ਪ੍ਰਫੁੱਲ ਬਿਦਵਈ
ਵਿਧਾਨ ਸਭਾ ਵਿਚ ਨਰਿੰਦਰ ਮੋਦੀ ਦੀ ਲਗਾਤਾਰ ਤੀਜੀ ਜਿੱਤ ਦੇ ਰੂਪ ਵਿਚ ਗੁਜਰਾਤ ਨੇ ਪਿੱਛੇ ਵੱਲ ਬਹੁਤ ਵੱਡਾ ਕਦਮ ਉਠਾਇਆ ਹੈ। ਭਾਰਤ ਲਈ ਇਹ ਤਕੜਾ ਸਿਆਸੀ ਧੱਕਾ ਹੈ। ਗੁਜਰਾਤ ਦੇ ਚੋਣ ਨਤੀਜੇ ਕੌਮੀ ਰਾਜਨੀਤੀ ਵਿਚ ਅਹਿਮ ਭੂਮਿਕਾ ਅਦਾ ਕਰਨ ਦੀ ਮੋਦੀ ਦੀ ਖਾਹਿਸ਼ ਹੋਰ ਵਧਾ ਦੇਣਗੇ। ਉਨ੍ਹਾਂ ਨੇ ਆਪਣੀ ਜਿੱਤ ਤੋਂ ਬਾਅਦ ਹਿੰਦੀ ਵਿਚ ਭਾਸ਼ਨ ਦੇ ਕੇ ਇਸ ਦਾ ਸਪੱਸ਼ਟ ਸੰਕੇਤ ਦੇ ਵੀ ਦਿੱਤਾ ਹੈ ਪਰ ਇਸ ਸਭ ਕੁਝ ਨਾਲ ਦੇਸ਼ ਦੀ ਰਾਜਨੀਤੀ ਵਿਚ ਹੋਰ ਟਕਰਾਅ, ਤਣਾਅ ਅਤੇ ਫ਼ਿਰਕਾਪ੍ਰਸਤੀ ਵਧੇਗੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਆਪਣੀ ਉਮੀਦਵਾਰੀ ਯਕੀਨੀ ਬਣਾਉਣ ਲਈ ਕੌਮੀ ਜਮਹੂਰੀ ਗਠਜੋੜ ਦੇ ਕਈ ਭਾਈਵਾਲ ਦਲਾਂ ਨੂੰ ਰਾਜ਼ੀ ਕਰਨ ਸਬੰਧੀ ਮੋਦੀ ਦੇ ਰਾਹ ਵਿਚ ਮੌਜੂਦ ਅੜਿੱਕੇ ਬਣੇ ਰਹਿਣਗੇ।
ਨਰਿੰਦਰ ਮੋਦੀ ਇਹ ਦਾਅਵਾ ਨਹੀਂ ਕਰ ਸਕਦੇ ਕਿ ਚੋਣ ਪ੍ਰਦਰਸ਼ਨ ਪੱਖੋਂ ਉਹ ਗੁਜਰਾਤ ਦੇ ਸਭ ਤੋਂ ਹਰਮਨ-ਪਿਆਰੇ ਆਗੂ ਹਨ। ਰਿਕਾਰਡਾਂ ਤੋਂ ਪਤਾ ਲਗਦਾ ਹੈ ਕਿ 1980 ਵਿਚ ਗੁਜਰਾਤ ਵਿਚ 141 ਸੀਟਾਂ ਜਿੱਤ ਕੇ ਕਾਂਗਰਸ ਨੇ 52 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ ਅਤੇ 1985 ਵਿਚ ਇਕ ਮਜ਼ਬੂਤ ਖੱਤਰੀ, ਦਲਿਤ, ਆਦੀਵਾਸੀ ਤੇ ਮੁਸਲਿਮ ਗਠਜੋੜ ਦੀ ਬਦੌਲਤ ਇਸ ਨੂੰ 56 ਫ਼ੀਸਦੀ ਵੋਟਾਂ ਮਿਲੀਆਂ ਸਨ। ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ 48 ਫ਼ੀਸਦੀ ਵੋਟਾਂ ਮਿਲੀਆਂ ਹਨ ਜੋ 2007 ਦੇ ਮੁਕਾਬਲੇ ਇਕ ਫ਼ੀਸਦੀ ਘੱਟ ਹਨ। ਕਾਂਗਰਸ ਦਾ ਹਿੱਸਾ ਇਕ ਫ਼ੀਸਦੀ ਵਧ ਕੇ 39 ਹੋ ਗਿਆ ਹੈ। ਭਾਜਪਾ ਦਾ ਪ੍ਰਦਰਸ਼ਨ ਸ਼ਾਇਦ ਮੱਧ ਤੇ ਉੱਚ ਵਰਗ ਦੇ ਲੋਕਾਂ ਵਿਚ ਚੰਗਾ ਰਿਹਾ ਹੈ। ਗੁਜਰਾਤ ਭਾਰਤ ਦਾ ਸਭ ਤੋਂ ਵੱਧ ਸ਼ਹਿਰੀਕਰਨ ਵਾਲਾ ਰਾਜ ਹੈ ਜਿਥੋਂ ਦੇ 58 ਫ਼ੀਸਦੀ ਲੋਕ ਸ਼ਹਿਰਾਂ ਵਿਚ ਰਹਿੰਦੇ ਹਨ ਪਰ ਪਿੰਡਾਂ ਵਿਚ ਭਾਜਪਾ ਦੀ ਕਾਰਗੁਜ਼ਾਰੀ ਕਾਫੀ ਮਾੜੀ ਰਹੀ। ਕੇਂਦਰੀ ਗੁਜਰਾਤ ਦੇ ਬਨਾਸਕਾਂਥਾ ਤੋਂ ਲੈ ਕੇ ਦੱਖਣੀ ਗੁਜਰਾਤ ਦੇ ਉਮੇਰਗਾਮ ਤੱਕ ਦੀ ਆਦੀਵਾਸੀ ਆਬਾਦੀ ਵਿਚ ਵੀ ਇਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ।
ਲਿਉਵਾ ਪਟੇਲ ਭਾਈਚਾਰੇ ਵਿਚ ਡੂੰਘਾ ਆਧਾਰ ਰੱਖਣ ਵਾਲੀ ਕੇਸ਼ੂਭਾਈ ਪਟੇਲ ਦੀ ਗੁਜਰਾਤ ਪਰਿਵਰਤਨ ਪਾਰਟੀ ਸਿਰਫ 8 ਫ਼ੀਸਦੀ ਵੋਟਾਂ ਲੈ ਕੇ ਸੌਰਾਸ਼ਟਰ ਵਿਚ ਹੀ ਕੁਝ ਅਸਰ ਦਿਖਾ ਸਕੀ। ਉੱਤਰੀ, ਕੇਂਦਰੀ ਅਤੇ ਦੱਖਣੀ ਗੁਜਰਾਤ ਵਿਚ ਇਹ ਹਾਸ਼ੀਏ ‘ਤੇ ਰਹੀ। ਇਨ੍ਹਾਂ ਇਲਾਕਿਆਂ ਵਿਚ ਭਾਜਪਾ ਦੀ ਕਾਰਗੁਜ਼ਾਰੀ ਵੀ ਇਕਸਾਰ ਨਹੀਂ ਰਹੀ। ਉੱਤਰੀ ਗੁਜਰਾਤ ਜਿਸ ਨੂੰ ਨਰਿੰਦਰ ਮੋਦੀ ਦਾ ‘ਪਿਛਲਾ ਵਿਹੜਾ’ ਵੀ ਕਿਹਾ ਜਾਂਦਾ ਹੈ, ਵਿਚ ਭਾਜਪਾ ਦੀਆਂ ਸੀਟਾਂ 25 ਤੋਂ ਘਟ ਕੇ 16 ਰਹਿ ਗਈਆਂ ਅਤੇ ਵੋਟ ਫ਼ੀਸਦੀ ਵਿਚ ਵੀ ਇਸ ਦੀ ਹਿੱਸੇਦਾਰੀ ਘਟ ਗਈ। ਇਸ ਤੋਂ ਮੋਦੀ ਦੀ ਜਿੱਤ ਦੇ ਸੀਮਤ ਪ੍ਰਭਾਵ ਦਾ ਪਤਾ ਲਗਦਾ ਹੈ।
ਗੁਜਰਾਤ ਵਿਚ ਕਾਂਗਰਸ ਦਾ ਐਨ ਪੰਜਾਬ ਵਾਲਾ ਹਾਲ ਹੋਇਆ ਹੈ। ਕਾਂਗਰਸ ਨੇ ਜੇ ਡਟ ਕੇ ਲੜਾਈ ਲੜੀ ਹੁੰਦੀ ਤੇ 2002 ਵਿਚ 1200 ਤੋਂ ਵੱਧ ਮੁਸਲਮਾਨਾਂ ਦੇ ਕਤਲ ਵਿਚ ਮੋਦੀ ਦੀ ਭੂਮਿਕਾ, ਧਾਰਮਿਕ ਘੱਟ-ਗਿਣਤੀਆਂ ਪ੍ਰਤੀ ਉਨ੍ਹਾਂ ਦੀ ਵੈਰ-ਭਾਵਨਾ ਅਤੇ ਉੱਚ ਵਰਗ ਤੇ ਵੱਡੇ ਕਾਰੋਬਾਰੀ ਅਦਾਰਿਆਂ ਦੇ ਸਮਰਥਨ ਵਾਲੀਆਂ ਉਨ੍ਹਾਂ ਦੀਆਂ ਨੀਤੀਆਂ ਵਰਗੇ ਸਵਾਲਾਂ ‘ਤੇ ਮੋਦੀ ਨੂੰ ਘੇਰਦੀ ਤਾਂ ਕਾਂਗਰਸ ਉਨ੍ਹਾਂ ਨੂੰ ਹਰਾ ਸਕਦੀ ਸੀ ਪਰ ਕਾਂਗਰਸ ਇਹ ਸਭ ਕੁਝ ਕਰਨ ਦੀ ਹਿੰਮਤ ਨਹੀਂ ਜੁਟਾ ਸਕੀ ਤੇ ਗੋਡੇ ਟੇਕਣ ਵਾਲੀ ਆਪਣੀ ਉਸੇ ਨੀਤੀ ‘ਤੇ ਚਲਦੀ ਰਹੀ ਜਿਸ ‘ਤੇ ਉਹ ਅਹਿਮਦ ਪਟੇਲ ਦੀ ਅਗਵਾਈ ਹੇਠ 2002 ਤੋਂ ਚਲਦੀ ਆਈ ਹੈ। ਜ਼ਾਹਿਰ ਹੈ ਕਿ ਮੋਦੀ ਦੀ ਜਿੱਤ ਕਾਂਗਰਸ ਦੀ ਹਾਰ ਕਾਰਨ ਹੀ ਹੋਈ ਹੈ, ਨਹੀਂ ਤਾਂ ਐਤਕੀਂ ਮੋਦੀ ਦਾ ਦੁਰਗ ਢਹਿ ਵੀ ਸਕਦਾ ਸੀ।
ਨਰੋਦਾ ਪਾਟੀਆ ਅਤੇ ਦੂਜੇ ਮਾਮਲਿਆਂ ਵਿਚ ਆਏ ਤਾਜ਼ੇ ਅਦਾਲਤੀ ਫ਼ੈਸਲਿਆਂ ਦੇ ਬਾਵਜੂਦ ਕਾਂਗਰਸ ਨੇ ਆਪਣੀ ਚੋਣ ਮੁਹਿੰਮ ਵਿਚ ਧਰਮ-ਨਿਰਪੱਖਤਾ, ਫ਼ਿਰਕਾਪ੍ਰਸਤੀ ਅਤੇ 2002 ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਨਹੀਂ ਕੀਤੀ। ਸਮਾਜਕ ਵਿਕਾਸ ਨੂੰ ਅਣਡਿੱਠ ਕਰਨ ਅਤੇ ਸ਼ਰਮਨਾਕ ਪੂੰਜੀਵਾਦੀ ਪੱਖੀ ਨੀਤੀਆਂ ਰਾਹੀਂ ਵੱਡੇ ਕਾਰੋਬਾਰੀ ਅਦਾਰਿਆਂ ਨੂੰ ਸਹੂਲਤਾਂ ਦੇਣ ਸਬੰਧੀ ਮੋਦੀ ‘ਤੇ ਚੋਟ ਕਰਦਿਆਂ ਕਾਂਗਰਸ ਖ਼ੁਦ ਗਰੀਬਾਂ ਅਤੇ ਸਹੂਲਤਾਂ ਵਿਹੁਣੇ ਲੋਕਾਂ ਸਬੰਧੀ ਸਰੋਕਾਰ ਉਭਾਰ ਨਹੀਂ ਸਕੀ। ਮੋਦੀ ਦੀ ਜਿੱਤ ਪਿੱਛੇ ਕਾਫੀ ਹੱਦ ਤੱਕ ਇਕ ਗ਼ਲਤੀ ਦਾ ਹੱਥ ਹੈ। ਗ਼ਲਤੀ ਇਹ ਕਿ ਕਾਂਗਰਸ ਦੀਆਂ ਨੀਤੀਆਂ ਵਿਚ ਇਕਸਾਰਤਾ ਦੀ ਘਾਟ ਸੀ। ਕਾਂਗਰਸ ਆਪਣੇ ਸਪੱਸ਼ਟ ਸਮਾਜਕ ਆਧਾਰ ਅਤੇ ਸੱਤਾ ਲਈ ਆਸਵੰਦ ਹੀ ਨਹੀਂ ਸੀ। ਇੰਜ ਲਗਦਾ ਸੀ ਕਿ ਕਾਂਗਰਸ ਨੇ ਗੁਜਰਾਤ ਨੂੰ ਸਿਆਸੀ ਤੌਰ ‘ਤੇ ਹੱਥੋਂ ਨਿਕਲ ਗਿਆ ਮੰਨ ਲਿਆ ਸੀ ਤੇ ਉਹ ਸਿਰਫ ਪ੍ਰਤੀਕਾਤਮਕ ਲੜਾਈ ਹੀ ਲੜ ਰਹੀ ਸੀ। ਫਿਰ ਵੀ ਇਹ ਤਾਂ ਮੰਨਿਆ ਹੀ ਜਾਣਾ ਚਾਹੀਦਾ ਹੈ ਕਿ ਇਹ ਜਿੱਤ ਭਾਜਪਾ ਦੀ ਘੱਟ ਅਤੇ ਨਿੱਜੀ ਤੌਰ ‘ਤੇ ਮੋਦੀ ਦੀ ਜ਼ਿਆਦਾ ਸੀ। ਕਾਰਨ ਇਹ ਹੈ ਕਿ ਮੋਦੀ ਦੀ ਵਿਅਕਤੀ ਪੂਜਾ ਨੇ ਭਾਜਪਾ ਨੂੰ ਇਕ ਪਾਸੇ ਕਰ ਦਿੱਤਾ ਸੀ ਤੇ ਮੋਦੀ ਦੀ ਕਠਪੁਤਲੀ ਮਾਤਰ ਬਣਾ ਦਿੱਤਾ ਸੀ। ਮੋਦੀ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਨੂੰ ਵੀ ਉਸ ਦੀ ਔਕਾਤ ਦੱਸ ਦਿੱਤੀ। ਮੋਦੀ ਦੇ ਮੰਤਰੀ ਮੰਡਲ ਵਿਚ ਮੋਦੀ ਤੋਂ ਬਿਨਾਂ ਕਿਸੇ ਦੀ ਕੋਈ ਅਹਿਮੀਅਤ ਨਹੀਂ ਹੈ। ਸਾਰੇ ਮੰਤਰੀ ਉਨ੍ਹਾਂ ਦੀਆਂ ਕਠਪੁਤਲੀਆਂ ਵਾਂਗ ਹਨ। ਜਮਹੂਰੀਅਤ ਮੋਦੀ ਦੇ ਗੋਡੇ ਹੇਠ ਬਾਂ-ਬਾਂ ਕਰ ਰਹੀ ਹੈ।
ਨਰਿੰਦਰ ਮੋਦੀ ਦਾ ਦਾਅਵਾ ਹੈ ਕਿ ਇਹ ਜਿੱਤ ਉਥੇ (ਗੁਜਰਾਤ ‘ਚ) ਹੋਏ ਵਿਕਾਸ ਕਾਰਨ ਹੋਈ ਹੈ। ਇਹ ਸਭ ਤੋਂ ਵੱਡਾ ਝੂਠ ਹੈ। ਜੇ ਵਿਕਾਸ ਦਾ ਕੋਈ ਸਬੰਧ ਲੋਕਾਂ ਦੀ ਭਲਾਈ, ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਸੁਧਾਰਨ ਅਤੇ ਗਰੀਬੀ ਤੇ ਭੁੱਖ ਨੂੰ ਘੱਟ ਕਰਨ ਨਾਲ ਹੈ ਤਾਂ ਗੁਜਰਾਤ ਦਾ ਪ੍ਰਦਰਸ਼ਨ ਬਿਲਕੁਲ ਚੰਗਾ ਨਹੀਂ ਰਿਹਾ। ਭੁੱਖਮਰੀ, ਖੁਰਾਕ ਦੀ ਘਾਟ, ਘੱਟ ਭਾਰ ਦੇ ਸ਼ਿਕਾਰ ਬਾਲਾਂ ਅਤੇ ਬਾਲ ਮੌਤ ਦਰ ਆਦਿ ਦੇ ਮਾਮਲੇ ਵਿਚ ਸਭ ਤੋਂ ਮਾੜੀ ਹਾਲਤ ਵਾਲੇ 17 ਰਾਜਾਂ ਵਿਚੋਂ ਗੁਜਰਾਤ 13ਵੇਂ ਸਥਾਨ ‘ਤੇ ਹੈ। ਉੱਤਰ ਪ੍ਰਦੇਸ਼, ਉੜੀਸਾ, ਆਸਾਮ ਅਤੇ ਬੰਗਾਲ ਤੱਕ ਦੀ ਹਾਲਤ ਵੀ ਇਸ ਤੋਂ ਬਿਹਤਰ ਹੈ। 2004-05 ਤੋਂ ਗੁਜਰਾਤ ਵਿਚ ਰੁਜ਼ਗਾਰ ਦੇ ਮੌਕਿਆਂ ‘ਚ ਕੋਈ ਵਾਧਾ ਨਹੀਂ ਹੋਇਆ। ਗੁਜਰਾਤ ਦੀ ਜਿੱਤ ਨੇ ਭਾਜਪਾ ਦੀ ਦੂਜੀ ਪੀੜ੍ਹੀ ਦੀ ਲੀਡਰਸ਼ਿਪ ਵਿਚ ਮੋਦੀ ਦੀ ਹਾਲਤ ਮਜ਼ਬੂਤ ਕਰ ਦਿੱਤੀ ਹੈ ਪਰ ਅਜਿਹਾ ਹੋਣ ਨਾਲ ਉਨ੍ਹਾਂ ਲਈ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰੀ ‘ਤੇ ਦਾਅਵਾ ਕਰਨਾ ਸੌਖਾ ਨਹੀਂ ਹੋ ਜਾਂਦਾ। ਭਾਜਪਾ ਦਾ ਕੋਈ ਵੀ ਨੇਤਾ ਉਨ੍ਹਾਂ ‘ਤੇ ਭਰੋਸਾ ਨਹੀਂ ਕਰਦਾ। ਇਸ ਅਹੁਦੇ ਲਈ ਉਨ੍ਹਾਂ ਦੀ ਦਾਅਵੇਦਾਰੀ ਮਜ਼ਬੂਤ ਹੋਣ ਨਾਲ ਪਾਰਟੀ ਦੇ ਅੰਦਰਲੇ ਦਵੰਦ ਤਿੱਖੇ ਹੋ ਜਾਣਗੇ। ਰਾਸ਼ਟਰੀ ਸੋਇਮ ਸੇਵਕ ਸੰਘ ਵੀ ਉਨ੍ਹਾਂ ਤੋਂ ਪ੍ਰੇਸ਼ਾਨ ਹੈ। ਉਹ ਬਹੁਤ ਜ਼ਿਆਦਾ ਵਿਅਕਤੀਵਾਦੀ ਹਨ ਅਤੇ ਉਨ੍ਹਾਂ ਨੇ ਗੁਜਰਾਤ ਵਿਚ ਸੰਘ ਨੂੰ ਬਰਬਾਦ ਕਰ ਦਿੱਤਾ ਹੈ। ਕੌਮੀ ਜਮਹੂਰੀ ਗਠਜੋੜ ਵਿਚਲੇ ਸਹਿਯੋਗੀਆਂ ਅਤੇ ਖਾਸ ਕਰ ਕੇ ਜਨਤਾ ਦਲ (ਯੂ) ਦੇ ਨਿਤਿਸ਼ ਕੁਮਾਰ ਨੇ ਉਨ੍ਹਾਂ ਦੇ ਦਾਅਵੇ ਦਾ ਖੁੱਲ੍ਹਾ ਵਿਰੋਧ ਕੀਤਾ ਹੈ। ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਆਮ ਲੋਕਾਂ ਦੇ ਬਹੁਗਿਣਤੀ ਹਿੱਸੇ ਵਿਚ ਮੋਦੀ ਨੂੰ ਬਹੁਤ ਘੱਟ ਸਵੀਕਾਰ ਕੀਤਾ ਜਾਂਦਾ ਹੈ। ਉਹ ਬਹੁਤ ਜ਼ਿਆਦਾ ਫੁੱਟ ਪਾਉਣ ਵਾਲੇ, ਹਮਲਾਵਰ ਅਤੇ ਇੰਨੇ ਜ਼ਹਿਰੀਲੇ ਫ਼ਿਰਕੂ ਬੰਦੇ ਹਨ ਕਿ ਸੰਘ ਪਰਿਵਾਰ ਦੇ ਘੋਰ ਕੱਟੜਵਾਦੀ ਹਿੱਸੇ ਤੋਂ ਬਾਅਦ ਉਨ੍ਹਾਂ ਦੇ ਹੱਕ ਵਿਚ ਬਹੁਤੇ ਲੋਕ ਨਹੀਂ ਹਨ। ਮੋਦੀ ਗੁਜਰਾਤ ਵਰਗੇ ਦੋ-ਧਰੁਵੀ ਸੂਬੇ ਵਿਚ ਜਿੱਤ ਹਾਸਲ ਕਰ ਸਕਦੇ ਹਨ ਪਰ ਗੁਜਰਾਤ ਵਾਲੇ ਅਮਲ ਨੂੰ ਬਹੁ-ਧਰੁਵੀ ਰਾਜਨੀਤੀ ਵਾਲੇ ਭਾਰਤ ਵਿਚ ਨਹੀਂ ਦੁਹਰਾਇਆ ਜਾ ਸਕਦਾ। ਉਹ ਭਾਰਤ ਦਾ ਸਰਬਉੱਚ ਅਹੁਦਾ ਹਾਸਲ ਨਹੀਂ ਕਰ ਸਕਦੇ, ਸਿਵਾਏ ਅਜਿਹੀ ਅਸੰਭਵ ਜਿਹੀ ਹਾਲਤ ਵਿਚ ਕਿ ਭਾਜਪਾ ਨੂੰ 200 ਸੀਟਾਂ ਮਿਲ ਜਾਣ ਅਤੇ ਫਿਰ ਚੋਣਾਂ ਤੋਂ ਬਾਅਦ ਬਣੇ ਗਠਜੋੜਾਂ ਵਿਚ ਉਹ ਨਰਿੰਦਰ ਮੋਦੀ ਨੂੰ ਕੌਮੀ ਜਮਹੂਰੀ ਗਠਜੋੜ ਦਾ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਐਲਾਨ ਕਰ ਦੇਵੇ।
Leave a Reply