ਖੁਦਕੁਸ਼ੀ ਤੋਂ ਕਤਲ ਤੱਕ

ਦਲਜੀਤ ਅਮੀ
ਫੋਨ: +91-97811-21873
ਆਪਣੀ ਖੋਜ ਨੂੰ ਬੇਦਾਵਾ ਦੇਣ ਤੋਂ ਬਾਅਦ ਮਲੇਅੱਪਾ ਮਾਦਿਆਵਲੱਪਾ ਕਲਬੁਰਗੀ ਨੇ ਕਿਹਾ ਸੀ, “ਇਹ ਵਿਦਵਾਨ ਵਜੋਂ ਮੇਰੀ ਖ਼ੁਦਕੁਸ਼ੀ ਹੈ। ਇਹ ਮੈਂ ਆਪਣੇ ਪਰਿਵਾਰ ਦੀ ਜਾਨ ਬਚਾਉਣ ਲਈ ਕੀਤਾ ਹੈ।” ‘ਇੰਡੀਆ ਟੂਡੇ’ ਦੇ 15 ਮਈ 1989 ਵਾਲੇ ਅੰਕ ਮੁਤਾਬਕ, ਕਲਬੁਰਗੀ ਨੇ ਇਹ ਬਿਆਨ ਹੁਬਲੀ ਵਿਚ ਇੱਕ ਮੱਠ ਉਤੇ ਪੇਸ਼ ਹੋ ਕੇ ਮੁਆਫ਼ੀ ਮੰਗਣ ਤੋਂ ਬਾਅਦ ਦਿੱਤਾ ਸੀ। ਕੰਨੜ ਲੇਖਕ ਅਤੇ ਹੈਂਪੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਮਲੇਅੱਪਾ ਮਾਦਿਆਵਲੱਪਾ ਕਲਬੁਰਗੀ ਦਾ ਕਤਲ 30 ਅਗਸਤ 2015 ਨੂੰ ਉਨ੍ਹਾਂ ਦੇ ਘਰ ਵਿਚ ਹੋਇਆ ਹੈ।

ਦਰਵਾਜ਼ੇ ਉਤੇ ਘੰਟੀ ਖੜਕਾ ਕੇ ਕਾਤਲ ਨੇ ਉਨ੍ਹਾਂ ਦੀ ਉਡੀਕ ਕੀਤੀ ਅਤੇ ਸਿਰ ਵਿਚ ਗੋਲੀ ਮਾਰੀ। ਵਿਦਵਾਨ ਵਜੋਂ ਖ਼ੁਦਕੁਸ਼ੀ ਕਰਨ ਦਾ ਐਲਾਨ ਕਰਨ ਅਤੇ ਆਪਣੀ ਹੀ ਖੋਜ ਨੂੰ ਰੱਦ ਕਰਨ ਤੋਂ ਬਾਅਦ ਕਲਬੁਰਗੀ ਦੀ ਜ਼ਿੰਦਗੀ ਕਿਹੋ ਜਿਹੀ ਲੰਘਦੀ ਹੋਵੇਗੀ? ਕਲਬੁਰਗੀ ਦਾ ਕਤਲ ਸੋਗ਼ਵਾਰ ਹੈ ਪਰ ‘ਵਿਦਵਾਨ ਦੀ ਖ਼ੁਦਕੁਸ਼ੀ’ ਤੋਂ ਕਤਲ ਦਾ ਸਫ਼ਰ ਖ਼ੌਫ਼ਜ਼ਦਾ ਕਰਦਾ ਹੈ। ਕਲਬੁਰਗੀ ਵਿਦਵਾਨ ਹੋਣ ਦਾ ਨਾਲ ਨਾਲ ਕਮਿਊਨਿਸਟ ਸੀ ਅਤੇ ਤਰਕਸ਼ੀਲ ਵਿਚਾਰਧਾਰਾ ਦਾ ਧਾਰਨੀ ਸੀ। ਕਲਬੁਰਗੀ ਨੇ ‘ਵਿਦਵਾਨ ਵਜੋਂ ਖ਼ੁਦਕੁਸ਼ੀ’ ਦਾ ਐਲਾਨ ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਵਾਲੇ ਸਾਲ ਕੀਤਾ ਸੀ; ਤੇ ਪਿਛਲੇ ਛੱਬੀ ਸਾਲਾਂ ਵਿਚ ਸੋਵੀਅਤ ਯੂਨੀਅਨ ਨੂੰ ਰੱਦ ਕਰਨ ਦੀ ਮਸ਼ਕ ਵਿਚ ਖੱਬੇ ਪੱਖੀਆਂ ਅਤੇ ਸੱਜੇ ਪੱਖੀਆਂ ਦਾ ਪੂੰਜੀਪਤੀਆਂ ਅਤੇ ਮੂਲਵਾਦੀਆਂ ਦਾ ਗੱਠਜੋੜ ਲਾਸਾਨੀ ਰਿਹਾ ਹੈ।
ਸੋਵੀਅਤ ਯੂਨੀਅਨ ਨਹੀਂ ਰਿਹਾ। ਸੋਵੀਅਤ ਯੂਨੀਅਨ ਨੂੰ ਰੱਦ ਕਰ ਕੇ ਇਨਕਲਾਬ ਦਾ ਰਾਹ ਪੱਧਰਾ ਕਰਨ ਅਤੇ ਪੂੰਜੀਵਾਦ ਦੀ ਜਿੱਤ ਦਾ ਐਲਾਨ ਹੁੰਦਿਆਂ ਚੱਪਾ ਸਦੀ ਬੀਤ ਗਈ ਹੈ। ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਨਾਲ ਭਾਵੇਂ ਕਲਬੁਰਗੀ ਦੀ ‘ਖ਼ੁਦਕੁਸ਼ੀ’ ਅਤੇ ਕਤਲ ਦਾ ਕੋਈ ਰਿਸ਼ਤਾ ਨਾ ਹੋਵੇ, ਪਰ ਇਹ ਇੱਕੋ ਸਮੇਂ ਵਿਚ ਵਾਪਰੇ ਹਨ। ਕੀ ਇਸ ਸਮੇਂ ਦੌਰਾਨ ਪਾਬੰਦੀਆਂ ਦੀ ਸਿਆਸਤ ਕਾਤਲਾਨਾ ਰੁਖ਼ ਅਖ਼ਤਿਆਰ ਕਰ ਗਈ ਹੈ? ਇਸ ਦੌਰਾਨ ਕਲਬੁਰਗੀ ਦੇ ਪੁਰਾਣੇ ਦੋਸਤ ‘ਨਵੀਂਆਂ ਸੋਚਾਂ’ ਨਾਲ ਜੁੜ ਗਏ ਹੋਣਗੇ। ਕਈਆਂ ਨੇ ਉਸ ਦੀ ‘ਵਿਦਵਾਨ ਵਜੋਂ ਖ਼ੁਦਕੁਸ਼ੀ’ ਨੂੰ ਮੌਤ ਵਜੋਂ ਪ੍ਰਵਾਨ ਕਰ ਲਿਆ ਹੋਵੇਗਾ। ਕਲਬੁਰਗੀ ਨੇ ਭਾਵੇਂ ਆਪਣੀ ਖੋਜ ਨੂੰ ਆਪ ਰੱਦ ਕਰ ਦਿੱਤਾ ਹੋਵੇ, ਪਰ ਦੂਜੀ ਧਿਰ ਨੇ ਮੁਆਫ਼ ਕਰਨ ਦਾ ਹੱਕ ਸਦਾ ਰਾਖਵਾਂ ਰੱਖਿਆ ਹੈ। ਕਮਿਊਨਿਸਟ ਅਤੇ ਤਰਕਸ਼ੀਲ ਵਜੋਂ ਹਰ ਮਸਲੇ ਅਤੇ ਹਰ ਸ਼ੈਅ ਵਿਚ ਦਿਲਚਸਪੀ ਰੱਖਣ ਵਾਲਾ ਕਲਬੁਰਗੀ ਕਿਵੇਂ ਜੀਵਿਆ ਹੋਵੇਗਾ? ਕੀ ਉਹ ਛੱਬੀ ਸਾਲ ਕਾਤਲ ਦੀ ਉਡੀਕ ਵਿਚ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਦਾ ਰਿਹਾ ਹੋਵੇਗਾ?
ਛੱਬੀ ਸਾਲ ਪਹਿਲਾਂ ਇਹ ਹੋਕਾ ਜਗਿਆਸੂ ਅਤੇ ਵਿਗਿਆਨਕ ਸੋਚ ਦੇ ਧਾਰਨੀ ਮਨੁੱਖ ਦਾ ਜੈਕਾਰਾ ਸੀ ਕਿ ‘ਤਰਕਸ਼ੀਲ ਦਾ ਕੋਈ ਮੁਲਕ ਨਹੀਂ ਹੁੰਦਾ।’ ਹੁਣ ਹਕੂਮਤਾਂ ਅਤੇ ਮੂਲਵਾਦੀਆਂ ਦਾ ਗੱਠਜੋੜ ਐਲਾਨ ਕਰ ਰਿਹਾ ਹੈ ਕਿ ਕਿ ‘ਤਰਕਸ਼ੀਲ ਲਈ ਕੋਈ ਮੁਲਕ ਨਹੀਂ।’ ਇਹ ਤਬਕਾ ਮੌਜੂਦਾ ਦੌਰ ਵਿਚ ਸਰਕਾਰੀ ਸਰਪ੍ਰਸਤੀ ਵਿਚ ਮੂਲਵਾਦੀ ਤਾਕਤਾਂ ਦੇ ਨਿਸ਼ਾਨੇ ਉਤੇ ਹੈ। ਇਹ ਇੱਕੋ ਵੇਲੇ ਮੁਲਕ-ਬਦਰ ਹੈ ਅਤੇ ਨਾਲ ਹੀ ਘਰਾਂ ਵਿਚ ਕੈਦ ਹੈ। ਮੁਲਕ-ਬਦਰੀ ਅਤੇ ਜੂਹ-ਬੰਦੀ ਦੀ ਦੋਹਰੀ ਮਾਰ ਵਿਚ ਇਹ ਮਨੁੱਖ ਸਭ ਤੋਂ ਵੱਧ ਇਕੱਲਾ ਹੈ। ਸਮਰੱਥਾ ਦੇ ਬਾਵਜੂਦ ਨਾ-ਕਾਮਯਾਬੀਆਂ, ਨਮੋਸ਼ੀਆਂ ਅਤੇ ਹਰ ਤਰ੍ਹਾਂ ਦੇ ਸੰਸੇ ਇਸ ਦੇ ਹਿੱਸੇ ਆਏ ਹਨ।
ਕਲਬੁਰਗੀ ਦੇ ਕਤਲ ਦਾ ਤਰੀਕਾ ਡਾæ ਦਭੋਲਕਰ ਅਤੇ ਗੋਬਿੰਦ ਪਨਸਾਰੇ ਦੇ ਕਤਲ ਨਾਲ ਮੇਲ ਖਾਂਦਾ ਹੈ। ਤਿੰਨਾਂ ਨੂੰ ਹਿੰਦੂ ਮੂਲਵਾਦੀ ਜਥੇਬੰਦੀਆਂ ਦੀਆਂ ਧਮਕੀਆਂ ਮਿਲੀਆਂ ਹੋਈਆਂ ਸਨ, ਤਿੰਨੇ ਤਰਕਸ਼ੀਲ ਸਨ ਅਤੇ ਤਿੰਨੇ ਸਮਾਜਕ ਇਨਸਾਫ਼ ਦੇ ਸੰਘਰਸ਼ਾਂ ਵਿਚ ਸਰਗਰਮ ਸ਼ਮੂਲੀਅਤ ਕਰਦੇ ਰਹੇ ਸਨ। ਤਿੰਨੇ ਰਵਾਇਤੀ ਸੋਚ ਅਤੇ ਮਨੌਤਾਂ ਉਤੇ ਸੁਆਲ ਕਰਦੇ ਹਨ। ਤਿੰਨੇ ਅੰਧ-ਵਿਸ਼ਵਾਸ ਦਾ ਖ਼ਾਤਮਾ ਲੋਚਦੇ ਸਨ। ਤਿੰਨੇ ਮਨੁੱਖ ਨੂੰ ਸ਼ਰਧਾ ਦੇ ਘੇਰੇ ਵਿਚੋਂ ਬਾਹਰ ਕੱਢ ਕੇ ਵਿਗਿਆਨ ਸੋਚ ਦੇ ਲੜ ਲਗਾਉਣੇ ਚਾਹੁੰਦੇ ਸਨ ਅਤੇ ਮਨੁੱਖ ਦੀ ਮਨੁੱਖ ਵਜੋਂ ਸ਼ਾਨ ਦੇ ਅਲੰਬਰਦਾਰ ਸਨ। ਤਿੰਨਾਂ ਦੇ ਕਤਲ ਦਾ ਤਰੀਕਾ ਅਤੇ ਮੌਜੂਦਾ ਮਾਹੌਲ ਇਨ੍ਹਾਂ ਕਤਲਾਂ ਨੂੰ ਇੱਕ ਲੜੀ ਵਿਚ ਬੰਨ੍ਹਦਾ ਹੈ। ਇਹ ਲੜੀ ਉਸ ਰੁਝਾਨ ਦੀ ਸ਼ਨਾਖ਼ਤ ਕਰਦੀ ਹੈ ਜਿਸ ਦੇ ਨਤੀਜੇ ਵਜੋਂ ਕਤਲ ਦੀ ਸਾਜ਼ਿਸ਼ ਹਵਾ ਵਿਚ ਹੈ।
ਇਹ ਨਤੀਜਾ ਕੱਢਣਾ ਬਹੁਤ ਸੁਖਾਲਾ ਹੈ ਕਿ ਕਲਬੁਰਗੀ ਦਾ ਕਤਲ ਉਸ ਦੇ ਤਰਕਸ਼ੀਲ ਹੋਣ ਕਾਰਨ ਹੋਇਆ ਹੈ। ਕਲਬੁਰਗੀ ਨੇ ਕਰਨਾਟਕ ਦੇ ਲੰਗਾਇਤ ਭਾਈਚਾਰੇ ਦੇ ਧਾਰਮਿਕ ਅਕੀਦਿਆਂ ਉਤੇ ਖੋਜ ਕੀਤੀ ਸੀ। ਉਹ ਆਪ ਇਸੇ ਭਾਈਚਾਰੇ ਵਿਚੋਂ ਸਨ। ਇਸ ਭਾਈਚਾਰੇ ਦੀ ਕਰਨਾਟਕ ਵਿਚ ਤਕਰੀਬਨ ਵੀਹ ਫ਼ੀਸਦੀ ਆਬਾਦੀ ਹੈ। ਇਹ ਭਾਈਚਾਰਾ ਸੂਬੇ ਦੀ ਸਿਆਸਤ ਉਤੇ ਭਾਰੂ ਹੈ ਅਤੇ ਮੁੱਖ ਮੰਤਰੀ ਦੇ ਅਹੁਦੇ ਦਾ ਫ਼ੈਸਲਾ ਇਸੇ ਦੇ ਹੱਥ ਰਹਿੰਦਾ ਹੈ। ਇਸੇ ਭਾਈਚਾਰੇ ਰਾਹੀਂ ਭਾਜਪਾ ਨੇ ਸੂਬੇ ਵਿਚ ਆਪਣਾ ਪਸਾਰਾ ਕੀਤਾ ਹੈ। ਕਲਬੁਰਗੀ ਨੇ ਆਪਣੇ ਲੇਖ ਅੱਸੀਵਿਆਂ ਦੇ ਸ਼ੁਰੂ ਵਿਚ ਲਿਖੇ ਸਨ, ਪਰ ਮੰਡਲ-ਕਮੰਡਲ ਦੀ ਸਿਆਸਤ ਵੇਲੇ ਇਹ ਮੂਲਵਾਦੀ ਜਥੇਬੰਦੀਆਂ ਦੇ ਨਿਸ਼ਾਨੇ ਉਤੇ ਆਏ। ਕਲਬੁਰਗੀ ਦੇ ਪੇਸ਼ੇਵਰ ਵਿਰੋਧੀਆਂ ਨੇ ਇਸ ਲਾਮਬੰਦੀ ਵਿਚ ਅਹਿਮ ਹਿੱਸਾ ਪਾਇਆ। ਸਲਮਾਨ ਰਸ਼ਦੀ ਦੀ ਕਿਤਾਬ ‘ਸਟੈਨਿਕ ਵਰਸਿਸ’ ਦਾ ਮਾਮਲਾ ਅਜੇ ਕੁਝ ਮੱਠਾ ਪਿਆ ਸੀ ਕਿ ਕਲਬੁਰਗੀ ਦੀ ਕਿਤਾਬ ‘ਮਾਰਗ-1’ ਦਾ ਵਿਰੋਧ ਸ਼ੁਰੂ ਹੋ ਗਿਆ। ਇਸ ਕਿਤਾਬ ਵਿਚ ਲੋਕਧਾਰਾ, ਧਰਮ ਅਤੇ ਸਭਿਆਚਾਰ ਦੀ ਪੜਚੋਲ ਕਰਦੇ ਲੇਖ ਹਨ। ਇਨ੍ਹਾਂ ਵਿਚੋਂ ਦੋ ਲੇਖ ਵਿਵਾਦ ਦਾ ਸਬੱਬ ਬਣੇ ਸਨ ਜੋ ਲੰਗਾਇਤ ਤਬਕੇ ਦੇ ਬਾਨੀਆਂ ਬਾਰੇ ਸਨ। ਵਿਵਾਦ ਤੋਂ ਬਾਅਦ ਕਲਬੁਰਗੀ ਨੇ ਲਿੰਗਾਇਤ ਸਾਹਿਤ ਅਤੇ ਬਾਸਾਵਾ ਫ਼ਲਸਫ਼ੇ ਬਾਰੇ ਖੋਜ ਪ੍ਰੋਜੈਕਟ ਦੇ ਮੁਖੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਸੀ, “ਮੈਂ ਲਿੰਗਾਇਤ ਸਾਹਿਤ ਅਤੇ ਬਾਸਾਵਾ ਫ਼ਲਸਫ਼ੇ ਬਾਰੇ ਹੁਣ ਕੋਈ ਖੋਜ ਨਹੀਂ ਕਰਾਂਗਾ।”
ਕਲਬੁਰਗੀ ਦੀ ਹੋਣੀ ਨਾਲ ਤਾਮਿਲ ਲੇਖਕ ਪੇਰੂਮਲ ਮੁਰੂਗਨ ਦਾ ਲਿਖਣਾ ਛੱਡਣ ਦਾ ਐਲਾਨ ਖ਼ੌਫ਼ ਦਾ ਅੰਦਾਜ਼ਾ ਲਗਾਉਣ ਦਾ ਮਾਪ ਬਣਦਾ ਹੈ। ਕਲਬੁਰਗੀ ਦਾ ਪੇਸ਼ੇਵਰ ਕੰਮ ਮੂਲਵਾਦੀਆਂ ਨੂੰ ਪਰੇਸ਼ਾਨ ਕਰਦਾ ਹੈ। ਉਸ ਦੀ ਤਰਕਸ਼ੀਲ ਸੋਚ ਬੁੱਤ-ਪੂਜਾ ਨੂੰ ਰੱਦ ਕਰਦੀ ਹੈ ਤਾਂ ਇਹ ਪਰੇਸ਼ਾਨੀ ਵਧ ਜਾਂਦੀ ਹੈ। ਜਦੋਂ ਉਹ ਕਮਿਊਨਿਸਟ ਵਜੋਂ ਸਮਾਜਕ ਇਨਸਾਫ਼ ਅਤੇ ਕਾਣੀ ਵੰਡ ਦੇ ਸੁਆਲ ਪੁੱਛਦਾ ਹੈ ਤਾਂ ਨਿਜ਼ਾਮ ਉਸ ਨੂੰ ਖ਼ਤਰਾ ਮੰਨਦਾ ਹੈ। ਇਸੇ ਦੌਰਾਨ ਕਮਿਊਨਿਸਟ ਸ਼ਬਦ ਨੂੰ ਨਫ਼ਰਤ ਦੇ ਸੂਚਕ ਵਜੋਂ ਪ੍ਰਚਾਰਨ ਦਾ ਕੰਮ ਤੇਜ਼ ਹੋਇਆ ਹੈ। ਇਸੇ ਦੌਰਾਨ ਸਰਕਾਰਾਂ ਨੇ ਪਰਉਪਕਾਰ ਅਤੇ ਸ਼ਰਧਾ ਦੇ ਨਾਮ ਉਤੇ ਧਾਰਮਿਕ ਅਦਾਰਿਆਂ ਨੂੰ ਸਰਪ੍ਰਸਤੀ ਦਿੱਤੀ ਹੈ। ਇੱਕ ਪਾਸੇ ਮੁਨਾਫ਼ੇ ਲਈ ਸਰਕਾਰ ਪ੍ਰਾਈਵੇਟ ਪੂੰਜੀ ਨੂੰ ਰਿਆਇਤਾਂ ਅਤੇ ਛੋਟਾਂ ਦਿੰਦੀ ਹੈ, ਦੂਜੇ ਪਾਸੇ ਸ਼ਰਧਾ ਨੂੰ ਤਰਜੀਹ ਦਿੰਦੀ ਹੈ। ਇਸੇ ਮਾਹੌਲ ਵਿਚ ਆਵਾਮ ਨੂੰ ਸੀਲ ਕਰ ਕੇ ਖ਼ਪਤਕਾਰ ਬਣਾਉਣ ਦਾ ਕੰਮ ਹੁੰਦਾ ਹੈ। ਜਦੋਂ ਆਵਾਮ ਨੂੰ ਸੀਲ ਖ਼ਪਤਕਾਰ ਦੀ ਥਾਂ ਸੁਹਜਵਾਨ ਅਤੇ ਸੰਵੇਦਨਸ਼ੀਲ ਬਣਾਉਣ ਦੇ ਸੁਆਲ ਆਉਂਦੇ ਹਨ ਤਾਂ ਸਰਕਾਰ, ਪ੍ਰਾਈਵੇਟ ਪੂੰਜੀ ਅਤੇ ਸ਼ਰਧਾ ਦੇ ਵਪਾਰ ਨੂੰ ਇੱਕੋ ਵੇਲੇ ਖ਼ਤਰਾ ਮਹਿਸੂਸ ਹੁੰਦਾ ਹੈ। ਕਮਿਊਨਿਸਟ ਸਿਆਸਤ ਨੂੰ ਸੱਟਾਂ ਲੱਗਣ ਕਾਰਨ ਬਹੁਤ ਸਾਰੇ ਲੋਕਾਂ ਦਾ ਮੋਹ-ਭੰਗ ਹੋਇਆ ਹੈ। ਇਸ ਦੇ ਨਤੀਜੇ ਵਜੋਂ ਕੁਝ ਕਮਿਊਨਿਸਟ ਕਾਰਕੁਨਾਂ ਨੇ ਤਰਕਸ਼ੀਲਤਾ ਦੇ ਨਾਮ ਉਤੇ ਤਰਕਸ਼ੀਲ ਜਥੇਬੰਦੀਆਂ ਵਿਚ ਸ਼ਰਨ ਲਈ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਆਪਣੇ ਕਮਿਊਨਿਸਟ ਪਿਛੋਕੜ ਦੇ ਹਵਾਲੇ ਨਾਲ ਸਮਾਜਕ ਇਨਸਾਫ਼ ਦੀ ਲੜਾਈ ਨੂੰ ਬੇਮਾਅਨਾ ਕਰਾਰ ਦਿੰਦੇ ਹਨ ਅਤੇ ਸਾਰਾ ਜ਼ੋਰ ਰੱਬ ਦੀ ਹੋਂਦ ਨੂੰ ਰੱਦ ਕਰਨ ਉਤੇ ਲਗਾਉਂਦੇ ਹਨ। ਇਨ੍ਹਾਂ ਹਾਲਾਤ ਵਿਚ ਸਮਾਜਕ ਇਨਸਾਫ਼ ਨੂੰ ਪ੍ਰਨਾਇਆ ਸਮਾਜਵਾਦੀ ਬੰਦਾ ਸਭ ਤੋਂ ਨਿਖੜ ਗਿਆ ਹੈ। ਉਸ ਦਾ ਕੋਈ ਮੁਲਕ ਨਹੀਂ ਹੈ ਅਤੇ ਘਰਾਂ ਦੀਆਂ ਕੰਧਾਂ ਅੰਦਰ ਉਸ ਨੂੰ ਬੇਘਰ ਹੋਣ ਦਾ ਸੰਤਾਪ ਘੇਰ ਰਿਹਾ ਹੈ। ਇਸ ਬੰਦੇ ਦਾ ਕਤਲ ਮੂਲਵਾਦੀ ਸਿਆਸਤ ਲਈ ਪ੍ਰਾਪਤੀ ਬਣਦਾ ਹੈ।
ਮੌਜੂਦਾ ਦੌਰ ਦੀ ਗ਼ਾਲਬ ਸਿਆਸਤ ਅਤੇ ਸਮਾਜਵਾਦੀ ਅਕੀਦਿਆਂ ਨੂੰ ਪ੍ਰਨਾਏ ਨਾਸਤਿਕ ਬੰਦੇ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ। ਇਹ ਬੰਦਾ ਆਪਣੇ ਘਰ ਅੰਦਰ ਕਾਤਲ ਦੀ ਉਡੀਕ ਕਰ ਸਕਦਾ ਹੈ ਜਾਂ ਬਾਹਰ ਨਿਕਲ ਕੇ ਕਾਤਲਾਂ ਦਾ ਕੰਮ ਸੁਖਾਲਾ ਕਰ ਸਕਦਾ ਹੈ। ਇਸ ਕਤਲ ਨਾਲ ਲੋਕਾਂ ਨੂੰ ਤਰਕਸ਼ੀਲ ਸੋਚ ਤੋਂ ਪਾਸੇ ਰਹਿਣ ਦਾ ਸਬਕ ਮਿਲਦਾ ਹੈ; ਤੇ ਮੂਲਵਾਦੀਆਂ ਦੀ ਚੜ੍ਹਤ ਵਿਚ ਸਮਾਜਵਾਦੀ ਅਕੀਦਿਆਂ ਵਾਲਾ ਨਾਸਤਿਕ ਬੰਦਾ ਕਿਸੇ ਸਮਝੌਤੇ ਤੋਂ ਬਾਅਦ ਵੀ ਸ਼ੱਕ ਦੇ ਘੇਰੇ ਵਿਚ ਰਹੇਗਾ। ਇਸ ਬੰਦੇ ਨੂੰ ਉਤਰੀ ਅਮਰੀਕੀ ਅਤੇ ਯੂਰਪੀ ਮੁਲਕਾਂ ਵਿਚ ਪਨਾਹ ਮਿਲ ਸਕਦੀ ਹੈ, ਪਰ ਤੀਜੀ ਦੁਨੀਆਂ ਦੇ ਮੁਲਕ ਵਿਚ ਉਸ ਦਾ ਪੁਰਾਣੇ ਸਮਿਆਂ ਵਿਚ ਕੀਤਾ ਗੁਨਾਹ ਨਾ-ਬਖ਼ਸ਼ਣਯੋਗ ਹੈ। ਇਸ ਬੰਦੇ ਦੀ ਜ਼ਿੰਦਗੀ ਨੂੰ ਖ਼ਦਸ਼ੇ ਰੱਬ ਦੀ ਤਰਜ਼ ਉਤੇ ਵਧ ਰਹੇ ਹਨ। ਇਸ ਤਰਜ਼ ਦੀਆਂ ਕਤਲ ਤੋਂ ਘੱਟ ਰਹਿ ਗਈਆਂ ਪਾਬੰਦੀਆਂ ਹੁਣ ਖ਼ਬਰਾਂ ਵੀ ਨਹੀਂ ਬਣਦੀਆਂ। ਇਸ ਬੰਦੇ ਦੀ ਰਾਖੀ ਕੋਈ ਨਹੀਂ ਕਰ ਸਕਦਾ, ਪਰ ਇਹ ਆਪਣੀ ਮੌਤ ਲਈ ਖ਼ੁਦਕੁਸ਼ੀ ਅਤੇ ਕਤਲ ਵਿਚੋਂ ਚੋਣ ਕਰ ਸਕਦਾ ਹੈ। ਇਹ ਆਪਣੇ ਕਤਲ ਦੀ ਥਾਂ ਤੈਅ ਕਰ ਸਕਦਾ ਹੈ। ਮੁਲਕ-ਬਦਰ ਆਵਾਮ ਲਈ ਇਹੀ ਬਹੁਤ ਹੈ ਕਿ ਭਾਵੇਂ ‘ਸ਼ਾਨ ਸਲਾਮਤ ਰਹੇ ਨਾ ਰਹੇ’ ਪਰ ਉਹ ਤੈਅ ਕਰੇ ਕਿ ‘ਕਿਸ ਧਜ’ ਨਾਲ ‘ਮਕਤਲ’ ਨੂੰ ਜਾਣਾ ਹੈ।