ਕੇਸਗੜ੍ਹ ਸਾਹਿਬ ਦੀਆਂ ਕੰਧਾਂ ਕਮਜ਼ੋਰ ਜਾਂ ਸਾਡਾ ਕਿਰਦਾਰ?

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਖ਼ਾਲਸੇ ਨੂੰ ਅੰਮ੍ਰਿਤ, ਅਨੰਦ ਅਤੇ ਸਿੱਖੀ ਕੇਸਾਂ-ਸਵਾਸਾਂ ਸੰਗ ਨਿਭਾਉਣ ਜਿਹੀਆਂ ਦਾਤਾਂ ਬਖਸ਼ਣ ਵਾਲੀ ਸ੍ਰੀ ਅਨੰਦਪੁਰ ਸਾਹਿਬ ਦੀ ਭਾਗਾਂ ਭਰੀ ਧਰਤੀ ‘ਤੇ ਸੁਭਾਇਮਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਚਿੰਤਾਜਨਕ ਖ਼ਬਰਾਂ ਆਈਆਂ ਨੇ। ਇਤਿਹਾਸਕ ਗੁਰਧਾਮਾਂ ਦੀ ਸੇਵਾ-ਸੰਭਾਲ ਤੇ ਪ੍ਰਬੰਧ ਕਰ ਰਹੀ ਸੰਸਥਾ ਦੇ ਅਹੁਦੇਦਾਰਾਂ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਕੇਸਗੜ੍ਹ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਦੀਆਂ ਕੰਧਾਂ ਕਾਫ਼ੀ ਕਮਜ਼ੋਰ ਹੋ ਗਈਆਂ ਹਨ। ਇਮਾਰਤਸਾਜ਼ੀ ਦੇ ਤਕਨੀਕੀ ਮਾਹਿਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ ਹੈ

ਕਿ ਜੇ ਇਨ੍ਹਾਂ ਕੰਧਾਂ ਦੀ ਫੌਰੀ ਮੁਰੰਮਤ ਨਾ ਕਰਵਾਈ ਗਈ ਤਾਂ ਭਵਿੱਖ ਵਿਚ ਕਾਫ਼ੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਕਰੋੜਾਂ ਰੁਪਏ ਦੇ ਫੰਡ ਜਾਰੀ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਇਹ ਸਾਰਾ ਕਾਰਜ ਕਾਰ ਸੇਵਾ ਰਾਹੀਂ ਨੇਪਰੇ ਚਾੜ੍ਹਨ ਦਾ ਜ਼ਿੰਮਾ ਇੰਗਲੈਂਡ ਦੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੂੰ ਸੌਂਪਣ ਦਾ ਐਲਾਨ ਕੀਤਾ ਗਿਆ ਹੈ।
ਇਸ ਖ਼ਬਰ ਨੂੰ ਚਿੰਤਾਜਨਕ ਕਹਿਣ ਦਾ ਕਾਰਨ ਇਹ ਹੈ ਕਿ ਗੁਰੂ ਕਾਲ ਤੋਂ ਬਣੇ ਅਸਥਾਨਾਂ ਦੀਆਂ ਕੰਧਾਂ ਕਮਜ਼ੋਰ ਹੋਣ ਦੀ ਸ਼ਾਇਦ ਇਹ ਪਹਿਲੀ ਖ਼ਬਰ ਹੋਵੇ। ਆਮ ਤੌਰ ‘ਤੇ ਸੰਗਤ ਦੀ ਗਿਣਤੀ ਵਧਣ ਕਰ ਕੇ ਗੁਰਦੁਆਰਿਆਂ ਦੀਆਂ ਛੋਟੀਆਂ ਪਈਆਂ ਇਮਾਰਤਾਂ ਦੀ ਥਾਂ ਵੱਡੀਆਂ ਇਮਾਰਤਾਂ ਤਾਂ ਬਣਦੀਆਂ ਵੇਖੀਆਂ ਹਨ, ਪਰ ਕੇਸਗੜ੍ਹ ਸਾਹਿਬ ਦੀਆਂ ਕੰਧਾਂ ਦੀ ਕਮਜ਼ੋਰੀ? ਇਹ ਗੱਲ ਹਜ਼ਮ ਕਰਨੀ ਔਖੀ ਜਾਪਦੀ ਹੈ।
ਇਨ੍ਹਾਂ ਸਤਰਾਂ ਦੇ ਲੇਖਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਸਾਬਕਾ ਮੈਂਬਰ ਹੋਣ ਨਾਤੇ ਇਸ ਵਿਸ਼ੇ ਬਾਬਤ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਤੇ ਕੁਝ ਮੌਜੂਦਾ ਉਚ ਅਧਿਕਾਰੀਆਂ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਦੇ ਪੀੜ੍ਹੀਆਂ ਤੋਂ ਬਾਸ਼ਿੰਦੇ ਕਈ ਮੋਹਤਬਰ ਸੱਜਣਾਂ ਨਾਲ ਫੋਨ ‘ਤੇ ਗੱਲਬਾਤ ਕੀਤੀ। ਕਿਸੇ ਇਕ ਵੀ ਬੰਦੇ ਨੇ ਵੀ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਉਚਿਤ ਨਹੀਂ ਠਹਿਰਾਇਆ। ਕਿਸੇ ਕਿਹਾ ਕਿ ਇਹ ਸਾਰਾ ਸਟੰਟ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਹੋਏ ਸਿਆਸੀ ਟੱਬਰ ਦੀ ਕਿਸੇ ਨਜ਼ਦੀਕੀ ਕੰਸਟਰੱਕਸ਼ਨ ਫਰਮ ਨੂੰ ਲਾਭ ਪਹੁੰਚਾਉਣ ਲਈ ਹੀ ਕੀਤਾ ਜਾ ਰਿਹਾ ਹੈ। ਮਾਇਆ ਨਾਲ ਹੱਥ ਰੰਗਣ ਦੇ ਅਜਿਹੇ ਹੀ ਦੋਸ਼ ਕਈ ਬੰਦੇ ਹੋਰ ਅਹੁਦੇਦਾਰਾਂ ਉਤੇ ਵੀ ਲਗਾ ਰਹੇ ਹਨ।
ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਵਿਖੇ ਸਤਿਕਾਰਤ ਅਹੁਦੇ ‘ਤੇ ਲੰਮਾ ਅਰਸਾ ਸੇਵਾ ਕਰਦੇ ਰਹੇ ਇਕ ਪੜ੍ਹੇ-ਲਿਖੇ ਸੱਜਣ ਦਾ ਕਹਿਣਾ ਸੀ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਹੁੰਦੀ ਹੈ ਤਾਂ ਇਮਾਰਤਸਾਜ਼ੀ ਦੇ ਮਾਹਿਰਾਂ ਤੋਂ ਸਰੋਵਰ ਵਿਚਕਾਰ ਖੜ੍ਹੀ ਇਮਾਰਤ ਦੇ ਜਲ ਵਿਚ ਰਹਿਣ ਵਾਲੇ ਹਿੱਸੇ ਦਾ ਨਿਰੀਖਣ ਕਰਾਇਆ ਜਾਂਦਾ ਹੈ। ਮਾਹਿਰ ਇਹੀ ਰਿਪੋਰਟ ਦਿੰਦੇ ਹਨ ਕਿ ਇਸ ਇਮਾਰਤ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ। ਸਦੀਆਂ ਤੱਕ ਇਹ ਆਪਣੇ ਇਸੇ ਰੂਪ ਵਿਚ ਕਾਇਮ ਰਹੇਗੀ। ਹਿੱਕ ਠੋਕਵੇਂ ਦਾਅਵੇ ਨਾਲ ਇਸ ਸਿੰਘ ਨੇ ਕੇਸਗੜ੍ਹ ਸਾਹਿਬ ਦੀਆਂ ਕੰਧਾਂ ਦੀ ਪਕਿਆਈ ਦੀ ਤੁਲਨਾ ਦਰਬਾਰ ਸਾਹਿਬ ਨਾਲ ਕਰਦਿਆਂ ਸ਼੍ਰੋਮਣੀ ਕਮੇਟੀ ਦੀ ‘ਕਚਿਆਈ’ ਸਿਰ ਭਾਂਡਾ ਭੰਨਿਆ।
ਸ੍ਰੀ ਅਨੰਦਪੁਰ ਸਾਹਿਬ ਦੇ ਇਕ ਕਾਲਜ ਵਿਚ ਲੈਕਚਰਾਰ ਰਹੇ ਇਕ ਸ਼ਖਸ ਨੇ ਕੰਧਾਂ ਦੀ ਕਮਜ਼ੋਰੀ ਦੀ ਥਾਂ ਉਥੋਂ ਦੀਆਂ ਨੰਗੀਆਂ ਚਿੱਟੀਆਂ ਸਿਧਾਂਤਕ ਕਮਜ਼ੋਰੀਆਂ ਦਾ ਵੇਰਵਾ ਦੱਸ ਕੇ ਮੇਰੇ ਵੀ ਕਪਾਟ ਖੋਲ੍ਹ ਦਿੱਤੇ,
“æææਤੀਹ-ਚਾਲੀ ਮਜ਼ਬੂਤ ਕਮਰਿਆਂ ਉਪਰ ਬਣੀ ਤਖ਼ਤ ਸਾਹਿਬ ਦੀ ਇਮਾਰਤ ਦੀਆਂ ਬੁਨਿਆਦੀ ਕੰਧਾਂ ਦੀ ਕਮਜ਼ੋਰੀ ਤਾਂ ਸ਼੍ਰੋਮਣੀ ਕਮੇਟੀ ਨੂੰ ਬਹੁਤ ਅਸਾਨ ਨਜ਼ਰ ਆ ਗਈ, ਪਰ ਖਾਲਸਾ ਪੰਥ ਦੇ ਪ੍ਰਗਟ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੌਜੂਦਾ ਪ੍ਰਬੰਧ ਦੀਆਂ ਸਿਧਾਂਤਕ ਕਮਜ਼ੋਰੀਆਂ ਦੂਰ ਕਰਨ ਲਈ ਇਨ੍ਹਾਂ ਧਾਰਮਿਕ ਆਗੂਆਂ ਨੂੰ ਕੋਈ ‘ਵਿਸ਼ਾ ਮਾਹਿਰ’ ਨਹੀਂ ਲੱਭਦਾ?”
ਉਨ੍ਹਾਂ ਦਾ ਕਹਿਣਾ ਸੀ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾ ਪੰਥ ਸਾਜਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਬਿੰਦੀ-ਪੁੱਤਰਾਂ (ਚਾਰੇ ਸਾਹਿਬਜ਼ਾਦਿਆਂ) ਨਾਲੋਂ ਨਾਦੀ-ਪੁੱਤਰਾਂ (ਪੰਥ ਖਾਲਸਾ) ਨਾਲ ਮੋਹ ਨੂੰ ਪਹਿਲ ਦਿੱਤੀ। ਬਕੌਲ ਵਿਧਾਤਾ ਸਿੰਘ ‘ਤੀਰ’, ਗੁਰੂ ਜੀ ਨੇ ਚਮਕੌਰ ‘ਚੋਂ ਤਾੜੀ ਮਾਰ ਕੇ ਜਾਣ ਵੇਲੇ ਆਪਣੇ ਵੱਡੇ ਪੁੱਤਰਾਂ ਦੀਆਂ ਬੇ-ਕਫ਼ਨ ਲਾਸ਼ਾਂ ਕੋਲ ਰੁਕੇ ਭਾਈ ਦਇਆ ਸਿੰਘ ਨੂੰ ਲਲਕਾਰ ਕੇ ਕਿਹਾ ਸੀ,
ਮੈਨੂੰ ਰੱਤੀ ਪ੍ਰਵਾਹ ਨਹੀਂ ਜੱਗ ਸਾਰਾ,
ਭਾਵੇਂ ਲੱਖ ਵਾਰੀ ਰਣ ਦਾ ਚੋਰ ਸਮਝੇ।
ਪਰ ਮੈਂ ਇਹ ਨਾ ਸੁਣਾਂ ਗੋਬਿੰਦ ਸਿੰਘ ਨੇ,
‘ਸਿੱਖ ਹੋਰ’ ਸਮਝੇ ਤੇ ‘ਪੁੱਤ ਹੋਰ’ ਸਮਝੇ।
ਪੁੱਤਰਾਂ ਨਾਲੋਂ ਆਪਣੇ ਸਿੱਖਾਂ ਪ੍ਰਤੀ ਵੱਧ ਤਿਹ-ਮੋਹ ਰੱਖਣ ਵਾਲੇ ਦਸਮੇਸ਼ ਪਿਤਾ ਦੀ ਇਸ ਬਖਸ਼ਿਸ਼ ‘ਤੇ ਅਟੱਲ ਪਹਿਰਾ ਦਿੰਦਿਆਂ ਸਾਡੇ ਵਡਾਰੂਆਂ ਨੇ ‘ਅਰਦਾਸ’ ਵਿਚ ਪਹਿਲ ‘ਪੰਜਾਂ ਪਿਆਰਿਆਂ’ ਨੂੰ ਦਿੱਤੀ, ਚਾਰ ਸਾਹਿਬਜ਼ਾਦਿਆਂ ਦਾ ਸਥਾਨ ਬਾਅਦ ਵਿਚ ਰੱਖਿਆ।
ਹੁਣ ਇਸ ਤਖ਼ਤ ਦੇ ਮੌਜੂਦਾ ਜਥੇਦਾਰ ਦਾ ਪੁੱਤਰ-ਮੋਹ ਸੁਣ ਲਓ! ਇਥੇ ਸਿੰਘ ਸਾਹਿਬ ਨਿਯੁਕਤ ਹੋਣ ਤੋਂ ਪਹਿਲਾਂ ਇਹ ਸ੍ਰੀ ਮਾਨ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗ੍ਰੰਥੀ ਸਿੰਘ ਸਨ। ਜਿਉਂ ਹੀ ਇਨ੍ਹਾਂ ਨੂੰ ਕੇਸਗੜ੍ਹ ਸਾਹਿਬ ਦਾ ਜਥੇਦਾਰ ਬਣਾਇਆ ਗਿਆ, ਇਨ੍ਹਾਂ ਨੇ ਖਾਲੀ ਹੋਏ ਅਹੁਦੇ ‘ਤੇ ਆਪਣੇ ਪੁੱਤਰ ਨੂੰ ਸ੍ਰੀ ਦਰਬਾਰ ਸਾਹਿਬ ਦਾ ਗ੍ਰੰਥੀ ਨਿਯੁਕਤ ਕਰਵਾ ਦਿੱਤਾ, ਹਾਲਾਂਕਿ ਉਹ ਉਥੋਂ ਦੀਆਂ ਸ਼ਰਤਾਂ ਵੀ ਪੂਰੀਆਂ ਨਹੀਂ ਸੀ ਕਰਦਾ। ਸ਼੍ਰੋਮਣੀ ਕਮੇਟੀ ਦੇ ਕਾਇਦੇ-ਕਾਨੂੰਨ ਤੇ ਦਰਬਾਰ ਸਾਹਿਬ ਦੀ ਮਰਿਆਦਾ ਮੁਤਾਬਕ ਚਾਲੀ ਸਾਲ ਦੀ ਉਮਰ ਤੋਂ ਘੱਟ ਦਾ ਕੋਈ ਬੰਦਾ, ਉਥੇ ਗ੍ਰੰਥੀ ਨਹੀਂ ਲੱਗ ਸਕਦਾ, ਪਰ ਸਿੰਘ ਸਾਹਿਬਾਨ ਦੇ ‘ਪੁੱਤਰ ਸਾਹਿਬਾਨ’ ਲਈ ਕਾਇਦੇ ਜਾਂ ਰਵਾਇਤਾਂ ਦਾ ਕੋਈ ਮਾਅਨਾ ਨਹੀਂ। ਇਹ ਵੱਖਰੀ ਗੱਲ ਹੈ ਕਿ ਇਹ ਗ੍ਰੰਥੀ ਦਰਬਾਰ ਸਾਹਿਬ ਵਿਖੇ ਇਕ-ਦੋ ਵਾਰ ਰਹਿਰਾਸ ਦਾ ਪਾਠ ਕਰਨਾ ਭੁੱਲ ਗਏ। ਟੀæਵੀæ ਰਾਹੀਂ ਦਰਬਾਰ ਸਾਹਿਬ ਨਾਲ ਜੁੜੇ ਲੱਖਾਂ ਸ਼ਰਧਾਲੂਆਂ ਦੇ ਮਨਾਂ ਨੂੰ ਜੇ ਉੱਕਦੇ ਭੁੱਲਦੇ ਗ੍ਰੰਥੀ ਨੂੰ ਦੇਖ ਕੇ ਠੇਸ ਲੱਗਦੀ ਹੈ ਤਾਂ ਲੱਗੀ ਜਾਵੇ! ਅਜਿਹੀਆਂ ‘ਠੇਸਾਂ-ਠੂਸਾਂ’ ਬਾਰੇ ਵਿਚਾਰ ਕਰਨ ਨਾਲੋਂ ਸਿੰਘ ਸਾਹਿਬ ਦਾ ਪੁੱਤ ‘ਅਡਜਸਟ’ ਕਰਨਾ ਵੱਧ ਜ਼ਰੂਰੀ ਹੈ।
ਹੁਣ ਵਾਰੀ ਆ ਗਈ ਇਸੇ ਸਿੰਘ ਸਾਹਿਬ ਦੇ ਦੂਜੇ ਲੜਕੇ ਦੀ। ਉਹਦੇ ਕੋਲ ਵੀ ਤਾਂ ਤਖ਼ਤ ਦੇ ਜਥੇਦਾਰ ਦਾ ਪੁੱਤਰ ਹੋਣ ਦੀ ਯੋਗਤਾ ਬਣ ਹੀ ਗਈ ਸੀ। ਜਥੇਦਾਰ ਨੂੰ ਲੋੜ ਪੈ ਗਈ ਪੀæਏæ ਰੱਖਣ ਦੀ। ਇਹ ਕਿਵੇਂ ਹੋ ਸਕਦਾ ਸੀ ਕਿ ਕਿਸੇ ਹੋਰ ਸਿੱਖ ਦਾ ਪੁੱਤਰ, ਉਸ ਦੇ ਪਿਤਾ-ਸ੍ਰੀ ਦਾ ਪੀæਏæ ਲੱਗ ਜਾਂਦਾ? ਸੋ, ਜਥੇਦਾਰ ਨੇ ਪੀæਏæ ਦੀ ਅਸਾਮੀ ਲਈ ਯੋਗਤਾ ਪੂਰੀ ਰੱਖਣ ਵਾਲੇ ‘ਜੀਵਤ ਕਈ ਹਜ਼ਾਰ’ ਵਿਚੋਂ ਆਪਣਾ ਪੁੱਤ ਚੁਣ ਲਿਆ।
ਇਥੇ ਗੱਲ ਪਹੁੰਚੀ ਤਾਂ ਮੈਂ ਪ੍ਰੋਫੈਸਰ ਨੂੰ ਟੋਕਿਆ, “ਜਥੇਦਾਰ ਵੱਲੋਂ ਆਪਣਾ ਮੁੰਡਾ ਪੀæਏæ ਰੱਖਣ ਵਾਲੀ ਗੱਲ ਤਾਂ ਕੋਈ ਜੱਗੋਂ ਤੇਰ੍ਹਵੀਂ ਨਹੀਂ। ਜੇ ਅਕਾਲ ਤਖ਼ਤ ਦੇ ਜਥੇਦਾਰ ਸਰਬ ਉਚ ਪਦਵੀ ‘ਤੇ ਹੁੰਦੇ ਹੋਏ, ਆਪਣੇ ਸਾਲੇ ਅਤੇ ਕੋਈ ਆਪਣੇ ਪੁੱਤ ਨੂੰ ‘ਸਹਾਇਕ’ ਬਣਾਉਂਦੇ ਰਹੇ ਹਨ, ਫਿਰ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਰਤਮਾਨ ਜਥੇਦਾਰ ਦੀ ਰੀਸ ਕਰਦਿਆਂ ਕੇਸਗੜ੍ਹ ਸਾਹਿਬ ਵਾਲੇ ਜਥੇਦਾਰ ਨੇ ਵੀ ਆਪਣੇ ਲੜਕੇ ਦੇ ਰੁਜ਼ਗਾਰ ਦਾ ਪ੍ਰਬੰਧ ਕਰ ਲਿਆ ਤਾਂ ਕੀ ਪਹਾੜ ਢਹਿ ਪਿਆ?
ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਦੀ ਤਸਦੀਕ ਕਰਨ ਹਿੱਤ ਮੈਂ ਅਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਵਿਚ ਮੁਲਾਜ਼ਮਤ ਕਰ ਰਹੇ ਇਕ ਹੋਰ ਜਾਣੂ ਨਾਲ ਰਾਬਤਾ ਬਣਾਇਆ। ਉਪਰ ਲਿਖੀ ਗਈ ਇਕ ਇਕ ਗੱਲ ‘ਤੇ ਸਹੀ ਹੋਣ ਦਾ ਠੱਪਾ ਲਾਉਂਦਿਆਂ ਉਸ ਨੇ ਆਪਣਾ ਨਾਮ ਨਾ ਜ਼ਾਹਿਰ ਕੀਤੇ ਜਾਣ ਦੀ ਸ਼ਰਤ ‘ਤੇ ਕੇਸਗੜ੍ਹ ਸਾਹਿਬ ਦੀਆਂ ਕੰਧਾਂ ਦੀ ਕਮਜ਼ੋਰੀ ਨੂੰ ਸਿਰੇ ਤੋਂ ਨਕਾਰਦਿਆਂ, ਇਕ ਹੋਰ ਸਿਧਾਂਤਕ ਕਮਜ਼ੋਰੀ ਜਾਂ ਅਵੱਗਿਆ ਦੀ ਦੱਸ ਪਾਈ।
ਉਸ ਦਾ ਕਹਿਣਾ ਸੀ ਕਿ ਜਿਸ ਅਸਥਾਨ ‘ਤੇ ਦਸਮੇਸ਼ ਪਿਤਾ ਨੇ ਜਾਤਿ-ਗੋਤ ਮਿਟਾ ਕੇ ਖਾਲਸਾ ਪੰਥ ਸਾਜਿਆ, ਪੰਜਾਂ ਪਿਆਰਿਆਂ ਵਿਚੋਂ ਇਕ ਭਾਈ ਧਰਮ ਸਿੰਘ ਨੂੰ ‘ਜੱਟਪੁਣਾ’ ਤਿਆਗਣ ਦੀ ਹਦਾਇਤ ਕਰਦਿਆਂ ਮੋਹ ਨਾਲ ਆਖਿਆ ਸੀ ਕਿ ‘ਤੂੰ ਵੀ ਨਹੀਉਂ ਜੱਟ, ਮੈਂ ਵੀ ਸੋਢੀ ਨਹੀਉਂ ਰਹਿ ਗਿਆ’, ਪਰ ਅੱਜ ਉਸੇ ਅਨੰਦਪੁਰ ਸਾਹਿਬ ਦੇ ਗੁਰਧਾਮਾਂ ਦਾ ਮੈਨੇਜਰ ਖੁਦ ਨੂੰ ‘ਗਰੇਵਾਲ ਸਾਹਿਬ’ ਅਖਵਾਉਂਦਾ ਹੈ।
“ਭਾਈ ਸਾਹਿਬ, ਜੇ ਸਾਰੇ ਗੁਰਦੁਆਰਿਆਂ ਦਾ ਪ੍ਰਧਾਨ ਗੋਤ ਨੂੰ ਗਲ ਨਾਲ ਲਾ ਕੇ ‘ਮੱਕੜ ਸਾਹਿਬ’ ਅਖਵਾਉਂਦਾ ਹੈ ਤਾਂ ਅਨੰਦਪੁਰ ਸਾਹਿਬ ਦੇ ਗੁਰਦੁਆਰੇ ਦਾ ਮੈਨੇਜਰ ‘ਗਰੇਵਾਲ ਸਾਹਿਬ’ ਨਹੀਂ ਹੋ ਸਕਦਾ?”
ਮੇਰੇ ਇਸ ਸਵਾਲ ਨੂੰ ਅਣਸੁਣਿਆ ਜਿਹਾ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਵਾਲੇ ਮੁਲਾਜ਼ਮ ਨੇ ਅਖੀਰ ਵਿਚ ਤੋੜਾ ਝਾੜਿਆ,
“ਦੇਖੋ ਜੀ, ਕੇਸਗੜ੍ਹ ਸਾਹਿਬ ਦੀਆਂ ਕੰਧਾਂ ਵਿਚ ਕੋਈ ਕਮਜ਼ੋਰੀ ਨਹੀਂ ਆਈ। ਕਮਜ਼ੋਰੀ ਤਾਂ ਸਾਡੇ ਕਿਰਦਾਰ ਵਿਚ ਆਈ ਹੈ। ਸਿਤਮ ਦੀ ਗੱਲ ਹੈ ਕਿ ਕੰਧਾਂ ਦੀ ਕਮਜ਼ੋਰੀ ਲੱਭਣ ਭੱਜ ਪਏ, ਪਰ ਆਹ ਜੋ ਸਭ ਦੇ ਸਾਹਮਣੇ ਸਿੱਖ ਫ਼ਲਸਫ਼ੇ ਦੀ ਜੱਗ-ਹਸਾਈ ਹੋ ਰਹੀ ਹੈ, ਉਹਦੇ ਵੱਲ ਦੇਖ ਕੇ ਘੇਸਲ ਵੱਟ ਲੈਂਦੇ ਨੇ ਸਾਰੇ। ਉਪਰ ਤੋਂ ਲੈ ਕੇ ਹੇਠਾਂ ਤੱਕ, ਸਭ ਨੇ ਕੰਨਾਂ ਵਿਚ ਪਾ ਲਿਐ ਕੌੜਾ ਤੇਲ, ਤੇ ਅੱਖਾਂ ਵਿਚ ਸਲਾਈਆਂ ਫੇਰ ਲਈਆਂ ਨੀਲੇ ਥੋਥੇ ਦੀਆਂ। ਧਰਮ ਪਿਆਰਾ ਨਹੀਂ, ਬੱਸ ਲਿਫ਼ਾਫ਼ੇ ਪਿਆਰੇ ਹੋ ਗਏ।”