ਗਾਥਾ ਗਦਰ ਮੈਮੋਰੀਅਲ ਦੀ

ਡਾæ ਵੇਦ ਪ੍ਰਕਾਸ਼ ਵਟੁਕ ਵੱਲੋਂ ਅਮਰੀਕਾ ਵਿਚ ਗਦਰ ਮੈਮੋਰੀਅਲ ਬਾਰੇ ਲਿਖੀ ਇਹ ਗਾਥਾ ਅੱਖਾਂ ਖੋਲ੍ਹਣ ਵਾਲੀ ਹੈ। ਇਹ ਗਾਥਾ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਕੁਝ ਧਿਰਾਂ ਨੇ ਗਦਰ ਦੇ ਇਤਿਹਾਸ, ਦਸਤਾਵੇਜ਼ਾਂ ਅਤੇ ਸੋਚ ਨਾਲ ਜ਼ਿਆਦਤੀ ਕੀਤੀ। ਇਨ੍ਹਾਂ ਧਿਰਾਂ ਦੀ ਇਹ ਗੈਰ-ਸੰਜੀਦਗੀ ਸਵਾਲ-ਦਰ-ਸਵਾਲ ਖੜ੍ਹੇ ਕਰਦੀ ਹੈ।

ਗਦਰ ਮੈਮੋਰੀਅਲ ਨਾਲ ਜੁੜੀ ਡਾæ ਵਟੁਕ ਦੀ ਇਹ ਗਾਥਾ ਸਾਡੇ ਤੱਕ ‘ਪੰਜਾਬ ਟਾਈਮਜ਼’ ਦੇ ਸੰਗੀ ਕਸ਼ਮੀਰ ਸਿੰਘ ਕਾਂਗਣਾ ਨੇ ਪੁੱਜਦੀ ਕੀਤੀ ਹੈ। ਉਨ੍ਹਾਂ ਹੀ ਇਸ ਲਿਖਤ ਦਾ ਤਰਜਮਾ ਕੀਤਾ ਹੈ। -ਸੰਪਾਦਕ

ਪ੍ਰੋæ ਵੇਦ ਪ੍ਰਕਾਸ਼ ਵਟੁਕ ਦਾ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਕੁਝ ਲੋਕ ਆਪਣੀ ਭੱਲ ਬਣਾਉਣ ਲਈ ਕਈ ਝੂਠੇ ਪਖੰਡ ਵੀ ਕਰ ਜਾਂਦੇ ਹਨ। ਨਾ ਤਾਂ ਉਨ੍ਹਾਂ ਵਿਚਾਰਿਆਂ ਨੂੰ ਗਦਰੀਆਂ ਅਤੇ ਗਦਰ ਪਾਰਟੀ ਬਾਰੇ ਜਾਣਕਾਰੀ ਹੈ, ਨਾ ਉਨ੍ਹਾਂ ਨੂੰ ਗਦਰ ਦੇ ਸਹੀ ਮਾਇਨੇ ਹੀ ਆਉਂਦੇ ਹਨ। ਪਿਛਲੇ ਸਮੇਂ ਵਿਚ ਕਿਸੇ ਨੇ ਵੇਦ ਜੀ ਦੀ ਗਦਰ ਬਾਰੇ ਲਿਖੀ ਕਿਤਾਬ ਆਪਣਾ ਨਾਂ ਚਮਕਾਉਣ ਲਈ ਰਿਲੀਜ਼ ਕੀਤੀ ਸੀ (ਯਾਦ ਰਹੇ, ਉਹ ਕਿਤਾਬ ਅਸੀਂ ਪਹਿਲਾਂ ਹੀ ਰਿਲੀਜ਼ ਕਰ ਚੁਕੇ ਹਾਂ)। ਰਿਲੀਜ਼ ਕਰਨ ਵਾਲੇ ਮਹਾਪੁਰਸ਼ਾਂ ਨੂੰ ਉਸ ਕਿਤਾਬ ਦੇ ਮਾਇਨੇ ਤਾਂ ਕੀ ਆਉਣੇ ਸਨ, ਨਾਂ ਵੀ ਪੜ੍ਹਨਾ ਨਹੀਂ ਆਇਆ (ਉਸ ਕਿਤਾਬ ਬਾਰੇ ਜਾਣਨ ਲਈ ਮੈਨੂੰ ਕੁਝ ਕੁ ਅਖਬਾਰ ਵਾਲਿਆਂ ਫੋਨ ਕੀਤੇ ਸਨ)।
ਪਿਛਲੇ ਸਮੇਂ ਵਿਚ ਇਕ ਅਖਬਾਰ-ਨਵੀਸ ਨੇ ਵੇਦ ਜੀ ਦੀਆਂ ਹੂ-ਬ-ਹੂ ਲਾਈਨਾਂ ਛਾਪ ਕੇ ਆਖਿਆ ਕਿ ਇਹ ਫਲਾਣੇ ਡਾæ ਦੀ ਨਵੀਂ ਖੋਜ ਹੈ ਕਿ ਦਲੀਪ ਸਿੰਘ ਸੌਂਧ ਸਿੱਖ ਸੀ। ਦਲੀਪ ਸਿੰਘ ਸੌਂਧ ਇਕ ਮਹਾਨ ਹਸਤੀ ਸੀ। ਉਹਦੇ ਲਈ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
ਇਥੇ ਹੀ ਬਸ ਨਹੀਂ, ਕੁਝ ਲੋਕ ਤਾਂ ਇਥੋਂ ਤੱਕ ਲਿਖਤੀ ਝੂਠ ਬੋਲਣ ਦਾ ਗੁਨਾਹ ਵੀ ਕਰੀ ਜਾਂਦੇ ਹਨ ਕਿ ਅਸੀਂ ਗਦਰ ਦੀ ਗੂੰਜ ਅਖਬਾਰ ਨੂੰ ਕਿਤਾਬੀ ਰੂਪ ਵਿਚ ਛਪਵਾਇਆ ਹੈ। ਇਹ ਲੇਖ ਅਸਲ ਵਿਚ ਪ੍ਰੋæ ਵੇਦ ਵਲੋਂ ਉਸ ਵਕਤ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਚਿੱਠੀ ਹੈ, ਜਿਸ ਵਿਚ ਉਨ੍ਹਾਂ ਜਨਤਾ ਪਾਰਟੀ ਦੀ ਸਰਕਾਰ ਵੇਲੇ ਗਦਰ ਮੈਮੋਰੀਅਲ ਨੂੰ ਬੰਦ ਕਰਨ ‘ਤੇ ਆਪਣਾ ਰੋਸ ਜਾਹਿਰ ਕੀਤਾ ਸੀ ਅਤੇ ਗਦਰ ਮੈਮੋਰੀਅਲ ਨੂੰ ਖੋਲ੍ਹਣ ਦੀ ਅਪੀਲ ਕੀਤੀ ਸੀ। ਪ੍ਰੋæ ਵੇਦ ਦਾ ਇਹ ਲੇਖ ਉਨ੍ਹਾਂ ਲੋਕਾਂ ਦਾ ਸਭ ਧੰਦੂਕਾਰਾ ਚੁਕਦਾ ਹੈ।
-ਕਸ਼ਮੀਰ ਸਿੰਘ ਕਾਂਗਣਾ, ਫੋਨ: 661-331-5651

ਡਾæ ਵੇਦ ਪ੍ਰਕਾਸ਼ ਵਟੁਕ
ਤਰਜਮਾ: ਕਸ਼ਮੀਰ ਸਿੰਘ ਕਾਂਗਣਾ
ਗੱਲ 1955 ਦੀ ਹੈ। ਉਸ ਵਕਤ ਮੈਂ ਲੰਡਨ ਵਿਚ ਸੀ ਅਤੇ ਯੂਨੀਵਰਸਿਟੀ ਦੇ ‘ਸਕੂਲ ਆਫ਼ ਓਰੀਐਂਟਲ ਐਂਡ ਅਫ਼ਰੀਕਨ ਸਟੱਡੀਜ਼’ ਵਿਚ ਰਿਸਰਚ ਕਰ ਰਿਹਾ ਸੀ। ਉਥੇ ਹੀ ਮੇਰੀ ਜਾਣ-ਪਛਾਣ ਅਮਰੀਕੀ ਵਿਦਿਆਰਥੀ ਜਾਨ ਸਪੈਲਮੈਨ ਨਾਲ ਹੋਈ ਜਿਹੜਾ ਭਾਰਤੀ ਇਤਿਹਾਸ ‘ਤੇ ਪੀਐਚæਡੀæ ਕਰ ਰਿਹਾ ਸੀ। ਬਾਅਦ ਵਿਚ ਇਹੀ ਜਾਨ ਸਪੈਲਮੈਨ ਕੈਨੇਡਾ ਵਿਚ ਭਾਰਤੀ ਇਤਿਹਾਸ ਦਾ ਪ੍ਰੋਫੈਸਰ ਬਣਿਆ। ਇਕ ਦਿਨ ਉਹਨੇ ਦੱਸਿਆ ਕਿ ਕੈਲੀਫੋਰਨੀਆਂ ਦੇ 29ਵੇਂ ਸੰਸਦ ਹਲਕੇ ਤੋਂ ਨਿਕਸਨ ਅਤੇ ਰਾਸ਼ਟਰਪਤੀ ਆਈਜ਼ਨ ਹੋਵਰ ਦੀ ਬਹੁਤ ਹੀ ਕਰੀਬੀ ਔਰਤ ਜੈਕਲੀਨ ਕੋਖਰਨ ਜਿਸ ਨੇ ਔਰਤ ਹੁੰਦਿਆਂ ਵੀ ਏਅਰ ਫੋਰਸ ਵਿਚ ਬਹੁਤ ਮੱਲਾਂ ਮਾਰੀਆਂ ਸਨ ਤੇ ਨਾਂ ਕਮਾਇਆ, ਕਾਂਗਰਸ ਮੈਂਬਰ ਬਣਨ ਲਈ ਰਿਪਬਲਿਕਨ ਪਾਰਟੀ ਵੱਲੋਂ ਚੋਣ ਲੜ ਰਹੀ ਹੈ। ਉਸ ਵਿਰੁੱਧ ਡੈਮੋਕਰੇਟਿਕ ਪਾਰਟੀ ਦਾ ਉਮੀਦਵਾਰ ਦਲੀਪ ਸਿੰਘ ਸੌਂਧ ਹੈ ਜਿਹੜਾ ਅਮਰੀਕਾ ਦੇ ਇਤਿਹਾਸ ਵਿਚ ਪਹਿਲਾ ਸਿੱਖ, ਪੰਜਾਬੀ, ਭਾਰਤੀ-ਏਸ਼ਿਆਈ, ਗੈਰ-ਯਹੂਦੀ, ਗੈਰ-ਈਸਾਈ ਹੈ, ਜੋ ਆਪਣੀ ਕਿਸਮਤ ਅਜ਼ਮਾ ਰਿਹਾ ਹੈ।
ਯਾਦ ਰਹੇ, ਭਾਰਤੀਆਂ ਨੂੰ 46 ਸਾਲਾਂ ਦੇ ਲੰਮੇ ਸੰਘਰਸ਼ ਬਾਅਦ 1946 ਵਿਚ ਨਾਗਰਿਕਤਾ ਦਾ ਅਧਿਕਾਰ ਮਿਲਿਆ ਸੀ। ਦਲੀਪ ਸਿੰਘ ਸੌਂਧ ਵੀ ਇਸ ਸੰਘਰਸ਼ ਦਾ ਹਿੱਸਾ ਰਹੇ ਸਨ। ਨਾਗਰਿਕ ਬਣਨ ਤੋਂ ਬਾਅਦ ਨਿਸ਼ਚਿਤ ਕੀਤੇ ਗਏ ਸਮੇਂ ਦੀ ਸ਼ਰਤ ਨੂੰ ਪੂਰਾ ਕਰਦਿਆਂ ਉਹ ਕਾਂਗਰਸ ਮੈਂਬਰ ਬਣਨਾ ਚਾਹੁੰਦਾ ਸੀ। ਉਹਦੇ ਦੇਖਦਿਆਂ ਦੇਖਦਿਆਂ ਹਜ਼ਾਰਾਂ ਭਾਰਤੀ ਮਜ਼ਦੂਰ, ਕਿਸਾਨ ਅਤੇ ਵਿਦਿਆਰਥੀ, ਗਦਰ ਪਾਰਟੀ ਵਿਚ ਸ਼ਾਮਲ ਹੋ ਕੇ ਭਾਰਤ ਪਰਤ ਗਏ ਸਨ। ਭਾਰਤ ਜਾ ਕੇ ਉਨ੍ਹਾਂ ਅੰਗਰੇਜ਼ੀ ਰਾਜ ਵਿਰੁੱਧ ਆਜ਼ਾਦੀ ਲਈ ਜਾਨ ਹੂਲਵਾਂ ਸੰਘਰਸ਼ ਕੀਤਾ ਸੀ। ਇਹ ਬੇਸ਼ੱਕ ਠੀਕ ਹੈ ਕਿ ਦਲੀਪ ਸਿੰਘ ਸੌਂਧ ਭਾਰਤ ਤਾਂ ਨਹੀਂ ਗਏ ਪਰ ਆਜ਼ਾਦੀ ਦੇ ਅੰਦੋਲਨ ਪ੍ਰਤੀ ਕੁਝ ਤਾਂ ਉਨ੍ਹਾਂ ਦੀ ਦੇਣ ਹੈ ਹੀ।
1917 ਤੋਂ ਬਾਅਦ ਗਦਰ ਪਾਰਟੀ ਉਸ ਵਕਤ ਕੇਵਲ ਅਮਰੀਕਾ ਵਿਚ ਭਾਰਤ ਦੀ ਆਜ਼ਾਦੀ ਲਈ ਨਾਂ-ਮਾਤਰ ਪ੍ਰਚਾਰ ਹੀ ਕਰ ਰਹੀ ਸੀ। ਇਹ ਉਹ ਸਮਾਂ ਸੀ ਜਦੋਂ ਰੂਸ ਵਿਚ ਅਹਿਮ ਘਟਨਾਵਾਂ ਵਾਪਰੀਆਂ ਅਤੇ ਇਨ੍ਹਾਂ ਘਟਨਾਵਾਂ ਨੇ ਸਮੁੱਚੀ ਦੁਨੀਆਂ ਦੇ ਗੁਲਾਮ ਦੇਸ਼ਾਂ ਦਾ ਧਿਆਨ ਖਿੱਚਿਆ। ਗਦਰ ਪਾਰਟੀ ਨੂੰ ਆਸ਼ਾ ਦੀ ਕਿਰਨ ਫਿਰ ਦਿਖਾਈ ਦੇਣ ਲੱਗੀ। ਪਾਰਟੀ ਨੇ ਆਪਣੇ ਕੁਝ ਮੈਂਬਰਾਂ ਨੂੰ ਮਾਰਕਸਵਾਦ ਦੀ ਸਿੱਖਿਆ ਲੈਣ ਲਈ ਮਾਸਕੋ ਭੇਜਿਆ। ਇਨ੍ਹਾਂ ਵਿਚ ਭਾਈ ਸੰਤੋਖ ਸਿੰਘ ਵੀ ਸਨ ਜਿਹੜੇ ਬਾਅਦ ਵਿਚ ‘ਕਿਰਤੀ’ ਅਖਬਾਰ ਦੇ ਬਾਨੀ ਤੇ ਸੰਪਾਦਕ ਵੀ ਬਣੇ। ਦੇਸ਼ ਭਗਤ ਯਾਦਗਾਰ ਹਾਲ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਵੀ ਇਨ੍ਹਾਂ ਵਿਚੋਂ ਸਨ।
ਸੀਤ ਜੰਗ ਸਿਖਰਾਂ ‘ਤੇ ਸੀ। ਅਮਰੀਕਾ ਵਿਚ ਉਨ੍ਹੀਂ ਦਿਨੀਂ ਕਿਸੇ ਦਾ ਵੀ ਕਰੀਅਰ ਤਬਾਹ ਕਰਨ ਲਈ ਸਾਮਵਾਦੀ ਜਾਂ ਸਮਾਜਵਾਦ ਵੱਲ ਆਪਣਾ ਝੁਕਾਅ ਰੱਖਣ ਵਾਲਾ ਕਹਿ ਦੇਣਾ ਹੀ ਕਾਫ਼ੀ ਸੀ। ਅੰਤ ਰਿਪਬਲਿਕਨ ਪਾਰਟੀ ਦੀ ਘੋਰ ਪਿੱਛੇ-ਖਿੱਚੂ ਅਮੀਰ ਉਮੀਦਵਾਰ ਦੇ ਹੱਕ ਵਿਚ ਦਲੀਪ ਸਿੰਘ ਸੌਂਧ ਨੂੰ ਗਦਰ ਪਾਰਟੀ ਦਾ ਸਮਰਥਕ ਅਤੇ ਗਦਰ ਪਾਰਟੀ ਨੂੰ ਸਾਮਵਾਦੀ ਜਾਂ ਸਮਾਜਵਾਦ ਵੱਲ ਝੁਕਾਅ ਰੱਖਣ ਵਾਲੀ ਪਾਰਟੀ ਸਿੱਧ ਕਰ ਕੇ ਜਿੱਤ ਪ੍ਰਾਪਤ ਕਰਨ ਦਾ ਆਸਾਨ ਰਾਹ ਲੱØਗਿਆ। ਰਿਪਬਲਿਕਨ ਪਾਰਟੀ ਪ੍ਰਚਾਰ ਕਰ ਰਹੀ ਸੀ ਕਿ ਉਹ ਬਿਨਾਂ ਕਿਸੇ ਭਿੰਨ-ਭੇਦ ਦੇ, ਬਿਨਾਂ ਕਿਸੇ ਲੱਗ-ਲਗਾਓ ਦੇ ਇਹ ਦੱਸ ਰਹੀ ਹੈ ਕਿ ਇਹ ਸਭ ਕੁਝ ਇਕ ਸਕਾਲਰ (ਜਾਨ ਸਪੈਲਮੈਨ) ਨੇ ਨਿਰਪੱਖ ਤੌਰ ‘ਤੇ ਸਾਬਤ ਕੀਤਾ ਹੈ। ਉਸ ਨੂੰ ਇਹ ਸਿੱਧ ਕਰਨ ਲਈ, ਕਿ ਗਦਰ ਪਾਰਟੀ ਅਤੇ ਸੌਂਧ ਦਾ ਝੁਕਾਅ ਸਾਮਵਾਦ ਵੱਲ ਹੈ, ਵੱਡੀ ਰਕਮ ਦਿੱਤੀ ਗਈ ਸੀ। ਇਹ ਸਭ ਕੁਝ ਉਨ੍ਹਾਂ ਨੂੰ ਖੁਦ ਜਾਨ ਸਪੈਲਮੈਨ ਨੇ ਦੱਸਿਆ ਸੀ।
ਮੈਨੂੰ ਇਹ ਤਾਂ ਪਤਾ ਨਹੀਂ ਕਿ ਜਾਨ ਸਪੈਲਮੈਨ ਨੇ ਕੀ ਸਿੱਧ ਕੀਤਾ ਅਤੇ ਨਾ ਹੀ ਮੈਂ ਕਦੀ ਜਾਣਨ ਦੀ ਇੱਛਾ ਕੀਤੀ, ਹਾਂ! ਉਸ ਸਮੇਂ ਮੇਰੇ ਮਨ ਵਿਚ ਅਮਰੀਕੀ ਵਿਦਵਾਨਾਂ ਦੀ ਨਿਰਪੱਖਤਾ ਪ੍ਰਤੀ ਸ਼ੱਕ ਪੱਕੀ ਤਰ੍ਹਾਂ ਬੈਠ ਗਿਆ ਜੋ ਕਦੀ ਸੀæਆਈæਏæ (ਅਮਰੀਕਾ ਦਾ ਜਾਸੂਸੀ ਵਿਭਾਗ) ਅਤੇ ਕਦੀ ਰੱਖਿਆ ਵਿਭਾਗ ਕੋਲੋਂ ਪੈਸੇ ਲੈ ਕੇ ਭਾਰਤ ਵਿਰੋਧੀ ਝੂਠਾ ਪ੍ਰਚਾਰ ਕਰਦੇ, ਲਿਖਦੇ ਤੇ ਛਾਪਦੇ ਰਹਿੰਦੇ ਹਨ, ਜਾਂ ਫਿਰ ਸੰਕੀਰਨ ਹਿੰਦੂ-ਸਿੱਖ ਕੱਟੜਪੰਥੀ ਸੰਗਠਨਾਂ ਕੋਲੋਂ ਪੈਸੇ ਬਟੋਰ ਕੇ ਭੇਦ-ਭਾਵ ਦੀ ਕੋਸ਼ਿਸ਼ ਵਿਚ ਭਾਰਤ ਨੂੰ ਨੀਵਾਂ ਦਿਖਾਉਣ ਦੇ ਸੁਪਨੇ ਲੈਂਦੇ ਰਹਿੰਦੇ ਹਨ।
ਇਸ ਦੇ ਨਾਲ ਹੀ ਮੈਨੂੰ ਬੜੀ ਸ਼ਰਮ ਆਈ ਅਤੇ ਹੈਰਾਨੀ ਵੀ ਹੋਈ ਕਿ ਮੈਂ 1956 ਵਿਚ ਲੰਡਨ ਜਾਣ ਤੋਂ ਪਹਿਲਾਂ ਕਦੀ ਵੀ ਗਦਰ ਪਾਰਟੀ ਦਾ ਨਾਂ ਨਹੀਂ ਸੀ ਸੁਣਿਆ। ਮੇਰੇ ਲਈ ਇਹ ਹੋਰ ਵੀ ਨਮੋਸ਼ੀ ਵਾਲੀ ਗੱਲ ਸੀ ਕਿ ਮੈਂ ਦੇਸ਼ ਭਗਤ ਪਰਿਵਾਰ ਵਿਚੋਂ ਸਾਂ। ਮੈਥੋਂ 25 ਸਾਲ ਵੱਡਾ ਭਰਾ ਮੇਰੇ ਪੈਦਾ ਹੋਣ ਤੋਂ ਪਹਿਲਾਂ ਤਿੰਨ ਵਾਰ ਦੇਸ਼ ਦੀ ਆਜ਼ਾਦੀ ਅੰਦੋਲਨ ਵਿਚ ਜੇਲ੍ਹ ਜਾ ਚੁੱਕਾ ਸੀ। ਮੇਰੇ ਅੱਖਾਂ ਖੋਲ੍ਹਣ ਤੋਂ ਪਹਿਲਾਂ ਘਰ ਦੀਆਂ ਕੰਧਾਂ ਰਾਮ, ਕ੍ਰਿਸ਼ਨ, ਬਾਬਾ ਨਾਨਕ, ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਦੇਸ਼ ਦੇ ਸੰਗਰਾਮੀਆਂ ਨਾਰੋਜੀ, ਤਿਲਕ, ਗੋਖਲੇ, ਗਾਂਧੀ, ਨਹਿਰੂ, ਮੌਲਾਨਾ ਆਜ਼ਾਦ, ਸੁਭਾਸ਼ ਬਾਬੂ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਬਿਸਮਿਲ, ਅਸਫ਼ਾਕ ਉਲਾ ਖਾਂ, ਚੰਦਰ ਸ਼ੇਖਰ ਆਜ਼ਾਦ ਆਦਿ ਅਨੇਕਾਂ ਦੇਸ਼ ਭਗਤਾਂ ਦੀਆਂ ਤਸਵੀਰਾਂ ਨਾਲ ਸਜੀਆਂ ਹੋਈਆਂ ਸਨ। ਮੈਂ ਢਾਈ ਸਾਲ ਦੀ ਉਮਰ ਵਿਚ ਆਪਣੇ ਪਿਤਾ ਅਤੇ ਵੱਡੇ ਭਰਾ ਦੀ ਗੋਦ ਵਿਚ ਬੈਠ ਕੇ ਭਗਤ ਸਿੰਘ ਦੇ ਗੀਤ ਗਾਏ ਸਨ। ਬਾਅਦ ਵਿਚ ਮੈਂ ਦੇਸ਼ ਭਗਤੀ ਅਤੇ ਕ੍ਰਾਂਤੀ ਦੇ ਸੈਂਕੜੇ ਗੀਤ ਇਕੱਠੇ ਕੀਤੇ, ਫਿਰ ਯਾਦ ਵੀ ਕੀਤੇ ਅਤੇ ਸਭਾਵਾਂ ਵਿਚ ਗਾਏ ਵੀ। ਜੇ ਮੇਰੇ ਵਰਗੇ ਆਦਮੀ ਨੂੰ ਗਦਰ ਪਾਰਟੀ ਦੇ ਬਲੀਦਾਨੀਆਂ ਬਾਰੇ ਕੁਝ ਪਤਾ ਨਹੀਂ ਸੀ ਤਾਂ ਆਮ ਲੋਕਾਂ ਨੂੰ ਕੀ ਦੋਸ਼ ਦੇਵਾਂ!
ਇਹ ਬਦਕਿਸਮਤੀ ਸੀ ਸਾਡੀ, ਜਦੋਂ ਅਸੀਂ ਸਕੂਲ ਗਏ ਤਾਂ ਉਥੇ ਸਾਨੂੰ ਇਹਿਤਾਸ ਵਿਚ ‘ਪਤਿਤ ਦੇਸ਼’ ਦੀ ਤਰੱਕੀ ਲਈ ਅੰਗਰੇਜ਼ੀ ਰਾਜ ਦੀ ਗੌਰਵ ਗਾਥਾ ਦਾ ਪਾਠ ਪੜ੍ਹਾਇਆ ਗਿਆ। ਬਾਅਦ ਵਿਚ ਜਦੋਂ ਪੰਡਿਤ ਸੁੰਦਰ ਲਾਲ ਦਾ ਜ਼ਬਤ ਹੋਇਆ ਇਤਿਹਾਸਕ ਗ੍ਰੰਥ ‘ਭਾਰਤ ਵਿਚ ਅੰਗਰੇਜ਼ੀ ਰਾਜ’ ਪੜ੍ਹਿਆ ਤਾਂ ਬਰਤਾਨਵੀ ਰਾਜ ਦੇ ਕੁਕਰਮਾਂ ਦਾ ਪਤਾ ਲੱਗਾ। ਪੁਲਿਸ ਅਤੇ ਅੰਗਰੇਜ਼ੀ ਰਾਜਾ ਦੇ ਅੱਤਿਆਚਾਰਾਂ ਦਾ ਉਸ ਵਕਤ ਫਿਰ ਪਤਾ ਲੱਗਾ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਮੇਰੇ ਵੱਡੇ ਭਰਾ ਨੂੰ ਪਿਤਾ ਜੀ ਦੀਆਂ ਅੰਤਿਮ ਰਸਮਾਂ ਲਈ ਜੇਲ੍ਹ ਵਿਚੋਂ ਰਿਹਾਅ ਨਾ ਕੀਤਾ ਗਿਆ। ਉਨ੍ਹਾਂ ਜੇਲ੍ਹ ਵਿਚ ਪਿਤਾ ਜੀ ਦੀ ਮੌਤ ‘ਤੇ ਇਕ ਸਾਤੇ ਦਾ ਵਰਤ ਰੱਖਿਆ ਤਾਂ ਉਨ੍ਹਾਂ ਦੀ ਕੈਦ ਵਿਚ ਨੌਂ ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਗਿਆ।
ਗਦਰ ਪਾਰਟੀ ਦੇ ਬਲੀਦਾਨੀਆਂ ਬਾਰੇ ਅਗਿਆਨਤਾ ਤਾਂ ਹੈ ਹੀ ਸੀ, ਤੇ ਅੱਜ ਵੀ ਹੈ ਪੰਜਾਬ ਤੋਂ ਬਾਹਰ। ਮੈਂ ਇਹ ਆਖ ਕੇ ਆਪਣੀ ਸ਼ਰਧਾ ਵਿਚ ਭੋਰਾ ਜਿੰਨੀ ਵੀ ਕਮੀ ਨਹੀਂ ਕਰ ਰਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਬਲੀਦਾਨ ਨੂੰ ਬੜੇ ਜ਼ੋਰ-ਸ਼ੋਰ ਨਾਲ ਗੁੰਜਾਇਆ ਜਾ ਰਿਹਾ ਹੈ। ਬਿਸਮਿਲ ਅਤੇ ਉਸ ਦੇ ਤਿੰਨ ਸਾਥੀਆਂ ਦੀ ਸ਼ਹਾਦਤ ਦੇ ਗੀਤ ਗਾਏ ਜਾ ਰਹੇ ਹਨ (ਇਥੋਂ ਤੱਕ ਕਿ ਪ੍ਰੋਫੈਸ਼ਨਲ ਆਰਮਚੇਅਰ ਬੌਧਿਕ ਵਰਗ ਨੇ ਇਨ੍ਹਾਂ ਨੂੰ ਇੰਡਸਟਰੀ ਬਣਾ ਕੇ ਵੱਡੇ ਪੈਮਾਨੇ ‘ਤੇ ਕੈਸ਼ ਕਰਾਉਣਾ ਸ਼ੁਰੂ ਕਰ ਦਿੱਤਾ ਹੈ)। ਗਦਰ ਪਾਰਟੀ ਜਿਸ ਦੇ ਬਲੀਦਾਨੀਆਂ ਦੀ ਗਿਣਤੀ ਸਰਕਾਰੀ (ਬ੍ਰਿਟਿਸ਼) ਅੰਕੜੇ ਵਿਚ 46 ਹੈ, ਉਨ੍ਹਾਂ ਨੂੰ ਭੁਲਾ ਵਿਸਾਰ ਦਿੱਤਾ ਗਿਆ ਹੈ।
1963 ਵਿਚ ਮੈਂ ਕੈਲੀਫੋਰਨੀਆਂ ਯੂਨੀਵਰਸਿਟੀ ਬਰਕਲੇ ਹਿੰਦੀ ਪੜ੍ਹਾਉਣ ਗਿਆ ਤਾਂ ਉਥੇ ਮੇਰਾ ਸੰਪਰਕ ਗਦਰ ਪਾਰਟੀ ਦੇ ਆਖਰੀ ਪ੍ਰਧਾਨ ਬਾਬਾ ਕੇਸਰ ਸਿੰਘ ਢਿੱਲੋਂ ਅਤੇ ਉਸ ਦੇ ਸਹਿਯੋਗੀ ਚਰਨ ਸਿੰਘ ਭੜਾਣਾ ਨਾਲ ਹੋਇਆ। ਉਸ ਸਮੇਂ ਉਹ ਗੁੱਸੇ ਵਿਚ ਆਪਣਾ ਰੋਸ ਜ਼ਾਹਿਰ ਕਰ ਰਹੇ ਸਨ ਕਿ ਹਜ਼ਾਰਾਂ ਵਾਅਦੇ ਕਰ ਕੇ ਵੀ ਭਾਰਤ ਸਰਕਾਰ ਨੇ ਗਦਰ ਮੈਮੋਰੀਅਲ ਹਾਲ ਨਹੀਂ ਬਣਾਇਆ।
ਗਦਰ ਮੈਮੋਰੀਅਲ ਹਾਲ ਅਤੇ ਉਸ ਵਿਚ ਜਨ-ਪ੍ਰਵੇਸ਼ ਦੇ ਇਤਿਹਾਸ ਦੀ ਕਹਾਣੀ ਇੰਨੀ ਦਰਦਨਾਕ ਹੈ ਕਿ ਸੁਣ ਕੇ ਹਰ ਦੇਸ਼ ਭਗਤ ਦਾ ਮਨ ਗੁੱਸੇ ਵਿਚ ਭਰ ਜਾਏ ਅਤੇ ਸਿਰ ਸ਼ਰਮ ਨਾਲ ਝੁਕ ਜਾਏ। ਇਸ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ:
ਅਪਰੈਲ 1913 ਨੂੰ ਔਰੇਗਨ ਸਟੇਟ ਦੇ ਨਗਰ ਆਸਟੋਰੀਆ ਵਿਚ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ’ ਨਾਂ ਦੀ ਪਾਰਟੀ ਬਣਾਈ ਗਈ ਜੋ ਬਾਅਦ ਵਿਚ ਹਫਤਾਵਾਰੀ ਪਰਚੇ ‘ਗਦਰ’ ਦੇ ਹਰਮਨਪਿਆਰਾ ਹੋ ਜਾਣ ਕਾਰਨ ਗਦਰ ਪਾਰਟੀ ਦੇ ਨਾਂ ‘ਤੇ ਪ੍ਰਸਿੱਧ ਹੋਈ। ਉਸ ਵਕਤ ਦੋ ਫੈਸਲੇ ਕੀਤੇ ਗਏ ਸਨ। ਇਕ ਸੀ ਪਾਰਟੀ ਦਾ ਕੇਂਦਰੀ ਦਫਤਰ ਸਾਨ ਫ਼ਰਾਂਸਿਸਕੋ ਵਿਚ ਹੋਵੇਗਾ। ਦੂਜਾ ‘ਗਦਰ’ ਦਾ ਪ੍ਰਕਾਸ਼ਨ ਵੀ ਉਥੋਂ ਹੀ ਹੋਵੇਗਾ। ਦਫ਼ਤਰ ਦਾ ਨਾਂ ਕ੍ਰਾਂਤੀਕਾਰੀ ਬੰਗਾਲੀ ਪੱਤਰ ‘ਯੁਗਾਂਤਰ’ ਦੀ ਪ੍ਰੇਰਨਾ ਨਾਲ ‘ਯੁਗਾਂਤਰ ਆਸ਼ਰਮ’ ਰੱਖਿਆ ਗਿਆ। ਆਰੰਭ ਵਿਚ ਕੁਝ ਸਮਾਂ ਇਹ ਦਫ਼ਤਰ 436 ਹਿਲ ਸਟਰੀਟ ‘ਤੇ ਖੋਲ੍ਹਿਆ ਗਿਆ, ਪਰ ਪਹਿਲੀ ਨਵੰਬਰ ਨੂੰ ‘ਗਦਰ’ ਦਾ ਪਹਿਲਾ ਉਰਦੂ ਐਡੀਸ਼ਨ ਛਪਣ ਤੋਂ ਪਹਿਲਾਂ 5 ਵੁੱਡ ਸਟਰੀਟ ਲੈ ਆਂਦਾ ਅਤੇ ਇਹ ਅਗਲੇ ਸਾਢੇ ਤਿੰਨ ਦਹਾਕਿਆਂ ਤੱਕ ਗਦਰੀ ਕ੍ਰਾਂਤੀਕਾਰੀਆਂ ਦਾ ਅੱਡਾ ਬਣਿਆ ਰਿਹਾ। ਯਾਦ ਰਹੇ ਕਿ ਉਨ੍ਹਾਂ ਦਿਨਾਂ ਵਿਚ ਕੋਈ ਵੀ ਭਾਰਤੀ, ਅਮਰੀਕਾ ਵਿਚ ਮਕਾਨ ਜਾਂ ਜ਼ਮੀਨ ਨਹੀਂ ਸੀ ਖਰੀਦ ਸਕਦਾ; ਇਸ ਲਈ ‘ਯੁਗਾਂਤਰ ਆਸ਼ਰਮ’, ਭਾਰਤ ਦੀ ਇਕ ਦੋਸਤ ਕੈਰਿੰਗਟਨ ਲੂਈਸ ਦੇ ਨਾਮ ‘ਤੇ ਖਰੀਦਿਆ ਗਿਆ ਅਤੇ ਉਸ ਨੇ ਹੀ ਦਸੰਬਰ 1916 ਨੂੰ ਇਕ ਮੰਜ਼ਿਲੇ ਭਵਨ ਨੂੰ ਤਿਮੰਜ਼ਿਲਾ ਬਣਾਉਣ ਲਈ ਦਰਖਾਸਤ ਦਿੱਤੀ ਸੀ। 1917 ਨੂੰ ਲੂਈਸ ਨੇ 10 ਅਮਰੀਕਨ ਡਾਲਰ ਲੈ ਕੇ ਇਹ ਜਗ੍ਹਾ ਰਸਮੀ ਤੌਰ ‘ਤੇ ਗਦਰ ਪਾਰਟੀ ਦੇ ਨਾਂ ਕਰ ਦਿੱਤੀ ਸੀ, ਉਂਝ ਇਹਦਾ ਮੁੱਲ ਕਈ ਹਜ਼ਾਰ ਡਾਲਰ ਸੀ।
15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ। ਗਦਰੀਆਂ ਨੇ ਵੀ ਆਜ਼ਾਦੀ ਦੀਆਂ ਖੁਸ਼ੀਆਂ ਮਨਾਈਆਂ, ਭਾਵੇਂ ਉਨ੍ਹਾਂ ਦਾ ਅਮਰੀਕਾ ਦੇ ਪੈਟਰਨ ‘ਤੇ ‘ਯੂਨਾਈਟਿਡ ਸਟੇਟਸ ਆਫ਼ ਇੰਡੀਆ’ ਦਾ ਸੁਪਨਾ ਸਾਕਾਰ ਨਾ ਹੋ ਸਕਿਆ। ਅਮਰੀਕਾ ਦੇ ਗਦਰੀਆਂ ਨੇ ਉਸ ਸਮੇਂ ਇਹ ਫੈਸਲਾ ਕੀਤਾ ਕਿ ਹੁਣ ਇਸ ਭਵਨ ਨੂੰ ਭਾਰਤ ਦੀ ਕੌਮੀ ਸਰਕਾਰ ਨੂੰ ਸੌਂਪ ਦੇਣਾ ਚਾਹੀਦਾ ਹੈ। ਇਸ ਸ਼ਰਤ ਉਤੇ ਕਿ ਸਰਕਾਰ ਉਥੇ ਗਦਰੀ ਸੂਰਬੀਰਾਂ ਦੀ ਯਾਦ ਵਿਚ ਅਜਾਇਬ ਘਰ ਅਤੇ ਲਾਇਬਰੇਰੀ ਬਣਾਏਗੀ, ਭਾਰਤ ਸਰਕਾਰ ਨੇ ਇਹ ਪ੍ਰਸਤਾਵ ਮੰਨ ਲਿਆ, ਪਰ ਸ਼ਰਤ ਰੱਖੀ ਕਿ ਉਹ ਭਾਰਤ ਸਰਕਾਰ ਨੂੰ ਪਹਿਲਾਂ ਦਸ ਹਜ਼ਾਰ ਡਾਲਰ ਇਕੱਠਾ ਕਰ ਕੇ ਦੇਣ। ਗਦਰੀ ਅਤੇ ਪਰਵਾਸੀ ਭਾਰਤੀਆਂ ਨੇ 1949 ਨੂੰ ਇਹ ਤੀਰਥੀ ਸਥਾਨ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਅਤੇ ਰਕਮ 10 ਹਜ਼ਾਰ ਡਾਲਰ ਦੀ ਬਜਾਏ 50 ਹਜ਼ਾਰ ਡਾਲਰ ਇਕੱਠੀ ਕਰ ਕੇ ਦਿੱਤੀ।
ਜਦੋਂ ਤਿੰਨ ਸਾਲ ਤੱਕ ਭਾਰਤ ਸਰਕਾਰ ਨੇ ਖਾਮੋਸ਼ੀ ਧਾਰੀ ਰੱਖੀ ਤਾਂ ਅਮਰੀਕਨ ਗਦਰੀ ਅਤੇ ਭਾਰਤੀ ਪਰਵਾਸੀ ਬੇਚੈਨ ਹੋਣ ਲੱਗੇ। ਸਰਕਾਰ ਦੀ ਬੇਰੁਖੀ ਕਾਰਨ ਉਨ੍ਹਾਂ ਦਾ ਗੁੱਸਾ ਵਧਦਾ ਗਿਆ। ਉਹ ਮੰਗ ਕਰਨ ਲੱਗੇ ਕਿ ਭਾਰਤ ਸਰਕਾਰ ਉਨ੍ਹਾਂ ਦਾ ਪੈਸਾ ਅਤੇ ਭਵਨ ਵਾਪਸ ਕਰੇ, ਪਰ ਭਾਰਤ ਸਰਕਾਰ ਦੇ ਕੰਨਾਂ ‘ਤੇ ਜੂੰ ਤੱਕ ਨਾ ਸਰਕੀ। ਉਹ ਨਾ ਤਾਂ ਹੁਣ ਭਵਨ ਬਣਾਉਣ ਲਈ ਸਰਕਾਰ ਨੂੰ ਮਜਬੂਰ ਕਰ ਸਕਦੇ ਸਨ ਅਤੇ ਨਾ ਹੀ ਖੁਦ ਬਣਾ ਸਕਦੇ ਸਨ। ਉਨ੍ਹਾਂ ਦੁਖੀ ਹੋ ਕੇ ਭਾਰਤੀ ਕੌਂਸਲੇਟ ਉਤੇ ਮੁਕੱਦਮਾ ਠੋਕ ਦਿੱਤਾ। 19 ਜੁਲਾਈ 1952 ਨੂੰ ਇਸ ਮੁਕੱਦਮੇ ਦਾ ਫੈਸਲਾ ਭਾਰਤ ਸਰਕਾਰ ਦੇ ਪੱਖ ਵਿਚ ਸੁਣਾ ਦਿੱਤਾ ਗਿਆ ਅਤੇ ਹੁਣ ਉਹ ਹੀ ਇਸ ਭਵਨ ਦੀ ਮਾਲਕ ਹੈ।
ਭਾਰਤ ਸਰਕਾਰ ਨੇ ਉਸ ਤਿਮੰਜ਼ਿਲੇ ਭਵਨ ਨੂੰ ਇਤਿਹਾਸਕ ਨਿਸ਼ਾਨੀ ਦੇ ਰੂਪ ਵਿਚ ਸੰਭਾਲਣ ਦੀ ਬਜਾਏ ਢਾਹ ਦੇਣ ਦਾ ਫੈਸਲਾ ਕਰ ਲਿਆ। ਵਿਹਾਰਕ ਤੌਰ ‘ਤੇ ਇਸ ਦੀ ਕਿਸੇ ਨੂੰ ਵੀ ਜਾਣਕਾਰੀ ਦੇਣ ਦੀ ਜ਼ਰੂਰਤ ਹੀ ਨਾ ਸਮਝੀ ਗਈ, ਨਾ ਹੀ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਉਥੇ ਪਏ ਕੀਮਤੀ ਇਤਿਹਾਸਕ ਦਸਤਾਵੇਜ਼ ਅਤੇ ਗਦਰੀਆਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਉਹ ਅਮਰੀਕਾ ਛੱਡਣ ਸਮੇਂ ਇਥੇ ਛੱਡ ਗਏ ਸਨ, ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾਵੇ। ਜਿਵੇਂ-ਕਿਵੇਂ ਦੋ-ਚਾਰ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਟਰੱਕ ਲੈ ਕੇ ਉਥੇ ਪਹੁੰਚੇ ਅਤੇ ਜਿੰਨੀ ਕੁ ਸਮੱਗਰੀ, ਸਾਹਿਤ ਅਤੇ ਹੋਰ ਨਿਸ਼ਾਨੀਆਂ, ਗਦਰ ਦੇ ਦਸਤਾਵੇਜ਼ ਅਤੇ ਪ੍ਰੈੱਸ ਆਦਿ ਲਿਜਾ ਸਕਦੇ ਸਨ, ਲੈ ਗਏ। ਪਤਾ ਨਹੀਂ ਕੋਈ ਸਰਕਾਰ ਇੰਨੀ ਸੰਵੇਦਨਹੀਣ, ਲਗਭਗ ਰਾਸ਼ਟਰ-ਧ੍ਰੋਹੀ ਵੀ ਹੋ ਸਕਦੀ ਹੈ ਕਿ ਆਪਣੇ ਦੇਸ਼ ਦੇ ਇਤਿਹਾਸਕ ਚਿੰਨ੍ਹਾਂ ਤੇ ਸਥਾਨਾਂ ਨੂੰ ਤਿਲਾਂਜਲੀ ਦੇ ਦੇਵੇ? ਉਹ ਖੂਨ ਦੇ ਹੰਝੂ ਵਹਾਉਂਦੇ ਆਪਣੇ ਆਪਣੇ ਘਰਾਂ ਨੂੰ ਜੋ ਹੋ ਸਕਿਆ, ਲੈ ਗਏ। ਜਿਹੜਾ ਸਾਮਾਨ ਡੇਵਿਸ ਨਗਰ ਦੇ ਗੈਰਾਜ ਵਿਚ ਰੱਖਿਆ ਗਿਆ ਸੀ, ਦੁਰਭਾਗੀਂ ਉਸ ਨੂੰ ਅੱਗ ਲੱਗ ਗਈ। ਗਦਰ ਦਾ ਪ੍ਰੈੱਸ, ਕੁਝ ਸਾਹਿਤ ਅਤੇ ਬਾਕੀ ਥੋੜ੍ਹਾ ਸਮਾਨ ਕੇਸਰ ਸਿੰਘ ਢਿੱਲੋਂ ਔਕਲੈਂਡ ਵਾਲੇ ਆਪਣੇ ਘਰ ਲੈ ਗਏ। ਉਹਦੇ ਵਿਚੋਂ ਕਾਫ਼ੀ ਕੁਝ ਕੈਲੀਫੋਰਨੀਆਂ ਯੂਨੀਵਰਸਿਟੀ ਬਰਕਲੇ ਦੇ ਸੰਗ੍ਰਹਿ ਹਾਲ ਨੂੰ ਦੇ ਦਿੱਤਾ ਗਿਆ।
ਪਰਵਾਸੀ ਭਾਰਤੀਆਂ ਦੇ ਹੱਥ ਕਮਜ਼ੋਰ ਹੋ ਗਏ ਸਨ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਦਬਾਅ ਪਾਉਣ ਲਈ ਗਦਰ ਮੈਮੋਰੀਅਲ ਕਮੇਟੀ ਬਣਾਈ। ਕੇਸਰ ਸਿੰਘ ਢਿੱਲੋਂ ਉਸ ਦੇ ਪ੍ਰਧਾਨ ਬਣੇ ਅਤੇ ਚਰਨ ਸਿੰਘ ਭੜਾਣਾ ਸਕੱਤਰ। ਕਮੇਟੀ ਵੱਲੋਂ ਮਾਸਿਕ ਪੱਤਰ ਵੀ ਕੱਢਿਆ ਗਿਆ ਜਿਸ ਦਾ ਨਾਂ ਸੀ ‘ਕਾਲ ਆਫ਼ ਦੀ ਮਾਰਟਾਇਰਜ਼ (ਸ਼ਹੀਦਾਂ ਦੀ ਆਵਾਜ਼)। ਇਸ ਵਿਚ ਅੰਗਰੇਜ਼ੀ, ਹਿੰਦੀ, ਉਰਦੂ ਤੇ ਪੰਜਾਬੀ, ਚਾਰੇ ਭਾਸ਼ਾਵਾਂ ਵਰਤੀਆਂ ਜਾਂਦੀਆਂ ਸਨ। ਮੈਂ ਉਨ੍ਹਾਂ ਦਿਨਾਂ ਵਿਚ 700 ਸਫੇ ਦੀ ਪੰਜਾਬੀ ਰੀਡਰ ਤਿਆਰ ਕਰ ਰਿਹਾ ਸੀ। ਸਿੱਖਿਆ ਵਿਭਾਗ ਵੱਲੋਂ ਮਿਲੇ ਕੰਮ ਤਹਿਤ ਮੈਨੂੰ ਪੰਜਾਬੀ ਟਾਈਪ ਰਾਈਟਰ ਵੀ ਦਿੱਤਾ ਗਿਆ ਸੀ। ਵਿਭਾਗ ਵਿਚ ਹਿੰਦੀ ਟਾਈਪ ਰਾਈਟਰ ਤਾਂ ਹੈ ਹੀ ਸੀ। ਮੈਂ ਹਿੰਦੀ ਤੇ ਪੰਜਾਬੀ ਦੀ ਸਮੱਗਰੀ ਟਾਈਪ ਕਰਨ ਦੀ ਸੇਵਾ ਕਮੇਟੀ ਨੂੰ ਅਰਪਣ ਕਰ ਦਿੱਤੀ। ਕੁਝ ਸਮੇਂ ਬਾਅਦ ਕਮੇਟੀ ਨੇ ਮੈਨੂੰ ਆਪਣਾ ਆਜੀਵਨ ਮੈਂਬਰ ਬਣਾ ਲਿਆ। ਮੈਂ ਆਪਣੀਆਂ ਲਿਖਤਾਂ ਵੀ ‘ਕਾਲ ਆਫ਼ ਦੀ ਮਾਰਟਰਜ਼’ ਵਿਚ ਛਪਣ ਲਈ ਦੇ ਦਿੰਦਾ।
ਕੇਸਰ ਸਿੰਘ ਢਿੱਲੋਂ ਜੀਵਨ ਭਰ ਸਰਗਰਮ ਰਹੇ। ਉਨ੍ਹਾਂ ਆਪਣਾ ਘਰ, ਬਚਿਆ ਕੁਝ ਸਾਮਾਨ, ਪ੍ਰੈੱਸ ਦੇ ਨਾਲ ਗਦਰ ਮੈਮੋਰੀਅਲ ਕਮੇਟੀ ਨੂੰ ਦੇ ਕੇ ਉਥੇ ਹੀ ਸ਼ਹੀਦ ਸਮਾਰਕ ਬਣਾਉਣਾ ਚਾਹਿਆ। ਬਦਕਿਸਮਤੀ ਹੀ ਸਮਝੋ, ਉਨ੍ਹਾਂ ਆਪਣੇ ਕੁਝ ਜਵਾਨ ਸਬੰਧੀਆਂ ਨੂੰ ਭਾਰਤ ਤੋਂ ਬੁਲਾ ਕੇ ਆਪਣੇ ਘਰ ਰੱਖ ਲਿਆ; ਤੇ ਉਹ ਖਾਲਿਸਤਾਨੀ ਬਣ ਗਏ। ਕਈ ਮੁਕੱਦਮਿਆਂ ਤੋਂ ਬਾਅਦ ਉਹ ਘਰ ਨਾ ਸਮਾਰਕ ਰਿਹਾ ਤੇ ਨਾ ਹੀ ਪ੍ਰੈੱਸ। ਇਹੀ ਨਹੀਂ, ਖਾਲਿਸਤਾਨੀਆਂ ਨੇ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਗਦਰੀ ਤਾਂ ਖਾਲਿਸਤਾਨ ਲਈ ਲੜੇ ਸਨ, ਜਦੋਂ ਖਾਲਿਸਤਾਨ ਬਣ ਗਿਆ ਤਾਂ ਗਦਰ ਦਾ ਪ੍ਰੈੱਸ ਉਥੇ ਭੇਜ ਦਿੱਤਾ ਜਾਵੇਗਾ।
10 ਮਈ 1964 ਨੂੰ 1857 ਦੇ ਗਦਰ ਦੀ ਬਰਸੀ ਮਨਾਉਣ ਲਈ ਔਕਲੈਂਡ ਹਾਈ ਸਕੂਲ ਵਿਚ ਵੱਡਾ ਜਲਸਾ ਕੀਤਾ ਗਿਆ। ਉਸ ਵਿਚ ਇੰਡੋ-ਜਰਮਨ ਸਾਜ਼ਿਸ਼ ਕੇਸ ਵਿਚ ਜੇਲ੍ਹ ਗਏ ਗੋਬਿੰਦ ਬਿਹਾਰੀ ਲਾਲਾ, ਆਜ਼ਾਦੀ ਸੰਗਰਾਮੀਆ ਭੀਖੂ ਚਮਨ ਲਾਲ ਵੀ ਸ਼ਾਮਲ ਹੋਏ। ਇਸ ਇਕੱਠ ਵਿਚ ਸਰਬਸੰਮਤੀ ਨਾਲ ਭਾਰਤ ਸਰਕਾਰ ਦੇ ਰਵੱਈਏ ਦੀ ਨਿਖੇਧੀ ਕੀਤੀ ਗਈ ਅਤੇ ਭਵਨ ਨਿਰਮਾਣ ਦਾ ਵਾਅਦਾ ਪੂਰੇ ਕਰਨ ਦਾ ਮਤਾ ਪਾਸ ਕੀਤਾ ਗਿਆ।
ਆਜ਼ਾਦੀ ਤੋਂ 27 ਸਾਲਾਂ ਬਾਅਦ ਭਾਰਤੀ ਕੌਂਸਲੇਟ ਨੇ ਗਦਰ ਲਾਇਬਰੇਰੀ, ਤਸਵੀਰਾਂ ਅਤੇ ਸਭਾ ਹਾਲ ਦੇ ਰੁਪ ਵਿਚ ‘ਗਦਰ ਮੈਮੋਰੀਅਲ ਹਾਲ’ ਬਣਾਉਣ ਦੀ ਮਨਜ਼ੂਰੀ ਮੰਗੀ ਜੋ ਸਤੰਬਰ 1974 ਵਿਚ ਮਿਲ ਗਈ। ਸਥਾਨਕ ਨਵੇਂ ਨਵੇਂ ਅਮੀਰ ਬਣੇ ਭਾਰਤੀਆਂ ਨੇ ਫਿਰ ਧਨ ਇਕੱਠਾ ਕੀਤਾ। ਆਉਣ ਵਾਲੇ ਸਮੇਂ ਵਿਚ ਸ਼ਾਇਦ ਕੁਝ ਕ੍ਰਾਂਤੀਕਾਰੀਆਂ ਦਾ ਸਮਰਥਨ ਲੈਣ ਲਈ ਉਸ ਭਵਨ ਦਾ ਨਿਰਮਾਣ ਹੋਇਆ। 23 ਮਾਰਚ 1975 ਨੂੰ ‘ਗਦਰ ਮੈਮੋਰੀਅਲ’ ਦਾ ਉਦਘਾਟਨ ਕੀਤਾ ਗਿਆ। ਜਨਤਾ ਲਈ 250 ਸੀਟਾਂ ਵਾਲੇ ਭਵਨ ਨੂੰ ਹਰ ਐਤਵਾਰ ਖੋਲ੍ਹਣ ਦਾ ਐਲਾਨ ਕੀਤਾ ਗਿਆ, ਸਮਾਂ ਸੀ ਸਵੇਰੇ 10 ਤੋਂ ਸ਼ਾਮ ਦੇ 4 ਵਜੇ ਤੱਕ। ਦੱਸਿਆ ਗਿਆ ਕਿ ਕਿਤਾਬਾਂ ਹਾਲ ਦੀਆਂ ਦੀਵਾਰਾਂ ਨਾਲ ਬੁੱਕ ਸ਼ੈਲਫਾਂ ‘ਤੇ ਹੋਣਗੀਆਂ। ਗਦਰ ਸਬੰਧੀ ਸਾਹਿਤ ਸਮੱਗਰੀ ਇਕੱਠੀ ਕੀਤੀ ਜਾਵੇਗੀ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਭਾਰਤ ਦੀ ਬਦਲਦੀ ਰਾਜਨੀਤੀ, ਕੌਂਸਲੇਟ ਅਤੇ ਪਰਵਾਸੀ ਭਾਰਤੀ ਭਾਈਚਾਰੇ ਵਿਚ ਆਪਸੀ ਮੇਲ-ਜੋਲ ਦੀ ਘਾਟ, ਖਾਲਿਸਤਾਨੀਆਂ ਦਾ ਆਪ-ਹੁਦਰਾਪਣ, ਰੱਫੜ, ਗਦਰ ਅੰਦੋਲਨ ਬਾਰੇ ਅਗਿਆਨ, ਇਸ ਬਾਰੇ ਘੱਟ ਰੁਚੀ ਆਦਿ ਅਨੇਕਾਂ ਕਾਰਨ ਸਨ ਜਿਸ ਕਰ ਕੇ ਗਦਰ ਮੈਮੋਰੀਅਲ ਹਾਲ ਆਮ ਜਨਤਾ ਲਈ ਬੰਦ ਹੀ ਰਿਹਾ। ਕਿਤਾਬਾਂ ਦੇ ਸੰਗ੍ਰਹਿ ਦੇ ਨਾਂ ‘ਤੇ ਭਾਰਤ ਸਰਕਾਰ ਦੇ ਪ੍ਰਕਾਸ਼ਨ ਵੱਲੋਂ ਕੌਂਸਲੇਟ ਦੀ ਲਾਇਬਰੇਰੀ ਵਿਚ ਆਈਆਂ ਕਿਤਾਬਾਂ ਹੀ ਰਹੀਆਂ।
1989 ਵਿਚ ਜਦੋਂ ਗਦਰੀ ਬਾਬਿਆਂ ਨਾਲ ਜੇਲ੍ਹ ਵਿਚ ਰਹੇ ਸੁਤੰਤਰਤਾ ਸੰਗਰਾਮੀ (ਭਗਤ ਸਿੰਘ ਵਾਲੀ ਭਾਰਤ ਨੌਜਵਾਨ ਸਭਾ) ਸੂਰਿਆ ਪ੍ਰਸ਼ਾਦ ਅਨੰਦ ਆਪਣੇ ਆਰਕੀਟੈਕਟ ਬੇਟੇ ਰਵੀ ਪ੍ਰਕਾਸ਼ ਅਨੰਦ ਪਾਸ ਸਾਨ ਫਰਾਂਸਿਸਕੋ ਆਏ, ਤਾਂ ਉਹ ਗਦਰ ਸਮਾਰਕ ਦੇਖਣ ਗਏ। ਉਨ੍ਹਾਂ ਨੂੰ ਗਹਿਰਾ ਸਦਮਾ ਲੱਗਾ ਕਿ ਉਥੇ ਗਦਰੀ ਬਾਬਿਆਂ ਦੇ ਚਿੱਤਰ ਤੱਕ ਵੀ ਨਹੀਂ ਸਨ। ਉਨ੍ਹਾਂ ਭਾਰਤ ਜਾ ਕੇ ਦੋ ਦਰਜਨ ਦੇ ਕਰੀਬ ਮੁੱਖ ਗਦਰੀ ਬਾਬਿਆਂ ਦੇ ਚਿੱਤਰ ਭੇਜੇ।
1990 ਵਿਚ ਜਦੋਂ ਬਰਕਲੇ ਵਿਚ ‘ਇੰਡੀਆ ਚੇਅਰ’ ਬਣਾਉਣ ਲਈ ਭਾਰਤੀਆਂ ਨੂੰ ਦਸ ਲੱਖ ਡਾਲਰ ਇਕੱਠਾ ਕਰਨ ਦੀ ਅਪੀਲ ਇੰਡੀਅਨ ਕੌਂਂਸਲੇਟ ਨੇ ਕੀਤੀ ਤਾਂ ਮੈਂ ਭਾਰਤੀ ਅਮਰੀਕੀ ਅਖਬਾਰਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਜੇ ਕੌਂਸਲੇਟ ਆਪਣੇ ਸਭਿਆਚਾਰ, ਇਤਿਹਾਸ ਪ੍ਰਤੀ ਇੰਨਾ ਹੀ ਫਿਕਰਮੰਦ ਹੈ ਤਾਂ ਉਹ ਨਸਲਭੇਦੀ ਪੱਛਮੀ ਵਿਚਾਰਧਾਰਾ ਨੂੰ ਭਾਰਤੀ ਵਿਦਿਆਰਥੀਆਂ ਉਤੇ ਲੱਦਣ ਵਾਲੇ ਵਿਭਾਗ ਦੀ ਮਦਦ ਕਰਨ ਦੀ ਥਾਂ ਸਾਨ ਫਰਾਂਸਿਸਕੋ ਵਿਚ ਸਾਡੀ ਆਜ਼ਾਦੀ ਦੇ ਪ੍ਰਤੀਕ ‘ਗਦਰ ਮੈਮੋਰੀਅਲ ਹਾਲ’ ਨੂੰ ਖੋਲ੍ਹ ਕੇ ਸਾਡੇ ਇਤਿਹਾਸ ਨੂੰ ਜੀਵਤ ਕਿਉਂ ਨਹੀਂ ਰੱਖਦੇ। ਸਾਕਾਰਤਮਕ ਰਾਸ਼ਟਰੀਅਤਾ ਕਿਉਂ ਨਹੀਂ ਪੈਦਾ ਕਰਦੇ? ‘ਇੰਡੀਆ ਚੇਅਰ’ ਨਾਲ ਪੈਦਾ ਹੋਇਆ ਵਿਵਾਦ ਕਈ ਮਹੀਨੇ ਚੱਲਦਾ ਰਿਹਾ। ਉਸ ਸਮੇਂ ਮੇਰੇ ਨਾਲ ਕਈ ਹੋਰ ਸਮਾਜ ਸੇਵਕ ਵੀ ਜੁੜ ਗਏ। ਉਹ ਵੀ ਨਸਲੀ ਭੇਦਭਾਵ ਤੋਂ ਦੁਖੀ ਭਾਰਤੀਆਂ ਨੂੰ ਜਾਣਦੇ ਸਨ। ਕੁਝ ਕੁ ਵਾਮਪੰਥੀ ਵੀ ਜੁੜੇ। ਨਤੀਜਾ ਇਹ ਹੋਇਆ ਕਿ ਆਖਰਕਾਰ ਭਾਰਤੀ ਕੌਂਸਲੇਟ ਨੇ ਸਾਲਾਂ ਬਾਅਦ ਗਦਰ ਮੈਮੋਰੀਅਲ ਹਾਲ ਖੋਲ੍ਹਣ ਦੀ ਰਜ਼ਾਮੰਦੀ ਦੇ ਦਿੱਤੀ। 16 ਨਵੰਬਰ 1990 ਨੂੰ ਉਥੇ ਪਹਿਲੀ ਵਾਰ ਗਦਰ ਪਾਰਟੀ ਦੇ ਸੱਤ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਹਰੀਸ਼ ਕੇæ ਪੁਰੀ, ਏਲੀਅਟ ਪੋਰਟਰ, ਜ਼ੇਨ ਸਿੰਘ, ਰਵੀ ਅਨੰਦ ਅਤੇ ਮੈਂ ਮੁੱਖ ਬੁਲਾਰੇ ਸਾਂ।
ਇਸ ਤੋਂ ਬਾਅਦ ਸਾਡੇ ਲਈ 23 ਮਾਰਚ ਅਤੇ 16 ਨਵੰਬਰ ਤਿਉਹਾਰ ਬਣ ਗਏ। ਰਵੀ ਅਨੰਦ ਨਾਲ ਮਿਲ ਕੇ ਮੈਂ ਗਦਰ ਮੈਮੋਰੀਅਲ ਹਾਲ ਬਾਰੇ ਵਿਸ਼ੇਸ਼ ਪਰਚਾ ਤਿਆਰ ਕੀਤਾ। ਹਾਲ ਵਿਚ ਸੁਣਨ ਲਈ ਅੰਗਰੇਜ਼ੀ, ਹਿੰਦੀ, ਪੰਜਾਬੀ ਦੇ ਆਡੀਓ ਬਣਾਏ। ਭਾਰਤ ਤੋਂ ਆਏ, ਗਦਰ ਭਾਵਨਾ ਨੂੰ ਸਮਰਪਿਤ ਵਿਦਵਾਨਾਂ ਦੇ ਭਾਸ਼ਣ ਕਰਵਾਏ।
ਦਸ ਸਾਲ ਅਮਰੀਕ ਸਿੰਘ ਖੰਡਾਲੀਆ, ਤ੍ਰਿਲੋਕ ਸਿੰਘ ਜੌਹਲ, ਹਰਸ਼ਰਨ ਸਿੰਘ ਗਿੱਲ, ਰਵੀ ਅਨੰਦ, ਮਰਹੂਮ ਮਹਾਰਾਜ ਕੌਲ, ਮਰਹੂਮ ਸੱਯਦ ਸੈਫ਼ ਉਲਾ ਆਦਿ ਮਿੱਤਰਾਂ ਦੀ ਸਹਾਇਤਾ ਨਾਲ ਕੌਮੀ ਏਕਤਾ, ਅੱਗੇ ਵਧੂ ਵਿਚਾਰਧਾਰਾ ਦੀ ਭਾਵਨਾ ਨਾਲ ਕਈ ਭਾਸ਼ਣ, ਨਾਟਕ, ਕਵੀ ਦਰਬਾਰ ਅਤੇ ਸੰਗੀਤ ਦੇ ਸਾਧਨਾਂ ਰਾਹੀਂ ਬਹੁਤ ਸਾਰੇ ਸੰਮੇਲਨ ਕਰਵਾਏ। ਹਰਸ਼ਰਨ ਗਿੱਲ ਦੇ ਸਾਥ ਨਾਲ ਕੈਲੀਫੋਰਨੀਆਂ ਅਤੇ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਗਦਰ ਨਾਲ ਸਬੰਧਤ ਸਮਾਗਮ ਕੀਤੇ।
ਖਾਲਿਸਤਾਨ ਅੰਦੋਲਨ ਖਤਮ ਹੋਇਆ ਅਤੇ ਦਹਿਸ਼ਤਗਰਦੀ ਘਟੀ ਤਾਂ ਪੰਜਾਬ ਵਿਚ ਉਨ੍ਹਾਂ ਜਿਸ ਤਰ੍ਹਾਂ ਭਗਤ ਸਿੰਘ ਦੀ ਸ਼ਹਾਦਤ ਨੂੰ ਉਧਾਲਣ ਦਾ ਯਤਨ ਕੀਤਾ, ਉਸੇ ਤਰ੍ਹਾਂ ਕੈਲੀਫ਼ੋਰਨੀਆਂ ਵਿਚ ਗਦਰ ਅੰਦੋਲਨ ਨੂੰ ਵੀ ਉਧਾਲਣ ਦਾ ਯਤਨ ਕੀਤਾ। ਅੱਜ ਕੱਲ੍ਹ ਤਾਂ ਹੋਰ ਵੀ ਕਈ ਲੋਕ ਲੀਡਰੀ ਜਮਾਉਣ ਲਈ ਗਦਰੀ ਮੇਲੇ ਲਾਉਂਦੇ ਹਨ। ਉਹ ਗਦਰੀਆਂ ਦੇ ਏਕਤਾ ਦੇ ਮੁੱਢਲੇ ਸਿਧਾਂਤ ਨੂੰ ਹੀ ਭੰਗ ਕਰਦੇ ਹਨ। ਉਹ ਤੰਗ ਨਜ਼ਰੀਏ ਅਤੇ ਸੋਚ ਨਾਲ ਉਨ੍ਹਾਂ ਨੂੰ ਧਾਰਮਿਕ ਚੋਲਾ ਪਵਾ ਦਿੰਦੇ ਹਨ। ਅਜਿਹੇ ਮੇਲੇ ਗਦਰ ਭਾਵਨਾ ਨੂੰ ਜਿਉਂਦੇ ਰੱਖਣ ਦਾ ਘੱਟ, ਮਾਰਨ ਦਾ ਸਾਧਨ ਵੱਧ ਬਣ ਰਹੇ ਹਨ।
ਰਹੀ ਗੱਲ ‘ਗਦਰ ਮੈਮੋਰੀਅਲ ਹਾਲ’ ਦੀ, ਇਹ ਹੁਣ ਫਿਰ ਕੌਂਸਲ ਜਨਰਲ ਦੇ ਡਰਾਈਵਰ ਦਾ ਨਿਵਾਸ ਬਣ ਕੇ ਰਹਿ ਗਿਆ ਹੈ। ਉਥੇ ਡਰਾਈਵਰ ਦੀ ਧੀ ਦੇ ਵਿਆਹ ‘ਤੇ ਸ਼ਰਾਬ ਸਹਿਤ ਪਾਰਟੀ ਤਾਂ ਹੋ ਸਕਦੀ ਹੈ, ਪਰ ਗਦਰੀ ਬਾਬਾ ਭਗਤ ਸਿੰਘ ਬਿਲਗਾ ਦੀ ਸੋਗ ਸਭਾ ਨਹੀਂ। ਜੇ ਕੋਈ ਹੋਰ ਦੇਸ਼ ਹੁੰਦਾ ਤਾਂ ਕੌਂਸਲੇਟ ਵਿਚ ਪਾਸਪੋਰਟ, ਵੀਜ਼ਾ ਲੈਣ ਵਾਲੇ ਸੈਂਕੜੇ ਲੋਕਾਂ ਨੂੰ ‘ਗਦਰ ਮੈਮੋਰੀਅਲ ਹਾਲ’ ਦੇਖਣ ਭੇਜਦਾ ਅਤੇ ਇਸ ਬਹਾਨੇ ਉਨ੍ਹਾਂ ਦਾ ਆਦਰਸ਼ ਸਿਖਾਉਂਦਾ ਪਰ ਅਸੀਂ ਤਾਂ ਭਾਰਤੀ ਹਾਂ, ਅਕ੍ਰਿਤਘਣਤਾ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ।
ਅਖੀਰ ਵਿਚ ਮੈਂ ਇਹੀ ਕਹਾਂਗਾ ਕਿ ਮੈਂ ਕੋਈ ਇਤਿਹਾਸਕਾਰ ਨਹੀਂ ਅਤੇ ਨਾ ਹੀ ਰਾਜਨੀਤੀ ਸ਼ਾਸਤਰ ਦਾ ਵਿਦਵਾਨ ਹਾਂ। ਜੇ ਕੋਈ ਹੋਰ ਸ਼ਖਸ ਇਨ੍ਹਾਂ ਗਦਰੀਆਂ ਦੀ ਗਾਥਾ ਲਿਖਦਾ ਤਾਂ ਮੈਨੂੰ ਖੁਸ਼ੀ ਹੁੰਦੀ। ਮੈਂ ਆਪਣੀ ਸ਼ਰਧਾ ਭਾਵਨਾ ਨਾਲ ਇਸ ਪਵਿੱਤਰ ਕਾਜ ਵਿਚ ਸ਼ਰਧਾਂਜਲੀ ਵਜੋਂ ਜੋ ਵੀ ਅਹੂਤੀ ਪਾਈ ਹੈ, ਉਹ ਆਪਣਾ ਫਰਜ਼ ਤੇ ਧਰਮ ਸਮਝ ਕੇ ਹੀ ਪਾਈ। ਸ਼ਾਇਦ ਕੋਈ ਹੋਰ ਬੁੱਧੀਮਾਨ ਇਸ ਨਾਲ ਚੰਗਾ ਕੰਮ ਕਰਨ ਦੀ ਪ੍ਰੇਰਨਾ ਲੈ ਸਕੇ।