ਅੰਬਰਾਂ ਦੇ ਸੀਨੇ ਵਿਚ ਛੇਕ ਪਾਉਣ ਵਾਲਾ:ਅਸ਼ੋਕ ਟਾਂਗਰੀ

ਪੁਸਤਕਾਂ ਪੜ੍ਹਨਾ ਜਾਂ ਨਾਟਕ ਵੇਖਣੇ ਪੰਜਾਬੀਆਂ ਦੇ ਹਿੱਸੇ ਨਹੀਂ ਆਇਆ। ਅਮਰੀਕਾ ਵਿਚ ਤਾਂ ਗੱਲ ਹੀ ਹੋਰ ਹੈ ਜਿਥੇ ਆਪਣੇ ਨਿੱਤ ਦੇ ਧੰਦਿਆਂ ‘ਚੋਂ ਇਨ੍ਹਾਂ Ḕਫਜ਼ੂਲ ਦੇ ਕੰਮਾਂḔ ਲਈ ਸਮਾਂ ਹੀ ਨਹੀਂ ਲੱਗਦਾ। ਫਿਰ ਵੀ ਜੇ ਕਦੀ ਕੋਈ ਹਿੰਮਤੀ ਨਾਟਕ ਖੇਡਣ-ਖਿਡਾਉਣ ਦੀ ਗੱਲ ਕਰੇ ਤਾਂ ਇਹ ਅੱਲੋਕਾਰ ਹੀ ਆਖਿਆ ਜਾਵੇਗਾ ਪਰ ਇਹ ਅੱਲੋਕਾਰ ਅਸ਼ੋਕ ਟਾਂਗਰੀ ਨੇ ਕਰ ਵਿਖਾਇਆ ਹੈ ਜਿਸ ਨੇ ਨਾ ਸਿਰਫ ਨਾਟਕ ਖੇਡੇ ਤੇ ਖਿਡਾਏ ਹਨ ਸਗੋਂ ਲੋਕਾਂ ਨੂੰ ਨਾਟਕ ਦੇਖਣ ਦੀ ਚੇਟਕ ਵੀ ਲਾਈ ਹੈ।

ਇਸ ਤੋਂ ਵੀ ਅੱਗੇ ਜਾ ਕੇ ਉਸ ਨੇ ਇਕ ਅਦਾਕਾਰ, ਨਿਰਦੇਸ਼ਕ ਤੇ ਨਿਰਮਾਤਾ ਵਜੋਂ ਫਿਲਮਾਂ ਵੀ ਬਣਾਈਆਂ ਹਨ। ਇਸ ਲੇਖ ਵਿਚ ਸਾਡੇ ਸਹਿਯੋਗੀ ਜਸਵੰਤ ਸਿੰਘ ਸ਼ਾਦ ਨੇ ਅਸ਼ੋਕ ਟਾਂਗਰੀ ਦੇ ਸਿਰੜ ਤੇ ਸਿਦਕ ਦਾ ਵਿਖਿਆਨ ਕੀਤਾ ਹੈ। -ਸੰਪਾਦਕ

ਜਸਵੰਤ ਸਿੰਘ ਸ਼ਾਦ
ਫੋਨ: 209-992-7185

‘ਮੇਲਾ’ ਵਰਗੀ ਕਾਮਯਾਬ ਫਿਲਮ ਦੇ ਨਿਰਮਾਣ ਨਾਲ ਨਾਮਣਾ ਖੱਟ ਚੁੱਕਾ ਨਿਰਮਾਤਾ, ਅਦਾਕਾਰ ਤੇ ਨਿਰਦੇਸ਼ਕ ਅਸ਼ੋਕ ਟਾਂਗਰੀ ਅੱਜ ਕਲ ਫਿਰ ਚਰਚਾ ਵਿਚ ਹੈ। ਸੈਨ ਹੋਜ਼ੇ ਵਿਚ ਲੰਘੇ ਅਗਸਤ ਮਹੀਨੇ ਹੋਏ 21ਵੇਂ ਕੌਮਾਂਤਰੀ ਫਿਲਮ ਮੇਲੇ ‘ਫੈਸਟੀਵਲ ਆਫ਼ ਗਲੋਬ’ ਵਿਚ ਉਸ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਧੀਆਂ ਮਰਜਾਣੀਆਂ’ ਨੂੰ ਉਤਮ ਫਿਲਮ ਦਾ ਐਵਾਰਡ ਹਾਸਲ ਹੋਇਆ ਹੈ।
ਰੇਅ ਵਾਲੀਆ ਵਲੋਂ ਬਣਾਈ ਗਈ ਇਸ ਫਿਲਮ ਲਈ ਮੁਕਾਬਲਾ ਜਿੱਤਣਾ ਇਨਾ ਸੌਖਾ ਨਹੀਂ ਸੀ। 70 ਭਾਸ਼ਾਵਾਂ ਵਿਚ ਬਣੀਆਂ 200 ਤੋਂ ਵੱਧ ਫਿਲਮਾਂ ਨੇ ਇਸ ਮੇਲੇ ਵਿਚ ਹਿੱਸਾ ਲਿਆ ਪਰ ‘ਬੈਸਟ ਫਿਲਮ’ ਦਾ ਐਵਾਰਡ ਪਿਆ ‘ਧੀਆਂ ਮਰਜਾਣੀਆਂ’ ਦੀ ਝੋਲੀ ਵਿਚ। ਬੇਸ਼ੱਕ ਇਸ ਦਾ ਸਿਹਰਾ ਸਾਰੀ ਟੀਮ ਨੂੰ ਜਾਂਦਾ ਹੈ ਪਰ ਫਿਲਮ ਦਾ ਨਿਰਦੇਸ਼ਨ ਇਸ ਦੀ ਕਾਮਯਾਬੀ ਵਿਚ ਅਹਿਮ ਰੋਲ ਅਦਾ ਕਰਦਾ ਹੈ। ਦਰਅਸਲ ਇਹ ਕਹਾਣੀ ਫਿਲਮ ਬਣਨ ਤੋਂ ਪਹਿਲਾਂ ਨਾਟਕ ਸੀ। ਅਜਮੇਰ ਔਲਖ ਦੇ ਲਿਖੇ ਨਾਟਕ ‘ਨਿਓਂ ਜੜ੍ਹ’ ਉਤੇ ਆਧਾਰਿਤ ਇਸ ਫਿਲਮ ਦੇ ਡਾਇਲਾਗ ਉਘੇ ਰੰਗ ਕਰਮੀ ਤੇ ਨਿਰਦੇਸ਼ਕ ਦਵਿੰਦਰ ਦਮਨ ਨੇ ਲਿਖੇ ਹਨ। ਇਸੇ ਕਹਾਣੀ ‘ਤੇ ਆਧਾਰਿਤ ਨਾਟਕ ‘ਧੀਆਂ ਮਰਜਾਣੀਆਂ’ ਅਸ਼ੋਕ ਟਾਂਗਰੀ ਦੇ ਨਿਰਦੇਸ਼ਨ ਹੇਠ ਕੈਨੇਡਾ ਤੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਇਸੇ ਹੀ ਫਿਲਮੀ ਟੀਮ ਵਲੋਂ ਦਰਜਨਾਂ ਵਾਰ ਖੇਡਿਆ ਜਾ ਚੁਕਾ ਹੈ।
ਲੰਮੇ ਅਭਿਆਸ ਰਾਹੀਂ ਪਾਤਰਾਂ ਨਾਲ ਇੱਕਮਿੱਕ ਹੋਏ ਕਲਾਕਾਰਾਂ ਨੇ ਸਟੇਜ ਵਾਂਗ ਹੀ ਪਾਤਰਾਂ ਨੂੰ ਫਿਲਮੀ ਪਰਦੇ ‘ਤੇ ਵੀ ਸਜੀਵ ਕਰ ਵਿਖਾਇਆ ਹੈ। ਸ਼ਾਇਦ ਇਹ ਪਹਿਲੀ ਪੰਜਾਬੀ ਫਿਲਮ ਹੈ ਜੋ ਪੂਰੀ ਦੀ ਪੂਰੀ ਹਾਲੀਵੁੱਡ ਵਿਚ ਬਣੀ ਹੈ। ‘ਕਿਸਮਤਵਾਦੀ ਰਹਿ ਜਾਂਦੇ ਨੇ, ਹਿੰਮਤਾਂ ਵਾਲੇ ਲੈ ਜਾਂਦੇ ਨੇ’, ਇਹ ਗੱਲ ਅਸ਼ੋਕ ਟਾਂਗਰੀ ‘ਤੇ ਪੂਰੀ ਤਰ੍ਹਾਂ ਢੁੱਕਦੀ ਐ। ਸਾਰੀ ਉਮਰ ਰੰਗ ਮੰਚ ਨਾਲ ਜੁੜਿਆ ਰਿਹਾ ਅਸ਼ੋਕ ਟਾਂਗਰੀ ਅੱਜ ਵੀ ਉਨਾ ਹੀ ਤਰੋ ਤਾਜ਼ਾ ਹੈ ਜਿੰਨਾ ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਸੀ। ਉਦੋਂ, ਜਦੋਂ ਉਹ ਸਰਦਾਰ ਸੋਹੀ, ਨੀਨਾ ਟਿਵਾਣਾ, ਗਿਰਜਾ ਸ਼ੰਕਰ ਤੇ ਨਿਰਮਲ ਰਿਸ਼ੀ ਵਰਗੇ ਕਲਾਕਾਰਾਂ ਨਾਲ ਪੰਜਾਬੀ ਰੰਗ ਮੰਚ ਦੇ ਪਿਤਾਮਾ ਕਹੇ ਜਾਂਦੇ ਧਨੰਤਰ ਐਕਟਰ ਤੇ ਡਾਇਰੈਕਟਰ ਹਰਪਾਲ ਟਿਵਾਣਾ ਦੇ ਨਿਰਦੇਸ਼ਨ ‘ਚ ਨਾਟਕ ਖੇਡਦਾ ਹੁੰਦਾ ਸੀ। ਪੰਜਾਬ ਕਲਾ ਮੰਚ ਦੇ ਹਰਪਾਲ ਟਿਵਾਣਾ ਨੇ ਪੰਜ ਸਾਲ ਉਹਨੂੰ ਮਿਹਨਤ ਦੀ ਭੱਠੀ ‘ਚ ਪਾ ਕੇ ਕੁੰਦਨ ਬਣਾ ਦਿੱਤਾ।
ਫਿਲਮ ‘ਲੌਂਗ ਦਾ ਲਿਸ਼ਕਾਰਾ’ ਵਿਚਲਾ ਹਾਕਮ ਡਾਕੀਏ ਵਾਲਾ ਰੋਲ ਸਭ ਨੂੰ ਯਾਦ ਐ। ‘ਲੌਂਗ ਦਾ ਲਿਸ਼ਕਾਰਾ’, ‘ਮੇਲਾ’ ਤੇ ‘ਬਾਗੀ’ ਫਿਲਮਾਂ ‘ਚ ਟਾਂਗਰੀ ਨੇ ਓਮ ਪੁਰੀ, ਗਿਰਜਾ ਸ਼ੰਕਰ ਤੇ ਰਾਜ ਬੱਬਰ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ ਅਤੇ ‘ਮੇਲਾ’ ਵਰਗੀ ਕਾਮਯਾਬ ਫਿਲਮ ਬਣਾਈ।
ਕਈ ਟੈਲੀ ਫਿਲਮਾਂ ਤੇ ਸੈਂਕੜੇ ਸਟੇਜ ਸ਼ੋਅ ਕਰ ਚੁੱਕਾ ਅਸ਼ੋਕ ਟਾਂਗਰੀ ਸਟੇਜੀ ਐਕਟਰ ਹੀ ਨਹੀਂ, ਕਮਾਲ ਦਾ ਨਿਰਦੇਸ਼ਕ ਵੀ ਹੈ। ਸਾਰੀ ਉਮਰ ਉਹਨੇ ਮਸਤ ਮਲੰਗੀ ਵਿਚ ਕੱਟੀ ਐ, ਤੇ ਖੱਟੀ ਹੈ ਸਿਰਫ ਸ਼ੋਹਰਤ ਤੇ ਲੋਕਾਂ ਦਾ ਪਿਆਰ, ਇੱਜ਼ਤ ਤੇ ਮਾਣ। ਅਮਰੀਕਾ ਦੀ ਧਰਤੀ ਤੇ ਪੰਜਾਬੀ ਨਾਟਕਾਂ ਦੀ ਨੀਂਹ ਰੱਖਣ ਵਾਲਾ ਵੀ ਉਹੀ ਐ ਤੇ ਉਚੇ ਮੀਨਾਰ ਖੜੇ ਕਰਨ ਵਾਲਾ ਵੀ।
ਟਾਂਗਰੀ ਦਾ ਨਾਟਕ ਹੋਵੇ ਤੇ ਲੋਕਾਂ ਨੂੰ ਉਡੀਕ ਨਾ ਹੋਵੇ, ਕਦੇ ਨਹੀਂ ਹੋਇਆ। ਨਾਟਕ ਤੇ ਟਾਂਗਰੀ ਨੂੰ ਵੱਖ ਵੱਖ ਕਰਕੇ ਵੇਖਿਆ ਈ ਨਹੀਂ ਜਾ ਸਕਦਾ। ਜੀਣ ਲਈ ਉਹਨੂੰ ਦੋ ਈ ਚੀਜ਼ਾਂ ਚਾਹੀਦੀਆਂ ਨੇ ਰੋਟੀ ਤੇ ਨਾਟਕ। ਰੋਟੀ ਵਾਲਾ ਕੰਮ ਉਹਦੇ ਵੱਸ ‘ਚ ਨਹੀਂ, ਨਹੀਂ ਤੇ ਉਹ ਨਾਟਕ ‘ਤੇ ਈ ਜਿਉਂਦਾ ਰਹਿ ਸਕਦਾ ਹੈ। ਜ਼ਿੰਦਗੀ ਦੇ ਵਹਿਣਾਂ ਨੇ ਜਦੋਂ ਉਹਨੂੰ ਅਮਰੀਕਾ ਦੀ ਧਰਤੀ ‘ਤੇ ਲਿਆ ਸੁੱਟਿਆ ਤਾਂ ਨਾਟਕ ਵਿਹੂਣੀ ਜ਼ਿੰਦਗੀ ‘ਚ ਉਹਦਾ ਦਮ ਘੁੱਟਦਾ। ਹੌਲੀ ਹੌਲੀ ਕੁਝ ਸੱਜਣਾਂ ਦੇ ਸਾਥ ਨਾਲ ਉਹ ਨਾਟਕ ਵੱਲ ਵਧਿਆ ਤੇ ਮੁੜ ਪੈਰਾਂ ‘ਤੇ ਆ ਗਿਆ। ਅਮਰੀਕਾ ਦੀ ਦੌੜ ਭੱਜ ਵਾਲੀ ਜ਼ਿੰਦਗੀ ਜੀਅ ਰਹੀ ਭੀੜ ਵਿਚੋਂ ਉਹਨੇ ਕੁਝ ਚਿਹਰਿਆਂ ਪਿੱਛੇ ਲੁਕੇ ਕਲਾਕਾਰਾਂ ਨੂੰ ਪਛਾਣਿਆਂ ਤੇ ਪਾਤਰਾਂ ਦੇ ਰੂਪ ‘ਚ ਐਸਾ ਘੜਿਆ ਕਿ ਲੋਕ ਅਸ਼ ਅਸ਼ ਕਰ ਉਠੇ।
ਵਿੰਗੇ ਟੇਢੇ ਪੱਥਰਾਂ ਨੂੰ ਤਰਾਸ਼ ਕੇ ਖੂਬਸੂਰਤ ਮੂਰਤੀਆਂ ਘੜਨ ਦਾ ਵਲ ਉਹਨੂੰ ਖੂਬ ਆਉਂਦੈ। ਜਿਹਨੂੰ ਤੁਰਨਾ ਨਹੀਂ ਆਉਂਦਾ, ਉਸ ਨੂੰ ਉਹ ਦੌੜਨ ਲਾ ਦਿੰਦੈ ਤੇ ਜਿਸ ਨੂੰ ਪੈਰ ਟਿਕਾਉਣਾ ਨਹੀਂ ਆਉਂਦਾ, ਉਹਨੂੰ ਉਹ ਨੱਚਣ ਲਾ ਦਿੰਦੈ। ਪਿਛਲੇ ਅੱਠਾਂ ਸਾਲਾਂ ‘ਚ ਅੱਧੀ ਦਰਜਨ ਤੋਂ ਵੱਧ ਨਾਟਕਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ ਪਰ ‘ਧੀਆਂ ਮਰਜਾਣੀਆਂ’ ਉਹਦੀ ਸ਼ਾਹਕਾਰ ਪ੍ਰਾਪਤੀ ਹੈ। ‘ਬੋਲ ਸ਼ਰੀਕਾਂ ਦੇ’ ਅਤੇ ਭਗਤ ਸਿੰਘ ਬਾਰੇ ਨਾਟਕ ‘ਛਿਪਣ ਤੋਂ ਪਹਿਲਾਂ’ ਨੂੰ ਵੀ ਦਰਸ਼ਕਾਂ ਨੇ ਬਹੁਤ ਸਲਾਹਿਆ ਹੈ। ਐਕਟਿੰਗ ਸਿੱਖਣ ਲਈ ਭਾਵੇਂ ਉਹਨੂੰ ਕੋਈ ਅੱਧੀ ਰਾਤ ਨੂੰ ਜਗਾ ਲਵੇ। ਇੱਕੋ ਸਮੇਂ ਦਸ ਦਸ ਕਲਾਕਾਰਾਂ ਨੂੰ ਵੱਖ ਵੱਖ ਪਾਤਰਾਂ ਦੇ ਕਿਰਦਾਰ ਸਮਝਾਉਂਦਾ ਉਹ ਕੋਈ ਛਲੇਡਾ ਜਾਪਦੈ। ਇੱਕ ਪਲ ਉਹ ਦਸ ਸਾਲ ਦੀ ਬੱਚੀ ਨੂੰ ਆਪਣੀ ਮਾਂ ਨਾਲ ਸੁਪਨੇ ਵਿਚ ਗੱਲ ਕਰਨੀ ਸਿਖਾਉਂਦੈ ਤੇ ਅਗਲੇ ਹੀ ਪਲ ਇੱਕ ਮਾੜੀ ਔਲਾਦ ਹੱਥੋਂ ਬੇਬੱਸ ਪਿਓ ਦੀ ਬੇਬਸੀ ਜ਼ਾਹਿਰ ਕਰਕੇ ਸਾਹਮਣੇ ਬੈਠੇ ਬੰਦਿਆਂ ਨੂੰ ਰੋਣ ਲਾ ਦਿੰਦੈ। ਇੱਕੋ ਵੇਲੇ ਕੁਪੱਤੀ ਸੱਸ, ਦੁਖੀ ਨੂੰਹ ਅਤੇ ਵਿਗੜੇ ਪੁੱਤ ਦੇ ਪਾਤਰ ਰੂਪਮਾਨ ਕਰਦਿਆਂ ਉਸ ਨੂੰ ਮੈਂ ਕਈ ਵਾਰ ਦੇਖਿਆ ਹੈ। ਇਧਰੋਂ ਉਧਰ ਤੇ ਉਧਰੋਂ ਇਧਰ ਘੰਟਿਆਂ ਬੱਧੀ ਭੱਜਾ ਫਿਰਦਾ ਉਹ ਨਾ ਤਾਂ ਅੱਕਦਾ ਹੈ ਤੇ ਨਾ ਹੀ ਥੱਕਦਾ।
ਨਾਟਕ ਦੇ ਦਸ, ਬਾਰਾਂ ਜਾਂ ਪੰਦਰਾਂ ਕਲਾਕਾਰ ਆਪੋ ਆਪਣੇ ਰੋਲ ਦਾ ਸਮੇਂ ਅਨੁਸਾਰ ਅਭਿਆਸ ਕਰਨ ਲਈ ਆਉਂਦੇ ਤੇ ਚਲੇ ਜਾਂਦੇ ਹਨ ਪਰ ਜੀਨ ਦੀ ਪੈਂਟ ਤੇ ਅੱਡੀ ਵਾਲੇ ਬੂਟ ਪਾਈ ਟਾਂਗਰੀ ਮੰਚ ‘ਤੇ ਸਾਰਾ ਸਾਰਾ ਦਿਨ ਬੂਟਾਂ ਦੀ ਠੱਕ ਠੱਕ ਲਾਈ ਰਖਦਾ ਹੈ। ਸਭ ਤੋਂ ਪਹਿਲਾਂ ਉਹ ਨਵੇਂ ਬੰਦੇ ਨੂੰ ਸਟੇਜ ‘ਤੇ ਤੁਰਨਾ ਸਿਖਾਉਂਦਾ ਹੈæ’ਇੱਦਾਂ ਨਹੀਂ, ਇੱਦਾਂæææ(ਤੁਰਕੇ ਦਿਖਾਉਂਦਾ ਹੈ) ਸਿਰ ਸਿਧਾ ਕਰਕੇæææਛਾਤੀ ਤਾਣ ਕੇ ਇੱਕ ਰਿਦਮ ‘ਚ ਤੁਰੀਦਾ ਹੈ’ ਉਹ ਦੱਸਦਾ ਹੈ। ਫਿਰ ਦੂਜੇ ਸਾਥੀ ਕਲਾਕਾਰ ਕੋਲ ਜਾਣ ਲਈ ਟੇਢੀ ਚਾਲ ਸਿਖਾਉਂਦਾ ਹੈ ਤੇ ਫਿਰæææਸਮਝੋ ਅਗਲਾ ਚੜ੍ਹ ਗਿਆ ਪਟੇ ‘ਤੇ। ਆਪਣੇ ਕਲਾਕਾਰ ਦੀ ਤਾਰੀਫ਼ ਕੰਜੂਸੀ ਨਾਲ ਕਰਨਾ ਉਹਦੀ ਆਦਤ ਹੈ। ਜਾਂ ਇਓਂ ਕਹਿ ਲਓ ਕਿ ਕਲਾਕਾਰ ਨੂੰ ਬਿਨਾ ਵਜ੍ਹਾ ਸੱਤਵੇਂ ਅਸਮਾਨ ‘ਤੇ ਚੜ੍ਹਾਉਣਾ ਉਹਦਾ ਸੁਭਾਅ ਨਹੀਂ। ਕਲਾਕਾਰ ਉਹਦੇ ਮੂਹੋਂ ਆਪਣੀ ਤਾਰੀਫ਼ ਸੁਣਨ ਨੂੰ ਤਰਸਦੇ ਰਹਿੰਦੇ ਨੇ। ਅਭਿਆਸ ਵੇਲੇ ਮੰਚ ਉਤੇ ਕਿਸੇ ਕਲਾਕਾਰ ਦੀ ਲਾਹ ਪਾਹ ਉਹਨੇ ਕਦੇ ਨਹੀਂ ਕੀਤੀ। ਪਰ ਉਹਦੀ ਮੌਜੂਦਗੀ ਸਭ ਨੂੰ ਚੌਕੰਨੇ ਕਰੀ ਰਖਦੀ ਐ। ਕਰੈਡਿਟ ਲੈਣ ਤੇ ਇਨਾਮਾਂ-ਸ਼ਨਾਮਾਂ ਵਾਲੀ ਸਿਆਸਤ ਉਹਦੀ ਸਮਝ ਤੋਂ ਪਰ੍ਹੇ ਹੈ।
ਪੰਜਾਬੀ ਨਾਟਕਾਂ ਤੋਂ ਇਲਾਵਾ ਹਾਲੀਵੁੱਡ ਫਿਲਮਾਂ ‘ਚ ਸਹਿਯੋਗੀ ਭੂਮਿਕਾਵਾਂ ਵਿਚ ਵੀ ਉਹ ਅਕਸਰ ਆਪਣੀ ਹਾਜਰੀ ਲਵਾਉਂਦਾ ਰਹਿੰਦਾ ਹੈ। ਹਾਲੀਵੁੱਡ ਦੀਆਂ ‘ਫਾਰ ਹੇਅਰ ਓਰ ਟੂ ਗੋ’, ਮੈਪਲ ਹਾਰਟ, ਐਲ ਏ ਟੂ ਲਾਸ ਵੇਗਸ, ਮੇਰਾ ਵਤਨ ਵਰਗੀਆਂ ਫਿਲਮਾਂ ਵਿਚ ਉਹ ਕੰਮ ਕਰ ਚੁੱਕਾ ਹੈ।
2014 ਵਿਚ ਇੰਟਰਨੈਸ਼ਨਲ ਫਿਲਮ ਮੇਲੇ ‘ਫੈਸਟੀਵਲ ਆਫ਼ ਗਲੋਬ’ ਵਾਲਿਆਂ ਨੇ ਉਹਨੂੰ ਸਿਲੀਕੋਨ ਵੈਲੀ ਦੇ ਬੈਸਟ ਐਕਟਰ, ਡਾਇਰੈਕਟਰ ਦਾ ਅਵਾਰਡ ਦਿੱਤਾ ਸੀ। ਹੁਣ ਇਸੇ ਹੀ ਸੰਸਥਾ ਵਲੋਂ ਆਪਣੀ ਫਿਲਮ ‘ਧੀਆਂ ਮਰਜਾਣੀਆਂ’ ਨੂੰ ਮਿਲੇ ਬੈਸਟ ਫਿਲਮ ਦੇ ਅਵਾਰਡ ਨਾਲ ਉਹ ਬਾਗੋ ਬਾਗ ਹੈ, ਤੇ ਆਪਣੀ ਨਵੀਂ ਫਿਲਮ ਦੇ ਪ੍ਰਾਜੈਕਟ ਵਿਚ ਲੀਨ ਹੈ।