ਘਾਰ ਜੁੱਲੋ ਨਾ

‘ਘਾਰ ਜੁੱਲੋ ਨਾ’ ਵਿਚ ਜਿੰਨੀਆਂ ਗੱਲਾਂ ਘਰ ਬਾਰੇ ਕਾਨਾ ਸਿੰਘ ਨੇ ਲਿਖੀਆਂ ਹਨ, ਉਸ ਤੋਂ ਕਿਤੇ ਵੱਧ ਅਣਲਿਖੀਆਂ ਰਹਿ ਗਈਆਂ ਜਾਪਦੀਆਂ ਹਨ। ਉਂਜ ਇਹ ਅਣਲਿਖੀਆਂ ਗੱਲਾਂ ਵੀ ਇਸ ਲੇਖ ਵਿਚ ਭਰੀ ਪਈ ਸਿਕ ਦੀਆਂ ਤੰਦਾਂ ਵਿਚ ਪਰੋਈਆਂ ਲੱਭ ਜਾਂਦੀਆਂ ਹਨ। ਕਾਨਾ ਸਿੰਘ ਗੱਲੀਂ-ਬਾਤੀਂ ਅਜਿਹੀ ਸਾਂਝ ਸਿਰਜਦੀ ਹੈ, ਜਿਹੜੀ ਪਲ ਪਲ ਦੂਣ-ਸਵਾਈ ਹੋਈ ਜਾਂਦੀ ਹੈ।

ਉਹ ਅਸਲ ਵਿਚ ਆਪਣੇ ਆਲੇ-ਦੁਆਲੇ ਨੂੰ ਸਮੁੱਚ ਵਿਚ ਫੜਨ ਦਾ ਯਤਨ ਕਰਦੀ ਹੈ। ਇਸੇ ਯਤਨ ਵਿਚੋਂ ਹੀ ‘ਘਰ ਜੁੱਲੋ ਨਾ’ ਵਰਗੀਆਂ ਲਿਖਤਾਂ ਜਨਮ ਲੈਂਦੀਆਂ ਹਨ। -ਸੰਪਾਦਕ

ਕਾਨਾ ਸਿੰਘ
ਫੋਨ:+91-95019-44944

ਬੇਜੀ ਅਖ਼ੀਰਲੇ ਦਸ ਸਾਲ ਅੱਖਾਂ ਦੀ ਜੋਤ ਬਗੈਰ ਹੀ ਜੀਵੇ, ਨਜ਼ਰੋਂ ਆਰੀ ਪਰ ਹਿੰਮਤੋਂ ਨਹੀਂ। ਉਸੇ ਤਰ੍ਹਾਂ ਬਿਲਾ ਨਾਗਾ ਉਠਦੇ ਸਰਘੀ ਵੇਲੇ। ਕੰਧੋ-ਕੰਧ ਸਹਾਰਾ ਲੈਂਦੇ ਹੋਏ ਗੁਸਲਖ਼ਾਨੇ ਜਾਂਦੇ। ਆਪਣੇ ਹੱਥੀਂ ਧੋ-ਮਾਂਜ ਕੇ ਬਾਲਟੀ ਨੂੰ ਸੁਚਿਆ ਕੇ ਇਸ਼ਨਾਨ ਕਰਦੇ। ਆਪਣੇ ਰੋਜ਼ ਦੇ ਕੱਪੜੇ ਆਪੇ ਧੋਂਦੇ (ਭਾਵੇਂ ਮਗਰੋਂ ਮਾਂ-ਭਾਬੀਆਂ ਚੁੱਕ ਕੇ ਫੇਰ ਧੋ ਦੇਣ) ਪਰ ਬੇਜੀ ਨੂੰ ਆਪਣਾ ਕੰਮ ਆਪ ਕਰ ਕੇ ਹੀ ਤਸੱਲੀ ਹੁੰਦੀ ਸੀ।
ਸੱਤਰ-ਪਝੱਤਰ ਸਾਲ ਦੀ ਉਮਰ ਤੱਕ ਬੇਜੀ ਸਵੇਰ ਦੇ ਨਿਤਨੇਮ ਤੋਂ ਵਿਹਲੇ ਹੋ ਕੇ ਮਸ਼ੀਨ ਧਰ ਲੈਂਦੇ ਜਾਂ ਤੀਲੀਆਂ ਨਾਲ ਨਾੜੇ ਬੁਣਦੇ ਸਨ। ਹਾਂ, ਚਰਖਾ ਉਨ੍ਹਾਂ ਦਾ ਪਿਛੇ ਹੀ ਰਹਿ ਗਿਆ ਸੀ, ਗੁਜਰਖ਼ਾਨ।
ਬੇਜੀ ਦੇ ਸਾਹਮਣੇ ਜੇ ਅਸੀਂ ਆਪਣੇ ਪਿਛਲੇ ਵਤਨ ਨੂੰ ਪਾਕਿਸਤਾਨ ਆਖ ਦੇਂਦੇ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲਗਦਾ।
“ਮਹੌਰ ਮਹੌਰ (ਮਰੋ ਮਰੋ), ਮੂੰਹ ਸੜੇ ਤੁਸਾਂਨਾ। ਆਪਣੇ ਵਤਨੇ ਨਾ ਨਾਂ ਵਿਗਾੜਨਿਆਂ ਤੁਸਾਂ ਕੀ ਸ਼ਰਮ ਨਹੀਂ ਆਨੀ। ਸਿੱਧਾ ਗੁਜਰਖ਼ਾਨ ਆਖਨਿਆਂ ਤੁਸਾਂ ਨਾ ਮੂੰਹ ਦੁਖਨੈ।” ਬੇਜੀ ਗੁੱਸਾ ਕਰਦੇ।
ਅੱਜ ਵੀ ਉਸ ਪਾਸੇ ਦਾ ਜ਼ਿਕਰ ਕਰਦਿਆਂ ‘ਪਾਕਿਸਤਾਨ’ ਲਫ਼ਜ਼ ਮੂੰਹੋਂ ਕੱਢਣ ਵੇਲੇ ਮੈਂ ਅੰਦਰੋਂ ਡਾਢੀ ਔਖੀ ਹੁੰਦੀ ਹਾਂ, ਦੋਸ਼ੀ ਭਾਵਨਾ ਦੀ ਸ਼ਿਕਾਰ। ਜਿਵੇਂ ਮੈਂ ਆਪਣੀ ਜਨਮ ਭੂਮੀ ਲਈ ਕੁਝ ਗਲਤ ਆਖ ਗਈ ਹੋਵਾਂ।
ਸਦਾ ਤੰਦਰੁਸਤ, ਸਾਫ਼-ਸੁਥਰੇ, ਛੋਹਲੇ-ਤ੍ਰਿੱਖੇ, ਉਦਮੀ ਤੇ ਸਲੀਕੇਦਾਰ ਬੇਜੀ ਦਿੱਲੀ ਆ-ਵੱਸਣ ਮਗਰੋਂ ਵਧੇਰੇ ਕਰ ਕੇ ਤਾਂ ਵਿਚਕਾਰਲੇ ਚਾਚਾ ਜੀ ਦੇ ਘਰ ਪਟੇਲ ਨਗਰ ਹੀ ਰਹਿੰਦੇ, ਪਰ ਵਿਚ-ਵਿਚਾਲੇ ਸ਼ਾਹਦਰੇ ਵੀ ਆ ਜਾਂਦੇ; ਆਪਣੇ ਪਲੇਠੀ ਦੇ ਪੁੱਤਰ, ਮੇਰੇ ਭਾਪਾ ਜੀ ਦੇ ਘਰ। ਆਉਂਦਿਆਂ ਹੀ ਰਸੋਈ ਸੰਭਾਲ ਲੈਂਦੇ। ਕਾਲਖ਼ ਨਾਲ ਗੜੁੱਚ ਭਾਂਡਿਆਂ ਨੂੰ ਘਰੂ-ਘਰੂ ਕੇ ਚਮਕਾ ਦੇਂਦੇ। ਬਾਲਟੀਆਂ ਦੀ ਥਿੰਦਿਆਈ ਲਹਿ ਜਾਂਦੀ। ਹਰ ਚੀਜ਼ ਥਾਂ-ਟਿਕਾਣੇ ਕਰ ਕੇ ਗਲੂੰਹਦੇ-ਗਲ੍ਹਾਂਦੇ ਘਰ ਸਵਾਰ ਦੇਂਦੇ।
ਐਨੇ ਬੱਚੇ ਜੰਮ-ਪਾਲ ਤੇ ਵਿਆਹ-ਵਡਿਆ ਕੇ ਪੰਜਵੇਂ ਦਹਾਕੇ ਵਿਚੋਂ ਲੰਘ ਰਹੀ ਮਾਂ ਅਕਸਰ ਢਿੱਲੀ ਹੀ ਰਹਿੰਦੀ। ਬੇਜੀ ਆਉਂਦਿਆਂ ਹੀ ਉਸ ਨੂੰ ਸਭ ਪਾਸਿਓਂ ਸੁਰਖ਼ਰੂ ਕਰ ਦੇਂਦੇ। ਬੇਜੀ ਦੇ ਆਉਣ ਨਾਲ ਦੁੰਹਾਂ ਨਿੱਕੇ ਭਰਾਵਾਂ ਸਮੇਤ ਮੇਰੀ ਵੀ ਚੜ੍ਹ ਮੱਚ ਜਾਂਦੀ। ਅਸੀਂ ਆਪਣੀਆਂ ਸ਼ਿਕਾਇਤਾਂ ਦੀ ਫਹਿਰਿਸਤ ਤਿਆਰ ਕਰ ਲੈਂਦੇ। ਸਾਨੂੰ ਲੱਗਦਾ ਕਿ ਬੇਜੀ ਤਾਂ ਭਾਪਾ ਜੀ ਦੇ ਵੀ ਭਾਪਾ ਜੀ ਸਨ। ਸਾਡੇ ਵਾਸਤੇ ਸਾਡੇ ‘ਹਊਆ’ ਜਿਹੇ ਭਾਪਾ ਜੀ, ਬੇਜੀ ਅੱਗੇ ਚੂੰ ਨਾ ਕਰਦੇ।
ਸਭ ਤੋਂ ਵੱਡੀ ਸਾਡੀ ਸ਼ਿਕਾਇਤ ਹੁੰਦੀ ਸੀ, ਜੇਬ ਖਰਚੀ ਦੀ ਘਾਟ। ਭਾਪਾ ਜੀ ਰਾਤੀਂ ਕੰਮ ਤੋਂ ਆ ਕੇ ਰਸੋਈ ਵਿਚ ਹੀ ਫੱਟੀ ਉਪਰ ਬਹਿ ਕੇ ਭੋਜਨ ਛਕਦੇ। ਬੇਜੀ ਨਾਲੋ-ਨਾਲ ਗਰਮ ਫੁਲਕਾ ਪਰੋਸਦੇ ਹੋਏ ਗੱਲ ਛੇੜਦੇ, “ਗੁਰਦਿੱਤ ਸਿੰਘਾ, ਕਿਤਨੇ ਅੱਕਲੇ ਆਲੀ ਧੀ ਹੈ ਕਾਨਾ। ਪੜ੍ਹਾਈ ਵਿਚ ਹੁਸ਼ਿਆਰ। ਉਹ ਤੈ ਜੇਬ ਖਰਚੇ ਨੇ ਪੈਸਿਆਂ ਵਿਚੋਂ ਵੀ ਬਚਾ ਬਚਾ ਕੇ ਆਪਣੇ ਸੂਟ ਸਵਾ ਲੈਨੀ ਹੈ ਤੇ ਗੁੱਲਾ? ਉਸ ਤੈ ਆਪਣੇ ਖਰਚੇ ਵਿਚੋਂ ਬਚਾ ਕੇ ਵਾਜਾ (ਹਾਰਮੋਨੀਅਮ) ਖਰੀਦ ਲਿਐ ਤੇ ਬਿੱਲੇ ਨੇ ਤਬਲਾ ਵੀ। ਹੈਡੀ ਮਹਿੰਗਾਈ ਤੈ ਹੈਡੇ ਸਿਆਣੇ ਬੱਚੇ। ਪੈਸੇ ਬਚਾ ਬਚਾ ਕੈ ਚੰਗੇ ਪਾਸੇ ਹੀ ਲਾਨੇ ਨੁ ਨਾ। ਤੂੰ ਉਨ੍ਹਾਂ ਨਾ ਮਾਹਵਾਰੀ ਜੇਬ ਖਰਚ ਕਿਉਂ ਨਾ ਵਧਾਨਾ?”
ਅਸੀਂ ਤਿੰਨੇ ਓਹਲੇ ਵਿਚੋਂ ਸਭ ਸੁਣਦੇ, ਸਾਹ ਰੋਕ ਕੇ।
“ਕਿਤਨੇ ਵਧਾਵਾਂ?” ਕੁਝ ਨਾਂਹ-ਨੁੱਕਰ ਮਗਰੋਂ ਭਾਪਾ ਜੀ ਪੁੱਛਦੇ।
“ਦਸਾਂ ਤੋਂ ਪੰਦਰਾਂ, ਤੈ ਤ੍ਰਿਹਾਂ ਨੇ ਬਰਾਬਰ ਬਰਾਬਰ।”
“ਹੱਛਾ, ਇੰਜੇ ਸਹੀ।” ਭਾਪਾ ਜੀ ਦੇ ਲਫ਼ਜ਼ ਸੁਣਦਿਆਂ ਹੀ ਅਸੀਂ ਤਿੰਨੇ ਉਛਲ ਪੈਂਦੇ।
ਬੱਚੂ ਜੀ, ਜੇ ਤੁਸੀਂ ਭਾਪਾ ਜੀ ਹੋ ਤਾਂ ਅਸੀਂ ਤੁਸਾਂ ਨੇ ਵੀ ਭਾਪੇ।
ਮੂੰਹਾਂ ‘ਤੇ ਹੱਥ ਧਰੀ ਅਸੀਂ ਸੁਫ਼ੇ ਵਿਚ ਨੱਸ ਜਾਂਦੇ ਤੇ ਖ਼ੂਬ ਹੱਸਦੇ। ਡਾਢੀ ਖੁਸ਼ੀ ਹੁੰਦੀ ਸਾਨੂੰ ਭਾਪਾ ਜੀ ਨੂੰ ਹਰਾ ਕੇ ਤੇ ਮੁੜ ਖੇਡਣ ਲਗਦੇ ਅਸੀਂ ਤਾਸ਼ ਦੀ ਸਵੀਪ। ਜਿੱਤ-ਹਾਰ ਦਾ ਹਿਸਾਬ ਤਾਂ ਅਸੀਂ ਪੈਸਿਆਂ ਵਿਚ ਹੀ ਕਰਦੇ ਸਾਂ, ਪਰ ਪੈਸੇ ਸਾਹਮਣੇ ਰੱਖ ਕੇ ਨਹੀਂ, ਸਿਰਫ਼ ਕਾਪੀ ਉਪਰ ਨਾਲੋ-ਨਾਲ ਦਰਜ ਕਰ ਕੇ, ਆਪਣੇ ਵੱਲੋਂ ਭਾਪਾ ਜੀ ਤੋਂ ਚੋਰੀ।æææਇਹ ਜੂਆ ਸੀ।
ਹਾਂ, ਤਾਂ ਗੱਲ ਚੱਲ ਰਹੀ ਸੀ ਬੇਜੀ ਦੀ ਉਮਰ ਦੇ ਆਖ਼ਰੀ ਸਾਲਾਂ ਦੀ। ਹੁਣ ਬੇਜੀ ਮੰਜੇ ‘ਤੇ ਹੀ ਸਨ। ਕਦੇ ਹੋਸ਼ ਵਿਚ ਤੇ ਕਦੇ ਬੇਹੋਸ਼। ਸੂਪ, ਜੂਸ, ਦੁੱਧ ਜਾਂ ਕੋਈ ਵੀ ਹੋਰ ਤਰਲ ਗਜ਼ਾਅ ਦੇਣ ਲਈ ਜਦੋਂ ਵੀ ਬੇਜੀ ਨੂੰ ਝੂਣ-ਹਲੂਣ ਕੇ ਅਸੀਂ ਆਖਦੇ, “ਬੇਜੀ, ਮੂੰਹ ਖੋਲ੍ਹੋ ਨਾ”, ਤਾਂ ਬੇਜੀ ਦੇ ਮੂੰਹੋਂ ਸੁਣਦੇ, “ਘਾਰ ਜੁੱਲੋ ਨਾ।”
“ਬੇਜੀ ਤੁਸੀਂ ਘਰ ਹੀ ਹੋ। ਅਹਿ ਤੱਕੋ ਤੁਸਾਂ ਨੇ ਬੱਚੇ ਅੱਗੇ ਪਿੱਛੇ ਖਲੋਤੇ ਹੋਏ। ਤੁਸਾਂ ਨਾ ਦੋਹਤਰ-ਪੋਤਰæææਅੱਖ ਖੋਲ੍ਹੋ ਨਾ।” ਮਾਂ ਆਖਦੀ।
“ਘਾਰ ਜੁੱਲੋ ਨਾ।” ਬੇਜੀ ਦਾ ਰਟਵਾਂ ਜਵਾਬ ਮਿਲਦਾ। ਉਹ ਬੇਜੀ ਜਿਨ੍ਹਾਂ ਪੂਰੇ ਸਬਰ ਸੰਤੋਖ ਨਾਲ ਹਸੂੰ ਹਸੂੰ ਕਰਦਿਆਂ ਆਪਣੇ ਤ੍ਰਿਹਾਂ ਪੁੱਤਰਾਂ ਦੇ ਬਾਲ-ਪਰਿਵਾਰਾਂ ਨੂੰ ਸੰਭਾਲਿਆ, ਰੱਜ ਰੱਜ ਪਿਆਰਿਆ; ਜਿਨ੍ਹਾਂ ਤੋਂ ਆਪਣੇ ਭਾਪਾ ਜੀ ਤੇ ਚਾਚਾ ਜੀਆਂ ਦੇ ਬਾਲਪਨ ਅਤੇ ਜੁਆਨੀ ਦੀਆਂ ਸ਼ਰਾਰਤਾਂ, ਕਹਾਣੀਆਂ, ਗੁਜਰਖ਼ਾਨ ਤੇ ਗੁਜਰਖ਼ਾਨੀਆਂ ਦੇ ਕਿੱਸੇ ਸੁਣ ਸੁਣ ਅਸੀਂ ਸਾਰੇ ਵੱਡੇ ਹੋਏ; ਜਿਨ੍ਹਾਂ ਦਾ ਪਿਆਰ ਤੇ ਆਸ਼ੀਰਵਾਦ ਪੋਤਰਿਆਂ-ਪੜਪੋਤਰਿਆਂ ਤੇ ਪੜਦੋਹਤਰਿਆਂ-ਪੜਦੋਹਤਰੀਆਂ ਨੂੰ ਵੀ ਗੱਫ਼ਿਆਂ ਵਿਚ ਮਿਲਿਆ; ਜਿਨ੍ਹਾਂ ਕੁੱਲ ਦੀ ਕਿਸੇ ਵੀ ਧੀ-ਧਿਆਣੀ ਨੂੰ ਕਦੇ ਖਾਲੀ ਹੱਥ ਨਾ ਤੋਰਿਆ, ਬਸ ਪੱਲੇ ਦੀ ਚੂਕ ਦੀ ਗੰਢ ਖੋਲ੍ਹ ਕੇ, ਤਲੀ ‘ਤੇ ਸਿੱਕਾ ਧਰ ਕੇ ਸਭ ਨੂੰ ਨਿਹਾਲ ਤੇ ਮਾਲੋ-ਮਾਲ ਕਰਦੇ ਅਸੀਸਾਂ ਨਾਲ; ਜੋ ਵਤਨਾਂ ਦੀਆਂ ਗੱਲਾਂ ਤਾਂ ਬੜੀਆਂ ਸੁਣਾਂਦੇ ਸਾਨੂੰ, ਪਰ ਉਦਰੇਵੇਂ ਵਜੋਂ ਘੱਟ ਤੇ ਪੁਰਖਿਆਂ, ਅਰ ਸਾਕਾਂ-ਸਬੰਧੀਆਂ ਤੇ ਗੁਆਂਢੀਆਂ ਦੀਆਂ ਯਾਦਾਂ ਵਜੋਂ ਵੱਧ; ਅੱਜ ਉਹੀ ਬੇਜੀ ਦੀ ਬੇਸੁਰਤੀ ਵਿਚ ਇਕੋ-ਇਕ ਰਟ ਸੀ, “ਘਾਰ ਜੁੱਲੋ ਨਾ।”
ਘਾਰ ਜੁੱਲੋ ਜੁੱਲੋ ਕਰਦੇ ਹੀ ਬੇਜੀ ‘ਘਰ’ ਚਲੇ ਗਏ ਸਦਾ ਸਦਾ ਲਈ ਤੇ ਪਿੱਛੇ ਛੱਡ ਗਏ ਅਹਿਸਾਸ ‘ਘਾਰ ਜੁੱਲੋ ਨਾ’ ਦਾ।

ਔਰਤ ਬਚਪਨ ਵਿਸਾਰ ਸਕਦੀ ਹੈ, ਜੁਆਨੀ ਦੇ ਇਸ਼ਕ-ਮੁਸ਼ਕ ਵੀ, ਪਰ ਜਿਸ ਥਾਂ ਨਾਲ ਉਸ ਦੀ ਗ੍ਰਹਿਸਥੀ, ਉਸ ਦੀ ਬਾਲ-ਬੱਚੇਦਾਰੀ ਦੇ ਮੁੱਢਲੇ ਪਲ ਜੁੜੇ ਹੋਣ, ਉਸ ਨੂੰ ਉਹ ਕਦੇ ਨਹੀਂ ਭੁੱਲ ਸਕਦੀ।
ਅਤਿਵਾਦ ਦੇ ਦਿਨਾਂ ਵਿਚ ਮੈਨੂੰ ਮੁੰਬਈ ਛੱਡਣੀ ਪਈ। ਮੁਹਾਲੀ ਆ ਟਿਕੀ। ਸੋਚਿਆ ਸੀ ਅਮਨ-ਅਮਾਨ ਹੋਣ ਦੀ ਦੇਰ ਹੈ, ਮੈਂ ਵਾਪਸ ਪਰਤ ਜਾਵਾਂਗੀ।
ਅਮਨ ਪਰਤਿਆ। ਮੈਂ ਮੁੜ ਮੁੰਬਈ ਨਿੱਕਾ ਜਿਹਾ ਫਲੈਟ ਵੀ ਖਰੀਦ ਲਿਆ ਉਸੇ ਭਾਵਨਾ ਨਾਲ ਜਿਸ ਨਾਲ ਪਰਦੇਸਾਂ ਵਿਚ ਵਸ ਗਏ ਪੰਜਾਬੀ ਆਪਣੇ ਪਿੰਡ ਨਾਲੋਂ ਟੁੱਟ ਨਾ ਸਕਣ ਕਾਰਨ ਮੁੜ ਪਿੰਡ ਆ ਕੇ ਘਰ ਉਸਾਰ ਲੈਂਦੇ ਹਨ ਤੇ ਫਿਰ ਉਹ ਘਰ ਉਨ੍ਹਾਂ ਨੂੰ ਉਡੀਕਦੇ ਰਹਿੰਦੇ ਹਨ ਤੇ ਉਹ ਘਰਾਂ ਲਈ ਸਿਕਦੇ ਰਹਿੰਦੇ ਹਨ।
ਮੇਰਾ ਵੀ ਮੁੰਬਈਆ ਫਲੈਟ ਮੈਨੂੰ ਉਡੀਕਦਾ ਰਹਿੰਦਾ ਹੈ ਤੇ ਰੂਹ ਸਿਕਦੀ ਰਹਿੰਦੀ ਹੈ, “ਘਾਰ ਜੁੱਲੋ ਨਾ।”
ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ, ਬੰਦਾ ਆਪਣੀ ਜਨਮ ਭੂਮੀ ਦੇ ਦਰਸ਼ਨਾਂ ਲਈ ਤੜਫਣ ਲੱਗਦਾ ਹੈ। ਬਚਪਨ ਤਾਂ ਮੇਰਾ ਫਰੀਦਕੋਟ ਤੇ ਦਿੱਲੀ ਸ਼ਾਹਦਰਾ ਵਿਚ ਵੀ ਗੁਜ਼ਰਿਆ, ਪਰ ਇਨ੍ਹਾਂ ਥਾਂਵਾਂ ਦੀ ਇੰਨੀ ਸਿਕ ਨਹੀਂ ਰਹੀ। ਉਥੇ ਭਾਵੇਂ ਜਾ ਨਹੀਂ ਸਕੀ ਦੇਰ ਤੱਕ, ਪਰ ਕਦੇ ਵੀ ਜਾ ਸਕਦੀ ਸਾਂ। ਸ਼ਾਇਦ ਇਹੀ ਧਰਵਾਸ ਸੀ। ਫਿਰ 2011 ਵਿਚ ਫਰੀਦਕੋਟ ਜਾਣ ਦਾ ਸਬੱਬ ਬਣਿਆ।
ਗੁਜਰਖ਼ਾਨ, ਪੋਠੋਹਾਰ ਦੀ ਤੜਫ ਸੱਠਵੇਂ ਸਾਲ ਤੋਂ ਪ੍ਰਬਲ ਹੋਣ ਲੱਗੀ, ਹੋਰ ਹੋਰ ਹੋਰ।
“ਮੇਰੇ ਫੁੱਲ ਪੋਠੋਹਾਰ ਦੀ ਕਾਂਸ਼ੀ ਨਦੀ ਵਿਚ ਪਾਉਣੇ।” ਮੈਂ ਪੁੱਤਰਾਂ ਨੂੰ ਆਖਾਂ।
ਸ੍ਰੀਮਤੀ ਮਦੀਹਾ ਗੌਹਰ ਦੇ ਸੱਦੇ ਉਤੇ ‘ਜ਼ਨਾਨੀ ਨਾਟਕ ਮੇਲੇ’ ਵਿਚ ਸ਼ਾਮਿਲ ਹੋਣ ਲਈ ਜਦੋਂ ਲਾਹੌਰ ਜਾਣਾ ਨਸੀਬ ਹੋਇਆ ਤਾਂ ਵੀਜ਼ੇ ਦੀ ਮਿਆਦ ਵਧਾ ਕੇ ਗੁਜਰਾਂਵਾਲੇ ਦੇ ਮੁਸ਼ਾਇਰੇ ਵਿਚ ਵੀ ਹਾਜ਼ਰੀ ਭਰੀ ਤੇ ਫਿਰ ਇਸਲਾਮਾਬਾਦ ਤੋਂ ਹੁੰਦੀ ਹੋਈ ਗੁਜਰਖ਼ਾਨ ਵੀ ਗਈ।
ਵਕਤ ਥੋੜ੍ਹਾ ਸੀ ਤੇ ਭਟਕਣ ਬਹੁਤੀ। ਸਭ ਥਾਂਵਾਂ ਦੇ ਨਾਂ ਬਦਲ ਗਏ ਸਨ। ਜਿਹੜੀਆਂ ਗਲੀਆਂ ਕੁਝ ਡਿੱਠੀਆਂ-ਭਾਖੀਆਂ ਲੱਗੀਆਂ, ਉਨ੍ਹਾਂ ਦੀਆਂ ਹਵੇਲੀਆਂ ਦੇ ਮੱਥੇ ਹੁਣ ਦੁਕਾਨਾਂ ਵਿਚ ਤਬਦੀਲ ਹੋ ਕੇ ਖੁੱਡੋ-ਖੁੱਡ ਹੋਏ ਪਏ ਸਨ। ਇਨ੍ਹਾਂ ਦੁਕਾਨਾਂ ਦੇ ਮੱਥਿਆਂ ਉਤੇ ਭਾਂਡੇ, ਬਕਸੇ, ਸਬਜ਼ੀਆਂ, ਫਲ ਜਾਂ ਕੁੱਕੜਾਂ, ਬੱਕਰਿਆਂ ਦੇ ਨਿਰਜਿੰਦ ਜਿਸਮ ਲਟਕੇ ਹੋਏ ਸਨ। ਇਕ ਥਾਂ ‘ਤੇ ਤੀਜੀ ਮੰਜ਼ਿਲ ਦੇ ਉਪਰ ਮੰਦਰ ਦੇ ਕਲਸ ਦਾ ਨਿਸ਼ਾਨ ਸੀ, ਪਿੰਗਲੇ ਦੀ ਕਚੀਚੀ ਵਾਂਗ ਨਿਸ਼ਾਨਦੇਹੀ ਕਰਦਾ ਤੇ ਉਸ ਦੇ ਥੱਲੇ ਕਸਾਈਆਂ ਦੀਆਂ ਦੁਕਾਨਾਂ ਮੂਹਰੇ ਲਟਕਦੇ ਬੱਕਰੇ ਹੀ ਬੱਕਰੇ। ਮੇਰੇ ਭਾਪਾ ਜੀ ਦੇ ਮਾਸੜ ਰਾਇ ਬਹਾਦਰ ਸਰਦਾਰ ਬਿਸ਼ਨ ਸਿੰਘ ਦੀ ਮਹੱਲਨੁਮਾ ਕੋਠੀ ਦੇ ਮੱਥੇ ਉਤੇ ਖੁੱਡੋ-ਖੁੱਡ ਕੋਠੜੀਆਂ ਤੇ ਵਿਚ-ਵਿਚਾਲੇ ਦੀਆਂ ਦੁਕਾਨਾਂ ਉਪਰ ਪੁੱਠੇ ਲਟਕੇ ਹੋਏ ਬੱਕਰਿਆਂ ਦੇ ਧੜ।
ਮੇਰੀ ਤਲਾਸ਼ ਦੀ ਮੁੱਠੀ ਵਿਚੋਂ ਵਕਤ ਕਿਰਦਾ ਜਾ ਰਿਹਾ ਸੀ, ਰੇਤੋ-ਰੇਤ।
‘ਘਰ’ ਦੇ ਕੋਲ ਹੀ ਸਾਂ ਮੈਂ ਕਿਧਰੇ, ਨੇੜੇ-ਤੇੜੇ, ਤੇ ‘ਘਰ’ ਦੂਰ ਸੀ ਜਿਵੇਂ ਸੱਤ ਸਮੁੰਦਰੋਂ ਪਾਰ। ਟੈਕਸੀਵਾਨ ਬੜੇ ਧੀਰਜ ਨਾਲ ਸਾਥ ਦੇ ਰਿਹਾ ਸੀ, ਪਰ ਵਕਤ ਨਹੀਂ। ਅਚਾਨਕ ਇਕ ਆਵਾਜ਼ ਸੁਣੀ। ਬਾਹਰੋਂ ਕਿ ਧੁਰ ਅੰਦਰੋਂ?
ਇਨ੍ਹਾਂ ਘਰਾਂ ਵਰਗਾ ਹੀ ਸੀ ਆਪਣਾ ਘਰ। ਉਚੇ ਥੜ੍ਹੇ ਤੇ ਧੁਰ ਚੁਬਾਰੇ ਵਾਲਾ। ਉਸ ਦਾ ਮੂੰਹ-ਮੱਥਾ ਵੀ ਹੁਣ ਉਹ ਕਿੱਥੇ ਰਿਹਾ ਹੋਣੈ। ਇਸੇ ਤਰ੍ਹਾਂ ਖੋਲੀ-ਦਰ-ਖੋਲੀ ਤੇ ਦੁਕਾਨ-ਦਰ-ਦੁਕਾਨ ਹੋ ਗਿਆ ਹੋਣੈ। ਉਸ ਦੇ ਮੱਥੇ ‘ਤੇ ਵੀ ਲਟਕ ਰਹੇ ਹੋਣੇ ਨੇ ਭਾਂਡੇ, ਬਕਸੇ ਜਾਂ ਬੱਕਰੇæææਉਹ ਕੁਝ ਵੀ ਹੋਵੇਗਾ, ਪਰ ਮੇਰੇ ਚੇਤੇ ਵਿਚ ਵਸਿਆ-ਟਿਕਿਆ ਮੇਰੇ ਬੇਜੀ ਵਾਲਾ ਘਰ ਨਹੀਂ ਹੋਣਾ। ਉਹ ਘਰ ਜਿਸ ਦੇ ਪਿਛਲੇ ਸੁਫ਼ੇ ਵਿਚ ਮੈਂ ਜੰਮੀ ਸਾਂ। ਜਿਸ ਦੀ ਬੈਠਕ ਵਿਚ ਭਾਪਾ ਜੀ ਮੀਟਿੰਗਾਂ ਕਰਦੇ ਸਨ, ਆਪਣੇ ਕਾਂਗਰਸੀ ਸਾਥੀਆਂ ਨਾਲ। ਕੁਝ ਵੀ ਹੋਵੇਗਾ ਉਸ ਘਰ ਦੀ ਥਾਂ ‘ਤੇ, ਪਰ ਉਹ ਘਰ ਨਹੀਂ ਹੋਵੇਗਾ ਜਿਸ ਵਲ ਪਰਤਣ ਲਈ ਤਰਸਦੇ ਬੇਜੀ ਤੁਰ ਗਏ, ‘ਘਾਰ ਜੁੱਲੋ ਨਾ, ਘਾਰ ਜੁੱਲੋ ਨਾ’ ਦੀ ਮੁਹਾਰਨੀ ਰਟਦੇ।
ਗੁਜਰਖ਼ਾਨ ਜਾ ਕੇ ਵੀ ਮੈਂ ਬੇਜੀ ਦੀ ਰੂਹ ਨਾ ਤ੍ਰਿਪਤਾ ਸਕੀ। ਮੇਰੇ ਪੈਰ ਜੰਮ ਗਏ। ਉਥੇ ਦੇ ਉਥੇ।æææਕੁਝ ਘੜੀਆਂ-ਪਲਾਂ, ਦਿਨਾਂ-ਮਹੀਨਿਆਂ ਜਾਂ ਸਾਲਾਂ ਦੀ ਹੀ ਦੇਰ ਹੈ ਨਾ। ਮੈਂ ਵੀ ਤੁਰ ਜਾਣਾ ਹੈ।æææ’ਘਾਰ’ ਜੋ ਇਥੇ ਉਥੇ ਸਭ ਥਾਂ ਹੈ ਤੇ ਕਿਥੇ ਵੀ ਨਹੀਂ।
ਘਰ ਜੋ ਕਿਸੇ ਗਲੀ-ਗਰਾਂ ਜਾਂ ਸ਼ਹਿਰ ਦੀ ਹੱਦਬੰਦੀ ਤੋਂ ਪਾਰ ਹੈ। ਘਰ ਜੋ ਸਦਾ ਮੇਰੇ ਸੰਗ ਤੁਰਿਆ, ਮੇਰੇ ਅੰਦਰ ਮੌਲਿਆ-ਵਿਗਸਿਆ। ਉਸ ਘਰ ਲਈ ਉਦਰੇਵਾਂ ਜਾਂ ਹੇਰਵਾ ਕੀ ਮਾਅਨੇ ਰੱਖਦਾ ਹੈ? ਉਹ ਤਾਂ ਟਿਕਿਆ ਹੋਇਆ ਹੈ ਉਂਜ ਦਾ ਉਂਜ ਧੁਰ ਅੰਦਰ, ਮੇਰੇ ਚੇਤੇ ਵਿਚ।
ਫਿਰ ਕਾਹਦੀ ਢੂੰਢ, ਤਲਾਸ਼ ਜਾਂ ਭਟਕਣ?
ਮੈਂ ਚੁੱਪ-ਚਾਪ ਬਹਿ ਗਈ ਟੈਕਸੀ ਵਿਚ। ਟੈਕਸੀਵਾਨ ਨੂੰ ਆਦੇਸ਼ ਦਿੱਤਾ, ਘਾਰ ਜੁੱਲੋ ਨਾ!