ਸੰਤ ਅਤੇ ਸਮਝੌਤੇ ਦੇ ਬਹਾਨੇ ਲੋਕਾਂ ਦੇ ਜਜ਼ਬਾਤ ਨਾਲ ਖਿਲਵਾੜ

-ਜਤਿੰਦਰ ਪਨੂੰ
ਲੰਘੀ ਵੀਹ ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਈ ਗਈ ਸੀ। ਉਥੇ ਆਏ ਲੀਡਰਾਂ ਨੇ ਜੋ ਤਕਰੀਰਾਂ ਕੀਤੀਆਂ, ਉਨ੍ਹਾਂ ਵਿਚ ਇਹ ਸੁਰ ਭਾਰੂ ਸੀ ਕਿ ਸੰਤ ਦੇ ਨਾਲ ਸਮਝੌਤਾ ਕਰਨ ਵੇਲੇ ਉਦੋਂ ਦੀ ਕਾਂਗਰਸ ਲੀਡਰਸ਼ਿਪ ਨੇ ਉਸ ਨਾਲ ਧੋਖਾ ਕੀਤਾ ਸੀ। ਤਾੜੀਆਂ ਵਜਾਉਣ ਵਾਸਤੇ ਅੱਜ-ਕੱਲ੍ਹ ਨਰਿੰਦਰ ਮੋਦੀ ਵਾਲਾ ਫਾਰਮੂਲਾ ਸਭ ਤੋਂ ਫਿੱਟ ਹੈ। ਮਰਜ਼ੀ ਦੇ ਬੰਦੇ ਅੱਗੇ ਬਿਠਾਏ ਜਾਂਦੇ ਹਨ।

ਉਨ੍ਹਾਂ ਦੀ ਸਿਰਫ ਇੱਕੋ ਜ਼ਿਮੇਵਾਰੀ ਹੁੰਦੀ ਹੈ ਕਿ ਹਰ ਗੱਲ ਉਤੇ ਤਾੜੀ ਮਾਰੀ ਜਾਣ। ਅਕਾਲੀ ਆਗੂਆਂ ਦੀ ਸਟੇਜ ਅੱਗੇ ਬੈਠੇ ਲੋਕਾਂ ਕੋਲ ਤਾੜੀਆਂ ਮਾਰਨ ਦੀ ਥਾਂ ਜੈਕਾਰੇ ਛੱਡਣ ਦਾ ਕੰਮ ਹੁੰਦਾ ਹੈ। ਉਹ ਕਈ ਵਾਰੀ ਉਦੋਂ ਵੀ ਜੈਕਾਰਾ ਲਾ ਦਿੰਦੇ ਹਨ, ਜਦੋਂ ਕੋਈ ਮੱਤਭੇਦਾਂ ਦੀ ਚਰਚਾ ਕਰ ਕੇ ਸ਼ਰਮ ਵਾਲੀ ਗੱਲ ਹੋ ਰਹੀ ਹੋਵੇ। ਇਸ ਗੱਲ ਨੂੰ ਕੋਈ ਨਹੀਂ ਗੌਲਦਾ। ਲੌਂਗੋਵਾਲ ਦੀ ਇਸ ਵਾਰ ਦੀ ਕਾਨਫਰੰਸ ਵਿਚ ਵੀ ਇਹੋ ਕੁਝ ਹੁੰਦਾ ਰਿਹਾ। ਹਰ ਵਾਰੀ ਇਹੋ ਹੁੰਦਾ ਹੋਣ ਕਰ ਕੇ ਕੋਈ ਫਰਕ ਨਹੀਂ ਪੈਂਦਾ।
ਫਰਕ ਇਸ ਗੱਲ ਤੋਂ ਪੈਂਦਾ ਹੈ ਕਿ ਇਸ ਮੌਕੇ ਹਕੀਕਤਾਂ ਨੂੰ ਸਿਆਸੀ ਝੂਠ ਦੀ ਕਾਵਾਂ-ਰੌਲੀ ਹੇਠ ਦੱਬ ਦਿੱਤਾ ਜਾਂਦਾ ਹੈ। ਸੰਤ ਲੌਂਗੋਵਾਲ ਨੂੰ ਰਾਜਨੀਤੀ ਵਿਚ ਜਿਨ੍ਹਾਂ ਨੇ ਲਿਆਂਦਾ ਸੀ, ਸਾਲਾਂ-ਬੱਧੀ ਸੱਚਾ-ਸੁੱਚਾ ਆਖਿਆ ਅਤੇ ਆਪ ਵਡਿਆਇਆ ਸੀ, ਉਸ ਦੇ ਅੰਤਲੇ ਦਿਨਾਂ ਵਿਚ ਉਹੋ ਲੋਕ ਉਸ ਨੂੰ ਗੱਦਾਰ ਕਹਿੰਦੇ ਰਹੇ ਸਨ। ਅੱਜ ਵਾਲੇ ਅਕਾਲੀਆਂ ਲਈ ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਸ਼ਹੀਦ ਹੈ ਤੇ ਜਿਸ ਨੇ ਸੰਤ ਦਾ ਕਤਲ ਕੀਤਾ ਤੇ ਫਿਰ ਪੁਲਿਸ ਮੁਕਾਬਲੇ ਦਾ ਸ਼ਿਕਾਰ ਹੋ ਗਿਆ, ਉਹ ਵੀ ਸ਼ਹੀਦ ਹੈ। ਸਮਝੌਤੇ ਨੂੰ ਧੋਖਾ ਕਿਹਾ ਜਾ ਰਿਹਾ ਹੈ ਤੇ ਇਹ ਗੱਲ ਉਹ ਆਗੂ ਕਹਿੰਦੇ ਹਨ, ਜਿਨ੍ਹਾਂ ਨੇ ਸੰਤ ਦੇ ਸ਼ਰਧਾਂਜਲੀ ਸਮਾਗਮ ਮੌਕੇ ਇਹ ਲਿਖ ਕੇ ਦਿੱਤਾ ਸੀ ਕਿ ਅਸੀਂ ਸਮਝੌਤੇ ਦੀ ਹਮਾਇਤ ਕਰਦੇ ਹਾਂ। ਉਦੋਂ ਅਕਾਲੀ ਦਲ ਦੀ ਟਿਕਟ ਉਤੇ ਚੋਣ ਲੜਨ ਵਾਸਤੇ ਇਹ ਸ਼ਰਤ ਹੁਣ ਵਾਲੇ ਸਾਰੇ ਵੱਡੇ ਅਕਾਲੀ ਲੀਡਰਾਂ ਨੇ ਮੰਨ ਲਈ ਸੀ। ਬਾਅਦ ਵਿਚ ਉਹ ਰਾਜੀਵ-ਲੌਂਗੋਵਾਲ ਸਮਝੌਤੇ ਦੇ ਵਿਰੋਧੀ ਹੋ ਗਏ।
ਸੰਤ ਜਾਂ ਸਮਝੌਤਾ ਗਲਤ ਨਹੀਂ ਸੀ। ਅਸਲ ਵਿਚ ਬੰਦੂਕਾਂ ਵਾਲੀ ਧਿਰ ਤੋਂ ਓਹਲਾ ਰੱਖ ਕੇ ਸਮਝੌਤਾ ਕੀਤੇ ਜਾਣ ਨਾਲ ਕੁਝ ਲੋਕਾਂ ਨੂੰ ਜਾਨ ਦਾ ਖਤਰਾ ਜਾਪਦਾ ਸੀ ਤੇ ਦਿਲੋਂ ਸਹਿਮਤ ਹੁੰਦੇ ਹੋਏ ਵੀ ਇਸ ਦਾ ਵਿਰੋਧ ਉਹ ਇਸ ਲਈ ਕਰ ਰਹੇ ਸਨ ਕਿ ਮਰਨਾ ਪਵੇ ਤਾਂ ਕੋਈ ਦੂਸਰਾ ਮਰ ਜਾਵੇ, ਸਾਡੀ ਜਾਨ ਬਚੀ ਰਹੇ। ਸਮਝੌਤਾ ਕਰਨ ਵੇਲੇ ਵੱਡੇ ਅਕਾਲੀ ਆਗੂ ਉਦੋਂ ਵੀ ਏਦਾਂ ਹੀ ਆਪੋ ਵਿਚ ਪਾਟੇ ਹੋਏ ਸਨ, ਜਿਵੇਂ ਅੱਜ ਹਨ।
ਇਸ ਵਾਰ ਜਦੋਂ ਸੰਤ ਲੌਂਗੋਵਾਲ ਦੀ ਬਰਸੀ ਮਨਾਉਣੀ ਸੀ, ਅਕਾਲੀ ਦਲ ਦੇ ਤਿੰਨ ਲੀਡਰਾਂ ਤੋਂ ਉਸ ਸਮਝੌਤੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਤਿੰਨਾਂ ਦੀ ਬੋਲੀ ਵੱਖੋ-ਵੱਖ ਸੀ। ਸੁਖਦੇਵ ਸਿੰਘ ਢੀਂਡਸਾ ਉਦੋਂ ਤੋਂ ਬਾਦਲ ਧੜੇ ਵਿਚ ਹੋਣ ਕਰ ਕੇ ਇਸ ਸਮਝੌਤੇ ਨੂੰ ਧੋਖਾ ਕਹਿੰਦਾ ਰਿਹਾ। ਬਲਵੰਤ ਸਿੰਘ ਰਾਮੂਵਾਲੀਆ ਉਦੋਂ ਸਮਝੌਤਾ ਕਰਨ ਵਾਲਿਆਂ ਨਾਲ ਹੋਣ ਕਾਰਨ ਸਮਝੌਤੇ ਨੂੰ ਠੀਕ ਆਖਦਾ ਰਿਹਾ। ਤੀਸਰਾ ਆਗੂ ਪਾਰਲੀਮੈਂਟ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਇਸ ਦੇ ਨਾਲ ਵੀ ਨਹੀਂ ਖੜਾ ਤੇ ਇਸ ਦਾ ਵਿਰੋਧ ਵੀ ਨਹੀਂ ਕਰਦਾ, ਹਮੇਸ਼ਾ ਵਾਂਗ ਵਿਚ-ਵਿਚਾਲੇ ਦੀ ਗੱਲ ਕਰਦਾ ਰਿਹਾ। ਅਕਾਲੀ ਦਲ ਦੇ ਸਰਪ੍ਰਸਤ ਵੱਡੇ ਬਾਦਲ ਨੂੰ ਏਦਾਂ ਦੇ ਮੌਕੇ ਗੱਲ ਟਾਲਣ ਦੀ ਉਂਜ ਹੀ ਬੜੀ ਜਾਚ ਹੈ।
ਸਮਝੌਤੇ ਦਾ ਪਿਛੋਕੜ ਫੋਲਣ ਦੀ ਲੋੜ ਨਹੀਂ, ਸਗੋਂ ਇਹ ਵੇਖਣ ਦੀ ਲੋੜ ਹੈ ਕਿ ਇਸ ਤੋਂ ਬਾਅਦ ਦਾ ਘਟਨਾਕ੍ਰਮ ਕੀ ਹੈ? ਕਾਂਗਰਸ ਪਾਰਟੀ ਵਿਚ ਇਸ ਦਾ ਵੱਡਾ ਵਿਰੋਧੀ ਹਰਿਆਣੇ ਦਾ ਕਾਂਗਰਸੀ ਮੁੱਖ ਮੰਤਰੀ ਚੌਧਰੀ ਭਜਨ ਲਾਲ ਹੁੰਦਾ ਸੀ ਤੇ ਉਸ ਨੂੰ ਰਾਜੀਵ ਗਾਂਧੀ ਦੀ ਘੂਰੀ ਨੇ ਨਾ ਸਿਰਫ ਚੁੱਪ ਕਰਵਾ ਦਿੱਤਾ ਸੀ, ਸਗੋਂ ਦਿਲੋਂ ਵਿਰੋਧ ਕਰਦੇ ਹੋਏ ਵੀ ਉਸ ਸ਼ਾਮ ਨੂੰ ਉਹ ਲੱਡੂ ਵੰਡਦਾ ਫਿਰਦਾ ਸੀ। ਵਿਰੋਧੀ ਸੁਰਾਂ ਓਸੇ ਸ਼ਾਮ ਦੋਂਹ ਪਾਸਿਆਂ ਤੋਂ ਪੂਰੇ ਤਾਲਮੇਲ ਦਾ ਪ੍ਰਭਾਵ ਦਿੰਦੀਆਂ ਨਿਕਲੀਆਂ ਸਨ। ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਸ ਸਮਝੌਤੇ ਦਾ ਵਿਰੋਧ ਕੀਤਾ ਤੇ ਹਰਿਆਣੇ ਵਿਚੋਂ ਪ੍ਰਕਾਸ਼ ਸਿੰਘ ਬਾਦਲ ਦੇ ਵੱਡੇ ਭਰਾ ਮੰਨੇ ਜਾਂਦੇ ਰਹੇ ਤਾਊ ਦੇਵੀ ਲਾਲ ਨੇ ਇਸ ਦਾ ਵਿਰੋਧ ਕਰ ਦਿੱਤਾ ਸੀ। ਦੋਵਾਂ ਨੇ ਇਸ ਸਮਝੌਤੇ ਨੂੰ ਆਪੋ ਆਪਣੇ ਰਾਜ ਦਾ ਨੁਕਸਾਨ ਕਰਨ ਵਾਲਾ ਆਖ ਕੇ ਗੱਦਾਰੀ ਦਾ ਫਤਵਾ ਦੇ ਦਿੱਤਾ। ਜਿਹੜਾ ਗੱਦਾਰੀ ਦਾ ਫਤਵਾ ਇਨ੍ਹਾਂ ਲੀਡਰਾਂ ਨੇ ਦਿੱਤਾ, ਅਗਲੇ ਦਿਨੀਂ ਉਹੋ ਫਤਵਾ ਸੰਤ ਲੌਂਗੋਵਾਲ ਦੇ ਕਤਲ ਦਾ ਇੱਕ ਕਾਰਨ ਬਣ ਗਿਆ ਤੇ ਗੱਦਾਰੀ ਕਹਿਣ ਵਾਲੇ ਲੀਡਰ ਓਸੇ ਸੰਤ ਦੇ ਸ਼ਰਧਾਂਜਲੀ ਸਮਾਗਮ ਪਿੱਛੋਂ ਹੋਈ ਅਕਾਲੀ ਦਲ ਦੀ ਮੀਟਿੰਗ ਵਿਚ ਸਮਝੌਤੇ ਦੀ ਹਮਾਇਤ ਕਰ ਆਏ, ਬਾਅਦ ਵਿਚ ਭਾਵੇਂ ਇਸ ਵੱਲੋਂ ਪਾਸਾ ਵੱਟ ਗਏ ਸਨ।
ਸਮਝੌਤਾ ਗਲਤ ਲੱਗਦਾ ਸੀ ਤਾਂ ਇਸ ਤੋਂ ਵੱਖ ਹੋ ਜਾਂਦੇ, ਪਰ ਇਸ ਗੱਲ ਲਈ ਆਪਣੇ ਪੁਰਾਣੇ ਸਾਥੀ ਲੀਡਰ ਨੂੰ ‘ਗੱਦਾਰੀ ਕਰ ਆਇਆ’ ਕਰਾਰ ਤਾਂ ਨਾ ਦਿੰਦੇ। ਹੁਣ ਜਦੋਂ ਓਸੇ ਸੰਤ ਲੌਂਗੋਵਾਲ ਦੀ ਬਰਸੀ ਮਨਾਈ ਜਾਂਦੀ ਹੈ ਤੇ ਉਥੇ ਅਕਾਲੀ ਲੀਡਰ ਹਰ ਵਾਰ ਇਹ ਤਵਾ ਲਾਉਂਦੇ ਹਨ ਕਿ ਸੰਤ ਜੀ ਨਾਲ ਧੋਖਾ ਕੀਤਾ ਗਿਆ ਸੀ ਤਾਂ ਇਹ ਤਕਰੀਰਾਂ ਵੀ ਇੱਕ ਤਰ੍ਹਾਂ ਨਾਲ ਧੋਖਾ ਹੀ ਨਜ਼ਰ ਆਉਣ ਲੱਗ ਪੈਂਦੀਆਂ ਹਨ।
ਉਂਜ ਵੇਖਿਆ ਜਾਵੇ ਤਾਂ ਸੰਤ ਲੌਂਗੋਵਾਲ ਨਾਲ ਸਭ ਤੋਂ ਵੱਡਾ ਧੋਖਾ ਹਰ ਸਾਲ ਉਸ ਦੀ ਬਰਸੀ ਮੌਕੇ ਹੁੰਦਾ ਹੈ। ਪਿਛਲੇ ਤੀਹ ਸਾਲਾਂ ਦੇ ਇਸ ਮੌਕੇ ਕੀਤੇ ਗਏ ਸਮਾਗਮਾਂ ਦੀਆਂ ਅਖਬਾਰੀ ਰਿਪੋਰਟਾਂ ਜੇ ਕੋਈ ਵਿਦਿਆਰਥੀ ਫੋਲਣ ਲੱਗ ਪਵੇ ਤਾਂ ਉਸ ਦੇ ਲਈ ਪੀ ਐਚ ਡੀ ਦਾ ਵਧੀਆ ਵਿਸ਼ਾ ਹੋ ਸਕਦਾ ਹੈ। ਸਮਾਗਮ ਵਿਚ ਹਰ ਸਾਲ ਆਏ ਚਿਹਰੇ ਵੀ ਬਦਲ ਜਾਂਦੇ ਹਨ ਤੇ ਭਾਸ਼ਣਾਂ ਦੀ ਸੁਰ ਵੀ ਬਦਲ ਜਾਂਦੀ ਹੈ। ਕਦੇ ਇਸ ਸਮਾਗਮ ਵਿਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਤੇ ਅਟਲ ਬਿਹਾਰੀ ਵਾਜਪਾਈ ਜਾਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਉਚੇਚ ਨਾਲ ਆਉਂਦੇ ਸਨ। ਫਿਰ ਸੁਰਜੀਤ ਸਾਹਿਬ ਤੇ ਕਾਂਗਰਸੀ ਲੀਡਰਾਂ ਨੂੰ ਸੱਦਣਾ ਬੰਦ ਕਰ ਕੇ ਸਿਆਸੀ ਲੋੜ ਮੁਤਾਬਕ ਉਹ ਲੀਡਰ ਸੱਦਣੇ ਸ਼ੁਰੂ ਕਰ ਦਿੱਤੇ ਗਏ, ਜਿਨ੍ਹਾਂ ਨੂੰ ਪੰਜਾਬ ਬਾਰੇ ਜਾਣਕਾਰੀ ਹੀ ਕੋਈ ਨਹੀਂ ਸੀ। ਅਕਾਲੀ ਦਲ ਦੀ ਧੜੇਬੰਦੀ ਦੀ ਧੂੜ ਵੀ ਹਰ ਵਾਰੀ ਉਡਦੀ ਰਹੀ ਤੇ ਜਿਹੜੀ ਧਿਰ ਭਾਰੂ ਹੋ ਜਾਂਦੀ, ਦੂਸਰਿਆਂ ਨੂੰ ਬਾਹਰ ਧੱਕ ਕੇ ਆਪ ਅਖਾੜਾ ਮੱਲ ਲੈਂਦੀ। ਇੱਕ ਵਾਰੀ ਸਮਾਜਵਾਦੀ ਪਾਰਟੀ ਦੀ ਪਾਰਲੀਮੈਂਟ ਮੈਂਬਰ ਤੇ ਸਾਲਾਂ-ਬੱਧੀ ਚੰਬਲ ਘਾਟੀ ਵਿਚ ਡਾਕੂ ਵਜੋਂ ਦਹਿਸ਼ਤ ਦੀ ਪ੍ਰਤੀਕ ਬਣੀ ਰਹੀ ਫੂਲਾਂ ਦੇਵੀ ਸੱਦ ਲਈ। ਸਟੇਜ ਤੋਂ ਉਸ ਨੂੰ ਸਿਰੋਪਾ ਦੇਣ ਲਈ ਅਕਾਲੀ ਦਲ ਦੀਆਂ ਦੋ ਬੀਬੀਆਂ ਲੜ ਪਈਆਂ। ਦੋਵੇਂ ਇੱਕੋ ਅਕਾਲੀ ਦਲ ਵਿਚੋਂ ਸਨ, ਪਰ ਇਸਤਰੀ ਦਲ ਵੱਖੋ-ਵੱਖਰੇ ਸਨ। ਐਲਾਨ ਹੁੰਦੇ ਸਾਰ ਦੋਵੇਂ ਇੱਕੋ ਵੇਲੇ ਸਿਰੋਪਾ ਫੜ ਕੇ ਅੱਗੇ ਹੋ ਗਈਆਂ। ਫਿਰ ਹੱਥੋ-ਪਾਈ ਹੋਣ ਲੱਗੀ ਅਤੇ ਅਕਾਲੀ ਆਗੂ ਸਟੇਜ ਉਤੇ ਨੀਵੀਂਆਂ ਪਾ ਕੇ ਬੈਠੇ ਰਹੇ। ਜਿਹੜੀ ਫੂਲਾਂ ਦੇਵੀ ਦਾ ਨਾਂ ਸੁਣ ਕੇ ਕਈ ਰਾਜਾਂ ਦੀ ਪੁਲਿਸ ਵਾਲੇ ਕੰਬ ਜਾਇਆ ਕਰਦੇ ਸਨ, ਉਹ ਸਟੇਜ ਉਤੇ ਕ੍ਰਿਪਾਨ ਧਾਰੀ ਦੋ ਅਕਾਲੀ ਬੀਬੀਆਂ ਦੇ ਵਿਚਾਲੇ ਖੜੀ ਇਸ ਗੱਲੋਂ ਕੰਬੀ ਜਾਵੇ ਕਿ ਖਿੱਚ-ਧੂਹ ਕਰਦੀਆਂ ਇਹ ਬੀਬੀਆਂ ਸਿਰੋਪਾ ਮੇਰੇ ਗਲ ਪਾਉਣ ਲੱਗੀਆਂ ਦੋ ਪਾਸੇ ਖਿੱਚ ਕੇ ਮੈਨੂੰ ਫਾਹਾ ਨਾ ਦੇ ਦਿੰਦੀਆਂ ਹੋਣ। ਕੀ ਇਹ ਸਿਆਸੀ ਡਰਾਮੇ ਵੀ ਸੰਤ ਲੌਂਗੋਵਾਲ ਨਾਲ ਧੋਖਾ ਨਹੀਂ ਸਨ?
ਸੰਤ ਲੌਂਗੋਵਾਲ ਦੀ ਸ਼ਹਾਦਤ ਦੇ ਪ੍ਰਛਾਵੇਂ ਹੇਠ ਉਦੋਂ ਪੰਜਾਬ ਵਿਚ ਚੋਣਾਂ ਹੋਈਆਂ ਤਾਂ ਪਹਿਲੀ ਵਾਰ ਪੰਜਾਬ ਨੂੰ ਇੱਕ ਇਹੋ ਜਿਹੀ ਗੈਰ-ਕਾਂਗਰਸੀ ਸਰਕਾਰ ਮਿਲੀ, ਜਿਸ ਕੋਲ ਵਿਧਾਇਕਾਂ ਦੀ ਬਹੁ-ਗਿਣਤੀ ਸੀ। ਉਹ ਸਰਕਾਰ ਕਿਸੇ ਬਾਹਰਲੇ ਨੇ ਸੰਕਟ ਵਿਚ ਨਹੀਂ ਸੀ ਪਾਈ, ਉਨ੍ਹਾਂ ਆਪਣਿਆਂ ਨੇ ਪਾਈ ਸੀ, ਜਿਹੜੇ ਸੰਤ ਲੌਂਗੋਵਾਲ ਨੂੰ ਪਹਿਲਾਂ ਗੱਦਾਰ ਕਹੀ ਗਏ ਤੇ ਫਿਰ ਸਮਝੌਤੇ ਨੂੰ ਸਹੀ ਮੰਨਣ ਵਾਲੇ ਬਿਆਨ ਲਿਖ ਕੇ ਚੋਣਾਂ ਵੀ ਲੜੇ ਸਨ। ਸੰਕਟ ਦਾ ਕਾਰਨ ਕੋਈ ਸਿਧਾਂਤ ਨਹੀਂ, ਸਿਰਫ ਏਨੀ ਗੱਲ ਸੀ ਕਿ ਆਪਣੀ ਥਾਂ ਕਿਸੇ ਹੋਰ ਦਾ ਗੱਦੀ ਉਤੇ ਬੈਠਣਾ ਬਰਦਾਸ਼ਤ ਨਹੀਂ ਸੀ ਹੋਇਆ। ਪੰਜਾਬ ਦਾ ਨੁਕਸਾਨ ਇਸ ਸਿਆਸੀ ਤਿਕੜਮਬਾਜ਼ੀ ਨੇ ਵੀ ਬਹੁਤ ਕੀਤਾ।
29 ਅਪਰੈਲ 1986 ਨੂੰ ਅਕਾਲ ਤਖਤ ਸਾਹਿਬ ਤੋਂ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ। ਸੁਰਜੀਤ ਸਿੰਘ ਬਰਨਾਲਾ ਦੀ ਅਕਾਲੀ ਸਰਕਾਰ ਨੇ ਦਰਬਾਰ ਸਾਹਿਬ ਪੁਲਿਸ ਭੇਜ ਦਿੱਤੀ। ਇਸ ਪਿੱਛੋਂ ਖੜੇ ਪੈਰ ਤੇਈ ਅਕਾਲੀ ਵਿਧਾਇਕਾਂ ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਵੱਖਰੇ ਹੋ ਗਏ। ਬਾਗੀ ਹੋ ਗਏ ਇਨ੍ਹਾਂ ਦੋਵਾਂ ਨਾਲ ਤਿੰਨ ਹੋਰ ਵੱਡੇ ਆਗੂ ਸਨ, ਜਿਹੜੇ ਬਾਗੀ ਹੋਣ ਤੋਂ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਨੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਪਾਰਟੀ ਵਿਚੋਂ ਕੱਢ ਦਿੱਤੇ ਸਨ। ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਤਿੰਨਾਂ ਵਿਚੋਂ ਇੱਕ ਸੀ। ਜਿਹੜੇ ਸੱਜਣ ਬਰਨਾਲਾ ਸਰਕਾਰ ਵਿਚ ਰਹੇ, ਉਹ ਸਾਰੇ ਵੀ ਬਰਨਾਲਾ ਧੜੇ ਦੇ ਪੱਕੇ ਨਹੀਂ ਸੀ। ਤਿੰਨ ਜਣੇ ਪੂਰੀ ਤਰ੍ਹਾਂ ਦੂਸਰੇ ਧੜੇ ਨਾਲ ਹੁੰਦੇ ਹੋਏ ਵੀ ਮੰਤਰੀ ਬਣੇ ਰਹੇ। ਅਸੈਂਬਲੀ ਦਾ ਸਪੀਕਰ ਰਵੀਇੰਦਰ ਸਿੰਘ ਉਦੋਂ ਬਾਦਲ ਧੜੇ ਦਾ ਕਿਹਾ ਜਾਂਦਾ ਸੀ। ਇਨ੍ਹਾਂ ਤਿੰਨ ਮੰਤਰੀਆਂ ਵਿਚੋਂ ਇੱਕ ਨੇ ਰਵੀਇੰਦਰ ਨੂੰ ਲਲਕਾਰਿਆ ਕਿ ਜੇ ਸਾਥ ਛੱਡਣ ਵਾਲੇ ਲੀਡਰਾਂ ਨਾਲ ਮੋਹ ਹੈ ਤਾਂ ਉਹ ਸਪੀਕਰ ਦਾ ਅਹੁਦਾ ਛੱਡ ਦੇਵੇ, ਅਸੀਂ ਤਿੰਨੇ ਵੀ ਉਸ ਦੇ ਨਾਲ ਅਸਤੀਫੇ ਦੇ ਦੇਵਾਂਗੇ। ਰਵੀਇੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ। ਅਗਲੇ ਦਿਨ ਨਵਾਂ ਸਪੀਕਰ ਚੁਣ ਕੇ ਉਸ ਧੜੇ ਵਾਲੇ ਤਿੰਨੇ ਮੰਤਰੀ ਅਸਤੀਫੇ ਦੇਣ ਦੀ ਥਾਂ ਇਹ ਕਹਿਣ ਲੱਗ ਪਏ ਕਿ ਅਸੀਂ ਤਾਂ ਰਵੀਇੰਦਰ ਸਿੰਘ ਕੋਲੋਂ ਅਸਤੀਫਾ ਦਿਵਾਉਣਾ ਸੀ, ਦਿਵਾ ਲਿਆ, ਹੁਣ ਸਾਡੀ ਸਰਕਾਰ ਸੌਖੀ ਚੱਲੇਗੀ। ਉਹ ਤਿੰਨੇ ਮੰਤਰੀ ਦਰਬਾਰ ਸਾਹਿਬ ਵਿਚ ਪੁਲਿਸ ਭੇਜਣ ਦੀ ਹਮਾਇਤ ਕਰਦੇ ਹੋਏ ਇਸ ਤੋਂ ਬਾਅਦ ਵੀ ਬਰਨਾਲਾ ਸਰਕਾਰ ਦੇ ਮੰਤਰੀ ਬਣੇ ਰਹੇ। ਸਵਾ ਸਾਲ ਪਿੱਛੋਂ ਜਦੋਂ ਬਰਨਾਲਾ ਸਰਕਾਰ ਟੁੱਟ ਗਈ ਤਾਂ ਤਿੰਨੇ ਜਣੇ ਰਾਤੋ-ਰਾਤ ਬਾਦਲ ਧੜੇ ਨਾਲ ਆ ਗਏ, ਪਰ ਬਾਦਲ ਸਾਹਿਬ ਨੇ ਉਦੋਂ ਉਨ੍ਹਾਂ ਨੂੰ ਗੱਦਾਰ ਨਹੀਂ ਸੀ ਕਿਹਾ, ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਗੱਦਾਰ ਕਹਿਣ ਦਾ ਸਿਲਸਿਲਾ ਤੀਹ ਸਾਲਾਂ ਤੋਂ ਚੱਲੀ ਜਾਂਦਾ ਹੈ।
ਬੜੀ ਲੰਮੀ ਦਾਸਤਾਨ ਹੈ ਪੰਜਾਬ ਨਾਲ ਧੋਖੇ ਦੀ। ਪਤਾ ਨਹੀਂ ਕੌਣ-ਕੌਣ ਕੀ-ਕੀ ਕਰਦਾ ਰਿਹਾ ਹੈ? ਅਕਾਲੀ ਆਗੂਆਂ ਨੂੰ ਇਹ ਸਮਝੌਤਾ ਗਲਤ ਜਾਪਦਾ ਹੈ ਤਾਂ ਇਸ ਨੂੰ ਰੱਦ ਕਰਨ ਦਾ ਮਤਾ ਕਿਉਂ ਨਹੀਂ ਪੇਸ਼ ਕਰਦੇ ਤੇ ਆਪਣੀ ਸਾਂਝ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਇਸ ਕੰਮ ਲਈ ਸਾਥ ਦੇਣ ਨੂੰ ਕਿਉਂ ਨਹੀਂ ਕਹਿੰਦੇ? ਭਾਜਪਾ ਪਿਛਲੇ ਤੀਹ ਸਾਲਾਂ ਤੋਂ ਕਦੇ ਇਸ ਸਮਝੌਤੇ ਦੇ ਪੱਖ ਵਿਚ ਖੜੋਂਦੀ ਤੇ ਕਦੇ ਇਸ ਦੇ ਵਿਰੋਧ ਵਿਚ ਅਕਾਲੀਆਂ ਦੀ ਬੋਲੀ ਬੋਲਦੀ ਹੈ। ਉਸ ਦੇ ਆਗੂ ਸਾਫ ਸਟੈਂਡ ਕਿਉਂ ਨਹੀਂ ਲੈ ਰਹੇ? ਜੇ ਸਮਝੌਤੇ ਵਿਚ ਕੁਝ ਗਲਤ ਹੈ ਤਾਂ ਇਸ ਦੀ ਸੋਧ ਦਾ ਮਤਾ ਪੇਸ਼ ਕਿਉਂ ਨਹੀਂ ਕਰਦੇ? ਸਿਰਫ ਇੱਕੋ ਧਿਰ ਖੱਬੇ ਪੱਖੀ ਹਨ, ਜਿਹੜੇ ਉਦੋਂ ਵੀ ਕਹਿੰਦੇ ਸਨ ਤੇ ਅੱਜ ਵੀ ਕਹਿੰਦੇ ਹਨ ਕਿ ਇਹ ਸਮਝੌਤਾ ਲਾਗੂ ਹੋ ਸਕਦਾ ਹੈ। ਹੋਰ ਇੱਕ ਵੀ ਧਿਰ ਇਹੋ ਜਿਹੀ ਨਹੀਂ, ਜਿਸ ਨੇ ਪਿਛਲੇ ਤੀਹ ਸਾਲਾਂ ਵਿਚ ਇਸ ਮੁੱਦੇ ਉਤੇ ਪਲਸੇਟੇ ਨਾ ਮਾਰੇ ਹੋਣ। ਸਮਝੌਤਾ ਕਰਨ ਵਾਲੇ ਕਾਂਗਰਸੀ ਵੀ ਇਸ ਬਾਰੇ ਗੰਭੀਰ ਨਹੀਂ ਸਨ।
ਅੱਜ ਦੀ ਤਰੀਕ ਵਿਚ ਵੀ ਇਹ ਸਮਝੌਤਾ ਮਰਿਆ ਨਹੀਂ, ਤੇ ਇਹ ਜਿੰਦਾ ਵੀ ਨਹੀਂ, ਨੂਰਮਹਿਲ ਵਾਲੇ ਆਸ਼ੂਤੋਸ਼ ਵਾਂਗ ਸਿਆਸਤ ਦੇ ਸਰਦਖਾਨੇ ਵਿਚ ਲੱਗਾ ਪਿਆ ਹੈ। ਜਦੋਂ ਕਿਸੇ ਨੂੰ ਲੋੜ ਪਵੇ ਤਾਂ ਕੱਢ ਕੇ ਚਾਰ ਦਿਨ ਵਰਤ ਲੈਂਦਾ ਹੈ। ਫਿਰ ਲੋੜ ਨਿਕਲ ਗਈ ਵੇਖ ਕੇ ਓਸੇ ਥਾਂ ਸੰਭਾਲ ਦਿੱਤਾ ਜਾਂਦਾ ਹੈ। ਸਮਝੌਤਾ ਅਤੇ ਸੰਤ ਲੌਂਗੋਵਾਲ ਸਿਰਫ ਵੀਹ ਅਗਸਤ ਨੂੰ ਯਾਦ ਆਉਂਦੇ ਹਨ। ਅੱਗੋਂ ਪਿੱਛੋਂ ਸੰਤ ਅਤੇ ਸਮਝੌਤਾ ਦੋਵੇਂ ਭੁੱਲ ਜਾਂਦੇ ਹਨ। ਗੁਜਰਾਤ ਵਿਚ ਇੱਕ ਬਾਈ ਸਾਲਾਂ ਦਾ ਮੁੰਡਾ ਹਾਰਦਿਕ ਪਟੇਲ ਉਠਿਆ ਤੇ ਉਸ ਨੇ ਕਿਹਾ ਕਿ ਸਰਦਾਰ ਪਟੇਲ ਦਾ ਨਾਂ ਲੈ ਕੇ ਖੇਤੀ ਕਰਦੇ ਪਟੇਲ ਭਾਈਚਾਰੇ ਨੂੰ ਵਰਤਿਆ ਜਾ ਰਿਹਾ ਹੈ। ਉਸ ਦੇ ਲਲਕਾਰੇ ਉਤੇ ਬੀਤੇ ਹਫਤੇ ਪੰਜ ਲੱਖ ਲੋਕ ਸੂਰਤ ਵਿਚ ਆਣ ਜੁੜੇ ਸਨ। ਪੰਜਾਬ ਦੇ ਲੋਕਾਂ ਨੂੰ ਅਜੇ ਕਿਸੇ ਨੇ ਝੰਜੋੜਿਆ ਨਹੀਂ। ਇਥੋਂ ਦੇ ਲੀਡਰ ਜੇ ਲੋਕਾਂ ਦੇ ਜਜ਼ਬਾਤ ਨਾਲ ਏਦਾਂ ਹੀ ਖੇਡਦੇ ਰਹੇ ਤਾਂ ਅੱਕੇ ਹੋਏ ਲੋਕਾਂ ਵਿਚੋਂ ਕਿਸੇ ਵਕਤ ਇਥੇ ਵੀ ਕੋਈ ਹਾਰਦਿਕ ਉਠ ਸਕਦਾ ਹੈ।