ਪੰਜਸ਼ੀਰ ਦੀ ਘਾਟੀ ਵਾਲੇ ਘੋਲ

ਅਫ਼ਸਾਨਾ-ਏ-ਅਫ਼ਗ਼ਾਨਿਸਤਾਨ-4
ਅਫ਼ਗ਼ਾਨਿਸਤਾਨ ਚਿਰਾਂ ਤੋਂ ਅਸਥਿਰਤਾ ਦੀ ਮਾਰ ਹੇਠ ਹੈ। ਸਿਆਸੀ ਅਤੇ ਸਮਾਜਕ ਉਥਲ-ਪੁਥਲ ਨੇ ਇਸ ਮੁਲਕ ਦਾ ਬੜਾ ਕੁਝ ਲੀਹੋਂ ਲਾਹ ਦਿੱਤਾ ਹੋਇਆ ਹੈ। ਅਫ਼ਗ਼ਾਨਿਸਤਾਨ ਦੇ ਇਸ ਪਿਛੋਕੜ ਅਤੇ ਅੱਜ ਦੇ ਹਾਲਾਤ ਦਾ ਲੇਖਾ-ਜੋਖਾ ਪੰਜਾਬੀ ਦੇ ਨਿਰਾਲੇ ਬਿਰਤਾਂਤਕਾਰ ਹਰਮਹਿੰਦਰ ਚਹਿਲ ਨੇ ਆਪਣੀ ਇਸ ਲੰਬੀ ਰਚਨਾ ਵਿਚ ਕੀਤਾ ਹੈ ਜੋ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।

‘ਪੰਜਾਬ ਟਾਈਮਜ਼’ ਦੇ ਪਾਠਕ 2013 ਵਿਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਹਾਲਾਤ ਬਾਰੇ ਲਿਖਿਆ ਲੇਖਕ ਦਾ ਨਾਵਲ ‘ਆਫੀਆ ਸਿੱਦੀਕੀ ਦਾ ਜਹਾਦ’ ਪੜ੍ਹ ਚੁੱਕੇ ਹਨ, ਜੋ ਬੇਹੱਦ ਪਸੰਦ ਕੀਤਾ ਗਿਆ ਸੀ। ਚਹਿਲ ਨੇ ਪੰਜ ਕਹਾਣੀ ਸੰਗ੍ਰਹਿਆਂ ਤੋਂ ਇਲਾਵਾ ‘ਹੋਣੀ’ ਅਤੇ ‘ਬਲੀ’ ਨਾਵਲ ਲਿਖ ਕੇ ਪੰਜਾਬੀ ਸਾਹਿਤ ਜਗਤ ਵਿਚ ਪੈਂਠ ਬਣਾਈ ਹੈ। ‘ਬਲੀ’ ਵਿਚ ਪੰਜਾਬ ਸੰਕਟ ਦੀਆਂ ਪਰਤਾਂ ਫਰੋਲੀਆਂ ਗਈਆਂ ਹਨ ਅਤੇ ‘ਹੋਣੀ’ ਪਰਵਾਸ ਨਾਲ ਜੁੜੇ ਮਸਲਿਆਂ ਨਾਲ ਜੁੜੀ ਤੰਦ-ਤਾਣੀ ਦਾ ਖੁਲਾਸਾ ਕਰਦਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਤੋਂ ਅਮਰੀਕਾ ਆ ਵੱਸੇ ਹਰਮਹਿੰਦਰ ਚਹਿਲ ਦੀਆਂ ਰਚਨਾਵਾਂ ਵਿਚ ਪੇਸ਼ ਆਲੇ-ਦੁਆਲੇ ਦਾ ਬਾਰੀਕ ਬਿਰਤਾਂਤ ਉਸ ਦੀਆਂ ਰਚਨਾਵਾਂ ਦੀ ਖਾਸੀਅਤ ਬਣਦਾ ਹੈ। ਇਨ੍ਹਾਂ ਰਚਨਾਵਾਂ ਵਿਚ ਹਕੀਕਤ ਝਾਤੀਆਂ ਮਾਰਦੀ ਦਿਸਦੀ ਹੈ ਅਤੇ ਪਾਠਕਾਂ ਨੂੰ ਆਪਣੇ ਨਾਲ ਤੁਰਨ ਲਈ ਸੈਨਤਾਂ ਮਾਰਦੀ ਹੈ। -ਸੰਪਾਦਕ

ਹਰਮਹਿੰਦਰ ਚਹਿਲ
ਫੋਨ: 703-362-3239
ਕਾਬਲ ‘ਤੇ ਮੁਕੰਮਲ ਕਬਜ਼ੇ ਪਿਛੋਂ ਤਾਲਿਬਾਨ ਨੇ ਪਿਛਾਂਹ ਹਟ ਰਹੇ ਅਹਿਮਦ ਸ਼ਾਹ ਮਸੂਦ ਦੀਆਂ ਫੌਜਾਂ ਦਾ ਪਿੱਛਾ ਜਾਰੀ ਰੱਖਿਆ। ਸਲੰਗ ਹਾਈਵੇ ‘ਤੇ ਜਾਂਦੀ ਮਸੂਦ ਦੀ ਫੌਜ, ਤਾਲਿਬਾਨ ਦਾ ਮੁਕਬਲਾ ਕਰਦੀ ਪਿਛੇ ਹਟਦੀ ਰਹੀ, ਪਰ ਉਹ ਧੁੱਸ ਦੇਈ ਤੁਰੇ ਗਏ ਤੇ ਰਸਤੇ ‘ਚ ਪੈਂਦੇ ਸ਼ਹਿਰਾਂ ਕਸਬਿਆਂ ਨੂੰ ਆਪਣੇ ਕਬਜ਼ੇ ‘ਚ ਕਰਦੇ ਗਏ। ਆਖਰ ਤਾਲਿਬਾਨ ਪੰਜਸ਼ੀਰ ਵਾਦੀ ਨੂੰ ਮਿਲਾਉਂਦੀ ਸਲੰਗ ਹਾਈਵੇ ‘ਤੇ ਪੈਂਦੀ ਵੱਡੀ ਸੁਰੰਗ ‘ਤੇ ਜਾ ਪਹੁੰਚੇ। ਇੱਥੇ ਉਨ੍ਹਾਂ ਦਾ ਰਾਹ ਜਨਰਲ ਰਸ਼ੀਦ ਦੋਸਤਮ ਦੀ ਫੌਜ ਨੇ ਰੋਕ ਲਿਆ। ਤਾਲਿਬਾਨ ਨੂੰ ਰੁਕਣਾ ਪਿਆ ਕਿਉਂਕਿ ਉਨ੍ਹਾਂ ਨੂੰ ਦੋਸਤਮ ਨਾਲ ਲੜਨ ਦਾ ਹੁਕਮ ਨਹੀਂ ਸੀ। ਇੰਨੇ ਵਿਚ ਅਹਿਮਦ ਸ਼ਾਹ ਮਸੂਦ ਦੀਆਂ ਫੌਜਾਂ ਨੂੰ ਸੰਭਲਣ ਦਾ ਮੌਕਾ ਮਿਲ ਗਿਆ। ਉਂਝ ਭਾਵੇਂ ਜਨਰਲ ਰਸ਼ੀਦ ਦੋਸਤਮ ਦੇ ਮਸੂਦ ਨਾਲ ਕਾਫੀ ਵਖਰੇਵੇਂ ਸਨ, ਪਰ ਇੰਨੀ ਗੱਲ ਉਹ ਵੀ ਸਮਝਦਾ ਸੀ ਕਿ ਤਾਲਿਬਾਨ ਦਾ ਉੱਤਰ ਵੱਲ ਆਉਣਾ ਠੀਕ ਨਹੀਂ ਹੈ। ਜੇ ਅੱਜ ਉਹ ਮਸੂਦ ਨੂੰ ਖਤਮ ਕਰਦੇ ਹਨ ਤਾਂ ਕੱਲ੍ਹ ਨੂੰ ਉਸ ਨਾਲ ਵੀ ਮੱਥਾ ਲਾਉਣਗੇ। ਇਸੇ ਕਰ ਕੇ ਉਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਹ ਵੇਖ ਕੇ ਕਾਬਲ ਵੱਲੋਂ ਤਾਲਿਬਾਨ ਲੀਡਰ ਆ ਗਏ। ਉਨ੍ਹਾਂ ਜਨਰਲ ਰਸ਼ੀਦ ਦੋਸਤਮ ਨਾਲ ਸਮਝੌਤੇ ਦੀ ਗੱਲਬਾਤ ਚਲਾਈ, ਪਰ ਸਿਰੇ ਨਾ ਚੜ੍ਹ ਸਕੀ ਕਿਉਂਕਿ ਦੋਸਤਮ ਨੇ ਆਪਣੇ ਇਲਾਕੇ ਲਈ ਅਟਾਨਮੀ ਦੀ ਮੰਗ ਰੱਖ ਦਿੱਤੀ।
ਇਸ ਗੱਲਬਾਤ ਦਰਮਿਆਨ ਕਈ ਦਿਨ ਲੰਘ ਗਏ। ਇਸ ਨਾਲ ਅਹਿਮਦ ਸ਼ਾਹ ਮਸੂਦ ਦੀ ਫੌਜ ਪੂਰੀ ਤਰ੍ਹਾਂ ਸੰਭਲ ਗਈ। ਇਹੀ ਨਹੀਂ, ਸਗੋਂ ਉਹ ਹਮਲਾਵਰ ਰੁਖ ਅਖਤਿਆਰ ਕਰਨ ਲੱਗੀ। ਕੁਝ ਹੀ ਦਿਨਾਂ ਵਿਚ ਮਸੂਦ ਨੇ ਤਾਲਿਬਾਨ ‘ਤੇ ਮੋੜਵਾਂ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਕਾਬਲ ਤੱਕ ਧੱਕ ਕੇ ਲੈ ਗਿਆ। ਇਸ ਹਮਲੇ ਵਿਚ ਮਸੂਦ ਨੇ ਉਹ ਸਾਰੇ ਪਿੰਡ ਅਤੇ ਕਸਬੇ ਵਾਪਸ ਲੈ ਲਏ ਜਿਹੜੇ ਤਾਲਿਬਾਨ ਨੇ ਇਧਰ ਆਉਂਦਿਆਂ ਉਸ ਤੋਂ ਜਿੱਤ ਲਏ ਸਨ। ਇਸ ਤੋਂ ਇਲਾਵਾ ਉਸ ਦਾ ਫਿਰ ਤੋਂ ਬਗਰਾਮ ਹਵਾਈ ਅੱਡੇ ‘ਤੇ ਕਬਜ਼ਾ ਹੋ ਗਿਆ ਤੇ ਉਹ ਕਾਬਲ ਸ਼ਹਿਰ ਦੇ ਬਾਹਰ ਡੇਰੇ ਲਾ ਕੇ ਬੈਠ ਗਿਆ।
ਇਸ ਪਿੱਛੋਂ ਅਹਿਮਦ ਸ਼ਾਹ ਮਸੂਦ, ਜਨਰਲ ਰਸ਼ੀਦ ਦੋਸਤਮ, ਕਰੀਮ ਖਲੀਲੀ, ਇਸਮਾਇਲ ਖਾਂ (ਤਾਲਿਬਾਨ ਨਾਲ ਪਿਛਲੀ ਲੜਾਈ ਹਾਰ ਕੇ ਇਸਮਾਇਲ ਖਾਂ ਇਰਾਨ ਚਲਾ ਗਿਆ ਸੀ ਤੇ ਹੁਣ ਮਜ਼ਬੂਤ ਹੋ ਕੇ ਮੁੜਿਆ ਸੀ) ਅਤੇ ਹੋਰ ਲੀਡਰਾਂ ਨੇ ਆਪਣੇ ਇਲਾਕੇ ਨੂੰ ਤਾਲਿਬਾਨ ਤੋਂ ਮੁਕਤ ਰੱਖਣ ਲਈ ਸਾਂਝੀ ਕੌਂਸਲ ਬਣਾ ਲਈ। ਇਸ ਦਾ ਨਾਂ ਉਨ੍ਹਾਂ ਨਾਰਦਰਨ ਅਲਾਇੰਸ ਰੱਖਿਆ। ਨਾਰਦਰਨ ਅਲਾਇੰਸ ਬਣਨ ਕਰ ਕੇ, ਵਕਤੀ ਤੌਰ ‘ਤੇ ਤਾਲਿਬਾਨ ਦਾ ਇਧਰ ਦਾ ਰਾਹ ਬੰਦ ਹੋ ਗਿਆ। ਉਪਰੋਕਤ ਲੜਾਈ ਵਿਚ ਤਾਲਿਬਾਨ ਦਾ ਬਹੁਤ ਨੁਕਸਾਨ ਹੋ ਗਿਆ ਸੀ। ਇਸ ਲੜਾਈ ਕਰ ਕੇ ਲੱਖਾਂ ਲੋਕ ਘਰ ਛੱਡ ਕੇ ਗੁਆਂਢੀ ਮੁਲਕਾਂ ਵਿਚ ਚਲੇ ਗਏ, ਪਰ ਤਾਲਿਬਾਨ ਨੇ ਹਿੰਮਤ ਨਹੀਂ ਹਾਰੀ ਤੇ ਫਿਰ ਤਿਆਰੀ ਕਰਨ ਲੱਗੇ। ਉਨ੍ਹਾਂ ਕਾਬਲ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚੋਂ ਨੌਜਵਾਨਾਂ ਨੂੰ ਧੱਕੇ ਨਾਲ ਘਰਾਂ ‘ਚੋਂ ਕੱਢ ਲਿਆਂਦਾ। ਉਧਰ ਪਾਕਿਸਤਾਨ ਵੱਲੋਂ ਨਵੇਂ ਰੰਗਰੂਟ ਪਹੁੰਚਣ ਲੱਗੇ। ਨਵੰਬਰ ਵਿਚ ਤਾਲਿਬਾਨ ਨੇ ਹੈਰਾਤ ਵੱਲੋਂ ਬਦਗੀਸ ਸੂਬੇ ‘ਤੇ ਹਮਲਾ ਕਰ ਦਿੱਤਾ। ਇਥੇ ਉਨ੍ਹਾਂ ਦੇ ਮੁਕਾਬਲੇ ‘ਤੇ ਮਹੀਨਾ ਪਹਿਲਾਂ ਬਣੀ ਨਾਰਦਰਨ ਅਲਾਇੰਸ ਪਹੁੰਚ ਗਈ। ਦੋਨਾਂ ਧਿਰਾਂ ਵਿਚਕਾਰ ਘਮਸਾਣ ਦਾ ਜੰਗ ਹੋਣ ਲੱਗਿਆ। ਹੁਣ ਤੱਕ ਤਕਰੀਬਨ ਸ਼ਾਂਤ ਰਿਹਾ ਇਹ ਇਲਾਕਾ ਯੁੱਧ ਦਾ ਮੈਦਾਨ ਬਣ ਗਿਆ। ਸਥਾਨਕ ਲੋਕ ਘਰ-ਬਾਰ ਛੱਡ ਕੇ ਭੱਜਣ ਲੱਗੇ। ਲੜਾਈ ਫਸ ਗਈ ਤਾਂ ਇਰਾਨ, ਰੂਸ ਅਤੇ ਦੂਜੇ ਮੱਧ ਏਸ਼ੀਅਨ ਮੁਲਕ ਫਿਕਰਮੰਦ ਹੋ ਗਏ। ਉਨ੍ਹਾਂ ਮੁਤਾਬਕ, ਜੇ ਤਾਲਿਬਾਨ ਨੂੰ ਅੱਗੇ ਵਧਣ ਤੋਂ ਨਹੀਂ ਰੋਕਿਆ ਜਾਂਦਾ ਤਾਂ ਉਹ, ਉਨ੍ਹਾਂ ਦੀਆਂ ਬਰੂਹਾਂ ਤੱਕ ਆ ਪਹੁੰਚਣਗੇ। ਉਨ੍ਹਾਂ ਤਾਲਿਬਾਨ ਨੂੰ ਸਿੱਧੀ ਧਮਕੀ ਦਿੱਤੀ ਕਿ ਜੇ ਉਹ ਨਾ ਰੁਕੇ ਤਾਂ ਉਹ ਨਾਰਦਰਨ ਅਲਾਇੰਸ ਦੀ ਮਦਦ ਕਰਨਗੇ। ਦੂਜੇ ਪਾਸੇ ਪਹਿਲਾਂ ਤੋਂ ਹੀ ਤਾਲਿਬਾਨ ਦਾ ਪੱਖ ਪੂਰ ਰਹੇ ਪਾਕਿਸਤਾਨ ਅਤੇ ਸਾਊਦੀ ਅਰਬ ਨੇ ਹੋਰ ਵੀ ਜ਼ੋਰ-ਸ਼ੋਰ ਨਾਲ ਮਦਦ ਵਧਾ ਦਿੱਤੀ। ਇਉਂ ਇਹ ਲੜਾਈ ਬਹੁਤ ਭਿਆਨਕ ਬਣ ਗਈ ਅਤੇ ਅਫਗਾਨਿਸਤਾਨ ਦੀ ਖਾਨਾਜੰਗੀ ਹੋਰ ਵੀ ਖਤਰਨਾਕ ਰੂਪ ਅਖਤਿਆਰ ਕਰ ਗਈ। ਯੂæਐਨæਓæ ਵਰਗੀਆਂ ਸੰਸਥਾਵਾਂ ਨੇ ਸਮਝੌਤਾ ਵਾਰਤਾ ਚਲਾਈ ਪਰ ਸਫਲਤਾ ਨਾ ਮਿਲੀ। ਦੁਨੀਆਂ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਤਾਲਿਬਾਨ ਨਾਲ ਕਿਵੇਂ ਨਜਿੱਠਿਆ ਜਾਵੇ, ਕਿਉਂਕਿ ਉਹ ਕਿਸੇ ਦੀ ਸੁਣਦੇ ਹੀ ਨਹੀਂ ਸਨ।
ਜਨਵਰੀ ਮਹੀਨੇ ਤਾਲਿਬਾਨ ਨੇ ਫਿਰ ਤੋਂ ਅਹਿਮਦ ਸ਼ਾਹ ਮਸੂਦ ਦੀਆਂ ਫੌਜਾਂ ਨਾਲ ਦੋ ਦੋ ਹੱਥ ਕਰਨ ਦੀ ਸੋਚਦਿਆਂ, ਉਨ੍ਹਾਂ ‘ਤੇ ਜ਼ਬਰਦਸਤ ਹਮਲਾ ਕਰ ਦਿੱਤਾ। ਮਸੂਦ ਨੂੰ ਫਿਰ ਪਿੱਛੇ ਹਟਣਾ ਪਿਆ ਤੇ ਤਾਲਿਬਾਨ ਨੇ ਦੂਜੀ ਵਾਰ ਉਸ ਨੂੰ ਪੰਜਸ਼ੀਰ ਵਾਦੀ ਤੱਕ ਪਿੱਛੇ ਧੱਕ ਦਿੱਤਾ। ਤਾਲਿਬਾਨ ਦੇ ਸੱਜੇ ਹੱਥ ਦੇ ਪੰਜ ਸੂਬਿਆਂ ‘ਤੇ ਜਨਰਲ ਰਸ਼ੀਦ ਦੋਸਤਮ ਦਾ ਕਬਜ਼ਾ ਸੀ। ਦੋਨਾਂ ਧਿਰਾਂ ਵਿਚਕਾਰ ਚੱਲ ਰਹੀ ਸਮਝੌਤਾ ਵਾਰਤਾ ਖਤਮ ਹੋ ਚੁੱਕੀ ਸੀ। ਅਗਲੀ ਲੜਾਈ ਦੋਸਤਮ ਨਾਲ ਲੜਨ ਦੀ ਸੋਚ ਕੇ, ਤਾਲਿਬਾਨ ਫੌਜ ਉਸ ਦੇ ਇਲਾਕੇ ਦੀ ਘੇਰਾਬੰਦੀ ਕਰਦਿਆਂ ਸ਼ਹਿ ਕੇ ਬਹਿ ਗਈ। ਜਨਰਲ ਰਸ਼ੀਦ ਦੋਸਤਮ ਆਪਣੇ ਲੋਕਾਂ ਦਾ ਮਹਿਬੂਬ ਲੀਡਰ ਤੇ ਕਾਬਲ ਫੌਜੀ ਕਮਾਂਡਰ ਸੀ। ਉਹ ਗਰੀਬ ਪਰਿਵਾਰ ਵਿਚ ਜਨਮਿਆਂ ਤੇ ਆਪਣੇ ਬਲਬੂਤੇ ਇਸ ਅਹੁਦੇ ਤੱਕ ਪਹੁੰਚਿਆ ਸੀ। ਆਮ ਸਿਪਾਹੀ ਭਰਤੀ ਹੋ ਕੇ ਉਸ ਨੇ ਇੱਥੋਂ ਤੱਕ ਦੀ ਤਰੱਕੀ ਕੀਤੀ ਸੀ। ਹੁਣ ਤੱਕ ਉਸ ਦਾ ਇਲਾਕਾ ਨਾਂ ਸਿਰਫ ਸ਼ਾਂਤ ਹੀ ਰਿਹਾ ਸੀ, ਸਗੋਂ ਅਫਗਾਨਿਸਾਤਨ ਦਾ ਇਹ ਇੱਕੋ ਇੱਕ ਅਜਿਹਾ ਇਲਾਕਾ ਸੀ ਜਿਥੇ ਕੱਟੜਵਾਦ ਨਹੀਂ ਸੀ। ਇਹ ਇਲਾਕਾ ਤੁਰਕਮਿਨਸਤਾਨ ਅਤੇ ਉਜ਼ਬੇਕਿਸਤਾਨ ਨਾਲ ਲੱਗਦਾ ਸੀ ਅਤੇ ਖੁਸ਼ਹਾਲ ਸੀ। ਬਹੁਤ ਸਾਰਾ ਘਰੇਲੂ ਸਾਮਾਨ ਟਰਾਂਸਪੋਰਟ ਹੋ ਕੇ ਦੋਨਾਂ ਮੁਲਕਾਂ ਵਿਚ ਆਉਂਦਾ ਜਾਂਦਾ ਸੀ ਅਤੇ ਕਸਟਮ ਦੀ ਆਮਦਨ ਦਾ ਵੱਡਾ ਜ਼ਰੀਆ ਸੀ।
ਰਸ਼ੀਦ ਦੋਸਤਮ ਜਿਥੇ ਲੋਕਾਂ ਦਾ ਚਹੇਤਾ ਸੀ, ਉਥੇ ਉਸ ਵਿਚ ਕਈ ਔਗਣ ਵੀ ਸਨ। ਉਹ ਧੱਕੜ ਫੌਜੀ ਜਨਰਲ ਸੀ। ਇਸ ਤੋਂ ਬਿਨਾਂ ਉਹ ਇਸ ਗੱਲੋਂ ਬਦਨਾਮ ਸੀ ਕਿ ਉਹ ਆਪਣੇ ਫਾਇਦੇ ਲਈ ਕਿਸੇ ਵੀ ਵਿਰੋਧੀ ਨਾਲ ਹੱਥ ਮਿਲਾ ਲੈਂਦਾ ਸੀ। ਅਫਗਾਨਿਸਤਾਨ ਵਿਚ ਜਿੰਨੇ ਵੀ ਲੜਾਕੇ ਜਨਰਲ ਸਨ, ਦੋਸਤਮ ਕਿਸੇ ਨਾ ਕਿਸੇ ਮੌਕੇ ਹਰ ਇੱਕ ਦਾ ਸਾਥੀ ਰਿਹਾ ਸੀ। ਇਵੇਂ ਹੀ ਹਰ ਇਕ ਦੇ ਖਿਲਾਫ ਵੀ ਲੜਿਆ ਸੀ। ਕਈ ਵਾਰੀ ਤਾਂ ਉਹ, ਕਿਸੇ ਇੱਕ ਦੇ ਹੱਕ ਵਿਚ ਲੜ ਰਿਹਾ ਹੁੰਦਾ ਤੇ ਚਲਦੀ ਲੜਾਈ ਦੌਰਾਨ ਹੀ ਦੂਜੇ ਪਾਸੇ ਹੱਥ ਮਿਲਾ ਲੈਂਦਾ, ਪਰ ਇਸ ਸਭ ਦੇ ਬਾਵਜੂਦ, ਉਸ ਨੇ ਆਪਣੇ ਇਲਾਕੇ ਨੂੰ ਅੱਜ ਤੱਕ ਮਹਿਫੂਜ਼ ਰੱਖਿਆ ਹੋਇਆ ਸੀ। ਹੁਣ ਤਾਲਿਬਾਨ ਇੱਧਰ ਆਏ ਤਾਂ ਉਸ ਦੀ ਫੌਜ ਵਿਚ ਪਾਟਕ ਪੈ ਗਿਆ। ਉਸ ਦਾ ਦੋ ਨੰਬਰ ਦਾ ਕਮਾਂਡਰ ਮਲਕ ਪਹਿਲਵਾਨ, ਅੰਦਰਖਾਤੇ ਤਾਲਿਬਾਨ ਨਾਲ ਰਲ ਗਿਆ। ਇਹ ਗੰਢ-ਤਰੁੱਪ ਹੋਣ ਦੀ ਦੇਰ ਸੀ ਕਿ ਤਾਲਿਬਾਨ ਨੇ ਮਜ਼ਾਰ-ਏ-ਸ਼ਰੀਫ ‘ਤੇ ਹਮਲਾ ਕਰ ਦਿੱਤਾ। ਦੋਸਤਮ ਨੇ ਜਦੋਂ ਵੇਖਿਆ ਕਿ ਤਾਲਿਬਾਨ ਸਿੱਧੇ ਹੀ ਉਸ ਦੇ ਗਲ ਨੂੰ ਆ ਪਹੁੰਚੇ ਹਨ ਤਾਂ ਉਹ ਸਾਰਾ ਕੁਝ ਛੱਡ-ਛਡਾ ਕੇ ਭੱਜ ਨਿਕਲਿਆ ਅਤੇ ਤੁਰਕੀ ਜਾ ਪਹੁੰਚਿਆ। ਉਸ ਦੇ ਮੈਦਾਨ-ਏ-ਜੰਗ ‘ਚੋਂ ਪਿਛੇ ਹਟਦਿਆਂ ਹੀ ਤਾਲਿਬਾਨ ਲਈ ਰਾਹ ਪੱਧਰਾ ਹੋ ਗਿਆ ਤੇ ਉਨ੍ਹਾਂ ਪੈਂਦੀ ਸੱਟੇ ਮਜ਼ਾਰ ‘ਤੇ ਕਬਜ਼ਾ ਕਰ ਲਿਆ। ਉਧਰ ਮਲਕ ਪਹਿਲਵਾਨ ਨੂੰ ਮੂੰਹ ਦੀ ਖਾਣੀ ਪਈ, ਕਿਉਂਕਿ ਤਾਲਿਬਾਨ ਕੀਤੇ ਵਾਅਦੇ ਤੋਂ ਮੁੱਕਰ ਗਏ। ਮਲਕ ਆਪਣਾ ਬਚਾਅ ਕਰਦਾ ਤੇ ਫੌਜਾਂ ਪਿੱਛੇ ਹਟਾਉਂਦਾ ਆਪਣੇ ਜੱਦੀ ਸੂਬੇ ਫਰਿਆਬ ਚਲਾ ਗਿਆ। ਤਾਲਿਬਾਨ ਨੇ ਮਜ਼ਾਰ ‘ਤੇ ਕਬਜ਼ਾ ਕਰਦਿਆਂ ਹੀ ਸ਼ਰੀਅਤ ਕਨੂੰਨ ਲਾਗੂ ਕਰ ਦਿੱਤਾ। ਸ਼ਾਂਤ ਰਹਿ ਰਹੇ ਲੋਕ ਇਕਦਮ ਪ੍ਰੇਸ਼ਾਨ ਹੋ ਉੱਠੇ। ਦੂਜਾ ਕਦਮ ਚੁੱਕਦਿਆਂ ਤਾਲਿਬਾਨ ਨੇ ਉਜ਼ਬੇਕ ਅਤੇ ਹਜ਼ਾਰਾ ਮੂਲ ਦੇ ਫੌਜੀਆਂ ਨੂੰ ਨਿਹੱਥੇ ਕਰਨ ਦੇ ਮੰਤਵ ਨਾਲ ਉਨ੍ਹਾਂ ਨੂੰ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਚਾੜ੍ਹ ਦਿੱਤੇ। ਇਸ ਨਾਲ ਇਨ੍ਹਾਂ ਫੌਜੀਆਂ ਵਿਚ ਗੁੱਸਾ ਭੜਕ ਉੱਠਿਆ ਤੇ ਬਗਾਵਤ ਫੈਲ ਗਈ। ਉਨ੍ਹਾਂ ਤਾਲਿਬਾਨ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਤਾਲਿਬਾਨ ਇਸ ਇਲਾਕੇ ‘ਚ ਨਵੇਂ ਸਨ। ਉਹ ਲੋਕਾਂ ਦੇ ਸੁਭਾਅ ਤੋਂ ਅਣਜਾਣ ਸਨ। ਇਸੇ ਕਰਕੇ ਉਹ ਇਸ ਹਾਲਾਤ ਨੂੰ ਸਮਝਣ ਸੰਭਾਲਣ ਵਿਚ ਅਸਫਲ ਰਹੇ। ਅਚਾਨਕ ਉਠੀ ਵਿਦਰੋਹ ਦੀ ਇਹ ਚੰਗਿਆੜੀ, ਭਾਂਬੜ ਬਣ ਗਈ ਤੇ ਸਥਾਨਕ ਲੋਕ ਵੀ ਇਸ ਵਿਚ ਸ਼ਾਮਲ ਹੋ ਗਏ। ਫਿਰ ਕੀ ਸੀ, ਇਲਾਕੇ ਤੋਂ ਤਾਲਿਬਾਨ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ। ਸਥਾਨਕ ਫੌਜ ਅਤੇ ਲੋਕਾਂ ਨੇ ਰੱਜ ਕੇ ਗੁੱਸਾ ਕੱਢਿਆ। ਹਜ਼ਾਰਾਂ ਤਾਲਿਬਾਨ ਮਾਰੇ ਗਏ ਅਤੇ ਬਹੁਤ ਜ਼ਿਆਦਾ ਜ਼ਖ਼ਮੀ ਹੋਏ। ਭਚੇ-ਖੁਚੇ ਤਾਲਿਬਾਨ ਪਿਛੇ ਭੱਜਣ ਲੱਗੇ ਤਾਂ ਉਧਰੋਂ ਅਹਿਮਦ ਸ਼ਾਹ ਮਸੂਦ ਨੇ ਰਾਹ ਰੋਕ ਲਿਆ। ਉਸ ਨੇ ਪਹਾੜਾਂ ਵਿਚੋਂ ਲੰਘਦੀ ਸੜਕ ‘ਤੇ ਪੈਂਦੀ ਸੁਰੰਗ ਉਡਾ ਕੇ ਉਨ੍ਹਾਂ ਦਾ ਰਸਤਾ ਬੰਦ ਕਰ ਦਿੱਤਾ। ਇਸ ਨਾਲ ਤਾਲਿਬਨ ਚਾਰੇ ਪਾਸਿਆਂ ਤੋਂ ਘਿਰ ਗਏ ਅਤੇ ਵਿਰੋਧੀਆਂ ਹੱਥੋਂ ਬੁਰੀ ਤਰ੍ਹਾਂ ਹਾਰੇ। ਕੁੱਲ ਮਿਲਾ ਕੇ ਇਸ ਵਿਦਰੋਹ ਵਿਚ ਤਾਲਿਬਾਨ ਦਾ ਅਤਿਅੰਤ ਨੁਕਸਾਨ ਹੋਇਆ।
ਮਲਕ ਪਹਿਲਵਾਨ ਨੇ ਤਾਲਿਬਾਨ ਦੁਆਰਾ ਜਿੱਤੇ ਇਲਾਕਿਆਂ ‘ਤੇ ਫਿਰ ਕਬਜ਼ਾ ਜਮਾ ਲਿਆ। ਉਂਝ ਭਾਵੇਂ ਉਹ ਕੋਈ ਬਹੁਤਾ ਯੋਗ ਕਮਾਂਡਰ ਜਾਂ ਚੰਗਾ ਲੀਡਰ ਨਹੀਂ ਸੀ, ਫਿਰ ਵੀ ਉਸ ਨੇ ਤਾਲਿਬਾਨ ਦੀ ਇਸ ਹਾਲਤ ਦਾ ਫਾਇਦਾ ਉਠਾਉਂਦਿਆਂ ਨੇੜਲੇ ਸੂਬਿਆਂ ਵੱਲ ਧਾਵਾ ਬੋਲ ਕੇ ਉਨ੍ਹਾਂ ਨੂੰ ਉਥੋਂ ਖਦੇੜ ਦਿੱਤਾ। ਇਸ ਪ੍ਰਕਾਰ, ਕੁੰਦਜ ਸੂਬੇ ਨੂੰ ਛੱਡ ਕੇ ਇਧਰ ਦੇ ਸਾਰੇ ਇਲਾਕੇ ਨਾਰਦਰਨ ਅਲਾਂਇੰਸ ਦੇ ਕਬਜ਼ੇ ਹੇਠ ਆ ਗਏ। ਇਥੇ ਮਲਕ ਦਾ ਕਬਜ਼ਾ ਹੋ ਗਿਆ ਤੇ ਦੱਖਣ ਵੱਲ ਅਹਿਮਦ ਸ਼ਾਹ ਮਸੂਦ ਨੇ ਅੱਡਾ ਪੱਕਾ ਕਰ ਲਿਆ। ਦੂਜੇ ਪਾਸੇ ਬਾਮਿਆਨ ਸੂਬੇ ਵੱਲ ਵਧ ਆਈ ਤਾਲਿਬਾਨ ਫੌਜ ਨੂੰ ਮਜ਼ਬੂਤ ਕਮਾਂਡਰ ਕਰੀਮ ਖਲੀਲੀ ਨੇ ਪਿੱਛੇ ਧੱਕ ਦਿੱਤਾ। ਤਾਲਿਬਾਨ ਫੌਜ ਪਿਛਾਂਹ ਤਾਂ ਹਟ ਗਈ ਪਰ ਉਹ ਬਾਮਿਆਨ ਦੁਆਲੇ ਘੇਰਾ ਪਾ ਕੇ ਬੈਠ ਗਈ। ਉਧਰ ਕੁੰਦਜ ਸੂਬੇ ਵਿਚ ਇੱਕ ਫੌਜੀ ਹਵਾਈ ਅੱਡਾ ਸੀ ਜਿਸ ਨੇ ਤਾਲਿਬਾਨ ਦੀ ਉਥੇ ਕਬਜ਼ਾ ਰੱਖਣ ਵਿਚ ਬਹੁਤ ਮਦਦ ਕੀਤੀ। ਆਲੇ-ਦੁਆਲੇ ਦੇ ਰਸਤੇ ਬੰਦ ਹੋ ਜਾਣ ਪਿੱਛੋਂ ਉਨ੍ਹਾਂ ਹਵਾਈ ਰਸਤੇ ਢੋਆ ਢੁਆਈ ਜਾਰੀ ਰੱਖੀ, ਪਰ ਦੂਜੇ ਇਲਾਕਿਆਂ ਵਿਚ ਉਨ੍ਹਾਂ ਦੀ ਬੁਰੀ ਤਰ੍ਹਾਂ ਹਾਰ ਹੋਈ। ਤਕਰੀਬਨ ਢਾਈ ਸਾਲ ਪਹਿਲਾਂ ਉੱਠੇ ਤਾਲਿਬਾਨ ਲਈ ਇਹ ਪਹਿਲੀ ਵੱਡੀ ਹਾਰ ਸੀ। ਇਸ ਲੜਾਈ ਵਿਚ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਗਿਆ। ਆਮ ਜਨਤਾ ਨੂੰ ਵੀ ਹੱਦੋਂ ਵੱਧ ਮੁਸੀਬਤਾਂ ਝੱਲਣੀਆਂ ਪਈਆਂ। ਇਸ ਲੜਾਈ ਨੇ ਲੱਖਾਂ ਹੋਰ ਲੋਕ ਬੇਘਰ ਕਰ ਦਿੱਤੇ ਜਿਨ੍ਹਾਂ ਨੇ ਗੁਆਂਢੀ ਮੁਲਕਾਂ ਵਿਚ ਪਨਾਹ ਲਈ।
ਇਸ ਲੜਾਈ ਦੌਰਾਨ ਰਹਿ ਗਈਆਂ ਊਣਤਾਈਆਂ ਤੋਂ ਸਬਕ ਲੈਂਦਿਆਂ, ਤਾਲਿਬਾਨ ਨੇ ਨਵੀਆਂ ਜੰਗੀ ਯੋਜਨਾਵਾਂ ਅਮਲ ‘ਚ ਲਿਆਉਣ ਦੀ ਵਿਉਂਤ ਬਣਾਈ। ਮੁੱਲਾ ਉਮਰ ਨੇ ਇਸ ਨੂੰ ਜਹਾਦ ਐਲਾਨਦਿਆਂ ਹਰ ਇਕ ਨੂੰ ਇਸ ਲੜਾਈ ਵਿਚ ਹਿੱਸਾ ਲੈਣ ਲਈ ਫਤਵਾ ਜਾਰੀ ਕਰ ਦਿੱਤਾ। ਪਾਕਿਸਤਾਨ ਨੇ ਵੀ ਪਿਸ਼ਾਵਰ ਇਲਾਕੇ ‘ਚ ਚੱਲ ਰਹੇ ਸਾਰੇ ਮਦਰੱਸੇ ਬੰਦ ਕਰ ਦਿੱਤੇ ਅਤੇ ਨੌਜਵਾਨਾਂ ਨੂੰ ਤਾਲਿਬਾਨ ਨਾਲ ਰਲਣ ਲਈ ਪ੍ਰੇਰਿਆ। ਮਜ਼ੇ ਦੀ ਗੱਲ ਇਹ ਸੀ ਕਿ ਤਾਲਿਬਾਨ ਆਪਣੇ ਹੀ ਹਮਵਤਨ ਅਤੇ ਮੁਸਲਿਮ ਭਾਈਚਾਰੇ ਖਿਲਾਫ ਲੜ ਰਹੇ ਸਨ, ਪਰ ਪ੍ਰਚਾਰ ਇਹ ਕੀਤਾ ਜਾ ਰਿਹਾ ਸੀ ਕਿ ਇਹ ਜਹਾਦ ਹੈ। ਬਜ਼ੁਰਗ ਅਫਗਾਨ ਸੋਚਣ ਲਈ ਮਜਬੂਰ ਸਨ ਕਿ ਇਹ ਕਿਹੋ ਜਿਹਾ ਜਹਾਦ ਹੈ ਜਿਸ ਵਿਚ ਆਪਣੇ ਮੁਸਲਮਾਨ ਭਾਈਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸਲਾਮ ਤਾਂ ਇਸ ਦੀ ਇਜਾਜ਼ਤ ਨਹੀਂ ਦਿੰਦਾ। ਤਾਲਿਬਾਨ ਆਪਣੀ ਫੌਜ ਵਿਚ ਵਾਧਾ ਅਤੇ ਹੋਰ ਸਾਜ਼ੋ-ਸਮਾਨ ਤਿਆਰ ਕਰਨ ਵਿਚ ਲੱਗੇ ਹੋਏ ਸਨ, ਉੱਧਰ ਨਾਰਦਰਨ ਅਲਾਇੰਸ ਦੇ ਕਮਾਂਡਰਾਂ ਨੇ ਇਕੱਠੇ ਹੋ ਕੇ ਕਾਬਲ ‘ਤੇ ਸਾਂਝਾ ਹੱਲਾ ਬੋਲਣ ਦੀ ਸਕੀਮ ਬਣਾ ਲਈ। ਛੇਤੀ ਹੀ ਅਗਾਂਹ ਵਧਦੇ ਉਹ ਰਾਜਧਾਨੀ ਕਾਬਲ ਨੂੰ ਘੇਰਾ ਪਾ ਕੇ ਬੈਠ ਗਏ, ਪਰ ਤਾਲਿਬਾਨ ਉਨ੍ਹਾਂ ਦੇ ਇਸ ਐਕਸ਼ਨ ਤੋਂ ਰੱਤੀ ਭਰ ਨਾ ਡਰੇ। ਉਹ ਸਮਝਦੇ ਸਨ ਕਿ ਵੱਖੋ ਵੱਖਰੇ ਕਮਾਂਡਰ ਆਪੋ ਆਪਣੇ ਹਿਤਾਂ ਲਈ ਲੜ ਰਹੇ ਹਨ, ਇਸ ਲਈ ਜਿੱਤ ਪਾ੍ਰਪਤ ਨਹੀਂ ਕਰ ਸਕਦੇ। ਉਨ੍ਹਾਂ ਦੀ ਇਹ ਸੋਚ ਸੱਚ ਸਾਬਤ ਹੋਈ ਤੇ ਇਹ ਕਮਾਂਡਰ, ਕਾਬਲ ਜਿੱਤਣ ਪਿੱਛੋਂ ਹੋਣ ਵਾਲੇ ਕਬਜ਼ੇ ਲਈ ਕੋਈ ਸਹਿਮਤੀ ਨਾ ਬਣਾ ਸਕੇ। ਇੰਨੇ ਨੂੰ ਤਾਲਿਬਾਨ ਮਜ਼ਬੂਤ ਹੋ ਗਏ ਤੇ ਉਨ੍ਹਾਂ ਨੇ ਪਹਿਲ ਕਰਦਿਆਂ ਬੜੇ ਧੜੱਲੇ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਜਿੱਤ ਪ੍ਰਾਪਤ ਹੋਈ ਤੇ ਨਾਰਦਰਨ ਅਲਾਇੰਸ ਦੀਆਂ ਫੌਜਾਂ ਨੂੰ ਪਿੱਛੇ ਹਟਣਾ ਪਿਆ। ਨਾਰਦਰਨ ਅਲਾਇੰਸ ਲਈ ਇਹ ਬੜੀ ਨਮੋਸ਼ੀ ਵਾਲੀ ਗੱਲ ਸੀ। ਤਾਲਿਬਾਨ ਨੇ ਹੋਰ ਅੱਗੇ ਵਧਦਿਆਂ, ਫਿਰ ਤੋਂ ਉੱਤਰ ਵੱਲ ਜਾਣ ਦੀ ਧਾਰ ਲਈ। ਉਧਰ ਕੁੰਦਜ ਸੂਬਾ ਪਹਿਲਾਂ ਹੀ ਉਨ੍ਹਾਂ ਦੇ ਕਬਜ਼ੇ ਹੇਠ ਸੀ। ਸਤੰਬਰ 1997 ਵਿਚ ਉਨ੍ਹਾਂ ਕਰੜਾ ਹਮਲਾਵਰ ਰੁਖ ਅਪਣਾਇਆ ਤਾਂ ਮਲਕ ਪਹਿਲਵਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਸਭ ਕੁਝ ਛੱਡ-ਛਡਾ ਕੇ ਭੱਜ ਨਿਕਲਿਆ। ਉਸ ਦੇ ਜਾਂਦਿਆਂ ਹੀ ਤਾਲਿਬਾਨ ਨੇ ਉਸ ਦਾ ਸਾਰਾ ਇਲਾਕਾ ਕਬਜ਼ੇ ਹੇਠ ਕਰ ਲਿਆ। ਇਥੋਂ ਅੱਗੇ ਉਨ੍ਹਾਂ ਨੇ ਮਜ਼ਾਰ-ਏ-ਸ਼ਰੀਫ ਵੱਲ ਕਦਮ ਪੁੱਟਣੇ ਸ਼ੁਰੂ ਕੀਤੇ ਤਾਂ ਜਨਤਾ ਵਿਚ ਸਹਿਮ ਫੈਲ ਗਿਆ। ਲੋਕਾਂ ਨੂੰ ਭੈਅ ਸਤਾਉਣ ਲੱਗਿਆ ਕਿ ਜਦੋਂ ਹੀ ਤਾਲਿਬਾਨ ਦਾ ਮਜ਼ਾਰ ‘ਤੇ ਕਬਜ਼ਾ ਹੋ ਗਿਆ, ਉਹ ਪਿਛਲੇ ਸਾਲ ਦੇ ਵਿਦਰੋਹ ਦੌਰਾਨ ਹੋਏ ਆਪਣੇ ਨੁਕਸਾਨ ਦਾ ਬਦਲਾ ਲੈਣਗੇ, ਪਰ ਤਾਲਿਬਾਨ ਅਜੇ ਪਿੱਛੇ ਹੀ ਸਨ ਕਿ ਮਜ਼ਾਰ-ਏ-ਸ਼ਰੀਫ ਦੁਆਲੇ ਬੈਠੀਆਂ ਉਜ਼ਬੇਕ ਤੇ ਹਜ਼ਾਰਾ ਫੌਜਾਂ ਵਿਚਕਾਰ ਆਪਸੀ ਲੜਾਈ ਛਿੜ ਗਈ। ਇਥੇ ਬੜੀ ਦਿਲਚਸਪ ਘਟਨਾ ਵਾਪਰੀ। ਇਨ੍ਹਾਂ ਆਪਸੀ ਝੜਪਾਂ ਦੌਰਾਨ ਹੀ ਜਨਰਲ ਰਸ਼ੀਦ ਦੋਸਤਮ ਦਾ ਆਗਮਨ ਹੋ ਗਿਆ। ਉਸ ਨੇ ਆਉਂਦਿਆਂ ਹੀ ਮਲਕ ਪੱਖੀਆਂ ਦੇ ਦਿਲ ਜਿੱਤਣੇ ਸ਼ੁਰੂ ਕਰ ਦਿੱਤੇ ਤੇ ਆਪਣਾ ਖੁਰਿਆ ਹੋਇਆ ਆਧਾਰ ਫਿਰ ਤੋਂ ਕਾਇਮ ਕਰ ਲਿਆ। ਉਸ ਨੇ ਇੱਕ ਹੋਰ ਚਾਲ ਖੇਡਦਿਆਂ ਤਾਲਿਬਾਨ ਨਾਲ ਗੁਪਤ ਸਮਝੌਤਾ ਕਰ ਲਿਆ। ਉਸ ਨੇ ਆਪਣਾ ਗੜ੍ਹ ਮਜ਼ਾਰ-ਏ-ਸ਼ਰੀਫ ਛੱਡ ਕੇ ਨੇੜਲੇ ਸੂਬੇ ਜੋਜ਼ਜਾਨ ਦੀ ਰਾਜਧਾਨੀ ਸ਼ਿਬਰਗਨ ਵਿਚ ਅੱਡਾ ਜਮਾ ਲਿਆ। ਇਸ ਪਿੱਛੋਂ ਤਾਲਿਬਾਨ ਪਿਛਾਂਹ ਹਟਦੇ ਫਿਰ ਤੋਂ ਕੁੰਦਜ ਵਿਚ ਸ਼ਹਿ ਕੇ ਬੈਠ ਗਏ। ਕੁਝ ਚਿਰ ਤਾਜ਼ਾ ਦਮ ਹੋ ਕੇ ਤਾਲਿਬਾਨ ਨੇ ਨੇੜਲੇ ਸੂਬੇ ਬਾਮਿਆਨ ਨੂੰ ਜਿੱਤਣ ਦੀ ਸਕੀਮ ਬਣਾਈ।
ਉਥੋਂ ਦਾ ਵਾਰ ਲੌਰਡ ਕਰੀਮ ਖਲੀਲੀ ਸੀ ਅਤੇ ਹਜ਼ਾਰਾ ਲੋਕਾਂ ਦਾ ਦਬਦਬਾ ਸੀ। ਫੌਜ ਵਿਚ ਵੀ ਉਹੀ ਜ਼ਿਆਦਾ ਸਨ, ਪਰ ਜਨਤਾ ਅਤਿ ਦੀ ਗਰੀਬੀ ਸੀ। ਤਾਲਿਬਾਨ ਨੇ ਪਹਿਲਾਂ ਤੋਂ ਹੀ ਕੀਤੀ ਘੇਰਾਬੰਦੀ ਹੋਰ ਤੰਗ ਕਰ ਦਿੱਤੀ। ਇਲਾਕੇ ਵਿਚ ਵੱਡੇ ਪੱਧਰ ‘ਤੇ ਭੁੱਖਮਰੀ ਫੈਲ ਗਈ ਪਰ ਤਾਲਿਬਾਨ ਨੇ ਘੇਰਾ ਨਾ ਚੁੱਕਿਆ। ਰੈੱਡ ਕਰਾਸ ਅਤੇ ਹੋਰ ਸੰਸਥਾਵਾਂ ਦੀ ਬੇਨਤੀ ਦੀ ਵੀ ਉਨ੍ਹਾਂ ਪ੍ਰਵਾਹ ਨਾ ਕੀਤੀ। ਕਰੀਮ ਖਲੀਲੀ ਨੇ ਇਰਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਆਦਿ ਮੁਲਕਾਂ ਦਾ ਦੌਰਾ ਕਰ ਕੇ ਉਨ੍ਹਾਂ ਤੋਂ ਫੌਜੀ ਸਹਾਇਤਾ ਤਾਂ ਪ੍ਰਾਪਤ ਲਈ, ਪਰ ਉਸ ਦੀ ਫੌਜ ਇਕਮੁੱਠ ਨਹੀਂ ਸੀ। ਫੌਜ ਵਿਚ ਅੱਗੇ ਕਾਫੀ ਤਰੇੜਾਂ ਸਨ ਅਤੇ ਕਈ ਗਰੁੱਪ ਸਨ। ਛੋਟੇ ਕਮਾਂਡਰ ਵੱਖੋ ਵੱਖ ਧੜਿਆਂ ‘ਚ ਵੰਡੇ ਹੋਏ ਸਨ। ਇਸ ਕਰ ਕੇ ਉਹ ਆਪਣੇ ਇਲਾਕੇ ਨੂੰ ਤਾਲਿਬਾਨ ਤੋਂ ਬਚਾਉਣ ਲਈ ਕੋਈ ਸਾਂਝੀ ਸਕੀਮ ਬਣਾਉਣ ਵਿਚ ਅਸਫਲ ਰਹੇ। ਅੱਗੇ ਸਿਆਲ ਰੁੱਤ ਆ ਗਈ। ਭਾਰੀ ਬਰਫਵਾਰੀ ਭਾਵੇਂ ਸ਼ੁਰੂ ਹੋ ਚੁੱਕੀ ਸੀ, ਪਰ ਸਖਤ ਜਾਨ ਤਾਲਿਬਾਨ ਸਾਵਧਾਨੀ ਨਾਲ ਅੱਗੇ ਵਧਦੇ ਗਏ। ਜਨਵਰੀ, ਫਰਵਰੀ ਮਹੀਨੇ ਉਨ੍ਹਾਂ ਫਰਿਆਬ ਸੂਬੇ ‘ਤੇ ਕਬਜ਼ਾ ਕੀਤਾ।
ਉਥੇ ਦੇ ਪੰਜ ਸੌ ਦੇ ਲੱਗਭਗ ਪਿੰਡ ਆਪਣੇ ਕਬਜ਼ੇ ਹੇਠ ਕਰਦਿਆਂ ਤਾਲਿਬਾਨ ਨੇ ਜ਼ਿਆਦਾਤਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਚਦੇ ਲੋਕ ਮੁਲਕ ਛੱਡ ਕੇ ਗੁਆਂਢੀ ਮੁਲਕਾਂ ਨੂੰ ਭੱਜ ਗਏ। ਜਿਥੇ ਕਿਤੇ ਤਾਲਿਬਾਨ ਕਬਜ਼ਾ ਕਰਦੇ, ਪਹਿਲਾਂ ਲੋਕਾਂ ਦਾ ਅੰਨ੍ਹੇਵਾਹ ਕਤਲ ਕਰਦੇ, ਫਿਰ ਸ਼ਰੀਅਤ ਕਨੂੰਨ ਲਾਗੂ ਕਰ ਦਿੰਦੇ। ਉਨ੍ਹਾਂ ਦੀ ਭਵਿੱਖ ਦੀ ਕੋਈ ਸਕੀਮ ਨਹੀਂ ਸੀ। ਭੁੱਖੇ ਮਰਦੇ ਲੋਕਾਂ ਨੂੰ ਉਹ ਖਾਣ ਪੀਣ ਦੀਆਂ ਚੀਜ਼ਾਂ ਵੀ ਮੁਹੱਈਆ ਨਹੀਂ ਕਰਵਾਉਣ ਦਿੰਦੇ ਸਨ। ਯੂæਐਨæਓæ ਅਤੇ ਕਈ ਹੋਰ ਸਮਾਜਸੇਵੀ ਜਥੇਬੰਦੀਆਂ ਲੋਕਾਂ ਦੀਆਂ ਮੱਦਦ ਕਰਨੀ ਚਾਹੁੰਦੀਆਂ ਸਨ, ਪਰ ਤਾਲਿਬਾਨ ਉਨ੍ਹਾਂ ਦੀ ਕੋਈ ਗੱਲ ਨਹੀਂ ਸਨ ਸੁਣਦੇ। ਹਾਂ, ਉਨ੍ਹਾਂ ਦੀ ਇੱਕੋ ਇੱਕ ਮੰਗ ਸੀ ਕਿ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਸੰਸਾਰ ਮਾਨਤਾ ਦੇਵੇ, ਤਾਂ ਹੀ ਉਹ ਕੋਈ ਗੱਲ ਕਰਨਗੇ। ਜਿਥੇ ਇੰਨੇ ਭਿਆਨਕ ਅਤਿਆਚਾਰ ਹੋ ਰਹੇ ਹੋਣ, ਉਸ ਸਰਕਾਰ ਨੂੰ ਕਿਵੇਂ ਕੋਈ ਮਾਨਤਾ ਦੇ ਸਕਦਾ ਹੈ; ਸੋ ਲੋਕਾਈ ਦਾ ਘਾਣ ਜਾਰੀ ਸੀ।
(ਚਲਦਾ)