ਦਲਜੀਤ ਅਮੀ ਦੀਆਂ ਦਸਤਾਵੇਜ਼ੀ ਫਿਲਮਾਂ

‘ਪੰਜਾਬ ਟਾਈਮਜ਼’ ਦੇ 29 ਅਗਸਤ 2015 ਵਾਲੇ ਅੰਕ ਵਿਚ ਅੰਗਰੇਜ਼ੀ ਵਿਚ ਲਿਖਦੇ ਪੰਜਾਬੀ ਨਾਵਲਕਾਰ ਅਮਨਦੀਪ ਸੰਧੂ ਦਾ ਲਿਖਿਆ ਫੀਚਰ ‘ਸ਼ਬਦ ਤੇ ਸੋਚ ਦਾ ਥਈਆ ਥਈਆ’ ਪੜ੍ਹਿਆ ਜੋ ਦਸਤਾਵੇਜ਼ੀ ਫਿਲਮਸਾਜ਼ ਦਲਜੀਤ ਅਮੀ ਬਾਰੇ ਹੈ। ਖੁਸ਼ੀ ਹੋਈ ਕਿ ਦਲਜੀਤ ਅਮੀ ਨੇ ਅੰਗਰੇਜ਼ੀ ਨਾਵਲ ‘ਰੋਲ ਆਫ ਆਨਰ’ ਦਾ ਅਨੁਵਾਦ ਰੂਹ ਨਾਲ ਕੀਤਾ ਜਿਸ ਬਾਰੇ ਖੁਦ ਨਾਵਲ ਦੇ ਲੇਖਕ ਅਮਨਦੀਪ ਸੰਧੂ ਨੇ ਇੰਨਾ ਸੋਹਣਾ ਲਿਖਿਆ ਹੈ। ਇਸ ਨਾਵਲ ਦਾ ਇਕ ਕਾਂਡ ‘ਪੰਜਾਬ ਟਾਈਮਜ਼’ ਵਿਚ ਹੀ ਪੜ੍ਹਿਆ ਸੀ।

ਹੁਣ ਮੈਂ ਇਹ ਨਾਵਲ ਇੰਡੀਆ ਤੋਂ ਮੰਗਵਾ ਰਿਹਾ ਹਾਂ ਤਾਕਿ ਪੂਰਾ ਪੜ੍ਹ ਸਕਾਂ। ਚਿਰ ਪਹਿਲਾਂ ਮੈਂ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਦਲਜੀਤ ਅਮੀ ਦੀ ਦਸਤਾਵੇਜ਼ੀ ਫਿਲਮ ‘ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ’ ਦੇਖੀ ਸੀ। ਫਿਲਮ ਦਾ ਇਕ ਸੀਨ ਮੈਂ ਅੱਜ ਤੱਕ ਭੁਲਾ ਨਹੀਂ ਸਕਿਆ। ਇਸ ਸੀਨ ਵਿਚ ਇਕ ਕੁੜੀ, ਕੁੜੀਆਂ ਦੇ ਹੱਕ ਵਿਚ ਗੱਲਾਂ ਕਰਦੀ ਕਰਦੀ ਖਾਮੋਸ਼ ਹੋ ਜਾਂਦੀ ਹੈ, ਸਿਸਕਣ ਲਗਦੀ ਹੈ। ਫਿਲਮਸਾਜ਼ ਕੁੜੀ ਦੇ ਚਿਹਰੇ ਤੋਂ ਕੈਮਰਾ ਪਰ੍ਹਾਂ ਨਹੀਂ ਕਰਦਾ। ਸੀਨ ਬਹੁਤ ਲੰਮਾ ਹੋ ਜਾਂਦਾ ਹੈ। ਮਗਰੋਂ ਇਸ ਬਾਰੇ ਬਹਿਸਾਂ ਵੀ ਹੋਈਆਂ ਕਿ ਇੰਨਾ ਲੰਮਾ ਸੀਨ ਹੋਣਾ ਵੀ ਚਾਹੀਦਾ ਸੀ ਕਿ ਨਹੀਂ। ਮੈਨੂੰ ਲੱਗਦਾ ਹੈ ਕਿ ਇਹ ਸੀਨ ਭਾਵੇਂ ਲੰਮਾ ਸੀ, ਪਰ ਫਿਲਮ ਦਾ ਹਾਸਲ ਸੀ। ਇਹ ਫਿਲਮ ਕਿਰਨਜੀਤ ਕੌਰ ਕਤਲ ਕੇਸ ਬਾਰੇ ਹੈ। ਇਸ ਕੇਸ ਬਾਰੇ ਪੜ੍ਹ-ਸੁਣ ਕੇ ਹੀ ਪਤਾ ਲੱਗਦਾ ਹੈ ਕਿ ਕੁੜੀਆਂ ਅਤੇ ਇਨ੍ਹਾਂ ਦੇ ਮਾਪੇ ਕਿੰਨੇ ਬੇਵਸ ਹਨ। ਦਲਜੀਤ ਨੇ ਇਸ ਬੇਵਸੀ ਨੂੰ ਆਪਣੇ ਇਸ ਸੀਨ ਵਿਚ ਫੜਿਆ ਸੀ।
-ਗੁਰਨੈਬ ਸਿੰਘ ਸੰਧੂ, ਕੈਲੀਫੋਰਨੀਆ।
_________________________
ਫਿਲਮ ‘ਅੰਗਰੇਜ਼’ ਦੀ ਅਸਲੀਅਤ
‘ਪੰਜਾਬ ਟਾਈਮਜ਼’ ਦੇ 22 ਅਗਸਤ ਵਾਲੇ ਅੰਕ ਵਿਚ ਪੰਜਾਬੀ ਫਿਲਮ ‘ਅੰਗਰੇਜ਼’ ਦਾ ਰੀਵੀਊ ਪੜ੍ਹ ਕੇ ਇਕ ਵਾਰ ਫਿਰ ਇਹ ਫਿਲਮ ਦੇਖੀ। ਰੌਸ਼ਨੀ ਖੇਤਲ ਨੇ ਠੀਕ ਹੀ ਲਿਖਿਆ ਹੈ ਕਿ ਸਭਿਆਚਾਰ ਦੇ ਫੰਡੇ ਨੇ ਫਿਲਮ ਦੀ ਕਹਾਣੀ ਹੋਰ ਦੀ ਹੋਰ ਬਣਾ ਦਿੱਤੀ ਹੈ। ਖੇਤਲ ਦਾ ਲੇਖ ਪੜ੍ਹ ਕੇ ਇਹ ਗੱਲ ਵੀ ਸੁੱਝੀ ਕਿ ਪੰਜਾਬ ਦੇ ਸਭਿਆਚਾਰ ਨੂੰ ਹਰ ਵਾਰ ਜੱਟ/ਕਿਸਾਨ ਹੀ ਅਗਵਾ ਕਰ ਕੇ ਲੈ ਜਾਂਦੇ ਹਨ। ਬਾਕੀ ਬੰਦਿਆਂ ਦੀ ਕਿਤੇ ਗੱਲ ਹੀ ਨਹੀਂ ਹੁੰਦੀ।
ਫਿਲਮ ਦਾ ਡਾਇਰੈਕਟਰ ਇਸ ਜੱਟ ਸਭਿਆਚਾਰ ਦੀਆਂ ਕਹਾਣੀਆਂ ਪਾਉਂਦਾ ਪਾਉਂਦਾ, ਫਿਲਮ ਦੀ ਕਹਾਣੀ ਸਮਝ ਹੀ ਨਹੀਂ ਪੈਣ ਦਿੰਦਾ। ਕਲਾਈਮੈਕਸ ਦਾ ਸੱਤਿਆਨਾਸ ਕਰਨ ਵਾਲੀ ਗੱਲ ਵੀ ਸਹੀ ਹੈ, ਪਰ ਇਹ ਵੀ ਸਹੀ ਹੈ ਕਿ ਫਿਲਮ ‘ਤੇ ਮਿਹਨਤ ਬਹੁਤ ਕੀਤੀ ਗਈ ਹੈ। 1940 ਦੇ ਵੇਲਿਆਂ ਦਾ ਪੰਜਾਬ ਪੇਸ਼ ਕਰਨਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਸ਼ਾਇਦ ਇਸੇ ਕਰ ਕੇ ਫਿਲਮ ਦੀ ਪ੍ਰਸ਼ੰਸਾ ਹੋਈ ਹੈ। ਅਜੇ ਭਾਵੇਂ ਫਿਲਮਾਂ ਵਿਚ ਗਾਇਕਾਂ ਨੂੰ ਹੀ ਹੀਰੋ ਬਣਾਉਣ ਦਾ ਰੁਝਾਨ ਹੈ, ਪਰ ਹੋ ਸਕਦਾ ਹੈ ਕਿ ਕਿਸੇ ਦਿਨ ਫਿਲਮਾਂ ਵਾਲਾ ਕੋਈ ਬੰਦਾ ਪੰਜਾਬੀ ਵਿਚ ਵੀ ‘ਮਾਂਝੀ’ ਜਾਂ ‘ਮਸਾਨ’ ਵਰਗੀ ਫਿਲਮ ਬਣਾਵੇ। ਚੰਗੀ ਗੱਲ ਇਹ ਵੀ ਹੈ ਕਿ ਚੰਗੀਆਂ ਪੰਜਾਬੀ ਫਿਲਮਾਂ ਬਣਨ/ਬਣਾਉਣ ਦੀ ਆਸ ਹੁਣ ਬਝ ਗਈ ਹੈ।
-ਕੇਵਲ ਸੀਂਹਮਾਰ, ਬਫਲੋ, ਨਿਊ ਯਾਰਕ।