ਨਾਲੇ ਦੀ ਗੋਲ਼ ਗੱਠ

ਬਲਜੀਤ ਬਾਸੀ
‘ਨੇਫੇ ਮੇਂ ਦੌੜਨੇ ਫਿਰਨੇ ਕੇ ਹਮ ਨਹੀਂ ਕਾਇਲ, ਜੋ ਟਾਂਗ ਪੇ ਹੀ ਨਾ ਟਪਕਾ ਫਿਰ ਨਾੜਾ ਕਿਆ ਹੈ।’ ਮੁੱਦਤ ਪਹਿਲਾਂ ਗ਼ਾਲਿਬ ਦੇ ਸ਼ੇਅਰ ਦੀ ਇਹ ਪੈਰੋਡੀ ਸੁਣੀ ਸੀ। ਹਿੰਦੀ, ਉਰਦੂ ਤੇ ਪੰਜਾਬੀ ਦੀਆਂ ਕੁਝ ਉਪ-ਬੋਲੀਆਂ ਜਿਵੇਂ ਪੋਠੋਹਾਰੀ ਵਿਚ ਨਾਲ਼ਾ ਨੂੰ ਨਾੜਾ ਬੋਲਿਆ ਜਾਂਦਾ ਹੈ; ‘ਲ਼’ ਅਤੇ ‘ੜ’ ਧੁਨੀਆਂ ਅਕਸਰ ਆਪੋ ਵਿਚ ਵਟ ਜਾਂਦੀਆਂ ਹਨ। ਨਾਲ਼ੇ ਦਾ ਕਾਰਜ ਕੱਛੇ, ਸੁੱਥਣ, ਘੱਗਰੇ, ਪਜਾਮੇ ਆਦਿ ਨੂੰ ਹੇਠਾਂ ਖਿਸਕਣ ਤੋਂ ਰੋਕ ਕੇ ਮਨੁੱਖ ਦੇ ਲੱਕ ਹੇਠਲੇ ਨੰਗ ਨੂੰ ਲੁਕੋਈ ਰੱਖਣਾ ਹੈ।

ਅੱਜ ਦੇ ਕਿਸ਼ੋਰ-ਕਿਸ਼ੋਰੀਆਂ ਅੰਦਰਲੇ ਕਪੜੇ ਕੁਝ ਇਸ ਤਰ੍ਹਾਂ ਪਹਿਨਦੇ ਹਨ ਕਿ ਇਨ੍ਹਾਂ ਦਾ ਉਪਰਲਾ ਹਿੱਸਾ ਦਿਸਦਾ ਰਹੇ। ਫੈਸ਼ਨ ਦਾ ਨਿਸ਼ਾਨਾ ਹਮੇਸ਼ਾ ਦਰਸ਼ਕ ਦੇ ਕਾਮ ਦੀ ਹਲਕੀ ਜਿਹੀ ਉਕਸਾਹਟ ਪੈਦਾ ਕਰਨਾ ਹੁੰਦਾ ਹੈ ਤੇ ਇਸੇ ਦੇ ਆਸਰੇ ਇਹ ਕਾਰਗਰ ਹੁੰਦਾ ਹੈ। ਇਸ ਨੂੰ ਸੈਕਸ ਅਪੀਲ ਕਿਹਾ ਜਾਂਦਾ ਹੈ।
ਸਦੀਆਂ ਤੋਂ ਭਾਰਤੀ ਨਰ-ਨਾਰੀ ਰੰਗ-ਬਰੰਗੇ, ਰੇਸ਼ਮੀ ਤੇ ਕਈ ਵਾਰੀ ਘੂੰਗਰੂਆਂ, ਸ਼ੀਸ਼ਿਆਂ ਨਾਲ ਜੜੇ ਫੁੱਲਦਾਰ ਨਾਲੇ ਲਮਕਦਾ ਛਡਦੇ ਰਹੇ ਹਨ। ਇਸ ਦਾ ਮਕਸਦ ਦੇਖਣ ਵਾਲੇ ਦੀਆਂ ਲਾਲ਼ਾਂ ਸੁਟਾਉਣਾ ਨਹੀਂ ਤਾਂ ਹੋਰ ਕੀ ਹੈ? ਇਹ ਤੱਥ ਤਾਂ ਸਾਡੇ ਕਿੱਸਾਕਾਰਾਂ ਨੇ ਵੀ ਨੋਟ ਕੀਤਾ ਹੈ, “ਫਜ਼ਲ ਸ਼ਾਹ ਮੀਆਂ ਨਾਲੇ ਪੱਟ ਦੇ ਨੇ, ਨਾਲੇ ਪੱਟ ਜਹਾਨ ਵੀਰਾਨ ਕੀਤਾ” ਅਰਥਾਤ ਉਸ ਦੇ ਰੇਸ਼ਮੀ ਨਾਲੇ ਨੇ ਸਾਰਾ ਜਹਾਨ ਪੱਟ ਕੇ ਰੱਖ ਦਿੱਤਾ। ਇਸਤਰੀਆਂ ਘਰਾਂ ਦੀਆਂ ਕੰਧਾਂ ਨਾਲ ਮੰਜਾ ਟੇਢਾ ਕਰਕੇ ਮੁਲਾਇਮ ਤੇ ਰੰਗ-ਬਰੰਗੇ ਨਾਲ਼ੇ ਉਣਦੀਆਂ ਰਹੀਆਂ ਹਨ। ਪਟਿਆਲਾ ਸ਼ਹਿਰ ਪਟਿਆਲਾ ਪੈਗ ਦੇ ਨਾਲ ਨਾਲ ਨਾਲ਼ਿਆਂ ਦੇ ਹੱਥ ਕਰਘਾ ਉਦਯੋਗ ਲਈ ਵੀ ਮਸ਼ਹੂਰ ਹੈ। ਭਲਾ ਨਾਲ਼ੇ ਦਾ ਕੰਮ ਤਾਂ ਸਾਧਰਾਨ ਫੀਤਾ ਜਾਂ ਡੋਰੀ ਨਾਲ ਵੀ ਹੋ ਸਕਦਾ ਹੈ, ਏਨੇ ਤਾਣੇ-ਬਾਣੇ ਉਸਾਰਨ ਦੀ ਕੀ ਲੋੜ ਹੈ?
ਇਨ੍ਹਾਂ ਨਾਲਿਆਂ ਦੇ ਟਾਕਰੇ ‘ਤੇ ਅੱਜ ਦੀਆਂ ਕੀਮਤੀ, ਚਮਕੀਲੀਆਂ ਤੇ ਲਚੀਲੀਆਂ ਬੈਲਟਾਂ ਬਹੁਤ ਪਿਛੇ ਰਹਿ ਜਾਂਦੀਆਂ ਹਨ। ਉਂਜ ਇਲਾਸਟਿਕ ਨੇ ਨਾਲੇ ਦਾ ਕੰਮ ਤਮਾਮ ਕੀਤਾ ਹੈ। ਦਿਖਾਵੇ ਵਾਲੇ ਨਾਲ਼ੇ ਤੋਂ ਇਲਾਵਾ ਹਮਾਤੜ ਵਰਗਿਆਂ ਦਾ ਆਮ ਨਾਲ਼ਾ ਤਾਂ ਸਾਧਾਰਨ ਕੱਪੜੇ ਜਾਂ ਧਾਗੇ ਦਾ ਹੀ ਬਣਿਆ ਹੁੰਦਾ ਹੈ। ਨਾਲ਼ਾ ਔਰਤ ਦੇ ਚਰਿੱਤਰ ਨਾਲ ਵੀ ਜਾ ਜੁੜਦਾ ਹੈ। ਢਿੱਲੇ ਨਾਲ਼ੇ ਵਾਲੀ ਉਹ ਹੁੰਦੀ ਹੈ ਜਿਸ ਨੂੰ ਅੰਗਰੇਜ਼ੀ ਵਿਚ æੋਸe ੰਕਰਿਟ ਕਿਹਾ ਜਾਂਦਾ ਹੈ। ਸਮਝਦਾਰ ਨੂੰ ਇਸ਼ਾਰਾ ਕਾਫੀ ਹੈ। ਮਲਵਈ ਬੋਲੀ ਹੈ, ‘ਆਲਾ ਆਲਾ ਆਲਾ, ਛੈਲ ਦਾ ਗੁਲਾਬੀ ਘਗਰਾ, ਵਿਚ ਸੱਪ ਦੇ ਬੱਚੇ ਦਾ ਨਾਲ਼ਾ।’ ਚੋਂਦਾ ਚੋਂਦਾ ਮੁਹਾਵਰਾ ਵੀ ਸੁਣ ਲਵੋ, ‘ਨਾਲਾ ਖੋਲ੍ਹਣਾ’ ਦਾ ਮਤਲਬ ਸੰਭੋਗ ਲਈ ਤਿਆਰ ਹੋਣਾ ਹੁੰਦਾ ਹੈ। ਨਾਲ਼ਾ-ਪੋਣੀ ਨੇਫੇ ਵਿਚ ਨਾਲ਼ਾ ਲੰਘਾਉਣ ਵਾਲਾ ਅਜਿਹਾ ਸੰਦ ਹੈ ਜਿਸ ਬਿਨਾਂ ਬੰਦਾ ਕਿਸੇ ਕੰਮ ‘ਤੇ ਪਹੁੰਚਣੋਂ ਲੇਟ ਹੋ ਸਕਦਾ ਹੈ।
ਕੁਝ ਰਹੱਸਮਈ ਕਾਰਨਾਂ ਕਰਕੇ ਕਈ ਵਾਰੀ ਨਾਲ਼ੇ ਨੂੰ ਗੋਲ ਗੱਠ ਵੀ ਆ ਸਕਦੀ ਹੈ। ਹਫੜਾ-ਦਫੜੀ ਵਿਚ ਆਦਮੀ ਜਿੰਨਾ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਓਨਾ ਹੀ ਉਹ ਇਸ ਨੂੰ ਹੋਰ ਪੀਡਾ ਕਰਦਾ ਜਾਂਦਾ ਹੈ। ਜੇ ਹਾਜਤ ਨੇ ਵੀ ਅਤਿ ਚੁੱਕੀ ਹੋਵੇ ਤਾਂ ਇਸ ਸਥਿਤੀ ਦੇ ਭਿਅੰਕਰ ਨਤੀਜੇ ਨਿਕਲ ਸਕਦੇ ਹਨ। ਖੈਰ, ਲੱਚਰ ਗੱਲਾਂ ਛੱਡ ਕੇ ਕੁਝ ਕੰਮ ਦੀ ਗੱਲ ਕਰੀਏ। ਨਾਲ਼ੇ ਦੀ ਗੋਲ ਗੱਠ ਵਾਂਗ ਮੇਰੇ ਲਈ ਨਾਲ਼ਾ ਸ਼ਬਦ ਦੀ ਵਿਉਤਪਤੀ ਦੀ ਵੀ ਗੋਲ ਗੱਠ ਬੱਝੀ ਪਈ ਹੈ। ਗੱਲ ਇਹ ਹੈ ਕਿ ਨਾਲ਼ੇ ਜਿਹਾ ਕੰਮ ਸਾਰਨ ਲਈ ਦੋ ਹੋਰ ਸ਼ਬਦ ਚਲਦੇ ਹਨ ਯਾਨਿ ਕਮਰਬੰਦ ਅਤੇ ਇਜਾਰਬੰਦ। ਭਾਵੇਂ ਇਹ ਫਾਰਸੀ, ਉਰਦੂ ਵਲੋਂ ਹਨ ਪਰ ਕਿਧਰੇ-ਕਿਧਰੇ ਪੰਜਾਬੀ ਵਿਚ ਵੀ ਵਰਤੇ ਜਾਂਦੇ ਹਨ: ‘ਕਮਰਬੰਦ ਸੰਤੋਖੁ ਕਾ’ (ਗੁਰੂ ਨਾਨਕ ਦੇਵ)। ਕਮਰਬੰਦ ਤਾਂ ਅੰਗਰੇਜ਼ੀ ਵਿਚ ਵੀ ਖੂਬ ਚਲਦਾ ਹੈ। ਇਨ੍ਹਾ ਦੋਹਾਂ ਸ਼ਬਦਾਂ ਪਿਛੇ ‘ਬੰਦ’ ਪਿਛੇਤਰ ਲੱਗਾ ਹੋਇਆ ਹੈ। ਸੋ, ਮੇਰਾ ਵਿਚਾਰ ਬਣਿਆ ਕਿ ਨਾਲ਼ਾ ਸ਼ਬਦ ਵਿਚ ਵੀ ਜ਼ਰੂਰ ਬੰਨ੍ਹਣ ਦਾ ਭਾਵ ਹੋਵੇਗਾ। ਸੰਸਕ੍ਰਿਤ ਦਾ ‘ਨਹ’ ਅਜਿਹਾ ਹੀ ਧਾਤੂ ਹੈ। ਇਸ ਤੋਂ ਇਕ ਭੂਤਕਾਲ ਸੂਚਕ ਸ਼ਬਦ ਬਣਿਆ ‘ਨੱਧ’ ਜਿਸ ਦਾ ਅਰਥ ਬੱਧਾ ਜਾਂ ਬੱਝਾ ਹੁੰਦਾ ਹੈ। ਮੈਂ ਕੁਝ ਸਰੋਤ-ਫਰੋਲ ਮਾਰੇ ਤਾਂ ਪਤਾ ਲੱਗਾ ਕਿ ‘ਨਾੜਾ/ਨਾੜ’ ਨਾਂ ਵਾਲਾ ਸ਼ਬਦ ਉਸ ਗੋਲ ਅਕਾਰੀ ਰੱਸੇ ਲਈ ਵਰਤਿਆ ਜਾਂਦਾ ਹੈ ਜੋ ਹਲ਼æਸ ਨੂੰ ਪੰਜਾਲੀ ਨਾਲ ਜੋੜਦਾ ਜਾਂ ਬੰਨ੍ਹਦਾ ਹੈ। ਇਸ ਨੂੰ ਨਹਿਣ ਵੀ ਕਿਹਾ ਜਾਂਦਾ ਹੈ ਤੇ ਦਿਲਚਸਪ ਗੱਲ ਹੈ ਕਿ ਦੋਵੇਂ ਸ਼ਬਦ ‘ਨਹ’ ਧਾਤੂ ਤੋਂ ਬਣੇ ਹਨ। ਇਸ ਨੂੰ ਮਰਾਠੀ ਵਿਚ ਨਾਡਾ ਅਤੇ ਹਿੰਦੀ ਵਿਚ ਨਾਧਾ ਕਿਹਾ ਜਾਂਦਾ ਹੈ। ਪੰਜਾਬੀ ਹਰਨਾੜੀ/ਹਰਨਾਲੀ ਸ਼ਬਦ ਵੀ ਇਸ ਤੋਂ ਬਣੇ ਹਨ।
ਇਕ ਕੋਸ਼ ਅਨੁਸਾਰ ਇਨ੍ਹਾਂ ਸ਼ਬਦਾਂ ਦਾ ਅਰਥ ਹੈ ਹਲ ਜਾਂ ਪੰਜਾਲੀ ਨਾਲ ਜੁਪੇ ਹੋਏ ਬਲਦ ਜਾਂ ਵਧੇਰੇ ਨਿਸਚਤ ‘ਖੇਤਾਂ ਵੱਲ ਲਿਜਾਣ ਲਈ ਹਲ ਨੂੰ ਚਊ ਵਾਲੇ ਪਾਸਿਓਂ ਮੂਧਾ ਮਾਰ ਕੇ ਪੰਜਾਲੀ ਉਤੇ ਟਿਕਾਉਣ ਦੀ ਕਿਰਿਆ।’ ਹਰਨਾਲੀ ਦਾ ਇਕ ਵਿਗੜਿਆ ਰੂਪ ਹੰਢਾਲੀ ਵੀ ਹੈ। ਕਹਿਣ ਦਾ ਭਾਵ ਇਹ ਸ਼ਬਦ ਹਰ+ਨਾਧਾ ਤੋਂ ਬਣਿਆ ਹੈ। ਹਿੰਦੀ ਵਿਚ ਹਰਨਾਧਾ ਸ਼ਬਦ ਵੀ ਚਲਦਾ ਹੈ ਤੇ ਮਤਲਬ ਨਿਕਲਦਾ ਹੈ, ਹਲ ਨਾਲ ਬਧਾ। ਮੈਂ ਮੇਲਜ਼ਵਰਥ ਦੇ ਮਰਾਠੀ ਕੋਸ਼ ਵਿਚ ਨਾਡਾ ਸ਼ਬਦ ਦਾ ਇੰਦਰਾਜ ਦੇਖਿਆ ਤਾਂ ਇਸ ਦੇ ਅਰਥ ਇਸ ਤਰ੍ਹਾਂ ਮਿਲੇ: ਰੱਸੀ, ਡੋਰੀ; ਲੱਜ, ਗੱਡੇ ਆਦਿ ਨੂੰ ਖਿਚਣ ਵਾਲਾ ਰੱਸਾ; ਟੁਚਨ; ਮੁਹੱਰਮ ਸਮੇਂ ਮੁਸਲਮਾਨਾਂ ਦੇ ਗੁੱਟਾਂ ਦੁਆਲੇ ਬੰਨਿਆ ਜਾਣ ਵਾਲਾ ਡੋਰਾ; ਨੇਫੇ ਵਾਲਾ ਨਾਲ਼ਾ; ਨਟਾਂ ਦਾ ਰੱਸਾ। ਕੋਸ਼ ਨੇ ਇਹ ਸਾਰੇ ਸ਼ਬਦ ਨਧ ਤੋਂ ਵਿਉਤਪਤ ਦੱਸੇ ਹਨ।
ਨਹ ਧਾਤੂ ਤੋਂ ਬਣੇ ਨਹਿਨਣਾ ਦਾ ਅਰਥ ਹੁੰਦਾ ਹੈ, ਬਲਦਾਂ ਨੂੰ ਰੱਸੀ ਦੁਆਰਾ ਹਲ ਆਦਿ ਨਾਲ ਜੋੜਨਾ; ਨਹਿਣ ਅਜਿਹਾ ਜੋੜਨ ਵਾਲਾ ਰੱਸਾ ਹੁੰਦਾ ਹੈ। ਨੀਹਣ ਕਮਾਨ ਦੀ ਡੋਰੀ ਹੁੰਦੀ ਹੈ ਅਤੇ ਨਿਹਣੀ ਜਾਂ ਨੇਹੀਂ ਹੁੰਦੀ ਹੈ ਦੁੱਧ ਰਿੜਕਣ ਵਾਲੀ ਘੜਵੰਜੀ ਨਾਲ ਲੱਗਿਆ ਡੰਡਾ ਜਿਸ ਨਾਲ ਕੁੜ ਦੀਆਂ ਰੱਸੀਆਂ ਬੰਨ੍ਹੀਆਂ ਜਾਂਦੀਆਂ ਹਨ। ਨਹ ਧਾਤੂ ਦੇ ਰੱਸੀ ਜਿਹੇ ਅਰਥਾਂ ਵਾਲੇ ਨਿਰਮਾਤਾ ਦੇ ਵਿਵੇਚਨ ਨੇ ਮੇਰੇ ਮਨ ਵਿਚ ਨਾਲ਼ੇ ਨੂੰ ਇਸ ਧਾਤੂ ਨਾਲ ਜੋੜਿਆ। ਪਰ ਹੋਰ ਸਰੋਤਾਂ ਵੱਲ ਨਜ਼ਰ ਦੁੜਾਈ ਤਾਂ ਕਹਾਣੀ ਹੋਰ ਨਿਕਲੀ: ਨਾਲ਼ਾ ਸ਼ਬਦ ਨਾੜ ਜਾਂ ਨਾਲ਼ ਨਾਲ ਜੁੜਦਾ ਦਿਸਿਆ। ਸਰੋਤਾਂ ਵਿਚ ਕੁਲਕਰਨੀ ਦਾ ਮਸ਼ਹੂਰ ਮਰਾਠੀ ਵਿਉਤਪਤੀ ਕੋਸ਼ ਵੀ ਹੈ ਤੇ ਅਜਿਤ ਵਡਨੇਰਕਰ ਦਾ ਇਕ ਲੇਖ ਵੀ।
ਨਾੜ/ਨਾਲ਼ ਦੇ ਅਰਥ ਤਾਂ ਕੌਣ ਨਹੀਂ ਜਾਣਦਾ ਪਰ ਇਥੇ ਨਾੜ ਜਾਂ ਨਾਲ਼ ਅਸਲ ਵਿਚ ਉਸ ਪੋਲੇ-ਖੋਖਲੇ ਰਸਤੇ ਨੂੰ ਕਿਹਾ ਗਿਆ ਹੈ ਜਿਸ ਰਾਹੀਂ ਕਮਰਬੰਦ ਦੀ ਡੋਰੀ ਲੰਘਾਈ ਜਾਂਦੀ ਹੈ। ਇਸ ਰਸਤੇ ਨੂੰ ਅਸੀਂ ਨੇਫਾ ਆਖਦੇ ਹਾਂ। ਤਰਕ ਇਹ ਹੈ ਕਿ ਜਿਸ ਨੂੰ ਨਾੜੀ (ਨੇਫੇ) ਵਿਚ ਪਾਇਆ ਜਾਵੇ ਉਹੀ ਨਾੜਾ ਜਾਂ ਨਾਲਾ ਹੈ। ਨਾਲ਼ੇ ਵਿਚ ਰੱਸੀ, ਸੂਤ ਜਾਂ ਡੋਰੀ ਦਾ ਭਾਵ ਉਦੋਂ ਹੀ ਆਉਂਦਾ ਹੈ ਜਦ ਇਸ ਨੂੰ ਖੋਖਲੇ ਨਾਲੇ ਵਿਚੀਂ ਗੁਜ਼ਾਰਿਆ ਜਾਂਦਾ ਹੈ ਭਾਵੇਂ ਇਸ ਨੂੰ ਬੰਨ੍ਹੀਏ ਭਾਵੇਂ ਨਾ। ਨਾਲ਼ਾ ਪਰਦੇ ਅਤੇ ਬਟੂਏ ਵਿਚ ਵੀ ਪਾਇਆ ਜਾਂਦਾ ਹੈ। ਨਾਲੇ ਦੀ ਲੰਬਾਈ ਵੀ ਸੀਮਤ ਹੁੰਦੀ ਹੈ। ਇਨ੍ਹਾਂ ਦਲੀਲਾਂ ਨਾਲ ਮੇਰੀ ਗੋਲ ਗੱਠ ਖੁਲ੍ਹਣ ਲੱਗੀ। ਇਕੋ ਧੁਨੀ ਤੇ ਲਗਭਗ ਇਕੋ ਅਰਥ ਵਾਲੇ ਪਰ ਥੋੜ੍ਹੇ ਫਰਕ ਨਾਲ ਵੱਖ ਵੱਖ ਪ੍ਰਸੰਗਾਂ ਵਿਚ ਵਰਤੇ ਜਾਣ ਵਾਲੇ ਸ਼ਬਦਾਂ ਦੀ ਵਿਉਤਪਤੀ ਨਿਖੇੜਨਾ ਬਹੁਤ ਕਠਿਨ ਕੰਮ ਹੈ। ਇਸ ਸ਼ਬਦ ਦੇ ਥੋੜ੍ਹੇ ਬਹੁਤੇ ਫਰਕ ਨਾਲ ਕਈ ਰੁਪਾਂਤਰ ਹਨ ਤੇ ਕਈ ਅਰਥ ਪਰ ਹਰ ਅਰਥ ਵਸਤੂ ਦੇ ਖੋਖਲੇਪਣ ਵੱਲ ਸੰਕੇਤ ਕਰਦਾ ਹੈ। ਚਲੋ ਜਾਣੀਏ।
ਨਾੜ ਜਾਂ ਨਾੜੀ ਸਰੀਰ ਦੀ ਰਗ ਜਾਂ ਨਸ ਹੈ ਜਿਸ ਰਾਹੀਂ ਖੂਨ ਵਗਦਾ ਹੈ, “ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ” (ਭਗਤ ਰਵਿਦਾਸ)। ਨਬਜ਼ ਨੂੰ ਵੀ ਨਾੜ ਕਹਿ ਦਿੱਤਾ ਜਾਂਦਾ ਹੈ ਤੇ ਮੋਟੇ ਤੌਰ ‘ਤੇ ਆਂਦਰਾਂ ਲਈ ਵੀ ਇਹ ਸ਼ਬਦ ਚਲਦਾ ਹੈ। ਕਣਕ ਆਦਿ ਦੇ ਪੋਲੇ ਤਣੇ ਜਾਂ ਡੰਡਲ ਨੂੰ ਵੀ ਨਾੜ ਕਿਹਾ ਜਾਂਦਾ ਹੈ। ਜੰਮਦੇ ਬੱਚੇ ਦੀ ਧੁੰਨੀ ‘ਚੋਂ ਲਟਕਦੀ ਨਾੜ ਨੂੰ ਨਾੜੂਆ ਕਿਹਾ ਜਾਂਦਾ ਹੈ। ਇਸੇ ਸ਼ਬਦ ਦਾ ਇਕ ਰੁਪਾਂਤਰ ਹੈ, ਨੜਾ ਜੋ ਇਕ ਪ੍ਰਕਾਰ ਦਾ ਸਖਤ ਨਾਲੀਦਾਰ ਕਾਨਾ ਹੁੰਦਾ ਹੈ। ਇਸ ਦੀਆਂ ਕਲਮਾਂ ਬਣਾਈਆਂ ਜਾਂਦੀਆਂ ਹਨ। ਇਸ ਦਾ ਫਾਰਸੀ ਸੁਜਾਤੀ ਸ਼ਬਦ ਹੈ ‘ਨੈ’ ਜਿਸ ਦਾ ਅਰਥ ਬੰਸਰੀ ਅਤੇ ਗੰਨਾ ਹੁੰਦਾ ਹੈ। ਇਕ ਲੰਮੀ ਗਰਦਨ ਵਾਲੇ ਬਗਲੇ ਨੂੰ ਨੜੀ ਕਿਹਾ ਜਾਂਦਾ ਹੈ। ਹੁੱਕੇ ਦੀ ਨਲਕੀ ਵੀ ਨੜੀ ਹੁੰਦੀ ਹੈ। ਇਸ ਸ਼ਬਦ ਦਾ ਹੋਰ ਰੁਪਾਂਤਰ ਹੈ ‘ਨਲ’ ਜੋ ਟਿਊਬ ਹੀ ਹੈ ਜਿਸ ਰਾਹੀਂ ਪਾਣੀ ਵਗਦਾ ਹੈ। ਨਲ਼ਕੀ ਜਾਂ ਨਲਪੀ ਰਾਹੀਂ ਬੱਤਾ ਸੌਖਿਆਂ ਪੀਤਾ ਜਾਂਦਾ ਹੈ। ਇਸੇ ਤੋਂ ਅੱਗੇ ਨਲਕਾ ਸ਼ਬਦ ਬਣ ਗਿਆ। ਬਾਂਸ ਦੀ ਪੋਰੀ ਨੂੰ ਤਿਰਛਾ ਛਿਲ ਕੇ ਪਸ਼ੂਆਂ ਨੂੰ ਦਵਾ ਪਿਲਾਉਣ ਲਈ ਨਾਲ਼ ਬਣਾਈ ਜਾਂਦੀ ਹੈ। ਬਹੁਤ ਤੱਤੇ ਸੁਭਾਅ ਵਾਲੇ ਬੰਦੇ ਨੂੰ ਅੱਗ ਦੀ ਨਾਲ਼ ਕਿਹਾ ਜਾਂਦਾ ਹੈ। ਇਮਾਰਤਾਂ ਦਾ ਗੰਦਾ ਪਾਣੀ ਬਾਹਰ ਵਗਾਉਣ ਵਾਲੇ ਖੋਖਲੇ ਮਾਰਗ ਨੂੰ ਨਾਲੀ ਕਿਹਾ ਜਾਂਦਾ ਹੈ। ਰਬੜ ਆਦਿ ਦੀ ਟਿਊਬ ਵੀ ਨਾਲੀ ਹੈ। ਪੋਰ ਦੀ ਠੂਠੀ ਤੋਂ ਬੋਕੀਆਂ ਤੱਕ ਬੀਜ ਲਿਜਾਣ ਵਾਲੀਆਂ ਨਲਕੀਆਂ ਨੂੰ ਨਾਲੀਆਂ ਆਖਿਆ ਜਾਦਾ ਹੈ। ਬੰਦੂਕ ਦੀ ਨਾਲੀ ਹੁੰਦੀ ਹੈ। ਦੋ ਨਾਲੀਆਂ ਵਾਲੀ ਬੰਦੂਕ ਨੂੰ ਦੁਨਾਲੀ ਕਿਹਾ ਜਾਂਦਾ ਹੈ। ਘੋੜੇ ਦੀ ਪਿੰਨੀ ਦੀ ਹੱਡੀ ਲਈ ਵੀ ਨਾਲੀ ਸ਼ਬਦ ਚਲਦਾ ਹੈ। ਬਰਸਾਤੀ ਪਾਣੀ ਵਗਾਉਣ ਵਾਲਾ ਵੱਡਾ ਤੇ ਚੌੜਾ ਖੋਖਲਾ ਮਾਰਗ ਨਾਲ਼ਾ ਹੈ। ਗੰਦੇ ਪਾਣੀ ਨੂੰ ਵਗਾਉਣ ਵਾਲੇ ਅਜਿਹੇ ਮਾਰਗ ਨੂੰ ਗੰਦਾ ਨਾਲਾ ਕਿਹਾ ਜਾਂਦਾ ਹੈ। ਵਗਦੇ ਨੱਕ ਨੂੰ ਨਲੀ ਕਹਿ ਦਿੱਤਾ ਜਾਂਦਾ ਹੈ। ਜਿਸ ਮਹਾਨ ਬੱਚੇ ਦਾ ਨੱਕ ਵਗਦਾ ਹੀ ਰਹੇ ਉਹ ਨਲੀਚੋਚੋ ਕਹਾਉਣ ਦਾ ਹੱਕਦਾਰ ਬਣ ਜਾਂਦਾ ਹੈ। ਕਮਲ ਦੇ ਪੋਲੇ ਤਨੇ ਨੂੰ ਨਲ ਕਿਹਾ ਜਾਂਦਾ ਹੈ। ਗੁਪਤ ਅੰਗਾਂ ਨੂੰ ਨਲ਼ ਕਿਹਾ ਜਾਂਦਾ ਹੈ, ‘ਮੇਰੇ ਨਲ਼ਾਂ ਵਿਚ ਦਰਦ ਹੋ ਰਿਹਾ ਹੈ।’
ਪਰਿਵਾਰ ਨਿਯੋਜਨ ਵਾਲਾ ਨਲ਼ਬੰਦੀ ਲਕਬ ਇਸੇ ਤੋਂ ਬਣਿਆ। ਇਥੇ ਤੱਕ ਕਿ ‘ਪ੍ਰ’ ਅਗੇਤਰ ਲੱਗ ਕੇ ਪਰਨਾਲਾ ਜੋ ਪੰਚਾਂ ਸਾਹਮਣੇ ਹਟਾਉਣ ਦਾ ਪ੍ਰਣ ਕਰਕੇ ਥਾਂ ਦੀ ਥਾਂ ਹੀ ਰਹਿੰਦਾ ਹੈ ਤੇ ਧਾਰਾ ਦੇ ਅਰਥਾਂ ਵਾਲਾ ਪ੍ਰਣਾਲੀ ਸ਼ਬਦ ਵੀ ਸਾਹਮਣੇ ਆਏ ਹਨ। ਇਨ੍ਹਾਂ ਸਾਰੇ ਸ਼ਬਦਾਂ ਦਾ ਮੂਲ ਹੈ, ਸੰਸਕ੍ਰਿਤ ਸ਼ਬਦ ਨਾਡਿ, ਜਿਸ ਵਿਚ ਉਪਰ ਗਿਣਾਏ ਲਗਭਗ ਸਾਰੇ ਅਰਥ ਨਿਹਿਤ ਹਨ। ਨਾੜ, ਨਾਲ਼ ਜਾਂ ਨਾਲ਼ੇ ਦਾ ਇਕ ਰੁਪਾਂਤਰ ਸਾਰੇ ਅਰਥਾਂ ਸਮੇਤ ਨਾਰ ਵੀ ਹੈ, ‘ਨਾਰ ਬੰਧੈਹੋਂ’ (ਚਰਿਤਰ 17)। ਇਸੇ ਤਰ੍ਹਾਂ ਨਾੜੀ ਦਾ ਇਕ ਰੁਪਾਂਤਰ ਨਾਰੀ ਵੀ ਹੈ, “ਪਵਨ ਦ੍ਰਿੜ ਸੁਖਮਨ ਨਾਰੀ” (ਭਗਤ ਕਬੀਰ)।

ਟੀਚਰ ਸੰਤੇ ਨੂੰ: ਨਾਲ਼ੇ ਨੂੰ ਅੰਗਰੇਜ਼ੀ ਵਿਚ ਕੀ ਆਖਦੇ ਹਨ?
ਸੰਤਾ: ਪੀæਐਚæਡੀæ
ਟੀਚਰ (ਖਿਝ ਕੇ): ਕੀ ਮਤਲਬ ਤੇਰਾ?
ਸੰਤਾ: ਪਜਾਮਾ ਹੋਲਡਿੰਗ ਡਰਾਈਵ!