ਇੰਡੀਆ ਦੀ ਸਿਆਸਤ

ਭਾਰਤ ਦੀ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਬਿਨਾਂ ਕਿਸੇ ਖਾਸ ਕਾਰੋਬਾਰ ਦੇ ਰੌਲੇ-ਰੱਪੇ ਤੇ ਤਾਅਨੇ-ਮਿਹਣਿਆਂ ਵਿਚ ਖਤਮ ਹੋ ਗਿਆ। ਮੁਲਕ ਦੀਆਂ ਦੋਵੇਂ ਵੱਡੀਆਂ ਪਾਰਟੀਆਂ-ਭਾਜਪਾ ਤੇ ਕਾਂਗਰਸ, ਨੇ ਉਸ ਤਰ੍ਹਾਂ ਦਾ ਵਿਹਾਰ ਕੀਤਾ ਜਿਸ ਤਰ੍ਹਾਂ ਕਿਸੇ ਪਿੰਡ ਦੀ ਸੱਥ ਵਿਚ ਦੋ ਬਦਮਾਸ਼ ਤੀਵੀਆਂ ਦੇ ਲੜਨ ਬਾਰੇ ਲੋਕ ਬੋਲੀ ਸੁਣੀਦੀ ਹੈ:

ਨੰਦ ਕੌਰ, ਚੰਦ ਕੌਰ ਦੋਵੇਂ ਵੈਲਣਾਂ
ਵਿਚ ਪਰ੍ਹਿਆ ਦੇ ਲੜੀਆਂ
ਇਕ ਦੂਜੀ ਦੇ ਯਾਰ ਪਿੱਟਦੀਆਂ
ਬਾਹਾਂ ਕਰ ਕਰ ਖੜ੍ਹੀਆਂ।
ਇਸ ਵਾਰ (22 ਅਗਸਤ 2015) ਦੇ ਅੰਕ ਵਿਚ ਜਤਿੰਦਰ ਪਨੂੰ ਨੇ ਭਾਰਤੀ ਲੀਡਰਾਂ ਦੇ ਜੋ ਪੋਤੜੇ ਫਰੋਲੇ ਹਨ, ਉਹ ਲੋਕਾਂ ਨੂੰ ਭੁੱਲ-ਭੁਲਾ ਗਏ ਹਨ। ਪੈਂਤੀ ਸਾਲ ਪਹਿਲਾਂ ਦੇ ਬੋਫੋਰਜ਼ ਘਪਲੇ ਵਿਚ ਸੋਨੀਆ ਗਾਂਧੀ ਦੇ ਨਜ਼ਦੀਕੀ ਉਟਾਵੀਓ ਕੁਆਤਰੋਚੀ ਵੱਲੋਂ ਲਈ ਦਲਾਲੀ ਦਾ ਮੁੱਦਾ, ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਹੋਣ ਸਮੇਂ ਹਿੰਦੂਜਾ ਭਰਾਵਾਂ ਦੀ ਖਲਾਸੀ ਖਾਤਰ ਠੱਪ ਕੀਤਾ ਗਿਆ। ਭੋਪਾਲ ਗੈਸ ਕੇਸ ਵਾਲੇ ਵਾਰਨ ਐਂਡਰਸਨ ਨੂੰ ਰਾਜੀਵ ਗਾਂਧੀ ਵੱਲੋਂ ਬਚਾਅ ਕੇ ਭੇਜਣ ਬਦਲੇ ਆਪਣੇ ਚਹੇਤੇ ਆਦਿਲ ਸ਼ਹਿਰਯਾਰ ਨੂੰ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਵੱਲੋਂ ਸਜ਼ਾ ਦੀ ਮੁਆਫ਼ੀ ਦਿਵਾਉਣ ਦਾ ਲੁਕਵਾਂ ਸਮਝੌਤਾ ਕੀਤਾ ਗਿਆ। ਸੁਸ਼ਮਾ ਸਵਰਾਜ ਵੱਲੋਂ ਸੁਣਾਏ ਇਨ੍ਹਾਂ ਪੁਰਾਣੇ ਘਪਲਿਆਂ ਨੇ ਰਾਹੁਲ ਗਾਂਧੀ ਦੀ ਤਾਂ ਫੂਕ ਹੀ ਕੱਢ ਦਿੱਤੀ ਅਤੇ ਸੋਨੀਆ ਗਾਂਧੀ ਦਾ ਡੰਗ ਫ਼ੇਲ੍ਹ ਹੋ ਗਿਆ। ਇਥੇ ਹੀ ਬੱਸ ਨਹੀਂ, ਸਾਬਕਾ ਵਿੱਤ ਮੰਤਰੀ ਪੀæ ਚਿਦੰਬਰਮ ਵਿਵਾਦਾਂ ਵਿਚ ਘਿਰੀ ਕੰਪਨੀ ਵੇਦਾਂਤਾ ਕਾਰਪੋਰੇਸ਼ਨ ਦਾ ਡਾਇਰੈਕਟਰ ਰਿਹਾ ਹੈ ਅਤੇ ਉਸ ਦੀ ਪਤਨੀ ਨੀਲਮ ਚਿਦੰਬਰਮ ਸ਼ਾਰਦਾ ਚਿਟ-ਫੰਡ ਫਰਾਡ ਕੇਸ ਦੀ ਵਕੀਲ ਸੀ। ਉਦੋਂ ਚਿਦੰਬਰਮ ਖਜ਼ਾਨਾ ਮੰਤਰੀ ਸੀ। ਹੁਣ ਵਾਲੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਨੋਟ ਫਾਈਲ ‘ਤੇ ਮੌਜੂਦ ਹੈ ਕਿ ਭੋਪਾਲ ਗੈਸ ਕਾਂਡ ਵਿਚ ਵਾਰਨ ਐਂਡਰਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਜਦੋਂ ਭੋਪਾਲ ਗੈਸ ਕਾਂਡ ਵਾਲਾ ਪਲਾਂਟ ਸੰਨ 2006 ਵਿਚ ਡਾਊ ਕੈਮੀਕਲ ਕੰਪਨੀ ਨੇ ਖਰੀਦਿਆ, ਤਾਂ ਵੀ ਅਰੁਣ ਜੇਤਲੀ ਇਸ ਕੰਪਨੀ ਦੇ ਵਕੀਲ ਸਨ। ਸੁਸ਼ਮਾ ਸਵਰਾਜ, ਉਸ ਦਾ ਪਤੀ ਅਤੇ ਪੁੱਤਰੀ ਵੀ ਲਲਿਤ ਮੋਦੀ ਦੀ ਮਦਦ ਕਰਦੇ ਘੇਰੇ ਵਿਚ ਆਉਂਦੇ ਹਨ, ਪਰ ਮੁਲਜ਼ਮ ਹੱਥ ਨਿਆਂ ਦੀ ਡੋਰ ਹੋਣ ਕਰ ਕੇ ਉਹਦਾ ਬਚਾਅ ਕੀਤਾ ਗਿਆ। ਗੱਲ ਕੀ, ਇਸ ਹਮਾਮ ਵਿਚ ਸਭ ਨੰਗੇ ਹਨ। ਭ੍ਰਿਸ਼ਟ ਲੀਡਰਸ਼ਿਪ ਨੇ ਮੁਲਕ ਦਾ ਭੱਠਾ ਬਿਠਾ ਦਿੱਤਾ ਹੈ। ਹਾਲਾਤ ਅਜਿਹੇ ਹਨ ਜਿਨ੍ਹਾਂ ‘ਤੇ ਉਰਦੂ ਦਾ ਸ਼ਿਅਰ ਢੁੱਕਦਾ ਹੈ:
ਖੁਦਾ ਬਚਾਏ ਦੇਸ਼ ਕੋ ਗੰਦੀ ਸਿਆਸਤ ਸੇ
ਸ਼ਰਾਬੀ ਦੇਵਰੋਂ ਕੇ ਬੀਚ ਭਰਜਾਈ ਬੈਠੀ ਹੈ।
-ਵਾਸਦੇਵ ਸਿੰਘ ਪਰਹਾਰ
ਫੋਨ: 206-434-1155