ਪੰਜਾਹ ਵਰ੍ਹੇ ਪਹਿਲਾਂ ਦਾ ਮਨੀਕਰਣ

ਗੁਲਜ਼ਾਰ ਸਿੰਘ ਸੰਧੂ
ਮੇਰਾ ਵਿਆਹ 1966 ਦੀ 12 ਮਾਰਚ ਨੂੰ ਹੋਇਆ। ਅਸੀਂ ਦੋਨਾਂ ਨੇ ਕੁੱਲੂ ਮਨਾਲੀ ਜਾਣ ਦਾ ਪ੍ਰੋਗਰਾਮ ਬਣਾ ਲਿਆ। ਮੈਂ 1959 ਵਿਚ ਅਪਣੇ ਛੋਟੇ ਮੋਟਰ ਸਾਈਕਲ ਉਤੇ ਮਨਾਲੀ ਤੋਂ ਉਤੇ ਰੋਹਤਾਂਗ ਪਾਸ ਤੱਕ ਜਾ ਕੇ ਆਇਆ ਸਾਂ। ਰਸਤੇ ਤੋਂ ਜਾਣੂ ਸਾਂ। ਹੁਣ ਮੇਰੇ ਕੋਲ ਕਾਰ ਸੀ। ਮਨਾਲੀ ਵਾਲਿਆਂ ਨੇ ਦੱਸਿਆ ਕਿ ਉਸ ਖੇਤਰ ਵਿਚ ਦੇਖਣ ਵਾਲੀ ਸਭ ਤੋਂ ਵਧੀਆ ਥਾਂ ਮਨੀਕਰਣ ਹੈ ਪਰ ਉਥੇ ਕਾਰ ਨਹੀਂ ਜਾ ਸਕਦੀ। ਸਾਨੂੰ ਜੀਪ ਲੈਣੀ ਪਵੇਗੀ। ਪਰ ਅਸੀਂ ਉਨ੍ਹਾਂ ਦੀ ਇੱਕ ਨਾ ਸੁਣੀ ਕਿਉਂਕਿ ਸਾਡੀ ਸਟੈਂਡਰਡ ਕਾਰ ਦਾ ਥੱਲਾ ਆਮ ਕਾਰਾਂ ਨਾਲੋਂ ਥੋੜਾ ਉਚਾ ਸੀ।

ਜਵਾਨੀ ਤੇ ਵਿਆਹ ਦਾ ਜੋਸ਼ ਵੀ ਸੀ। ਬਚਦੇ-ਬਚਾਉਂਦੇ ਤੇ ਰਾਹ ਜਾਂਦੀਆਂ ਪਹਾੜਨਾਂ ਨੂੰ ਲਿਫਟ ਦਿੰਦੇ ਮਨੀਕਰਣ ਪਹੁੰਚ ਗਏ।
ਇਹ ਥਾਂ ਠੰਢੇ ਤੇ ਤੱਤੇ ਪਾਣੀਆਂ ਦੇ ਮੇਲ ਲਈ ਜਾਣੀ ਜਾਂਦੀ ਹੈ। ਇੱਕ ਪਹਾੜੀ ਵਿਚੋਂ ਠੰਢਾ ਸੀਤ ਪਾਣੀ ਆਉਂਦਾ ਹੈ ਤੇ ਦੂਜੀ ਵਿਚੋਂ ਉਬਾਲੇ ਖਾਂਦਾ ਗਰਮ ਪਾਣੀ। ਜਿਥੇ ਦੋਵੇਂ ਪਾਣੀ ਮਿਲਦੇ ਹਨ ਉਥੇ ਇਕ ਵੱਡਾ ਪੱਥਰ ਲਭ ਕੇ ਉਸਦੇ ਉਪਰ ਬੈਠ ਮੈਂ ਦੋਵੇਂ ਪਾਣੀਆਂ ਨੂੰ ਇੱਕ ਵੱਡੇ ਕੱਪ ਵਿਚ ਮਿਲਾ ਕੇ ਇਸ਼ਨਾਨ ਕੀਤਾ। ਬੜਾ ਮਜਾ ਆਇਆ। ਫੇਰ ਕਿਸੇ ਪਹਾੜਨ ਨੇ ਦੱਸਿਆ ਕਿ ਗਰਮ ਪਾਣੀ ਦੇ ਕੰਢੇ ਇਕ ਸੰਤ ਕੁਟੀਆ ਵਿਚ ਰਹਿੰਦਾ ਹੈ ਤੇ ਉਹ ਚਸ਼ਮੇ ਦੇ ਪਾਣੀ ਵਿਚ ਚਾਹ ਪੱਤੀ ਤੇ ਮਿਠਾ ਮਿਲਾ ਕੇ ਚਾਹ ਪਿਲਾ ਸਕਦਾ ਹੈ। ਅਸੀਂ ਇਹ ਕ੍ਰਿਸ਼ਮਾ ਵੀ ਵੇਖਿਆ।
ਪੰਜਾਹ ਸਾਲ ਪਹਿਲਾਂ ਉਥੇ ਕੋਈ ਵੀ ਹੋਰ ਜੀਵ ਨਹੀਂ ਸੀ। ਉਹ ਸੰਤ ਤੇ ਉਸ ਦੇ ਨਾਲ ਕੰਮ ਵਿਚ ਹੱਥ ਵਟਾਉਣ ਵਾਲੇ ਪਹਾੜੀ ਮੁੰਡੂ ਤੋਂ ਬਿਨਾ। ਅਸੀਂ ਦਾਨ ਦਿੱਤਾ ਅਤੇ ਚਾਹ ਪੀਤੀ। ਜੇ ਕੋਈ ਸੱਜਣ ਭੁੱਖਾ-ਭਾਣਾ ਪਹੁੰਚ ਜਾਂਦਾ ਤਾਂ ਸੰਤ ਚੌਲਾਂ ਦੀ ਪੋਟਲੀ ਉਬਲਦੇ ਪਾਣੀ ਵਿਚ ਲਟਕਾ ਕੇ ਆਟੇ ਦੀਆਂ ਪੂਰੀਆਂ ਲਾਹ ਕੇ ਖਵਾ ਦਿੰਦਾ ਸੀ। ਜਦੋਂ ਵਾਪਸ ਮੁੜਨ ਲੱਗੇ ਤਾਂ ਕਾਰ ਨੂੰ ਮੋੜਨ ਵਾਸਤੇ ਉਕਾ ਹੀ ਕੋਈ ਥਾਂ ਨਹੀਂ ਸੀ। ਇੱਕ ਫੁੱਟ ਅੱਗੇ ਤੇ ਇਕ ਫੁੱਟ ਪਿਛੇ ਕਰਕੇ ਮੋੜਨੀ ਪੈਣੀ ਸੀ। ਵੀਹ ਤੀਹ ਵਾਰੀ ਏਦਾਂ ਹੀ ਕੀਤਾ ਤਾਂ ਵਾਪਸ ਚਾਲੇ ਪਾ ਲਏ। ਉਹ ਵਾਲੀ ਯਾਤਰਾ ਸਾਨੂੰ ਕਲ ਵਾਂਗ ਚੇਤੇ ਹੈ। ਦਸ ਕੁ ਸਾਲ ਪਹਿਲਾਂ ਅਸੀਂ ਫੇਰ ਮਨੀਕਰਣ ਗਏ ਤਾਂ ਉਥੇ ਵਡਾ ਗੁਰਦੁਆਰਾ ਬਣ ਚੁੱਕਿਆ ਸੀ। ਉਸ ਦੀਆਂ ਕੰਧਾਂ ਉਤੇ ਸਿੱਖ ਗੁਰੂਆਂ ਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਤੇ ਚਿੱਤਰ ਸਨ। ਰਹਿਣ ਲਈ ਕਮਰੇ ਸਨ ਤੇ ਹਰ ਧਰਮ ਦੇ ਯਾਤਰੀ ਲਈ ਲੰਗਰ ਚਲਦਾ ਸੀ। ਰੋਟੀ ਪਾਣੀ ਤੇ ਚਾਹ ਦੋਵੇਂ ਕਾਰਾਂ ਧੁਰ ਤੱਕ ਜਾਂਦੀਆਂ ਸਨ। ਫੇਰ ਵੀ ਸਾਨੂੰ ਉਹ ਮਜਾ ਨਹੀਂ ਆਇਆ ਜੋ ਪਹਿਲੀ ਵਾਰ ਆਇਆ ਸੀ।
ਮਨੀਕਰਣ ਦੀ ਬਰਬਾਦੀ ਦੀਆ ਖਬਰਾਂ ਨੇ ਸਾਨੂੰ ਝੰਜੋੜ ਛਡਿਆ ਹੈ। ਭੂ ਵਿਗਿਆਨਕ ਸਰਵੇ ਵਾਲਿਆਂ ਤੇ ਜ਼ਿਲਾ ਪ੍ਰਸ਼ਾਸਨ ਨੇ ਅਪਣੀਆਂ ਜਾਨਾਂ ਖਤਰੇ ਵਿਚ ਪਾ ਕੇ ਵੇਖਿਆ ਹੈ ਕਿ ਪੂਰੀ ਪਹਾੜੀ ਦੋਫਾੜ ਹੋਣ ਤੇ ਆਈ ਹੋਈ ਹੈ। ਕਿਸੇ ਵੀ ਸਮੇਂ ਜਨ ਜੀਵਨ ਤਬਾਹ ਹੋ ਸਕਦਾ ਹੈ। ਗੁਰਦੁਆਰਾ ਸਾਹਿਬ ਦੀ ਬੁੱਕਲ ਵਿਚ ਵਸੇ ਹੋਏ ਨਿੱਕੇ ਮੋਟੇ ਹੋਟਲ ਤੇ ਘਰਾਂ ਸਮੇਤ ਪ੍ਰਸ਼ਾਸਨ ਨੇ ਸਭਨਾਂ ਨੂੰ ਉਥੋਂ ਨਿਕਲਣ ਦੇ ਆਦੇਸ਼ ਦੇ ਰੱਖੇ ਹਨ। ਸਰਕਾਰੀ ਕਰਮਚਾਰੀ ਤੰਬੂਆਂ ਵਿਚ ਰਹਿ ਰਹੇ ਹਨ। ਬਾਕੀ ਲੋਕ ਕੀ ਕਰਨਗੇ ਤੇ ਕਿੱਥੇ ਜਾਣਗੇ, ਸੋਚ ਕੇ ਕਾਲਜਾ ਇਕਠਾ ਹੋ ਜਾਂਦਾ ਹੈ। ਖਾਸ ਕਰਕੇ ਏਸ ਲਈ ਕਿ ਅਸੀਂ ਇਸ ਵਚਿੱਤਰ ਥਾਂ ਨੂੰ ਵਿਗਸਦਿਆਂ ਵੇਖਿਆ। ਸਾਡੀ ਹਮਦਰਦੀ ਉਨ੍ਹਾਂ ਦੇ ਨਾਲ ਹੈ ਤੇ ਅਸੀਂ ਉਨ੍ਹਾਂ ਦੀ ਸੁਖ ਸਾਂਦ ਦੀਆਂ ਦੁਆਵਾਂ ਕਰਦੇ ਹਾਂ। ਆਮੀਨ!
‘ਪਿਆਜ਼ ਦੇ ਛਿਲਕੇ’ ਚੇਤੇ ਕਰਦਿਆਂ: ਗੰਢਿਆਂ ਦੀ ਛੜੱਪੇ ਮਾਰਦੀ ਕੀਮਤ ਨੇ ਮੈਨੂੰ ਫਿਕਰ ਤੌਂਸਵੀ ਚੇਤੇ ਕਰਵਾ ਦਿੱਤਾ ਹੈ ਜਿਹੜਾ ‘ਮਿਲਾਪ’ ਅਖਬਾਰ ਲਈ ‘ਪਿਆਜ਼ ਦੇ ਛਿਲਕੇ’ ਨਾਂ ਦਾ ਕਾਲਮ ਲਿਖਦਾ ਸੀ। ਗੰਢੇ ਦਾ ਮੁੱਲ ਕੁੱਝ ਵੀ ਹੋਵੇ ਤੌਂਸਵੀ ਦੇ ਛਿਲਕੇ ਪਾਠਕਾਂ ਨੂੰ ਨਿਵਾਜਦੇ ਰਹਿੰਦੇ ਹਨ। ਉਂਜ ਮੈਨੂੰ ਵੀ ਇੱਕ ਵਾਰੀ 150 ਰੁਪਏ ਕਿਲੋ ਗੰਢਾ ਖਰੀਦਣਾ ਪਿਆ ਸੀ। ਮੈਂ 1976 ਵਿਚ ਮਾਲਦੀਵ ਟਾਪੂਆਂ ਵਿਚ ਸਾਂ ਜਿੱਥੇ ਸਬਜ਼ੀਆਂ ਸਮੁੰਦਰੀ ਜਹਾਜਾਂ ਰਾਹੀਂ ਭਾਰਤ ਤੋਂ ਹੀ ਜਾਂਦੀਆਂ ਸਨ। ਹੋਇਆ ਇਹ ਕਿ ਕਿਸੇ ਕਾਰਨ ਜਹਾਜ ਨਹੀਂ ਪੁੱਜਿਆ ਤੇ ਲੋਕ ਗੰਢੇ ਵੇਖਣ ਨੂੰ ਤਰਸ ਗਏ। ਮੇਰੀ ਪਤਨੀ ਓਥੇ ਯੂ ਐਨ ਓ ਵਲੋਂ ਗਈ ਹੋਣ ਕਾਰਨ ਡਾਲਰਾਂ ਵਿਚ ਤਨਖਾਹ ਲੈਂਦੀ ਸੀ, ਗੱਫਿਆਂ ਦੇ ਗੱਫੇ। ਡੇਢ ਸੌ ਰੁਪਏ ਦੀ ਕੀ ਪਰਵਾਹ ਸੀ। ਪਰ ਹਿਸਾਬ ਲਾਈਏ ਤਾਂ ਉਦੋਂ ਦੇ ਏਨੇ ਪੈਸੇ ਅੱਜ ਦੇ 1500 ਰੁਪਈਆਂ ਦੇ ਬਰਾਬਰ ਸਨ। ਸਾਨੂੰ ਕੋਈ ਫਰਕ ਨਹੀਂ ਸੀ ਪੈਂਦਾ। ਸਥਾਨਕ ਵਸੋਂ ਦੇ ਹੰਝੂ ਵੇਖੇ ਨਹੀਂ ਸਨ ਜਾਂਦੇ।
ਕੇਂਦਰ ਦੀ ਸਰਕਾਰ ਦੇ ਵਸੀਲੇ ਵੀ ਯੂ ਐਨ ਓ ਵਰਗੇ ਹਨ। ਜੂਨ ਜੁਲਾਈ ਦੇ ਮਹੀਨੇ 60,000 ਟਨ ਗੰਢੇ ਭਾਰਤ ਤੋਂ ਬਾਹਰ ਭੇਜਣ ਪਿੱਛੋਂ ਚੇਤੇ ਆਇਆ ਹੈ ਕਿ ਨਿਰਯਾਤ ਨੂੰ ਕੰਟਰੋਲ ਕਰਕੇ ਘਰੇਲੂ ਲੋੜਾਂ ਦੀ ਪੂਰਤੀ ਕੀਤੀ ਜਾਵੇ। ਮੇਰਾ ਮਿੱਤਰ ਫਿਕਰ ਤੌਂਸਵੀ ਜੀਵਤ ਹੁੰਦਾ ਤਾਂ ਅਜੋਕੀ ਸਰਕਾਰ ਦੀਆਂ ਅੱਖਾਂ ਪਿਆਜ਼ ਦੇ ਛਿਲਕਿਆਂ ਨਾਲ ਭਰ ਦਿੰਦਾ। ਸਰਕਾਰਾਂ ਚਲਾਉਣ ਲਈ ਦਿੱਬ ਦ੍ਰਿਸਟੀ ਦੀ ਲੋੜ ਪੈਂਦੀ ਹੈ ਫੋਕੇ ਨਾਅਰਿਆਂ ਦੀ ਨਹੀਂ ਪਰ ਕੌਣ ਓਸ ਨੂੰ ਆਖੇ ਇੰਝ ਨਹੀਂ ਇੰਝ ਕਰ।
ਫਤਿਹਗੜ੍ਹ ਸਾਹਿਬ ਦੀ ਬੁੱਕਲ ਦਾ ਮਹਿਦੂਦਾਂ ਪਿੰਡ: ਮੈਂ ਮਹਿਦੂਦਾਂ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਵੀ ਉਨ੍ਹਾਂ ਦਾ ਹੀ ਬੰਦਾ ਹਾਂ। ਮੇਰੀ ਮਾਂ ਦੇ ਨਾਨਕੇ ਏਸ ਪਿੰਡ ਸਨ। ਮਾਮੇ ਦੇ ਛੇ ਪੁੱਤਰ ਸਨ ਪ੍ਰੀਤਮ ਸਿੰਘ, ਚੰਨਣ ਸਿੰਘ, ਮੱਲ ਸਿੰਘ, ਕਰਤਾਰ ਸਿੰਘ, ਬਲਵੰਤ ਸਿੰਘ ਤੇ ਮਘਰ ਸਿੰਘ। ਪਿਛਲੇ ਚਾਲੀਵਿਆਂ ਵਿਚ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਸਮੇਂ ਉਨ੍ਹਾਂ ਦੇ ਘਰ ਦਰਜਣਾਂ ਪ੍ਰਾਹੁਣੇ ਲੰਗਰ ਛਕਦੇ ਸਨ। ਦੋ ਕਨਾਲ ਵਾਲਾ ਘਰ ਚਹਿਲ ਪਹਿਲ ਨਾਲ ਭਰਿਆ ਰਹਿੰਦਾ ਸੀ। ਆਟਾ ਛਾਣਨ ਲਈ ਵੱਡੇ ਛਾਣਨੇ ਸ਼ਤੀਰਾਂ ਨਾਲ ਬੱਧੇ ਹੁੰਦੇ ਸਨ। ਉਸ ਵੇਲੇ ਵੀ ਜਦੋਂ ਦੋ ਪੁਤਰਾਂ ਨੂੰ ਛੱਡ ਕੇ ਬਾਕੀ ਦੇ ਚਾਰ ਦਿੱਲੀ ਜਾ ਕੇ ਟੈਕਸੀਆਂ ਦੇ ਕਾਰੋਬਾਰ ਵਿਚ ਪੈ ਚੁੱਕੇ ਸਨ। ਉਹ ਸਾਰੇ ਨਾਮਧਾਰੀ ਮਰਯਾਦਾ ਨੂੰ ਪਰਨਾਏ ਹੋਏ ਸਨ। ਮੇਰੀ ਨਾਨੀ ਦਲੀਪ ਕੌਰ ਨੂੰ ਮੇਰਾ ਸ਼ਾਹੂਕਾਰ ਨਾਨਾ ਕੋਈ ਵਧ ਘਟ ਗੱਲ ਕਹਿੰਦਾ ਤਾਂ ਨਾਨੀ ਡਾਟ ਦਿੰਦੀ ‘ਸੰਭਲ ਕੇ ਬੋਲ ਸਰਦਾਰਾ ਮੈਂ ਕੂਕਿਆਂ ਦੀ ਧੀ’ ਹਾਂ
ਹੁਣ ਮਹਿਦੂਦਾਂ ਦੀ ਪੰਚਾਇਤ ਨੇ ਸਮਾਜੀ ਰਸਮਾਂ ਉਤੇ ਫਜ਼ੂਲ ਖਰਚੀ ਕਰਨ ਵਾਲਿਆਂ ਦੀ ਬਾਈਕਾਟ ਕਰਨ ਦੀ ਕਸਮ ਖਾਧੀ ਹੈ, ਨਸ਼ਾ ਖੋਰੀ ਕਰਨ ਵਾਲਿਆਂ ਸਮੇਤ। ਏਥੋਂ ਤੱਕ ਕਿ ਹੀਜੜਿਆਂ ਨੂੰ ਇਨ੍ਹਾਂ ਰਸਮਾਂ ਉਤੇ ਬੱਧੇ ਪੈਸੇ (ਅਮੀਰਾਂ ਵੱਲੋਂ 1000 ਤੇ ਗਰੀਬਾਂ ਵੱਲੋਂ 500 ਰੁਪਏ) ਦੇ ਕੇ ਪਿੰਡ ਦੀ ਫਿਰਨੀ ਤੋਂ ਬਾਹਰ ਰਖਣ ਦਾ ਫੈਸਲਾ ਲਿਆ ਹੈ। ਏਸ ਪਾਸੇ ਪਹਿਲ ਕਦਮੀ ਕਰਕੇ ਮੇਰੀ ਮਾਂ ਦਾ ਨਾਨਕਾ ਪਿੰਡ ਬਾਜ਼ੀ ਲੈ ਗਿਆ ਹੈ। ਮਹਿਦੂਦਾਂ ਨਿਵਾਸੀ ਜ਼ਿੰਦਾਬਾਦ।
ਅੰਤਿਕਾ: (ਬਿਸ਼ਨ ਸਿੰਘ ਉਪਾਸ਼ਕ)
ਅੱਖ ਖੁਲ੍ਹੀ ਦਿਨ ਚੜ੍ਹੇ ਬਾਰੀ ਤੇ ਜਾ ਪਹੁੰਚੀ ਨਜ਼ਰ
ਰਾਤ ਬਾਕੀ ਹੈ ਅਜੇ, ਇਹ ਸੋਚ ਕੇ ਮੈਂ ਸੌ ਗਿਆ।