ਬਾਦਲੀ ਸਿਆਸਤ ਤੋਂ ਬਾਹਰ ਵੱਸਦੇ ਸਿੱਖ ਖਫ਼ਾ ਕਿਉਂ?

ਪਿੱਛੇ ਜਿਹੇ ਪੰਜਾਬ ਦੇ ਅਕਾਲੀ ਆਗੂ ਅਮਰੀਕਾ ਅਤੇ ਕੈਨੇਡਾ ਦੌਰੇ ‘ਤੇ ਆਏ। ਉਨ੍ਹਾਂ ਦਾ ਇਥੇ ਆਉਣ ਦਾ ਮੁੱਖ ਮਕਸਦ ਬਾਦਲ ਸਰਕਾਰ ਦਾ ਪ੍ਰਚਾਰ ਸੀ, ਪਰ ਇਨ੍ਹਾਂ ਨੂੰ ਇਧਰ ਵੱਸਦੇ ਸਿੱਖਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਸਲ ਵਿਚ ਪਿਛਲੇ ਕੁਝ ਵਰ੍ਹਿਆਂ ਦੌਰਾਨ ਜੋ ਬੇਭਰੋਸਗੀ ਅਕਾਲੀ ਆਗੂਆਂ ਪ੍ਰਤੀ ਵਧੀ ਹੈ, ਉਸ ਤੋਂ ਪਰਦੇਸੀਂ ਵੱਸਦੇ ਸਿੱਖ ਔਖੇ ਸਨ।

ਹੁਣ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਆਪਣਾ ਗੁੱਸਾ ਬਾਕਾਇਦਾ ਜ਼ਾਹਿਰ ਕੀਤਾ। ਸਾਡੇ ਕਾਲਮਨਵੀਸ ਮਝੈਲ ਸਿੰਘ ਸਰਾਂ ਦਾ ਇਹ ਲੇਖ ਇਸੇ ਵਰਤਾਰੇ ਬਾਰੇ ਹੈ। ਸਾਡਾ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ। ਇਹ ਲੇਖ ਵਿਚਾਰ-ਚਰਚਾ ਦੇ ਮਨੋਰਥ ਨਾਲ ਛਾਪਿਆ ਜਾ ਰਿਹਾ ਹੈ। -ਸੰਪਾਦਕ

ਮਝੈਲ ਸਿੰਘ ਸਰਾਂ

ਕਿਸੇ ਸ਼ਰੀਫ਼ ਇਨਸਾਨ ਲਈ ਇਹ ਕੰਮ ਬਹੁਤ ਔਖਾ ਹੁੰਦਾ ਹੈ, ਜਦੋਂ ਉਹਨੂੰ ਆਪਣਿਆਂ ਦੀਆਂ ਤੱਦੀਆਂ ਖਿਲਾਫ ਖੜ੍ਹਨਾ ਪੈਂਦਾ ਹੈ। ਇਹ ਕਦਮ ਸੌਖਿਆਂ ਨਹੀਂ ਪੁੱਟ ਹੁੰਦਾ, ਪਰ ਜਦੋਂ ਕੋਈ ਜਿਗਰਾ ਕਰ ਕੇ ਬੈਠੇ ਨੂੰ ਵੀ ਹੁੱਝਾਂ ਮਾਰਨੋਂ ਨਾ ਹਟੇ, ਫਿਰ ਅੱਕ ਕੇ ਉਹਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕਰਨਾ ਹੀ ਪੈਂਦਾ ਹੈ।
ਪਿਛਲੇ ਦਿਨੀਂ ਉਤਰੀ ਅਮਰੀਕਾ ਦੇ ਦੌਰੇ ‘ਤੇ ਆਏ ਅਕਾਲੀ ਲੀਡਰਾਂ ਅਤੇ ਜਥੇਦਾਰ ਗੁਰਬਚਨ ਸਿੰਘ ਦਾ ਇਥੇ ਵਸਦੇ ਸਿੱਖਾਂ ਨੇ ਜਿਸ ਤਰ੍ਹਾਂ ਅਦਬ-ਸਤਿਕਾਰ ਕੀਤਾ, ਉਹ ਚਿਰਾਂ ਤੋਂ ਧੁਖ ਰਹੀ ਪੀੜ ਦਾ ਨਤੀਜਾ ਸੀ। ਲੋਕ ਬੱਸ ਇਹ ਸੋਚ ਕੇ ਚੁੱਪ ਸਨ ਕਿ ਬਾਹਰਲੇ ਮੁਲਕਾਂ ਵਾਲੇ ਲੋਕ, ਸਿੱਖਾਂ ਬਾਰੇ ਕੀ ਸੋਚਣਗੇ! ਪਰਦੇਸੀਂ ਵੱਸਦੇ ਸਿੱਖਾਂ ਨੇ ਇਥੋਂ ਦੇ ਸਮਾਜ ਵਿਚ ਮਿਹਨਤੀ ਤੇ ਅਮਨ-ਪਸੰਦ ਬਾਸ਼ਿੰਦਿਆਂ ਵਜੋਂ ਦਿਖ ਕਾਇਮ ਕੀਤੀ ਹੈ। ਸਿੱਖ ਭਾਈਚਾਰਾ ਇਸ ਸਾਖ ਨੂੰ ਖੋਰਾ ਨਹੀਂ ਸੀ ਲਾਉਣਾ ਚਾਹੁੰਦਾ। ਇਸੇ ਮਜਬੂਰੀ ਨੂੰ ਬਾਦਲ ਪਰਿਵਾਰ ਆਪਣੀ ਸਿਆਸੀ ਪੌੜੀ ਵਜੋਂ ਫਿਰ ਵਰਤਣਾ ਚਾਹੁੰਦਾ ਸੀ, ਪਰ ਐਤਕੀਂ ਬਾਹਰਲੇ ਸਿੱਖ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੌੜੀ ਬਣਨੋਂ ਇਨਕਾਰੀ ਹੋ ਗਏ ਤੇ ਉਹਦੇ ਭੇਜੇ ਸਿਆਸੀ ਪਿਆਦੇ ਅਮਰੀਕਾ-ਕੈਨੇਡਾ ਵਿਚ ਆਪਣੀ ਖੁੰਬ ਠਪਾ ਬੈਠੇ।
ਕਹਿਣ ਨੂੰ ਤਾਂ ਇਹ ਅਕਾਲੀ ਲੀਡਰ ਬਾਹਰਲੇ ਸਿੱਖਾਂ ਦੀਆਂ ਤਕਲੀਫ਼ਾਂ ਸੁਣਨ ਅਤੇ ਇਨ੍ਹਾਂ ਦਾ ਹੱਲ ਕੱਢਣ ਆਏ ਸਨ, ਜੋ ਉਨ੍ਹਾਂ ਨੂੰ ਪੰਜਾਬ ਗਿਆਂ ਨੂੰ ਝੱਲਣੀਆਂ ਪੈਂਦੀਆਂ ਹਨ। ਇਸ ਤੋਂ ਪਹਿਲਾਂ ਵੀ ਇਹ ਬੜੀ ਵਾਰੀ ਆਏ ਤੇ ਭਰੋਸਾ ਦੇ ਗਏ, ਪਰ ਹੱਲ ਕਦੇ ਨਾ ਹੋਣਾ ਸੀ ਤੇ ਨਾ ਹੀ ਹੋਇਆ। ਇਸ ਵਾਰੀ ਇਨ੍ਹਾਂ ਦੇ ਸਮਾਗਮਾਂ ਵਾਲੀਆਂ ਥਾਂਵਾਂ ‘ਤੇ ਸੈਂਕੜੇ ਸਿੱਖਾਂ ਨੇ ਰੋਹ ਭਰੇ ਮੁਜ਼ਾਹਰੇ ਕਰ ਕੇ ਇਨ੍ਹਾਂ ਨੂੰ ਬੋਲਣ ਹੀ ਨਹੀਂ ਦਿੱਤਾ। ਕਿਤੇ ਕਿਤੇ ਕੁਝ ਬਾਦਲ ਹਮਦਰਦੀਆਂ ਨੇ ਇਹ ਕਹਿ ਕੇ ਨੁਕਤਾਚੀਨੀ ਕੀਤੀ ਕਿ ਘੱਟੋ-ਘੱਟ ਉਨ੍ਹਾਂ ਨੂੰ ਸੁਣਦੇ ਤਾਂ ਸਹੀ, ਪਰ ਸਵਾਲ ਹੈ ਕਿ ਕਿਉਂ ਸੁਣਦੇ ਇਨ੍ਹਾਂ ਦੀਆਂ ਗੱਲਾਂ? ਕੀ ਬਾਦਲ ਪਰਿਵਾਰ ਨੇ ਇਨ੍ਹਾਂ ਪਿਆਦਿਆਂ ਲਈ ਕੋਈ ਅਧਿਕਾਰ ਛੱਡਿਆ ਵੀ ਹੋਇਆ ਹੈ? ਬੱਸ ਇਨ੍ਹਾਂ ਨੂੰ ਤਾਂ ਇਹੋ ਹੁਕਮ ਸੀ ਕਿ ਮਿੱਠੇ ਪਿਆਰੇ ਬਣ ਕੇ ਸੁਣ ਸਭ ਕੁਝ ਲਿਓ, ਤੇ ਭਰੋਸਾ ਵੀ ਦੇ ਦਿਓ, ਇਵਜ਼ ਵਿਚ ਰੱਜ ਕੇ ਸੋਹਲੇ ਗਾਇਓ ਬਾਦਲ ਦੇ। ਇਹ ਸਭ ਇਥੇ ਵਾਲਿਆਂ ਨੂੰ ਪਤਾ ਸੀ ਤੇ ਫਿਰ ਕਿਉਂ ਸੁਣਦੇ ਇਨ੍ਹਾਂ ਕਠਪੁਤਲੀਆਂ ਨੂੰ, ਜਦ ਇਨ੍ਹਾਂ ਦੇ ਪੱਲੇ ਹੀ ਨਹੀਂ ਸੀ ਕੁਝ?
ਬਾਦਲ ਨੂੰ ਸੁਨੇਹਾ ਦੇਣ ਦਾ ਜੋ ਤਰੀਕਾ ਅਮਰੀਕਾ-ਕੈਨੇਡਾ ਵਾਲਿਆਂ ਨੇ ਅਪਨਾਇਆ, ਉਹ ਸੌ ਫੀਸਦੀ ਦਰੁਸਤ ਸਾਬਤ ਹੋਇਆ। ਨਾਲੇ ਅਸੀਂ ਤਾਂ ਜਾਣਦੇ ਹੀ ਹਾਂ ਕਿ ਇਹ ਧੁਸਮਾਰ ਲੀਡਰ ਜਨਤਕ ਤੌਰ ‘ਤੇ ਕਿੰਨੇ ਕੁ ਸਲੀਕੇ ਨਾਲ ਬੋਲਦੇ ਤੇ ਪੇਸ਼ ਆਉਂਦੇ ਆ ਲੋਕਾਂ ਨਾਲ।
ਬਾਹਰ ਵੱਸਦੇ ਸਿੱਖਾਂ ਨੂੰ ਗੁੱਸਾ ਸ਼ਾਇਰ ਇਥੇ ਆਏ ਲੀਡਰਾਂ ਨਾਲ ਨਹੀਂ ਹੈ, ਗੁੱਸਾ ਹੈ ਤਾਂ ਸਿਰਫ਼ ਤੇ ਸਿਰਫ਼ ਬਾਦਲ ਨਾਲ। ਕਿਉਂ ਆ ਇੰਨਾ ਗੁੱਸਾ ਤੇ ਨਫ਼ਰਤ ਬਾਦਲ ਪ੍ਰਤੀ ਭਲਾ? ਇਨ੍ਹਾਂ ਲੋਕਾਂ ਨੇ ਹੀ ਤਾਂ ਵੋਟਾਂ ਪਾ ਅਤੇ ਪੁਆ ਕੇ ਇਨ੍ਹਾਂ ਨੂੰ ਤਖਤ ਉਤੇ ਬਿਠਾਇਆ ਸੀ ਅਤੇ ਅੱਜ ਇਹ ਲੋਕ ਇਨ੍ਹਾਂ ਦੀ ਗੱਲ ਸੁਣਨ ਲਈ ਵੀ ਰਾਜ਼ੀ ਨਹੀਂ? ਕਾਰਨ ਤਾਂ ਬਥੇਰੇ ਹਨ, ਪਰ ਵੱਡੇ ਕਾਰਨ ਦੋ ਜਾਂ ਤਿੰਨ ਹੀ ਹਨ।
ਸਿੱਖ ਮਨਾਂ ਵਿਚੋਂ ਸਾਕਾ ਨੀਲਾ ਤਾਰਾ ਕਦੇ ਮਨਫ਼ੀ ਨਹੀਂ ਹੋਇਆ ਤੇ ਨਾ ਹੀ ਹੋਣਾ ਹੈ, ਹੋਣਾ ਚਾਹੀਦਾ ਵੀ ਨਹੀਂ। ਇਸ ਨੇ ਸਿੱਖਾਂ ਨੂੰ ਨਵੀਆਂ ਵੰਗਾਰਾਂ ਤਾਂ ਪਾਈਆਂ ਹੀ, ਸਗੋਂ ਸਿੱਖ ਵਿਰਾਸਤ ਨੂੰ ਜੋ ਢਾਹ ਲਾਈ, ਉਹ ਬਿਆਨ ਕਰਨੀ ਮੁਸ਼ਕਿਲ ਹੈ। ਸਿੱਖ-ਸੋਚ ਨੇ ਇਸ ਕਾਰੇ ਲਈ ਸ੍ਰੀਮਤੀ ਇੰਦਰਾ ਗਾਂਧੀ ਨੂੰ ਮੁੱਖ ਦੋਸ਼ੀ ਮੰਨਿਆ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਦਾ ਹਿਸਾਬ-ਕਿਤਾਬ ਬਰਾਬਰ ਕਰ ਲਿਆ। ਸਮਾਂ ਆਪਣੀ ਚਾਲੇ ਚੱਲੀ ਜਾਂਦਾ ਹੈ ਤੇ ਵਕਤ ਨੇ ਇੰਦਰਾ ਗਾਂਧੀ ਦੇ ਨਾਲ ਨਾਲ ਹੋਰ ਚਿਹਰੇ ਵੀ ਸਾਹਮਣੇ ਲਿਆਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਕਰਵਾਉਣ ਵਿਚ ਅੰਦਰਖਾਤੇ ਬੜਾ ਕੋਝਾ ਰੋਲ ਅਦਾ ਕੀਤਾ। ਉਨ੍ਹਾਂ ਵਿਚ ਆਪਣੇ ਆਪ ਨੂੰ ਦਰਵੇਸ਼ ਸਿਆਸਤਦਾਨ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵੀ ਆਉਣ ਲੱਗ ਪਿਆ। ਸਿੱਖ-ਸੋਚ ਨੂੰ ਇਹ ਗੱਲ ਖੁੜਕ ਤਾਂ ਕਾਫੀ ਚਿਰ ਪਹਿਲਾਂ ਉਦੋਂ ਹੀ ਗਈ ਸੀ ਜਦੋਂ ਬਾਦਲ 1997 ਵਿਚ ਤੀਜੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਦੱਬੀ ਜ਼ਬਾਨ ਵਿਚ ਇਹ ਕਹਿਣ ਲੱਗ ਪਿਆ ਸੀ ਕਿ ਸਾਨੂੰ ਸਿੱਖਾਂ ਨੂੰ ਹੁਣ ਨੀਲਾ ਤਾਰਾ ਸਾਕਾ ਭੁੱਲ ਕੇ ਆਪਸੀ ਭਾਈਚਾਰਾ ਬਣਾਈ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਇਸ ਸਾਕੇ ਨੂੰ ਭੁੱਲਣ ਦੀ ਗੱਲ ਸ਼ ਬਾਦਲ ਦੇ ਮੂੰਹੋਂ ਸੁਣ ਕੇ ਇਹ ਲੱਗਣ ਲੱਗ ਪਿਆ ਸੀ ਕਿ ਕੁਝ ਗੜਬੜ ਤਾਂ ਹੈ ਪਰ ਹੁਣ ਪਿਛਲੇ ਦੋ ਕੁ ਸਾਲਾਂ ਵਿਚ ਤਾਂ ਉਨ੍ਹਾਂ ਮੀਟਿੰਗਾਂ ਦਾ ਵੀ ਖੁਲਾਸਾ ਹੋ ਗਿਆ ਹੈ ਜੋ ਇਸੇ ਬਾਦਲ ਨੇ ਗੁਪਤ ਰੂਪ ਵਿਚ ਇੰਦਰਾ ਸਰਕਾਰ ਨਾਲ ਸਾਕੇ ਤੋਂ ਐਨ ਪਹਿਲਾਂ ਕੀਤੀਆਂ ਸਨ। ਕੁਝ ਚਿੱਠੀਆਂ ਵੀ ਬਾਹਰ ਆਈਆਂ ਜਿਨ੍ਹਾਂ ਤੋਂ ਇਹਦੀ ਮਨਸ਼ਾ ਜ਼ਾਹਿਰ ਹੋਈ ਅਤੇ ਰਹਿੰਦੀ ਕਸਰ ਸਾਬਕਾ ਪੁਲਿਸ ਮੁਖੀ ਸ਼ਸ਼ੀਕਾਂਤ ਨੇ ਇਹ ਦੱਸ ਕੇ ਪੂਰੀ ਕਰ ਦਿੱਤੀ ਕਿ ਸਾਕਾ ਨੀਲਾ ਤਾਰਾ ਪਿਛੇ ਬਾਦਲ ਦੀ ਪੂਰੀ ਸਲਾਹ ਸੀ। ਇਹੀ ਉਹ ਕਾਰਨ ਹੈ ਜਿਸ ਨੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਵਿਚ ਇਸ ਇਨਸਾਨ ਪ੍ਰਤੀ ਨਫ਼ਰਤ ਤੇ ਗੁੱਸਾ ਭਰ ਦਿੱਤਾ ਹੈ।
ਸਿੱਖ ਧਰਮ ਇਕ ਵਿਲੱਖਣ ਧਰਮ ਹੈ। ਹਰ ਧਰਮ ਵਾਲੇ ਆਪਣੇ ਧਰਮ ਬਾਰੇ ਇੱਦਾਂ ਹੀ ਕਹਿੰਦੇ ਹੋਣਗੇ, ਪਰ ਬਾਬੇ ਨਾਨਕ ਦੇ ਚਲਾਏ ਨਿਰਮਲ ਪੰਥ ਵਿਚ ਤਾਂ ਸਭ ਕੁਝ ਵਿਲੱਖਣ ਤੇ ਨਵਾਂ ਨਕੋਰ ਹੈ। ਇਸ ਵਿਚ ਸਾਰੀ ਮਾਨਵਤਾ ਨੂੰ ਆਪਣੇ ਕਲਾਵੇ ਵਿਚ ਲੈ ਕੇ ਧਾਰਮਿਕ ਦੇ ਨਾਲ ਨਾਲ ਸਮਾਜਕ ਤੇ ਆਰਥਿਕ ਆਜ਼ਾਦੀ ਦਾ ਨਿੱਘ ਦੇਣ ਦੀ ਸਮਰੱਥਾ ਹੈ। ਮਨੁੱਖੀ ਅਧਿਕਾਰਾਂ ਦੀ ਗੱਲ ਦੂਜੀ ਵੱਡੀ ਜੰਗ ਤੋਂ ਬਾਅਦ ਦੁਨੀਆਂ ਵਿਚ ਚੱਲੀ, ਪਰ ਇਸ ਤੋਂ ਪਹਿਲਾਂ ਕਿਸੇ ਵੀ ਧਰਮ ਨੇ ਇਹਨੂੰ ਆਪਣਾ ਫਲਸਫਾ ਨਹੀਂ ਬਣਾਇਆ, ਸਗੋਂ ਲਗਦੀ ਵਾਹ ਧਰਮ ਤਾਂ ਸਟੇਟ ਦੇ ਪੱਖ ਵਿਚ ਭੁਗਤਿਆ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਨੇ ਬਾਤ ਹੀ ਮਨੁੱਖੀ ਅਧਿਕਾਰਾਂ ਤੋਂ ਅਰੰਭੀ ਤੇ ਆਪਣੇ ਗਲ ਨਾਲ ਲਾਏ ਲਾਲੋ ਤੇ ਮਰਦਾਨੇ। ਗੁਰੂ ਗੋਬਿੰਦ ਸਿੰਘ ਨੇ ਤਾਂ ਇਕ ਲੜੀ ਵਿਚ ਪਰੋ ਕੇ ਬਰਾਬਰ ਖੜ੍ਹੇ ਕਰ ਦਿੱਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਜ਼ਾਦੀ ਦਾ ਝਲਕਾਰਾ ਵੀ ਦਿਖਾ ਦਿੱਤਾ। ਬੱਸ ਇਹ ਵਿਲੱਖਣਤਾ ਬਿਪਰਵਾਦੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ। ਇਹ ਇਸ ਨਿਆਰੇਪਣ ‘ਤੇ ਵਾਰ ਕਰਨ ਦਾ ਕੋਈ ਮੌਕਾ ਖੁੰਝਣ ਨਹੀਂ ਦਿੰਦੇ।
ਬਿਪਰ ਨੇ ਜਿਹੜੀ ਚਾਲ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਸ਼ੁਰੂ ਕੀਤੀ, ਬਹੁਤ ਖਤਰਨਾਕ ਸਾਬਤ ਹੋ ਰਹੀ ਹੈ ਤੇ ਉਸ ਚਾਲ ਦਾ ਮੋਹਰਾ ਬਣਿਆ ਬਾਦਲ, ਤੇ ਇਹਨੇ ਇਸ ਕਿਰਦਾਰ ਨੂੰ ਅੱਜ ਤੱਕ ਨਿਭਾਇਆ ਵੀ ਪੂਰੀ ਤਨਦੇਹੀ ਨਾਲ ਹੈ। ਗੁਰਮਤਿ ਨੂੰ ਢਾਹ ਲਾਉਣ ਲਈ ਸੰਤਾਂ-ਸਾਧਾਂ ਦੀ ਫੌਜ ਨੂੰ ਬਾਦਲ ਅਤੇ ਉਹਦੇ ਪਰਿਵਾਰ ਨੇ ਥਾਪੜਾ ਦਿੱਤਾ। ਸਾਰੀਆਂ ਸਿੱਖ ਸੰਸਥਾਵਾਂ ‘ਤੇ ਭਗਵੇਂਕਰਨ ਦੀ ਪਾਣ ਚੜ੍ਹਾਉਣ ਵਾਲਾ ਬਾਦਲ ਤੋਂ ਸਿਵਾਏ ਹੋਰ ਕੋਈ ਨਹੀਂ। ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਅਡਵਾਨੀਆਂ, ਮੋਦੀਆਂ ਨਾਲ ਇਸ ਨੇ ਨਹੁੰ-ਮਾਸ ਦਾ ਰਿਸ਼ਤਾ ਬਣਾਇਆ।
ਸਿੱਖ ਤਾਂ ਹੁਣ ਪੰਜਾਬ ਵਿਚ ਸ਼ਾਂਤਮਈ ਰੋਸ ਮਾਰਚ ਵੀ ਨਹੀਂ ਕਰ ਸਕਦੇ। ਹਾਲਾਤ ਇਹ ਹਨ ਕਿ ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਕੋਈ ਭੁੱਖ ਹੜਤਾਲ ਵੀ ਨਹੀਂ ਕਰ ਸਕਦਾ, ਆਪਣੇ ਘਰ ਵਿਚ ਵੀ ਨਹੀਂ। ਇਸ ਦੇ ਉਲਟ ਸ਼ਿਵ ਸੈਨਾ, ਬਜਰੰਗ ਦਲ, ਆਰæਐਸ਼ਐਸ਼ ਵਾਲੇ ਨੰਗੀਆਂ ਕਿਰਪਾਨਾਂ, ਬੰਦੂਕਾਂ, ਤ੍ਰਿਸ਼ੂਲਾਂ ਨਾਲ ਇਸੇ ਪੰਜਾਬ ਵਿਚ ਜਲੂਸ ਕੱਢਦੇ ਹਨ ਅਤੇ ਬਾਦਲ ਇਨ੍ਹਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ। ਸਿੱਖਾਂ ਨੂੰ ਆਸ ਹੁੰਦੀ ਹੈ ਆਪਣੇ ਤਖ਼ਤਾਂ ਤੋਂ, ਕਿ ਜਦੋਂ ਹੋਰ ਸਭ ਪਾਸੇ ਇਨਸਾਫ਼ ਦੇ ਬੂਹੇ ਬੰਦ ਹੋ ਜਾਣ, ਤਾਂ ਉਨ੍ਹਾਂ ਦੀ ਬਾਂਹ ਇਥੇ ਜ਼ਰੂਰ ਫੜੀ ਜਾਵੇਗੀ, ਪਰ ਬਾਦਲ ਨੇ ਅਕਾਲ ਤਖ਼ਤ ਨੂੰ ਹੀ ਆਰæਐਸ਼ਐਸ਼ ਦੇ ਅਧੀਨ ਕਰ ਦਿੱਤਾ ਹੈ। ਅਜਿਹਾ ਜਥੇਦਾਰ ਥਾਪ ਦਿੱਤਾ ਗਿਆ ਜੋ ਪੰਥ ਨਾਲੋਂ ਬਾਦਲ ਦੀ ਤਰਜਮਾਨੀ ਵੱਧ ਕਰਦਾ ਹੈ। ਫਿਰ ਇਹ ਗੁੱਸਾ ਤਾਂ ਕਿਤੇ ਫੁੱਟਣਾ ਹੀ ਸੀ। ਪੰਜਾਬ ਵਿਚ ਤਾਂ ਪੁਲਿਸ ਇਹ ਰੋਕ ਸਕਦੀ ਹੈ, ਪਰ ਬਾਦਲ ਦੇ ਲੀਡਰਾਂ ਨੂੰ ਅਮਰੀਕਾ ਤੇ ਕੈਨੇਡਾ ਵਿਚ ਜਲਵਾ ਦੇਖਣਾ ਪੈ ਗਿਆ। ਇਸ ਤੋਏ ਤੋਏ ਲਈ ਸਿਰਫ਼ ਤੇ ਸਿਰਫ਼ ਬਾਦਲ ਹੀ ਜ਼ਿੰਮੇਵਾਰ ਹੈ। ਇਨ੍ਹਾਂ ਨੂੰ ਅਗਾਂਹ ਲਈ ਕੰਨ ਜ਼ਰੂਰ ਹੋ ਗਏ ਹਨ।
ਪੰਜਾਬ ਵਿਚ ਨਸ਼ੇ ਕਿੰਨੇ ਵਧ ਗਏ ਹਨ, ਕਿਸੇ ਤੋਂ ਗੁੱਝੇ ਨਹੀਂ। ਜਿਨ੍ਹਾਂ ਨੇ ਇਹ ਰੋਕਣੇ ਹਨ, ਉਹ ਖੁਦ ਇਹਦਾ ਕਾਰੋਬਾਰ ਕਰੀ ਜਾਂਦੇ ਹਨ। ਬਾਹਰਲੇ ਸਿੱਖ ਸ਼ਾਇਦ ਇਸ ਪਾਸੇ ਜ਼ਿਆਦਾ ਤਵੱਜੋ ਨਾ ਦਿੰਦੇ, ਕਿਉਂਕਿ ਉਨ੍ਹਾਂ ਦੇ ਮੁੰਡੇ ਤਾਂ ਇਥੇ ਉਨ੍ਹਾਂ ਦੇ ਕੋਲ ਹਨ। ਬਾਹਰਲੇ ਸਿੱਖਾਂ ਦੇ ਰਿਸ਼ਤੇਦਾਰ ਤਾਂ ਅਜੇ ਵੀ ਪੰਜਾਬ ਵਿਚ ਹੀ ਹਨ ਜਿਨ੍ਹਾਂ ਦੇ ਜੁਆਨ ਮੁੰਡੇ ਨਸ਼ਿਆਂ ਦੀ ਲਾਹਨਤ ਵਿਚ ਫਸ ਗਏ ਹਨ। ਉਹ ਜਦੋਂ ਵੀ ਰਾਜ਼ੀ-ਖੁਸ਼ੀ ਪੁੱਛਣ ਲਈ ਫੋਨ ਕਰਦੇ ਤਾਂ ਅੱਗਿਉਂ ਉਨ੍ਹਾਂ ਦੇ ਰੋਣੇ-ਧੋਣੇ ਮੁੰਡਿਆਂ ਦੇ ਨਸ਼ਿਆਂ ਬਾਰੇ ਹੀ ਨਹੀਂ ਮੁੱਕਦੇ। ਇਕ ਗੱਲ ਹੋਰ ਵੀ ਹੈ ਜਿਸ ਨੇ ਬਾਹਰ ਵਾਲਿਆਂ ਨੂੰ ਪ੍ਰਭਾਵਿਤ ਕੀਤਾ ਹੈ; ਇਹ ਹੈ, ਕਿ ਜੇ ਕਿਸੇ ਨੇ ਆਪਣੀ ਧੀ ਦਾ ਵਿਆਹ ਪੰਜਾਬ ਵਿਚ ਕਿਸੇ ਚੰਗੇ ਖਾਂਦੇ-ਪੀਂਦੇ ਘਰ ਦੇ ਮੁੰਡੇ ਨਾਲ ਕਰਨ ਪਿਛੋਂ ਪਤਾ ਲੱਗੇ ਕਿ ਮੁੰਡਾ ਤਾਂ ਨਸ਼ਿਆਂ ਦਾ ਆਦੀ ਹੈ, ਤਾਂ ਉਹ ਉਹਨੂੰ ਨਾ ਛੱਡਣ ਜੋਗੇ ਤੇ ਨਾ ਬਾਹਰ ਸੱਦਣ ਜੋਗੇ। ਸ਼ਰਮ ਦੇ ਮਾਰੇ ਉਹ ਕਿਸੇ ਨੂੰ ਦੱਸਦੇ ਵੀ ਨਹੀਂ। ਇਹੋ ਜਿਹੇ ਬੜੇ ਪਰਿਵਾਰ ਹਨ ਜਿਨ੍ਹਾਂ ਦੀਆਂ ਧੀਆਂ ਦੇ ਘਰ ਵੱਸਣ ਤੋਂ ਪਹਿਲਾਂ ਹੀ ਉਜੜਨ ਵੱਲ ਤੁਰ ਪਏ।
ਜਦੋਂ ਸਾਫ਼ ਹੋ ਗਿਆ ਹੈ ਕਿ ਨਸ਼ਿਆਂ ਦਾ ਵਪਾਰ ਸਰਕਾਰ ਦੀ ਸ਼ਹਿ ਨਾਲ ਹੋ ਰਿਹਾ ਹੈ, ਤਾਂ ਇਹ ਆਗੂ ਕਿਉਂ ਬੇਸ਼ਰਮ ਹੋ ਕੇ ਕਹੀ ਜਾਂਦੇ ਹਨ ਕਿ ਪੰਜਾਬ ਵਿਚ ਕੋਈ ਨਸ਼ਾ ਪੈਦਾ ਨਹੀਂ ਹੁੰਦਾ, ਇਹ ਬਾਰਡਰ ਤੋਂ ਆਉਂਦੇ ਹਨ। ਜੇ ਨਸ਼ੇ ਬਾਰਡਰ ਤੋਂ ਆਉਂਦੇ ਵੀ ਹਨ ਤਾਂ ਫਿਰ ਰੋਕਦੇ ਕਿਉਂ ਨਹੀਂ? ਜੇ ਰੋਕਣ ਤੋਂ ਹੀ ਅਸਮਰਥ ਨੇ, ਤਾਂ ਲਾਂਭੇ ਹੋਣ ਕੁਰਸੀ ਤੋਂ, ਹੋਰ ਕਿਸੇ ਨੂੰ ਦੇਣ ਮੌਕਾ। ਇਹਦੇ ਕੋਲ ਮਰੇ ਪਏ ਸਾਧ ਦੀ ਬਰਫ਼ ਵਿਚ ਲਾ ਕੇ ਰੱਖੀ ਲਾਸ਼ ਨੂੰ ਸੁਰੱਖਿਆ ਦੇਣ ਲਈ ਤਾਂ ਪੁਲਿਸ ਹੈ, ਪਰ ਨਸ਼ੇ ਰੋਕਣ ਲਈ ਨਹੀਂ! ਕਿਉਂ ਭਲਾ? ਇਹ ਬਾਹਰਲੇ ਸਿੱਖਾਂ ਦੀ ਸਮਝ ਵਿਚ ਨਹੀਂ ਆ ਰਿਹਾ। ਇਹਦਾ ਜੁਆਬ ਬਾਦਲ ਲੋਲੋ-ਪੋਪੋ ਵਿਚ ਦਿੰਦਾ ਹੈ। ਫਿਰ ਅਮਰੀਕਾ-ਕੈਨੇਡਾ ਵਾਲੇ ਇਨ੍ਹਾਂ ਲੀਡਰਾਂ ਨੂੰ ਕਿਉਂ ਸੁਣਦੇ?
ਸਭ ਨੂੰ ਪਤਾ ਹੈ ਕਿ ਬਾਦਲ ਦਿਲ ਦਾ ਭੇਤ ਕਿਸੇ ਨੂੰ ਵੀ ਨਹੀਂ ਦਿੰਦਾ। ਸਾਰੇ ਅਕਾਲੀ ਲੀਡਰਾਂ ਨੂੰ ਸਭ ਕੁਝ ਪਤਾ ਹੈ, ਪਰ ਮੂੰਹ ਖੋਲ੍ਹਣ ਦੀ ਹਿੰਮਤ ਨਹੀਂ ਪੈਂਦੀ। ਕਿਉਂ? ਕਿਉਂਕਿ ਬਾਦਲ ਨੇ ਅਗਲੇ ਦੇ ਇਲਾਕੇ ਵਿਚ ਉਹਦਾ ਸ਼ਰੀਕ ਲੀਡਰ ਪਾਲਿਆ ਹੁੰਦਾ ਹੈ। ਕੀ ਪਤਾ, ਕਿਹੜੇ ਵੇਲੇ ਉਹਨੂੰ ਥਾਪੀ ਦੇ ਕੇ ਭਲਵਾਨ ਬਣਾ ਦੇਵੇ! ਇਹ ਡਰ ਹਰ ਲੀਡਰ ਦੇ ਅੰਦਰ ਵੱਸਿਆ ਹੋਇਆ ਹੈ। ਬੱਸ, ਗਾਈ ਜਾਂਦੇ ਆ ਸੋਹਲੇ ਬਾਦਲਾਂ ਦੇ। ਉਨ੍ਹਾਂ ਦਾ ਤਰਕ ਹੈ ਕਿ ਬਾਦਲ ਤਾਂ ਫਖਰ-ਏ-ਕੌਮ ਹੈ ਜਿਹੜਾ ਪੰਜ ਵਾਰੀ ਮੁੱਖ ਮੰਤਰੀ ਬਣਿਆ, ਝੂਠਾ ਤੇ ਬੇਭਰੋਸੇਯੋਗ ਬੰਦਾ ਥੋੜ੍ਹਾ ਬਣ ਸਕਦਾ ਪੰਜ ਵਾਰੀ ਮੁੱਖ ਮੰਤਰੀ। ਕਿਉਂ ਨਹੀਂ ਇਹ ਭਰੋਸੇਯੋਗ, ਇਸ ਬਾਰੇ ਜਾਨਣਾ ਬੜਾ ਜ਼ਰੂਰੀ ਹੈ।
ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਤੋਂ ਬਾਅਦ ਪੰਥ ਦੀ ਸਿਆਸਤ ਵਿਚ ਪ੍ਰਕਾਸ਼ ਸਿੰਘ ਬਾਦਲ ਸਦਾ ਧੁਰਾ ਬਣਿਆ ਰਿਹਾ ਹੈ। ਹੁਣ ਤਾਂ ਸਭ ਕੁਝ ਹੀ ਉਹ ਹੈ। ਮਸਲਾ ਚੰਡੀਗੜ੍ਹ ਦਾ ਹੈ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦਾ, ਦਰਿਆਈ ਪਾਣੀਆਂ ਦਾ, ਰਾਜਾਂ ਨੂੰ ਵੱਧ ਅਧਿਕਾਰਾਂ ਦਾ, ਅਨੰਦਪੁਰ ਸਾਹਿਬ ਦੇ ਮਤੇ ਦਾ, ਵਾਗਡੋਰ ਬਾਦਲ ਦੇ ਹੱਥ ਰਹੀ। ਐਮਰਜੈਂਸੀ ਖਿਲਾਫ਼ ਮੋਰਚੇ, ਕਪੂਰੀ ਦੇ ਮੋਰਚੇ, ਧਰਮ ਯੁੱਧ ਮੋਰਚੇ, ਸਿੱਖ ਨੌਜਵਾਨਾਂ ਨੂੰ ਜੇਲ੍ਹ ਭਰੋ ਅੰਦੋਲਨ ਵੱਲ ਤੋਰਨ, ਵੋਟਾਂ ਦੇ ਬਾਈਕਾਟ, ਸੰਵਿਧਾਨ ਦੀ ਧਾਰਾ 25 ਨੂੰ ਸਾੜਨ ਆਦਿ ਸਭ ਕਾਰਵਾਈਆਂ ਇਸੇ ਬਾਦਲ ਦੀ ਰਹਿਨੁਮਾਈ ਵਿਚ ਉਦੋਂ ਹੋਈਆਂ ਜਦੋਂ ਉਸ ਕੋਲ ਰਾਜ-ਤਖ਼ਤ ਨਹੀਂ ਸੀ। ਸਿੱਖ ਨੌਜਵਾਨਾਂ ਨੂੰ ਪੰਥ ਦੇ ਨਾਂ ‘ਤੇ ਭੜਕਾਉਣ ਵਾਲਾ ਹੋਰ ਕੋਈ ਨਹੀਂ, ਇਹੋ ਬਾਦਲ ਸੀ ਜਿਸ ਦੇ ਇਸ਼ਾਰੇ ‘ਤੇ ਲੱਖਾਂ ਹੀ ਸਿੱਖ ਸੜਕਾਂ ਤੇ ਰੇਲ ਗੱਡੀਆਂ ਦੀਆਂ ਲਾਈਨਾਂ ਉਤੇ ਬਹਿ ਗਏ ਤੇ ਭਰ ਦਿੱਤੀਆਂ ਜੇਲ੍ਹਾਂ। ਆਪ ਵੀ ਜੇਲ੍ਹ ਗਿਆ, ਸਿੱਖ ਸਮਝਣ ਲੱਗੇ ਕਿ ਇਹੋ ਹੀ ਪੰਥ ਦਾ ਇਕੋ ਇਕ ਇਮਾਨਦਾਰ ਲੀਡਰ ਹੈ, ਤੇ ਲੋਕਾਂ ਨੇ ਭਰੋਸਾ ਕਰ ਕੇ ਰਾਜ-ਤਖ਼ਤ ਉਤੇ ਵੀ ਬਿਠਾ ਦਿੱਤਾ। ਬੱਸ ਤਖ਼ਤ ਮਿਲਣ ਦੀ ਦੇਰ ਸੀ, ਸਾਰੇ ਮਸਲੇ ਭੁੱਲ ਗਿਆ। ਆਪ ਤਾਂ ਜੇਲ੍ਹ ਤੋਂ ਨਿਕਲਣ ਸਾਰ ਹੁਕਮਰਾਨ ਬਣ ਗਿਆ, ਪਰ ਜਿਹੜੇ ਇਹਦੇ ਮਗਰ ਲੱਗ ਕੇ ਜੇਲ੍ਹਾਂ ਵਿਚ ਰੁਲੇ, ਉਨ੍ਹਾਂ ਦੀ ਬਾਤ ਵੀ ਨਹੀਂ ਪੁੱਛੀ। ਉਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਪਿਛੋਂ ਵੀ ਅੰਦਰੋਂ ਨਹੀਂ ਨਿਕਲਣ ਦਿੰਦਾ ਤੇ ਠੁਣਾ ਡਾਹ ਦਿੰਦਾ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਹਨ, ਪਰ ਪਿੰਕੀ ਕੈਟ ਨੂੰ ਰਿਹਾ ਕਰਨ ਵਕਤ ਇਸੇ ਬਾਦਲ ਨੇ ਟਿੱਚ ਕਰ ਕੇ ਨਹੀਂ ਜਾਣੇ ਕੋਰਟ ਦੇ ਹੁਕਮ।
ਬਾਦਲ-ਭਗਤਾਂ ਦੀ ਮੈਨੂੰ ਪਤੈ, ਇਹੋ ਦਲੀਲ ਹੋਣੀ ਹੈ ਕਿ ਇਨ੍ਹਾਂ ਸਿੱਖਾਂ ਉਤੇ ਕੇਸ ਹੀ ਬੜੇ ਸੰਗੀਨ ਹਨ, ਇਸ ਲਈ ਨਹੀਂ ਛੱਡੇ ਜਾ ਸਕਦੇ। ਉਹ ਕਿਉਂ ਭੁੱਲ ਜਾਂਦੇ ਹਨ ਕਿ ਇਸੇ ਬਾਦਲ ਉਤੇ ਵੀ ਉਨ੍ਹਾਂ ਵਰਗੇ ‘ਟਾਡਾ’ ਕੇਸ ਬਣੇ ਸੀ। ਆਪ ਫਿਰ ਕਿੱਦਾਂ ਸੁਰਖਰੂ ਹੋ ਗਿਆ ਸਾਰੇ ਸੰਗੀਨ ਕੇਸਾਂ ਵਿਚੋਂ?
ਹੁਣ ਤਾਜ਼ੀ ਤਾਜ਼ੀ ਮਿਸਾਲ ਇਥੇ ਆਪਾਂ ਜ਼ਰੂਰ ਸਾਂਝੀ ਕਰੀਏ, ਬਾਦਲ ਦੀ ਬੇਭਰੋਸਗੀ ਦੀ। ਪਿਛਲੇ ਦਿਨੀਂ ਦੀਨਾਨਗਰ ਗੋਲੀ ਕਾਂਡ ਵਿਚ ਸ਼ਹਾਦਤ ਪਾ ਗਏ ਐਸ਼ਪੀæ ਦੀ ਘਰਵਾਲੀ ਨੇ ਬਾਦਲ ਦੇ ਕੀਤੇ ਐਲਾਨ (ਕਿ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ) ਦਾ ਰੱਤੀ ਭਰ ਵੀ ਭਰੋਸਾ ਨਾ ਕੀਤਾ, ਤੇ ਐਲਾਨ ਕਰ ਦਿੱਤਾ ਕਿ ਆਪਣੇ ਪਤੀ ਦੀ ਲਾਸ਼ ਦਾ ਸਸਕਾਰ ਉਨੀ ਦੇਰ ਨਹੀਂ ਕਰੇਗੀ, ਜਿੰਨੀ ਦੇਰ ਉਹਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦੇ ਹੁਕਮ ਨਹੀਂ ਮਿਲ ਜਾਂਦੇ। ਇੰਨੇ ਵੱਡੇ ਸਦਮੇ ਵਿਚ ਵੀ ਜਦੋਂ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਹਨ, ਤਾਂ ਜ਼ਾਹਿਰ ਹੁੰਦੀ ਹੈ ਬਾਦਲਾਂ ਦੀ ਬੇਭਰੋਸਗੀ, ਤੇ ਇਸੇ ਬੇਭਰੋਸਗੀ ਕਰ ਕੇ ਹੀ ਬਾਹਰਲੇ ਸਿੱਖਾਂ ਦਾ ਗੁੱਸਾ ਇਥੇ ਆਏ ਅਕਾਲੀ ਲੀਡਰਾਂ ਨੂੰ ਝੱਲਣਾ ਪਿਆ। ਇਨ੍ਹਾਂ ਲੀਡਰਾਂ ਦੀਆਂ ਆਵਾਜ਼ਾਂ ਨੇ ਜੱਗ ਜ਼ਾਹਿਰ ਕਰ ਦਿੱਤਾ ਕਿ ਉਨ੍ਹਾਂ ‘ਤੇ ਭਗਵੇਂਕਰਨ ਦਾ ਕਿੰਨਾ ਅਸਰ ਹੈ। ਇਨ੍ਹਾਂ ਦੇ ਮੂੰਹੋਂ ਉਹੋ ਜਿਹੇ ਹੀ ਅਲਫ਼ਾਜ਼ ਨਿਕਲੇ ਜਿਹੋ ਜਿਹੇ ਭਾਰਤ ਦੇ ਹੁਕਮਰਾਨ ਪਿਛਲੇ ਕਈ ਦਹਾਕਿਆਂ ਤੋਂ ਸਿੱਖਾਂ ਦੇ ਹੱਕੀ ਮੋਰਚਿਆਂ ਬਾਰੇ ਵੀ ਇਹੋ ਭੰਡੀ ਪ੍ਰਚਾਰ ਕਰਦੇ ਆ ਰਹੇ ਹਨ ਕਿ ਉਹ ਕਿਸੇ ਬਾਹਰਲੇ ਮੁਲਕ ਦੀ ਸ਼ਹਿ ‘ਤੇ ਇਹ ਸਭ ਕਰ ਰਹੇ ਹਨ। ਉਹ ਇਸ ਨੂੰ ਮੁਲਕ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਦੱਸਦੇ ਆਏ ਹਨ। ਮੋਰਚਿਆਂ ਨੂੰ ਕਿਸੇ ਬਾਹਰਲੀ ਏਜੰਸੀ ਦੀ ਸ਼ਹਿ ‘ਤੇ ਭਾਰਤ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਆਖਦੇ ਆਏ ਹਨ। ਬਾਦਲ ਖੁਦ ਇਸ ਪ੍ਰਚਾਰ ਨਾਲ ਅਸਹਿਮਤ ਰਿਹਾ ਹੈ, ਪਰ ਇਸ ਫੇਰੀ ਵਿਚ ਆਏ ਦਿੱਲੀ ਦੇ ਦੋ ਅਕਾਲੀ ਲੀਡਰ ਮਨਜੀਤ ਸਿੰਘ ਜੀæਕੇæ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਹੋ ਲਾਈਨ ਫੜੀ ਰੱਖੀ। ਦੇਖਿਆ ਜਾਵੇ ਤਾਂ ਜੀæਕੇæ ਭਲਾ ਕਿਹੜੇ ਸਰਕਾਰੀ ਅਹੁਦੇ ਉਤੇ ਹੈ ਕਿ ਉਸ ਨੇ ਅਮਰੀਕੀ ਅਫਸਰਾਂ ਨਾਲ ਮੁਲਾਕਾਤ ਕਰਕੇ ਸਿੱਖ ਸ਼ਨਾਖਤ ਨਾਲੋਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਜਿਹੜੇ ਸਿੱਖਾਂ ਨੇ ਰਿਫ਼ਿਊਜੀ ਕੇਸ ਇਕ ਖਾਸ ਵਕੀਲ (ਜਿਸ ਨੇ ਜੀæਕੇæ ਨੂੰ ਅਮਰੀਕੀ ਕੋਰਟ ਤੋਂ ਸੰਮਨ ਭਿਜਵਾਏ) ਰਾਹੀਂ ਕਰ ਕੇ ਪੱਕੇ ਹੋਏ ਹਨ, ਉਨ੍ਹਾਂ ਦੇ ਕੇਸ ਖੁਲ੍ਹਵਾ ਕੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਵੇ। ਅਗਲੀ ਗੱਲ ਬਾਦਲ ਦਾ ਵਿਰੋਧ ਕਰਨ ਵਾਲੇ ਅਮਰੀਕੀ ਸਿੱਖਾਂ ਬਾਰੇ ਉਸ ਨੇ ਇਹ ਕਹੀ ਕਿ ਇਹ ਸਾਰੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈæਐਸ਼ਆਈæ ਦੇ ਏਜੰਟ ਹਨ ਤੇ ਇਹ ਸਾਰੇ ਖਤਰਨਾਕ ਹਨ ਜੋ ਭਾਰਤ ਤੇ ਅਮਰੀਕਾ-ਦੋਹਾਂ ਲਈ ਖਤਰਾ ਹਨ। ਭਲਾ ਉਹ ਸਿੱਖਾਂ ਦੀ ਵੱਖਰੀ ਪਛਾਣ ਬਣਾਉਣ ਆਇਆ ਸੀ ਅਮਰੀਕਾ ਵਿਚ? ਕਿਸ ਦੀ ਬੋਲੀ ਬੋਲੀ ਜਾ ਰਹੀ ਸੀ ਇਹ? ਹੈਰਾਨੀ ਤਾਂ ਇਨ੍ਹਾਂ ਲੀਡਰਾਂ ਦੀ ਅਕਲ ‘ਤੇ ਹੁੰਦੀ ਆ, ਕਿ ਇਹ ਉਸ ਅਮਰੀਕਾ ਨੂੰ ਦੱਸਣ ਆਉਂਦੇ ਹਨ ਕਿ ਤੁਹਾਨੂੰ ਖਤਰਾ ਇਨ੍ਹਾਂ ਸਿੱਖਾਂ ਤੋਂ ਹੈ, ਜੋ ਦੁਨੀਆਂ ਦੇ ਹਰ ਖੂੰਜੇ ‘ਤੇ ਆਪਣੀ ਬਾਜ਼ ਨਜ਼ਰ ਰੱਖਦਾ ਹੈ।
ਸਿੱਖਾਂ ਵਿਰੁਧ ਭਾਰਤੀ ਸਟੇਟ ਦੇ ਭਗਵੇਂਕਰਨ ਨੇ ਜਿਹੜੀ ਚਾਲ ਦੀ ਹੁਣ ਸ਼ੁਰੂ ਕੀਤੀ ਹੈ, ਉਹ ਇਨ੍ਹਾਂ ਨੂੰ ਕੌਮਾਂਤਰੀ ਪੱਧਰ ‘ਤੇ ਬਦਨਾਮ ਕਰਨ ਦੀ ਹੈ ਤੇ ਇਸ ਕੰਮ ਵਿਚ ਬਾਦਲ ਮੋਹਰੀ ਆ। ਬਾਹਰਲੇ ਸਿੱਖ ਇਸ ਗੱਲੋਂ ਸੁਚੇਤ ਹਨ, ਤਾਂ ਹੀ ਉਹ ਬਾਦਲਾਂ ਦੇ ਜ਼ਰ-ਖ਼ਰੀਦ ਲੀਡਰਾਂ ਦੀ ਪੂਚ-ਪੂਚ ਕਰਨ ਦੀ ਥਾਂ ਸਿੱਧੇ ਮੱਥੇ ਵਿਚ ਵੱਜੇ ਤਾਂ ਕਿ ਇਨ੍ਹਾਂ ਦਾ ਆਕਾ ਬਾਦਲ ਦੇਖ ਲਵੇ ਕਿ ਉਹਦੀ ਟੈਂ ਹੁਣ ਬਾਹਰਲੇ ਸਿੱਖ ਮੰਨਣ ਵਾਲੇ ਨਹੀਂ। ਬੜੀ ਹੈਰਾਨੀ ਹੋਈ, ਇਹ ਪੜ੍ਹ-ਸੁਣ ਕੇ ਕਿ ਵਾਪਸ ਜਾ ਕੇ ਇਹ ਲੀਡਰ ਕਹੀ ਜਾਂਦੇ ਹਨ ਕਿ ਸਮੂਹ ਸਿੱਖਾਂ ਨੇ ਬਹੁਤ ਭਰਵਾਂ ਸਵਾਗਤ ਕੀਤਾ! ਇਹ ਜਾਣ ਕੇ ਹੋਰ ਵੀ ਵੱਡਾ ਝਟਕਾ ਲੱਗਾ ਕਿ ਗਿਆਨੀ ਗੁਰਬਚਨ ਸਿੰਘ ਨੇ ਇਨ੍ਹਾਂ ਸਿੱਖਾਂ ਨੂੰ ਬਾਦਲਕਿਆਂ ਵਾਂਗ ਨਿੰਦ ਦਿੱਤਾ। ਇਕ ਗੱਲ ਇਹ ਸਾਰੇ ਲੀਡਰ ਤੇ ਵਿਚੇ ਇਹ ਜਥੇਦਾਰ ਚੰਗੀ ਤਰ੍ਹਾਂ ਲੜ ਬੰਨ੍ਹ ਲੈਣ ਕਿ ਦੂਜੇ ਮੁਲਕ ਵਿਚ ਜਾ ਕੇ ਉਹਦੇ ਹੀ ਨਾਗਰਿਕਾਂ ਬਾਰੇ ਮੰਦਾ ਬੋਲਣਾ ਅਮਰੀਕਾ ਦੇ ਅੰਦਰੂਨੀ ਕੰਮ-ਕਾਜ ਵਿਚ ਦਖਲਅੰਦਾਜ਼ੀ ਹੈ ਤੇ ਇਥੋਂ ਦੀਆਂ ਅਦਾਲਤਾਂ ਇਹਦਾ ਬੜਾ ਗੰਭੀਰ ਨੋਟਿਸ ਲੈਂਦੀਆਂ ਹਨ। ਲੈਣੇ ਦੇ ਦੇਣੇ ਨਾ ਪੈ ਜਾਣ ਕਿਤੇ।
ਜੇ ਬਾਦਲ ਨੂੰ ਬਾਹਰਲੇ ਸਿੱਖਾਂ ਦੀ ਵੱਖਰੀ ਪਛਾਣ ਦਾ ਬਹੁਤਾ ਹੀ ਫਿਕਰ ਹੈ ਤਾਂ ਸਿਰਫ਼ ਸਿਕੰਦਰ ਸਿੰਘ ਮਲੂਕੇ ਨੂੰ ਹੀ ਭੇਜਿਆ ਕਰੇ। ਕੈਨੇਡਾ ਵਿਚ ਤਾਂ ਉਹ ਪੱਕੀ ਪਛਾਣ ਬਣਾ ਗਿਆ; ਤਾਂ ਹੀ ਉਥੋਂ ਦੇ ਰੱਖਿਆ ਮੰਤਰੀ ਨੇ ਬੜਾ ਧੰਨਵਾਦ ਕੀਤਾ! ਲੱਗਦੇ ਹੱਥ ਇਹਨੂੰ ਇਸੇ ਮਿਸ਼ਨ ‘ਤੇ ਅਮਰੀਕਾ ਵੀ ਭੇਜਿਆ ਜਾਵੇ, ਸ਼ਾਇਦ ਬਰਾਕ ਓਬਾਮਾ ਹੀ ਧੰਨਵਾਦ ਕਰ ਦੇਵੇ। ਨਾਲੇ ਉਹ ਵਿਚਾਰਾ ਉਸ ਤੋਂ ਵੀæਵੀæਆਈæਪੀæ ਬਣਨ ਦੇ ਗੁਰ ਸਿੱਖ ਲਊ।
ਖੁਦ ਬਾਦਲ ਤੇ ਉਹਦੇ ਬਾਹਰਲੇ ਹਮਦਰਦਾਂ ਨੂੰ ਇਹ ਗੱਲ ਸਮਝ ਲੈਣ ਕਿ ਬਾਦਲ ਦੀ ਮੁਖ਼ਾਲਫ਼ਤ ਕਰਨ ਵਾਲੇ ਬਾਹਰਲੇ ਸਿੱਖਾਂ ਦਾ ਕੋਈ ਨਿਜੀ ਮੁਫ਼ਾਦ ਨਹੀਂ, ਉਹ ਤਾਂ ਪੰਥ ਦੀ ਚੜ੍ਹਦੀ ਕਲਾ ਤੇ ਪੰਜਾਬ ਦੇ ਭਲੇ ਦੀ ਲੋਚਾ ਰੱਖਦੇ ਹਨ। ਜਿਹੜੇ ਇਨ੍ਹਾਂ ਨੂੰ ਏਜੰਟ ਤੇ ਗੁੰਮਰਾਹ ਹੋਏ ਕਹਿੰਦੇ ਆ, ਉਹ ਇਹ ਨਹੀਂ ਜਾਣਦੇ ਕਿ ਇਨ੍ਹਾਂ ਵਿਚੋਂ ਬਹੁਤਿਆਂ ਦਾ ਸਬੰਧ ਕਦੇ ਅਕਾਲੀ ਦਲ ਨਾਲ ਰਹਿ ਚੁੱਕਾ ਹੈ। ਕਈਆਂ ਦੇ ਪੁਰਖਿਆਂ ਨੇ ਤਾਂ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਇਸੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਤੀ ‘ਤੇ ਲਾ ਦਿੱਤੇ, ਆਪਣੀਆਂ ਜਾਇਦਾਦਾਂ ਕੁਰਕ ਕਰਵਾਈਆਂ। ਉਸ ਵਕਤ ਉਨ੍ਹਾਂ ਨੇ ਕਦੇ ਚਿਤਵਿਆ ਨਹੀਂ ਹੋਣਾ ਕਿ ਕੋਈ ਸਮਾਂ ਆਉਣੈ, ਇਹ ਅਕਾਲੀ ਦਲ ਇਕ ਪਰਿਵਾਰ, ਜੀਜੇ-ਸਾਲੇ ਦਾ ਬਣ ਕੇ ਪੰਥ ਤੇ ਪੰਜਾਬੀਆਂ ਦੀਆਂ ਹੀ ਜੜ੍ਹਾਂ ਵਿਚ ਬੈਠ ਜਾਵੇਗਾ। ਇਨ੍ਹਾਂ ਸਿੱਖਾਂ ਦੀ ਜ਼ਮੀਰ ਨੂੰ ਆਪਣੇ ਪੁਰਖਿਆਂ ਦੀ ਕੁਰਬਾਨੀ ਇਨ੍ਹਾਂ ਲੀਡਰਾਂ ਦੀ ਮੁਖਾਲਫਤ ਕਰਨ ਲਈ ਝੰਜੋੜਦੀ ਹੈ।