ਇਉਂ ਹੋਈ ਤਾਲਿਬਾਨ ਦੀ ਚੜ੍ਹਤ

ਅਫ਼ਸਾਨਾ-ਏ-ਅਫ਼ਗ਼ਾਨਿਸਤਾਨ-3
ਅਫ਼ਗ਼ਾਨਿਸਤਾਨ ਚਿਰਾਂ ਤੋਂ ਅਸਥਿਰਤਾ ਦੀ ਮਾਰ ਹੇਠ ਹੈ। ਸਿਆਸੀ ਅਤੇ ਸਮਾਜਕ ਉਥਲ-ਪੁਥਲ ਨੇ ਇਸ ਮੁਲਕ ਦਾ ਬੜਾ ਕੁਝ ਲੀਹੋਂ ਲਾਹ ਦਿੱਤਾ ਹੋਇਆ ਹੈ। ਅਫ਼ਗ਼ਾਨਿਸਤਾਨ ਦੇ ਇਸ ਪਿਛੋਕੜ ਅਤੇ ਅੱਜ ਦੇ ਹਾਲਾਤ ਦਾ ਲੇਖਾ-ਜੋਖਾ ਪੰਜਾਬੀ ਦੇ ਨਿਰਾਲੇ ਬਿਰਤਾਂਤਕਾਰ ਹਰਮਹਿੰਦਰ ਚਹਿਲ ਨੇ ਆਪਣੀ ਇਸ ਲੰਬੀ ਰਚਨਾ ਵਿਚ ਕੀਤਾ ਹੈ ਜੋ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। ‘

ਪੰਜਾਬ ਟਾਈਮਜ਼’ ਦੇ ਪਾਠਕ 2013 ਵਿਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਹਾਲਾਤ ਬਾਰੇ ਲਿਖਿਆ ਲੇਖਕ ਦਾ ਨਾਵਲ ‘ਆਫੀਆ ਸਿੱਦੀਕੀ ਦਾ ਜਹਾਦ’ ਪੜ੍ਹ ਚੁੱਕੇ ਹਨ, ਜੋ ਬੇਹੱਦ ਪਸੰਦ ਕੀਤਾ ਗਿਆ ਸੀ। ਉਮੀਦ ਹੈ ਪਾਠਕ ਇਹ ਲਿਖਤ ਵੀ ਪਸੰਦ ਕਰਨਗੇ। ਚਹਿਲ ਨੇ ਪੰਜ ਕਹਾਣੀ ਸੰਗ੍ਰਹਿਆਂ ਤੋਂ ਇਲਾਵਾ ‘ਹੋਣੀ’ ਅਤੇ ‘ਬਲੀ’ ਨਾਵਲ ਲਿਖ ਕੇ ਪੰਜਾਬੀ ਸਾਹਿਤ ਜਗਤ ਵਿਚ ਪੈਂਠ ਬਣਾਈ ਹੈ। ‘ਬਲੀ’ ਵਿਚ ਪੰਜਾਬ ਸੰਕਟ ਦੀਆਂ ਪਰਤਾਂ ਫਰੋਲੀਆਂ ਗਈਆਂ ਹਨ ਅਤੇ ‘ਹੋਣੀ’ ਪਰਵਾਸ ਨਾਲ ਜੁੜੇ ਮਸਲਿਆਂ ਨਾਲ ਜੁੜੀ ਤੰਦ-ਤਾਣੀ ਦਾ ਖੁਲਾਸਾ ਕਰਦਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਤੋਂ ਅਮਰੀਕਾ ਆ ਵੱਸੇ ਹਰਮਹਿੰਦਰ ਚਹਿਲ ਦੀਆਂ ਰਚਨਾਵਾਂ ਵਿਚ ਪੇਸ਼ ਆਲੇ-ਦੁਆਲੇ ਦਾ ਬਾਰੀਕ ਬਿਰਤਾਂਤ ਉਸ ਦੀਆਂ ਰਚਨਾਵਾਂ ਦੀ ਖਾਸੀਅਤ ਬਣਦਾ ਹੈ। ਇਨ੍ਹਾਂ ਰਚਨਾਵਾਂ ਵਿਚ ਹਕੀਕਤ ਝਾਤੀਆਂ ਮਾਰਦੀ ਦਿਸਦੀ ਹੈ ਅਤੇ ਪਾਠਕਾਂ ਨੂੰ ਆਪਣੇ ਨਾਲ ਤੁਰਨ ਲਈ ਸੈਨਤਾਂ ਮਾਰਦੀ ਹੈ। -ਸੰਪਾਦਕ

ਹਰਮਹਿੰਦਰ ਚਹਿਲ
ਫੋਨ: 703-362-3239
20ਵੀਂ ਸਦੀ ਦੇ ਸੱਤਵੇਂ ਦਹਾਕੇ ਦਰਮਿਆਨ ਸ਼ੁਰੂ ਹੋਈ ਲੜਾਈ ਤੇ ਪਿੱਛੋਂ ਬਣੀ ਇਸ ਘਰੇਲੂ ਜੰਗ ਵਿਚ ਪੰਦਰਾਂ ਲੱਖ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਸਨ ਤੇ ਰੋਜ਼ ਸੈਂਕੜੇ ਮਰ ਰਹੇ ਸਨ। ਇਸ ਤਰ੍ਹਾਂ ਦੇ ਹਾਲਾਤ ਵਿਚ ਕੁਝ ਲੋਕ ਅਜਿਹੇ ਵੀ ਸਨ ਜੋ ਅਫਗਾਨਿਸਤਾਨ ਦੀ ਬਰਬਾਦੀ ਬਾਰੇ ਫਿਕਰਮੰਦ ਸਨ। ਇਹ ਉਹ ਨੌਜਵਾਨ ਲੜਾਕੇ ਸਨ ਜਿਹੜੇ ਰੂਸ ਖਿਲਾਫ ਲੜੇ ਸਨ ਅਤੇ ਪਿੱਛੋਂ ਜਾ ਕੇ ਤਾਲਿਬਾਨ ਲਹਿਰ ਦੇ ਕਰਤਾ-ਧਰਤਾ ਬਣੇ। ਮੁੱਲਾ ਉਮਰ, ਮੁੱਲਾ ਮੁਹੰਮਦ ਹਸਨ ਰਹਿਮਾਨੀ, ਨੂਰਦੀਨ ਤਰਾਬੀ, ਮੁਹੰਮਦ ਗੌਸ, ਮੁੱਲਾ ਵਕੀਲ ਅਹਿਮਦ, ਅਬਦਲ ਮਜੀਦ ਅਤੇ ਬਹੁਤ ਸਾਰੇ ਹੇਠਲੀ ਸਤਰ ਦੇ ਲੜਾਕੇ ਇਨ੍ਹਾਂ ਵਿਚੋਂ ਇੱਕ ਸਨ। ਇਨ੍ਹਾਂ ਦਾ ਸੋਚਣਾ ਸੀ ਕਿ ਰੂਸ ਖਿਲਾਫ ਇੰਨੀ ਭਿਆਨਕ ਲੜਾਈ ਲੜਨ ਦਾ ਫਾਇਦਾ ਕੀ ਹੋਇਆ ਜਦੋਂ ਹਾਲਤ ਹੀ ਸੁਧਰ ਨਹੀਂ ਸਕੀ। ਇਨ੍ਹਾਂ ਦਾ ਮੰਨਣਾ ਸੀ ਕਿ ਇਹ ਲੜਾਕੇ (ਵਾਰ ਲੌਰਡ) ਅਤੇ ਲੀਡਰ ਕਿਸੇ ਸਾਂਝੇ ਕੰਮ ਲਈ ਨਹੀਂ, ਸਗੋਂ ਆਪੋ ਆਪਣੇ ਹਿਤਾਂ ਲਈ ਕਬਜ਼ੇ ਜਮਾਈ ਬੈਠੇ ਹਨ। ਇਨ੍ਹਾਂ ਨੂੰ ਲੱਗਦਾ ਸੀ ਕਿ ਇਨ੍ਹਾਂ ਲੀਡਰਾਂ ਨੂੰ ਸੱਤਾ ਤੋਂ ਪਾਸੇ ਕਰਨਾ ਉਤਨਾ ਹੀ ਜ਼ਰੂਰੀ ਹੈ ਜਿੰਨਾ ਰੂਸ ਨੂੰ ਭਜਾਉਣਾ ਸੀ।
ਇਹ ਲੋਕ ਸਾਂਝੀਆਂ ਮੀਟਿੰਗਾਂ ਬਗੈਰਾ ਕਰ ਕੇ ਇਕ ਦੂਜੇ ਦੇ ਰਾਬਤੇ ਵਿਚ ਸਨ। ਇਨ੍ਹਾਂ ਦੀ ਸੋਚ ਸੀ ਕਿ ਅਫਗਾਨਿਸਤਾਨ ਅੰਦਰ ਪੱਕੇ ਤੌਰ ‘ਤੇ ਸੁਖ ਸ਼ਾਂਤੀ ਲਈ ਇੱਕ ਹੋਰ ਵੱਡੀ ਲੜਾਈ ਲੜਨੀ ਪਵੇਗੀ। ਇਸ ਦੇ ਲਈ ਜਿਨ੍ਹਾਂ ਲੜਾਕਿਆਂ ਦੀ ਲੋੜ ਪੈਣੀ ਸੀ, ਉਹ ਵੀ ਇਨ੍ਹਾਂ ਦੀ ਨਜ਼ਰ ਵਿਚ ਸਨ; ਇਹ ਸਨ ਪਾਕਿਸਤਾਨ ਦੇ ਪਿਸ਼ਾਵਰ ਇਲਾਕੇ ਵਿਚਲੇ ਮਦਰੱਸਿਆਂ ਅੰਦਰ ਤਾਲੀਮ ਹਾਸਲ ਕਰਨ ਵਾਲੇ ਅਫਗਾਨ ਰਿਫਿਊਜੀ ਬੱਚੇ। ਇਨ੍ਹਾਂ ਵਿਚ ਬਹੁਤੇ ਯਤੀਮ ਸਨ ਜੋ ਜ਼ਿਆਦਾਤਰ ਜਨਮੇ ਹੀ ਪਾਕਿਸਤਾਨ ਵਿਚ ਸਨ ਜਾਂ ਫਿਰ ਬਹੁਤ ਛੋਟੀ ਉਮਰ ‘ਚ ਅਫਗਾਨਿਸਤਾਨ ਵਿਚੋਂ ਪਰਿਵਾਰਾਂ ਨਾਲ ਭੱਜ ਕੇ ਗਏ ਸਨ। ਇਨ੍ਹਾਂ ‘ਚੋਂ ਬਹੁਤਿਆਂ ਦੇ ਮਾਪੇ ਜੰਗ ਦੌਰਾਨ ਮਾਰੇ ਜਾ ਚੁੱਕੇ ਸਨ। ਇਨ੍ਹਾਂ ਨੂੰ ਮਦਰੱਸਿਆਂ ਅੰਦਰ ਮਜ਼ਹਬੀ ਤਾਲੀਮ ਦੇ ਨਾਲ ਨਾਲ ਜਹਾਦ ਦੀ ਸਿੱਖਿਆ ਦਿੱਤੀ ਜਾ ਰਹੀ ਸੀ। ਪਾਕਿਸਤਾਨੀ ਖੁਫੀਆ ਏਜੰਸੀ ਆਈæਐਸ਼ਆਈæ ਇਨ੍ਹਾਂ ਨੂੰ ਤਿਆਰ ਕਰ ਰਹੀ ਸੀ। ਇਹ ਸਾਰੇ ਵੀਹ ਸਾਲ ਤੋਂ ਛੋਟੀ ਉਮਰ ਦੇ ਸਨ। ਇਨ੍ਹਾਂ ਨੂੰ ਤਾਲਿਬ ਕਿਹਾ ਜਾਂਦਾ ਸੀ (ਤਾਲਿਬ ਦਾ ਮਤਲਬ ਵਿਦਿਆਰਥੀ; ਤਾਲਿਬਾਨ, ਤਾਲਿਬ ਦਾ ਬਹੁ-ਬਚਨ ਹੈ)। ਇਹ ਸ਼ਬਦ ਮੁੱਲਾ ਦੇ ਉਲਟ ਹੈ(ਮੁੱਲਾ ਦਾ ਮਤਲਬ ਹੈ ਸਿੱਖਿਆ ਦੇਣ ਵਾਲਾ)। ਮੁੱਲਾ ਉਮਰ ਅਤੇ ਉਸ ਦੇ ਸਾਥੀਆਂ ਨੇ ਇਨ੍ਹਾਂ ਨੂੰ ਸੰਭਾਲਣ ਵਾਲਿਆਂ ਨਾਲ ਨੇੜਲਾ ਸਬੰਧ ਬਣਾਇਆ ਹੋਇਆ ਸੀ। ਉਹ ਕਿਸੇ ਢੁਕਵੇਂ ਮੌਕੇ ਦੀ ਭਾਲ ਵਿਚ ਸਨ, ਜਿਥੋਂ ਲੜਾਈ ਸ਼ੁਰੂ ਕੀਤੀ ਜਾਵੇ। ਫਿਰ ਅਚਨਚੇਤ ਇਹ ਢੁਕਵਾਂ ਵਕਤ ਆਣ ਪਹੁੰਚਿਆ।
ਮੁੱਲਾ ਉਮਰ ਗਰੀਬ ਪਰਿਵਾਰ ਵਿਚ ਜਨਮਿਆਂ ਸਾਧਾਰਨ ਪੇਂਡੂ ਕਿਸਾਨ ਸੀ। ਉਹ ਕੰਧਾਰ ਦੇ ਜ਼ਿਲ੍ਹਾ ਮੇਵੰਡ ਵਿਚ ਪੈਂਦੇ ਪਿੰਡ ਸਿੰਗੇਸਰ ਅੰਦਰ ਛੋਟਾ ਜਿਹਾ ਮਦਰੱਸਾ ਚਲਾਉਂਦਾ ਸੀ। ਉਸ ਨੇ 1989 ਤੋਂ 1992 ਤੱਕ ਹਿਜ਼ਬ-ਏ-ਇਸਲਾਮੀ ਪਾਰਟੀ ਦੀ ਕਮਾਂਡ ਵਿਚ ਜਹਾਦ ‘ਚ ਹਿੱਸਾ ਲਿਆ ਸੀ। ਨਜੀਬਉੱਲਾ ਦੀ ਸਰਕਾਰ ਖਤਮ ਹੋਣ ਪਿੱਛੋਂ ਉਹ ਆਪਣੇ ਪਿੰਡ ਮੁੜ ਆਇਆ ਤੇ ਫਿਰ ਤੋਂ ਮਦਰੱਸਾ ਚਲਾਉਣ ਲਿਆ। ਉਦੋਂ ਤੱਕ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਹੋ ਇਨਸਾਨ ਇੱਕ ਦਿਨ ਤਾਲਿਬਾਨ ਦਾ ਸਭ ਤੋਂ ਵੱਡਾ ਅਤੇ ਤਾਕਤਵਰ ਲੀਡਰ ਬਣੇਗਾ। ਉਸ ਵੇਲੇ ਨਵੇਂ ਤਾਲਿਬ, ਗਰੁੱਪ ਬਣਾ ਕੇ ਇੱਧਰ-ਉੱਧਰ ਘੁੰਮ ਰਹੇ ਸਨ, ਪਰ ਯੋਗ ਅਗਵਾਈ ਬਿਨਾਂ ਇਨ੍ਹਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਰਨ! ਫਿਰ ਉਸ ਵੇਲੇ ਸਬੱਬੀਂ ਅਜਿਹੀ ਘਟਨਾ ਵਾਪਰ ਗਈ ਜਿਸ ਨਾਲ ਮੁੱਲਾ ਉਮਰ ਲਈ ਉਚਾਈਆਂ ਵੱਲ ਜਾਣ ਦਾ ਰਾਹ ਖੁੱਲ੍ਹ ਗਿਆ। ਹੋਇਆ ਇਹ ਕਿ ਕੰਧਾਰ ਇਲਾਕੇ ਦੇ ਕਿਸੇ ਫੌਜੀ ਕਮਾਂਡਰ ਨੇ ਨੇੜਲੇ ਕਿਸੇ ਪਿੰਡ ਦੀ ਮੁਟਿਆਰ ਅਗਵਾ ਕਰ ਲਈ। ਉਥੋਂ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਮੁੱਲਾ ਉਮਰ ਨੇਕ ਮਜ਼ਹਬੀ ਸ਼ਖਸੀਅਤ ਅਤੇ ਚੰਗਾ ਲੜਾਕਾ ਸੀ। ਪਿੰਡ ਵਾਲਿਆਂ ਨੇ ਉਸ ਦੀ ਮਦਦ ਮੰਗੀ। ਸਮਾਜਕ ਕੰਮ ਹੋਣ ਕਰ ਕੇ ਉਹ ਮੰਨ ਗਿਆ। ਉਸ ਨੇ ਇਲਾਕੇ ‘ਚੋਂ ਪੰਝੀ ਤੀਹ ਲੜਾਕੇ ਮੁੰਡੇ ਇਕੱਠੇ ਕੀਤੇ ਤੇ ਰਾਤ ਦੇ ਹਨੇਰੇ ਵਿਚ ਕਮਾਂਡਰ ਦੀ ਪੋਸਟ ‘ਤੇ ਹੱਲਾ ਬੋਲ ਦਿੱਤਾ। ਫਿਰ ਨਾ ਸਿਰਫ ਉਸ ਨੇ ਕੁੜੀ ਨੂੰ ਰਿਹਾਅ ਕਰਵਾਇਆ, ਸਗੋਂ ਕਮਾਂਡਰ ਨੂੰ ਮਾਰ ਕੇ ਲਾਸ਼ ਟੈਂਕ ਦੀ ਨਾਲੀ ਨਾਲ ਟੰਗ ਦਿੱਤੀ। ਉਸ ਦਾ ਸਾਰਾ ਅਸਲਾ ਵੀ ਚੁੱਕ ਲਿਆਂਦਾ। ਅਗਲੇ ਦਿਨ ਲੋਕਾਂ ਨੇ ਕਮਾਂਡਰ ਦੀ ਲਾਸ਼ ਲਮਕਦੀ ਵੇਖੀ ਤੇ ਪੂਰੀ ਘਟਨਾ ਸੁਣੀ ਤਾਂ ਹਰ ਪਾਸੇ ਮੁੱਲਾ ਉਮਰ ਦਾ ਗੁਣਗਾਨ ਹੋਣ ਲੱਗਿਆ। ਫਿਰ ਤਾਂ ਹਰ ਦੂਜੇ ਤੀਜੇ ਦਿਨ, ਮੁਕਾਮੀ ਕਮਾਂਡਰਾਂ ਦੇ ਸਤਾਏ ਲੋਕ, ਮੁੱਲਾ ਉਮਰ ਕੋਲ ਪਹੁੰਚਣ ਲੱਗੇ। ਉਹ ਵੀ ਪੂਰੀ ਤਨਦੇਹੀ ਨਾਲ ਲੋਕਾਂ ਦੀ ਮੱਦਦ ਕਰਨ ਲੱਗਿਆ। ਹੌਲੀ ਹੌਲੀ ਇਲਾਕੇ ਵਿਚ ਉਸ ਦਾ ਨਾਂ ਗੂੰਜਣ ਲੱਗਿਆ ਤੇ ਉਹ ਤਾਲਿਬਾਨ ਦੀ ਨਜ਼ਰ ਚੜ੍ਹ ਗਿਆ। ਸਾਰਿਆਂ ਨੇ ਇਕੱਠੇ ਹੋ ਕੇ ਉਸ ਨੂੰ ਆਪਣਾ ਨੇਤਾ ਬਣਨ ਲਈ ਬੇਨਤੀ ਕੀਤੀ। ਮੁੱਲਾ ਉਮਰ ਮੰਨ ਗਿਆ। ਥੋੜ੍ਹੇ ਦਿਨਾਂ ਪਿੱਛੋਂ ਹੀ ਉਸ ਨੇ ਸਾਰਿਆਂ ਦੀ ਵੱਡੀ ਮੀਟਿੰਗ ਬੁਲਾਈ ਜਿਸ ‘ਚ ਦੂਰ-ਪਾਰ ਦੇ ਸਭ ਤਾਲਿਬ ਪਹੁੰਚੇ। ਇਥੇ ਹੀ ਉਨ੍ਹਾਂ ਰਣਨੀਤੀ ਬਣਾਉਂਦਿਆਂ ਆਪਣਾ ਏਜੰਡਾ ਤੈਅ ਕੀਤਾ।
ਸੋ, ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਤ ਕਰਨਾ, ਲੋਕਾਂ ਕੋਲੋਂ ਨਜਾਇਜ਼ ਅਸਲਾ ਜਮਾਂ ਕਰਵਾਉਣਾ, ਸ਼ਰੀਅਤ ਕਾਨੂੰਨ ਲਾਗੂ ਕਰਨਾ ਤੇ ਅਫਗਾਨਿਸਤਾਨ ਦੀ ਗੁਆਚੀ ਅਣਖ ਹਾਸਿਲ ਕਰਨਾ ਸਾਂਝਾ ਏਜੰਡਾ ਬਣ ਗਿਆ। ਇਸ ਦੇ ਨਾਲ ਹੀ ਖਿੰਡੇ ਫਿਰਦੇ ਅਤੇ ਪਾਕਿਸਤਾਨ ਦੇ ਮਦਰੱਸਿਆਂ ਵਿਚ ਤਾਲੀਮ ਹਾਸਿਲ ਕਰ ਰਹੇ ਤਾਲਿਬ, ਮੁੱਲਾ ਉਮਰ ਦੇ ਝੰਡੇ ਹੇਠਾਂ ਇਕੱਠੇ ਹੋਣ ਲੱਗੇ। ਛੇਤੀ ਹੀ ਇਹ ਤਾਲਿਬਾਨ ਵਜੋਂ ਮਸ਼ਹੂਰ ਹੋ ਗਏ। ਹੁਣ ਇਨ੍ਹਾਂ ਦਾ ਪਹਿਲਾ ਕੰਮ ਹਰ ਪਾਸੇ ਪੈਰ ਜਮਾਈ ਬੈਠੇ ਭ੍ਰਿਸ਼ਟ ਤੇ ਜ਼ਾਲਮ ਕਮਾਂਡਰਾਂ ਤੋਂ ਅਫਗਾਨਿਸਤਾਨ ਨੂੰ ਆਜ਼ਾਦ ਕਰਵਾਉਣਾ ਸੀ। ਪਾਕਿਸਤਾਨ ਨੇ ਤਾਲਿਬਾਨ ਲਹਿਰ ਨੂੰ ਉਤਸ਼ਾਹ ਨਾਲ ਵੇਖਿਆ। ਤਾਲਿਬਾਨ ਨੇ ਪਹਿਲਾ ਫੌਜੀ ਹਮਲਾ, ਪਾਕਿਸਤਾਨ ਦੇ ਚਮਨ ਬਾਰਡਰ ‘ਤੇ ਪੈਂਦੀ ਅਫਗਾਨਿਸਤਾਨ ਅੰਦਰਲੀ ਸਪਿਨ ਬਾਲਡਿਕ ਨਾਮੀ ਚੈੱਕ ਪੋਸਟ ‘ਤੇ ਕੀਤਾ। ਇਸ ਇਲਾਕੇ ਵਿਚ ਗੁਲਬੂਦੀਨ ਹਿਕਮਤਯਾਰ ਦਾ ਕਬਜ਼ਾ ਸੀ ਤੇ ਇਹ ਚੈੱਕ ਪੋਸਟ ਉਸੇ ਦੀ ਨਿਗਰਾਨੀ ਹੇਠ ਸੀ। ਦੋ ਕੁ ਸੌ ਦੇ ਕਰੀਬ ਤਾਲਿਬਾਨ ਨੇ ਨਵੀਨ ਹਥਿਆਰਾਂ ਨਾਲ ਹੱਲਾ ਬੋਲਿਆ ਤੇ ਹਿਕਮਤਯਾਰ ਦੇ ਲੜਾਕਿਆਂ ਨੂੰ ਖਦੇੜ ਦਿੱਤਾ। ਉਹ ਕਾਮਯਾਬ ਹੋ ਗਏ ਤਾਂ ਪਾਕਿਸਤਾਨ ਨੇ ਸ਼ਹਿ ਦੇ ਕੇ ਉਨ੍ਹਾਂ ਤੋਂ ਹਿਕਮਤਯਾਰ ਦੇ ਨੇੜਲੇ ਲੁਕਵੇਂ ਫੌਜੀ ਡਿੱਪੂ ਦੇ ਹੱਲਾ ਕਰਵਾ ਦਿੱਤਾ। ਤਾਲਿਬਾਨ ਇਸ ਵਿਚ ਵੀ ਕਾਮਯਾਬ ਹੋ ਗਏ ਤੇ ਉਨ੍ਹਾਂ ਨੇ ਹਿਕਮਤਯਾਰ ਦਾ ਬਹੁਤ ਸਾਰਾ ਫੌਜੀ ਸਾਜ਼ੋ-ਸਮਾਨ ਹਥਿਆ ਲਿਆ ਜਿਸ ਵਿਚ ਹਜ਼ਾਰਾਂ ਏæਕੇæ ਸੰਤਾਲੀ ਰਾਈਫਲਾਂ ਅਤੇ ਵੱਡੇ ਹਥਿਆਰ ਸ਼ਾਮਲ ਸਨ। ਇਸ ਘਟਨਾ ਨੇ ਤਾਲਿਬਾਨ ਦੇ ਹੌਸਲੇ ਬੁਲੰਦ ਕਰ ਦਿੱਤੇ। ਇਸ ਵੇਲੇ ਇਲਾਕੇ ਦੇ ਵਾਰਲੌਰਡਾਂ ਨੇ ਇਸ ਘਟਨਾ ਨੂੰ ਫਿਕਰ ਨਾਲ ਜ਼ਰੂਰ ਵੇਖਿਆ, ਪਰ ਉਨ੍ਹਾਂ ਆਪਣਾ ਆਪ ਸੰਭਾਲਣ ਲਈ ਕੁਝ ਨਾ ਕੀਤਾ। ਉਹ ਖੁਦ ਅਤੇ ਉਨ੍ਹਾਂ ਦੀ ਫੌਜ ਸ਼ਾਇਦ ਲੰਬੀ ਲੜਾਈ ਲੜਦੇ ਹੰਭੇ ਪਏ ਸਨ ਜਦੋਂ ਕਿ ਤਾਲਿਬਾਨ ਤਾਜ਼ਾ ਦਮ, ਨਵਾਂ ਜੋਸ਼ ਅਤੇ ਚੜ੍ਹਦੀ ਉਮਰ ਹੋਣ ਕਾਰਨ ਕੁਦਾੜੀਆਂ ਮਾਰ ਰਹੇ ਸਨ।
ਤਾਲਿਬਾਨ ਦਾ ਅਗਲਾ ਨਿਸ਼ਾਨਾ ਕੰਧਾਰ ਹਵਾਈ ਅੱਡੇ ਨੇੜੇ ਡੇਰਾ ਜਮਾਈ ਬੈਠੀ ਵੱਡੇ ਕਮਾਂਡਰ ਦੀ ਫੌਜ ਸੀ। ਉਨ੍ਹਾਂ ਅਚਨਚੇਤ ਹੱਲਾ ਬੋਲਿਆ ਤਾਂ ਫੌਜ ਦੇ ਪੈਰ ਉੱਖੜ ਗਏ। ਕਮਾਂਡਰ ਖੁਦ ਭੱਜਣ ਦੀ ਤਾਕ ‘ਚ ਸੀ ਕਿ ਤਾਲਿਬਾਨ ਨੇ ਉਸ ਨੂੰ ਫੜ ਕੇ ਮਾਰ ਮੁਕਾਇਆ। ਉਸ ਦੇ ਹੋਰ ਵੀ ਕਾਫੀ ਸਾਰੇ ਅਫਸਰ ਮਾਰੇ ਗਏ। ਇਥੋਂ ਵੀ ਬਹੁਤ ਸਾਰਾ ਅਸਲਾ ਤਾਲਿਬਾਨ ਦੇ ਹੱਥ ਲੱਗਿਆ ਤੇ ਉਨ੍ਹਾਂ ਨੇ ਏਅਰਪੋਰਟ ‘ਤੇ ਵੀ ਕਬਜ਼ਾ ਜਮਾ ਲਿਆ। ਅਗਲੇ ਦਿਨ ਉਨ੍ਹਾਂ ਕੰਧਾਰ ਸ਼ਹਿਰ ‘ਤੇ ਭਰਵਾਂ ਹੱਲਾ ਬੋਲਿਆ। ਇਥੇ ਵੀ ਕਮਾਂਡਰ ਫੌਜ ਲੈ ਕੇ ਭੱਜ ਗਿਆ ਅਤੇ ਤਾਲਿਬਾਨ ਦਾ ਸ਼ਹਿਰ ‘ਤੇ ਮੁਕੰਮਲ ਕਬਜ਼ਾ ਹੋ ਗਿਆ। ਅਸਲ ਵਿਚ ਇਸ ਕਮਾਂਡਰ ਦੇ ਹੇਠਲੇ ਅਫਸਰ ਤਾਲਿਬਾਨ ਨੇ ਖਰੀਦ ਲਏ ਸਨ ਤੇ ਉਹ ਬਿਨਾਂ ਲੜਿਆਂ ਹੀ ਭੱਜ ਨਿੱਕਲੇ। ਇਥੇ ਤਾਲਿਬਾਨ ਨੇ ਨਾ ਸਿਰਫ ਜਿੱਤ ਹਾਸਲ ਕੀਤੀ ਸਗੋਂ ਉਨ੍ਹਾਂ ਦੇ ਹੱਥ, ਲੜਾਈ ਦਾ ਹੋਰ ਵੱਡਾ ਸਾਜ਼ੋ-ਸਾਮਾਨ ਵੀ ਆ ਗਿਆ ਜਿਸ ਵਿਚ ਅੱਧੀ ਦਰਜਨ ਲੜਾਕੇ ਜਹਾਜ਼ ਅਤੇ ਹੈਲੀਕਾਪਟਰ ਸਨ। ਹੁਣ ਤਾਲਿਬਾਨ ਜੋਸ਼ੋ-ਖਰੋਸ਼ ਨਾਲ ਹੋਰ ਸ਼ਹਿਰਾਂ ਵੱਲ ਵਧਣ ਲੱਗੇ। ਹਰ ਪਾਸੇ ਤਾਲਿਬਾਨ ਦੀ ਚੜ੍ਹਾਈ ਦੀਆਂ ਖਬਰਾਂ ਘੁੰਮਣ ਲੱਗੀਆਂ। ਤਾਲਿਬਾਨ ਦੀ ਚੜ੍ਹਤ ਤੋਂ ਪ੍ਰਭਾਵਤ ਹੋ ਕੇ ਪਾਕਿਸਤਾਨ ਦੇ ਮਦਰੱਸਿਆਂ ‘ਚੋਂ ਅਫਗਾਨ ਤਾਲਿਬਾਨ ਤੋਂ ਇਲਾਵਾ, ਪਾਕਿਸਤਾਨੀ ਨੌਜਵਾਨ ਵੀ ਤਾਲਿਬਾਨ ਲਹਿਰ ਵਿਚ ਹਿੱਸਾ ਲੈਣ ਲਈ ਇੱਧਰ ਨੂੰ ਭੱਜ ਤੁਰੇ। ਇਨ੍ਹਾਂ ਵਿਚ ਬਲੋਚਿਸਤਾਨ ਅਤੇ ਸਰਹੱਦੀ ਸੂਬੇ (ਹੁਣ ਪਖਤੂਨਖਵਾ) ਇਲਾਕੇ ਦੇ ਵੀ ਲੜਾਕੇ ਸਨ। ਛੇਤੀ ਹੀ ਤਾਲਿਬਾਨ ਫੌਜ ਦੀ ਗਿਣਤੀ ਪੰਦਰਾਂ ਹਜ਼ਾਰ ਤੱਕ ਪਹੁੰਚ ਗਈ। ਇਹ ਗਿਣਤੀ ਦਿਨੋ ਦਿਨ ਵਧਦੀ ਗਈ ਅਤੇ ਉਨ੍ਹਾਂ ਹੋਰ ਇਲਾਕੇ ਜਿੱਤਣ ਦੀ ਮੁਹਿੰਮ ਤੇਜ਼ੀ ਨਾਲ ਜਾਰੀ ਰੱਖੀ। ਕੁਝ ਹੀ ਮਹੀਨਿਆਂ ਵਿਚ ਦੱਖਣ ਵੱਲ ਅਤੇ ਮੱਧ ਦਾ ਸਾਰਾ ਇਲਾਕਾ ਉਨ੍ਹਾਂ ਦੇ ਕਬਜ਼ੇ ਹੇਠ ਆ ਗਿਆ। ਬਹੁਤੇ ਪੁਰਾਣੇ ਕਮਾਂਡਰ ਬਿਨਾਂ ਲੜੇ ਹਥਿਆਰ ਸੁੱਟ ਦਿੰਦੇ। ਨੇੜੇ ਤੇੜੇ ਦੇ ਇਲਾਕੇ ਜਿੱਤਣ ਪਿਛੋਂ 1995 ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿਚ ਦੂਰ ਦੇ ਸ਼ਹਿਰਾਂ ਵੱਲ ਚੜ੍ਹਾਈ ਕਰ ਦਿੱਤੀ ਗਈ। ਇਸ ਵੇਲੇ ਲੋਕ ਬੜੀ ਉਮੀਦ ਨਾਲ ਤਾਲਿਬਾਨ ਵੱਲ ਵੇਖ ਰਹੇ ਸਨ। ਸਭ ਨੂੰ ਇਹੋ ਸੀ ਕਿ ਇਹ ਨੌਜਵਾਨ, ਮੁਲਕ ਦਾ ਕੁਝ ਨਾ ਕੁਝ ਜ਼ਰੂਰ ਸੰਵਾਰਨਗੇ, ਪਰ ਇਹ ਕਿਸੇ ਨੂੰ ਇਹ ਖਾਬੋ-ਖਿਆਲ ਵੀ ਨਹੀਂ ਸੀ ਕਿ ਮੁਲਕ ਭਿਆਨਕ ਤਬਾਹੀ ਵੱਲ ਵਧ ਰਿਹਾ ਹੈ ਅਤੇ ਭਰਾ ਮਾਰੂ ਜੰਗ ਕਾਲੀ ਬੋਲੀ ਹਨੇਰੀ ਵਾਂਗ ਚੜ੍ਹੀ ਆ ਰਹੀ ਹੈ।
ਪੱਛਮ ਵੱਲ ਤਾਲਿਬਾਨ ਨੇ ਸਭ ਤੋਂ ਪਹਿਲਾਂ ਦੂਰ ਹੈਰਾਤ ਵੱਲ ਧਾਵਾ ਬੋਲਿਆ। ਹੈਰਾਤ ਦਾ ਤਾਕਤਵਰ ਲੀਡਰ ਇਸਮਾਇਲ ਖਾਂ ਉਥੇ ਪੰਜ ਸੂਬਿਆਂ ‘ਤੇ ਕਾਬਜ਼ ਸੀ। ਉਹ ਭਾਵੇਂ ਹੈ ਤਾਂ ਵਾਰਲੌਰਡ ਹੀ ਸੀ ਪਰ ਲੋਕਾਂ ਦਾ ਚਹੇਤਾ ਸੀ। ਉਸ ਨੇ ਥਾਂ ਥਾਂ ਸਕੂਲ ਅਤੇ ਹਸਪਤਾਲ ਖੋਲ੍ਹੇ ਹੋਏ ਸਨ। ਅਫਗਾਨਿਸਤਾਨ ਦੇ ਇਸ ਇਲਾਕੇ ਵਿਚ ਕਾਫੀ ਖੁਸ਼ਹਾਲੀ ਤੇ ਸ਼ਾਂਤੀ ਸੀ ਅਤੇ ਲੋਕ ਸੁਖ ਆਰਾਮ ਨਾਲ ਰਹਿ ਰਹੇ ਸਨ, ਪਰ ਤਾਲਿਬਾਨ ਦੀ ਚੜ੍ਹਤ ਅੱਗੇ ਕੋਈ ਵੀ ਚੀਜ਼ ਖੜ੍ਹੋ ਨਾ ਸਕੀ। ਇਸਮਾਇਲ ਖਾਂ ਨੇ ਚੰਗੀ ਲੜਾਈ ਲੜੀ, ਪਰ ਆਖਰ ਹਾਰ ਗਿਆ ਅਤੇ ਆਪਣੇ ਜਰਨੈਲਾਂ ਸਮੇਤ ਇਰਾਨ ਭੱਜ ਗਿਆ। ਤਾਲਿਬਾਨ ਨੇ ਹੈਰਾਤ ‘ਤੇ ਕਬਜ਼ਾ ਕਰ ਕੇ ਸ਼ਰੀਅਤ ਕਾਨੂੰਨ ਲਾਗੂ ਕਰ ਦਿੱਤਾ। ਇਸ ਪ੍ਰਕਾਰ ਉਨ੍ਹਾਂ ਦਾ ਦੂਰ ਪੱਛਮ ਤੱਕ ਦਬਦਬਾ ਹੋ ਗਿਆ। ਦੱਖਣ-ਪੱਛਮ ਵੱਲ ਪੈਰ ਜਮਾਉਣ ਪਿਛੋਂ ਉਨ੍ਹਾਂ ਕਾਬਲ ਵੱਲ ਵੇਖਿਆ। ਉਹ ਜਾਣਦੇ ਸਨ ਕਿ ਅਫਗਾਨਿਸਤਾਨ ਨੂੰ ਪੱਕੇ ਤੌਰ ‘ਤੇ ਆਪਣੇ ਰਾਜ ਹੇਠ ਰੱਖਣ ਲਈ ਰਾਜਧਾਨੀ ਕਾਬਲ ਕਬਜ਼ੇ ‘ਚ ਹੋਣੀ ਜ਼ਰੂਰੀ ਹੈ। ਕਾਬਲ ਵਿਚ ਅਹਿਮਦ ਸ਼ਾਹ ਮਸੂਦ ਦੀ ਫੌਜ ਪੱਕੇ ਡੇਰੇ ਲਾਈ ਬੈਠੀ ਸੀ। ਤਾਲਿਬਾਨ ਨੇ ਕਈ ਹਮਲੇ ਕੀਤੇ ਪਰ ਕੋਈ ਪੇਸ਼ ਨਾ ਗਈ। ਖੈਰ, ਉਨ੍ਹਾਂ ਹੌਸਲਾ ਨਾ ਹਾਰਿਆ ਤੇ ਅਗਲੇ ਹਮਲੇ ਦੀ ਤਿਆਰੀ ਕਰਨ ਲੱਗੇ।
ਪਾਕਿਸਤਾਨ ਉਦੋਂ ਤਾਲਿਬਾਨ ਦੀ ਪੱਕੀ ਧਿਰ ਸੀ। ਉਸ ਨੇ ਤਾਲਿਬਾਨ ਨੂੰ ਵਧੇਰੇ ਲੜਾਕਾ ਸਾਜ਼ੋ-ਸਮਾਨ ਦੇਣ ਦਾ ਪ੍ਰੋਗਰਾਮ ਉਲੀਕਿਆ। ਸਾਊਦੀ ਅਰਬ ਵੀ ਉਸ ਦੇ ਨਾਲ ਸੀ। ਅਸਲ ਵਿਚ ਇਹ ਦੋਨੋਂ ਮੁਲਕ ਜੀਅ-ਜਾਨ ਨਾਲ ਤਾਲਿਬਾਨ ਦੀ ਮਦਦ ਕਰ ਰਹੇ ਸਨ ਤੇ ਚਾਹੁੰਦੇ ਸਨ ਕਿ ਤਾਲਿਬਾਨ ਛੇਤੀ ਪੂਰੇ ਅਫਗਾਨਿਸਤਾਨ ‘ਤੇ ਕਾਬਜ਼ ਹੋ ਜਾਣ। ਪਾਕਿਸਤਾਨ ਨੇ ਨਾ ਸਿਰਫ ਮਾਲੀ ਅਤੇ ਫੌਜੀ ਮੱਦਦ ਕੀਤੀ, ਸਗੋਂ ਮੁਲਕ ਅੰਦਰਲੇ ਰਿਫਿਊਜੀ ਕੈਂਪਾਂ ਦੇ ਤਾਲਿਬਾਨ ਨੂੰ ਅਫਗਾਨਿਸਤਾਨ ਜਾਣ ਲਈ ਕਿਹਾ। ਸਾਰੇ ਮਦਰੱਸੇ ਬੰਦ ਕਰ ਦਿੱਤੇ ਗਏ। ਨੌਜਵਾਨ ਹਜ਼ਾਰਾਂ ਦੀ ਗਿਣਤੀ ‘ਚ ਕਤਾਰਾਂ ਬੰਨ੍ਹੀ ਅਫਗਾਨਿਸਤਨ ਪਹੁੰਚਣ ਲੱਗੇ। ਸਤੰਬਰ ਮਹੀਨੇ ਤਾਲਿਬਾਨ ਨੇ ਨਵੇਂ ਢੰਗ-ਤਰੀਕੇ ਅਪਣਾਉਂਦਿਆਂ, ਲੜਾਈ ਦੀ ਸ਼ੁਰੂਆਤ ਜਲਾਲਾਬਾਦ ਤੋਂ ਕੀਤੀ। ਇਥੇ ਕਬਜ਼ਾ ਜਮਾਉਣ ਪਿਛੋਂ ਨਾਲ ਲੱਗਦੇ ਤਿੰਨ ਸੂਬੇ, ਨੰਗਰਹਰ, ਲਗਮਨ ਅਤੇ ਕੁਨਾਰ ਵੀ ਕਬਜ਼ੇ ਹੇਠ ਕਰ ਲਏ।
ਇਨ੍ਹਾਂ ਤਿੰਨਾਂ ਸੂਬਿਆਂ ਦੀ ਹੱਦ ਕਾਬਲ ਨਾਲ ਲੱਗਦੀ ਹੈ। ਇਉਂ ਤਾਲਿਬਾਨ ਨੇ ਕਾਬਲ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ। ਉਹ ਰੁਕੇ ਨਹੀਂ ਸਗੋਂ ਤੇਜ਼ ਲੜਾਈ ਲੜਦੇ ਕਾਬਲ ਵੱਲ ਵਧੇ। ਐਤਕੀਂ ਉਨ੍ਹਾਂ ਨੂੰ ਜਿੱਤ ਪ੍ਰਾਪਤ ਹੋਈ। ਅਹਿਮਦ ਸ਼ਾਹ ਮਸੂਦ ਨੇ ਆਪਣੀ ਫੌਜ ਸ਼ਹਿਰ ਦੇ ਅੰਦਰਵਾਰ ਸੱਦ ਲਈ। ਜਦੋਂ ਤਾਲਿਬਾਨ ਕਾਬਲ ਦੇ ਗਲੀ-ਬਾਜ਼ਾਰਾਂ ‘ਚ ਪਹੁੰਚੇ ਤਾਂ ਮਸੂਦ ਨੇ ਸ਼ਹਿਰ ਖਾਲੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਹ ਲੋਕ ਹਿਤਾਂ ਦੀ ਰਾਖੀ ਕਰਨ ਵਾਲਾ ਫੌਜੀ ਜਰਨੈਲ ਸੀ ਤੇ ਕਾਬਲ ਦੀ ਜਨਤਾ ਨੂੰ ਲੜਾਈ ਵਿਚ ਦਰੜਨਾ ਨਹੀਂ ਸੀ ਚਾਹੁੰਦਾ। ਉਸ ਨੇ ਸ਼ਹਿਰ ਖਾਲੀ ਕਰ ਦਿੱਤਾ ਤਾਂ ਤਾਲਿਬਾਨ ਲਈ ਰਾਹ ਪੱਧਰਾ ਹੋ ਗਿਆ। ਅਹਿਮਦ ਸ਼ਾਹ ਮਸੂਦ ਆਪਣੀ ਫੌਜ ਲੈ ਕੇ ਪੰਜਸ਼ੀਰ ਵਾਦੀ ਵੱਲ ਨਿਕਲ ਗਿਆ। ਪੰਜਸ਼ੀਰ ਵਾਦੀ ਜਿਥੇ ਤਾਜਿਕ ਤੇ ਉਜ਼ਬੇਕ ਜਨਤਾ ਦੀ ਬਹੁਤਾਤ ਸੀ, ਮਸੂਦ ਦਾ ਪੱਕਾ ਗੜ੍ਹ ਸੀ।
ਕਾਬਲ ਸ਼ਹਿਰ ‘ਤੇ ਕਬਜ਼ਾ ਕਰਦਿਆਂ ਹੀ ਤਾਲਿਬਾਨ ਨੇ ਆਪਣੇ ਆਪ ਨੂੰ ਹੋਰ ਹੀ ਰੂਪ ‘ਚ ਵੇਖਿਆ। ਪਹਿਲੀ ਵਾਰ ਉਨ੍ਹਾਂ ਨੂੰ ਅਫਗਾਨਿਸਤਾਨ ਦੇ ਹੁਕਮਰਾਨ ਹੋਣ ਦਾ ਅਹਿਸਾਸ ਹੋਇਆ; ਪਰ ਜਿਹੜਾ ਪਹਿਲਾ ਕੰਮ ਉਨ੍ਹਾਂ ਕੀਤਾ, ਉਹ ਅਤਿ ਘਿਨਾਉਣਾ ਸੀ ਤੇ ਸਾਰੀ ਦੁਨੀਆਂ ਨੇ ਇਸ ਕਾਰੇ ਨਿੰਦਿਆ। ਤਾਲਿਬਾਨ ਨੇ ਕਈ ਸਾਲਾਂ ਤੋਂ ਯੂæਐਨæਓæ ਦੀ ਬਿਲਡਿੰਗ ਵਿਚ ਪਨਾਹ ਲਈ ਬੈਠੇ ਅਫਗਾਨਿਸਤਾਨ ਦੇ ਪਿਛਲੇ ਰਾਸ਼ਟਰਪਤੀ ਨਜੀਬਉਲਾ ਨੂੰ ਮਾਰ ਸੁੱਟਿਆ, ਮਾਰਿਆ ਵੀ ਜਲੀਲ ਕਰ ਕੇ ਅਤੇ ਮਾਰਨ ਪਿਛੋਂ ਲਾਸ਼ ਟਰੈਫਿਕ ਲਾਈਟ ਦੇ ਖੰਭੇ ਨਾਲ ਟੰਗ ਦਿੱਤੀ। ਫਿਰ ਸ਼ਰੀਅਤ ਕਾਨੂੰਨ ਲਾਗੂ ਕਰ ਦਿੱਤਾ ਅਤੇ ਸਖਤੀ ਨਾਲ ਇਸ ਦੀ ਪਾਲਣਾ ਦੇ ਆਦੇਸ਼ ਦੇ ਦਿੱਤੇ। ਸਭ ਤੋਂ ਪਹਿਲਾਂ ਔਰਤਾਂ ਨੂੰ ਘਰਾਂ ਅੰਦਰ ਬੰਦ ਕਰਨ ਦੀ ਸੋਚ ਕੇ ਉਨ੍ਹਾਂ ਦੇ ਸਕੂਲ ਕਾਲਜ ਆਦਿ ਬੰਦ ਕਰ ਦਿੱਤੇ। ਔਰਤਾਂ ਦੇ ਕੰਮ ਕਰਨ ‘ਤੇ ਪਾਬੰਦੀ ਲਾ ਦਿੱਤੀ। ਉਨ੍ਹਾਂ ਦੇ ਹਾਰ-ਸ਼ਿੰਗਾਰ ਅਤੇ ਪਹਿਨਣ-ਪਚਰਨ ‘ਤੇ ਬੰਦਸ਼ਾਂ ਲਾ ਦਿੱਤੀਆਂ। ਔਰਤ ਘਰੋਂ ਇਕੱਲੀ ਬਾਹਰ ਨਹੀਂ ਸੀ ਨਿਕਲ ਸਕਦੀ, ਕਿਸੇ ਗੈਰ ਸਾਹਮਣੇ ਗੱਲ ਨਹੀਂ ਸੀ ਕਰ ਸਕਦੀ, ਸਜ-ਸੰਵਰ ਨਹੀਂ ਸੀ ਸਕਦੀ। ਮਰਦਾਂ ਨੂੰ ਦਾੜ੍ਹੀ ਵਧਾਉਣ ਅਤੇ ਕਾਲੀ ਪੱਗ ਬੰਨ੍ਹਣ ਲਈ ਹੁਕਮ ਕਰ ਦਿੱਤਾ ਗਿਆ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੋੜੇ ਮਾਰਨ ਦੀ ਸਜ਼ਾ ਸੀ। ਸੰਗੀਤ ਅਤੇ ਮਨੋਰੰਜਨ ਦੇ ਹੋਰ ਸਾਧਨ ਨਸ਼ਟ ਕਰ ਦਿੱਤੇ ਗਏ। ਟੀæਵੀæ, ਵੀਡੀਓ, ਸੈਟੇਲਾਈਟ ਡਿਸ਼ ਦੀਆਂ ਦੁਕਾਨਾਂ ਅਤੇ ਸਿਨਮਾਂ ਘਰ ਸਾੜ ਦਿੱਤੇ। ਫੁੱਟਬਾਲ ਅਤੇ ਦੂਜੀਆਂ ਖੇਡਾਂ ‘ਤੇ ਪਾਬੰਦੀ ਲਾ ਦਿੱਤੀ। ਤਾਸ਼, ਸ਼ਤਰੰਜ ਖੇਡਣਾ ਅਤੇ ਪਤੰਗ ਉਡਾਉਣਾ ਜੁਰਮ ਕਰਾਰ ਦੇ ਦਿੱਤਾ ਗਿਆ। ਕਈ ਜੁਰਮਾਂ ਦੀ ਸਜ਼ਾ ਸ਼ਰੇਆਮ ਕੋੜੇ ਮਾਰਨੇ, ਅੰਗ ਕੱਟਣੇ ਅਤੇ ਪੱਥਰ ਮਾਰ ਕੇ ਖਤਮ ਕਰ ਦੇਣਾ ਐਲਾਨ ਦਿੱਤੀ ਗਈ।
ਇੰਨੀਆਂ ਪਾਬੰਦੀਆਂ ਨਾਲ ਨਿੱਤ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਕਾਬਲ ਵਰਗੇ ਵੱਡੇ ਸ਼ਹਿਰ ਅੰਦਰ ਜਿਥੇ ਸਰਕਾਰੀ ਨੌਕਰੀਆਂ ਵਿਚ ਔਰਤਾਂ ਦੀ ਗਿਣਤੀ ਇੱਕ ਚੌਥਾਈ ਦੇ ਲੱਗਭਗ ਸੀ, ਇਨ੍ਹਾਂ ਪਾਬੰਦੀਆਂ ਕਾਰਨ ਸਭ ਕੁਝ ਉਥਲ ਪੁਥਲ ਹੋ ਗਿਆ। ਮਜ਼ਹਬੀ ਪੁਲਿਸ ਹਰਲ-ਹਰਲ ਕਰਦੀ ਘੁੰਮਣ ਲੱਗੀ ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ‘ਚ ਆਮ ਲੋਕਾਂ ਨੂੰ ਜੇਲ੍ਹਾਂ ਵਿਚ ਸੁੱਟਣ ਲੱਗ ਪਈ। ਤਕਰੀਬਨ ਬਾਰਾਂ ਲੱਖ ਦੀ ਆਬਾਦੀ ਵਾਲਾ ਕੌਮਾਂਤਰੀ ਸ਼ਹਿਰ ਬਰਬਾਦੀ ਦੇ ਰਾਹ ਪੈ ਗਿਆ। ਕਾਬਲ ‘ਤੇ ਕਬਜ਼ਾ ਕਰਨ ਦੇ ਅਗਲੇ ਤਿੰਨ ਚਾਰ ਮਹੀਨਿਆਂ ਵਿਚ ਹੀ ਤਾਲਿਬਾਨ ਦਾ ਅਫਗਾਨਿਸਤਾਨ ਦੇ ਚੌਂਤੀ ਸੂਬਿਆਂ ਵਿਚੋਂ ਬਾਰਾਂ ‘ਤੇ ਕਬਜ਼ਾ ਹੋ ਚੁੱਕਿਆ ਸੀ।
ਤਾਲਿਬਾਨ ਦੀ ਇਸ ਜਿੱਤ ਦਾ ਵੱਡਾ ਕਾਰਨ ਇਹ ਸੀ ਕਿ ਤਾਲਿਬਾਨ ਲੜਾਕੇ ਬੇਹੱਦ ਸਮਰਪਿਤ ਸਨ। ਉਨ੍ਹਾਂ ਵਿਚ ਲੜਨ ਲਈ ਡਾਢਾ ਜੋਸ਼ ਅਤੇ ਉਤਸ਼ਾਹ ਸੀ। ਉਨ੍ਹਾਂ ਕੋਲ ਹੋਰ ਕੋਈ ਕੰਮ ਵੀ ਨਹੀਂ ਸੀ। ਇਸ ਵੇਲੇ ਉਨ੍ਹਾਂ ਨੂੰ ਸਭ ਤੋਂ ਵੱਡਾ ਕੰਮ ਜਹਾਦ ਵਿਚ ਹਿੱਸਾ ਲੈਣਾ ਲੱਗ ਰਿਹਾ ਸੀ। ਉਹ ਜੋ ਕੁਝ ਵੀ ਕਰ ਰਹੇ ਸਨ, ਆਪਣੇ ਲੀਡਰ ਮੁੱਲਾ ਉਮਰ ਦੇ ਹੁਕਮ ਵਿਚ ਕਰ ਰਹੇ ਸਨ। ਮੁੱਲਾ ਉਮਰ ਨੇ ਵੱਡਾ ਇਕੱਠ ਕਰ ਕੇ ਅਤੇ ਮੁਲਕ ਦੇ ਮਜ਼ਹਬੀ ਲੀਡਰਾਂ ਨੂੰ ਬੁਲਾ ਕੇ ਇਸ ਲੜਾਈ ਨੂੰ ਜਹਾਦ ਕਰਾਰ ਕਰਵਾਇਆ ਸੀ। ਇਸੇ ਇਕੱਠ ਵਿਚ ਇਨ੍ਹਾਂ ਮਜ਼ਹਬੀ ਲੀਡਰਾਂ ਨੇ ਉਸ ਨੂੰ ‘ਅਮੀਰ ਉਲ ਮੋਮੀਨੀਨ’ ਦੇ ਖਿਤਾਬ ਨਾਲ ਨਿਵਾਜ ਕੇ ਇਸ ਜਹਾਦ ਦੀ ਅਗਵਾਈ ਲਈ ਚੁਣਿਆ ਸੀ। ਇਸੇ ਕਰ ਕੇ ਹਰ ਤਾਲਿਬਾਨ ਦੀਆਂ ਨਜ਼ਰਾਂ ਵਿਚ ਮੁੱਲਾ ਉਮਰ ਦਾ ਰੁਤਬਾ, ਲੀਡਰ ਤੋਂ ਬਿਨਾਂ ਸਰਬ ਉੱਚ ਮਜ਼ਹਬੀ ਰਹਿਨੁਮਾ ਦਾ ਸੀ। ਉਸ ਦੇ ਇੱਕ ਇਸ਼ਾਰੇ ‘ਤੇ ਤਾਲਿਬਾਨ ਲੜਾਕੇ ਮਰ ਮਿਟਣ ਲਈ ਤਿਆਰ ਸਨ।
ਇਨ੍ਹਾਂ ਤਾਲਿਬਾਨ ਨੂੰ ਪਾਕਿਸਤਾਨ ਦੇ ਪਿਸ਼ਾਵਰ ਦੇ ਇਲਾਕਿਆਂ ਵਿਚ ਪੈਂਦੇ ਮਦਰੱਸਿਆਂ ਵਿਚ ਸਿਰਫ ਮਜ਼ਹਬ ਦੀ ਤਾਲੀਮ ਦਿੱਤੀ ਗਈ ਸੀ। ਆਮ ਮਦਰੱਸਿਆਂ ਵਿਚ ਤਾਲੀਮ ਹਾਸਲ ਕਰਨ ਤੋਂ ਬਾਅਦ ਬੱਚਾ ਅਗਾਂਹ ਰਵਾਇਤੀ ਪੜ੍ਹਾਈ ਸ਼ੁਰੂ ਕਰਦਾ ਹੈ, ਪਰ ਇਨ੍ਹਾਂ ਮਦਰੱਸਿਆਂ ਵਿਚ ਮੁਢਲੀ ਸਿੱਖਿਆ ਪਿੱਛੋਂ ਸ਼ੁਰੂ ਹੁੰਦੀ ਸੀ, ਕੱਟੜਤਾ ਦੀ ਪੜ੍ਹਾਈ ਤੇ ਗੈਰ-ਮੁਸਲਮਾਨਾਂ ਖਿਲਾਫ ਨਫਰਤ ਦਾ ਪਾਠ ਪਹਿਲਾਂ। ਇਨ੍ਹਾਂ ਨੂੰ ਹਿਸਾਬ, ਸਾਇੰਸ, ਇਤਿਹਾਸ ਜਾਂ ਭੂਗੋਲ ਬਾਰੇ ਕੁਝ ਪਤਾ ਨਹੀਂ ਸੀ। ਇਹ ਨੌਜਵਾਨ ਤਾਲਿਬਾਨ 80ਵਿਆਂ ਵਿਚ ਰੂਸ ਖਿਲਾਫ ਲੜੇ ਮੁਜਾਹਿਦੀਨ ਤੋਂ ਬਿਲਕੁਲ ਵੱਖਰੇ ਸਨ। ਉਨ੍ਹਾਂ ਮੁਜਾਹਿਦੀਨ ਵਿਚ ਆਪਣੇ ਕਬੀਲਿਆਂ ਜਾਂ ਇਲਾਕਿਆਂ ਦੀਆਂ ਭਾਈਚਾਰਕ ਸਾਂਝਾਂ ਸਨ। ਉਹ ਆਪਣੇ ਛੱਡ ਚੁੱਕੇ ਪਿੰਡਾਂ ਨੂੰ ਯਾਦ ਕਰ ਕੇ ਉਥੇ ਪਰਤਣਾ ਲੋਚਦੇ ਸਨ। ਉਨ੍ਹਾਂ ਵਿਚ ਆਪਣੀ ਧਰਤੀ ਲਈ ਪਿਆਰ ਸੀ, ਖਿੱਚ ਸੀ; ਪਰ ਤਾਲਿਬਾਨ ਵਿਚ ਅਜਿਹੀ ਕੋਈ ਗੱਲ ਨਹੀਂ ਸੀ। ਇਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਸ਼ਾਂਤ ਵੇਲਿਆਂ ਵਿਚ ਉਨ੍ਹਾਂ ਦਾ ਮੁਲਕ ਕਿਹੋ ਜਿਹਾ ਸੀ। ਨਾ ਹੀ ਉਹ ਕਿਸੇ ਕਬੀਲੇ, ਪੁਰਖਿਆਂ ਜਾਂ ਗੁਆਂਢੀਆਂ ਪ੍ਰਤੀ ਆਪਸੀ ਆਮ ਮੁਹੱਬਤ ਤੋਂ ਵਾਕਫ ਸਨ। ਜੋ ਕੁਝ ਉਹ ਜਾਣਦੇ ਸਨ, ਉਹ ਸੀ ਸਿਰਫ ਲੜਾਈ। ਉਨ੍ਹਾਂ ਕੋਲ ਨਾ ਪਿਛਲੀਆਂ ਯਾਦਾਂ ਸਨ ਅਤੇ ਨਾ ਹੀ ਅਗਲੀ ਚੰਗੇਰੀ ਜ਼ਿੰਦਗੀ ਦੀਆਂ ਕੋਈ ਸਕੀਮ ਸੀ। ਜੋ ਕੁਝ ਸੀ, ਉਨ੍ਹਾਂ ਦਾ ਵਰਤਮਾਨ ਹੀ ਸੀ।
ਸਭ ਤੋਂ ਵੱਡੀ ਗੱਲ, ਇਨ੍ਹਾਂ ਦੇ ਆਲੇ-ਦੁਆਲੇ ਸਿਰਫ ਉਨ੍ਹਾਂ ਵਰਗੇ ਹੀ ਸਨ। ਉਹ ਮਰਦ ਸਮਾਜ ਵਿਚ ਪਲੇ ਤੇ ਵੱਡੇ ਹੋਏ ਸਨ। ਉਥੇ ਔਰਤ ਦਾ ਕਿਧਰੇ ਨਾਮੋ-ਨਿਸ਼ਾਨ ਨਹੀਂ ਸੀ। ਇਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਮਾਂ ਦਾ ਮੋਹ ਕੀ ਹੁੰਦਾ ਹੈ, ਭੈਣ ਦਾ ਪਿਆਰ ਕੀ ਹੁੰਦਾ ਹੈ ਜਾਂ ਚਾਚੀ, ਤਾਈ, ਦਾਦੀ, ਨਾਨੀ, ਭਰਜਾਈ ਦੀ ਕੀ ਮਹੱਤਤਾ ਹੁੰਦੀ ਹੈ। ਇਨ੍ਹਾਂ ਦੇ ਮਨ ਵਿਚ ਔਰਤ ਪ੍ਰਤੀ ਨਫਰਤ ਕੁੱਟ ਕੁੱਟ ਕੇ ਭਰੀ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿਖਾਇਆ ਗਿਆ ਸੀ ਕਿ ਤਾਲਿਬਾਨ ਅੱਲਾ ਦੀ ਪਾਰਟੀ ਹਨ ਤੇ ਜਹਾਦ ਲੜ ਕੇ ਅੱਲਾ ਦੀ ਖਿਦਮਤ ਕਰ ਰਹੇ ਹਨ।
(ਚਲਦਾ)