ਅੰਕੁਰ: ਸਮਾਜਕ ਹਕੀਕਤਾਂ ਦਾ ਚਿੱਠਾ

ਕੁਲਦੀਪ ਕੌਰ
70 ਵਿਆਂ ਦੇ ਸ਼ੁਰੂ ਵਿਚ ਹਿੰਦੀ ਸਿਨੇਮਾ ਵਿਚ ਵੀ ਜਿਹੜੇ ਮਾਨਵੀ ਅਤੇ ਸਮਾਜਕ ਮੁੱਦਿਆਂ ‘ਤੇ ਫਿਲਮਾਂ ਬਣਾਉਣ ਲਈ ਪਟ-ਕਥਾਵਾਂ ਤਿਆਰ ਹੋ ਰਹੀਆਂ ਸਨ, ਉਨ੍ਹਾਂ ਵਿਚ ਮੁੱਖ ਸਨ- ਜ਼ਿਮੀਦਾਰਾਂ ਤੇ ਪੂੰਜੀਪਤੀਆਂ ਦੁਆਰਾ ਕਿਸਾਨਾਂ-ਮਜ਼ਦੂਰਾਂ ਦਾ ਸ਼ੋਸ਼ਣ, ਸਮਾਜ ਵਿਚ ਵੱਡੀ ਪੱਧਰ ‘ਤੇ ਫੈਲਿਆ ਅੰਧਵਿਸ਼ਵਾਸ ਤੇ ਰੂੜੀਵਾਦ, ਸ਼ਹਿਰੀ ਬਸਤੀਆਂ ਤੇ ਕਸਬਿਆਂ ਵਿਚ ਰਹਿੰਦੇ ਲੋਕਾਂ ਦੀਆਂ ਆਰਥਿਕ, ਸਮਾਜਕ ਤੇ ਮਾਨਸਿਕ ਗੁੰਝਲਾਂ, ਮਿੱਲਾਂ-ਕਾਰਖਾਨਿਆਂ-ਕੰਪਨੀਆਂ ਵਿਚ ਕਾਮਿਆਂ ਦਾ ਹੋ ਰਿਹਾ ਸ਼ੋਸ਼ਣ, ਪਿੰਡਾਂ ਤੇ ਸ਼ਹਿਰਾਂ ਦੀਆਂ ਗਰੀਬ ਔਰਤਾਂ ਨਾਲ ਹੁੰਦਾ ਸਰੀਰਕ ਜਬਰ, ਨੌਜਵਾਨਾਂ ਦਾ ਰਾਜ ਪ੍ਰਬੰਧ ਤੋਂ ਉਠ ਰਿਹਾ ਵਿਸ਼ਵਾਸ, ਛੂਤ-ਛਾਤ ਦਾ ਜਿੰਨ ਅਤੇ ਮਨੁੱਖੀ ਰਿਸ਼ਤਿਆਂ ਵਿਚ ਆ ਰਹੇ ਬਦਲਾਓ ਆਦਿ।

ਇਸ ਸਬੰਧ ਵਿਚ ਸ਼ਿਆਮ ਬੈਨੇਗਲ ਦੁਆਰਾ ਨਿਰਦੇਸ਼ਤ ਫਿਲਮ ‘ਅੰਕੁਰ’ ਦਾ ਜ਼ਿਕਰ ਲਾਜ਼ਮੀ ਹੈ। ਇਹ ਫਿਲਮ ਇੱਕੋ ਸਮੇਂ ਇਨ੍ਹਾਂ ਸਾਰੇ ਮੁੱਦਿਆਂ ਨੂੰ ਛੂੰਹਦੀ ਹੈ। ਫਿਲਮ ਵਿਚ ਅਮੀਰ ਜ਼ਿਮੀਦਾਰ ਦੇ ਮੁੰਡੇ ਦੇ ਘਰ ਕੰਮ ਕਰਦੀ ਲੱਛਮੀ ਦੇ ਕਿਰਦਾਰ ਦੁਆਰਾ ਸਮਾਜਕ ਯਥਾਰਥ ਨੂੰ ਚਿਤਰਿਆ ਗਿਆ ਹੈ। ਲੱਛਮੀ ਦਾ ਵਿਆਹ ਗੁੰਗੇ-ਬੋਲੇ ਸ਼ਰਾਬੀ ਨਾਲ ਇਸ ਲਈ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਸ ਦਾ ਪਰਿਵਾਰ ਦਾਜ ਦਾ ਪ੍ਰਬੰਧ ਨਹੀਂ ਕਰ ਸਕਦਾ। ਸ਼ਰਾਬ ਵਿਚ ਦਿਨ-ਰਾਤ ਧੁੱਤ ਰਹਿੰਦਾ ਪਤੀ ਉਸ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਅਸਮਰੱਥ ਹੈ। ਲੱਛਮੀ ਨੂੰ ਆਪਣਾ ਪੇਟ ਭਰਨ ਲਈ ਚੌਲ ਚੋਰੀ ਕਰਨੇ ਪੈਂਦੇ ਹਨ। ਸ਼ਰਾਬੀ ਦੀ ਆਪਣੀ ਮਜਬੂਰੀ ਹੈ। ਬਜ਼ਾਰ ਵਿਚ ਐਲੂਮੀਨੀਅਮ ਦੇ ਬਰਤਨ ਵਿਕਣੇ ਆ ਚੁੱਕੇ ਹਨ ਤੇ ਹੁਣ ਉਸ ਦੇ ਬਣਾਏ ਘੜਿਆਂ ਦਾ ਕੋਈ ਖਰੀਦਦਾਰ ਹੀ ਨਹੀਂ। ਕਿਰਤ ਅਜਾਈਂ ਜਾਣ ਦਾ ਦੁੱਖ ਉਹ ਬੇਜ਼ੁਬਾਨ ਕਿਸੇ ਨਾਲ ਸਾਂਝਾ ਵੀ ਨਹੀਂ ਕਰ ਸਕਦਾ। ਸਿੱਟੇ ਵਜੋਂ ਇਹ ਦੁੱਖ ਉਸ ਦੇ ਮੂੰਹ ਨੂੰ ਸ਼ਰਾਬ ਲਗਾ ਦਿੰਦਾ ਹੈ।
ਲੱਛਮੀ ਅਖੌਤੀ ਨੀਵੀਂ ਜਾਤ ਨਾਲ ਸਬੰਧਤ ਹੈ। ਉਸ ਦਾ ਅਮੀਰ ਜ਼ਿਮੀਦਾਰ ਦੇ ਮੁੰਡੇ ਸੂਰੀਆ ਨਾਲ ਸਰੀਰਕ ਰਿਸ਼ਤਾ ਤਾਂ ਬਣ ਜਾਂਦਾ ਹੈ, ਪਰ ਉਸ ਨੂੰ ਉਸ ਦੇ ਘਰ ਦੇ ਭਾਂਡਿਆਂ ਤੱਕ ਨੂੰ ਛੂਹਣ ਦੀ ਇਜਾਜ਼ਤ ਨਹੀਂ। ਪਿੰਡ ਦਾ ਪੁਜਾਰੀ ਉਸ ਨੂੰ ਇਸ ਬਾਬਤ ਵਾਰ ਵਾਰ ਚਿਤਾਵਨੀ ਦਿੰਦਾ ਹੈ। ਇਸ ਤਰ੍ਹਾਂ ਸਰਵ-ਸਮਰੱਥਾਵਾਨ ਧਰਮ ਦਾ ਪਾਖੰਡ ਵੀ ਨੰਗਾ ਹੋ ਜਾਂਦਾ ਹੈ। ਹਾਲਾਤ ਦੀ ਤਰਾਸਦੀ ਇਹ ਹੈ ਕਿ ਜਦੋਂ ਜ਼ਿਮੀਦਾਰ ਦੀ ਨੂੰਹ ਵਿਆਹ ਕੇ ਉਸ ਘਰ ਵਿਚ ਆAਂਦੀ ਹੈ ਤਾਂ ਉਹ ਉਨ੍ਹਾਂ ਭਾਂਡਿਆਂ ਨੂੰ ਛੂਹਣ ਤੋਂ ਮਨਾ ਕਰ ਦਿੰਦੀ ਹੈ ਜਿਨ੍ਹਾਂ ਨੂੰ ਕਦੇ ਲੱਛਮੀ ਨੇ ਛੂਹਿਆ ਸੀ। ਦੂਜੇ ਪਾਸੇ ਉਸ ਨੂੰ ਆਪਣੇ ਪਤੀ ‘ਤੇ ਕੋਈ ਉਜ਼ਰ ਨਹੀਂ। ਇਸ ਤਰ੍ਹਾਂ ਫਿਲਮਸਾਜ਼ ਸ਼ਿਆਮ ਬੈਨੇਗਲ ਸ਼ੋਸ਼ਣ ਦੀਆਂ ਅਣਦਿਸਦੀਆਂ ਕੜੀਆਂ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਉਹ ਕੜੀਆਂ ਹਨ ਜਿਹੜੀਆਂ ਸ਼ੋਸ਼ਣ ਨੂੰ ਲਗਾਤਾਰ ਜਾਰੀ ਰਹਿਣ ਦਾ ਬਲ ਬਖਸ਼ਦੀਆਂ ਹਨ। ਜ਼ਿਮੀਦਾਰ ਦੀ ਨੂੰਹ ਲੱਛਮੀ ਨੂੰ ਫਿਟਕਾਰਦੀ ਹੈ- “ਤੁਸੀਂ ਤਾਂ ਹੀ ਭੁੱਖੇ ਮਰਦੇ ਹੋ, ਚੋਰੀ ਦੀ ਜੋ ਆਦਤ ਹੈ।” ਇਉਂ ਭੁੱਖ ਤੇ ਗਰੀਬੀ ਹੱਥੋਂ ਕਤਲ ਹੋਇਆਂ ਨੂੰ ਹੀ ਉਨ੍ਹਾਂ ਦੀ ਮੌਤ ਦਾ ਮੁਜਰਿਮ ਕਰਾਰ ਦੇ ਦਿੱਤਾ ਜਾਂਦਾ ਹੈ।ਬਰੀਕੀ ਨਾਲ ਦੇਖਿਆਂ/ਸੁਣਿਆਂ/ਪੜ੍ਹਿਆਂ ਇਨ੍ਹਾਂ ਸੰਵਾਦਾਂ ਵਿਚੋਂ ਰਾਜ ਪ੍ਰਬੰਧ ਦੀ ਗਰੀਬੀ ਬਾਰੇ ਸਮਝ ਵੀ ਬੋਲਦੀ ਹੈ।
ਇਹ ਫਿਲਮ ਮਨੁੱਖੀ ਰਿਸ਼ਤਿਆਂ ਦੀ ਵੀ ਬੜੀ ਬੇਬਾਕੀ ਨਾਲ ਚੀਰ-ਫਾੜ ਕਰਦੀ ਹੈ। ਜ਼ਿਮੀਦਾਰ ਦੇ ਮੁੰਡੇ ਸੂਰੀਆ ਦਾ ਕੋਈ ਵੀ ਰਿਸ਼ਤਾ ਇਮਾਨਦਾਰ ਨਹੀਂ। ਪੂੰਜੀ ਉਸ ਦੇ ਵਿਵੇਕ ਤੇ ਸੂਝ ਨੂੰ ਸੰਨ੍ਹ ਲਾ ਲੈਂਦੀ ਹੈ। ਲੱਛਮੀ ਨੂੰ ਪਸੰਦ ਕਰਦਾ ਹੋਣ ਦੇ ਬਾਵਜੂਦ ਉਹ ਸਰੂ ਨਾਲ ਵਿਆਹ ਕਰਵਾ ਲੈਂਦਾ ਹੈ। ਫਿਰ ਲੱਛਮੀ ਦੇ ਗਰਭਵਤੀ ਹੁੰਦਿਆਂ ਹੀ ਉਸ ਤੋਂ ਕਿਨਾਰਾ ਕਰ ਲੈਂਦਾ ਹੈ। ਲੱਛਮੀ ਆਪਣੇ ਪਤੀ ਨਾਲ ਵਧੀਆ ਨਿਭਾਉਣ ਦੇ ਬਾਵਜੂਦ ਸੂਰੀਆ ਨਾਲ ਸਬੰਧ ਬਣਾ ਲੈਂਦੀ ਹੈ। ਇਉਂ ਸਮਾਜਕ ਹਾਲਾਤ ਉਨ੍ਹਾਂ ਨੂੰ ਆਪਣੇ ਹੱਥਾਂ ਦਾ ਖਿਡੌਣਾ ਬਣਾ ਲੈਂਦੇ ਹਨ। (ਚੱਲਦਾ)