ਮੇ ਤੇ ਇਸ ਦੀ ਪ੍ਰਸੰਗਿਕਤਾ ਦੇ ਸੋਹਲੇ ਗਾਉਣ ਤੇ ਵਾਹ-ਵਾਹ ਕਰਨ ਵਾਲਿਆਂ ਦਾ ਕੋਈ ਤੋੜਾ ਨਹੀਂ। ਇਹ ਵਿਦਵਾਨ ਦਾਅਵਾ ਕਰ ਰਹੇ ਸਨ ਕਿ ਭਾਰਤ ਵਿਕਾਸ, ਲਿਆਕਤ/ ਕਾਬਲੀਅਤ, ਤਰੱਕੀ, ਆਧੁਨਿਕਤਾ ਦਾ ਨਵਾਂ ਮੁਹਾਵਰਾ ਸਿਰਜ ਰਿਹਾ ਹੈ ਤੇ ਫਿਰ 25 ਅਗਸਤ ਨੂੰ ਐਨ ਬਦਲਵੀਂ ਹਕੀਕਤ ਸਾਹਵੇਂ ਆਣ ਖਲੋਤੀ ਹੈ। ਇਸ ਅੰਦੋਲਨ ਪਿੱਛੋਂ ਇਹ ਸਵਾਲ ਉਠਿਆ ਹੈ ਕਿ ਗੁਜਰਾਤ ਦਾ ਵਿਕਾਸ ਮਾਡਲ ਇੰਨਾ ਹੀ ਸਫ਼ਲ, ਇੰਨਾ ਹੀ ਕਾਇਆ ਕਲਪ ਕਰਨ ਵਾਲਾ ਤੇ ਇੰਨਾ ਹੀ ਕ੍ਰਾਂਤੀਕਾਰੀ ਸੀ, ਤਾਂ 22 ਵਰ੍ਹਿਆਂ ਦਾ ਕੋਈ ਮੁੰਡਾ ਜਾਤ-ਕੇਂਦਰਿਤ ਲਾਮਬੰਦੀ ਦੀ ਚੂਲ ਕਿਵੇਂ ਬਣ ਗਿਆ?
ਰਾਖਵੇਂਕਰਨ ਨੂੰ ਲੈ ਕੇ ਭੜਕੇ ਅੰਦੋਲਨ ਤੋਂ ਬਾਅਦ ਰਾਜ ਵਿਚ ਭਾਵੇਂ ਹਾਲਾਤ ਸੁਖਾਵੇਂ ਹੋ ਰਹੇ ਹਨ ਪਰ ਇੰਜ ਜਾਪਦਾ ਹੈ ਕਿ ਭਾਜਪਾ ਦੀਆਂ ਦਿੱਕਤਾਂ ਵਿਚ ਵਾਧਾ ਹੋਣ ਜਾ ਰਿਹਾ ਹੈ। ਗੁੱਜਰ ਤੇ ਜਾਟ ਭਾਈਚਾਰਿਆਂ ਦੇ ਲੋਕ ਵੀ ਓæਬੀæਸੀæ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਸਰਗਰਮ ਹੋ ਸਕਦੇ ਹਨ। ਜੇਕਰ ਇੰਜ ਹੁੰਦਾ ਹੈ ਤਾਂ ਕੇਂਦਰ ਦੇ ਨਾਲ-ਨਾਲ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ ਤੇ ਹਰਿਆਣਾ ਵਿਚ ਭਾਜਪਾ ਸਰਕਾਰਾਂ ਨੂੰ ਵਖਤ ਪੈ ਸਕਦਾ ਹੈ। ਆਰæਐਸ਼ਐਸ਼ ਪ੍ਰਚਾਰਕ ਨੇ ਪੁਸ਼ਟੀ ਕੀਤੀ ਹੈ ਕਿ ਹਾਰਦਿਕ ਪਟੇਲ ਦੇ ਅੰਦੋਲਨ ਦੀ ਫੂਕ ਕੱਢਣ ਲਈ ਭਾਜਪਾ ਤੇ ਸੰਘ ਵਰਕਰ ਪਟੇਲਾਂ ਦੇ ਇਲਾਕਿਆਂ ਵਿਚ ਸਰਗਰਮ ਹੋ ਗਏ ਹਨ। ਬਿਹਾਰ ਚੋਣਾਂ ਤੋਂ ਪਹਿਲਾਂ ਜਨਤਾ ਦਲ (ਯੂ) ਆਗੂ ਨਿਤੀਸ਼ ਕੁਮਾਰ ਨੇ ਵੀ ਪਟੇਲ ਦੇ ਅੰਦੋਲਨ ਨੂੰ ਹਮਾਇਤ ਦੇ ਦਿੱਤੀ।
____________________________________________
ਤਸ਼ੱਦਦ ਨੇ ਜੱਲਿਆਂਵਾਲਾ ਬਾਗ਼ ਦੀ ਯਾਦ ਦਿਵਾਈ: ਹਾਰਦਿਕ
ਅਹਿਮਦਾਬਾਦ: ਅੰਦੋਲਨ ਦੌਰਾਨ ਪੁਲਿਸ ਵੱਲੋਂ ਕੀਤੀ ਸਖਤੀ ਬਾਰੇ ਹਾਰਦਿਕ ਪਟੇਲ ਨੇ ਕਿਹਾ ਹੈ ਕਿ ਇਸ ਤਸ਼ੱਦਦ ਨੇ ਜਲਿਆਂ ਵਾਲਾ ਬਾਗ਼ ਸਾਕੇ ਦੀ ਯਾਦ ਕਰਾ ਦਿੱਤੀ ਹੈ ਤੇ ਪੁਲਿਸ ਨੇ ਜਨਰਲ ਡਾਇਰ ਵਾਂਗ ਕਾਰਵਾਈ ਕੀਤੀ। ਗੁਜਰਾਤ ਵਿਚ ਹਾਰਦਿਕ ਨੇ ਮ੍ਰਿਤਕਾਂ ਲਈ 35-35 ਲੱਖ ਦਾ ਮੁਆਵਜ਼ਾ ਮੰਗਿਆ ਹੈ। ਉਸ ਨੇ ਭਾਈਚਾਰੇ ਦੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਮੰਗ ਪੂਰੀ ਨਾ ਹੋਣ ਤਕ ਦੁੱਧ, ਸਬਜ਼ੀਆਂ ਤੇ ਹੋਰ ਲੋੜੀਂਦੀਆਂ ਵਸਤਾਂ ਸ਼ਹਿਰਾਂ ਵਿਚ ਸਪਲਾਈ ਨਾ ਕਰਨ।।
______________________________________
ਕਿਥੇ ਗਿਆ ਨਰੇਂਦਰ ਮੋਦੀ ਦਾ ਗੁਜਰਾਤ ਮਾਡਲ?
ਅਹਿਮਦਾਬਾਦ: ਰਾਖਵੇਂਕਰਨ ਲਈ ਅੰਦੋਲਨ ਕਰ ਰਹੇ ਹਾਰਦਿਕ ਪਾਟੇਲ ਨੇ ਨਰੇਂਦਰ ਮੋਦੀ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਉਸ ਨੇ ਕਿਹਾ ਕਿ ਗੁਜਰਾਤ ਵਿਚ ਹੁਣ ਤੱਕ 8æ900 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਤੇ ਇਹ ਸਾਰੇ ਹੀ ਪਟੇਲ ਸਨ। 182 ਜਾਤੀਆਂ ਨੂੰ ਰਾਖਵਾਂਕਰਨ ਮਿਲਿਆ ਹੋਇਆ ਹੈ ਪਰ ਇਸ ਵਿਚ ਗੁਜਰਾਤ ਦੀਆਂ ਸਿਰਫ 4-5 ਜਾਤੀਆਂ ਹਨ। ਬੇਰੁਜ਼ਗਾਰ ਨੌਜਵਾਨ ਨੌਕਰੀਆਂ ਨੂੰ ਤਰਸ ਰਹੇ ਹਨ। ਐਮæਬੀæਏæ ਕਰਨ ਪਿੱਛੋਂ ਵੀ ਉਸ ਨੂੰ ਸੇਲਜ਼ਮੈਨ ਦੀ ਨੌਕਰੀ ਕਰਨੀ ਪਈ। ਪਿਛਲੇ ਦਸ ਸਾਲਾਂ ਵਿਚ ਪਟੇਲ ਭਾਈਚਾਰੇ ਦੇ 465 ਲੋਕਾਂ ਨੂੰ ਪਹਿਲੀਆਂ ਤਿੰਨ ਸ਼੍ਰੈਣੀਆਂ ਵਿਚ ਨੌਕਰੀ ਮਿਲੀ ਹੈ।