ਅਸੀਂ ਉਰਦੂ ਜਾਣਨ ਵਾਲੇ

ਰਾਜਿੰਦਰ ਸਿੰਘ ਬੇਦੀ-1
ਸਾਲ 2015 ਉਰਦੂ ਅਦਬ ਦੇ ਜ਼ਹੀਨ ਅਫਸਾਨਾਨਿਗਾਰ ਮਰਹੂਮ ਰਾਜਿੰਦਰ ਸਿੰਘ ਬੇਦੀ (1915-1984) ਦਾ ਸ਼ਤਾਬਦੀ ਸਾਲ ਹੈ। ਉਹ ਫ਼ਿਲਮ ਨਿਰਮਾਤਾ, ਨਿਰਦੇਸ਼ਕ, ਪਟਕਥਾ-ਲੇਖਕ ਅਤੇ ਸੰਵਾਦ-ਲੇਖਕ ਵੀ ਸਨ ਅਤੇ 20ਵੀਂ ਸਦੀ ਦੇ ਸਭ ਤੋਂ ਵੱਡੇ ਪ੍ਰਗਤੀਸ਼ੀਲ ਉਰਦੂ ਲਿਖਾਰੀਆਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਨਾਵਲ ‘ਏਕ ਚਾਦਰ ਮੈਲੀ ਸੀ’ ‘ਤੇ ਇਸੇ ਨਾਂ ਹੇਠ ਹਿੰਦੀ ਵਿਚ ਫਿਲਮ ਬਣੀ ਜਦੋਂਕਿ ਇਸੇ ਨਾਵਲ ਉਤੇ ਪਾਕਿਸਤਾਨ ਵਿਚ ‘ਮੁਠੀ ਭਰ ਚਾਵਲ’ ਨਾਂ ਹੇਠ ਫਿਲਮ ਬਣੀ। ਉਨ੍ਹਾਂ ਦੀਆਂ ਕਈ ਕਹਾਣੀਆਂ ਉਪਰ ਵੀ ਫਿਲਮਾਂ ਬਣੀਆਂ।

ਉਨ੍ਹਾਂ ਨੂੰ ਆਪਣੀਆਂ ਕਿਰਤਾਂ ਉਤੇ ਬਹੁਤ ਸਾਰੇ ਇਨਾਮ ਵੀ ਮਿਲੇ। ਸ਼ ਬੇਦੀ ਨੇ ਜਿਸ ਵੀ ਖੇਤਰ ਵਿਚ ਕੰਮ ਕੀਤਾ, ਬਾਕਮਾਲ ਕੀਤਾ। ਪ੍ਰੌਢ ਪੰਜਾਬੀ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀ ਲੋਕਯਾਨ ਦੇ ਨੱਕੜਦਾਦਾ ਦੇਵਿੰਦਰ ਸਥਿਆਰਥੀ ਬਾਰੇ ਇਕ ਲੰਮੀ ਲੇਖ ਲੜੀ ਇਨ੍ਹਾਂ ਕਾਲਮਾਂ ਵਿਚ ਹਾਲ ਹੀ ਵਿਚ ਛਾਪੀ ਗਈ ਸੀ, ਜਿਸ ਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ ਵੀ ਮਿਲਿਆ। ਭੁੱਲਰ ਸਾਹਿਬ ਨੇ ਆਪਣੀ ਇਸ ਲੇਖ ਲੜੀ ਵਿਚ ਮਰਹੂਮ ਸ਼ ਬੇਦੀ ਦੇ ਜੀਵਨ ਦੇ ਕੁਝ ਅਹਿਮ ਪਲ ਕਲਮਬੱਧ ਕੀਤੇ ਹਨ, ਜੋ ਪਾਠਕਾਂ ਦੀ ਨਜ਼ਰ ਹਨ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਫੋਨ: +1142502364
2015 ਦਾ ਇਹ ਸਾਲ ਸਾਡੇ ਵੱਡੇ ਕਹਾਣੀਕਾਰ ਰਾਜਿੰਦਰ ਸਿੰਘ ਬੇਦੀ ਦੇ ਜਨਮ ਦੀ ਸਦੀ ਦਾ ਸਾਲ ਹੈ। ਮਹਾਂਕਵੀ ਟੈਗੋਰ ਨੇ ਕਿਹਾ ਸੀ, ਦੁਨੀਆਂ ਵਿਚ ਹਰ ਰੋਜ਼ ਏਨੇ ਮਨੁੱਖਾਂ ਦੇ ਜੰਮਣ ਤੋਂ ਪਤਾ ਲਗਦਾ ਹੈ ਕਿ ਪਰਮਾਤਮਾ ਮਨੁੱਖ ਬਣਾਉਂਦਾ ਥੱਕਿਆ ਨਹੀਂ। ਬੇਦੀ ਸਾਹਿਬ ਦਾ ਕਹਿਣਾ ਸੀ ਕਿ ਮੈਂ ਸਿਰਫ਼ ਮਹਾਂਕਵੀ ਟੈਗੋਰ ਦੇ ਇਸ ਕਥਨ ਦਾ ਇਕ ਸਬੂਤ ਬਣਨ ਵਾਸਤੇ 1 ਸਤੰਬਰ 1915 ਨੂੰ ਇਸ ਸੰਸਾਰ ਦੇ ਲਾਹੌਰ ਨਾਂ ਦੇ ਸ਼ਹਿਰ ਵਿਚ ਪਧਾਰਿਆ। ਪਧਾਰਨ ਲਈ ਉਨ੍ਹਾਂ ਨੇ ਅੰਮ੍ਰਿਤ ਵੇਲੇ ਦੀ, ਸਵੇਰ ਦੇ ਤਿੰਨ ਵੱਜ ਕੇ ਸੰਤਾਲ਼ੀ ਮਿੰਟ ਦੀ ਚੋਣ ਕੀਤੀ।
ਬੇਦੀ ਉਰਦੂ ਅਦਬ ਦੀ ਉਸ ਤਿਕੋਣ ਦੀ ਇਕ ਮਜ਼ਬੂਤ ਬਾਹੀ ਸਨ ਜਿਸ ਦੇ ਵਿਹੜੇ ਵਿਚ ਅਫ਼ਸਾਨੇ ਨੇ ਬੇਮਿਸਾਲ ਸਿਖਰਾਂ ਛੋਹੀਆਂ। ਇਸ ਤਿਕੋਣ ਦੀਆਂ ਦੂਜੀਆਂ ਦੋ ਬਾਹੀਆਂ ਸਆਦਤ ਹਸਨ ਮੰਟੋ ਅਤੇ ਕ੍ਰਿਸ਼ਨ ਚੰਦਰ ਸਨ। ਦਿਲਚਸਪ ਗੱਲ ਦੇਖੋ ਕਿ ਉਰਦੂ ਕਹਾਣੀ ਨੂੰ ਨਵੀਆਂ ਬੁਲੰਦੀਆਂ ਅਤੇ ਨਵੇਂ ਦਿਸਹੱਦੇ ਦੇਣ ਵਾਲੇ ਇਹ ਤਿੰਨੇ ਕਲਮਕਾਰ ਪੰਜਾਬੀ ਸਨ।
ਜਦੋਂ ਪੰਜਾਬੀ ਕਹਾਣੀਕਾਰਾਂ ਦੀ ਸਾਡੀ ਪੀੜ੍ਹੀ ਨੇ ਸਾਹਿਤ ਦੀ ਦੁਨੀਆਂ ਵਿਚ ਪੈਰ ਰਖਿਆ, ਇਹ ਤਿੰਨੇ ਕਹਾਣੀਕਾਰ ਪਹਿਲੀ ਕਤਾਰ ਵਿਚ ਕੇਂਦਰੀ ਸਥਾਨ ਦੇ ਨਿਰਵਿਵਾਦ ਸੁਆਮੀ ਬਣ ਚੁੱਕੇ ਸਨ। ਤੇ ਸਾਡੀ ਇਹ ਪੀੜ੍ਹੀ ਇਕ ਤਰ੍ਹਾਂ ਨਾਲ ਆਖ਼ਰੀ ਪੀੜ੍ਹੀ ਸੀ ਜਿਸ ਨੂੰ ਉਰਦੂ ਦੀ ਜਾਣਕਾਰੀ ਸੀ। ਆਜ਼ਾਦੀ ਤੋਂ ਛੇਤੀ ਹੀ ਮਗਰੋਂ ਉਰਦੂ ਦੇ ਖ਼ਾਤਮੇ ਦਾ ਪੱਕਾ ਬਾਨ੍ਹਣੂ ਬੰਨ੍ਹ ਕੇ ਇਸ ਦੇ ਮਹੱਤਵ ਅਤੇ ਸਥਾਨ ਨੂੰ ਲਗਾਤਾਰ ਖੋਰਾ ਲਾਇਆ ਜਾਣ ਲਗਿਆ ਅਤੇ ਉਰਦੂ ਦੀ ਪੜ੍ਹਾਈ ਵਿਦਿਅਕ ਪਾਠਕ੍ਰਮ ਵਿਚੋਂ ਲੋਪ ਹੋ ਗਈ। ਸਿੱਖਿਆ ਦੇ ਮਾਧਿਅਮ ਤੋਂ ਡਿੱਗ ਕੇ ਇਹ ਇਕ ਛੁੱਟੜ ਜ਼ਬਾਨ ਬਣ ਗਈ ਅਤੇ ਇਕ ਸਕੂਲੀ ਵਿਸ਼ਾ ਵੀ ਨਾ ਰਹੀ। ਨਤੀਜੇ ਵਜੋਂ ਉਰਦੂ ਸਾਹਿਤ ਨੂੰ, ਜਿਸ ਦੀ ਝੋਲੀ ਵਿਚ ਪੰਜਾਬ ਦੇ ਜੰਮਪਲ ਲੇਖਕਾਂ ਨੇ ਰਚਨਾਵਾਂ ਦੇ ਅਨਮੋਲ ਹੀਰੇ ਪਾਏ, ਸਿੱਧੇ ਪੜ੍ਹ ਸਕਣ ਵਾਲੇ ਪੰਜਾਬੀ ਹੌਲੀ-ਹੌਲੀ ਖ਼ਤਮ ਹੁੰਦੇ ਗਏ। ਇਹ ਸਾਡੀ ਪੀੜ੍ਹੀ ਦਾ ਸੁਭਾਗ ਹੀ ਸਮਝੋ ਕਿ ਅਸੀਂ ਇਨ੍ਹਾਂ ਲੇਖਕਾਂ ਦੀਆਂ ਲਿਖਤਾਂ ਉਨ੍ਹਾਂ ਦੇ ਮੂਲ ਰੂਪ ਵਿਚ ਪੜ੍ਹ ਸਕਦੇ ਹਾਂ।
ਕਹਾਣੀ-ਕਲਾ ਦੀਆਂ ਬਾਰੀਕੀਆਂ ਦੀ ਪਛਾਣ ਲਈ ਆਪਣੇ ਤੋਂ ਪੂਰਬਲੇ ਪੰਜਾਬੀ ਕਹਾਣੀਕਾਰਾਂ ਨੂੰ ਪੜ੍ਹਨ ਮਗਰੋਂ ਸਾਨੂੰ ਇਹ ਸਲਾਹ ਦਿੱਤੀ ਜਾਂਦੀ ਸੀ ਕਿ ਅਸੀਂ ਬੇਦੀ, ਮੰਟੋ ਅਤੇ ਕ੍ਰਿਸ਼ਨ ਚੰਦਰ ਨੂੰ ਜ਼ਰੂਰ ਪੜ੍ਹੀਏ ਅਤੇ ਉਨ੍ਹਾਂ ਨੂੰ ਪੜ੍ਹੀਏ ਵੀ ਮੂਲ ਰੂਪ ਉਰਦੂ ਵਿਚ ਤਾਂ ਜੋ ਉਨ੍ਹਾਂ ਦੀਆਂ ਰਚਨਾਵਾਂ ਦੀ ਪੂਰੀ ਕਲਾਤਮਿਕਤਾ ਅਤੇ ਭਾਸ਼ਾਈ ਹੁਨਰਮੰਦੀ ਮਾਣੀ ਅਤੇ ਸਮਝੀ ਜਾ ਸਕੇ। ਇਨ੍ਹਾਂ ਨੂੰ ਪੜ੍ਹਨਾ ਇਸ ਲਈ ਜ਼ਰੂਰੀ ਸਮਝਿਆ ਜਾਂਦਾ ਸੀ ਕਿ ਇਨ੍ਹਾਂ ਤਿੰਨਾਂ ਦਾ ਆਪਣਾ ਵੱਖੋ-ਵੱਖਰਾ ਰੰਗ ਸੀ ਅਤੇ ਤਿੰਨੇ ਆਪੋ-ਆਪਣੀ ਥਾਂ ਸੰਪੂਰਨ ਹੁੰਦਿਆਂ ਵੀ ਮਿਲ ਕੇ ਇਕ ਵਡੇਰੀ ਸੰਪੂਰਨਤਾ ਸਿਰਜਦੇ ਸਨ।
ਸਾਧਾਰਨ ਗੱਲ ਨੂੰ ਅਸਾਧਾਰਨ ਅਰਥ ਦੇਣਾ, ਛੋਟੀ ਚੀਜ਼ ਨੂੰ ਵਡਦਰਸ਼ੀ ਸ਼ੀਸ਼ੇ ਰਾਹੀਂ ਉਜਾਗਰ ਕਰਨਾ, ਹਉਮੈ ਦੀ ਹਵਾ ਨਾਲ ਫੁੱਲੇ ਗੁਬਾਰਿਆਂ ਵਿਚ ਸੂਈ ਚੋਭ ਕੇ ਉਨ੍ਹਾਂ ਨੂੰ ਅਸਲ ਆਕਾਰ ਵਿਚ ਲਿਆਉਣਾ, ਹਰ ਰੋਜ਼ ਦੇਖੀ ਜਾਣ ਵਾਲੀ ਚੀਜ਼ ਦੇ ਅਣਦਿੱਸੇ ਰਹਿ ਗਏ ਪੱਖ ਦਿਖਾਉਣਾ ਅਤੇ ਭਾਸ਼ਾ ਦੀ ਜਾਦੂਗਰੀ ਨਾਲ ਛੰਨੇ ਨੂੰ ਕਬੂਤਰ ਵਿਚ ਤੇ ਕਬੂਤਰ ਨੂੰ ਫੁੱਲਾਂ ਵਿਚ ਬਦਲ ਦੇਣਾ-ਇਹ ਸਨ ਰਾਜਿੰਦਰ ਸਿੰਘ ਬੇਦੀ।
ਜਦੋਂ ਪਾਠਕ ਉਨ੍ਹਾਂ ਦੀਆਂ ਕਹਾਣੀਆਂ ਵਿਚੋਂ ਆਪੋ-ਆਪਣੀ ਪਸੰਦ ਦਸਦੇ ਹਨ, ਅਨੇਕ ਨਾਂ ਸਾਹਮਣੇ ਆ ਜਾਂਦੇ ਹਨ। ਸਫਲ ਕਹਾਣੀਕਾਰ ਦੀ ਇਹੋ ਨਿਸ਼ਾਨੀ ਹੁੰਦੀ ਹੈ। ਰਹਿਮਾਨ ਦੀ ਜੁਤੀ, ਲਾਜਵੰਤੀ, ਆਪਣੇ ਦੁਖ ਮੈਨੂੰ ਦੇ ਦਿਉ, ਕੁੱਖ-ਜਲੀ, ਬੱਬਲ, ਨਾਈ ਅਲਾਹਾਬਾਦ ਦੇ, ਹੱਡੀਆਂ ਤੇ ਫੁੱਲ, ਘਰ ਵਿਚ ਬਾਜ਼ਾਰ ਵਿਚ, ਗਰਮ ਕੋਟ, ਮਿਥੁਨ, ਨੜੋਆ ਕਿੱਥੇ ਹੈ ਆਦਿ। ਡਾਕਟਰ ਮੁਹੰਮਦ ਹਸਨ ਦਾ ਕਹਿਣਾ ਹੈ ਕਿ ਜੇ ਬੇਦੀ ਨੇ ਕੇਵਲ ਇਕੋ ਕਹਾਣੀ ‘ਆਪਣੇ ਦੁੱਖ ਮੈਨੂੰ ਦੇ ਦਿਉ’ ਹੀ ਲਿਖੀ ਹੁੰਦੀ, ਉਸੇ ਸਦਕਾ ਹੀ ਉਨ੍ਹਾਂ ਨੂੰ ਉਰਦੂ ਅਦਬ ਦਾ ਸਭ ਤੋਂ ਵੱਡਾ ਫ਼ਨਕਾਰ ਪ੍ਰਵਾਨ ਕਰ ਲਿਆ ਜਾਂਦਾ।
ਇਸ ਕਹਾਣੀ ਦੀ ਨਾਇਕਾ ਇੰਦੂ ਵਿਆਹ ਵਾਲੀ ਰਾਤ ਆਪਣੇ ਪਤੀ ਮਦਨ ਨੂੰ ਆਖਦੀ ਹੈ, “ਆਪਣੇ ਸਾਰੇ ਦੁੱਖ ਮੈਨੂੰ ਦੇ ਦਿਉ” ਅਤੇ ਇਹਤੋਂ ਵੀ ਅੱਗੇ ਵਧ ਕੇ ਇਹ ਇੱਛਾ ਕਰਦੀ ਹੈ ਕਿ ਮਦਨ ਉਹਨੂੰ ਕਹੇ, “ਆਪਣੇ ਸਾਰੇ ਸੁਖ ਮੈਨੂੰ ਦੇ ਦੇ।” ਤੇ ਇੰਦੂ ਇਹ ਗੱਲ ਐਵੇਂ ਸੁਹਾਗ ਰਾਤ ਦੀ ਨਿੱਘੀ-ਨਿੱਘੀ ਭਾਵੁਕਤਾ ਵਿਚ ਨਹੀਂ ਕਹਿੰਦੀ ਸਗੋਂ ਅੱਗੇ ਚੱਲ ਕੇ ਰੋਜ਼ਾਨਾ ਜੀਵਨ ਦੇ ਅਮਲ ਵਿਚ ਇਸ ਨੂੰ ਸੱਚ ਕਰ ਕੇ ਦਿਖਾਉਂਦੀ ਹੈ। ਬੇਦੀ ਦੀਆਂ ਕਹਾਣੀਆਂ ਪੜ੍ਹ ਕੇ ਲਗਦਾ ਹੈ, ਜਿਵੇਂ ਉਹ ਸਭ ਦੁਖੀਆਂ ਨੂੰ ਕਹਿ ਰਹੇ ਹੋਣ, “ਆਪਣੇ ਸਾਰੇ ਦੁੱਖ ਮੈਨੂੰ ਦੇ ਦਿਉ।” ਤੇ ਉਨ੍ਹਾਂ ਦੁਖੀਆਂ ਵਲੋਂ ਮੰਗੇ ਜਾਣ ਤੋਂ ਬਿਨਾਂ ਹੀ ਇਹ ਵੀ ਕਹਿ ਰਹੇ ਹੋਣ, “ਮੇਰੇ ਸਾਰੇ ਸੁਖ ਤੁਸੀਂ ਲੈ ਲਵੋ।”
ਤਿਕੋਣ ਦੀ ਦੂਜੀ ਬਾਹੀ, ਮੰਟੋ। ਸਮਾਜ, ਆਰਥਿਕਤਾ, ਰਾਜਨੀਤੀ, ਧਰਮ ਆਦਿ ਦੇ ਫੋਕੇ ਅਡੰਬਰਾਂ ਉਤੇ ਆਮ-ਫ਼ਹਿਮ ਤੇਜ਼ਧਾਰ ਵਿਅੰਗ ਦਾ ਵਾਰ ਕਿਵੇਂ ਕਰਨਾ ਹੈ, ਉਹ ਇਸ ਜੁਗਤ ਦੇ ਉਸਤਾਦ ਸਨ। ਉਨ੍ਹਾਂ ਦੀ ਮੂੰਹ-ਜ਼ੋਰ ਕਲਮ ਕਿਸੇ ਸਥਿਤੀ ਵਿਚੋਂ ਦੀ ਇਉਂ ਲੰਘਦੀ ਸੀ ਜਿਵੇਂ ਤਿੱਖੀ ਕਟਾਰ ਕੇਲੇ ਦੇ ਬੂਟੇ ਵਿਚੋਂ ਲੰਘ ਜਾਵੇ ਅਤੇ ਉਹ ਦੋ ਪਲ ਤਾਂ ਇਉਂ ਖੜ੍ਹੇ ਦਾ ਖੜ੍ਹਾ ਰਹਿਣ ਦਾ ਭੁਲੇਖਾ ਪਾਲਦਾ ਤੇ ਪਾਉਂਦਾ ਰਹੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਤੇ ਫੇਰ ਮੂਧੇ-ਮੂੰਹ ਚੁਫਾਲ ਡਿਗ ਪਵੇ। ਉਨ੍ਹਾਂ ਦੀ ਕਹਾਣੀ ਦੀ ਪੀਰੀ ਨੇ ਅਨੇਕ ਕਹਾਣੀਆਂ ਵਿਚ ਕਮਾਲ ਨੂੰ ਛੋਹਿਆ ਅਤੇ ਉਹ ਬਹੁਤ ਚਰਚਿਤ ਹੋਈਆਂ, ਪਰ ਜੇ ਉਹ ਇਕੱਲੀ ‘ਟੋਭਾ ਟੇਕ ਸਿੰਘ’ ਲਿਖ ਕੇ ਹੀ ਬਸ ਕਰ ਜਾਂਦੇ, ਤਦ ਵੀ ਉਨ੍ਹਾਂ ਦਾ ਨਾਂ ਅਮਰ ਹੋ ਜਾਣਾ ਸੀ।
ਤੇ ਤਿਕੋਣ ਦੀ ਤੀਜੀ ਬਾਹੀ, ਕ੍ਰਿਸ਼ਨ ਚੰਦਰ। ਕਹਾਣੀ-ਰਸ ਦੀ ਕੁੰਡੀ ਨਾਲ ਕੁੰਡੀ ਮੇਲਦੇ ਜਾਣਾ, ਬੇਪਰਦ ਕੀਤੇ ਜਾਣ ਦੇ ਹੱਕਦਾਰ ਪਾਤਰਾਂ ਦੇ ਪਰਦੇ ਉਤਾਰਦੇ ਜਾਣਾ ਅਤੇ ਭਾਸ਼ਾ ਤੇ ਸ਼ੈਲੀ ਦੀ ਅਜਿਹੀ ਮੁਹਾਰਤ ਦਿਖਾਉਣਾ ਕਿ ਬੇਰੋਕ ਵਗਦੀ ਨਿਰਮਲ ਨਦੀ ਦਾ ਚੇਤਾ ਆ ਜਾਵੇ, ਇਹ ਕ੍ਰਿਸ਼ਨ ਚੰਦਰ ਸਨ। ਉਨ੍ਹਾਂ ਨੇ ਨਿੱਕੀਆਂ ਕਹਾਣੀਆਂ ਵੀ ਲਿਖੀਆਂ ਤੇ ਲੰਮੀਆਂ ਵੀ, ਨਾਵਲਿਟ ਵੀ ਲਿਖੇ ਅਤੇ ਨਾਵਲ ਵੀ, ਜਿਨ੍ਹਾਂ ਸਭਨਾਂ ਨੂੰ ਬਹੁਤ ਮਕਬੂਲੀਅਤ ਮਿਲੀ। ਪਾਠਕਾਂ ਦਾ ਘੇਰਾ ਵੀ ਉਨ੍ਹਾਂ ਦਾ ਵਿਸ਼ਾਲ ਸੀ ਪਰ ਜੇ ਉਹ ਇਕੱਲੀ ‘ਇਕ ਗਧੇ ਦੀ ਆਤਮਕਥਾ’ ਲਿਖ ਕੇ ਹੀ ਬੱਸ ਕਰ ਜਾਂਦੇ, ਤਦ ਵੀ ਉਨ੍ਹਾਂ ਦਾ ਨਾਂ ਏਨੇ ਹੀ ਅਦਬ ਨਾਲ ਲਿਆ ਜਾਂਦਾ।
ਇਉਂ ਇਨ੍ਹਾਂ ਤਿੰਨਾਂ ਨੂੰ ਪੜ੍ਹ ਕੇ ਉਭਰਦੇ ਕਹਾਣੀਕਾਰ ਨੂੰ ਕਹਾਣੀ ਲਿਖਣ ਦੇ ਅਜਿਹੇ ਗੁਰ ਮਿਲਦੇ ਸਨ ਜੋ ਇਕ ਦੂਜੇ ਦੇ ਪੂਰਕ ਬਣ ਕੇ ਕਹਾਣੀ-ਕਲਾ ਦੀ ਸੰਪੂਰਨ ਥਾਹ ਪੁਆ ਦਿੰਦੇ ਸਨ।
ਚਲੋ, ਬੇਦੀ ਜੀ ਬਾਰੇ ਉਪਰੋਕਤ ਕਥਨ ਨੂੰ ਸਪਸ਼ਟ ਕਰਨ ਲਈ ਉਨ੍ਹਾਂ ਦੀ ਕੋਈ ਵੀ ਕਹਾਣੀ ਲੈ ਲੈਂਦੇ ਹਾਂ। ‘ਵਾਕ’ ਲੈਣ ਵਾਲਿਆਂ ਵਾਂਗ ਪੁਸਤਕ ਖੋਲ੍ਹਿਆਂ ਕਹਾਣੀ ‘ਨੜੋਆ ਕਿਥੇ ਹੈ’ ਨਿਕਲ ਆਈ ਹੈ। ਗੱਲ ਨੂੰ ਵਿਅਕਤੀਗਤ ਝੰਜਟਾਂ ਤੇ ਪਰੇਸ਼ਾਨੀਆਂ ਤੋਂ ਸ਼ੁਰੂ ਕਰ ਕੇ ਉਹ ਸੜਕ ਅਤੇ ਬਾਜ਼ਾਰ ਵਿਚੋਂ ਦੀ ਲੰਘਾਉਂਦੇ ਹੋਏ ਦਫ਼ਤਰ ਲੈ ਜਾਂਦੇ ਹਨ ਅਤੇ ਦਫ਼ਤਰੋਂ ਘਰ ਵੱਲ ਮੋੜ ਲੈਂਦੇ ਹਨ। ਪਰ ਇਸ ਅਮਲ ਵਿਚ ਛੋਟੀਆਂ-ਛੋਟੀਆਂ ਘਟਨਾਵਾਂ ਜੁੜ ਕੇ ਇਕ ਮਹਾ ਘਟਨਾ, ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਜੁੜ ਕੇ ਇਕ ਮਹਾ ਪਰੇਸ਼ਾਨੀ ਅਤੇ ਛੋਟੀਆਂ-ਛੋਟੀਆਂ ਮਕਾਣਾਂ ਜੁੜ ਕੇ ਇਕ ਮਹਾ ਮਕਾਣ ਬਣ ਜਾਂਦੀਆਂ ਹਨ। ਜ਼ੁਲਮ ਇਹ ਕਿ ਇਸ ਮਹਾ ਮਕਾਣ ਨੂੰ ਆਪਣੀ ਮੁਰਦਨੀ ਦਾ ਕਾਰਨ ਸਮਝਣ ਅਤੇ ਦਿਖਾਉਣ ਲਈ ਕੋਈ ਅਰਥੀ ਤੱਕ ਨਸੀਬ ਨਹੀਂ ਹੁੰਦੀ। ਸੜਕਾਂ ਉਤੇ ਜਾ ਰਹੇ ਦਫ਼ਤਰੋਂ ਮੁੜੇ ਬਾਬੂਆਂ ਅਤੇ ਫੈਕਟਰੀਓਂ ਮੁੜੇ ਮਜ਼ਦੂਰਾਂ ਨੂੰ ਅਰਥੀਓਂ ਵਿਰਵੀ ਮਾਤਮੀ ਭੀੜ ਆਖ ਕੇ ਆਮ ਆਦਮੀ ਦੀ ਦੁਰਦਸ਼ਾ ਨੂੰ ਇਉਂ ਬੇਦੀ ਹੀ ਪੇਸ਼ ਕਰ ਸਕਦੇ ਹਨ। ਆਮ ਆਦਮੀ, ਜਿਸ ਦੀ ਥਾਂ ਫੁੱਟਪਾਥ ਉਤੇ ਹੈ ਅਤੇ ਜੇ ਉਹ ਸੜਕ ਉਤੇ ਆਉਣ ਦੀ ਗਲਤੀ ਕਰਦਾ ਹੈ ਤਾਂ ਕੋਈ ਕਾਰ ਉਹਨੂੰ ਪਟਕਾ ਕੇ ਉਹਦੀ ਅਸਲ ਥਾਂ, ਭਾਵ ਫੁੱਟਪਾਥ ਉਤੇ ਵਗ੍ਹਾ ਮਾਰਦੀ ਹੈ। ਇਹ ਉਨ੍ਹਾਂ ਦੀ ਕਹਾਣੀ-ਕਲਾ ਦੀ ਕਰਾਮਾਤ ਹੈ ਕਿ ਇਕ ਸੜਕ ਦੇ ਨੀਰਸ, ਨਿਰਜਿੰਦ ਅਤੇ ਨਿਰ-ਉਤਸਾਹ ਦ੍ਰਿਸ਼ ਦੇ ਸਹਾਰੇ, ਇਕ ਵੀ ਸ਼ਬਦ ਅਜਿਹਾ ਵਰਤੇ ਬਿਨਾ ਅਤੇ ਇਕ ਵੀ ਸੰਕੇਤ ਅਜਿਹਾ ਕੀਤੇ ਬਿਨਾ, ਪਾਠਕ ਲਈ ਅਜਿਹਾ ਪ੍ਰਭਾਵ ਸਿਰਜ ਦਿੰਦੇ ਹਨ, ਜਿਵੇਂ ਸਾਰਾ ਭਾਰਤ ਆਪਣੇ ਆਦਰਸ਼ਾਂ, ਉਦੇਸ਼ਾਂ ਅਤੇ ਦਾਅਵਿਆਂ-ਦਾਈਆਂ ਦੀ ਅਦਿੱਸ ਅਰਥੀ ਪਿੱਛੇ ਮਾਤਮੀ ਜਲੂਸ ਬਣਿਆ ਜਾ ਰਿਹਾ ਹੋਵੇ।
ਤੇ ਇਸੇ ਕਹਾਣੀ ਵਿਚ ਭਾਸ਼ਾ ਦੀ ਜਾਦੂਗਰੀ ਅਤੇ ਸੰਖੇਪਤਾ ਦੇਖੋ। ਸੈਟਲਮੈਂਟ ਆਫ਼ਿਸ ਵਿਚ ਮਦਰਾਸੀ, ਬੰਗਾਲੀ, ਮਰਾਠੇ ਆਦਿ ਬਾਬੂਆਂ ਦੇ ਉਲਾਰ ਵਿਹਾਰ ਦੇ ਹਵਾਲੇ ਨਾਲ ਉਹ ਕੇਵਲ ਨੌਂ ਸ਼ਬਦਾਂ ਵਿਚ ਭਾਰਤ ਦੀ ਸਾਰੀ ਅੰਦਰੂਨੀ ਸਮੱਸਿਆ ਦਾ ਨਿਤਾਰਾ ਕਰ ਦਿੰਦੇ ਹਨ: “ਹਰ ਕੌਮੀਅਤ ਕੌਮ ਬਣਨ ਦੀ ਵੇਦਨਾ ਹੰਢਾ ਰਹੀ ਸੀ।” ਜਦੋਂ ਉਹ “ਇਉਂ ਲਗਦੈ ਜਿਵੇਂ ਬਾਜ਼ਾਰ ਪਿਕਾਸੋ ਦਾ ਬਣਾਇਆ ਹੋਇਆ ਹੋਵੇ, ਆਰਟ ਨਾ ਹੁੰਦਿਆਂ ਵੀ ਕਿੰਨਾ ਵਡਾ ਆਰਟ ਹੈ ਇਸ ਵਿਚ” ਲਿਖਦੇ ਹਨ, ਤਾਂ ਪਿਕਾਸੋ ਦੀ ਕਲਾ ਦੇ ਹਵਾਲੇ ਨਾਲ ਬਾਜ਼ਾਰ ਦੀ ਬੇਢਬੀ ਨੁਹਾਰ ਨੂੰ ਤਾਂ ਪ੍ਰਗਟ ਕਰਦੇ ਹੀ ਹਨ, ਬੇਢਬੇ ਬਾਜ਼ਾਰ ਦੇ ਹਵਾਲੇ ਨਾਲ ਪਿਕਾਸੋ ਦੀ ਅਮੂਰਤ ਕਲਾ ਉਤੇ ਵੀ ਵਿਅੰਗ ਕਰਦੇ ਹਨ, ਜਿਸ ਉਤੇ ਖੁਦ ਪਿਕਾਸੋ ਨੇ ਵੀ ਵਿਅੰਗ ਕੀਤਾ ਸੀ। ਤੇ ਇਸੇ ਕਹਾਣੀ ਵਿਚ ਇਕ ਆਦਮੀ ਪੁਛਦਾ ਹੈ, “ਤੁਸੀਂ ਸ਼ਾਦੀ-ਸ਼ੁਦਾ ਹੋ”, ਤਾਂ ਦੂਜਾ ਉਤਰ ਦਿੰਦਾ ਹੈ, “ਜੀ ਨਹੀਂ, ਮੈਂ ਤਾਂ ਸਿਰਫ਼ ਸ਼ੁਦਾ ਹਾਂ।” ਇਥੇ ਇਹ ਸਪੱਸ਼ਟ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਲਗਦੀ ਕਿ ਸ਼ਾਦੀ-ਸ਼ੁਦਾ ਦਾ ਭਾਵ ਉਹ ਵਿਅਕਤੀ ਹੁੰਦਾ ਹੈ ਜਿਸ ਦਾ ਵਿਆਹ ਹੋ ਚੁਕਿਆ ਹੋਵੇ ਅਤੇ ਸ਼ੁਦਾ ਦਾ ਭਾਵ ਉਹ ਵਿਅਕਤੀ ਹੋਇਆ ਜੋ ਹੋ-ਬੀਤ ਚੁਕਿਆ ਹੋਵੇ।
ਉਨ੍ਹਾਂ ਦੀ ਕਹਾਣੀ ਦਾ ਸਭ ਤੋਂ ਵੱਡਾ ਗੁਣ ਅਤੇ ਲੱਛਣ ਉਨ੍ਹਾਂ ਦਾ ਆਲੋਚਕੀ ਵਾਦਾਂ ਤੋਂ ਮੁਕਤ ਹੋਣਾ ਹੈ। ਆਲੋਚਕ ਸਮੇਂ-ਸਮੇਂ ਆਪਣੀ ਸੌਖ-ਸਹੂਲਤ ਅਨੁਸਾਰ ਜਾਂ ਪੱਛਮ ਤੋਂ ਪ੍ਰਾਪਤ ਹੋਈਆਂ ਆਲੋਚਨਾ ਪੁਸਤਕਾਂ ਦੇ ਸਹਾਰੇ ਆਪਣਾ ਕਪਾਟ ਖੁੱਲ੍ਹਿਆ ਅਤੇ ਲਲਾਟ ਜਾਗਿਆ ਸਮਝ ਕੇ ਸਾਹਿਤ ਵਿਚੋਂ ਕਦੀ ਕਿਸੇ ਵਾਦ ਨੂੰ ਵੇਲਾ ਵਿਹਾ ਚੁਕਿਆ ਆਖ ਕੇ ਮਰਿਆ ਐਲਾਨ ਦਿੰਦੇ ਹਨ ਅਤੇ ਕਦੀ ਕਿਸੇ ਹੋਰ ਵਾਦ ਨੂੰ ਸਾਹਿਤਕ ਦੁਮੇਲ ਉਤੇ ਸੂਰਜ ਵਾਂਗ ਉਦੈ ਹੋਇਆ ਆਖ ਕੇ ਉਹਦਾ ਉਸਤਤ-ਗਾਨ ਕਰਨ ਲਗਦੇ ਹਨ। ਪਰ ਬੇਦੀ ਅਜਿਹੀ ਆਲੋਚਨਾ ਤੋਂ ਉਚੇ ਹਨ। ਉਨ੍ਹਾਂ ਦੀਆਂ ਕਹਾਣੀਆਂ ਵਿਚ ਕੇਵਲ ਕਹਾਣੀ-ਵਾਦ ਹੈ ਜਿਸ ਨੇ ਸੱਚ ਵਾਂਗ ਕਦੀ ਪੁਰਾਣਾ ਨਹੀਂ ਥੀਣਾ। ਜਦੋਂ ਤੱਕ ਕਹਾਣੀ ਰਹੇਗੀ, ਤਕ ਤੱਕ ਉਸ ਵਿਚ ਕਹਾਣੀ-ਵਾਦ ਰਹੇਗਾ ਅਤੇ ਜਦੋਂ ਤੱਕ ਕਹਾਣੀ ਵਿਚ ਕਹਾਣੀ-ਵਾਦ ਰਹੇਗਾ, ਤਦ ਤੱਕ ਬੇਦੀ ਦਾ ਨਾਂ ਰਹੇਗਾ।