ਫਤਿਹਗੜ੍ਹ ਸਾਹਿਬ (ਪੰਜਾਬ ਟਾਈਮਜ਼ ਬਿਊਰੋ): ਫਤਿਹਗੜ੍ਹ ਸਾਹਿਬ ਦੀ ਧਰਤੀ ਉਤੇ ਜਿਥੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸਮੇਂ ਦੇ ਹਾਕਮਾਂ ਨੇ ਸ਼ਹੀਦ ਕਰ ਦਿੱਤਾ ਸੀ, ਸੰਗਤ ਕੜਾਕੇ ਦੀ ਠੰਢ ਦੇ ਬਾਵਜੂਦ ਵਹੀਰਾਂ ਘੱਤ ਕੇ ਪੁੱਜੀ ਤੇ ਸ਼ਹੀਦਾਂ ਨੂੰ ਸਿਜਦਾ ਕੀਤਾ। ਐਤਕੀਂ ਪਹਿਲੀ ਵਾਰ ਸੰਗਤ ਨੇ ਸਿਆਸੀ ਆਗੂਆਂ ਦੀ ਇਸ ਪੱਖੋਂ ਨੁਕਤਾਚੀਨੀ ਕੀਤੀ ਕਿ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਥਾਂ ਆਪੋ-ਆਪਣੇ ਸੌੜੇ ਸਿਆਸੀ ਹਿਤਾਂ ਲਈ ਕਾਨਫਰੰਸਾਂ ਵਿਚ ਇਕ-ਦੂਜੇ ਉਤੇ ਤੋਹਮਤਾਂ ਲਾਉਂਦੇ ਹਨ।
ਯਾਦ ਰਹੇ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਅਪੀਲ ਕੀਤੀ ਸੀ ਕਿ ਸਿਆਸੀ ਆਗੂ ਇਕ-ਦੂਜੇ ਖਿਲਾਫ ਦੂਸ਼ਣਬਾਜ਼ੀ ਨਾ ਕਰਨ ਅਤੇ ਇਹ ਸ਼ਹੀਦੀ ਦਿਵਸ ਸਾਦਗੀ ਨਾਲ ਮਨਾਉਣ, ਵਿਸ਼ੇਸ਼ ਲੰਗਰ ਬਿਲਕੁਲ ਨਾ ਲਾਏ ਜਾਣ, ਪਰ ਸਿਆਸੀ ਆਗੂਆਂ ਨੇ ਉਨ੍ਹਾਂ ਦੀ ਅਪੀਲ ਦਰਕਿਨਾਰ ਕਰ ਦਿੱਤੀ। ਇਹ ਲਗਾਤਾਰ ਤੀਜੀ ਵਾਰ ਹੈ ਕਿ ਸਿਆਸੀ ਆਗੂਆਂ ਨੇ ਜਥੇਦਾਰ ਵੱਲੋਂ ਜਾਰੀ ਅਪੀਲ ਇਸ ਤਰ੍ਹਾਂ ਵਿਸਾਰੀ ਹੈ। ਸਿੱਖ ਵਿਦਵਾਨਾਂ ਅਤੇ ਸੰਗਤ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਅਕਾਲ ਤਖਤ ਦੇ ਜਥੇਦਾਰ ਨੂੰ ਬਿਨਾਂ ਕਿਸੇ ਭਿੰਨ-ਭੇਦ ਦੇ ਕਾਰਵਾਈ ਕਰਨੀ ਚਾਹੀਦੀ ਹੈ। ਜੇ ਸਿਆਸੀ ਆਗੂਆਂ ਨੇ ਲਗਾਤਾਰ ਤੀਜੀ ਵਾਰ ਉਨ੍ਹਾਂ ਦੀ ਅਪੀਲ ਨੂੰ ਦਰਕਿਨਾਰ ਕੀਤਾ ਹੈ ਤਾਂ ਅਜਿਹੇ ਆਗੂਆਂ ਨੂੰ ਅਕਾਲ ਤਖਤ ਉਤੇ ਤਲਬ ਕਰਨਾ ਚਾਹੀਦਾ ਹੈ। ਸੰਗਤ ਦਾ ਕਹਿਣਾ ਹੈ ਕਿ ਜੇ ਸਿਆਸੀ ਆਗੂਆਂ ਨੇ ਜਥੇਦਾਰ ਦੀ ਉਹ ਗੱਲ ਵੀ ਨਹੀਂ ਸੁਣਨੀ ਜਿਸ ਦਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਿੱਧਾ ਸਬੰਧ ਹੈ, ਤਾਂ ਅਜਿਹੇ ਆਗੂਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸੰਗਤ ਦੇ ਇਕ ਹਿੱਸੇ ਨੇ ਸਿਆਸੀ ਕਾਨਫਰੰਸਾਂ ਹੀ ਬੰਦ ਕਰਨ ਦੀ ਆਵਾਜ਼ ਉਠਾਈ ਹੈ। ਉਧਰ, ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਸਿਆਸੀ ਆਗੂਆਂ ਦੀ ਐਤਕੀਂ ਪਹਿਲੀ ਵਾਰ ਕੀਤੀ ਗਲਤੀ ਆਖਦਿਆਂ ਕਿਹਾ ਕਿ ਅਗਲੀ ਵਾਰ ਉਲੰਘਣਾ ਕਰਨ ‘ਤੇ ਕਾਰਵਾਈ ਹੋਵੇਗੀ।
___________________________________
ਸਿਆਸੀ ਸਮਾਗਮਾਂ ਵਿਚ ਸਿਰੋਪਾਓ ਦੇਣ ‘ਤੇ ਪਾਬੰਦੀ ਲੱਗੇਗੀ
ਮਾਛੀਵਾੜਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਸਿਆਸੀ ਸਮਾਗਮਾਂ ਵਿਚ ਪਾਰਟੀ ਬਦਲਣ ਜਾਂ ਸਨਮਾਨਤ ਕਰਨ ਮੌਕੇ ਪਤਿਤ ਸਿੱਖਾਂ ਨੂੰ ਜੋ ਸਿਰੋਪਾਓ ਭੇਟ ਕੀਤੇ ਜਾ ਰਹੇ ਹਨ, ਉਸ ‘ਤੇ ਸ਼੍ਰੋਮਣੀ ਕਮੇਟੀ ਪਾਬੰਦੀ ਲਾਏਗੀ। ਸਿਰੋਪਾਓ ਸਿੱਖ ਧਰਮ ਦਾ ਪਵਿੱਤਰ ਨਿਸ਼ਾਨ ਹੈ ਤੇ ਇਹ ਕੇਵਲ ਸਿੱਖੀ ਸਰੂਪ ਵਿਚ ਸਜੇ ਸ਼ਖਸ ਨੂੰ ਹੀ ਮਿਲਣਾ ਚਾਹੀਦਾ ਹੈ।
ਜਥੇਦਾਰ ਮੱਕੜ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋਣ ਵਾਲੇ ਸ਼ਖਸ ਜੋ ਗੁਰੂ ਘਰਾਂ ਦੀ ਸੇਵਾ ਕਰ ਰਹੇ ਹੋਣ, ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਜਾ ਸਕਦਾ ਹੈ ਪਰ ਸਿਆਸੀ ਸਮਾਗਮਾਂ ਮੌਕੇ ਕਈ ਸ਼ਖਸ ਜਿਨ੍ਹਾਂ ‘ਤੇ ਜੁਰਮ ਦੇ ਮਾਮਲੇ ਵੀ ਦਰਜ ਹੁੰਦੇ ਹਨ ਤੇ ਉਹ ਤੰਬਾਕੂ ਆਦਿ ਦਾ ਸੇਵਨ ਵੀ ਕਰਦੇ ਹਨ, ਉਨ੍ਹਾਂ ਨੂੰ ਸਿਰੋਪਾਓ ਭੇਟ ਕਰਨ ਮੌਕੇ ਬੇਕਦਰੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਕੁਝ ਸੰਸਥਾਵਾਂ ਸਿੱਖ ਧਰਮ ਦੀ ਰਵਾਇਤ ਗੱਤਕਾ ਨੂੰ ਬਾਣੇ ਤੇ ਬਾਣੀ ਵਿਚ ਖੇਡਣ ਦੀ ਬਜਾਏ ਟਰੈਕ ਸੂਟ ਵਿਚ ਖੇਡ ਰਹੀਆਂ ਹਨ। ਇਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਗੱਤਕੇ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦਿਆਂ ਗੱਤਕੇ ਨੂੰ ਬਾਣੇ ਤੇ ਬਾਣੀ ਵਿਚ ਖੇਡਣ।
Leave a Reply