ਕਾਂ ਕਿਉਂ ਭੌਂਕਦਾ ਹੈ?

ਨਿਊ ਯਾਰਕ ਵਿਚ ਵਸਦੇ ਮੁਮਤਾਜ਼ ਹੁਸੈਨ ਦਾ ਜਨਮ 1954 ਵਿਚ ਝੰਗ (ਪਾਕਿਸਤਾਨ) ਵਿਚ ਹੋਇਆ। ਉਹ ਕਹਾਣੀਕਾਰ ਵੀ ਹੈ ਤੇ ਚਿੱਤਰਕਾਰ ਵੀ। ਉਸ ਦੇ ਦੋ ਉਰਦੂ ਸੰਗ੍ਰਿਹ ‘ਗੋਲ ਐਨਕ ਕੇ ਪੀਛੇ’ ਅਤੇ ‘ਲਫ਼ਜ਼ੋਂ ਮੇਂ ਤਸਵੀਰੇਂ’ (ਹਰੇਕ ਕਹਾਣੀ ਨਾਲ ਉਸ ਦੀ ਆਪਣੀ ਇਕ ਪੇਂਟਿੰਗ) ਪ੍ਰਕਾਸ਼ਿਤ ਹੋਏ ਹਨ। ਅੰਗਰੇਜ਼ੀ ਵਿਚ ‘ਪੋਰਟਰੇਟ ਆਫ਼ ਵਰਡਜ਼’ ਕਹਾਣੀ ਸੰਗ੍ਰਿਹ ਛਪਿਆ।

ਚਿੱਤਰਕਾਰ ਹੋਣ ਦੇ ਨਾਲ ਨਾਲ ਉਹ ਇਨਾਮ-ਯਾਫ਼ਤਾ ਫ਼ਿਲਮਸਾਜ਼ ਵੀ ਹੈ। ਉਸ ਨੇ ‘ਬਟਰਫ਼ਲਾਈ ਸਕਰੀਮਜ਼’ ਨਾਂ ਦੀ ਲਘੂ ਫ਼ਿਲਮ, ਗ਼ੁਲਾਮ ਅੱਬਾਸ ਦੀ ਕਹਾਣੀ ‘ਓਵਰ ਕੋਟ’ ਉਪਰ ਟੈਲੀ ਫ਼ਿਲਮ ‘ਪੁਸ਼ ਬਟਨ ਫ਼ਾਰ’, ਜਲਾਲੂਦੀਨ ਰੂਮੀ ਦੀ ਫ਼ਿਲਾਸਫ਼ੀ ਨੂੰ ਪੇਸ਼ ਕਰਦੀ ਟੈਲੀ ਫ਼ਿਲਮ ‘ਇਨਸਾਈਡ ਯੂ’ ਅਤੇ ਸਿੰਧੂ ਘਾਟੀ ਦੀ ਸਭਿਅਤਾ ਬਾਰੇ ਦਸਤਾਵੇਜ਼ੀ ਫ਼ਿਲਮ ‘ਸੋਲ ਆਫ਼ ਸਿਵਲਾਈਜ਼ੇਸ਼ਨ’ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ। ਉਸ ਦੀ ਲਿਖੀ, ਨਿਰਦੇਸ਼ਿਤ ਅਤੇ ਨਿਰਮਿਤ ਇੰਗਲਿਸ਼ ਫ਼ੀਚਰ ਫ਼ਿਲਮ Aਰਟ ਾ æੋਵe ਬਹੁਤ ਸਾਰੇ ਮੁਲਕਾਂ ਦੇ ਫ਼ਿਲਮ-ਮੇਲਿਆਂ ਵਿਚ ਅਨੇਕ ਇਨਾਮ ਹਾਸਿਲ ਕਰ ਚੁੱਕੀ ਹੈ। ਨਿਊ ਯਾਰਕ ਵਿਚ ਵਸਦੇ ਨੌਜਵਾਨ ਸਾਹਿਤਕਾਰ ਸੁਰਿੰਦਰ ਸੋਹਲ ਨੇ ਇਸ ਕਹਾਣੀ ਦਾ ਉਰਦੂ ਤੋਂ ਪੰਜਾਬੀ ਅਨੁਵਾਦ ਬਾਖ਼ੂਬੀ ਕੀਤਾ ਹੈ। -ਸੰਪਾਦਕ

ਮੁਮਤਾਜ਼ ਹੁਸੈਨ
ਅਨੁਵਾਦ: ਸੁਰਿੰਦਰ ਸੋਹਲ

ਮੈਂ ਤੇਹ ਨਾਲ ਮਰ ਰਿਹਾ ਸਾਂ। ਅਸਮਾਨ ਦੀਆਂ ਬੁਲੰਦੀਆਂ ‘ਤੇ ਪਾਣੀ ਦਾ ਨਾਮੋ-ਨਿਸ਼ਾਨ ਨਹੀਂ ਸੀ। ਬੱਦਲ ਮਦਮਸਤ ਹਾਥੀਆਂ ਵਾਂਗ ਝੂੰਮਦੇ ਮੇਰੇ ਉਪਰੋਂ-ਥੱਲਿਓਂ ਕਤਾਰਾਂ ਵਿਚ ਲੰਘ ਰਹੇ ਸਨ। ਬੱਦਲ ਗਹਿਰੀ ਭਾਫ਼ ਦੇ ਗੋਲ਼ੇ ਬਣਾਉਂਦੇ ਆਪਣੀਆਂ ਸ਼ਕਲਾਂ ਬਦਲ ਰਹੇ ਸਨ। ਮੈਂ ਸੋਚਿਆ, ਬੱਦਲਾਂ ਵਿਚ ਵੜ ਜਾਵਾਂ। ਭਾਫ਼ ਪਾਣੀ ਵਿਚੋਂ ਹੀ ਤਾਂ ਉਠਦੀ ਹੈ। ਸ਼ਾਇਦ ਪਿਆਸ ਬੁਝਾ ਸਕਾਂ!
ਮੈਂ ਆਪਣੀ ਲੰਬੀ ਚੁੰਝ ਖੋਲ੍ਹੀ ਤੇ ਇਕ ਵੱਡੇ ਕਾਲ਼ੇ ਬੱਦਲ ਵਿਚ ਵੜ ਗਿਆ। ਥੋੜ੍ਹੀ ਦੇਰ ਲਈ ਹਲਕਾ ਜਿਹਾ ਹਨੇਰਾ ਹੋਇਆ ਤੇ ਮੈਂ ਨੀਲੇ ਅਸਮਾਨ ਦੇ ਖ਼ੁਸ਼ਕ ਸਮੁੰਦਰ ਵਿਚ ਸਾਂ। ਮੈਂ ਤਹੱਈਆ ਕੀਤਾ, ਚਲੋ ਜ਼ਮੀਨ ‘ਤੇ ਕਿਸਮਤ ਅਜ਼ਮਾਈ ਜਾਵੇ ਅਤੇ ਆਪਣੇ ਖੰਭ ਸਮੇਟ ਕੇ ਸਰੀਰ ਨਾਲ ਲਪੇਟ ਲਏ। ਮੂੰਹ ਥੱਲੇ ਨੂੰ ਕਰ ਕੇ ਧਰਤੀ ਵੱਲ ਗ਼ੋਤਾ ਲਾਇਆ।
ਦਰਖ਼ਤਾਂ ਦੇ ਝੁੰਡ ਤੋਂ ਪਰ੍ਹਾਂ ਕੁਝ ਕੱਚੇ ਮਕਾਨਾਂ ਅੰਦਰ ਇਕ ਘਰ ‘ਚੋਂ ਸੰਘਣਾ ਧੂੰਆਂ ਉਠਦਾ ਦਿਸਿਆ। ਮੇਰੀਆਂ ਵਾਛਾਂ ਖਿੜ ਗਈਆਂ। ਲੱਗਾ, ਇਥੇ ਕੋਈ ਸ਼ਾਦੀ-ਵਿਆਹ ਹੋ ਰਿਹਾ ਹੈ। ਮੈਂ ਸਿੱਧਾ ਧੂੰਏਂ ਵਾਲੇ ਘਰ ਵੱਲ ਰੁਖ਼ ਕੀਤਾ।
ਸੱਚਮੁੱਚ ਖਾਣੇ ਪੱਕ ਰਹੇ ਸਨ। ਭੁੱਖ ਤਾਂ ਸੀ ਹੀ, ਪਰ ਭੁੱਖ ਨਾਲੋਂ ਤ੍ਰੇਹ ਨੇ ਜਾਨ ਲੈਣੀ ਕੀਤੀ ਹੋਈ ਸੀ। ਸੁੱਕੀ ਜੀਭ ਬਾਹਰ ਕੱਢ ਕੇ ਚਾਰੇ ਪਾਸੇ ਦਾ ਜਾਇਜ਼ਾ ਲਿਆ। ਖਾਣੇ ਦੀਆਂ ਦੇਗ਼ਾਂ ਦੇ ਨਾਲ ਇਕ ਵੱਡੀ ਬਾਲਟੀ ਪਈ ਸੀ। ਇਸ ਵਿਚੋਂ ਹਲਵਾਈ ਵਾਰ ਵਾਰ ਵੱਡੇ ਡੌਂਗੇ ਨਾਲ ਪਾਣੀ ਦੇਗ਼ਾਂ ਵਿਚ ਪਾ ਰਿਹਾ ਸੀ। ਮੈਂ ਆਪਣੇ ਖੰਭ ਖੋਲ੍ਹ ਕੇ ਲੱਤਾਂ ਬਾਹਰ ਕੱਢੀਆਂ, ਤਾਂ ਕਿ ਬਾਲਟੀ ਦੇ ਕੰਢੇ ‘ਤੇ ਆਪਣੇ ਪੰਜੇ ਜਮਾ ਸਕਾਂ। ਮੈਂ ਅਜੇ ਪੂਰੀ ਤਰ੍ਹਾਂ ਬੈਠ ਵੀ ਨਹੀਂ ਸੀ ਸਕਿਆ ਕਿ ਹਲਵਾਈ ਦੀ ਜੁੱਤੀ ਜ਼ੋਰ ਨਾਲ ‘ਸ਼ੂੰਅ’ ਕਰਦੀ ਕੰਨਾਂ ਕੋਲ ਦੀ ਲੰਘ ਗਈ।
“ਸਾਲੇ ਭੰਡ ਕਿਤੋਂ ਦੇ। ਆ ਗਏ ਭੰਡਾਂ ਵਾਂਗੂੰ ‘ਕਾਂ ਕਾਂ’ ਕਰਨ। ਬੱਚੇ ਦਾ ਖ਼ਤਨਾ ਸ਼ੁਰੂ ਹੋਣ ਵਿਚ ਅੱਧਾ ਦਿਨ ਬਾਕੀ ਐ, ਪਹਿਲਾਂ ਹੀ ਪਹੁੰਚ ਗਏ ਐ।”
ਪਿਛਿਓਂ ਇਕ ਬੱਚੇ ਦੀ ਜ਼ੋਰਦਾਰ ਆਵਾਜ਼ ਨੇ ਤਾਂ ਮੈਨੂੰ ਡਰਾ ਹੀ ਦਿੱਤਾ, “ਦੇਖੋ ਦੇਖੋ ਚਿੱਟਾ ਕਾਂ!”
ਉਹ ਅਜੇ ਆਪਣੀ ਗੁਲੇਲ ਵਿਚ ਪੱਥਰ ਰੱਖ ਹੀ ਰਿਹਾ ਸੀ ਕਿ ਮੈਂ ਖ਼ਤਰਾ ਭਾਂਪ ਕੇ ਆਪਣੇ ਆਪ ਨੂੰ ਕਿਹਾ, “ਪਿਆਸ ਨਾਲੋਂ ਜ਼ਿੰਦਗੀ ਜ਼ਿਆਦਾ ਪਿਆਰੀ ਹੈ। ਚਲੋ ਕਿਤੇ ਹੋਰ ਕਿਸਮਤ ਅਜ਼ਮਾਈਏ।”
ਬਚਦਾ ਬਚਾਉਂਦਾ ਮੈਂ ਬਹੁਤ ਦੂਰ ਪਹੁੰਚ ਗਿਆ। ਪਿਆਸ ਨਾਲ ਅੱਧ-ਮੋਈਆਂ ਅੱਖਾਂ ਖੋਲ੍ਹਣ ਦੀ ਪੂਰੀ ਕੋਸ਼ਿਸ਼ ਕੀਤੀ ਤਾਂ ਮੱਝਾਂ-ਬਲਦਾਂ ਦੇ ਇਕ ਵਾੜੇ ਵਿਚ ਪਈ ਘੜਵੰਜੀ ‘ਤੇ ਪਿਆ ਇਕਲੌਤਾ ਘੜਾ ਦਿਸਿਆ। ਪਿਆਸ ਮਾਰੀਆਂ ਮੇਰੀਆਂ ਵਾਛਾਂ ਫਿਰ ਖਿੜ੍ਹ ਗਈਆਂ ਤੇ ਚੁੰਝ ਖੁੱਲ੍ਹ ਗਈ। ਬੜਾ ਖ਼ੁਸ਼ ਹੋਇਆ, ‘ਬਸ, ਜੀ ਭਰ ਕੇ ਪਿਆਸ ਬੁਝਾਊਂ। ਸਗੋਂ ਦੋ ਤਿੰਨ ਦਿਨਾਂ ਦਾ ਪਾਣੀ ਇਕੱਠਾ ਹੀ ਪੀ ਲਊਂ, ਤਾਂ ਕਿ ਕਮਬਖ਼ਤ ਪਿਆਸ ਦਾ ਝਗੜਾ ਦੋ ਤਿੰਨ ਦਿਨਾਂ ਲਈ ਮੁਕ ਹੀ ਜਾਵੇ।’
ਖੰਭ ਫਿਰ ਖੋਲ੍ਹ ਕੇ, ਠਹਿਰਾ ਵਿਚ ਲਿਆਂਦੇ ਤੇ ਪੰਜੇ ਬਾਹਰ ਕੱਢੇ। ਐਨ ਨਿਸ਼ਾਨੇ ‘ਤੇ ਘੜੇ ਦੇ ਕੰਢਿਆਂ ‘ਤੇ ਮਜ਼ਬੂਤੀ ਨਾਲ ਪੰਜਿਆਂ ਨੂੰ ਜਮਾਇਆ। ਇਸ ਤੋਂ ਪਹਿਲਾਂ ਕਿ ਮੈਂ ਪਾਣੀ ਪੀਂਦਾ, ਚਾਰੇ ਪਾਸੇ ਦਾ ਜਾਇਜ਼ਾ ਲਿਆ ਕਿ ਕੋਈ ਖ਼ਤਰਾ ਤਾਂ ਨਹੀਂ। ਸ਼ੁਕਰ ਸੀ, ਸਿਵਾਏ ਕਾਲੀ ਮੱਝ ਦੀ ਪੂਛ ਦੇ ਉਥੇ ਕੋਈ ਖ਼ਤਰਾ ਨਹੀਂ ਸੀ। ਮੈਂ ਆਪਣੀ ਧੌਣ ਲੰਬੀ ਕਰਕੇ ਚੁੰਝ ਲੰਬੀ ਕੀਤੀ ਤੇ ਤੰਗ ਮੂੰਹ ਵਿਚ ਦੀ ਘੜੇ ‘ਚ ਵੜਨ ਦੀ ਕੋਸ਼ਿਸ਼ ਕਰਨ ਲੱਗਾ। ਘੜੇ ਦੇ ਪੇਟ ਵਿਚ ਡਿਗਦਾ ਡਿਗਦਾ ਮਸਾਂ ਬਚਿਆ। ਪਾਣੀ ਸੀ ਹੀ ਨਹੀਂ। ਸਿਰ ਬਾਹਰ ਕੱਢਿਆ। ਸਿਰ ਨੂੰ ਸੱਜੇ ਪਾਸੇ ਮੋੜ ਕੇ ਬੜੀ ਗ਼ੌਰ ਨਾਲ ਖੱਬੀ ਅੱਖ ਨਾਲ ਘੜੇ ਦੇ ਅੰਦਰ ਦੇਖਿਆ। ਸੂਰਜ ਦੀ ਰੌਸ਼ਨੀ ਨਾਲ ਚਮਕਦਾ ਸ਼ਾਫ਼ ਪਾਣੀ ਝਿਲਮਿਲ ਝਿਲਮਿਲ ਕਰ ਰਿਹਾ ਸੀ।
‘ਹੂੰ! ਪਾਣੀ ਤਾਂ ਹੈ। ਲਗਦੈ, ਮੇਰੀ ਚੁੰਝ ਦੀ ਪਹੁੰਚ ਤੋਂ ਬਹੁਤ ਦੂਰ ਹੈ। ਹੁਣ ਕੀ ਕੀਤਾ ਜਾਵੇ।’ ਮੈਂ ਆਪਣੇ ਦਿਮਾਗ਼ ‘ਤੇ ਜ਼ੋਰ ਦਿੱਤਾ, ‘ਕੁਝ ਅਕਲ ਲੜਾਈ ਜਾਵੇ ਜਾਂ ਕੋਈ ਵਿਗਿਆਨ ਦਾ ਫ਼ਾਰਮੂਲਾ ਵਰਤਿਆ ਜਾਵੇ। ਪਾਣੀ ਤਾਂ ਹੈ, ਘੜੇ ਦੀ ਤਹਿ ਤੱਕ ਪਹੁੰਚਣਾ ਮੁਸ਼ਕਿਲ ਹੈ। ਜੇ ਪਾਣੀ ਉਪਰ ਲਿਆਂਦਾ ਜਾਵੇ ਤਾਂ ਚੁੰਝ ਪਾਣੀ ਤੱਕ ਪਹੁੰਚ ਸਕੂ।’
ਫਿਰ ਮੈਂ ਖੱਬੇ ਸੱਜੇ ਦੇਖਿਆ, ਕਿਤੇ ਉਹ ਲੜਕਾ ਗੁਲੇਲ ਵਿਚ ਪੱਥਰæææਪੱਥਰ ਤੋਂ ਯਾਦ ਆਇਆ, ‘ਕਿਉਂ ਨਾ ਜਾਨ ਲੈਣ ਵਾਲੇ ਪੱਥਰ ਨਾਲ ਜਾਨ ਬਚਾਈ ਜਾਵੇ! ਜੇ ਪੱਥਰ ਘੜੇ ਵਿਚ ਸੁੱਟ ਦਿਆਂ ਤਾਂ ਪਾਣੀ ਜ਼ਰੂਰ ਉਪਰ ਆ ਜਾਊ।’
ਇਧਰ-ਉਧਰ ਦੇਖਿਆ, ਹਰ ਪਾਸੇ ਮਿੱਟੀ ਦੇ ਢੇਲੇ ਪਏ ਸਨ, ‘ਯਾਰ ਇਹ ਤਾਂ ਪਾਣੀ ਵਿਚ ਘੁਲ ਜਾਣਗੇ। ਮੈਨੂੰ ਪੱਥਰ ਚਾਹੀਦੇ ਨੇ ਪੱਥਰ।’
ਮੈਂ ਖ਼ੁਸ਼ ਹੋ ਕੇ ਰੋੜਾਂ ਦੀ ਤਲਾਸ਼ ਵਿਚ ਆਸਮਾਨ ਵੱਲ ਰੁਖ਼ ਕੀਤਾ। ਉਡਦਾ ਉਡਦਾ ਕੁਝ ਐਸੇ ਤੂਫ਼ਾਨ ਵਿਚ ਘਿਰ ਗਿਆ ਕਿ ਹਵਾ ਦੇ ਥਪੇੜਿਆਂ ਨੇ ਮੈਨੂੰ ਕਿਤੇ ਦਾ ਕਿਤੇ ਪਹੁੰਚਾ ਦਿੱਤਾ।
ਵਾਹ! ਕਿੰਨੀ ਖ਼ੂਬਸੂਰਤ ਨਗਰੀ ਸੀ। ਵੱਡੇ ਵੱਡੇ ਪੱਥਰਾਂ ਦੇ ਥਮਲੇ ਦੁਨੀਆਂ ਤੋਂ ਪਰ੍ਹਾਂ ਬਗ਼ੈਰ ਕਿਸੇ ਛੱਤ ਦੇ, ਅਤੇ ਉਪਰ ਬਗ਼ੈਰ ਕਿਸੇ ਥਮਲੇ ਦੇ ਫ਼ਰਸ਼ ਖੜ੍ਹੇ ਸਨ। ਵਾਹ ਬਈ ਵਾਹ। ਪੱਥਰਾਂ ਦੀਆਂ ਵੱਡੀਆਂ ਵੱਡੀਆਂ ਪੌੜੀਆਂ ਥਮਲਿਆਂ ਨਾਲ ਲੱਗੀਆਂ ਖੜ੍ਹੀਆਂ ਸਨ। ਇਕ ਬਹੁਤ ਵੱਡੇ ਸੰਗਮਰਮਰ ਦੇ ਤਖ਼ਤ ‘ਤੇ ਖ਼ੁਦਾਵੰਦ ਜ਼ੂਸ ਬੈਠੇ ਹੋਏ ਸਨ। ਥਮਲਿਆਂ ਦੇ ਨਾਲ ਨੀਲੇ ਸਫ਼ੈਦ ਪਰਦੇ ਹਵਾ ਨਾਲ ਲਹਿਰਾ ਰਹੇ ਸਨ। ਪਰਦਿਆਂ ਦੇ ਹਿੱਲਣ ਨਾਲ ਕਛੂ ਦੀ ਹੱਡੀ ਦੇ ਬਣੇ ਦਿਲਰੁਬਾ ਵਿਚੋਂ ਮਧੁਰ ਰਾਗਣੀਆਂ ਫੁੱਟ ਰਹੀਆਂ ਸਨ। ਏਨੀ ਖ਼ੂਬਸੂਰਤ ਚਿੱਟੇ ਰੰਗ ਦੀ ਨਗਰੀ ਵਿਚ ਮੈਂ ਚਿੱਟਾ ਕਾਂ ਏਨਾ ਫਬ ਰਿਹਾ ਸਾਂ ਕਿ ਜੇ ਮੋਰ ਵੀ ਹੁੰਦਾ ਤਾਂ ਆਪਣਾ ਦਿਲ ਕੱਢ ਕੇ ਮੇਰੇ ਅੱਗੇ ਰੱਖ ਦਿੰਦਾ। ਇਸ ਸਫ਼ੈਦ ਸਵਰਗ ਵਿਚ ਖੜ੍ਹਾ ਮੈਂ ਚਿੱਟਾ ਕਾਂ ਇਸ ਨਗਰੀ ਦਾ ਵਾਸੀ ਲੱਗ ਰਿਹਾ ਸਾਂ।
ਮੇਰਾ ਦਿਲ ਕਰੇ, ‘ਇਥੇ ਹੀ ਵਸ ਜਾਵਾਂ।’
ਜਦ ਖ਼ੁਦਾਵੰਦ ਜ਼ੂਸ ਦੀ ਨਿਗਾਹ ਮੇਰੇ ‘ਤੇ ਪਈ ਤਾਂ ਉਹ ਮੈਨੂੰ ਦੇਖ ਕੇ ਬਹੁਤ ਖ਼ੁਸ਼ ਹੋਇਆ।
‘ਤੈਨੂੰ ਪੈਗ਼ੰਬਰਾਂ ਵਾਲੀਆਂ ਸਿਫ਼ਤਾਂ ਬਖ਼ਸ਼ਿਸ਼ ਕਰਦੇ ਹਾਂ। ਤੂੰ ਅੱਜ ਤੋਂ ਸਾਡਾ ਪੈਗ਼ਾਮ-ਰਸਾ ਹੈਂ। ਤੂੰ ਸਾਡੀ ਸਲਤਨਤ ਵਿਚ ਸੂਰਜ ਵਾਂਗ ਚਮਕੇਂਗਾ ਤੇ ਸਾਨੂੰ ਮੌਸਮ, ਤੂਫ਼ਾਨਾਂ ਦੀ ਇਤਲਾਹ ਦੇਵੇਂਗਾ। ਤੂੰ ਇਤਲਾਹ ਕਰੇਂਗਾ ਮੌਤ ਦੀ। ਅਸੀਂ ਤੈਨੂੰ ਬਖ਼ਸ਼ਿਸ਼ ਕਰਦੇ ਹਾਂ। ਤੂੰ ਅੰਦਰੂਨੀ ਤੇ ਬਾਹਰੀ ਭੇਦਾਂ ਨੂੰ ਜਾਣ ਸਕੇਂਗਾ।’
ਏਨੀਆਂ ਨਿਵਾਜ਼ਸ਼ਾਂ ਤੋਂ ਮੈਂ ਬਹੁਤ ਖ਼ੁਸ਼ ਸਾਂ। ਹਰਮੀਸ ਖ਼ੁਦਾਵੰਦ ਜ਼ੂਸ ਦਾ ਬੇਟਾ ਸੀ, ਪਰ ਉਸ ਦੀਆਂ ਕੁਝ ਆਦਤਾਂ ਮੇਰੇ ਨਾਲ ਬਹੁਤ ਮਿਲਦੀਆਂ ਸਨ ਯਾਨਿ ਉਹ ਵੀ ਮੇਰੇ ਵਾਂਗ ਖ਼ੁਦਾਵੰਦ ਜ਼ੂਸ ਦੇ ਸੁਨੇਹੇ ਲੈ ਕੇ ਜਾਂਦਾ ਸੀ। ਮੇਰੇ ਵਾਂਗ ਚੋਰੀ ਦੀ ਲਤ ਵੀ ਸੀ। ਉਸ ਨੇ ਆਦਤ ਤੋਂ ਮਜਬੂਰ ਹੋ ਕੇ ਆਪਣੇ ਭਰਾ ਖ਼ੁਦਾਵੰਦ ਅਪਾਲੋ ਦਾ ਗਾਂਵਾਂ ਦਾ ਉਹ ਇੱਜੜ ਚੋਰੀ ਕਰ ਲਿਆ, ਜੋ ਉਸ ਨੂੰ ਤੋਹਫ਼ੇ ਵਿਚ ਮਿਲਿਆ ਸੀ। ਅਗਲੇ ਦਿਨ ਜਦੋਂ ਖ਼ੁਦਾਵੰਦ ਅਪਾਲੋ ਨੂੰ ਪਤਾ ਲੱਗਾ ਕਿ ਉਸ ਦੀਆਂ ਗਾਂਵਾਂ ਚੋਰੀ ਹੋ ਗਈਆਂ ਹਨ ਤਾਂ ਉਸ ਨੇ ਮੈਨੂੰ ਸੱਦਿਆ, “ਖ਼ੁਦਾਵੰਦ ਜ਼ੂਸ ਨੇ ਤੈਨੂੰ ਏਨੀਆਂ ਸਿਫ਼ਤਾਂ ਬਖ਼ਸ਼ੀਆਂ ਨੇ, ਦੱਸ ਮੇਰੀਆਂ ਗਾਂਵਾਂ ਦਾ ਇੱਜੜ ਕਿੱਥੇ ਹੈ?”
ਮੈਂ ਸਿਰ ਝੁਕਾ ਕੇ ਅਰਜ਼ ਕੀਤੀ, “ਐ ਖ਼ੁਦਾਵੰਦ ਅਪਾਲੋ! ਤੇਰਾ ਇਕ ਦਿਨ ਦੀ ਉਮਰ ਦਾ ਭਰਾ, ਜੋ ਖ਼ੁਦਾਵੰਦ ਉਲੰਪਸ ਦਾ ਬਾਰਵਾਂ ਖ਼ੁਦਾ ਹੈ, ਉਸ ਨੇ ਚੋਰੀ ਕੀਤੀਆਂ ਹਨ।”
ਮੇਰੇ ਬਸ ਏਨਾ ਕਹਿਣ ‘ਤੇ ਖ਼ੁਦਾਵੰਦ ਗ਼ੁੱਸੇ ਵਿਚ ਅੱਗ ਬਗ਼ੂਲਾ ਹੋ ਗਿਆ, “ਤੂੰ ਬਕਵਾਸ ਕਰ ਰਿਹਾ ਏਂ ਕਾਂਵਾਂ, ਉਲੰਪਸ ਦੇ ਸਿਰਫ਼ ਗਿਆਰਾਂ ਖ਼ੁਦਾ ਹਨ, ਬਾਰਾਂ ਨਹੀਂ ਹੋ ਸਕਦੇ। ਤੂੰ ਝੂਠਾ ਏਂ।” ਖ਼ੁਦਾਵੰਦ ਗ਼ੁੱਸੇ ਵਿਚ ਪਾਗਲ ਹੁੰਦਾ ਜਾ ਰਿਹਾ ਸੀ। ਮੈਂ ਥਰ ਥਰ ਕੰਬ ਰਿਹਾ ਸਾਂ।
“ਤੂੰ ਹੈ ਹੀ ਝੂਠਾ। ਮੈਂ ਤੈਨੂੰ ਇਸ ਝੂਠ ਦੀ ਐਸੀ ਸਜ਼ਾ ਦੇਵਾਂਗਾ, ਕਿਆਮਤ ਤੱਕ ਯਾਦ ਰੱਖੇਂਗਾ।”
ਬਸ ਫਿਰ ਕੀ ਸੀ, ਮੇਰਾ ਸਾਰਾ ਸਰੀਰ ਕਾਲ਼ਾ ਹੋਣਾ ਸ਼ੁਰੂ ਹੋ ਗਿਆ। ਮੇਰੀ ਖ਼ੂਬਸੂਰਤ ਸਫ਼ੈਦ ਚੁੰਝ, ਮੇਰੇ ਸਾਰੇ ਖੰਭ ਕਾਲੇ ਹੋ ਗਏ।
ਮੈਂ ਆਪਣੇ ਆਪ ਨੂੰ ਕਿਹਾ, “ਚਲੋ ਯਾਰ ਇਸ ਨਗਰੀ ਤੋਂ, ਜਿਥੇ ਏਨੇ ਰੱਬ ਹੋਣ। ਕੋਈ ਰੱਬ ਕਿਸੇ ਤੋਂ ਨਾਰਾਜ਼ ਹੋ ਕੇ ਪਤਾ ਨਹੀਂ ਕਿਹੜੀ ਸਜ਼ਾ ਦੇ ਦੇਵੇ।”
ਮੇਰਾ ਗਲ਼ਾ ਖ਼ੁਸ਼ਕ ਹੁੰਦਾ ਜਾ ਰਿਹਾ ਸੀ। ਮੈਨੂੰ ਯਾਦ ਆਇਆ, ਮੈਂ ਤਾਂ ਪੱਥਰ ਲੈਣ ਆਇਆ ਸਾਂ। ਮੈਂ ਦੇਖਿਆ, ਸੰਗਮਰਮਰ ਦੇ ਵੱਡੇ ਥਮਲਿਆਂ ਦੇ ਨਾਲ ਇਕ ਰੋੜ ਪਿਆ ਸੀ। ਮੈਂ ਚੁਕਿਆ ਤੇ ਪੂਛ ਦਬਾ ਕੇ ਜ਼ਮੀਨ ਵੱਲ ਨੂੰ ਰੁਖ਼ ਕੀਤਾ।
“ਯਾਰ ਆਪਣੀ ਦੁਨੀਆਂ ਹੀ ਚੰਗੀ ਹੈ।”
ਮੈਂ ਮਨ ‘ਚ ਗਾਉਂਦਾ ਵਾਪਸ ਆ ਰਿਹਾ ਸਾਂ,
ਇਕ ਕਾਂ ਗ਼ਮ ਲਈ
ਦੋ ਕਾਂ ਖ਼ੁਸ਼ੀ ਲਈ
ਤਿੰਨ ਕਾਂ ਵਿਆਹ ਲਈ
ਚਾਰ ਕਾਂ ਪੈਦਾਇਸ਼ ਲਈ
ਪੰਜ ਕਾਂ ਚਾਂਦੀ ਲਈ
ਛੇ ਕਾਂ ਸੋਨੇ ਲਈ
ਸੱਤ ਕਾਂæææ
ਐਸਾ ਭੇਦ ਜੋ ਅੱਜ ਤੱਕ ਅਣਖੁੱਲ੍ਹਾ ਹੈ
ਅੱਠ ਕਾਂ ਜੰਨਤ ਲਈ
ਨੌ ਕਾਂ ਦੋਜ਼ਖ਼ ਲਈ
ਦਸ ਕਾਂ ਸ਼ੈਤਾਨ ਲਈ।
ਮੈਂ ਵਾਪਸ ਉਸ ਜਗ੍ਹਾ ਪਹੁੰਚ ਗਿਆ, ਜਿੱਥੇ ਪਾਣੀ ਵਾਲਾ ਘੜਾ ਪਿਆ ਸੀ, ਰੋੜ ਘੜੇ ਵਿਚ ਸੁੱਟਿਆ। ਮੈਂ ਆਪਣੇ ਸਿਰ ਨੂੰ ਸੱਜੇ ਪਾਸੇ ਮੋੜ ਕੇ ਖੱਬੀ ਅੱਖ ਨਾਲ ਦੇਖਿਆ ਤਾਂ ਪਾਣੀ ਕੁਝ ਉਪਰ ਆ ਗਿਆ। ਸਿਰ ਘੜੇ ਵਿਚ ਵਾੜ ਕੇ ਪਾਣੀ ਪੀਣ ਦੀ ਕੋਸ਼ਿਸ਼ ਕੀਤੀ, ਪਰ ਚੁੰਝ ਪਾਣੀ ਤੱਕ ਪਹੁੰਚ ਨਾ ਸਕੀ।
ਇਕ ਹੋਰ ਰੋੜਾ ਲੈ ਕੇ ਆਉਂਦਾ ਹਾਂ। ਪਰ ਜ਼ਰਾ ਵੱਡਾ ਤਾਂ ਕਿ ਇਕ ਵਾਰ ਹੀ ਪਾਣੀ ਪੀ ਸਕਾਂ।’
ਮੈਂ ਫਿਰ ਆਸਮਾਨ ਵੱਲ ਰੁਖ਼ ਕੀਤਾ। ਮਨ ਤਾਂ ਚਾਹੁੰਦਾ ਸੀ ਕਿ ਗੁਣਗੁਣਾਵਾਂ ਪਰ ਪਿਆਸ ਨਾਲ ਗਲ਼ਾ ਖ਼ੁਸ਼ਕ ਹੋਣ ਕਰਕੇ ਆਵਾਜ਼ ਨਿਕਲ ਨਹੀਂ ਸੀ ਰਹੀ। ਫਿਰ ਹਵਾ ਦੇ ਥਪੇੜਿਆਂ ਨੇ ਕਿਸੇ ਹੋਰ ਬਸਤੀ ਵਿਚ ਪਹੁੰਚਾ ਦਿੱਤਾ।
ਕਿੰਨੀ ਖ਼ੂਬਸੂਰਤ ਨਗਰੀ ਸੀ। ਹਰਿਆਵਲ ਹੀ ਹਰਿਆਵਲ। ਦਰਖ਼ਤ ਰਸੀਲੇ ਫਲਾਂ ਨਾਲ ਲੱਦੇ ਹੋਏ। ਜ਼ਮੀਨ ਜਿਵੇਂ ਮਖ਼ਮਲੀ ਹਰੇ-ਭਰੇ ਗਲੀਚਿਆਂ ਵਿਚ ਛੁਪੀ ਹੋਈ ਸੀ। ਦਰਖ਼ਤਾਂ ਦੇ ਪੱਤਿਆਂ ਨਾਲ ਟਕਰਾਉਂਦੀ ਠੰਢੀ ਹਵਾ ਮਧੁਰ ਰਾਗਣੀਆਂ ਛੇੜ ਰਹੀ ਸੀ। ਪਹਾੜਾਂ ਦੀਆਂ ਚੱਟਾਨਾਂ ਤੋਂ ਫੁੱਟਦੇ ਦੁੱਧ ਦੇ ਝਰਨੇ ਜਲ-ਤਰੰਗ ਵਜਾ ਰਹੇ ਸਨ। ਬਹਿਸ਼ਤ ਦੇ ਇਸ ਖ਼ੂਬਸੂਰਤ ਟੁਕੜੇ ਵਿਚ ਆਦਮ ਤੇ ਹਵਾ ਆਪਣੇ ਸੁੰਦਰ ਸਰੀਰਾਂ ਨੂੰ ਪੱਤਿਆਂ ਨਾਲ ਢਕੀ ਬੈਠੇ ਸੇਬ ਖਾ ਰਹੇ ਸਨ।
ਮੈਂ ਬਹੁਤ ਖ਼ੁਸ਼ ਹੋਇਆ, ‘ਚਲੋ ਜੀਅ ਭਰ ਕੇ ਦੁੱਧ ਦੀ ਨਦੀ ‘ਚੋਂ ਆਪਣੀ ਪਿਆਸ ਬੁਝਾ ਲਵਾਂ।’
ਐਸੀ ਨਗਰੀ ਵਿਚ ਜ਼ਿੰਦਗੀ ਬਸਰ ਕਰਨਾ ਹੀ ਜ਼ਿੰਦਗੀ ਹੈ।
ਦੋ ਚੱਟਾਨਾਂ ਵਿਚੋਂ ਫੁੱਟਦੇ ਦੁੱਧ ਦੇ ਝਰਨੇ ਨੇ ਮੇਰੀ ਪਿਆਸ ਹੋਰ ਵੀ ਚਮਕਾ ਦਿੱਤੀ। ਮੈਂ ਝੱਟ ਗ਼ੋਤਾ ਮਾਰਿਆ ਤੇ ਆਪਣੇ ਪੰਜੇ ਪੱਥਰ ‘ਤੇ ਜਮਾਏ। ਆਪਣੇ ਆਪ ਨੂੰ ਸਬਰ ਦੀ ਨਸੀਹਤ ਦਿੱਤੀ, ‘ਸਬਰ ਦਾ ਫਲ ਮਿੱਠਾ ਹੁੰਦਾ ਹੈ। ਜ਼ਰਾ ਆਰਾਮ ਨਾਲ ਰੱਬ ਦਾ ਸ਼ੁਕਰ ਮਨਾ ਕੇ ਪੇਟ ਭਰ ਕੇ ਦੁੱਧ ਪੀਵਾਂ।’
ਅਜੇ ਗਰਦਨ ਝੁਕਾਈ ਹੀ ਸੀ, ਚੁੰਝ ਦੁੱਧ ਦੇ ਬਿਲਕੁਲ ਕੋਲ ਪਹੁੰਚਣ ਹੀ ਵਾਲੀ ਸੀ ਕਿ ‘ਸ਼ੂੰਅ’ ਕਰਦਾ ਇਕ ਬਰਛਾ ਮੇਰੀ ਗਰਦਨ ਕੋਲ ਦੀ ਲੰਘਿਆ। ਮੈਂ ਝੱਟ ਉਡ ਕੇ ਦਰਖ਼ਤ ਦੀ ਓਟ ਵਿਚ ਛੁਪ ਗਿਆ।
ਦੇਖਿਆ! ਹਜ਼ਰਤ ਆਦਮ ਦੇ ਪਹਿਲੇ ਦੋ ਜੌੜੇ ਬੇਟੇ ਹਾਬੀਲ ਤੇ ਕਾਬੀਲ ਆਪਸ ਵਿਚ ਲੜ ਰਹੇ ਸਨ। ਹਾਬੀਲ ਦਾ ਬੱਕਰੀਆਂ ਦਾ ਇੱਜੜ ਨੇੜੇ ਘਾਹ ਚਰ ਰਿਹਾ ਸੀ। ਕਾਬੀਲ ਦਾ ਫਲਾਂ ਤੇ ਸਬਜ਼ੀਆਂ ਦਾ ਟੋਕਰਾ ਘਾਹ ‘ਤੇ ਖਿਲਰਿਆ ਪਿਆ ਸੀ।
ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਹ ਲੜ ਕਿਉਂ ਰਹੇ ਸਨ! ਮੈਂ ਫਲ ਤੇ ਸਬਜ਼ੀਆਂ ਖਿਲਰੀਆਂ ਦੇਖੀਆਂ। ਫਿਰ ਬੱਕਰੀਆਂ ਦੇ ਚਰਦੇ ਇੱਜੜ ਨੂੰ। ਸ਼ਾਇਦ ਰੱਬ ਨੂੰ ਕਾਬੀਲ ਦੀ ਸਬਜ਼ੀਆਂ ਦੀ ਭੇਟ ਪਸੰਦ ਨਹੀਂ ਸੀ ਆਈ। ਸਗੋਂ ਉਸ ਨੇ ਹਾਬੀਲ ਦੇ ਢੇਰ ਸਾਰੇ ਜਾਨਵਰਾਂ ਦੀ ਕੁਰਬਾਨੀ ਕਬੂਲ ਕਰ ਲਈ ਸੀ ਜਿਸ ਕਰਕੇ ਕਾਬੀਲ ਈਰਖਾ ਵਿਚ ਹਾਬੀਲ ਦੀ ਜਾਨ ਦਾ ਦੁਸ਼ਮਣ ਬਣ ਗਿਆ ਸੀ।
ਪਰ ਮੈਨੂੰ ਲੱਗਿਆ, ਕਾਬੀਲ ਨੇ ਦਿਲੋਂ ਰੱਬ ਦੀ ਰਾਹ ਵਿਚ ਕੁਰਬਾਨੀ ਨਹੀਂ ਦਿੱਤੀ। ਮਾਮਲਾ ਤਾਂ ਮੁਹੱਬਤ ਤੇ ਚਾਹਤ ਦਾ ਹੈ। ਜਾਨਵਰਾਂ ਤੇ ਫਲਾਂ ਦੀ ਤਾਂ ਹੈਸੀਅਤ ਹੀ ਕੁਝ ਨਹੀਂ। ਦੂਸਰੀ ਵਜ੍ਹਾ ਮੈਨੂੰ ਲੱਗੀ ਕਿ ਹਾਬੀਲ ਦੀ ਪਤਨੀ ਖ਼ੂਬਸੂਰਤ ਸੀ। ਕਾਬੀਲ ਦੀ ਔਰਤ ਏਨੀ ਖ਼ੂਬਸੂਰਤ ਨਹੀਂ ਸੀ।
ਸ਼ਾਇਦ ਔਰਤ ਹੀ ਫ਼ਸਾਦ ਦੀ ਜੜ੍ਹ ਹੈ। ਇਹ ਵੀ ਹੋ ਸਕਦਾ ਹੈ ਕਿ ਹਜ਼ਰਤ ਆਦਮ ਨੇ ਖ਼ੁਦਾ ਦੇ ਹੁਕਮ ਦੀ ਤਾਮੀਲ ਕਰਦਿਆਂ ਪੈਗ਼ੰਬਰੀ ਹਾਬੀਲ ਨੂੰ ਬਖ਼ਸ਼ ਦਿੱਤੀ ਹੋਵੇ ਤੇ ਕਾਬੀਲ ਈਰਖਾ ਵਿਚ ਹਾਬੀਲ ਨੂੰ ਖ਼ਤਮ ਕਰਨਾ ਚਾਹੁੰਦਾ ਹੋਵੇ। ਕਿਉਂਕਿ ਕਾਬੀਲ ਉਮਰ ਵਿਚ ਹਾਬੀਲ ਤੋਂ ਵੱਡਾ ਸੀ। ਦੋਵੇਂ ਇਸ ਤਰ੍ਹਾਂ ਲੜ ਰਹੇ ਸਨ ਕਿ ਬਸ ਇਕ ਦੂਜੇ ਨੂੰ ਜਾਨੋਂ ਮਾਰ ਦੇਣਗੇ।
ਆਖ਼ਿਰ ਕਾਬੀਲ ਹੱਥੋਂ ਹਾਬੀਲ ਦਾ ਕਤਲ ਹੋ ਗਿਆ। ਜਿੱਥੋਂ ਤੱਕ ਮੇਰਾ ਖ਼ਿਆਲ ਹੈ, ਇਸ ਦੁਨੀਆਂ ਵਿਚ ਕਤਲ ਦੀ ਇਹ ਪਹਿਲੀ ਵਾਰਦਾਤ ਸੀ। ਮੈਂ ਡਰ ਨਾਲ ਕੰਬਦਾ ਆਪਣੀ ਜਾਨ ਲੁਕੋਈ ਬੈਠਾ ਸਾਂ। ਕਾਬੀਲ ਪ੍ਰੇਸ਼ਾਨ ਸੀ ਕਿ ਹੁਣ ਮਰੇ ਹੋਏ ਭਰਾ ਦਾ ਕੀ ਕਰੇ? ਇਸ ਜ਼ਮੀਨ ਦੇ ਜਿਸਮ ‘ਤੇ ਇਹ ਪਹਿਲਾ ਇਨਸਾਨੀ ਕਤਲ ਸੀ।
ਜਿਸ ਦਰਖ਼ਤ ‘ਤੇ ਮੈਂ ਬੈਠਾ ਸਾਂ, ਇਕਦਮ ਉਹ ਕੰਬਣ ਲੱਗਾ। ਪੱਤੇ ਝੜਨ ਲੱਗੇ, ਜਿਵੇਂ ਕੋਈ ਭੂਚਾਲ ਆ ਗਿਆ ਹੋਵੇ। ਡਰ ਨਾਲ ਮੇਰੀ ਜਾਨ ਮੁਠੀ ਵਿਚ ਆ ਗਈ। ਉਸੇ ਪਲ ਅਸਮਾਨ ਵਿਚੋਂ ਸਫ਼ੈਦ ਰੋਸ਼ਨੀ ਮੇਰੇ ਤੱਕ ਆਈ।
ਗਰਜ਼ਦਾਰ ਆਵਾਜ਼ ਨਾਲ ਮੈਨੂੰ ਹੁਕਮ ਹੋਇਆ, “ਮੈਂ ਖ਼ੁਦਾਵੰਦ ਤਾਲਾ ਤੈਨੂੰ ਹੁਕਮ ਦਿੰਦਾ ਹਾਂ ਕਿ ਇਸ ਜ਼ਮੀਨ ਨੂੰ ਆਪਣੀ ਚੁੰਝ ਨਾਲ ਪੁਟ ਕੇ ਇਨਸਾਨ ਨੂੰ ਦਫ਼ਨ ਕਰਨ ਦਾ ਤਰੀਕਾ ਸਮਝਾਓ।”
ਮੈਂ ਕੰਬਦਿਆਂ ਖ਼ੁਦਾ ਦੇ ਹੁਕਮ ਦੀ ਤਾਮੀਲ ਕੀਤੀ। ਕਾਬੀਲ ਨੂੰ ਕਬਰ ਪੁਟਣ ਦਾ ਤਰੀਕਾ ਸਮਝਾਇਆ। ਕਾਬੀਲ ਨੇ ਆਪਣੇ ਹੱਥੀਂ ਭਰਾ ਨੂੰ ਕਬਰ ਵਿਚ ਉਤਾਰਿਆ।
ਮੈਂ ਡਰ ਨਾਲ ਕੰਬ ਰਿਹਾ ਸਾਂ, ਕਿਤੇ ਕਾਬੀਲ ਮੈਨੂੰ ਵੀ ਕਬਰ ਵਿਚ ਦਫ਼ਨ ਨਾ ਕਰ ਦੇਵੇ। ਖ਼ੌਫ਼ ਨਾਲ ਉਡਿਆ ਪਰ ਕਬਰ ਪੁਟਣ ਵੇਲੇ ਕੁਝ ਰੋੜੇ ਮੇਰੇ ਪੈਰੀਂ ਲੱਗ ਗਏ। ਮੈਂ ਸਿੱਧਾ ਜ਼ਮੀਨ ‘ਤੇ ਵਾਪਸ ਆ ਗਿਆ।
‘ਉਹ ਘੜਾ ਹੀ ਚੰਗਾ, ਉਸ ‘ਚੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਓ। ਮੈਂ ਜ਼ਮੀਨ ਦਾ ਵਾਸੀ ਹਾਂ ਤੇ ਉਥੋਂ ਹੀ ਆਪਣੀਆਂ ਲੋੜਾਂ ਪੂਰੀਆਂ ਕਰੂੰ।’
ਆਉਂਦੇ ਸਾਰ ਹੀ ਮੈਂ ਰੋੜ ਘੜੇ ਵਿਚ ਸੁੱਟੇ। ਬੜਾ ਖ਼ੁਸ਼ ਸਾਂ। ਪਾਣੀ ਦੀ ਸਤਹ ਕਾਫ਼ੀ ਉਚੀ ਹੋ ਗਈ ਸੀ। ਸੁੱਕੀ ਜ਼ਬਾਨ ਨਾਲ ਮੈਂ ਆਪਣੀ ਚੁੰਝ ਦੇ ਕਿਨਾਰਿਆਂ ਨੂੰ ਤਰ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ। ਘੜੇ ‘ਤੇ ਬੈਠ ਕੇ ਚੁੰਝ ਨੂੰ ਲੰਬਾ ਕਰ ਕੇ ਪਾਣੀ ਤੱਕ ਪਹੁੰਚਣ ਲੱਗਾ ਤਾਂ ਪਾਣੀ ਥੋੜ੍ਹੇ ਫ਼ਾਸਲੇ ‘ਤੇ ਰਹਿ ਗਿਆ ਸੀ। ਦਿਲ ਕਰੇ, ਅੰਦਰ ਵੜ ਜਾਵਾਂ, ਪਰ ਖ਼ਤਰਾ ਸੀ। ਜੇ ਘੜੇ ਵਿਚ ਫਸ ਗਿਆ ਤਾਂ ਘੜੇ ਅੰਦਰ ਹੀ ਹਾਬੀਲ ਵਾਂਗ ਦਫ਼ਨ ਹੋ ਜਾਵਾਂਗਾ।
ਹਿੰਮਤ ਕਰ ਕੇ ਫਿਰ ਉਡਿਆ ਰੋੜਿਆਂ ਦੀ ਤਲਾਸ਼ ਵਿਚ। ਮੈਨੂੰ ਯਕੀਨ ਹੋ ਗਿਆ ਸੀ ਕਿ ਇਸ ਵਾਰੀ ਦੋ ਚਾਰ ਰੋੜਾਂ ਨਾਲ ਕੰਮ ਬਣ ਜਾਊ।
ਸੂਰਜ ਦੀ ਤਪਸ਼ ਸਰੀਰ ਦੇ ਬਚੇ-ਖੁਚੇ ਪਾਣੀ ਨੂੰ ਵੀ ਹਵਾ ਵਿਚ ਮਿਲਾ ਰਹੀ ਸੀ। ਥੱਲੇ ਸਿਰ ਝੁਕਾ ਕੇ ਦੇਖਿਆ ਤਾਂ ਬਹੁਤ ਸਾਰੇ ਤੰਬੂ ਲੱਗੇ ਹੋਏ ਸਨ। ਰਾਤ ਦਾ ਵੇਲਾ ਸੀ। ਬੁਝੀ ਹੋਈ ਅੱਗ ਵਿਚੋਂ ਧੂੰਆਂ ਉਠ ਰਿਹਾ ਸੀ। ਮੈਂ ਸੋਚਿਆ, “ਚਲੋ ਕੰਮ ਬਣ ਗਿਆ।”
ਸਾਰੇ ਲੋਕ ਸੁੱਤੇ ਪਏ ਸਨ। ਮੈਂ ਜਾਇਜ਼ਾ ਲੈਣ ਲਈ ਬੋਹੜ ਦੇ ਵੱਡੇ ਦਰਖ਼ਤ ਦੇ ਇਕ ਸੁਰਾਖ਼ ਵਿਚ ਬੈਠ ਗਿਆ। ਦੇਖਿਆ, ਦਰਖ਼ਤ ਦੇ ਸੁਰਾਖ਼ਾਂ ਵਿਚ ਤੇ ਦਰਖ਼ਤ ਦੇ ਉਪਰ ਬਹੁਤ ਸਾਰੇ ਕਾਂਵਾਂ ਦੇ ਆਲ੍ਹਣੇ ਸਨ। ਮੈਂ ਸਾਰੇ ਕਾਂਵਾਂ ਨੂੰ ਪਹਿਚਾਣਨ ਦੀ ਕੋਸ਼ਿਸ਼ ਕੀਤੀ। ਇਕ ਕਾਂ ਨੂੰ ਹੌਲੀ ਜਿਹੀ ਪੁੱਛਿਆ, “ਭਾਈ ਮੈਂ ਪਰਦੇਸੀ ਹਾਂ। ਮੈਂ ਕਿੱਥੇ ਹਾਂ?”
ਕਾਂ ਨੇ ਨੀਂਦਰਾਈਆਂ ਅੱਖਾਂ ਖੋਲ੍ਹ ਕੇ ਬੇਰੁਖੀ ਨਾਲ ਜਵਾਬ ਦਿੱਤਾ, “ਯਾਰ ਕਿਉਂ ਤੰਗ ਕਰਦੈਂ। ਸੌਣ ਦੇਹ। ਇਹ ਪਾਂਡਵਾਂ ਦੇ ਤੰਬੂ ਲੱਗੇ ਹੋਏ ਨੇ। ਫੌਜੀ ਅਤੇ ਰਾਜਿਆਂ ਸਮੇਤ ਸਾਰੇ ਰਾਤ ਭਰ ਨਾਚ-ਗਾਣੇ ਤੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੁੱਤੇ ਪਏ ਨੇ। ਬਹੁਤ ਮਜ਼ੇਦਾਰ ਖਾਣਾ ਹੈ ਏਥੇ। ਸਵੇਰੇ ਜੀਅ ਭਰ ਕੇ ਖਾ-ਪੀ ਲਵੀਂ। ਹੁਣ ਸੌਂ ਜਾ।”
ਮੈਂ ਵੀ ਬਹੁਤ ਥੱਕਿਆ ਪਿਆ ਸਾਂ। ਅਜੇ ਮੇਰੀ ਅੱਖ ਲੱਗੀ ਹੀ ਸੀ ਕਿ ਉਲੂਆਂ ਦੇ ਵੱਡੇ ਝੁੰਡ ਨੇ ਸੁੱਤੇ ਪਏ ਕਾਂਵਾਂ ‘ਤੇ ਹਮਲਾ ਕਰ ਦਿੱਤਾ।
ਸਾਰੇ ਕਾਂਵਾਂ ਦੀਆਂ ਲੱਤਾਂ ਅਤੇ ਗਰਦਨਾਂ ਉਲੂਆਂ ਨੇ ਮਰੋੜ ਦਿੱਤੀਆਂ।
ਮੈਂ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਉਥੋਂ ਨਿਕਲਿਆ। ਥੱਲੇ ਗ਼ੌਰ ਨਾਲ ਦੇਖਿਆ ਤਾਂ ਅਸ਼ਵਥਾਮਾ ਕਾਂਵਾਂ ਦੀ ਮੌਤ ਦੇਖ ਕੇ ਖ਼ੁਸ਼ ਹੋ ਰਿਹਾ ਸੀ। ਉਹ ਖ਼ੁਸ਼ੀ ਨਾਲ ਨੱਚਣ ਲੱਗਾ, “ਕੰਮ ਬਣ ਗਿਆ। ਮੈਂ ਹੁਣੇ ਪਾਂਡਵਾਂ ਦੇ ਫੌਜੀ ਖੇਮੇ ‘ਤੇ ਇਸੇ ਤਰ੍ਹਾਂ ਸੁੱਤਿਆਂ ‘ਤੇ ਹਮਲਾ ਕਰਕੇ ਸਭ ਨੂੰ ਮੌਤ ਦੀ ਨੀਂਦ ਸੁਲਾ ਕੇ ਆਪਣੇ ਬਾਪ ਦਰੋਣਾਚਾਰਿਆ ਦੀ ਮੌਤ ਦਾ ਬਦਲਾ ਲਵਾਂਗਾ।”
ਮੈਂ ਡਰ ਨਾਲ ਥਰ ਥਰ ਕੰਬਣ ਲੱਗਾ, ‘ਹੁਣ ਏਥੇ ਬਹੁਤ ਘਸਮਾਨ ਦੀ ਜੰਗ ਹੋਵੇਗੀ। ਕੋਈ ਤੀਰ ਗ਼ਲਤੀ ਨਾਲ ਏਧਰ ਆ ਨਿਕਲਿਆ ਤਾਂ ਪਾਣੀ ਤੋਂ ਹੱਥ ਧੋਣ ਦੀ ਬਜਾਏ ਜ਼ਿੰਦਗੀ ਤੋਂ ਹੱਥ ਧੋਣੇ ਪੈ ਜਾਣਗੇ।’
ਜਦ ਅਸ਼ਵਥਾਮਾ ਭਾਰੇ ਭਾਰੇ ਪੈਰ ਜ਼ਮੀਨ ‘ਤੇ ਮਾਰਦਾ ਤਾਂ ਜ਼ਮੀਨ ਵਿਚ ਟੋਆ ਪੈ ਜਾਂਦਾ। ਮੈਂ ਟੋਏ ਨੂੰ ਪੰਜਿਆਂ ਨਾਲ ਕੁਰੇਦਿਆ, ਮਿੱਟੀ ਹੀ ਮਿੱਟੀ ਸੀ। ਖ਼ੁਸ਼ਕਿਸਮਤੀ ਨਾਲ ਕੁਝ ਰੋੜੇ ਲੱਭ ਪਏ, ਮੈਂ ਪੈਰਾਂ ਵਿਚ ਫੜ੍ਹੇ ਤੇ ਸਿੱਧਾ ਰੁਖ਼ ਘੜੇ ਦਾ ਕੀਤਾ।
ਦਿਨ ਚੜ੍ਹ ਚੁਕਾ ਸੀ। ਕਿਸਾਨ ਖੇਤਾਂ ਵਿਚ ਕੰਮ ਕਰਨ ਜਾ ਚੁੱਕੇ ਸਨ। ਬਲਦ ਹਲਾਂ ਵਿਚ ਜੁੱਟ ਗਏ ਸਨ। ਵਾੜੇ ਵਿਚ ਬਸ ਮੱਝਾਂ ਤੇ ਗਾਂਵਾਂ ਹੀ ਬਾਕੀ ਸਨ।
ਮੈਂ ਮੌਕੇ ਦਾ ਫ਼ਾਇਦਾ ਲਿਆ। ਸਿੱਧਾ ਘੜਵੰਜੀ ‘ਤੇ ਪਏ ਘੜੇ ਕੋਲ ਗਿਆ, ਪੰਜਿਆਂ ਵਿਚ ਫੜ੍ਹੇ ਸਾਰੇ ਰੋੜ ਘੜੇ ਵਿਚ ਸੁੱਟ ਦਿੱਤੇ। ਪਾਣੀ ਕਾਫ਼ੀ ਉਪਰ ਚੜ੍ਹ ਆਇਆ ਸੀ। ਪਰ ਦਿਲ ਡਰ ਰਿਹਾ ਸੀ ਕਿ ਕਿਤੇ ਪਹਿਲਾਂ ਵਾਂਗ ਮੇਰੀ ਚੁੰਝ ਪਾਣੀ ਤੱਕ ਪਹੁੰਚ ਨਾ ਸਕੇ। ਪਰ ਮੇਰੀ ਪਿਆਸ ਨਾਲ ਹਿੰਮਤ ਜਵਾਬ ਦੇ ਚੁੱਕੀ ਸੀ। ਇੰਜ ਲਗਦਾ ਸੀ ਜਿਵੇਂ ਜਾਨ ਲਬਾਂ ‘ਤੇ ਹੋਵੇ। ਜੇ ਪਾਣੀ ਨਾ ਮਿਲਿਆ ਤਾਂ ਜਾਨ ਸ਼ਾਇਦ ਨਾ ਬਚ ਸਕੇ। ਹਿੰਮਤ ਕਰਕੇ ਘੜੇ ਵਿਚ ਦੇਖਿਆ, ਪਾਣੀ ਕਾਫ਼ੀ ਉਪਰ ਆ ਗਿਆ ਸੀ। ਪਰ ਲਗਦਾ ਸੀ ਕਿ ਅਜੇ ਮੇਰੀ ਚੁੰਝ ਦੀ ਪਹੁੰਚ ਤੋਂ ਦੂਰ ਹੈ। ਫਿਰ ਵੀ ਮੈਂ ਸਿਰ ਘੜੇ ਵਿਚ ਵਾੜ ਕੇ ਮਜ਼ਬੂਤੀ ਨਾਲ, ਆਪਣੇ ਪੰਜਿਆਂ ਨਾਲ ਘੜੇ ਦਾ ਗਲ਼ ਥੰਮ ਲਿਆ। ਸਿਰ ਪਾਣੀ ਦੀ ਸਤਹ ਤੋਂ ਥੋੜ੍ਹਾ ਜਿਹਾ ਉਚਾ ਸੀ। ਇਕ ਹੋਰ ਜ਼ੋਰਦਾਰ ਕੋਸ਼ਿਸ਼ ਕੀਤੀ ਤਾਂ ਅੱਧੀ ਚੁੰਝ ਪਾਣੀ ਵਿਚ ਡੁੱਬ ਗਈ।
‘ਹੇ ਮੇਰੇ ਖ਼ੁਦਾ! ਤੇਰਾ ਲੱਖ ਲੱਖ ਸ਼ੁਕਰ ਹੈ।’
ਮੈਂ ਜੀਅ ਭਰ ਕੇ ਪਾਣੀ ਪੀਤਾ ਅਤੇ ਆਪਣੀ ਪਿਆਸ ਬੁਝਾ ਲਈ।
(2)
ਹਾਲ ਤਾਲੀਆਂ ਨਾਲ ਗੂੰਜ ਉਠਿਆ। ਉਰਦੂ ਅਦਬੀ ਕਾਨਫਰੰਸ ਵਿਚ ਮੇਰਾ ਮਜ਼ਮੂਨ ‘ਕਾਂ ਕਿਉਂ ਕੁਰਲਾਉਂਦਾ?’ ਪਹਿਲੇ ਨੰਬਰ ‘ਤੇ ਆਇਆ ਸੀ। ਪ੍ਰਧਾਨ ਸਾਹਿਬ ਸਟੇਜ ‘ਤੇ ਆਏ, ਮੈਨੂੰ ਸੀਨੇ ਨਾਲ ਲਾ ਲਿਆ। ਮੇਰੇ ਸੀਨੇ ‘ਤੇ ‘ਅੱਵਲ ਮਜ਼ਮੂਨ’ ਦਾ ਤਮਗ਼ਾ ਲਟਕਾ ਦਿੱਤਾ ਅਤੇ ਬੋਲੇ, “ਤੇਰਾ ਨਾਮ ਤਾਂ ਸ਼ਹਿਬਾਜ਼ ਹੈ ਪਰ ਤੇਰੀ ਕਹਾਣੀ ਵਿਚ ਕਾਂ ਦੀਆਂ ਸਾਰੀਆਂ ਤਾਕਤਾਂ ਮੌਜੂਦ ਹਨ।”
ਮੈਂ ਬਹੁਤ ਖ਼ੁਸ਼ ਸਾਂ। ਹਮੇਸ਼ਾ ਕਾਂ ਵਾਂਗ ਹੀ ਸੋਚਦਾ ਸਾਂ। ਕਾਂ ਦੇ ਗੁਣਾਂ ਤੋਂ ਬਹੁਤ ਪ੍ਰਭਾਵਿਤ ਸਾਂ। ਆਪਣੇ ਮਹਿਬੂਬ ਆਪਣੇ ਚਾਹੁਣ ਵਾਲਿਆਂ ਦੇ ਇੰਤਜ਼ਾਰ ਦਾ ਸੰਦੇਸ਼ਾ ਕਾਂ ਹੀ ਲਿਆਉਂਦੇ ਸਨ। ਕਾਂ ਦੋ ਦਿਲਾਂ ਨੂੰ ਮਿਲਾਉਂਦੇ ਸਨ।
ਮੈਂ ਕਾਲਜ ਦੇ ਹਾਲ ਵਿਚੋਂ ਇਨਾਮ ਫੜ੍ਹੀ ਖ਼ੁਸ਼ੀ ਖ਼ੁਸ਼ੀ ਘਰ ਜਾ ਰਿਹਾ ਸਾਂ। ਉਰਦੂ ਬਾਜ਼ਾਰ ਵਿਚੋਂ ਹੁੰਦਾ ਹੋਇਆ ਪੈਦਲ ਹੀ ਬਾਦਸ਼ਾਹ ਮਸਜਿਦ ਦੇ ਪਿਛਵਾੜੇ ਇਕ ਸਸਤਾ ਜਿਹਾ ਕਮਰਾ ਕਿਰਾਏ ‘ਤੇ ਲਿਆ ਹੋਇਆ ਸੀ। ਦੂਰ ਤਾਂ ਸੀ ਪਰ ਕਾਲਜ ਦੇ ਨੇੜਲੇ ੇ ਕਮਰੇ ਬਹੁਤ ਮਹਿੰਗੇ ਸਨ।
ਮਸੀਤ ਦੇ ਨੇੜੇ ਪਹੁੰਚਾ ਤਾਂ ਮੈਂ ਦਿਲ ਵਿਚ ਦੁਆ ਮੰਗੀ, ‘ਹੇ ਮੇਰੇ ਪਰਵਰਦਿਗਾਰ! ਤੂੰ ਮੈਨੂੰ ਏਨੀ ਵੱਡੀ ਕਾਮਯਾਬੀ ਬਖ਼ਸ਼ੀ ਹੈ, ਮੇਰੀ ਇਕ ਹੋਰ ਤਮੰਨਾ ਵੀ ਪੂਰੀ ਕਰ ਦੇਹ। ਮੈਂ ਹਮੇਸ਼ਾ ਆਪਣੇ ਆਪ ਨੂੰ ਕਾਂ ਦੇ ਰੂਪ ਵਿਚ ਦੇਖਦਾ ਹਾਂ। ਮੈਨੂੰ ਸੱਚਮੁੱਚ ਕਾਂ ਬਣਾ ਦੇ। ਮੈਨੂੰ ਜਿੰਨੀਆਂ ਵੀ ਸੂਰਤਾਂ ਯਾਦ ਸਨ, ਨਮਾਜ਼ਾਂ ਯਾਦ ਸਨ, ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ।
ਗਿੜਗਿੜਾ ਕੇ ਮਸੀਤ ਦੇ ਬਾਹਰਲੀ ਗਲੀ ‘ਚ ਖ਼ੁਦਾ ਦੇ ਹਜ਼ੂਰ ਝੁਕ ਗਿਆ। ਸ਼ਾਇਦ ਦੁਆ ਕਬੂਲ ਹੋਣ ਦਾ ਹੀ ਵੇਲਾ ਸੀ। ਖ਼ੁਦਾ ਨੇ ਮੇਰੀ ਅਰਜ਼ ਮੰਨ ਲਈ। ਮੇਰੇ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਮੇਰਾ ਸਿਰ ਛੋਟਾ ਹੋਣਾ ਸ਼ੁਰੂ ਹੋ ਗਿਆ। ਨੱਕ ਤੇ ਮੂੰਹ ਆਪਸ ਵਿਚ ਮਿਲਣੇ ਸ਼ੁਰੂ ਹੋ ਗਏ। ਉਪਰਲਾ ਤੇ ਹੇਠਲਾ ਜਬਾੜਾ ਅੱਗੇ ਵੱਲ ਨੂੰ ਵਧਣ ਲੱਗੇ। ਅੱਖਾਂ ਸਾਹਮਣੇ ਦੀ ਬਜਾਏ ਸੱਜੇ-ਖੱਬੇ ਮੁੜਨ ਲੱਗ ਪਈਆਂ, ਜਬਾੜਾ ਬਿਲਕੁਲ ਲੰਬੀ ਕਾਲੀ ਚੁੰਝ ਵਿਚ ਬਦਲ ਗਿਆ ਸੀ। ਬਾਹਾਂ ਸਰੀਰ ਨਾਲ ਲੱਗਣੀਆਂ ਸ਼ੁਰੂ ਹੋ ਗਈਆਂ। ਪੈਰ ਛੋਟੇ ਹੋਣ ਲੱਗੇ ਤੇ ਪੰਜਿਆਂ ਵਿਚ ਬਦਲਣ ਲੱਗੇ। ਮੇਰਾ ਪੂਰਾ ਸਰੀਰ ਕਪੜਿਆਂ ਦੀ ਥਾਂ ਕੁਦਰਤੀ ਲਿਬਾਸ ਦੇ ਕਾਲੇ ਖੰਭਾਂ ਵਿਚ ਛੁਪ ਗਿਆ।
ਮੈਂ ਆਪਣੇ ਆਪ ਨੂੰ ਪੁੱਛਿਆ, “ਕੀ ਮੈਂ ਕਾਂ ਹਾਂ?” ਮੇਰੀ ਆਪਣੀ ਆਵਾਜ਼ ਮੈਨੂੰ ‘ਕਾਂਏਂ ਕਾਂਏਂ ਕਾਂਏਂ ਕੂੰ’ ਸੁਣਾਈ ਦਿੱਤੀ।
ਖ਼ੁਦਾ ਨੇ ਮੇਰੀ ਦੁਆ ਕਬੂਲ ਕਰ ਲਈ ਸੀ। ਮੈਂ ਬਹੁਤ ਖ਼ੁਸ਼ ਸਾਂ। ਹਵਾ ਵਿਚ ਉਡ ਸਕਦਾ ਸਾਂ। ਪੂਰੀ ਦੁਨੀਆਂ ਨੂੰ ਪੰਛੀਆਨਾ ਨਿਗ੍ਹਾ ਨਾਲ ਦੇਖ ਸਕਦਾ ਸਾਂ। ਮੇਰੇ ਵਿਚ ਪੈਗ਼ੰਬਰਾਂ ਵਾਲੀ ਸਿਫ਼ਤ ਅਤੇ ਸਿਆਣਪ ਪੈਦਾ ਹੋ ਗਈ ਸੀ। ਇਹ ਮੇਰੀ ਜ਼ਿੰਦਗੀ ਦਾ ਅਹਿਮ ਦਿਨ ਸੀ।
ਮੇਰਾ ਦਿਲ ਕਹਿ ਰਿਹਾ ਸੀ, ‘ਚੱਲ ਆਪਣੇ ਦੇਸ ਪਰਤ ਚਲੀਏ, ਜਿਥੇ ਮੁਹੱਬਤ ਤੇ ਪਿਆਰ ਹੈ। ਜਿਥੇ ਹੀਰਾਂ, ਰਾਂਝਿਆਂ ਦੀ ਉਡੀਕ ਕਰਦੀਆਂ ਨੇ। ਜਿੱਥੇ ਪਿਆਰ ਹੀ ਪਿਆਰ ਹੈ। ਜਿਥੇ ਧਰਮ, ਨਸਲ, ਸਿਆਸਤ ਦੇ ਨਾਂ ‘ਤੇ ਗਲ਼ ਨਹੀਂ ਵੱਢੇ ਜਾਂਦੇ।’
ਮੈਂ ਆਪਣਾ ਗਾਣਾ ਗਾਉਂਦਾ ਆਪਣੇ ਦੇਸ਼ ਵੱਲ ਉਡਿਆ ਜਾ ਰਿਹਾ ਸਾਂ। ਕਾਲੀ ਸੜਕ ਨੂੰ ਆਪਣੇ ਦੇਸ਼ ਦੀ ਸ਼ਾਹ-ਰਾਹ ਬਣਾਈ ਆਪਣੀ ਮੰਜ਼ਿਲ ਵੱਲ ਜਾ ਰਿਹਾ ਸਾਂ। ਸ਼ਾਹਕੋਟ ਰਾਹ ਵਿਚ ਪੈਂਦਾ ਸੀ।
ਬੱਸਾਂ-ਟਰੱਕਾਂ ਦੇ ਸਟਾਪ ‘ਤੇ ਰੁਕ ਕੇ ਮੈਂ ਸਾਹ ਲਿਆ। ਸੜਕ ਦੇ ਉਸ ਪਾਰ ਕੁਝ ਰੰਗ-ਬਰੰਗੇ ਟੈਂਟ ਦੇਖੇ। ਧੂੰਆਂ ਵੀ ਉਠਦਾ ਨਜ਼ਰ ਆਇਆ। ਸੋਚਿਆ, ‘ਚਲੋ, ਕੁਝ ਖਾ ਪੀ ਲਿਆ ਜਾਵੇ।’
ਜਦ ਕੋਲ ਗਿਆ ਤਾਂ ਹਜ਼ਾਰਾਂ ਦਾ ਮਜਮਾ ਸੀ। ਦੋ ਗਰੁਪਾਂ ਵਿਚ ਲੋਕ ਬੈਠੇ ਸਨ।
ਸਟੇਜ ‘ਤੇ ਲੰਮੀਆਂ ਦਾੜੀਆਂ ਵਾਲੇ ਸਿਰ ‘ਤੇ ਪੱਗਾਂ ਬੰਨ੍ਹੀ ਮੁਹਤਬਰ ਲੋਕ ਬੈਠੇ ਸਨ। ਮੇਜ਼ ‘ਤੇ ਇਕ ਵੱਡੀ ਪਲੇਟ ਵਿਚ ਕਾਂ, ਅੱਧ-ਕਟੀ ਗਰਦਨ, ਖ਼ੂਨ ਵਿਚ ਲੱਥ-ਪੱਥ ਪਿਆ ਸੀ। ਮੌਲਾਨਾ ਸਾਹਿਬ ਬੜੇ ਜ਼ੋਰ ਨਾਲ ਲਾਊਡ ਸਪੀਕਰ ‘ਤੇ ਦਲੀਲਾਂ ਦੇ ਰਹੇ ਸਨ, “ਅੱਜ ਅਸੀਂ ਸਾਰੇ ਇਸ ਲਈ ਇਕੱਠੇ ਹੋਏ ਹਾਂ ਕਿ ਅਸੀਂ ਇਸਲਾਮ ਨੂੰ ਸਹੀ ਤਰੀਕੇ ਨਾਲ ਲਾਗੂ ਕਰਨਾ ਹੈ। ਇਹ ਸਾਬਿਤ ਕਰਨਾ ਹੈ ਕਿ ਕੀ ਕਾਂ ਹਲਾਲ ਹੈ ਜਾਂ ਹਰਾਮ। ਅਗਰ ਇਹ ਹਰਾਮ ਹੈ ਤਾਂ ਅਸੀਂ ਹਰਾਮ ਖਾ ਲਿਆ ਹੈ। ਸਾਡੀ ਔਲਾਦ ਹਰਾਮੀ ਹੋਵੇਗੀ।”
ਮੈਂ ਜਦ ਗ਼ੌਰ ਨਾਲ ਦੇਖਿਆ ਤਾਂ ਮੋਹਰੀ ਮੌਲਾਣਿਆ ਨੂੰ ਪਹਿਚਾਣ ਲਿਆ। ਇਕ ਮੁਲਾਂ ਦਾ ਸ਼ਾਹੂ ਦੀ ਗੜ੍ਹੀ ਵਿਚ ਮਿਰਚਾਂ ਦਾ ਕਾਰੋਬਾਰ ਸੀ। ਮੈਂ ਕਈ ਵਾਰ ਉਸ ਨੂੰ ਮਿਰਚਾਂ ਵਿਚ ਪੀਸੀਆਂ ਇੱਟਾਂ ਮਿਲਾਉਂਦੇ ਦੇਖਿਆ ਸੀ। ਹਾਂ, ਦੂਸਰੇ ਮੁਲਾਂ ਦਾ ਤਾਂ ਡੀਜ਼ਲ ਦਾ ਧੰਦਾ ਹੈ। ਕਈ ਵਾਰ ਮੈਂ ਉਸ ਨੂੰ ਡੀਜ਼ਲ ਵਿਚ ਮਿੱਟੀ ਦੇ ਤੇਲ ਮਿਲਾਉਂਦਿਆਂ ਦੇਖਿਆ ਸੀ। ਹਾਂ, ਔਹ ਮੌਲਾਣਾ ਤਾਂ ਦਵਾਈਆਂ ਦਾ ਵਪਾਰ ਕਰਦਾ ਹੈ। ਦਵਾ ਦੀ ਥਾਂ ਪਾਣੀ ਦੇ ਟੀਕੇ ਵੇਚਦਾ ਸੀ।
ਕੀ ਮਿਲਾਵਟ ਦੀ ਕਮਾਈ ‘ਚੋਂ ਆਈ ਦੌਲਤ ਹਰਾਮ ਨਹੀਂ? ਕੀ ਇਸ ਕਮਾਈ ਨਾਲ ਉਨ੍ਹਾਂ ਦੇ ਹਰਾਮੀ ਬੱਚੇ ਪੈਦਾ ਨਹੀਂ ਹੁੰਦੇ?
ਥੋੜ੍ਹੀ ਦੇਰ ਬਾਅਦ ਝਗੜਾ ਸ਼ੁਰੂ ਹੋ ਗਿਆ। ਕਲਾਸ਼ਨੀਕੋਵਾਂ ਦੇ ਮੂੰਹ ਖੁੱਲ੍ਹ ਗਏ। ਕਈ ਬੇਗੁਨਾਹ ਮਾਰੇ ਗਏ। ਮੈਂ ਜਾਨ ਬਚਾ ਕੇ ਉਥੋਂ ਉਡਿਆ। ਰਾਹ ਵਿਚ ਖ਼ਿਆਲ ਆਇਆ, ‘ਕੀ ਮੈਂ ਹਲਾਲ ਹਾਂ ਜਾਂ ਹਰਾਮ?’
ਮੇਰੀਆਂ ਅੱਖਾਂ ਵਿਚ ਦੋ ਮੋਟੇ-ਮੋਟੇ ਹੰਝੂ ਟਪਕੇ। ਹੰਝੂ ਕਹਿ ਰਹੇ ਸਨ, “ਜੇ ਤੂੰ ਹਲਾਲ ਏਂ ਤਾਂ ਸਾਰੇ ਲੋਕ ਤੈਨੂੰ ਮਾਰ ਕੇ ਖਾ ਜਾਣਗੇ। ਜੇ ਤੂੰ ਹਰਾਮ ਏਂ ਤਾਂ ਜੰਨਤ ਦੇ ਦਰਵਾਜ਼ੇ ਤੇਰੇ ਲਈ ਬੰਦ ਹਨ।”