ਜੱਗ ਉਤੇ ਬਣਨ ਇਹ ਕੇਹੀਆਂ ਕਹਾਣੀਆਂ…

ਮੇਜਰ ਕੁਲਾਰ ਬੋਪਾਰਾਏਕਲਾਂ
ਫੋਨ: 916-273-2856
ਦੋ ਪਿੰਡਾਂ ਦੇ ਵਿਚੋਂ ਲੰਘਦੀ ਸੇਮ ਦੀ ਪਟੜੀ ਵਿਚਾਲੇ ਬਾਪੂ ਦੀ ਲਾਸ਼ ਛਾਣਨੀ ਹੋਈ ਪਈ ਸੀ। ਦਿਨ ਚੜ੍ਹਦੇ ਸਾਰ ਗੱਲ ਜੰਗਲ ਦੀ ਅੱਗ ਵਾਂਗ ਸਾਰੇ ਪਿੰਡ ਵਿਚ ਫੈਲ ਗਈ ਸੀ, ‘ਸਾਧੂ ਮਾਰ’ਤਾ।’ ਉਸ ਸਮੇਂ ਮੇਰਾ ਕੱਦ ਮਸਾਂ ਦਾਦਾ ਜੀ ਦੇ ਲੱਕ ਤੱਕ ਆਉਂਦਾ ਸੀ। ਬਾਪੂ ਦੀ ਖ਼ਬਰ ਨੇ ਘਰ ਵਿਚ ਚੀਕ-ਚਿਹਾੜਾ ਪਾ ਦਿੱਤਾ।

ਲੋਕਾਂ ਦੇ ਮੂੰਹੀਂ ਗੱਲਾਂ ਸਨ, ‘ਸਾਧੂ ਪੁਲਿਸ ਦਾ ਮੁਖ਼ਬਰ ਸੀ, ਸਿੰਘਾਂ ਨੇ ਧੁਰ ਦੀ ਗੱਡੀ ਚਾੜ੍ਹ ਦਿੱਤਾ’; ‘ਸਾਧੂ ਦੇ ਸਿੰਘਾਂ ਨਾਲ ਸਬੰਧ ਸਨ, ਪੁਲਿਸ ਨੇ ਫੜ ਕੇ ਮੁਕਾਬਲਾ ਬਣਾ’ਤਾ’। ਬਾਪੂ ਕਿਸ ਪਾਰਟੀ ਦਾ ਬੰਦਾ ਸੀ, ਇਹ ਤਾਂ ਅੱਜ ਤੱਕ ਭੇਤ ਹੀ ਹੈ, ਪਰ ਬਾਪੂ ਦੀ ਮੌਤ ਨਾਲ ਸਾਡੇ ਉਤੇ ਸਿਖਰ ਦੁਪਹਿਰੇ ਬਿਜਲੀ ਆਣ ਡਿੱਗੀ। ਮੇਰੇ ਦਾਦੇ ਨੇ ਪੁਰਾਣੇ ਛਿੱਤਰ ਪੈਰੀਂ ਪਾਉਂਦਿਆਂ ਆਪਣੀ ਖੂੰਡੀ ਫੜੀ, ਤੇ ਇਕੱਲਾ ਹੀ ਉਧਰ ਹੋ ਤੁਰਿਆ, ਜਿਧਰ ਭਾਣਾ ਵਰਤਿਆ ਸੀ। ਮੈਂ ਦਾਦੀ ਦੀ ਬੁੱਕਲ ਵਿਚੋਂ ਨਿਕਲ ਕੇ ਦਾਦੇ ਦੀ ਬਾਂਹ ਫੜ ਲਈ। ਦਸ ਹਜ਼ਾਰ ਦੀ ਵਸੋਂ ਵਾਲੇ ਪਿੰਡ ਵਿਚੋਂ ਅਸੀਂ ਦੋਵੇਂ ਦਾਦਾ-ਪੋਤਾ ਤੁਰ ਪਏ। ਦਾਦੇ ਨੇ ਐਨਕਾਂ ਕਈ ਵਾਰ ਠੀਕ ਕਰਦਿਆਂ ਅੱਖਾਂ ਪੂੰਝੀਆਂ।
ਜਦੋਂ ਅਸੀਂ ਰਾਮਦਾਸੀਆਂ ਦੇ ਵਿਹੜੇ ਵਿਚੋਂ ਨਿਕਲੇ, ਸਾਡਾ ਸਾਂਝੀ ਰਿਹਾ ਗ੍ਹੀਰਾ ਨਾਲ ਤੁਰ ਪਿਆ। ਵਾਟ ਮੁੱਕਣ ਵਿਚ ਨਾ ਆਵੇ। ਦਾਦੇ ਦਾ ਦਮ ਉਖੜ ਗਿਆ। ਗ੍ਹੀਰੇ ਨੇ ਦਾਦੇ ਨੂੰ ਬਿਠਾਉਂਦਿਆਂ ਕਿਹਾ, “ਚਾਚਾ, ਆਪਣੇ ਉਤੇ ਤਾਂ ਅੱਜ ਪਹਾੜ ਹੀ ਡਿੱਗ ਪਿਆ। ਸਾਧੂ ਨੇ ਕਿਸੇ ਦਾ ਕੀ ਵਿਗਾੜਿਆ ਸੀ। ਜ਼ਾਲਮਾਂ ਨੇ ਉਸ ਨੂੰ ਕਿਉਂ ਮਾਰ’ਤਾ?” ਬਾਪੂ ਨਿਰਉਤਰ ਸੀ।
ਜਦੋਂ ਧੁਰ ਪਹੁੰਚੇ ਤਾਂ ਬਾਪੂ ਦੀ ਲਾਸ਼ ਪਟੜੀ ‘ਤੇ ਖੂਨ ਨਾਲ ਲੱਥ ਪੱਥ। ਛਾਤੀ ਵਿਚ ਕਈ ਗੋਲੀਆਂ ਲੱਗੀਆਂ ਸਨ। ਦਾਦੇ ਨੇ ਦੇਖ ਕੇ ਧਾਹ ਮਾਰੀ। ਗ੍ਹੀਰੇ ਨੇ ਮਸਾਂ ਦਾਦੇ ਨੂੰ ਫੜਿਆ। ਦਾਦੇ ਨੂੰ ਦੇਖ ਕੇ ਮੈਂ ਵੀ ਰੋਣ ਲੱਗ ਪਿਆ। ਹੌਲੀ ਹੌਲੀ ਭੀੜ ਜੁੜਨ ਲੱਗੀ। ਸਰਪੰਚ ਦੇ ਮੁੰਡੇ ਨੇ ਥਾਣੇ ਇਤਲਾਹ ਦੇ ਦਿੱਤੀ। ਪੁਲਿਸ ਦੀ ਜਿਪਸੀ ਆਈ। ਦਾਦੇ ਤੋਂ ਬਿਆਨ ਲਏ। ਉਸ ਨੇ ਪੁਲਿਸ ਨੂੰ ਦੱਸਿਆ, “ਮੇਰਾ ਪੁੱਤ ਮੋਟਰ ਚਲਾਉਣ ਆਇਆ ਸੀ। ਕਣਕ ਨੂੰ ਪਹਿਲਾ ਪਾਣੀ ਲਾਉਣਾ ਸੀ।” ਪੁਲਿਸ ਨੇ ਆਪਣੀ ਕਾਰਵਾਈ ਕੀਤੀ। ਟੈਂਪੂ ਵਿਚ ਬਾਪੂ ਦੀ ਲਾਸ਼ ਚਾਰ ਜਣਿਆਂ ਨੇ ਇੰਜ ਸੁੱਟੀ ਜਿਵੇਂ ਬਰਸੀਮ ਦੀ ਪੰਡ ਹੋਵੇ। ਦਾਦਾ, ਗ੍ਹੀਰਾ ਤੇ ਮੈਂ, ਤਿੰਨੇ ਹੀ ਟੈਂਪੂ ਚੜ੍ਹ ਗਏ। ਦੋ ਪੁਲਿਸ ਵਾਲੇ ਤੇ ਦੋ ਹੋਮ ਗਾਰਡੀਏ ਟੈਂਪੂ ਦੇ ਚਾਰੇ ਖੂੰਜੇ ਖੜ੍ਹੇ ਸਨ। ਮੇਰੀ ਆਉਣ ਵਾਲੀ ਜ਼ਿੰਦਗੀ ਬੇਸ਼ੱਕ ਹੜ੍ਹਾਂ ਦੀ ਭੇਟ ਚੜ੍ਹ ਗਈ, ਪਰ ਮੈਂ ਕਿਸੇ ਨੂੰ ਖਿੜਦਾ ਦੇਖ ਕੇ ਮਨ ਨੂੰ ਧਰਵਾਸ ਦੇ ਰਿਹਾ ਸੀ। ਜੋ ਕੁਝ ਵਾਪਰ ਗਿਆ ਸੀ, ਇਸ ਕਹਾਣੀ ਨੂੰ ਦਾਦੇ ਨੇ ਮੈਨੂੰ ਮੇਰੀ ਜਵਾਨੀ ਚੜ੍ਹਨ ਤੋਂ ਪਹਿਲਾਂ ਕਈ ਵਾਰ ਸੁਣਾਇਆ ਸੀ। ਇਸ ਕਰ ਕੇ ਇਸ ਕਾਂਡ ਦਾ ਹਰ ਪਲ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ।
ਸ਼ਹਿਰ ਪਹੁੰਚਦਿਆਂ ਬੱਸਾਂ, ਕਾਰਾਂ, ਸਕੂਟਰਾਂ ਦੀਆਂ ਆਵਾਜ਼ਾਂ ਨੇ ਮੇਰਾ ਦੁੱਖ ਭੁਲਾਉਂਦਿਆਂ ਮੈਨੂੰ ਰੰਗ-ਬਰੰਗੀਆਂ ਹੱਟੀਆਂ ਵੱਲ ਦੇਖਣ ਲਾ ਦਿੱਤਾ। ਸੜਕਾਂ ਵਿਚ ਖੱਡੇ ਹੋਣ ਕਰ ਕੇ ਟੈਂਪੂ ਵਿਚ ਜਦੋਂ ਬਾਪੂ ਦੀ ਲਾਸ਼ ਹਿੱਲਦੀ, ਦਾਦਾ ਉਸ ਨੂੰ ਸਹਾਰਾ ਦਿੰਦਾ, ਜਿਵੇਂ ਬਾਪੂ ਗੂੜ੍ਹੀ ਨੀਂਦੇ ਸੁੱਤਾ ਹੋਵੇ, ਤੇ ਡਰ ਹੋਵੇ ਕਿ ਬਾਪੂ ਕੱਚੀ ਨੀਂਦੇ ਨਾ ਉਠ ਪਵੇ, ਪਰ ਬਾਪੂ ਤਾਂ ਸਦਾ ਦੀ ਨੀਂਦ ਸੌਂ ਗਿਆ ਸੀ।
ਬਾਪੂ ਦੀ ਲਾਸ਼ ਦਾ ਪੋਸਟ-ਮਾਰਟਮ ਹੋਇਆ। ਭੁੱਖ ਨਾਲ ਜਾਨ ਨਿਕਲ ਰਹੀ ਸੀ। ਪੈਸਾ ਕਿਸੇ ਕੋਲ ਵੀ ਨਹੀਂ ਸੀ। ਕੋਲ ਖੜ੍ਹੇ ਪੁਲਿਸ ਵਾਲੇ ਦੇ ਮਨ ਵਿਚ ਮਿਹਰ ਪਈ ਤੇ ਉਸ ਨੇ ਚਾਹ ਦੇ ਤਿੰਨ ਗਲਾਸ ਲਿਆ ਦਿੱਤੇ। ਦਾਦੇ ਨੇ ਕਈ ਵਾਰ ਖੂੰਡੀ ਦੇ ਸਹਾਰੇ ਖੜ੍ਹ ਕੇ ਮੇਰੇ ਸਿਰ ਉਤੇ ਹੱਥ ਫੇਰਿਆ। ਸ਼ਾਇਦ ਕਹਿ ਰਿਹਾ ਹੋਵੇ, ‘ਹੁਣ ਦੁੱਖਾਂ ਦੀ ਪੰਡ ਤੇਰੇ ਸਿਰ ਆ ਗਈ ਹੈ, ਸੰਭਲ ਤੇ ਕੋਸ਼ਿਸ਼ ਕਰ ਕਿ ਦੁੱਖਾਂ ਦੀ ਪੰਡ ਸਿਰੋਂ ਲਹਿ ਜਾਵੇ’। ਬਾਪੂ ਦੀ ਲਾਸ਼ ਲੈ ਕੇ ਅਸੀਂ ਪਿੰਡ ਵੱਲ ਹੋ ਤੁਰੇ।
ਦਿਨ ਛਿਪਣ ਤੋਂ ਪਹਿਲਾਂ ਬਾਪੂ ਦੀ ਚਿਤਾ ਦੀ ਅੱਗ ਅਸਮਾਨ ਛੂਹਣ ਲੱਗੀ। ਸਾਰਾ ਪਿੰਡ ਸਹਿਮ ਦੇ ਸਾਏ ਹੇਠ ਦੱਬਿਆ ਸਿਵਿਆਂ ਵੱਲ ਦੇਖਦਾ ਰਿਹਾ। ਘਰ ਮੁੜਦਿਆਂ ਦਾਦੀ ਦੇ ਕੀਰਨੇ ਸੁਣ ਨਹੀਂ ਸੀ ਹੁੰਦੇ। ਮਾਂ ਤਾਂ ਪੱਥਰ ਦੀ ਮੂਰਤ ਬਣ ਗਈ ਸੀ। ਮਾਂ ਦੀਆਂ ਕਾਲੀਆਂ ਜ਼ੁਲਫਾਂ ਉਸ ਦੇ ਗਲ ਵਿਚ ਕਾਲੇ ਨਾਂਗ ਵਾਂਗ ਲਿਪਟੀਆਂ ਜਾਪੀਆਂ, ਜਿਵੇਂ ਹੁਣੇ ਮਾਂ ਨੂੰ ਡੰਗ ਲੈਣਗੀਆਂ।
ਉਹ ਸਮਾਂ ਹੀ ਅਜਿਹਾ ਸੀ, ਅਜਿਹੀ ਮਰਗ ਉਤੇ ਲੋਕ ਦੁੱਖ ਵਿਚ ਘੱਟ ਹੀ ਸ਼ਰੀਕ ਹੁੰਦੇ ਸਨ। ਸਾਡਾ ਦੁਖ ਇਹ ਵੀ ਸੀ ਕਿ ਨਾ ਤਾਂ ਕਿਸੇ ਖਾੜਕੂ ਜਥੇਬੰਦੀ ਨੇ ਬਾਪੂ ਦੀ ਮੌਤ ਦੀ ਜ਼ਿੰਮੇਵਾਰੀ ਲਈ, ਤੇ ਨਾ ਹੀ ਪੁਲਿਸ ਨੇ ਕੋਈ ਕਾਰਵਾਈ ਕੀਤੀ। ਖੇਤੋਂ ਆਉਂਦਿਆਂ ਇਸ ਤਰ੍ਹਾਂ ਬਾਪੂ ਨੂੰ ਕਿਉਂ ਮਾਰਿਆ ਗਿਆ? ਨਾ ਕਿਸੇ ਸਿੱਖ ਜਥੇਬੰਦੀ ਤੇ ਨਾ ਕਿਸੇ ਧਾਰਮਿਕ ਸੰਸਥਾ ਨੇ ਸਾਡੇ ਗਲਾਂ ਵਿਚ ਸਿਰੋਪੇ ਪਾਏ ਤੇ ਨਾ ਪੰਜਾਬ ਸਰਕਾਰ ਤੋਂ ਕੋਈ ਮਦਦ ਮਿਲੀ। ਜੇ ਮਿਲੀ ਤਾਂ ਲੋਕਾਂ ਦੀ ਨਫ਼ਰਤ! ਕਈਆਂ ਨੇ ਮੁਖਬਰੀ ਲਈ ਤੇ ਕਈਆਂ ਨੇ ਖਾਲਿਸਤਾਨੀ ਹੋਣ ਕਰ ਕੇ ਸਾਨੂੰ ਨਫ਼ਰਤ ਕੀਤੀ।
ਬਾਪੂ ਦੇ ਜਾਣ ਪਿਛੋਂ ਮਾਂ ਦੀ ਭਰੀ ਜਵਾਨੀ ਵਾਲਾ ਗੁਲਾਬ ਪੱਤੀਆਂ ਬਣ ਕੇ ਖਿੰਡ ਗਿਆ। ਮੈਂ ਛੋਟਾ ਹੋਣ ਕਰ ਕੇ ਮੇਰੇ ਮਾਮਿਆਂ ਨੇ ਮਾਂ ਨੂੰ ਆਪਣੇ ਨਾਲ ਲਿਜਾਣਾ ਚਾਹਿਆ। ਮਾਮਿਆਂ ਦੀ ਗੱਲ ਸੁਣ ਮੇਰੇ ਦਾਦਾ-ਦਾਦੀ ਧਾਹੀਂ ਰੋ ਪਏ ਤੇ ਬੋਲੇ, “ਸਾਡਾ ਪੁੱਤ ਤਾਂ ਅਣਹੋਣੀ ਦੀ ਭੇਟ ਚੜ੍ਹ ਗਿਆ, ਪਰ ਤੁਸੀਂ ਸਾਡੀ ਨੂੰਹ ਤੇ ਪੋਤੇ ਨੂੰ ਲਿਜਾ ਕੇ ਦੁਬਾਰਾ ਸਾਡਾ ਪੁੱਤ ਨਾ ਮਾਰੋ। ਸਾਨੂੰ ਵੱਸਦੇ ਰਹਿਣ ਦਿਓ।” ਮਾਂ ਨੂੰ ਇਕੱਲਿਆਂ ਕਰ ਕੇ ਨਾਨੀ ਨੇ ਪੁੱਛਿਆ, “ਤੇਰਾ ਮਨ ਕੀ ਕਹਿੰਦਾ?” ਮਾਂ ਅੱਗਿਓਂ ਬੋਲੀ, “ਬੀਬੀ, ਜੇ ਅਗਾਂਹ ਵੀ ਇੰਜ ਕੋਈ ਭਾਣਾ ਵਰਤ ਗਿਆ, ਫਿਰ ਕੀ ਕਰੋਗੇ? ਮੈਨੂੰ ਮੇਰੇ ਹਾਲ ‘ਤੇ ਛੱਡ ਦਿਓ। ਮੈਂ ਅਜੀਤ ਦੇ ਸਹਾਰੇ ਦਿਨ ਕੱਟ ਲਊਂਗੀ।” ਮਾਂ ਦੇ ਨਿਧੜਕ ਫੈਸਲੇ ਨੇ ਮੇਰੇ ਦਾਦੇ ਦੇ ਹੱਥ ਮੇਰੀ ਬਾਂਹ ਫੜਾ ਦਿੱਤੀ। ਦਾਦੇ ਨੇ ਮਨ ਨੂੰ ਸਮਝਾ ਲਿਆ ਕਿ ਮੇਰਾ ਸਾਧੂ ਪੁੱਤ ਮੁੜ ਆਇਆ ਹੈ।
ਹੁਣ ਦਾਦੇ ਦਾ ਇਕੋ ਮਕਸਦ ਸੀ, ਮੈਨੂੰ ਪੜ੍ਹਾ-ਲਿਖਾ ਕੇ ਵੱਡਾ ਅਫ਼ਸਰ ਬਣਾਉਣਾ ਤੇ ਆਪਣੇ ਪਿਉ ਦੇ ਕਾਤਲਾਂ ਨੂੰ ਲੱਭਣਾ। ਮੈਂ ਵੀ ਸਿਰੜੀ ਹੋ ਗਿਆ। ਸਾਰਾ ਧਿਆਨ ਪੜ੍ਹਾਈ ਵੱਲ ਹੀ ਲਾਉਂਦਾ। ਵਿਹਲੇ ਸਮੇਂ ਦਾਦੇ ਨਾਲ ਖੇਤਾਂ ਵਿਚ ਕੰਮ ਕਰਵਾ ਦਿੰਦਾ। ਮਾਂ ਤੇ ਦਾਦੀ ਨੇ ਵੀ ਸਿਰ ਮੜਾਸਾ ਮਾਰ ਲਿਆ ਸੀ। ਪਰਿਵਾਰ ਦੇ ਹਰ ਜੀਅ ਨੇ ਖਾਣ-ਪੀਣ ਤੇ ਪਹਿਨਣ ਦਾ ਸ਼ੌਕ ਤਿਆਗ ਦਿੱਤਾ ਸੀ। ਉਦਾਸੀ ਭਰੇ ਦਿਨਾਂ ਨਾਲ ਜਦੋ-ਜਹਿਦ ਕਰਦਿਆਂ ਉਹ ਮੈਨੂੰ ਜਵਾਨ ਕਰਨ ਲੱਗੇ। ਮੈਂ ਪੜ੍ਹਾਈ ਵਿਚ ਅੱਵਲ ਆਉਣ ਲੱਗਿਆ। ਖੇਡਾਂ ਵਿਚ ਮੈਂ ਸਭ ਤੋਂ ਅੱਗੇ ਹੁੰਦਾ। ਮੇਰੇ ਅੰਦਰ ਕੋਈ ਜਨੂੰਨ ਸੀ ਕਿ ਸਭ ਤੋਂ ਅੱਗੇ ਲੰਘਣਾ ਹੈ। ਬਾਪੂ ਦੀ ਮੌਤ ਨੇ ਮੈਨੂੰ ਸਭ ਤੋਂ ਪਿੱਛੇ ਧੱਕ ਦਿੱਤਾ ਸੀ, ਪਰ ਮੈਂ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਹਰ ਔਖੇ ਰਾਹ ਵਿਚੋਂ ਲੰਘਣ ਲਈ ਤਿਆਰ ਸੀ। ਪਿੰਡ ਦਸ ਜਮਾਤਾਂ ਕਰ ਕੇ ਸ਼ਹਿਰ ਕਾਲਜ ਦਾਖ਼ਲਾ ਲੈ ਲਿਆ। ਦਾਦੇ ਨੇ ਇਕ ਗੱਲ ਆਖੀ, “ਪਟੜੀ ਉਤੇ ਪਈ ਆਪਣੇ ਬਾਪੂ ਦੀ ਲਾਸ਼ ਨਾ ਭੁੱਲੀਂ। ਜਵਾਨੀ ਅੱਖੋਂ ਅੰਨ੍ਹੀ ਤੇ ਕੰਨੋਂ ਬੋਲੀ ਹੁੰਦੀ ਹੈ। ਆਪਣੀ ਮਾਂ ਦੀਆਂ ਕਾਲੀਆਂ ਜ਼ੁਲਫਾਂ ਵਕਤੋਂ ਪਹਿਲਾਂ ਬੱਗੀਆਂ ਹੋਈਆਂ ਨਾ ਭੁੱਲੀਂ।” ਮੈਂ ਦਾਦੇ ਦੀਆਂ ਨਸੀਹਤਾਂ ਪੱਲੇ ਬੰਨ੍ਹ ਕੇ ਦੁੱਖਾਂ ਦਾ ਪਹਾੜ ਸਰ ਕਰਨ ਲਈ ਆਪਣੇ ਆਪ ਨੂੰ ਇਕਜੁਟ ਕਰ ਲਿਆ। ਪੜ੍ਹਦਾ ਗਿਆ, ਪੜ੍ਹਦਾ ਗਿਆ, ਸੋਲਾਂ ਜਮਾਤਾਂ ਪੜ੍ਹ ਗਿਆ। ਕਾਲਜ ਦੀਆਂ ਖੇਡਾਂ ਵਿਚ ਦੌੜਾਂ ‘ਚ ਪਹਿਲੇ ਨੰਬਰ ਉਤੇ ਰਿਹਾ।
ਮੇਰਾ ਕੱਦ ਛੇ ਫੁੱਟ ਦੋ ਇੰਚ ਹੋ ਗਿਆ ਸੀ। ਸੋਹਣਾ-ਸੁਨੱਖਾ ਜਵਾਨ ਨਿਕਲਿਆ ਸਾਂ। ਮਾਂ ਤੇ ਦਾਦੀ ਹਮੇਸ਼ਾ ਨਜ਼ਰਾਂ ਤੋਂ ਬਚਾ ਕੇ ਰੱਖਦੀਆਂ। ਦਾਦੇ ਨੇ ਤਿੰਨ ਕਿੱਲੇ ਜ਼ਮੀਨ ਵਿਚੋਂ ਇਕ ਵੀ ਮਰਲਾ ਨਾ ਵੇਚਿਆ। ਆਪਣੇ ਬੁੱਢੇ ਹੱਥਾਂ ਨਾਲ ਪੁੱਤ ਦੀ ਨਿਸ਼ਾਨੀ ਪਾਲ ਕੇ ਬਰਾਬਰ ਦੀ ਕਰ ਲਈ ਸੀ। ਉਹਦੀਆਂ ਅੱਖਾਂ ਵਿਚ ਆਸ ਦੀ ਕਿਰਨ ਦਿਖਾਈ ਦਿੰਦੀ ਸੀ। ਪਰਿਵਾਰ ਦੇ ਇਤਫਾਕ ਨੇ ਦੁੱਖ ਘਟਾ ਲਿਆ ਸੀ, ਪਰ ਲੋਕਾਂ ਨੇ ਅਜੇ ਵੀ ਪਾਸਾ ਵੱਟਿਆ ਹੋਇਆ ਸੀ।
ਮੈਂ ਪੜ੍ਹਾਈ ਤੇ ਖੇਡਾਂ ਕਰ ਕੇ ਸਿੱਧਾ ਏæਐਸ਼ਆਈæ ਭਰਤੀ ਹੋ ਗਿਆ। ਮੈਂ ਅਜੇ ਜਹਾਨ ਖੇਲਾਂ ਟਰੇਨਿੰਗ ਉਤੇ ਹੀ ਸੀ ਕਿ ਮਾਂ ਬਿਮਾਰ ਹੋ ਗਈ। ਦਾਦਾ ਪੰਜ ਦਿਨ ਦੀ ਛੁੱਟੀ ਦਿਵਾ ਲਿਆਇਆ। ਘਰ ਆਇਆ ਤਾਂ ਮਾਂ ਦੋ ਦਿਨਾਂ ਵਿਚ ਠੀਕ ਹੋ ਗਈ। ਤੀਜੇ ਦਿਨ ਦਾਦਾ ਕਹਿੰਦਾ, “ਆਪਣੇ ਆੜ੍ਹਤੀਏ ਦੀ ਕੁੜੀ ਦਾ ਵਿਆਹ ਹੈ, ਤੂੰ ਦੁੱਧ ਦੀ ਕੈਨੀ ਫੜਾ ਆ।” ਮੈਂ ਤਿਆਰ ਹੋ ਕੇ ਸਾਈਕਲ ‘ਤੇ ਕੈਨੀ ਟੰਗ, ਆੜ੍ਹਤੀਏ ਦੀ ਦੁਕਾਨ ‘ਤੇ ਪਹੁੰਚ ਗਿਆ। ਫਤਿਹ ਬੁਲਾਈ। ਸੇਠ ਜੀ ਦੇ ਨਾਲ ਵਾਲਾ ਬੰਦਾ ਅਮਰੀਕਾ ਤੋਂ ਗਿਆ ਹੋਇਆ ਸੀ। ਉਸ ਦੀਆਂ ਨਜ਼ਰਾਂ ਮੇਰੇ ਉਤੇ ਸਨ। ਸੇਠ ਜੀ ਦੁੱਧ ਦੀ ਕੈਨੀ ਫੜ ਪਿਛਲੇ ਪਾਸੇ ਘਰ ਨੂੰ ਤੁਰ ਗਏ ਤੇ ਉਸ ਬੰਦੇ ਨੇ ਮੇਰਾ ਕੁਰਸੀਨਾਮਾ ਪੁੱਛ ਲਿਆ। ਚਾਹ ਦਾ ਕੱਪ ਪੀ ਕੇ ਮੈਂ ਮੁੜ ਆਇਆ।
ਉਸੇ ਸ਼ਾਮ ਹੀ ਸੇਠ ਤੇ ਉਹ ਬੰਦਾ ਆਪਣੀ ਧੀ ਦਾ ਰਿਸ਼ਤਾ ਲੈ ਕੇ ਸਾਡੇ ਘਰ ਆ ਗਏ। ਦਾਦਾ ਮੈਨੂੰ ਅਮਰੀਕਾ ਨਹੀਂ ਸੀ ਤੋਰਨਾ ਚਾਹੁੰਦਾ। ਮਾਂ ਤੇ ਦਾਦੀ ਕਹਿੰਦੀਆਂ, “ਆਪਾਂ ਨੂੰ ਭਲਾ ਹੋਰ ਕੀ ਚਾਹੀਦਾ।” ਫਿਰ ਦਾਦਾ ਵਿਚਾਰਾ ਵੀ ਮੰਨ ਗਿਆ। ਸੇਠ ਦੀ ਕੁੜੀ ਦੇ ਵਿਆਹ ਤੋਂ ਬਾਅਦ ਮੇਰਾ ਮੰਗਣਾ-ਵਿਆਹ ਹੋ ਗਿਆ। ਮੈਂ ਪੁਲਿਸ ਦੀ ਨੌਕਰੀ ਛੱਡ ਦਿੱਤੀ। ਮੇਰੀ ਘਰਵਾਲੀ ਗਗਨ ਨੇ ਇਥੇ ਆ ਕੇ ਮੇਰੇ ਪੇਪਰ ਭਰ ਦਿੱਤੇ। ਸਾਲ ਬਾਅਦ ਮੈਂ ਵੀ ਅਮਰੀਕਾ ਆ ਗਿਆ, ਪਰ ਇਥੇ ਦਿਲ ਨਾ ਲੱਗੇ। ਮੈਂ ਛੇ ਮਹੀਨਿਆਂ ਬਾਅਦ ਵਾਪਸ ਪਿੰਡ ਮੁੜ ਗਿਆ। ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਸਾਬਕਾ ਸਰਪੰਚ ਦਾ ਇਕੱਲਾ ਪੁੱਤ ਐਕਸੀਡੈਂਟ ਵਿਚ ਮਾਰਿਆ ਗਿਆ ਹੈ। ਮੈਂ ਮਹੀਨਾ ਪਿੰਡ ਰਹਿ ਕੇ ਵਾਪਸ ਆ ਗਿਆ। ਚਾਰ ਸਾਲ ਦੱਬ ਕੇ ਕਮਾਈ ਕੀਤੀ। ਆਪਣੇ ਪੰਜ ਟਰੱਕ ਪਾ ਲਏ ਤੇ ਹੌਲੀ ਹੌਲੀ ਹੋਰ ਵਧਦੇ ਗਏ। ਪਿੰਡੋਂ ਖਬਰ ਆਈ ਕਿ ਦਾਦੇ ਦੀ ਸਿਹਤ ਠੀਕ ਨਹੀਂ। ਪਿੰਡ ਗਿਆ ਤਾਂ ਪਤਾ ਲੱਗਾ ਕਿ ਸਾਬਕਾ ਸਰਪੰਚ ਵੀ ਆਖਰੀ ਸਾਹਾਂ ‘ਤੇ ਹੈ। ਉਸ ਨੇ ਸੁਨੇਹਾ ਭੇਜਿਆ, ਮੈਂ ਗਿਆ। ਉਸ ਨੇ ਦੋਵੇਂ ਹੱਥ ਜੋੜ ਕੇ ਮੁਆਫ਼ੀ ਮੰਗਦਿਆਂ ਕਿਹਾ, “ਅਜੀਤ ਸਿਆਂ! ਤੇਰੇ ਬਾਪੂ ਦਾ ਕਤਲ ਮੈਂ ਕਰਵਾਇਆ ਸੀ। ਤੁਹਾਡੀ ਤਿੰਨ ਕਿੱਲੇ ਜ਼ਮੀਨ ਮੈਨੂੰ ਸੜਕ ‘ਤੇ ਲੱਗਣ ਨਹੀਂ ਸੀ ਦਿੰਦੀ, ਪਰ ਤੇਰਾ ਦਾਦਾ ਤੇ ਤੂੰ ਸਿਰੜੀ ਨਿਕਲੇ। ਸਾਧੂ ਦੀ ਮੌਤ ਨੇ ਮੈਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ। ਮੈਂ ਹੁਣ ਜਹਾਨੋਂ ਖਾਲੀ ਹੱਥ ਜਾ ਰਿਹਾ ਹਾਂ। ਜ਼ਮੀਨਾਂ-ਜਾਇਦਾਦਾਂ ਇਥੇ ਹੀ ਰਹਿ ਜਾਣੀਆਂ।” ਸਰਪੰਚ ਮੇਰੇ ਦੇਖਦਿਆਂ ਹੀ ਦਮ ਤੋੜ ਗਿਆ। ਮੈਂ ਸਰਪੰਚ ਦੀ ਕਰਤੂਤ ਦਾਦੇ ਨੂੰ ਸੁਣਾਈ। ਦਾਦਾ ਵੀ ਆਪਣੀ ਹਿੱਕ ਦਾ ਭਾਰ ਲਾਹ ਕੇ ਜਹਾਨੋਂ ਤੁਰ ਗਿਆ। ਫਿਰ ਦਾਦੀ ਤੁਰ ਗਈ। ਮਾਂ ਨੂੰ ਮੈਂ ਅਮਰੀਕਾ ਲੈ ਆਇਆ। ਪਿੰਡ ਵਾਲੇ ਸਾਧੂ ਦਾ ਪੁੱਤ ਕਹਿ ਕੇ ਸਤਿਕਾਰ ਦੇਣ ਲੱਗ ਪਏ ਹਨ।