ਬਾਬਾ ਬਕਾਲਾ: ਰੱਖੜ ਪੁੰਨਿਆ ਮੌਕੇ ਹੋਈਆਂ ਸਿਆਸੀ ਕਾਨਫਰੰਸਾਂ ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ‘ਤੇ ਹੀ ਕੇਂਦਰਿਤ ਰਹੀਆਂ। ਸਾਰੀਆਂ ਸਿਆਸੀ ਧਿਰਾਂ ਨੇ ਜਿਥੇ ਇਨ੍ਹਾਂ ਚੋਣਾਂ ਵਿਚ ਜਿੱਤ ਦਾ ਦਾਅਵਾ ਕੀਤਾ ਉਥੇ ਆਪਣੇ ਵਿਰੋਧੀਆਂ ਨੂੰ ਖੁੱਲ੍ਹ ਕੇ ਰਗੜੇ ਲਾਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਵਿਰੋਧੀ ਧਿਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਦੋਸ਼ ਲਾਇਆ ਕਿ ਦੋਵੇਂ ਧਿਰਾਂ ਸਿਆਸੀ ਹਿੱਤਾਂ ਦੀ ਪੂਰਤੀ ਲਈ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ ਜਦੋਂਕਿ ਦੋਵਾਂ ਦਾ ਨਿਸ਼ਾਨਾ ਸੱਤਾ ਉਤੇ ਕਾਬਜ਼ ਹੋਣਾ ਹੈ।
ਪਾਵਨ ਦਿਹਾੜੇ ਉਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਕਾਨਫਰੰਸਾਂ ਆਪਸੀ ਦੂਸ਼ਣਬਾਜ਼ੀ ਦਾ ਅਖਾੜਾ ਸਾਬਤ ਹੋਈਆਂ। ਕਾਂਗਰਸ ‘ਤੇ ਵਰ੍ਹਦਿਆਂ ਸ਼ ਬਾਦਲ ਨੇ ਕਿਹਾ ਕਿ ਇਸ ਪਾਰਟੀ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਮੇਸ਼ਾ ਦਖ਼ਲਅੰਦਾਜ਼ੀ ਕੀਤੀ ਹੈ ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਤੀਰਾ ਕੀਤਾ ਹੈ। ਹੁਣ ਤੱਕ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀ ਤੇ ਰਾਜਧਾਨੀ ਤੋਂ ਵਾਂਝਾ ਰੱਖਿਆ ਹੋਇਆ ਹੈ।
ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾæ ਸ਼ਕੀਲ ਅਹਿਮਦ ਨੇ ਦੋਸ਼ ਲਾਇਆ ਹੈ ਕਿ ਕੇਂਦਰ ਵਿਚ ਮੋਦੀ ਪਰਿਵਾਰ ਤੇ ਪੰਜਾਬ ਵਿਚ ਬਾਦਲ ਪਰਿਵਾਰ ਨੇ ਸਾਰੇ ਕਾਰੋਬਾਰ ਆਪਣੇ ਹੱਥਾਂ ਵਿਚ ਲਏ ਹੋਏ ਹਨ। ਇਸ ਕਾਰਨ ਆਮ ਜਨਤਾ ਭਿਖਾਰੀ ਬਣਨ ਲਈ ਮਜਬੂਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦੇਸ਼ ਜਾਂ ਰਾਜ ਦਾ ਮਾਲਕ ਵਪਾਰੀ ਹੋਵੇ ਤਾਂ ਉਥੇ ਜਨਤਾ ਭਿਖਾਰੀ ਹੋ ਜਾਂਦੀ ਹੈ। ਅਕਾਲੀ ਆਪਣੇ ਆਪ ਨੂੰ ਸਿੱਖਾਂ ਦੀ ਹਮਦਰਦ ਤੇ ਭਾਜਪਾ ਆਪਣੇ ਆਪ ਨੂੰ ਹਿੰਦੂਆਂ ਦੀ ਪਾਰਟੀ ਆਖ ਕੇ ਲੋਕਾਂ ਨਾਲ ਧੋਖਾ ਕਰ ਰਹੀਆਂ ਹਨ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਸੂਬੇ ਵਿਚ ਕਿਸਾਨਾਂ ਦੀ ਕਣਕ ਦੀ ਫ਼ਸਲ ਰੁਲੀ ਹੈ ਤੇ ਝੋਨੇ ਦੀ ਫ਼ਸਲ ਖ਼ਰੀਦਣ ਬਾਰੇ ਅਜੇ ਤੱਕ ਕੇਂਦਰ ਸਰਕਾਰ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ। ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਇਕ ਮੰਚ ਉਤੇ ਇਕੱਠੀ ਨਾ ਹੋਈ ਤਾਂ ਕਦੇ ਵੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਂਦ ਵਿਚ ਨਹੀਂ ਆ ਸਕਦੀ। ਉਨ੍ਹਾਂ ਪੰਜਾਬ ਕਾਂਗਰਸ ਵਿਚ ਏਕਤਾ ਦੀ ਗੱਲ ਉਤੇ ਜ਼ੋਰ ਦਿੱਤਾ। ਇਸ ਮੌਕੇ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਡਰੱਗ ਕੇਸ ਵਿਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਸੀæਬੀæਆਈæ ਜਾਂਚ ਕਰਵਾਉਣ, ਕਿਸਾਨਾਂ ਸਿਰ ਚੜ੍ਹੇ 55000 ਕਰੋੜ ਦਾ ਕਰਜ਼ਾ ਮੁਆਫ਼ ਕਰਨ ਤੇ ਸਾਬਕਾ ਫ਼ੌਜੀਆਂ ਨੂੰ ਇਕ ਰੈਂਕ ਇਕ ਪੈਨਸ਼ਨ ਦਿਵਾਉਣ ਲਈ ਲੋਕਾਂ ਦੇ ਇਕੱਠ ਪਾਸੋਂ ਪ੍ਰਵਾਨਗੀ ਲੈ ਕੇ ਮਤੇ ਪਾਸ ਕੀਤੇ ਗਏ। ਬਿਕਰਮ ਸਿੰਘ ਮਜੀਠੀਆ ਨੇ ਵੀ ਕਾਂਗਰਸੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਤਿੱਖੇ ਰਗੜੇ ਲਾਏ।
_________________________________________
ਸਿਆਸੀ ਧਿਰਾਂ ਵਿਚ ਫੁੱਟ ਆਈ ਸਾਹਮਣੇ
ਰਈਆ: ਰੱਖੜ ਪੁੰਨਿਆ ਮੌਕੇ ਕਾਨਫਰੰਸਾਂ ਵਿਚ ਸਾਰੀਆਂ ਸਿਆਸੀ ਧਿਰਾਂ ਵਿਚ ਫੁੱਟ ਉਭਰ ਕੇ ਸਾਹਮਣੇ ਆਈ। ਕਾਂਗਰਸ ਦੀ ਕਾਨਫਰੰਸ ਦਾ ਅਹਿਮ ਪੱਖ ਕੈਪਟਨ ਅਮਰਿੰਦਰ ਸਿੰਘ ਦੀ ਗ਼ੈਰਹਾਜ਼ਰੀ ਸੀ ਹਾਲਾਂਕਿ ਉਹ ਖ਼ੁਦ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਹਨ। ਅਕਾਲੀ ਦਲ ਦੀ ਕਾਨਫਰੰਸ ਵਿਚ ਕਈ ਸੀਨੀਅਰ ਆਗੂ ਗੈਰਹਾਜ਼ਰ ਰਹੇ। ਬਾਦਲ ਪਰਿਵਾਰ ਦੇ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਅੰਮ੍ਰਿਤਸਰ ਦੱਖਣੀ ਹਲਕੇ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਸਮੇਤ ਹੋਰ ਕਈ ਆਗੂ ਨਜ਼ਰ ਨਾ ਆਏ। ਦੱਸਣਯੋਗ ਹੈ ਕਿ ਬੁਲਾਰੀਆ ਨੇ ਆਪਣੀ ਹੀ ਸਰਕਾਰ ਖਿਲਾਫ ਡੰਪ ਦੇ ਮਾਮਲੇ ‘ਤੇ ਮੋਰਚਾ ਖੋਲ੍ਹਿਆ ਹੋਇਆ ਹੈ। ਅਕਾਲੀ-ਭਾਜਪਾ ਗੱਠਜੋੜ ਦੀ ਏਕਤਾ ਵੀ ਮੰਚ ‘ਤੇ ਨਜ਼ਰ ਨਾ ਆਈ। ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਸਮੇਤ ਕੋਈ ਵੀ ਆਗੂ ਨਾ ਪੁੱਜਾ।
______________________________________
‘ਆਪ’ ਦੀਆਂ ਦੋ ਸਿਆਸੀ ਕਾਨਫਰੰਸਾਂ
ਬਾਬਾ ਬਕਾਲਾ: ਰੱਖੜ ਪੁੰਨਿਆ ਦੇ ਮੇਲੇ ਮੌਕੇ ਆਮ ਆਦਮੀ ਪਾਰਟੀ (ਆਪ) ਦੇ ਦੋ ਧੜਿਆਂ ਵੱਲੋਂ ਇਕ-ਦੂਜੇ ਦੇ ਬਰਾਬਰ ਵੱਖ-ਵੱਖ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ। ਦੋਵੇਂ ਪਾਸੇ ਪਾਰਟੀ ਦੇ ਦੋ-ਦੋ ਸੰਸਦ ਮੈਂਬਰ ਸ਼ਾਮਲ ਹੋਏ। ‘ਆਪ’ ਦੇ ਮੁੱਖ ਧੜੇ ਨੇ ਪੰਜਾਬ ਵਿਧਾਨ ਸਭਾ ਦੀਆਂ 2017 ਵਿਚ ਹੋਣ ਵਾਲੀਆਂ ਚੋਣਾਂ ਨੂੰ ਟੀਚਾ ਬਣਾਉਂਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਬਣਾਉਣ ਲਈ ਸਹਿਯੋਗ ਦੇਣ। ਦੂਜੇ ਵਾਲੰਟੀਅਰ ਧੜੇ ਨੇ ਦਿੱਲੀ ਬੈਠੇ ਆਗੂਆਂ ਨੂੰ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਉਹ ਪੰਜਾਬ ਵਿਚ ਆਪਣੀ ਮਨਮਰਜ਼ੀ ਚਲਾਉਣ ਦਾ ਯਤਨ ਕਰ ਰਹੇ ਹਨ ਜੋ ਵਾਲੰਟੀਅਰਾਂ ਨੂੰ ਮਨਜ਼ੂਰ ਨਹੀਂ ਹੈ।
_____________________________________________
ਐਤਕੀਂ ਮਾਨ ਧੜੇ ਵੱਲੋਂ ਬਾਜ਼ੀ ਮਾਰਨ ਦਾ ਦਾਅਵਾ
ਰਈਆ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮੇਲਾ ਰੱਖੜ ਪੁੰਨਿਆ ਮੌਕੇ ਸਿਆਸੀ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਈ ਈਮਾਨ ਸਿੰਘ ਮਾਨ ਨੇ ਕਿਹਾ ਕਿ ਜੇ ਅੱਜ ਪੰਜਾਬ ਵਿਚ ਸਿੱਖਾਂ ਦੇ ਹੱਕ ਵਿਚ ਗਲ ਕਰਨ ਵਾਲਾ ਕੋਈ ਆਗੂ ਹੈ ਤਾਂ ਉਹ ਸਿਰਫ ਸਿਮਰਨਜੀਤ ਸਿੰਘ ਮਾਨ ਹਨ। ਉਨ੍ਹਾਂ ਦੀ ਅਗਵਾਈ ਹੇਠ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹਮਖ਼ਿਆਲ ਪਾਰਟੀਆਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਚੋਣਾਂ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਲੋਕ ਦੋਵਾਂ ਵੱਡੀਆਂ ਪਾਰਟੀਆਂ ਅਕਾਲੀ-ਭਾਜਪਾ ਤੇ ਕਾਂਗਰਸ ਤੋਂ ਅੱਕ ਥੱਕ ਚੁੱਕੇ ਹਨ ਤੇ ਪੰਜਾਬ ਵਿਚ ਪਰਿਵਰਤਨ ਚਾਹੁੰਦੇ ਹਨ। 2017 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਰਕਾਰ ਬਣਾਏਗਾ।