ਸੈਨ ਹੋਜੇ (ਬਿਊਰੋ): ਉਤਰੀ ਅਮਰੀਕਾ ਦੇ ਸਭ ਤੋ ਵੱਡੇ ਤੇ ਸ਼ਾਨਦਾਰ ਗੁਰਦੁਆਰਾ ਸੈਨ ਹੋਜੇ ਦੀਆਂ 30 ਅਗਸਤ ਨੂੰ ਹੋਈਆਂ ਚੋਣਾਂ ਵਿਚ ਮੌਜੂਦਾ ਪ੍ਰਬੰਧਕ ਕਮੇਟੀ ਦੀ ਸਲੇਟ ਨੂੰ ਜਬਰਦਸਤ ਜਿੱਤ ਹਾਸਲ ਹੋਈ ਹੈ ਅਤੇ ਇਸ ਦੇ ਉਮੀਦਵਾਰ ਵਿਰੋਧੀ ਧਿਰ ਸੁਧਾਰ ਕਮੇਟੀ ਦੇ ਉਮੀਦਵਾਰਾਂ ਨੂੰ ਕਰੀਬ 1500 ਵੋਟਾਂ ਦੇ ਫਰਕ ਨਾਲ ਹਰਾਉਣ ਵਿਚ ਕਾਮਯਾਬ ਰਹੇ ਹਨ।
ਮੌਜੂਦਾ ਪ੍ਰਬੰਧਕ ਕਮੇਟੀ ਦੇ ਸਾਰੇ ਉਮੀਦਵਾਰ-ਹਰਦੇਵ ਸਿੰਘ ਤੱਖਰ, ਭੁਪਿੰਦਰ ਸਿੰਘ ਢਿੱਲੋ, ਪ੍ਰੀਤਮ ਸਿੰਘ ਗਰੇਵਾਲ, ਸੁਖਦੇਵ ਸਿੰਘ ਬੈਣੀਵਾਲ, ਰਾਜਿੰਦਰ ਸਿੰਘ ਮੰਗਰ, ਡਾ ਗੁਰਿੰਦਰਪਾਲ ਸਿੰਘ, ਸੁਰਜੀਤ ਸਿੰਘ ਬੈਂਸ, ਸਰਬਜੋਤ ਸਿੰਘ ਸਵੱਦੀ, ਕਿਰਪਾਲ ਸਿੰਘ ਅਟਵਾਲ, ਭਾਈ ਧਰਮ ਸਿੰਘ, ਬਲਬੀਰ ਸਿੰਘ ਬੈਂਸ, ਗੁਰਬਖਸ਼ ਸਿੰਘ ਢਿੱਲੋਂ, ਨਰਿੰਦਰਪਾਲ ਸਿੰਘ, ਸੋਹਣ ਸਿੰਘ ਧਨੋਤਾ, ਨੀਟੂ ਸਿੰਘ ਕਾਹਲੋਂ, ਨਰਿੰਦਰ ਕੌਰ ਮਹੇੜੂ, ਪ੍ਰਿਤਪਾਲ ਕੌਰ, ਡਾ ਬਲਬੀਰ ਸਿੰਘ ਬੈਂਸ, ਇਕਬਾਲਜੀਤ ਕੌਰ ਹੰਸਰਾ, ਗੁਰਪ੍ਰੀਤ ਸਿੰਘ ਸੇਠੀ ਅਤੇ ਬਹਾਦਰ ਸਿੰਘ ਦਿਉਲ ਜੇਤੂ ਰਹੇ ਹਨ। ਪ੍ਰਬੰਧਕ ਕਮੇਟੀ ਦੀਆਂ ਕੁਲ 21 ਸੀਟਾਂ ਵਿਚ ਦੋਹਾਂ ਧਿਰਾਂ ਨੇ 21-21 ਉਮੀਦਵਾਰ ਖੜੇ ਕੀਤੇ ਸਨ ਜਦੋਂ ਕਿ ਦੋ ਉਮੀਦਵਾਰ ਆਜਾਦ ਸਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਅਤੇ ਸਲੇਟ ਦੇ ਮੁੱਖੀ ਭੁਪਿੰਦਰ ਸਿੰਘ ਢਿੱਲੋਂ ਨੇ ਇਨ੍ਹਾਂ ਚੋਣਾਂ ਵਿਚ ਜਬਰਦਸਤ ਹੁੰਗਾਰੇ ਲਈ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਸੰਗਤਾਂ ਨੇ ਸੱਚ ਅਤੇ ਕੱਚ ਦਾ ਨਿਤਾਰਾ ਕਰਕੇ ਸਾਡੇ ਵੱਲੋਂ ਕੀਤੇ ਗਏ ਕੰਮਾਂ ‘ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਆਪਣੇ ਮੈਨੀਫੈਸਟੋ ਵਿਚ ਕੀਤੇ ਵਾਅਦੇ ਜ਼ਲਦੀ ਪੂਰੇ ਕਰਾਂਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਪੰਥ, ਗੁਰੂ ਗਰੰਥ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਤੇ ਪਹਿਲਾਂ ਵਾਂਗ ਹੀ ਹਰ ਪੰਥਕ ਕਾਰਜ਼ ਵਿਚ ਵੱਧ ਚੱੜ ਕੇ ਹਿੱਸਾ ਲੈਂਦੀ ਰਹੇਗੀ।
ਦੂਜੇ ਪਾਸੇ ਵਿਰੋਧੀ ਧਿਰ ਸੁਧਾਰ ਕਮੇਟੀ ਨੇ ਆਪਣੇ ਉਮੀਦਵਾਰਾਂ ਦੀ ਹਮਾਇਤ ਲਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਬੇਸ਼ਕ ਉਨ੍ਹਾਂ ਦੀ ਧਿਰ ਨੂੰ ਚੋਣਾਂ ਵਿਚ ਜਿੱਤ ਹਾਸਲ ਨਹੀਂ ਹੋਈ ਪਰ ਵੋਟ ਪਾ ਕੇ ਆਪਣੇ ਉਮੀਦਵਾਰ ਚੁਣਨ ਦਾ ਸੰਗਤ ਦਾ ਹੱਕ ਬਹਾਲ ਕਰਨ ਵਿਚ ਉਹ ਕਾਮਯਾਬ ਰਹੇ ਹਨ ਅਤੇ ਇਹੋ ਉਨ੍ਹਾਂ ਦੀ ਜਿੱਤ ਹੈ।