ਓਲੰਪੀਅਨ ਬਲਬੀਰ ਸਿੰਘ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਪ੍ਰਿੰæ ਸਰਵਣ ਸਿੰਘ
ਓਲੰਪਿਕ ਰਤਨ ਬਲਬੀਰ ਸਿੰਘ ਸੀਨੀਅਰ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ, ਸ਼ਿਕਾਗੋ ਵੱਲੋਂ 6 ਸਤੰਬਰ ਨੂੰ ਕਰਵਾਏ ਜਾ ਰਹੇ ਖੇਡ ਮੇਲੇ ਵਿਚ ਵਿਸ਼ੇਸ਼ ਮਹਿਮਾਨ ਹੋਣਗੇ।
92 ਸਾਲਾ ਬਲਬੀਰ ਸਿੰਘ ਹੁਣ ‘ਗੋਲਡਨ ਗੋਲ’ ਦੇ ਦੌਰ ਵਿਚ ਹੈ, ਜੀਵਨ ਖੇਡ ਦੇ ਅੰਤਲੇ ਦੌਰ ਵਿਚ।

ਗੋਲ ਹੋਣ ਸਾਰ ਖੇਡ ਮੁੱਕ ਜਾਵੇਗੀ। ਉਸ ਨੇ 85 ਸਾਲ ਦੀ ਉਮਰ ‘ਚ ਹਾਕੀ ਬਾਰੇ ‘ਦੀ ਗੋਲਡਨ ਯਾਰਡਸਟਿਕ’ ਪੁਸਤਕ ਲਿਖੀ ਸੀ ਜਿਸ ਦੇ ਮੁੱਖ ਬੰਦ ਵਿਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਾਬਕਾ ਪ੍ਰਧਾਨ ਯੈਕ ਰੋਜ਼ ਨੇ ਲਿਖਿਆ, “ਇਕ ਓਲੰਪੀਅਨ ਵਜੋਂ ਗੋਲਡਨ ਹੈਟ ਟ੍ਰਿਕ ਮਾਰਨ ਵਾਲੇ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸੱਚਾ ਸਨੇਹ ਜਤਾਇਆ ਹੈ ਤੇ ਹਾਕੀ ਦਾ ਸੰਦੇਸ਼ ਭਾਰਤ ਤੇ ਭਾਰਤ ਤੋਂ ਬਾਹਰ ਸਾਰੀ ਦੁਨੀਆਂ ਤਕ ਪੁਚਾਇਆ ਹੈ।”
ਤਿੰਨ ਓਲੰਪਿਕ ਗੋਲਡ ਮੈਡਲਾਂ ਸਮੇਤ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਸੱਤ ਮੈਡਲ ਜਿਤਾਉਣ ਵਾਲੇ ਬਲਬੀਰ ਸਿੰਘ ਸੀਨੀਅਰ ਨੂੰ ਕਿਸੇ ਸਰਕਾਰ ਨੇ ਕੋਈ ਵੱਡਾ ਇਨਾਮ-ਸਨਮਾਨ ਨਹੀਂ ਦਿੱਤਾ। ਉਲਟਾ ਉਹਦੀਆਂ ਭਾਰਤੀ ਸਪੋਟਰਸ ਅਥਾਰਟੀ ਨੂੰ ਭੇਟ ਕੀਤੀਆਂ ਅਨਮੋਲ ਖੇਡ ਨਿਸ਼ਾਨੀਆਂ ‘ਗੁਆ’ ਦਿੱਤੀਆਂ ਹਨ। ਹਿੰਦ-ਚੀਨ ਜੰਗ ਸਮੇਂ ਉਸ ਨੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕਰ ਦਿੱਤੇ ਸਨ। ਇਹ ਤਾਂ ਪੰਜਾਬੀ ਦੇ ਮੁਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸੀ ਕਿ ਉਸ ਨੇ ਮੈਡਲ ਸੰਭਾਲ ਰੱਖੇ ਤੇ ਬਲਬੀਰ ਸਿੰਘ ਨੂੰ ਮੋੜ ਦਿੱਤੇ।
ਓਲੰਪਿਕ ਗੋਲਡ ਮੈਡਲ ਭਾਰਤੀ ਹਾਕੀ ਟੀਮ ਨੇ ਭਾਵੇਂ ਅੱਠ ਵਾਰ ਜਿੱਤਿਆ ਪਰ ਵਿਸ਼ਵ ਹਾਕੀ ਕੱਪ ਕੇਵਲ ਇਕ ਵਾਰ ਹੀ 1975 ਵਿਚ ਕੁਆਲਾਲੰਪੁਰ ਜਿੱਤਿਆ। ਉਦੋਂ ਹਾਕੀ ਟੀਮ ਤਿਆਰ ਕਰਨ ਦੀ ਮੁੱਖ ਜ਼ਿਮੇਵਾਰੀ ਬਲਬੀਰ ਸਿੰਘ ਦੀ ਸੀ।
2014 ਵਿਚ ਹੇਗ ਦੇ ਵਿਸ਼ਵ ਹਾਕੀ ਕੱਪ ਸਮੇਂ ਹਾਕੀ ਇੰਡੀਆ ਨੇ 1975 ਦਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਮਾਣ ਸਨਮਾਨ ਕੀਤਾ। ਟੀਮ ਦੇ ਹਰੇਕ ਖਿਡਾਰੀ ਨੂੰ 175000 ਰੁਪਏ ਭੇਟ ਕੀਤੇ। ਟੀਮ ਦਾ ਚੀਫ਼ ਕੋਚ/ਮੈਨੇਜਰ ਬਲਬੀਰ ਸਿੰਘ ਚੰਡੀਗੜ੍ਹ ਵਿਚ ਹੀ ਸੀ। ਖਿਡਾਰੀਆਂ ਦਾ ਤਾਂ ਮਾਣ ਸਨਮਾਨ ਕਰ ਦਿੱਤਾ ਗਿਆ, ਸਹਿ-ਕੋਚ ਤੇ ਪਰਲੋਕ ਸਿਧਾਰ ਗਏ ਖਿਡਾਰੀਆਂ ਦਾ ਸਨਮਾਨ ਉਨ੍ਹਾਂ ਦੇ ਪਰਿਵਾਰਾਂ ਨੂੰ ਦੇ ਦਿੱਤਾ ਗਿਆ ਪਰ ਬਲਬੀਰ ਸਿੰਘ ਨੂੰ ਵਿਸਾਰ ਦਿੱਤਾ ਗਿਆ। ਉਸ ਨੇ ਕੋਈ ਗਿਲਾ ਕਰਨ ਦੀ ਥਾਂ ਇਹੋ ਕਿਹਾ ਕਿ ਉਹਦੀ ਟੀਮ ਦੇ ਮੈਂਬਰਾਂ ਦਾ ਸਨਮਾਨ ਹੀ ਉਸ ਦਾ ਸਨਮਾਨ ਹੈ!
ਜਦੋਂ ਪੰਜਾਬ ਸਰਕਾਰ ਨੇ ਵਿਸ਼ਵ ਕੱਪ ਲਈ ਭਾਰਤੀ ਹਾਕੀ ਟੀਮ ਦੀ ਤਿਆਰੀ ਦੀ ਜ਼ਿਮੇਵਾਰੀ ਉਸ ਨੂੰ ਦਿੱਤੀ, ਉਹ ਆਪਣੀ ਪਤਨੀ ਨਾਲ ਵਿਦੇਸ਼ ਗਿਆ ਹੋਇਆ ਸੀ, ਟੂਰ ਵਿਚਾਲੇ ਛੱਡ ਕੇ ਚੰਡੀਗੜ੍ਹ ਮੁੜਨਾ ਪਿਆ। ਕੋਚਿੰਗ ਕੈਂਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਲਾਇਆ ਗਿਆ। ਕੈਂਪ ਦੌਰਾਨ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ। ਸਸਕਾਰ ਕਰਨ ਲਈ ਉਹ ਕੈਂਪ ਤੋਂ ਕੇਵਲ ਇਕ ਦਿਨ ਲਾਂਭੇ ਹੋਇਆ। ਮਰਨੇ ਦੀਆਂ ਰਸਮਾਂ ਪਿੱਛੇ ਪਾ ਦਿੱਤੀਆਂ। ਕੈਂਪ ਦੌਰਾਨ ਹੀ ਪਤਨੀ ਨੂੰ ਬ੍ਰੇਨ ਹੈਮਰੇਜ ਹੋ ਗਿਆ। ਉਹਦੀ ਇਕ ਲੱਤ ਕੈਂਪ ਵਿਚ ਹੁੰਦੀ, ਦੂਜੀ ਪੀ ਜੀ ਆਈ। ਕੈਸੀ ਵਿਡੰਬਨਾ ਸੀ ਕਿ ਵਿਸ਼ਵ ਕੱਪ ਦੇ ਜੇਤੂਆਂ ਨੂੰ ਸਨਮਾਨ ਦੇਣ ਵੇਲੇ ਬਲਬੀਰ ਸਿੰਘ ਨੂੰ ਸੱਦਾ ਵੀ ਨਾ ਦਿੱਤਾ ਗਿਆ!
1984 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਵਿਚ ਹੋਈਆਂ। ਉਥੇ ਭਾਰਤ ਦਾ ਹਾਕੀ ਮੈਚ ਹੋਣ ਲੱਗਾ ਤਾਂ ਕੁਝ ਭਾਰਤੀ ਦਰਸ਼ਕਾਂ ਨੇ ਤਿਰੰਗੇ ਚੁੱਕੇ ਹੋਏ ਸਨ। ਅਸ਼ਵਨੀ ਕੁਮਾਰ ਤੇ ਹੋਰ ਭਾਰਤੀ ਖੇਡ ਅਧਿਕਾਰੀ ਉਪਰਲੀਆਂ ਸੀਟਾਂ ਉਪਰ ਬੈਠੇ ਸਨ। ਬਲਬੀਰ ਸਿੰਘ ਹੇਠਾਂ ਬੈਠਾ ਸੀ। ਤਦੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਾਉਂਦੇ ਇਕ ਨੌਜੁਆਨ ਨੇ ਕਿਸੇ ਕੋਲੋਂ ਤਿਰੰਗਾ ਖੋਹ ਲਿਆ ਤੇ ਪੈਰਾਂ ਹੇਠ ਮਿਧਣ ਲੱਗਾ। ਬਲਬੀਰ ਸਿੰਘ ਨੇ ਭੱਜ ਕੇ ਰਾਸ਼ਟਰੀ ਝੰਡੇ ਨੂੰ ਉਸ ਦੇ ਪੈਰਾਂ ਹੇਠੋਂ ਖਿੱਚ ਲਿਆ। ਉਹ ਰਾਸ਼ਟਰੀ ਝੰਡੇ ਦੀ ਬੇਅਦਬੀ ਨਹੀਂ ਸੀ ਸਹਾਰ ਸਕਿਆ ਜੋ ਉਹ ਓਲੰਪਿਕ ਖੇਡਾਂ ਵਿਚ ਝੁਲਾਉਂਦਾ ਰਿਹਾ ਸੀ। ਬਲਬੀਰ ਸਿੰਘ ਖਾਲਿਸਤਾਨੀਆਂ ਦੀਆਂ ਅੱਖਾਂ ‘ਚ ਰੜਕਣ ਲੱਗਾ। ਲਾਸ ਏਂਜਲਸ ਤੋਂ ਉਹ ਆਪਣੇ ਪੁੱਤਰਾਂ ਨੂੰ ਮਿਲਣ ਵੈਨਕੂਵਰ ਗਿਆ ਤਾਂ ਕੁਝ ਸ਼ੁਭਚਿੰਤਕਾਂ ਨੇ ਕਿਹਾ ਕਿ ਉਸ ਨੇ ਤਿਰੰਗੇ ਖਾਤਰ ਵੱਡਾ ਰਿਸਕ ਲੈ ਲਿਆ ਹੈ। ਕੈਨੇਡਾ/ਅਮਰੀਕਾ ਵਿਚ ਖਾਲਿਸਤਾਨੀ ਹਵਾ ਹੈ। ਉਸ ਨੂੰ ਬਚ ਕੇ ਰਹਿਣਾ ਪਵੇਗਾ।
ਭਾਰਤ ਪਰਤਣ ਲਈ ਉਹ 2 ਨਵੰਬਰ 1984 ਨੂੰ ਹਵਾਈ ਜਹਾਜ਼ ਚੜ੍ਹਿਆ। ਟੋਕੀਓ ਹਵਾਈ ਅੱਡੇ ‘ਤੇ ਖਬਰ ਮਿਲੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਬਾਡੀ ਗਾਰਡਾਂ ਨੇ ਕਤਲ ਕਰ ਦਿੱਤੈ। ਦਿੱਲੀ ਵਿਚ ਸਿੱਖ ਮਾਰੇ ਜਾ ਰਹੇ ਹਨ। ਕੁਝ ਸਿੱਖ ਮੁਸਾਫਿਰ ਟੋਕੀਓ ਹੀ ਰੁਕ ਗਏ ਤੇ ਉਨ੍ਹਾਂ ਨੇ ਬਲਬੀਰ ਸਿੰਘ ਨੂੰ ਵੀ ਰੁਕ ਜਾਣ ਦੀ ਸਲਾਹ ਦਿੱਤੀ ਪਰ ਉਹ ਰੁਕਿਆ ਨਹੀਂ।
ਉਸ ਨੇ ਆਪਣੀ ਧੀ ਸੁਸ਼ਬੀਰ ਕੌਰ ਤੇ ਜੁਆਈ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ ਪਾਸ ਦਿੱਲੀ ਆਉਣਾ ਸੀ। ਉਹ ਖੁਦ ਸਿੱਖਾਂ ਦੇ ਕਤਲੇਆਮ ਤੋਂ ਘਬਰਾਏ ਹੋਏ ਸਨ। ਮਲਵਿੰਦਰ ਸਿੰਘ ਦਾ ਭਰਾ ਗੁਰਿੰਦਰਜੀਤ ਸਿੰਘ ਬੀæ ਐਸ਼ ਐਫ਼ ਵਿਚ ਅਫਸਰ ਸੀ। ਉਸ ਦੀ ਡਿਊਟੀ ਲਾਈ ਗਈ ਕਿ ਉਹ ਹਵਾਈ ਅੱਡੇ ਤੋਂ ਬਲਬੀਰ ਸਿੰਘ ਨੂੰ ਲਿਆਵੇ। ਕੈਸੇ ਦਿਨ ਆ ਗਏ ਸਨ! ਉਹ ਓਲੰਪਿਕ ਮੈਡਲ ਜਿੱਤ ਕੇ ਮੁੜਦਾ ਸੀ ਤਾਂ ਨਾਇਕਾਂ ਵਾਲਾ ਸਵਾਗਤ ਹੁੰਦਾ ਸੀ। ਪਰ ਅੱਜ? ਪੱਗ ਦਾੜ੍ਹੀ ਨਾਲ ਉਸ ਦੀ ਜਾਨ ਖਤਰੇ ਵਿਚ ਸੀ!
ਗੁਰਿੰਦਰਜੀਤ ਨੇ ਬਲਬੀਰ ਸਿੰਘ ਨੂੰ ਗੱਡੀ ਵਿਚ ਬਿਠਾ ਕੇ ਪਰਦਾ ਤਾਣਨ ਤੇ ਪੱਗ ਢਕਣੀ ਚਾਹੀ ਤਾਂ ਬਲਬੀਰ ਸਿੰਘ ਨੇ ਰੋਕਿਆ ਕਿ ਇਥੇ ਮੈਨੂੰ ਕਾਹਦਾ ਖਤਰਾ ਹੈ? ਭਾਰਤ ਦੀ ਇੱਜ਼ਤ ਤੇ ਸਨਮਾਨ ਲਈ ਖਤਰੇ ਸਹੇੜਨ ਵਾਲੇ ਜ਼ਿੰਦਾਦਿਲ ਖਿਡਾਰੀ ਨੂੰ ਨਹੀਂ ਸੀ ਪਤਾ ਕਿ ਲਾਸ ਏਂਜਲਸ ਤੇ ਵੈਨਕੂਵਰ ਵਿਚਲੇ ਖਤਰਿਆਂ ਤੋਂ ਤਾਂ ਉਹ ਬਚ ਆਇਆ ਸੀ ਪਰ ਦਿੱਲੀ ਵਿਚਲਾ ਖਤਰਾ ਉਹਦੇ ਸਿਰ ਉਤੇ ਮੰਡਰਾ ਰਿਹਾ ਸੀ! ਇਹ ਗੁਰਿੰਦਰਜੀਤ ਦੀ ਹਿੰਮਤ ਸੀ ਕਿ ਉਹ ਬਲਬੀਰ ਸਿੰਘ ਨੂੰ ਸੁਰੱਖਿਅਤ ਘਰ ਲੈ ਆਇਆ।
ਲਾਸ ਏਂਜਲਸ ਵਿਚ ਪਾਕਿਸਤਾਨ ਦੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤਿਆ ਸੀ। ਕਰਾਚੀ ਵਿਚ ਓਲੰਪਿਕ ਜੇਤੂ ਟੀਮ ਦਾ ਰੈਸਟ ਆਫ ਵਰਲਡ ਦੀ ਹਾਕੀ ਟੀਮ ਨਾਲ ਮੈਚ ਸੀ। ਬਲਬੀਰ ਸਿੰਘ ਨੂੰ ਰੈਸਟ ਆਫ ਵਰਲਡ ਟੀਮ ਦਾ ਮੈਨੇਜਰ ਬਣਾਇਆ ਗਿਆ ਜਿਸ ਵਿਚ ਪੰਜ ਦੇਸ਼ਾਂ ਦੇ ਖਿਡਾਰੀ ਸ਼ਾਮਲ ਸਨ। ਉਨ੍ਹੀਂ ਦਿਨੀਂ ਭਾਰਤ-ਪਾਕਿ ਸਬੰਧ ਸੁਖਾਵੇਂ ਨਹੀਂ ਸਨ। ਭਾਰਤ ਦਾ ਕੇਵਲ ਇਕ ਖਿਡਾਰੀ ਜਫਰ ਇਕਬਾਲ ਹੀ ਟੀਮ ਵਿਚ ਪਾਇਆ ਗਿਆ ਸੀ।
ਪਾਕਿਸਤਾਨੀ ਸਦਰ ਜਨਰਲ ਜ਼ਿਆ ਉਲ ਹੱਕ ਸਟੇਡੀਅਮ ਵਿਚ ਮੌਜੂਦ ਸੀ। ਉਸ ਨੇ ਬਲਬੀਰ ਸਿੰਘ ਨੂੰ ਆਪਣੇ ਪਾਸ ਸੱਦਿਆ ਤੇ ਕਿਹਾ, “ਬਲਬੀਰ ਸਿੰਘ ਮੇਰੇ ਕੋਲ ਆਓ, ਆਪਾਂ ਤਾਂ ਇਕੋ ਪਿੰਡ ਦੇ ਹਾਂ। ਤੁਸੀਂ ਜ਼ਿਲ੍ਹਾ ਜਲੰਧਰ ਦੇ ਓ ਤੇ ਮੈਂ ਵੀ ਜਲੰਧਰ ਦੀ ਇਕ ਬਸਤੀ ਦਾ ਹਾਂ।”
ਅਪਣੱਤ ਭਰੇ ਸੱਦੇ ਨਾਲ ਬਲਬੀਰ ਸਿੰਘ ਜਨਰਲ ਜ਼ਿਆ ਕੋਲ ਜਾ ਬੈਠਾ। ਹਾਫ ਟਾਈਮ ਸਮੇਂ ਬਲਬੀਰ ਸਿੰਘ ਟੀਮ ਪਾਸ ਮੈਦਾਨ ‘ਚ ਗਿਆ ਤਾਂ ਸਟੈਂਡਾਂ ਤੋਂ ‘ਬਲਬੀਰ ਸਿੰਘ ਜ਼ਿੰਦਾਬਾਦ’ ਦੇ ਨਾਹਰੇ ਲੱਗੇ। ਉਸ ਨੇ ਹੱਥ ਹਿਲਾ ਕੇ ਸ਼ੁਕਰੀਆ ਅਦਾ ਕੀਤਾ। ਬਾਹਰ ਆਉਣ ਲੱਗਾ ਤਾਂ ਹਜੂਮ ਨੇ ‘ਇੰਡੀਆ ਮੁਰਦਾਬਾਦ’ ਦਾ ਨਾਹਰਾ ਲਾ ਦਿੱਤਾ ਜਿਸ ਲਈ ਬਲਬੀਰ ਸਿੰਘ ਨੇ ਸਿਰ ਫੇਰ ਕੇ ਉਨ੍ਹਾਂ ਨੂੰ ਅਜਿਹਾ ਕਹਿਣੋ ਰੋਕਿਆ। ਕਿਸੇ ਨੇ ਕਿਹਾ, “ਸਰਦਾਰ ਜੀ, ਅਸੀਂ ਤੁਹਾਨੂੰ ਖਾਲਿਸਤਾਨ ਦੇ ਰਹੇ ਹਾਂ, ਤੁਸੀਂ ਸਿਰ ਫੇਰ ਰਹੇ ਓ।” ਬਲਬੀਰ ਸਿੰਘ ਦਾ ਜਵਾਬ ਸੀ, “ਤੁਸੀਂ ਖਾਲਿਸਤਾਨ ਦੇ ਸਕਦੇ ਹੁੰਦੇ ਤਾਂ ਆਪਣਾ ਬੰਗਲਾ ਦੇਸ਼ ਨਾ ਖੁਹਾਉਂਦੇ!”
ਲੰਡਨ ਓਲੰਪਿਕ-2012 ਸਮੇਂ 1896 ਤੋਂ ਸ਼ੁਰੂ ਹੋਏ ਓਲੰਪਿਕ ਸਫਰ ‘ਚੋਂ ਜਿਹੜੇ 16 ‘ਆਈਕੋਨਿਕ ਓਲੰਪੀਅਨ’ ਚੁਣੇ ਗਏ ਉਨ੍ਹਾਂ ਵਿਚ ਬਲਬੀਰ ਸਿੰਘ ਵੀ ਸ਼ਾਮਲ ਹੈ। ਉਹੀ ਇਕੋ ਹਾਕੀ ਖਿਡਾਰੀ ਹੈ ਜਿਸ ਨੂੰ ਇਹ ਮਾਣ ਮਿਲਿਆ। ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ ਭਾਰਤੀ ਉਪ ਮਹਾਂਦੀਪ ਦਾ ‘ਕੱਲਾ ਬਲਬੀਰ ਸਿੰਘ ਹੀ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਦਿੱਤਾ ਹੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ?
ਬਲਬੀਰ ਸਿੰਘ ਕਹਿੰਦਾ ਹੈ, “ਮੈਚ ਬਰਾਬਰ ਰਹਿ ਜਾਵੇ ਤਾਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ। ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ।”
ਜੇ ਖੇਡ ਮੈਦਾਨ ਦੇ ਰਤਨ ਦੀ ਕਦਰ ਨਹੀਂ ਪਾਉਣੀ ਤਾਂ ਕੀ ਉਸ ਦੇ ਓਲੰਪਿਕ ਬਲੇਜ਼ਰ, ਤੀਹ ਤੋਂ ਵੱਧ ਮੈਡਲ ਤੇ ਸੌ ਤੋਂ ਵੱਧ ਯਾਦਗਾਰੀ ਫੋਟੋ ਗੁਆ ਦੇਣੇ ਯੋਗ ਹਨ? ਕੀ ਭਾਰਤ ਸਰਕਾਰ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹੈ? ਵਧੇਰੇ ਵਿਸਥਾਰ ਸੰਗਮ ਪਬਲੀਕੇਸ਼ਨਜ਼ ਪਟਿਆਲਾ ਵੱਲੋਂ ਪ੍ਰਕਾਸ਼ਤ ਮੇਰੀ ਪੁਸਤਕ ‘ਗੋਲਡਨ ਗੋਲ’ ਵਿਚੋਂ ਪੜ੍ਹਿਆ ਜਾ ਸਕਦੈ ਜੋ ਸ਼ਿਕਾਗੋ ਕਬੱਡੀ ਕੱਪ ‘ਤੇ ਰਿਲੀਜ਼ ਕੀਤੀ ਜਾਵੇਗੀ।