ਸੁਨਾਮ ਦਾ ਸੂਰਮਾ ਸ਼ਹੀਦ ਊਧਮ ਸਿੰਘ

ਪ੍ਰੋæ ਐਚæਐਲ਼ ਕਪੂਰ
ਫੋਨ: 916-587-4002
ਆਮ ਖਿਆਲ ਹੈ ਕਿ ਸ਼ਹੀਦ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਮਾਰ ਕੇ ਜਲ੍ਹਿਆਂਵਾਲੇ ਬਾਗ ਦੇ ਹੱਤਿਆ ਕਾਂਡ ਦਾ ਬਦਲਾ ਲਿਆ ਸੀ, ਪਰ ਉਸ ਨੇ ਬ੍ਰਿਗੇਡੀਅਰ ਜਨਰਲ ਰੇਜੀਨਲਡ ਐਡਵਰਡ ਹੈਰੀ ਡਾਇਰ ਨੂੰ ਨਹੀਂ, ਸਗੋਂ ਮਾਈਕਲ ਓਡਵਾਇਰ, ਜੋ ਉਸ ਸਮੇਂ ਪੰਜਾਬ ਦਾ ਗਵਰਨਰ ਸੀ, ਨੂੰ ਮਾਰਿਆ ਸੀ। ਉਸ ਦੇ ਹੀ ਹੁਕਮਾਂ ਨਾਲ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ, ਜੱਲ੍ਹਿਆਂਵਾਲੇ ਬਾਗ ਵਿਚ ਗੋਲੀ ਚਲਾਈ ਗਈ ਸੀ। ਊਧਮ ਸਿੰਘ ਇਸ ਘਟਨਾ ਲਈ ਗਵਰਨਰ ਮਾਈਕਲ ਓਡਵਾਇਰ ਨੂੰ ਹੀ ਜ਼ਿੰਮੇਵਾਰ ਗਿਣਦਾ ਸੀ।

26 ਦਸੰਬਰ, 1899 ਨੂੰ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਕਸਬੇ ਵਿਚ ਜਨਮੇ ਊਧਮ ਸਿੰਘ ਨੇ ਜੱਲ੍ਹਿਆਂਵਾਲੇ ਬਾਗ ਵਿਚ ਹੋਏ ਇਸ ਕਤਲੇਆਮ ਦਾ ਬਦਲਾ ਲੈਣ ਲਈ ਪ੍ਰਣ ਕੀਤਾ ਸੀ। ਉਨ੍ਹਾਂ ਇਸ ਘਟਨਾ ਦਾ ਬਦਲਾ 21 ਸਾਲ ਬਾਅਦ ਅੰਗਰੇਜ਼ਾਂ ਦੇ ਘਰ ਜਾ ਕੇ ਲਿਆ। ਇਤਿਹਾਸਕਾਰ ਡਾæ ਸਰਵਦਾ ਨੰਦਨ ਅਨੁਸਾਰ ਸ਼ਹੀਦ ਊਧਮ ਸਿੰਘ ਭਾਰਤ ਵਿਚ ਸਭ ਧਰਮਾਂ ਨੂੰ ਪਿਆਰ ਕਰਦੇ ਸਨ, ਇਸੇ ਲਈ ਉਨ੍ਹਾਂ ਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ। ਉਂਜ ਇਤਿਹਾਸਕਾਰ ਨਵਤੇਜ ਸਿੰਘ, ਊਧਮ ਸਿੰਘ ਦੀ ਜੀਵਨੀ ਵਿਚ ਲਿਖਦੇ ਹਨ, ਜਦੋਂ ਊਧਮ ਸਿੰਘ ਇੰਗਲੈਂਡ ਗਏ, ਉਨ੍ਹਾਂ ਇਕ ਮੁਸਲਮਾਨ ਔਰਤ ਨਾਲ ਸ਼ਾਦੀ ਕਰ ਲਈ ਸੀ ਤੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਸੀ। ਇਹ ਬਿਆਨ ਊਧਮ ਸਿੰਘ ਨੇ ਬ੍ਰਿਟਿਸ਼ ਕੋਰਟ ਵਿਚ ਵੀ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਹੋਰ ਵੀ ਕਈ ਨਾਮ ਪ੍ਰਚਲਿਤ ਸਨ ਜਿਵੇਂ, ਊਧਵਨ ਸਿੰਘ, ਊਧੇ ਸਿੰਘ, ਫਰੈਂਕ ਬਰਾਜ਼ੀਲ ਆਦਿ। ਇਹ ਨਾਮ ਉਨ੍ਹਾਂ ਨੇ ਆਪਣੀ ਪਛਾਣ ਲੁਕਾਉਣ ਲਈ ਵੱਖ ਵੱਖ ਸਮਿਆਂ ਦੌਰਾਨ ਬਦਲੇ ਸਨ।
ਊਧਮ ਸਿੰਘ ਦੇ ਪਿਤਾ ਦਾ ਨਾਮ ਟਹਿਲ ਸਿੰਘ ਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ। 1901 ਵਿਚ ਉਨ੍ਹਾਂ ਦੇ ਮਾਤਾ ਅਤੇ 1907 ਵਿਚ ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਅਤੇ ਉਨ੍ਹਾਂ ਦੇ ਵੱਡੇ ਭਰਾ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਯਤੀਮਖਾਨਾ (ਪੁਤਲੀ ਘਰ) ਵਿਖੇ ਲਿਆਂਦਾ ਗਿਆ। ਉਨ੍ਹਾਂ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਅਤੇ ਭਰਾ ਦਾ ਨਾਮ ਮੁਕਤਾ ਸਿੰਘ ਸੀ, ਪਰ ਅਨਾਥ ਆਸ਼ਰਮ ਵਿਚ ਉਨ੍ਹਾਂ ਨੂੰ ਕ੍ਰਮਵਾਰ ਊਧਮ ਸਿੰਘ ਅਤੇ ਸਾਧੂ ਸਿੰਘ ਨਵੇਂ ਨਾਮ ਮਿਲੇ। 1917 ਵਿਚ ਉਨ੍ਹਾਂ ਦੇ ਵੱਡੇ ਭਰਾ ਦੀ ਮੌਤ ਹੋ ਗਈ ਅਤੇ ਉਹ ਫਿਰ ਇਕੱਲੇ ਰਹਿ ਗਏ। ਆਸ਼ਰਮ ਵਿਚ ਰਹਿੰਦਿਆਂ ਊਧਮ ਸਿੰਘ ਨੇ ਮੈਟ੍ਰਿਕ ਦੀ ਪ੍ਰੀਖਿਆ ਬੈਜਨਾਥ ਹਾਈ ਸਕੂਲ, ਅੰਮ੍ਰਿਤਸਰ ਤੋਂ 1918 ਵਿਚ ਕੀਤੀ ਅਤੇ 1919 ਵਿਚ ਅਨਾਥ ਆਸ਼ਰਮ ਛੱਡ ਦਿੱਤਾ, ਤੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਵਿਚ ਕੁਦ ਪਏ।
ਊਧਮ ਸਿੰਘ ਦੇ ਪਿਤਾ ਰੇਲਵੇ ਵਿਭਾਗ ਵਿਚ ਕਰਾਸਿੰਗ ਵਾਚਮੈਨ ਦੇ ਅਹੁਦੇ ‘ਤੇ ਪਿੰਡ ਉਪਲੀ ਵਿਖੇ ਨਿਯੁਕਤ ਸਨ। ਇਤਿਹਾਸਕਾਰ ਨਵਤੇਜ ਸਿੰਘ ਆਪਣੀ ਪੁਸਤਕ ਵਿਚ ਲਿਖਦੇ ਹਨ, ਊਧਮ ਸਿੰਘ ਨੇ ਵੀ ਨਾਰਦਰਨ-ਵੈਸਟਰਨ ਰੇਲਵੇ ਵਿਚ 1917 ਤੋਂ 1922 ਤੱਕ ਬਤੌਰ ਟਰੇਨੀ ਡਰਾਈਵਰ, ਫਾਇਰਮੈਨ ਜਾਂ ਗਾਰਡ ਦੀ ਨੌਕਰੀ ਕੀਤੀ ਅਤੇ ਇੰਡੀਆ ਜਨਰਲ ਸਰਵਿਸ ਦਾ ਮੈਡਲ ਵਜ਼ੀਰਸਤਾਨ ਕੰਪੇਨ (ਜੋ 1919 ਤੋਂ 1921 ਤੱਕ ਚੱਲੀ ਸੀ) ਤਹਿਤ ਪ੍ਰਾਪਤ ਕੀਤਾ।
ਇੰਡੀਅਨ ਨੈਸ਼ਨਲ ਕਾਂਗਰਸ ਦੇ ਦੋ ਮੁੱਖ ਨੇਤਾਵਾਂ ਡਾæ ਸਤਪਾਲ, ਡਾ ਸੈਫ਼-ਉਦ-ਦੀਨ ਕਿਚਲੂ ਤੇ ਕੁਝ ਹੋਰ ਨੇਤਾਵਾਂ ਨੂੰ ਰੋਲਟ ਐਕਟ ਦਾ ਵਿਰੋਧ ਕਰਨ ‘ਤੇ 10 ਅਪਰੈਲ 1919 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੀ ਭੀੜ ‘ਤੇ ਅੰਗਰੇਜ਼ ਸਰਕਾਰ ਨੇ ਲਾਠੀਚਾਰਜ ਕੀਤਾ ਅਤੇ ਗੋਲੀ ਵੀ ਚਲਾਈ। ਇਸ ‘ਤੇ ਭੀੜ ਬੇਕਾਬੂ ਹੋ ਗਈ ਤੇ ਪੁਲਿਸ ਨਾਲ ਝੜਪ ਵਿਚ ਚਾਰ ਅੰਗਰੇਜ਼ ਮਾਰੇ ਗਏ। ਭੀੜ ਨੇ ਬ੍ਰਿਟਿਸ਼ ਬੈਂਕਾਂ ਨੂੰ ਅੱਗ ਲਗਾ ਦਿੱਤੀ। ਰੋਲਟ ਐਕਟ ਭਾਰਤੀਆਂ ਦੇ ਮੂਲ ਅਧਿਕਾਰਾਂ ਨੂੰ ਖਤਮ ਕਰਨ ਵਾਲਾ ਸੀ।
ਇਨ੍ਹਾਂ ਨੇਤਾਵਾਂ ਦੀ ਰਿਹਾਈ ਅਤੇ ਰੋਲਟ ਐਕਟ ਖਿਲਾਫ ਅੰਮ੍ਰਿਤਸਰ ਵਿਚ ਜੱਲ੍ਹਿਆਂਵਾਲਾ ਬਾਗ ਵਿਖੇ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਸਭਾ ਰੱਖੀ ਜਿਸ ਵਿਚ 20 ਹਜ਼ਾਰ ਦੇ ਕਰੀਬ ਲੋਕ ਇਕੱਤਰ ਹੋਏ ਸਨ। ਊਧਮ ਸਿੰਘ ਅਤੇ ਯਤੀਮਖਾਨੇ ਦੇ ਉਨ੍ਹਾਂ ਦੇ ਕੁਝ ਸਾਥੀ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ। ਇਸ ਸਭਾ ਤੋਂ ਗੁੱਸੇ ਵਿਚ ਆਏ ਪੰਜਾਬ ਦੇ ਤਤਕਾਲੀ ਗਵਰਨਰ ਮਾਈਕਲ ਓਡਵਾਇਰ ਨੇ ਬ੍ਰਿਗੇਡੀਅਰ ਜਨਰਲ ਰੇਜੀਨਲਡ ਐਡਵਰਡ ਹੈਰੀ ਡਾਇਰ ਨੂੰ ਹੁਕਮ ਦਿੱਤਾ ਕਿ ਭਾਰਤੀਆਂ ਨੂੰ ਅਜਿਹਾ ਸਬਕ ਸਿਖਾਏ ਜਿਸ ਨਾਲ ਉਹ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਸਭਾਵਾਂ ਹੀ ਨਾ ਕਰ ਸਕਣ। ਜਨਰਲ ਡਾਇਰ ਨੇ 90 ਸੈਨਿਕਾਂ ਦੀ ਮਦਦ ਨਾਲ ਜੱਲ੍ਹਿਆਂਵਾਲੇ ਬਾਗ ਨੂੰ ਘੇਰਾ ਪਾ ਲਿਆ ਤੇ ਮਸ਼ੀਨਗੰਨਾਂ ਨਾਲ ਅੰਧਾ-ਧੁੰਦ ਗੋਲੀਆਂ ਚਲਾ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਜੱਲ੍ਹਿਆਂਵਾਲੇ ਬਾਗ ਵਿਚ ਲੋਕਾਂ ਦੇ ਆਉਣ-ਜਾਣ ਲਈ ਸਿਰਫ਼ ਇਕ ਹੀ ਤੰਗ ਜਿਹਾ ਰਸਤਾ ਸੀ ਜਿਥੇ ਮਸੀਨਗੰਨਾਂ ਬੀੜ ਦਿੱਤੀਆਂ ਗਈਆਂ ਸਨ। ਕੁਝ ਲੋਕਾਂ ਨੇ ਦੀਵਾਰਾਂ ਉਤੇ ਚੜ੍ਹ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਲੋਕਾਂ ਨੇ ਖੂਹ ਵਿਚ ਛਾਲਾਂ ਮਾਰ ਦਿੱਤੀਆਂ। ਬਾਗ ਵਿਚ ਲੱਗੇ ਬੋਰਡ ਅਨੁਸਾਰ ਖੂਹ ਵਿਚੋਂ 120 ਲਾਸ਼ਾਂ ਮਿਲੀਆਂ ਸਨ।
ਸਰਕਾਰੀ ਤੌਰ ‘ਤੇ ਮੌਤਾਂ ਦੀ ਗਿਣਤੀ 379 ਦੱਸੀ ਗਈ ਹੈ। ਪੰਡਤ ਮਦਨ ਮੋਹਨ ਮਾਲਵੀਆ ਅਨੁਸਾਰ ਉਸ ਦਿਨ ਘੱਟ ਤੋਂ ਘੱਟ 1300 ਲੋਕ ਮਾਰੇ ਗਏ ਸਨ। ਸੁਆਮੀ ਸ਼ਰਧਾ ਨੰਦ ਨੇ ਮਰਨ ਵਾਲਿਆਂ ਦੀ ਗਿਣਤੀ 1500 ਤੋਂ ਉਪਰ ਦੱਸੀ ਹੈ। ਉਸ ਸਮੇਂ ਦੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਸਮਿੱਥ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 1800 ਤੋਂ ਜ਼ਿਆਦਾ ਸੀ। ਇਸ ਘਟਨਾ ਦਾ ਊਧਮ ਸਿੰਘ ‘ਤੇ ਬਹੁਤ ਅਸਰ ਹੋਇਆ ਅਤੇ ਉਨ੍ਹਾਂ ਜੱਲ੍ਹਿਆਂਵਾਲੇ ਬਾਗ ਦੀ ਮਿੱਟੀ ਆਪਣੀ ਮੁੱਠੀ ਵਿਚ ਲੈ ਕੇ ਗਵਰਨਰ ਮਾਈਕਲ ਓਡਵਾਇਰ ਅਤੇ ਡਾਇਰ ਨੂੰ ਸਬਕ ਸਿਖਾਉਣ ਲਈ ਕਸਮ ਖਾਧੀ।
ਇਸ ਪਿਛੋਂ ਊਧਮ ਸਿੰਘ ਨੌਜਵਾਨ ਕ੍ਰਾਂਤੀ ਗਰੁੱਪ ਵਿਚ ਸ਼ਾਮਲ ਹੋ ਗਏ। 1924 ਵਿਚ ਉਹ ਗਦਰ ਪਾਰਟੀ ਵਿਚ ਚਲੇ ਗਏ। ਗਦਰ ਪਾਰਟੀ ਉਸ ਸਮੇਂ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੂੰ ਜਾਗਰੂਕ ਕਰ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਲਈ ਤਿਆਰ ਕਰ ਰਹੀ ਸੀ। 1927 ਵਿਚ ਥੋੜ੍ਹਾ ਸਮਾਂ ਅਮਰੀਕਾ ਰਹਿਣ ਪਿਛੋਂ ਵਾਪਸ ਭਾਰਤ ਆ ਗਏ। ਉਨ੍ਹਾਂ ਨਾਲ 25 ਹੋਰ ਸਾਥੀ ਵੀ ਸਨ। ਉਹ ਆਪਣੇ ਨਾਲ ਪਿਸਤੌਲ ਅਤੇ ਹੋਰ ਅਸਲਾ ਵੀ ਲੈ ਕੇ ਆਏ ਪਰ ਉਨ੍ਹਾਂ ਕੋਲ ਅਸਲੇ ਦਾ ਲਾਇਸੈਂਸ ਨਹੀਂ ਸੀ ਤੇ ਨਾਲ ਹੀ ਉਨ੍ਹਾਂ ਕੋਲ ਗਦਰ ਪਾਰਟੀ ਦੇ ਅਖਬਾਰ ‘ਗਦਰ-ਏ-ਜੰਗ’ ਦੀਆਂ ਕਾਪੀਆਂ ਵੀ ਸਨ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੰਜ ਸਾਲ ਕੈਦ ਹੋਈ। ਉਨ੍ਹਾਂ ਅਦਾਲਤ ਵਿਚ ਬਿਆਨ ਦਿੱਤਾ ਕਿ ਉਹ ਰੂਸ ਦੇ ਬਾਲਸ਼ਵਿਕਾਂ ਤੋਂ ਬਹੁਤ ਪ੍ਰਭਾਵਿਤ ਹਨ।
1931 ਵਿਚ ਜੇਲ੍ਹ ਤੋਂ ਰਿਹਾ ਹੋਣ ਬਾਅਦ ਉਹ ਆਪਣੇ ਜੱਦੀ ਘਰ ਸੁਨਾਮ ਵਿਖੇ ਆ ਗਏ। ਉਥੋਂ ਅੰਮ੍ਰਿਤਸਰ ਚਲੇ ਗਏ ਤੇ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਹੇਠ ‘ਸਾਈਨ ਬੋਰਡ ਪੇਂਟਰ’ ਦੀ ਦੁਕਾਨ ਖੋਲ੍ਹ ਲਈ। ਥੋੜ੍ਹਾ ਸਮਾਂ ਇਹ ਕੰਮ ਕਰਨ ਪਿਛੋਂ ਜੰਮੂ ਚਲੇ ਗਏ ਅਤੇ ਉਥੋਂ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਕੇ ਜਰਮਨੀ ਚਲੇ ਗਏ। ਯੂਰਪ ਦੇ ਕਈ ਦੇਸ਼ਾਂ ਵਿਚ ਘੁੰਮਦੇ ਹੋਏ, 1934 ਵਿਚ ਲੰਡਨ ਪਹੁੰਚੇ। ਉਥੇ ਉਨ੍ਹਾਂ ਮਾਈਕਲ ਓਡਵਾਇਰ ਅਤੇ ਡਾਇਰ ਨੂੰ ਮਾਰਨ ਲਈ ਵਿਉਂਤਬੰਦੀ ਕੀਤੀ, ਕਾਰ ਤੇ ਪਿਸਤੌਲ ਖਰੀਦੇ ਅਤੇ ਮੌਕੇ ਦੀ ਇੰਤਜ਼ਾਰ ਕਰਨ ਲੱਗੇ। ਉਹ ਢੁੱਕਵਾਂ ਸਮਾਂ 13 ਮਾਰਚ 1940 ਨੂੰ ਉਸ ਸਮੇਂ ਮਿਲਿਆ, ਜਦੋਂ ਮਾਈਕਲ ਓਡਵਾਇਰ ਨੇ ਕੈਕਸਟਨ ਹਾਲ ਵਿਚ ‘ਈਸਟ ਇੰਡੀਆ ਐਸੋਸੀਏਸ਼ਨ’ ਅਤੇ ‘ਦਿ ਸੈਂਟਰਲ ਏਸ਼ੀਆ ਸੁਸਾਇਟੀ’ (ਹੁਣ ਰਾਇਲ ਸੁਸਾਇਟੀ ਫਾਰ ਏਸ਼ੀਅਨ ਅਫੇਅਰਜ਼) ਵੱਲੋਂ ਕੀਤੀ ਜਾ ਰਹੀ ਮੀਟਿੰਗ ਵਿਚ ਭਾਸ਼ਨ ਦੇਣਾ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਲਾਰਡ ਜੈਟਲੈਂਡ ਨੇ ਕਰਨੀ ਸੀ। ਉਹ ਉਸ ਸਮੇਂ ‘ਸੈਕਟਰੀ ਆਫ਼ ਸਟੇਟ ਫਾਰ ਇੰਡੀਆ’ ਸੀ।
ਊਧਮ ਸਿੰਘ ਨੇ ਇਕ ਮੋਟੀ ਕਿਤਾਬ ਵਿਚੋਂ ਕੱਟ ਕੇ ਰਿਵਾਲਵਰ ਲੁਕਾਉਣ ਲਈ ਜਗ੍ਹਾ ਬਣਾ ਲਈ ਤੇ ਕੈਕਸਟਨ ਹਾਲ ਵਿਚ ਦਾਖ਼ਲ ਹੋਣ ਵਿਚ ਕਾਮਯਾਬ ਹੋ ਗਏ। ਜਿਉਂ ਹੀ ਮਾਈਕਲ ਓਡਵਾਇਰ ਦਾ ਭਾਸ਼ਨ ਖਤਮ ਹੋਇਆ, ਉਨ੍ਹਾਂ ਸਟੇਜ ਦੇ ਲਾਗੇ ਜਾ ਕੇ ਆਪਣਾ ਮੋਰਚਾ ਸੰਭਾਲ ਲਿਆ ਅਤੇ ਮਾਈਕਲ ਓਡਵਾਇਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਦੋ ਗੋਲੀਆਂ ਲੱਗੀਆਂ ਤੇ ਉਹ ਉਥੇ ਹੀ ਢੇਰ ਹੋ ਗਿਆ। ਹਾਲ ਵਿਚ ਹਾਹਾਕਾਰ ਮੱਚ ਗਈ। ਊਧਮ ਸਿੰਘ ਨੇ ਉਥੋਂ ਭੱਜਣ ਦਾ ਯਤਨ ਨਹੀਂ ਕੀਤਾ ਅਤੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ।
ਮੁਕੱਦਮੇ ਦੌਰਾਨ ਉਨ੍ਹਾਂ ਨੂੰ ਬਰਿਕਸਟਨ ਦੀ ਜੇਲ੍ਹ ਵਿਚ ਰੱਖਿਆ ਗਿਆ, ਜਿਥੋਂ ਉਹ ਸ਼ਿਵ ਸਿੰਘ ਜੌਹਲ ਨੂੰ ਚਿੱਠੀਆਂ ਲਿਖਦੇ ਰਹੇ। ਇਨ੍ਹਾਂ ਚਿੱਠੀਆਂ ਤੋਂ ਉਨ੍ਹਾਂ ਦੇ ਬੁਲੰਦ ਇਰਾਦਿਆਂ ਦਾ ਪਤਾ ਲਗਦਾ ਹੈ। ਉਨ੍ਹਾਂ ਕੇਸ ਦੌਰਾਨ ਅਦਾਲਤ ਵਿਚ ਮੰਗ ਰੱਖੀ ਕਿ ਉਸ ਦੀਆਂ ਅਸਥੀਆਂ ਭਾਰਤ ਭੇਜੀਆਂ ਜਾਣ ਪਰ ਅੰਗਰੇਜ਼ ਸਰਕਾਰ ਨੇ ਉਦੋਂ ਅਸਥੀਆਂ ਭੇਜਣ ਦੀ ਇਜਾਜ਼ਤ ਹੀ ਨਾ ਦਿੱਤੀ। ਇਸ ਜੇਲ੍ਹ ਵਿਚ ਉਹ 42 ਦਿਨ ਭੁੱਖ ਹੜਤਾਲ ‘ਤੇ ਰਹੇ। ਸੈਂਟਰਲ ਕਰਿਮੀਨਲ ਕੋਰਟ, ਓਲਡ ਵੈਲੀ ਵਿਚ ਉਨ੍ਹਾਂ ‘ਤੇ 4 ਜੂਨ 1940 ਤੱਕ ਕਤਲ ਦਾ ਕੇਸ ਚਲਿਆ। 31 ਜੁਲਾਈ, 1940 ਨੂੰ ਪੈਨਟਨਵਿਲੇ ਦੀ ਜੇਲ੍ਹ ਵਿਚ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। 31 ਜੁਲਾਈ 1974 ਨੂੰ ਭਾਰਤ ਸਰਕਾਰ, ਗਿਆਨੀ ਜ਼ੈਲ ਸਿੰਘ ਤੇ ਐਮæਐਲ਼ਏæ ਸਾਧੂ ਸਿੰਘ ਦੇ ਯਤਨਾਂ ਸਦਕਾ ਉਨ੍ਹਾਂ ਦੀਆਂ ਅਸਥੀਆਂ ਭਾਰਤ ਪਹੁੰਚਾਈਆਂ ਗਈਆਂ। ਇਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਕਸਬੇ ਸੁਨਾਮ ਵਿਖੇ ਕੀਤਾ ਗਿਆ।
ਊਧਮ ਸਿੰਘ ਨੂੰ ਆਪਣੀ ਪੇਟ-ਪੂਰਤੀ ਅਤੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਪਾਪੜ ਵੇਲਣੇ ਪਏ। ਉਨ੍ਹਾਂ ਕੋਈ ਇਕ ਸਾਲ ਬਸਰਾ ਵਿਚ ਫੌਜ ਵਿਚ ਨੌਕਰੀ ਕੀਤੀ। ਦੋ ਸਾਲਾਂ ਦੇ ਕਰੀਬ ਉਹ ਅਫ਼ਰੀਕਾ ਵਿਚ ਵੀ ਰਹੇ। ਉਹ ਵਾਇਆ ਮੈਕਸੀਕੋ ਅਮਰੀਕਾ ਗਏ ਅਤੇ ਤਕਰੀਬਨ ਦੋ ਸਾਲ ਕੈਲੀਫੋਰਨੀਆ ਰਹੇ। ਫਿਰ ਕੁਝ ਮਹੀਨੇ ਡਿਟਰਾਇਟ ਤੇ ਸ਼ਿਕਾਗੋ ਅਤੇ ਉਸ ਤੋਂ ਬਾਅਦ ਪੂਰਬੀ ਨਿਊ ਯਾਰਕ ਵਿਚ ਕੋਈ ਪੰਜ ਸਾਲ ਰਹੇ। ਇਥੇ ਉਨ੍ਹਾਂ ਸ਼ਿਪਿੰਗ ਕੰਪਨੀ ਵਿਚ ਕੰਮ ਕੀਤਾ। ਉਸ ਸਮੇਂ ਅਮਰੀਕੀ ਸ਼ਿਪਿੰਗ ਕੰਪਨੀਆਂ ਵਿਚ ਭਾਰਤੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਉਨ੍ਹਾਂ ਆਪਣਾ ਨਾਮ ਬਦਲ ਕੇ ਫਰੈਂਕ ਬਰਾਜ਼ੀਲ (ਪੋਰਟੋਰਿਕੋ) ਰੱਖ ਲਿਆ ਤੇ ਸੀ-ਮੈਨ ਦੇ ਤਜਰਬੇ ਦਾ ਸਰਟੀਫਿਕੇਟ ਵੀ ਪ੍ਰਾਪਤ ਕਰ ਲਿਆ। ਇਥੇ ਅਮਰੀਕਾ ਦੀਆਂ ਕਈ ਸਮੁੰਦਰੀ ਕੰਪਨੀਆਂ ਵਿਚ ਉਨ੍ਹਾਂ ਤਰਖਾਣ ਵਜੋਂ ਕੰਮ ਕੀਤਾ।
ਨਿਊ ਯਾਰਕ ਤੋਂ ਉਨ੍ਹਾਂ ਨੇ ਸਮੁੰਦਰੀ ਜਹਾਜ਼ ਰਾਹੀਂ ਯੂਰਪ ਦੇ ਕਈ ਮੁਲਕਾਂ ਦਾ ਸਫ਼ਰ ਕੀਤਾ। ਸਭ ਤੋਂ ਪਹਿਲਾਂ ਫ਼ਰਾਂਸ, ਉਸ ਤੋਂ ਬਾਅਦ ਬੈਲਜੀਅਮ, ਜਰਮਨੀ, ਲਾਤੂਨੀਆ ਤੇ ਵਿਲਨਾ ਅਤੇ ਵਾਪਸੀ ਹੰਗਰੀ, ਪੋਲੈਂਡ, ਸਵਿਟਜ਼ਰਲੈਂਡ, ਇਟਲੀ ਤੇ ਫਿਰ ਫਰਾਂਸ ਤੋਂ ਅਮਰੀਕਾ ਆ ਗਏ। ਥੋੜ੍ਹੇ ਮਹੀਨੇ ਅਮਰੀਕਾ ਰਹਿ ਕੇ ਸਮੁੰਦਰੀ ਜਹਾਜ਼ਾਂ ਵਿਚ ਕਈ ਮੈਡੀਟੇਰੀਅਨ ਬੰਦਰਗਾਹਾਂ ‘ਤੇ ਤਰਖਾਣ ਦੇ ਤੌਰ ‘ਤੇ ਨੌਕਰੀ ਕੀਤੀ। ਅਖੀਰ ਉਹ ਕਰਾਚੀ ਹੁੰਦੇ ਹੋਏ 1927 ਵਿਚ ਕਲਕੱਤਾ ਪਹੁੰਚ ਗਏ। ਅਮਰੀਕਾ ਰਹਿੰਦਿਆਂ ਉਹ ਗਦਰ ਪਾਰਟੀ ਦਾ ਕ੍ਰਾਂਤੀਕਾਰੀ ਸਾਹਿਤ ਪੜ੍ਹ ਕੇ ਬਹੁਤ ਪ੍ਰਭਾਵਤ ਹੋਏ।
ਫਿਰ ਉਹ ਲੰਡਨ, ਬਰਲਿਨ, ਲੈਨਿਨਗਰਾਦ ਹੁੰਦੇ ਹੋਏ 25 ਜੂਨ 1936 ਨੂੰ ਲੰਡਨ ਪਹੁੰਚੇ। ਜੂਨ ਤੋਂ ਨਵੰਬਰ ਤੱਕ ਉਹ ਇਕ ਅੰਗਰੇਜ਼ ਔਰਤ ਦੇ ਪਾਸ ਪੂਰਬੀ ਲੰਡਨ ਵਿਚ ਰਹੇ ਅਤੇ ਸਿਨੇਮਾ ਵਿਚ ਨੌਕਰੀ ਕੀਤੀ। ਇਥੇ ਰਹਿੰਦਿਆਂ ਉਹ ਭਾਰਤ ਨੂੰ ਕ੍ਰਾਂਤੀਕਾਰੀਆਂ ਲਈ ਹਥਿਆਰ ਵੀ ਸਮੱਗਲ ਕਰਦੇ ਸਨ। ਇਸ ਬਾਰੇ ਸ਼ਿਕਾਇਤ ਵੀ ਹੋਈ, ਪਰ ਇਹ ਦੋਸ਼ ਕੋਰਟ ਵਿਚ ਸਾਬਤ ਨਾ ਹੋ ਸਕਿਆ ਅਤੇ ਉਹ ਬਰੀ ਹੋ ਗਏ।
ਅਗਸਤ 1938 ਵਿਚ ਇੰਗਲੈਂਡ ਰਹਿੰਦਿਆਂ ਇਹ ਦੋਸ਼ ਵੀ ਲੱਗੇ ਕਿ ਊਧਮ ਸਿੰਘ ਧਮਕੀਆਂ ਦੇ ਕੇ ਲੋਕਾਂ ਤੋਂ ਧਨ ਇਕੱਠਾ ਕਰਦਾ ਹੈ। ਅਦਾਲਤ ਇਨ੍ਹਾਂ ਦੋਸ਼ਾਂ ਨਾਲ ਸਹਿਮਤ ਨਾ ਹੋਈ, ਉਸ ਨੂੰ ਫਿਰ ਦੋਸ਼ ਮੁਕਤ ਕਰਾਰ ਦੇ ਕੇ ਛੱਡ ਦਿੱਤਾ ਗਿਆ।
ਜਦੋਂ ਮਾਈਕਲ ਓਡਵਾਇਰ ਦਾ ਕਤਲ ਹੋਇਆ, ਭਾਰਤ ਵਿਚ ਇਸ ਦਾ ਵੱਡਾ ਪ੍ਰਤੀਕਰਮ ਹੋਇਆ। ਉਦੋਂ ‘ਦਿ ਟਾਈਮਜ਼ ਆਫ ਲੰਡਨ’ ਅਤੇ ਰੋਮ ਤੋਂ ਛਪਦੀ ‘ਬਰਗਰੈਟ’ ਵਰਗੀਆਂ ਅਖਬਾਰਾਂ ਨੇ ਊਧਮ ਸਿੰਘ ਦੀ ਇਸ ਕਾਰਵਾਈ ਨੂੰ ਦਲੇਰਾਨਾ ਕਾਰਵਾਈ ਦੱਸਿਆ। ਇਉਂ ਊਧਮ ਸਿੰਘ ਦੀ ਜ਼ਿੰਦਗੀ ਵਿਚ ਬਹੁਤ ਉਤਰਾ-ਚੜ੍ਹਾ ਆਏ। ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਮੁਲਕ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ।