ਚੀਨ ਹੁਣ ਨਾਂ ਦਾ ਹੀ ਕਾਮਰੇਡ

ਹਾਲ ਹੀ ਵਿਚ ਆਏ ਚੀਨੀ ਮੰਦੇ ਨੇ ਸੰਸਾਰ ਭਰ ਵਿਚ ਉਥਲ-ਪੁਥਲ ਮਚਾਈ ਹੈ। ਧੜਾ-ਧੜ ਕਰਜ਼ਾ ਲੈਣ ਦੀ ਨੀਤੀ ਨੇ ਚੀਨੀ ਆਰਥਿਕਤਾ ਨੂੰ ਇਕ ਵਾਰ ਤਾਂ ਮੂਧੇ ਮੂੰਹ ਲਿਆ ਸੁੱਟਿਆ ਹੈ। ਪਹਿਲਾਂ ਦੱਖਣੀ ਅਮਰੀਕਾ ਅਤੇ ਹੁਣ ਚੀਨ ਨੂੰ ਲੱਗੇ ਇਸ ਵੱਡੇ ਧੱਫੇ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਪੂੰਜੀਵਾਦੀ ਵਿਕਾਸ ਦਾ ਪੱਛਮੀ ਮਾਡਲ ਅੱਜ ਦੇ ਹਾਲਾਤ ਦੇ ਉਕਾ ਹੀ ਅਨੁਕੂਲ ਨਹੀਂ ਹੈ। ਅਸਲ ਵਿਚ ਪੱਛਮੀ ਵਿਕਾਸ ਦੇ ਮੁਕਾਬਲੇ ਚੀਨ ਵਿਚ ਜਿਹੜਾ ਆਪਣਾ ਮਾਡਲ ਖੜ੍ਹਾ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ,

ਉਹ ਮਾਓ ਦੀ ਮੌਤ ਤੋਂ ਬਾਅਦ 1970ਵਿਆਂ ਦੇ ਮੱਧ ਵਿਚ ਲੀਡਰਸ਼ਿਪ ਵਿਚ ਆਈ ਵੱਡੀ ਤਬਦੀਲੀ ਕਾਰਨ ਉਲਟੇ ਰੁਖ਼ ਚੱਲ ਪਿਆ ਸੀ। ਕੱਲ੍ਹ ਤੱਕ ਪ੍ਰਚਾਰ ਇਹੀ ਕੀਤਾ ਗਿਆ ਜਾਂ ਹੋਇਆ ਕਿ ਸੰਸਾਰ ਆਰਥਿਕਤਾ ਵਿਚ ਚੀਨ ਦੀ ਚੜ੍ਹਤ ਲੀਡਰਸ਼ਿਪ ਵਿਚ ਇਸ ਤਬਦੀਲੀ ਕਰ ਕੇ ਹੀ ਸੰਭਵ ਹੋਈ ਹੈ। ਇਸ ਵੱਡੀ ਉਥਲ-ਪੁਥਲ ਤੋਂ ਕੁਝ ਕੁ ਮਹੀਨੇ ਪਹਿਲਾਂ ਪੱਤਰਕਾਰ/ਲੇਖਕ ਸਿੱਧੂ ਦਮਦਮੀ, ਚੀਨ ਵਿਚ ਥੋੜ੍ਹੇ ਸਮੇਂ ਲਈ ਰੁਕੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਚੀਨ ਬਾਰੇ ਕੀ ਕੁਝ ਮਹਿਸੂਸ ਕੀਤਾ, ਇਸ ਦਾ ਖੁਲਾਸਾ ਉਨ੍ਹਾਂ ਆਪਣੇ ਇਸ ਲੇਖ ਵਿਚ ਕੀਤਾ ਹੈ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। -ਸੰਪਾਦਕ

ਸਿੱਧੂ ਦਮਦਮੀ
ਸੰਪਰਕ: (ਅਮਰੀਕਾ) 626-400-3567
ੱਹਅਟਸਅਪਪ: +91-94170-13869
ਕੁਝ ਕੁ ਮਹੀਨੇ ਪਹਿਲਾਂ ਕੁਝ ਪਲਾਂ ਲਈ ਥੋੜ੍ਹੀ ਜਿਹੀ ਵਿੱਥ ਤੋਂ ਮੈਨੂੰ ਕਾਮਰੇਡ ਮਾਓ ਜ਼ੇ ਤੁੰਗ ਨੂੰ ਵੇਖਣ ਦਾ ਮੌਕਾ ਮਿਲਿਆ। ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਮੋਢੀ ਦੀ ਦੇਹ ਚੀਨ ਦੀ ਰਾਜਧਾਨੀ ਬੀਜਿੰਗ ‘ਚ ਪਿਛਲੇ ਚਾਲੀ ਸਾਲਾਂ ਤੋਂ ਸਾਂਭੀ ਹੋਈ ਹੈ।
ਬੀਜਿੰਗ ਦੀ ਧੁੰਨੀ ਵਿਚ ਸਥਿਤ ਵਿਸ਼ਾਲ ਤਿਨਾਨਮਿਨ ਚੌਗਾਨ ਦੇ ਦੱਖਣੀ ਪਾਸੇ ਉਸਾਰੇ ਗਏ ਮਕਬਰੇ ‘ਚ ਰੱਖੀ ਮਾਓ ਦੀ ਦੇਹ ਨੂੰ ਵੇਖਣ ਲਈ ਕੀੜੀ ਦੀ ਚਾਲੇ ਤੁਰ ਰਹੇ ਚੀਨੀਆਂ ਤੇ ਵਿਦੇਸ਼ੀ ਸੈਲਾਨੀਆਂ ਦੀ ਲੰਬੀ ਕਤਾਰ ਵਿਚ ਉਸ ਦਿਨ ਮੈਂ ਵੀ ਸ਼ਾਮਲ ਸਾਂ। ਜੇ ਕੋਈ ਯਾਤਰੂ ਹਥੌੜਾ-ਦਾਤੀ ਦੇ ਨਿਸ਼ਾਨ ਵਾਲੇ ਲਾਲ ਦੁਸ਼ਾਲੇ ‘ਚ ਹਿੱਕ ਤਕ ਲਪੇਟੀ ਮਾਓ ਦੀ ਦੇਹ ਦੇ ਭਰਵੇਂ ਦਰਸ਼ਨ ਕਰਨ ਲਈ ਦੇਹ ਕੋਲ ਜਾ ਕੇ ਰੁਕਣ ਦੀ ਕੋਸ਼ਿਸ਼ ਕਰਦਾ ਤਾਂ ਮੌਕੇ ‘ਤੇ ਤਾਇਨਾਤ ਸਿਪਾਹੀ ਝੱਟ ਹਲਕਾ ਜਿਹਾ ਧੱਕਾ ਮਾਰ ਕੇ ਉਸ ਨੂੰ ਅੱਗੇ ਤੁਰਦੇ ਰਹਿਣ ਲਈ ਮਜਬੂਰ ਕਰ ਦਿੰਦੇ। ਮੇਰੇ ਨਾਲ ਵੀ ਇੰਜ ਹੀ ਹੋਇਆ। ਅਸਲ ਵਿਚ ਮਾਓ ਦੀ ਦੇਹ ਨੂੰ ਨੇੜਿਓਂ ਵੇਖਣ ਲਈ ਸੁਣੀ-ਸੁਣਾਈ ਇਹ ਗੱਲ ਵੀ ਮੈਨੂੰ ਉਤਸੁਕ ਕਰ ਰਹੀ ਸੀ ਕਿ ਜੋ ਸੰਸਾਰ ਨੂੰ ਵਿਖਾਇਆ ਜਾ ਰਿਹਾ ਹੈ, ਉਹ ਮਾਓ ਦੀ ਦੇਹ ਨਹੀਂ, ਸਗੋਂ ਮੰਮੀ ਬਣਾ ਕੇ ਸਾਂਭੀ ਗਈ ਉਸ ਦੀ ਦੇਹ ਵਾਲੇ ਬਕਸੇ ਉਪਰ ਪਾਰਦਰਸ਼ੀ ਤਾਬੂਤ ‘ਚ ਟਿਕਾਇਆ ਗਿਆ ਮੋਮ ਦਾ ਬੁੱਤ ਹੈ, ਪਰ ਦਰਸ਼ਕਾਂ ਨੂੰ ਤਾਬੂਤ ਕੋਲੋਂ ਜਿੰਨੀ ਦੂਰੋਂ ਲੰਘਾਇਆ ਜਾ ਰਿਹਾ ਸੀ, ਓਨੀ ਦੂਰੋਂ ਦਰਸ਼ਕ ਲਈ ਇਸ ਗੱਲ ਦਾ ਨਿਰਣਾ ਕਰਨਾ ਮੁਸ਼ਕਿਲ ਸੀ।
ਮੇਰੀ ਇਸ ਬੀਜਿੰਗ ਯਾਤਰਾ ਦਾ ਸਬੱਬ ਅਚਾਨਕ ਉਦੋਂ ਬਣ ਗਿਆ, ਜਦੋਂ ਅਮਰੀਕਾ ਤੋਂ ਭਾਰਤ ਦੀ ਮੇਰੀ ਸਾਲਾਨਾ ਗੇੜੀ ਲਈ ਢੁਕਵੀਂ ਹਵਾਈ ਟਿਕਟ ਖਰੀਦਣ ਲਈ ਮੇਰਾ ਪੁੱਤਰ ਸਤਵਿੰਦਰ ਇੰਟਰਨੈਟ ਫਰੋਲ ਰਿਹਾ ਸੀ। ਏਅਰ ਚਾਈਨਾ ਦੀ ਲਾਸ ਏਂਜਲਸ-ਨਵੀਂ ਦਿੱਲੀ ਜਾਣ ਵਾਲੀ ਫਲਾਈਟ ਰਸਤੇ ਵਿਚ ਬੀਜਿੰਗ ਵਿਖੇ ਲਗਭਗ ਬਾਰਾਂ-ਤੇਰ੍ਹਾਂ ਘੰਟੇ ਰੁਕਣੀ ਸੀ ਤੇ ਅਜਿਹੀ ਫਲਾਈਟ ਰਾਹੀਂ ਯਾਤਰਾ ਕਰਨ ਵਾਲੇ ਮੁਸਾਫਰਾਂ ਨੂੰ ਇਸ ਬਰੇਕ ਦੌਰਾਨ ਬੀਜਿੰਗ ਅਤੇ ਇਸ ਦਾ ਆਲਾ-ਦੁਆਲਾ ਵੇਖਣ ਲਈ ਚੀਨ ਸਰਕਾਰ 17 ਘੰਟੇ ਦਾ ਵੀਜ਼ਾ ਮੌਕੇ ‘ਤੇ ਹੀ ਦੇ ਦਿੰਦੀ ਹੈ। ਸੋ ਮੌਕਾ ਸੁੰਘ ਕੇ ਪਿਛਲੇ ਕਈ ਵਰ੍ਹਿਆਂ ਤੋਂ ਨਵੇਂ ਚੀਨ ਨੂੰ ਵੇਖਣ ਦੀ ਦੱਬੀ ਪਈ ਮੇਰੀ ਹਸਰਤ ਉਠ ਖੜ੍ਹੀ ਹੋਈ ਤੇ ਮੇਰੇ ਲਈ ਇਹ ਫਲਾਈਟ ਬੁੱਕ ਹੋ ਗਈ।
ਉਂਜ ਚੀਨ ਦਾ ਦੱਖਣੀ ਸੂਬਾ ਗੰਗਡਾਓ ਜਿਸ ਨੂੰ ਵਿਸ਼ੇਸ਼ ਆਰਥਿਕ ਜ਼ੋਨ ਬਣਾ ਕੇ ਚੀਨ ਦੀ ਕਮਿਊਨਿਸਟ ਸਰਕਾਰ ਨੇ ਸਭ ਤੋਂ ਪਹਿਲਾਂ ਸੀਮਤ ਰੂਪ ‘ਚ ਪ੍ਰਾਈਵੇਟ ਵਪਾਰ ਕਰਨ ਤੇ ਪ੍ਰਾਈਵੇਟ ਸੰਪਤੀ ਰੱਖਣ ਦੀ ਇਜਾਜ਼ਤ ਦਿੱਤੀ ਸੀ, ਮੈਂ ਕਈ ਵਰ੍ਹੇ ਪਹਿਲਾਂ ਵੇਖ ਚੁੱਕਾ ਸਾਂ, ਪਰ ਇਸ ਦੌਰਾਨ ਸੰਸਾਰ ਆਰਥਿਕ ਮੰਦਵਾੜੇ ਦੇ ਬਾਵਜੂਦ, ਨਾ ਕੇਵਲ ਚੀਨ ਸੰਸਾਰ ਦੀ ਚੋਟੀ ਦੀ ਆਰਥਿਕ ਤੇ ਫੌਜੀ ਤਾਕਤ ਬਣ ਕੇ ਉਭਰਿਆ, ਸਗੋਂ ਅਮਰੀਕਾ ਸਮੇਤ ਲਗਭਗ ਅੱਧੀ ਦੁਨੀਆਂ ਨੂੰ ਇਸ ਨੇ ਆਪਣਾ ਕਰਜ਼ਈ ਵੀ ਬਣਾ ਲਿਆ ਹੈ। ਮੈਨੂੰ ਇਹ ਜਾਨਣ ਦੀ ਉਤਸੁਕਤਾ ਸੀ ਕਿ ਅਜਿਹਾ ਕਰਦਿਆਂ ਕੀ ਚੀਨ ਹੁਣ ਕੇਵਲ ਨਾਂ ਦਾ ਹੀ ‘ਕਾਮਰੇਡ ਮੁਲਕ’ ਰਹਿ ਗਿਆ ਹੈ?
ਬੀਜਿੰਗ ਏਅਰਪੋਰਟ ਦੇ ਬਾਹਰ ਪ੍ਰਾਈਵੇਟ ਟੈਕਸੀਆਂ ਦਾ ਤਾਂਤਾ ਲੱਗਿਆ ਹੋਇਆ ਸੀ। ਕੁਝ ਹੋਰਨਾਂ ਮੁਲਕਾਂ ਵਾਂਗ ਗਾਹਕਾਂ ਦੀ ਖਿੱਚ-ਖਿਚਾਈ ਤੇ ਸੌਦੇਬਾਜ਼ੀ ਚੱਲ ਰਹੀ ਸੀ। ਗੁਜ਼ਾਰੇਯੋਗ ਅੰਗਰੇਜ਼ੀ ਬੋਲਣ ਵਾਲੇ ਤੀਹ ਕੁ ਵਰ੍ਹਿਆਂ ਦੇ ਇਕ ਨੌਜੁਆਨ ਟੈਕਸੀ ਚਾਲਕ ਨੂੰ ਮੈਂ ਚੁਣ ਲਿਆ। ਹਵਾਈ ਅੱਡੇ ਤੋਂ ਟੈਕਸੀ ਦੇ ਸੜਕ ‘ਤੇ ਪੈਂਦਿਆ ਹੀ ਮੈਂ ਡਰਾਈਵਰ ‘ਤੇ ਸੁਆਲ ਦਾਗਣੇ ਸ਼ੁਰੂ ਕਰ ਦਿੱਤੇ। ਉਹ ਕੁਝ ਸੁਆਲਾਂ ਦੇ ਜੁਆਬ ਦਿੰਦਾ, ਕਈਆਂ ਦੇ ਵਿਸਥਾਰ ਵਿਚ ਵੀ, ਪਰ ਕਈਆਂ ‘ਤੇ ਚੁੱਪ ਧਾਰ ਜਾਂਦਾ। ਹੁੰਗਾਰਾ ਵੀ ਨਾ ਭਰਦਾ। ਉਸ ਵਲੋਂ ਪੁਣ-ਪੁਣ ਕੇ ਬੋਲੇ ਸ਼ਬਦਾਂ ਤੋਂ ਸਪਸ਼ਟ ਹੁੰਦਾ ਸੀ ਕਿ ਉਸ ਦੇ ਉਮਰ-ਵਰਗ ਦੇ ਚੀਨ ‘ਚ ਮਾਓ ਸਿਆਸੀ ਸਿਧਾਂਤ ਨਹੀਂ, ਕੇਵਲ ਸਿਆਸੀ ਰਸਮ ਬਣ ਕੇ ਰਹਿ ਗਿਆ ਸੀ। ਚੀਨੀ ਹੁਣ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਤੇ ਜਮਹੂਰੀ ਮੁਲਕਾਂ ਵਾਂਗ, ਇਸ ਦੇ ਨਫੇ-ਨੁਕਸਾਨ ਲਈ ਵੀ ਉਹ ਖੁਦ ਜ਼ਿੰਮੇਵਾਰ ਹਨ। ਉਹ ਪ੍ਰਾਈਵੇਟ ਪੂੰਜੀ ਜਮ੍ਹਾਂ ਕਰ ਸਕਦੇ ਹਨ ਤੇ ਜਾਇਦਾਦ ਬਣਾ ਸਕਦੇ ਹਨ। ਹੁਣ ਪਹਿਲਾਂ ਵਾਂਗ ਕਾਰ ਰੱਖਣਾ ਕੇਵਲ ਉਚ ਸਰਕਾਰੀ ਅਫਸਰਾਂ ਦਾ ਹੀ ਹੱਕ ਨਹੀਂ ਰਿਹਾ, ਆਮ ਸ਼ਹਿਰੀ ਵੀ ਕਾਰਾਂ ਰੱਖਦੇ ਹਨ। ਟੈਕਸੀ ਵਜੋਂ ਚਲ ਰਹੀ ਲਗਜ਼ਰੀ ਕਾਰ ਟੋਇਟਾ ਕੈਮਰੀ ਕਾਰ ਵੀ ਸਰਕਾਰ ਦੀ ਨਹੀਂ ਸਗੋਂ ਚਾਲਕ ਦੀ ਆਪਣੀ ਸੀ, ਪਰ ਦੂਜੇ ਬੱਚੇ ਨਾਲ ਗਰਭਵਤੀ ਔਰਤਾਂ ਨੂੰ ਹਾਲੀ ਵੀ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਮਨੁੱਖੀ ਅਧਿਕਾਰਾਂ ਦਾ ਮਸਲਾ ਹਾਲੀ ਵੀ ਉਠਦਾ ਹੈ ਤੇ ਫੜੇ ਜਾਣ ‘ਤੇ ਸ਼ਹਿਰੀਆਂ ਨੂੰ ਪੁਲਿਸ ਪਹਿਲਾਂ ਵਾਂਗ ਤਸੀਹੇ ਵੀ ਦਿੰਦੀ ਹੈ।
ਬੰਦ ਦਰਵਾਜ਼ਿਆਂ ਪਿਛੇ ਹੀ ਸਹੀ, ਹੁਣ ਸਰਕਾਰ ਦੀ ਆਲੋਚਨਾ ਹੁੰਦੀ ਹੈ। ਹਾਲੀ ਵੀ ਭਾਵੇਂ ਅਰਥਚਾਰੇ ‘ਤੇ ਸਰਕਾਰ ਦਾ ਪੂਰਾ ਕੰਟਰੋਲ ਹੈ, ਪਰ ਇਹ ਹੌਲੀ ਹੌਲੀ ਘਟਦਾ ਜਾ ਰਿਹਾ ਹੈ। ਹਾਲੀ ਵੀ ਭਾਵੇਂ ਪਾਰਟੀ ਸਰਕਾਰ ‘ਤੇ ਕਾਬਜ਼ ਹੈ, ਪਰ ਮਾਓ ਕਾਲ ਵਾਂਗ ਇਹ ਇਕ ਦੇ ਹੱਥ ਵਿਚ ਨਹੀਂ ਤੇ ਨਾ ਹੀ ਕੋਈ ਵਰਤਮਾਨ ਲੀਡਰ ਮਾਓ ਵਾਂਗ ਜਨਤਾ ਦੀ ਅਟੱਲ ਸ਼ਰਧਾ ਦਾ ਮਾਲਕ ਹੈ।
ਬੀਜਿੰਗ ਵਿਚ ਘੁੰਮਣ ਤੋਂ ਪਹਿਲਾਂ ਬਹੁਤੇ ਸੈਲਾਨੀਆਂ ਵਾਂਗ ਮੇਰਾ ਇਰਾਦਾ ਵੀ ਚੀਨ ਦੀ ਮਹਾਨ ਕੰਧ ਵੇਖਣ ਦਾ ਸੀ। ਬੀਜਿੰਗ ਵਿਚ ਇਸ ਕੰਧ ਦੇ ਤਿੰਨ ਟੋਟੇ ਪੈਂਦੇ ਹਨ। ਮੁਤੀਆਨਯੂ ਵਾਲਾ ਟੋਟਾ ਹਵਾਈ ਅੱਡੇ ਤੋਂ ਇਕ ਘੰਟੇ ਦੀ ਦੂਰੀ ‘ਤੇ ਸੀ ਜੋ ਮੇਰੇ ਟਾਈਮ-ਟੇਬਲ ਵਿਚ ਠੀਕ ਬੈਠਦਾ ਸੀ। ਟੈਕਸੀ ‘ਚ ਕੰਧ ਵੱਲ ਜਾਂਦਿਆ ਮੇਰੀਆਂ ਅੱਖਾਂ ਚੀਨੀ ਦਿਹਾਤ ਦਾ ਸੀਨ ਲਭ ਰਹੀਆਂ ਸਨ। ਕਾਲਜ ਵੇਲੇ ਪਰਲ ਐਸ਼ ਬੱਕ ਦੇ ਨਾਵਲਾਂ ਰਾਹੀਂ ਅਤੇ ਫਿਰ ਮਾਓ ਦੇ ਸਮੇਂ ਮੀਡੀਏ ਰਾਹੀਂ ਖੇਤਾਂ ‘ਚ ਕੰਮ ਕਰਦੇ ਮਰੀੜੇ ਚੀਨੀ ਕਿਸਾਨਾਂ ਦੇ ਅਕਸ ਮੇਰੇ ਮਨ ਵਿਚ ਹੁਣ ਵੀ ਅੰਕਿਤ ਸਨ, ਪਰ ਮੇਰੀ ਕਲਪਨਾ ਨਾਲ ਮੇਲ ਖਾਂਦਾ ਦਿਹਾਤ ਹੁਣ ਉਥੇ ਨਹੀਂ ਸੀ। ਫਸਲਾਂ ਦੀ ਥਾਂ ਸਟੀਲ ਤੇ ਸੀਮਿੰਟ ਦੀਆਂ ਜਿਸ ਕਿਸਮ ਦੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਸਨ, ਉਨ੍ਹਾਂ ਤੋਂ ਇਹ ਦਿਹਾਤ ਦੀ ਥਾਂ ਮਿਲਟਰੀ ਦਾ ਉਦਯੋਗਿਕ ਹਲਕਾ ਜਾਪ ਰਿਹਾ ਸੀ।
ਟੂਰਿਸਟ ਗਾਈਡ ਮੁਤਾਬਕ ਇਤਿਹਾਸਕ ਕੰਧ ਦੇ ਦੂਜੇ ਟੋਟਿਆਂ ਦੇ ਮੁਕਾਬਲੇ ਮੁਤੀਆਨਯੂ ਵਾਲਾ ਟੋਟਾ ਇਸ ਦੇ ਕਦੀਮੀ ਰੂਪ ਵਿਚ ਸਾਂਭਿਆ ਹੋਇਆ ਹੈ। ਆਪਣੀ ਪਰਜਾ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਉਣ ਲਈ ਸਭ ਤੋਂ ਪਹਿਲਾਂ ਇਹ ਕੰਧ ਚੀਨ ਦੇ ਮਹਾਰਾਜੇ ਸ਼ਿਹ ਹੂਆਂਗ ਨੇ 230 ਈਸਵੀ ‘ਚ ਬਣਾਉਣੀ ਅਰੰਭ ਕੀਤੀ ਸੀ। ਉਸ ਪਿਛੋਂ ਆਉਣ ਵਾਲੇ ਮਹਾਰਾਜੇ ਇਸ ਨੂੰ ਅਗਾਂਹ ਤੋਂ ਅਗਾਂਹ ਉਸਾਰਦੇ ਚਲੇ ਗਏ।
ਰੌਚਕ ਗੱਲ ਇਹ ਕਿ ਮੁਲਕ ਦੁਆਲੇ ਕੰਧਾਂ ਵਲਣ ਦੀ ਚੀਨ ਦੀ ਸਾਮਰਾਜੀ ਰਵਾਇਤ ਇਕ ਤਰ੍ਹਾਂ ਨਾਲ ਕਮਿਊਨਿਸਟ ਰਾਜ ਵਿਚ ਵੀ ਜਾਰੀ ਰਹੀ। ਇਹ ਦੂਜੀ ਗੱਲ ਹੈ ਕਿ ਮਾਓ ਨੇ ਇੱਟਾਂ-ਸੀਮਿੰਟ ਦੀ ਥਾਂ ਫੌਜੀ ਤੇ ਪ੍ਰਸ਼ਾਸਨਿਕ ਬੰਦਿਸ਼ਾਂ ‘ਤੇ ਆਧਾਰਿਤ ਅਜਿਹੀ ਅਦਿੱਖ ਕੰਧ ਉਸਾਰੀ ਸੀ ਜਿਸ ਨੂੰ ‘ਲੋਹ-ਪਰਦਾ’ ਕਿਹਾ ਗਿਆ। ਇਸ ਦਾ ਮਕਸਦ ਚਕਾਚੌਂਧ ਵਾਲੇ ਪੱਛਮੀ ਸੰਸਾਰ ਦੇ ਸਭਿਆਚਾਰਕ ਹਮਲੇ ਤੇ ਮੰਡੀ ਦੀ ਖਿੱਚ ਤੋਂ ਚੀਨੀ ਜਨਤਾ ਨੂੰ ਬਚਾਅ ਕੇ ਰੱਖਣਾ ਸੀ, ਪਰ ਮਾਓ ਦੇ ਉਲਟ ਉਸ ਦੇ ਉਤਰ-ਅਧਿਕਾਰੀ ਡੇਂਗ ਜ਼ਾਓ ਪਿੰਗ ਨੇ ਇਸ ਲੋਹ-ਪਰਦੇ ਵਿਚੋਂ ਬਾਹਰ ਨੂੰ ਤੇ ਅੰਦਰ ਨੂੰ ਖੁੱਲ੍ਹਣ ਵਾਲੇ ਬੂਹੇ ਕੱਢਣੇ ਸ਼ੁਰੂ ਕਰ ਦਿੱਤੇ। ਚੀਨ ਦੇ 2001 ਵਿਚ ‘ਵਰਲਡ ਟਰੇਡ ਆਰਗੇਨਾਈਜੇਸ਼ਨ’ ਵਿਚ ਸ਼ਾਮਲ ਹੋਣ ਨਾਲ ਲੋਹ-ਪਰਦੇ ਵਿਚ ਬੂਹੇ ਕੱਢਣ ਦੀ ਪ੍ਰਕਿਰਿਆ ਜ਼ੋਰ ਫੜ ਗਈ। ਇਸ ਦੇ ਨਤੀਜੇ ਵਜੋਂ ਚੀਨ ਵਿਚ ਗੂਗਲ, ਮੈਕਡੋਨਲਡ, ਮਾਈਕਰੋਸਾਫਟ ਜਿਹੀਆਂ ਅਮਰੀਕੀ ਤੇ ਕਈ ਹੋਰ ਬਹੁ-ਮੁਲਕੀ ਕੰਪਨੀਆਂ ਨੂੰ ਵਪਾਰਕ ਦਾਖਲਾ ਮਿਲ ਗਿਆ ਪਰ ਇਸ ਦੇ ਮੁਕਾਬਲੇ ਚੀਨ ਦੇ ਹਰ ਭਾਂਤ ਦੇ ਉਤਪਾਦਨ ਦਾ ਲਗਭਗ ਹਰ ਮੁਲਕ ਦੀ ਘਰੋਗੀ ਮੰਡੀ ‘ਚ ਰੇੜ੍ਹੀ ਮਾਰਕਿਟ ਤੋਂ ਲੈ ਕੇ ਸੁਪਰ ਮਾਲਾਂ ਤਕ ਬੋਲਬਾਲਾ ਹੋ ਗਿਆ। ਹਜ਼ਾਰਾਂ ਸ਼ਹਿਰਾਂ ਵਿਚ ਨਿਰੋਲ ਚੀਨੀ ਵਸੋਂ ਵਾਲੇ ‘ਚਾਈਨਾ ਟਾਊਨ’ ਕਾਇਮ ਹੋ ਗਏ। ਚੀਨੀਆਂ ਦੀ ਵਪਾਰਕ ਬਿਰਤੀ ਵਾਲੀ ਨਵੀਂ ਪੀੜ੍ਹੀ ਦੁਨੀਆਂ ਦੇ ਵਪਾਰ ‘ਤੇ ਛਾ ਜਾਣ ਲਈ ਅੰਗਰੇਜ਼ੀ ਵਿਚ ਮੁਹਾਰਤ ਹਾਸਲ ਕਰਨ ਲੱਗੀ ਤੇ ਵਿਸ਼ਵ ਵਪਾਰ ‘ਤੇ ਚੀਨ ਦੀ ਪਕੜ ਵੇਖ ਦੂਜੀਆਂ ਭਾਸ਼ਾਵਾਂ ਵਾਲੇ ਵਪਾਰੀ ਚੀਨੀ ਸਿੱਖਣ ਲਈ ਲਟਾਪੀਂਘ ਹੋਣ ਲੱਗੇ। ਇਸ ਪੱਖ ਤੋਂ ਹਾਂਡੀ ਵਿਚੋਂ ਦਾਣਾ ਟੋਹਣ ਵਾਂਗ ਕੈਲੀਫੋਰਨੀਆ ਦੇ ਕੇਵਲ ਇਕ ਸਦੀ ਪੁਰਾਣੇ ਸ਼ਹਿਰ ਆਰਕੇਡੀਆ, ਜਿਥੇ ਮੈਂ ਅੱਜ ਕਲ੍ਹ ਰਹਿੰਦਾ ਹਾਂ, ਦੀ ਗੱਲ ਕੀਤੀ ਜਾ ਸਕਦੀ ਹੈ। ਤਿੰਨ-ਚਾਰ ਦਹਾਕੇ ਪਹਿਲਾਂ ਇਸ ਨਗਰ ਵਿਚ ਗੋਰਿਆਂ ਦੀ ਤੂਤੀ ਬੋਲਦੀ ਸੀ, ਪਰ ਹੁਣ ਇਥੇ ਨਾ ਕੇਵਲ ਚੀਨੇ ਬਹੁ-ਸੰਮਤੀ ਵਿਚ ਹਨ ਸਗੋਂ ਬਹੁਤੀ ਜਾਇਦਾਦ ਅਤੇ ਬਾਜ਼ਾਰ ‘ਤੇ ਵੀ ਉਨ੍ਹਾਂ ਦਾ ਹੀ ਕਬਜ਼ਾ ਹੈ।
ਚੀਨ ‘ਤੇ ਨਜ਼ਰ ਰੱਖਣ ਵਾਲੇ ਪੱਛਮੀ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਹੁਣ ਚੀਨ ਆਪਣੇ ਲੋਹ-ਪਰਦੇ ਵਿਚ ਜੇ ਕਿਸੇ ਮੁਲਕ ਲਈ ਇਕ ਬੂਹਾ ਖੋਲ੍ਹਦਾ ਹੈ ਤਾਂ ਆਪਣੀ ਕੂਟਨੀਤਕ ਤੇ ਆਰਥਿਕ ਧਾਂਕ ਦੇ ਬਲਬੂਤੇ ਇਸ ਦੇ ਬਦਲੇ ਆਪਣੇ ਲਈ ਉਹ ਦਸ ਬੂਹੇ ਖੁੱਲ੍ਹਵਾ ਲੈਂਦਾ ਹੈ। ਮਾਓ ਦਾ ਕਾਮਰੇਡ ਚੀਨ ਜਦੋਂ ਕਿਸੇ ਗੈਰ-ਕਮਿਊਨਿਸਟ ਮੁਲਕ ਨਾਲ ਸਿਆਸੀ ਜਾਂ ਆਰਥਿਕ ਤੌਰ ‘ਤੇ ਹੱਥ ਮਿਲਾਉਂਦਾ ਸੀ ਤਾਂ ਜੇਬ ਵਿਚ ਮਾਓ ਦੀ ਸਿਆਸੀ ਵਿਚਾਰਧਾਰਾ ਦੀ ਪੋਥੀ ‘ਲਾਲ ਕਿਤਾਬ’ ਜ਼ਰੂਰ ਰੱਖਦਾ ਸੀ, ਪਰ ਹੁਣ ਉਸ ਦੀ ਜੇਬ ਵਿਚ ਕੇਵਲ ਮੰਡੀ ‘ਤੇ ਕਬਜ਼ਾ ਕਰਨ ਦੀਆਂ ਰਣਨੀਤੀਆਂ ਹੀ ਹੁੰਦੀਆਂ ਹਨ।
ਰੋਨਲਡ ਕੋਸ ਤੇ ਨਿੰਗਵੈਂਗ ਦੀ ਪੁਸਤਕ ‘ਚੀਨ ਪੂੰਜੀਵਾਦੀ ਕਿਵੇਂ ਬਣਿਆ?’ ਵਿਚਲੀਆਂ ਕੁਝ ਟਿੱਪਣੀਆਂ ਯਾਦ ਆ ਰਹੀਆਂ ਹਨ, “ਚੀਨ ਸਰਕਾਰ ਵਲੋਂ ਸਟੇਟ ਦੇ ਕੰਟਰੋਲ ਵਾਲੇ ਸਰਕਾਰੀ ਸੈਕਟਰ ਦੀ ਭੂਮਿਕਾ ਨੂੰ ਛਾਂਗ ਕੇ ਪ੍ਰਾਈਵੇਟ ਸੈਕਟਰ ਨੂੰ ‘ਰਾਖਵੇਂ ਆਰਥਿਕ ਜ਼ੋਨਜ਼’ ਦੇ ਰੂਪ ਵਿਚ ਖੋਲ੍ਹਣ ਤੇ ਸ਼ਹਿਰੀਆਂ ਨੂੰ ਪ੍ਰਾਈਵੇਟ ਜਾਇਦਾਦ ਦੇ ਅਧਿਕਾਰ ਮਿਲਣ ਕਰ ਕੇ ਇਕ ਤਕੜੀ ਮੱਧਵਰਗੀ ਜਮਾਤ ਪੈਦਾ ਹੋ ਗਈ ਹੈ ਜਿਸ ਦੇ ਫਲਸਰੂਪ ਹੁਣ ਚੀਨ ਵਿਚ ਬਹੁਤ ਅਮੀਰ ਤੇ ਬਹੁਤ ਗਰੀਬ ਸ਼ਹਿਰੀ ਨਜ਼ਰ ਆਉਣ ਲੱਗੇ ਹਨ। ਇੰਜ ਕਮਿਊਨਿਜ਼ਮ ਦੀਆਂ ਬਰਾਬਰੀ ਤੇ ਵੰਡ ਕੇ ਖਾਣ ਦੀਆਂ ਮੁੱਢਲੀਆਂ ਕਦਰਾਂ ਅਜੋਕੇ ਚੀਨੀ ਸਿਸਟਮ ਵਿਚੋਂ ਮੱਧਮ ਪੈ ਗਈਆਂ ਹਨ। ਇਸੇ ਲਈ ਕਮਿਊਨਿਸਟ ਦੀ ਥਾਂ ਚੀਨ ਨੂੰ ਹੁਣ ਸਮਾਜਵਾਦੀ ਮੁਲਕ ਕਹਿਣਾ ਜ਼ਿਆਦਾ ਫੱਬਦਾ ਹੈ।”
ਨਵੇਂ ਸ਼ਿੰਗਾਰੇ ਚੀਨੀ ਅਮੀਰਾਂ ਦੇ ਚੀਨੀ ਕਾਰਾਂ ਦੀ ਥਾਂ ਇੰਪੋਰਟਿਡ ਕਾਰਾਂ ਦੇ ਦੀਵਾਨੇ ਹੋਣ ਨੂੰ ਵੀ ਇਸੇ ਕੋਣ ਤੋਂ ਵੇਖਿਆ ਜਾ ਸਕਦਾ ਹੈ। ਮਹਾਂ-ਕੰਧ ਤੋਂ ਵਾਪਸੀ ਵੇਲੇ ਡਾਊਨ ਟਾਊਨ ਬੀਜਿੰਗ ਨੂੰ ਜਾਂਦੀ ਸੜਕ ‘ਤੇ ਜਾ ਰਹੀ ਸਾਡੀ ਟੈਕਸੀ ਦੇ ਮੂਹਰੇ ਤੇ ਬਰਾਬਰ ਚੀਨੀ ਕਾਰਾਂ ਘੱਟ, ਪਰ ਦੁਨੀਆਂ ਦੇ ਹੋਰ ਮੁਲਕਾਂ ਵਿਚ ਬਣੀਆਂ ਅਤਿ ਮਹਿੰਗੀਆਂ ਕਾਰਾਂ ਰੋਲਜ਼ ਰਾਇਸ, ਆਉਡੀ, ਪੋਰਸ਼, ਬੀæਐਮæ ਡਬਲਯੂ, ਮਰਸਡੀਜ਼ ਆਦਿ ਜ਼ਿਆਦਾ ਗਿਣਤੀ ਵਿਚ ਦੌੜ ਰਹੀਆਂ ਸਨ। ਉਂਜ ਇਸ ਦਾ ਕਾਰਨ ਸ਼ਾਇਦ ਚੀਨ ਵਲੋਂ ਹਾਲੇ ਤਕ ਕੋਈ ਕੁਆਲਟੀ ਕਾਰ ਨਾ ਬਣਾਏ ਜਾਣਾ ਵੀ ਹੋਵੇ।
ਵਰਣਨਯੋਗ ਹੈ ਕਿ ਦੁਨੀਆਂ ਭਰ ਦੀਆਂ ਖਪਤਕਾਰ ਮੰਡੀਆਂ ਲਈ ਚੀਨ ਲਗਭਗ ਹਰ ਸ਼ੈਅ ਤਿਆਰ ਕਰ ਰਿਹਾ ਹੈ ਪਰ ਕਾਰਾਂ ਨਹੀਂ। ਖੈਰ, ਮੇਰੀਆਂ ਅੱਖਾਂ ਕਮਿਊਨਿਸਟ ਚੀਨ ਦੇ ਲੋਕਾਂ ਦੀ ਲੰਮਾ ਚਿਰ ਪਛਾਣ ਬਣੇ ਰਹੇ ਸਾਈਕਲ ਲੱਭ ਰਹੀਆਂ ਸਨ ਜੋ ਟਾਂਵੀਆਂ ਹੀ ਨਜ਼ਰ ਆਈਆਂ।
ਬੀਜਿੰਗ ਦੇ ਡਾਊਨ ਟਾਊਨ ਵਿਚ ਦਾਖਲ ਹੁੰਦਿਆਂ ਹੀ ਲੱਗਿਆ ਜਿਵੇਂ ਅਮਰੀਕੀ ਅਮੀਰੀ ਦੀ ਸ਼ੋਅ-ਵਿੰਡੋ ਮੈਨਹਟਨ ਵਿਚ ਪਹੁੰਚ ਗਿਆ ਹੋਵਾਂ। ਸੰਸਾਰ ਦੀ ਉਤਮ ਅਧੁਨਿਕ ਇਮਾਰਤਸਾਜ਼ੀ ਦੀ ਮਿਸਾਲ ਪੇਸ਼ ਕਰਦੀਆਂ ਗਗਨ-ਚੁੰਬੀ ਇਮਾਰਤਾਂ ਨੇ ਜਿਵੇਂ ਸਾਰਾ ਅਕਾਸ਼ ਮੱਲਿਆ ਹੋਇਆ ਸੀ। ਮਾਹੌਲ ਭਾਵੇਂ ਮੈਨਹਟਨ ਜਿੰਨਾ ਤਾਂ ਨਹੀਂ, ਪਰ ਸਰਮਾਏ ਦੀ ਕਾਫੀ ਚਕਾਚੌਂਧ ਵਾਲਾ ਜ਼ਰੂਰ ਸੀ। ਇਕ ਤਰ੍ਹਾਂ ਨਾਲ ਇਹ ਨਜ਼ਾਰਾ ਪਿਛਲੇ ਕੁਝ ਦਹਾਕਿਆਂ ਦੌਰਾਨ ਚੀਨ ਵਲੋਂ ਹਾਸਲ ਕੀਤੀ ਗਈ ਲੇਟਵੀਂ ਤੇ ਖੜ੍ਹਵੀਂ ਤਰੱਕੀ ਦੀ ਚਿੰਨ੍ਹਾਤਮਕ ਪੇਸ਼ਕਾਰੀ ਜਾਪਦਾ ਸੀ। ਚੀਨੀ ਇਨਕਲਾਬ ਆਉਣ ਨਾਲ ਖਤਮ ਹੋਏ ਚੀਨੀ ਸਾਮਰਾਜ ਦੇ ਰਾਜਿਆਂ-ਮਹਾਰਾਜਿਆਂ ਦੇ ਮਹੱਲ ਤੇ ਮਕਬਰੇ-ਹੁਨਾਲ ਮਹੱਲ, ਮਿੰਗ ਖਾਨਦਾਨ ਦੀਆਂ ਕਬਰਾਂ, ਲਾਮਾ ਮੰਦਰ, ਸਵਰਗ ਦਾ ਮੰਦਰ ਤੇ ਵਰਜਿਤ ਸ਼ਹਿਰ ਆਦਿ ਦਾ ਟੂਰ ਮੈਂ ਕਾਹਲੀ ਵਿਚ ਖਿੱਚ ਦਿੱਤਾ, ਕਿਉਂਕਿ ਮੈਨੂੰ ਪੁਰਾਣੇ ਚੀਨ ਵਿਚ ਨਹੀਂ, ਸਗੋਂ ਅਜੋਕੇ ਚੀਨ ਵਿਚ ਦਿਲਚਸਪੀ ਸੀ। ਅਜੋਕੇ ਚੀਨ ਦੀ ਨਬਜ਼ ਟੋਹਣ ਲਈ ਤਿਨਾਨਮਿਨ ਚੌਗਾਨ ਤੋਂ ਬਿਨਾਂ ਹੋਰ ਕੋਈ ਢੁਕਵੀਂ ਥਾਂ ਸ਼ਾਇਦ ਹੀ ਹੋਵੇ। ਇਹ ਚੌਗਾਨ ਮੈਨੂੰ ਅਜੋਕੇ ਚੀਨ ਦੀ ਗਰੁੱਪ-ਫੋਟੋ ਜਾਪਿਆ ਜਿਸ ਵਿਚ ਚੀਨ ਦੇ ਦੂਰ ਦਰਾਜ਼ ਤੋਂ ਆਏ ਫਿੱਕੇ ਰੰਗਾਂ ਵਾਲੇ ਪੇਂਡੂਆਂ ਤੋਂ ਲੈ ਕੇ ਚਮਕੀਲੇ ਰੰਗਾਂ ਵਾਲੇ ਪੈਟੀ-ਬੁਰਜ਼ਵਾ/ਨਵ-ਅਮੀਰਾਂ ਤਕ ਨੂੰ ਇਕੋ ਵੇਲੇ ਵੇਖਿਆ ਜਾ ਸਕਦਾ ਹੈ।
ਵਿਦਿਆਰਥੀਆਂ ਤੇ ਸਰਕਾਰੀ ਪੁਲਿਸ/ਫੌਜ ਵਿਚਾਲੇ ਇਥੇ 1989 ‘ਚ ਹੋਈ ਖੂਨੀ ਟੱਕਰ ਕਾਰਨ ਚਰਚਾ ਵਿਚ ਰਹੇ ਸੰਸਾਰ ਦੇ ਸਭ ਤੋਂ ਵੱਡੇ ਇਸ ਚੌਗਾਨ ਵੱਲ ਸ਼ਨਿਚਰਵਾਰ ਦੀ ਛੁੱਟੀ ਹੋਣ ਕਾਰਨ ਖਲਕਤ ਉਲਰੀ ਆ ਰਹੀ ਸੀ। ਨੇੜੇ ਖੁੱਲ੍ਹੀ ਅਮਰੀਕੀ ਫਾਸਟ ਫੂਡ ਦੀ ਦੁਕਾਨ ‘ਕੇæਐਫ਼ਸੀæ’ ਉਤੇ ਚੀਨੀ ਗਾਹਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਮਹਿੰਗੇ ਸਮਾਰਟ ਫੋਨਾਂ ਤੇ ਡਿਜ਼ਾਈਨਰ ਪੋਸ਼ਾਕਾਂ ਵਾਲੀਆਂ ਚੌਗਾਨ ਵਿਚ ਘੁੰਮ ਰਹੀਆਂ ਚੀਨੀ ਟੋਲੀਆਂ ਦੇ ਦੁਆਲੇ ਨਵੀਂ ਆਈ ਅਮੀਰੀ ਦੀ ਬੇਪ੍ਰਵਾਹੀ ਤੇ ਫ਼ੁਕਰਾਪੰਥੀ ਨੱਕ ਵਿਚ ਚੁਭਣ ਵਾਲੇ ਅਤਿ ਤਿੱਖੇ ਸੈਂਟ ਦੀ ਤਰ੍ਹਾਂ ਫੈਲੀ ਹੋਈ ਸੀ। ਨਵੇਂ ਬਣੇ ਚੀਨੀ ਅਮੀਰਾਂ ਲਈ ਅੱਜ ਕੱਲ੍ਹ ਅਕਸਰ ਵਰਤਿਆ ਜਾਂਦਾ ਚੀਨੀ ਭਾਸ਼ਾ ਦਾ ਸ਼ਬਦ ‘ਤੋਹਾਓ’ ਮੇਰੇ ਮੱਥੇ ‘ਚ ਟੱਲ ਵਾਂਗ ਖੜਕ ਗਿਆ। ਮੋਟੇ ਤੌਰ ‘ਤੇ ਪੰਜਾਬੀ ਵਿਚ ‘ਤੋਹਾਓ’ ਦਾ ਅਰਥ ‘ਅੰਨ੍ਹੇ ਅਮੀਰ’ ਬਣਦਾ ਹੈ। ਅਜੋਕੇ ਚੀਨੀ ਸਮਾਜ ਵਿਚ ਇਹ ਸ਼ਬਦ ਉਨ੍ਹਾਂ ਚੀਨੀਆਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਕੋਲ ਤਮੀਜ਼ ਘੱਟ ਪਰ ਮਾਇਆ ਜ਼ਿਆਦਾ ਹੈ।
ਬੀਜਿੰਗ ਯਾਤਰਾ ਨਾਲ ਮੇਰੇ ਮਨ ਦੀ ਘੁੰਡੀ ਖੁੱਲ੍ਹਣ ਦੀ ਥਾਂ ਹੋਰ ਕੱਸੀ ਜਾ ਰਹੀ ਸੀ ਕਿ ਸੰਸਾਰ ਮੰਡੀ ‘ਤੇ ਕਾਬਜ਼ ਹੋਣ ਨਾਲ ਮਿਲਣ ਵਾਲੀ ਆਰਥਿਕ ਤੇ ਸਿਆਸੀ ਤਾਕਤ ਨੂੰ ਕੀ ਚੀਨ ਹੋਰ ਮੁਲਕਾਂ ਵਿਚ ‘ਇਨਕਲਾਬ’ ਲਿਆਉਣ ਲਈ ਵਰਤੇਗਾ ਜਾਂ ਕੇਵਲ ਚੀਨੀ ਸਰਮਾਏਦਾਰੀ ਦੀ ਸਰਦਾਰੀ ਕਾਇਮ ਕਰਨ ਲਈ?
ਦਿੱਲੀ ਲਈ ਹਵਾਈ ਜ਼ਹਾਜ਼ ਪਕੜਨ ਲਈ ਵਾਪਸ ਏਅਰਪੋਰਟ ਜਾਣ ਦਾ ਸਮਾਂ ਹੋ ਗਿਆ ਸੀ। ਬੀਜਿੰਗ ਦੇ ਕੌਮਾਂਤਰੀ ਹਵਾਈ ਅੱਡੇ ਵਲ ਦੌੜ ਰਹੀ ਟੈਕਸੀ ਵਿਚ ਬੈਠਿਆਂ ਮਨ-ਬਚਨੀ ਚੱਲ ਪਈ: ਜੇ ਬੀਜਿੰਗ ਦੇ ਮਕਬਰੇ ‘ਚ ਪਿਆ ਮਾਓ ਹੁਣ ਜ਼ਿੰਦਾ ਹੋ ਜਾਵੇ ਤਾਂ ਅਜੋਕੇ ਚੀਨ ਨੂੰ ਵੇਖ ਕੇ ਉਸ ਦਾ ਕੀ ਪ੍ਰਤੀਕਰਮ ਹੋਵੇਗਾ? ਮਨ ਬੋਲਿਆ: ਲੋਕ ਕਥਾਵਾਂ ਦੀ ਕੈਦੀ ਸ਼ਹਿਜ਼ਾਦੀ ਵਾਂਗ ਪਹਿਲਾਂ ਉਹ ਹੱਸੇਗਾ, ਫੇਰ ਰੋਵੇਗਾ। ਦੁਨੀਆਂ ਵਿਚ ਲਗਾਤਾਰ ਵਧ ਰਹੀ ਚੀਨ ਦੀ ਮੰਡੀ/ਸਿਆਸੀ ਤਾਕਤ ਤੇ ਦੁਨੀਆਂ ਦੇ ਸਭ ਤੋਂ ਅਮੀਰ ਮੁਲਕਾਂ ਨੂੰ ਚੀਨ ਦਾ ਕਰਜ਼ਈ ਬਣਿਆ ਵੇਖ ਕੇ ਉਹ ਹੱਸੇਗਾ। ਤੋਹਾਓ ਧਨਾਢਾਂ ਦੇ ਵਧ ਰਹੇ ਬੋਲਬਾਲੇ ਅਤੇ ਨਾ-ਬਰਾਬਰੀ ਦੇ ਸ਼ਿਕਾਰ ਸਰਕਾਰੀ ਮਦਦ ‘ਤੇ ਦਿਨ-ਕਟੀ ਕਰ ਰਹੇ ਗਰੀਬ ਮਜ਼ਦੂਰਾਂ/ਕਿਸਾਨਾਂ ਨੂੰ ਵੇਖ ਕੇ ਉਹ ਰੋਵੇਗਾ।