ਮਖਸੂਸਪੁਰ ਨੂੰ ਫਖਰ ਹੈ ਆਪਣੇ ਦੇਬੀ ਉਤੇ

ਐਸ਼ ਅਸ਼ੋਕ ਭੌਰਾ

ਲੱਕੜੀਆਂ ਤਾਂ ਚਲੋ ਘੁਣ ਖਾ ਹੀ ਲੈਂਦਾ ਹੈ, ਪਰ ਕਈ ਪੱਥਰ ਵੀ ਪੋਲੇ ਤੇ ਵਿਚੋਂ ਖੋਖਲੇ ਹੁੰਦੇ ਹਨ। ਇਸ ਲਈ ਕਹਿ ਸਕਦੇ ਹਾਂ ਕਿ ਜੇ ਕਿਤੇ ਹੜ੍ਹ ਆਏ ਹੁੰਦੇ ਹਨ ਤੇ ਕਿਤੇ ਸੋਕਾ; ਕਿਤੇ ਬਰਫ਼ ਪੈ ਰਹੀ ਹੁੰਦੀ ਹੈ ਤੇ ਕਿਤੇ ਗਰਮੀ ਨਾਲ ਮੌਤਾਂ ਹੋ ਰਹੀਆਂ ਹੁੰਦੀਆਂ ਹਨ; ਤੇ ਅੱਖੀਂ ਦੇਖਣ ਦੀਆਂ ਗੱਲਾਂ ਨੇ ਕਿ ਕਈ ਮਾਂ-ਬਾਪ ਸੋਚਦੇ ਨੇ, ਹੁਣ ਅਗਲੇ ਜੀਅ ਦਾ ਕੀ ਨਾਂ ਰੱਖੀਏ, ਤੇ ਕਈ ਔਰਤਾਂ ਕੁੱਖ ‘ਤੇ ਹੱਥ ਮਾਰ ਕੇ ਕਹਿ ਰਹੀਆਂ ਹੁੰਦੀਆਂ ਹਨ, ਬਣਾ ਦੇ ਮਾਂæææਲਾ ਦੇ ਭਾਗ ਇਹਨੂੰ ਵੀ।

ਪਿਛਲੇ ਡੇਢ ਕੁ ਦਹਾਕੇ ਦੇ ਪੰਜਾਬੀ ਗੀਤਾਂ ਸਿਰ ਕਈ ਸੁਆਹ ਵੀ ਬਹੁਤ ਪੈ ਰਹੀ ਹੈ, ਨਿਹੋਰੇ ਤੇ ਉਲਾਂਭੇ ਬੜੇ ਦਿੱਤੇ ਜਾ ਰਹੇ ਹਨ; ਤਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਉਹੀ ਦੌਰ ਹੈ ਜਿਸ ਵਿਚ ਦੇਬੀ ਮਖਸੂਸਪੁਰੀ ਵਰਗਾ ਗੀਤਕਾਰ ਤੇ ਸੁਰਜੀਤ ਪਾਤਰ ਵਰਗਾ ਸ਼ਾਇਰ ਵਿਚਰ ਰਹੇ ਹਨ। ਖਾਸ ਗੱਲ ਇਹ ਵੀ ਹੈ ਕਿ ਦੋਹਾਂ ਵਿਚਕਾਰ ਸਬੰਧ ਚੇਲੇ ਤੇ ਗੁਰੂ ਵਾਲਾ ਵੀ ਹੈ। ਜੇ ਚੰਦਨ ਦਾ ਰੁੱਖ ਗੁਲਾਬ ਦੇ ਬੂਟਿਆਂ ਵਿਚ ਲੱਗਾ ਹੋਵੇ, ਤਾਂ ਚੰਦ ਤੇ ਸੂਰਜ ਹੱਥ ਮਿਲਾਉਣ ਨੂੰ ਕਾਹਲੇ ਕਿਉਂ ਨਹੀਂ ਹੋਣਗੇ!
ਮੈਂ ਉਸੇ ਦੇਬੀ ਦੀ ਗੱਲ ਕਰ ਰਿਹਾ ਹਾਂ ਜਿਸ ਨੂੰ ਤੁਸੀਂ ਸ਼ਾਇਰ ਵਜੋਂ ਵੀ ਚੰਗੀ ਤਰ੍ਹਾਂ ਜਾਣਦੇ ਹੋ, ਗਾਇਕ ਵਜੋਂ ਵੀ, ਤੇ ਜਿਹੜੇ ਉਹਨੂੰ ਮਿਲਦੇ-ਗਿਲਦੇ ਰਹਿੰਦੇ ਆ, ਉਹ ਇਹ ਵੀ ਕਹਿ ਦੇਣਗੇ ਕਿ ਉਹ ਬੰਦਾ ਵੀ ਚੰਗਾ ਹੈ, ਪਰ ਮੈਂ ਦੇਬੀ ਦਾ ਕੁਝ ਹੋਰ ਤਰ੍ਹਾਂ ਵਾਕਫ਼ਕਾਰ ਹਾਂ। ਉਹਨੂੰ ਕਿਤੇ ਕਿਤੇ ਚੰਗੀ ਤਰ੍ਹਾਂ ਦੇ ਨਾਲ ਨਾਲ ਬਹੁਤ ਬੁਰੀ ਤਰ੍ਹਾਂ ਵੀ ਜਾਣਦਾ ਹਾਂ। ਇਸ ਲਈ ਗੀਤਕਾਰੀ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਕਿਤੇ ਕਿਤੇ ਸ਼ਾਇਦ ‘ਇਕ ਸੀ ਰਾਜਾ, ਇਕ ਸੀ ਰਾਣੀ’ ਵਾਂਗ ਚੰਗੀ ਤਰ੍ਹਾਂ ਸੁਆਦਲੀ ਵੀ ਲੱਗੇ।
ਮਾਲ ਗੱਡੀ ਚਲਦੀ ਤਾਂ ਧੀਮੀ ਗਤੀ ਨਾਲ ਹੈ, ਪਰ ਉਸ ਦਾ ਸਫ਼ਰ ਲੰਬਾ ਬੜਾ ਹੁੰਦਾ ਹੈ। ਇਸੇ ਲਈ ਵਰ੍ਹਿਆਂ ਤੋਂ ਦੇਬੀ ਦੇ ਪੰਜਾਬ ਦੇ ਸੰਗੀਤਕ ਹਲਕਿਆਂ ਵਾਲੇ ਪੱਖ ਤੋਂ ਬਹੁਤ ਕੁਝ ਨੇੜੇ ਤੋਂ ਵੀ ਤੇ ਦੂਰੋਂ ਵੀ ਜੁੜਿਆ ਹੋਇਆ ਹੈ। ਦੇਬੀ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ, ਜਦੋਂ ਉਹ ਗੁਰਦੇਵ ਗਿੱਲ ਹੁੰਦਾ ਸੀ, ਮਖਸੂਸਪੁਰ (ਹੁਸ਼ਿਆਰਪੁਰ) ਦੇ ਬਚਨ ਸਿੰਘ ਦਾ ਗੋਲਕੀਪਰ ਵਜੋਂ ਖੇਡਣ ਵਾਲਾ ਫੁੱਟਬਾਲਰ। ਉਹਦੇ ਨਾਲ ਇਸੇ ਪਿੰਡ ਦਾ ਜੇæਸੀæਟੀæ ਵਾਲਾ ਕਸ਼ਮੀਰਾ ਸਿੰਘ ਭਾਈ ਵੀ ਖੇਡਦਾ ਹੁੰਦਾ ਸੀ ਤੇ ਬੀæਐਸ਼ਐਫ਼æ ਵਾਲਾ ਮਨਜੀਤ ਸਿੰਘ ਵੀ। ਉਹ ਹੁਸ਼ਿਆਰਪੁਰ ਦੇ ਡੀæਏæਵੀæ ਕਾਲਜ ਪੜ੍ਹਦਿਆਂ ਵੀ ਗੋਲਕੀਪਰ ਵਾਲੇ ਅਹੁਦੇ ‘ਤੇ ਹੀ ਫੁੱਟਬਾਲ ਦੀ ਇਲੈਕਸ਼ਨ ਲੜਦਾ ਰਿਹਾ।
ਫਿਰ ਇਹ ਪਰਿਵਾਰ ਪੰਜਾਬ ਦੀ ਆਬੋ-ਹਵਾ ਵਿਚੋਂ ਮਨਫ਼ੀ ਹੋ ਕੇ ਰਾਮਰਾਜ (ਯੂæਪੀæ) ਵਿਚ ਖੇਤੀ ਕਰਨ ਚਲੇ ਗਿਆ। ਉਦੋਂ ਤੱਕ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਗੁਰਦੇਵ ਗਿੱਲ ਦੇ ਨਾਂ ਨਾਲ ਘਰੋਂ ਨਿਕਲਿਆ ਇਹ ਮੁੰਡਾ ਜਦੋਂ ਪਰਤੇਗਾ, ਤਾਂ ਦੇਬੀ ਮਖਸੂਸਪੁਰੀ ਦੇ ਨਾਂ ਨਾਲ ਪਛਾਣ ਬਣਾ ਚੁੱਕਾ ਹੋਵੇਗਾ।
ਦੇਬੀ ਨਾਲ ਮੇਰੇ ਹੱਥ ਜੁੜਨ ਦੀ ਕਹਾਣੀ ਕੀ ਹੈ? ਉਹਦਾ ਸਭ ਤੋਂ ਪਹਿਲਾ ਗੀਤ ‘ਬਾਬਲ ਮਰਿਆ ਭਾਬੀਏ ਪੈ ਗਏ ਪੁਆੜੇ’ ਜਦੋਂ ਰਿਕਾਰਡ ਹੋਇਆ ਤਾਂ ਮੈਂ ਹਾਜ਼ਰ ਸੀ। ਬੈਂਕ ਵਾਂਗ ਚਰਨਜੀਤ ਆਹੂਜਾ ਨੇ ਇਹ ਉਹਦਾ ਖਾਤਾ ਖੋਲ੍ਹਿਆ ਸੀ। ਅਖਬਾਰੀ ਪੱਧਰ ‘ਤੇ ਸਭ ਤੋਂ ਪਹਿਲਾਂ ਦੇਬੀ ਬਾਰੇ ‘ਅਜੀਤ’ ਵਿਚ ਲੰਬਾ ਲੇਖ ਮੈਂ ਹੀ ਲਿਖਿਆ। 1994 ਦੇ ਸ਼ੌਂਕੀ ਮੇਲੇ ‘ਤੇ ਹਜ਼ਾਰਾਂ ਦਰਸ਼ਕਾਂ ਵਿਚ ਗਾਉਣ ਦਾ ਪਹਿਲਾ ਮੰਚ ਵੀ ਦੇਬੀ ਅਤੇ ਮਨਮੋਹਨ ਵਾਰਿਸ ਨੂੰ ਇਕੱਠਿਆਂ ਦਿੱਤਾ। ਅਗਲੇ ਵਰ੍ਹੇ ਉਹਨੇ ਆਪਣੇ ਅਕਾਲਗੜ੍ਹ ਵਾਲੇ ਜੀਜੇ ਰਾਹੀਂ ਮੈਨੂੰ ਮੇਲੇ ਲਈ ਸੱਤ ਹਜ਼ਾਰ ਭੇਜਿਆ। ਫਿਰ ਮਨਮੋਹਨ ਅਤੇ ਦੇਬੀ ਮੇਰੇ ਨਾਲ ਇਕੱਠੇ ਹੀ ਰੁੱਸ ਗਏ, ਮੈਨੂੰ ਨਹੀਂ ਪਤਾ, ਕਿਉਂ? ਦੇਬੀ ਬੱਬਰਾਂ ਦੇ ਪਿੰਡ ਮਖਸੂਸਪੁਰ ਜੰਮਿਆ। ਬੱਬਰ ਸੁੰਦਰ ਸਿੰਘ ਇਥੋਂ ਦਾ ਸੀ। ਬਖਤਾਵਰ ਸਿੰਘ ਯਾਨਿ ਬਖਤੌਰੇ ਨੂੰ ਫੁੱਟਬਾਲ ਕਰ ਕੇ ਹਰ ਕੋਈ ਜਾਣਦਾ ਸੀ। ਤੇ ਮੇਰਾ ਇਸ ਪਿੰਡ ਨਾਲ ਤਿੰਨ ਪੀੜ੍ਹੀਆਂ ਵਾਲਾ ਰਿਸ਼ਤਾ ਹੈ। ਇਸ ਪਿੰਡ ਦੇ ਸੋਹਣ ਸਿੰਘ ਦੀ ਕੁੜੀ ਕਸ਼ਮੀਰ ਕੌਰ ਮੇਰੀ ਪਤਨੀ ਹੈ, ਆਮ ਭਾਸ਼ਾ ਵਿਚ ਮਖਸੂਸਪੁਰ ਮੇਰੇ ਬੱਚਿਆਂ ਦਾ ਨਾਨਕਾ ਪਿੰਡ ਹੈ। ਦੇਬੀ ਮੈਨੂੰ ਸਟੇਜਾਂ ‘ਤੇ ਭਾਵੇਂ ਜੁਆਈ-ਭਾਈ ਕਹਿ ਦੇਵੇ, ਪਰ ਮੈਂ ਸ਼ਾਇਰ ਤੇ ਗੀਤਕਾਰ ਦੇਬੀ ਨੂੰ ਪਿਆਰ ਕਰਦਾ ਰਿਹਾ ਹਾਂ।
ਦੇਬੀ ਬਾਰੇ ਅਗਲੀ ਗੱਲ ਕਰਨ ਤੋਂ ਪਹਿਲਾਂ ਖਾਸ ਕੀ ਹੈ ਉਹਦੇ ਵਿਚ, ਇਸ ਬਾਰੇ ਕੁਝ ਦਿਲਚਸਪ ਅੰਕੜੇ ਤੁਹਾਡੇ ਨਾਲ ਸਾਂਝੇ ਕਰਦਾ ਹਾਂ:
ਹਾਲਾਤ ਦੇ ਮਾਰੇ ਅਮਰਜੋਤ ਤੇ ਚਮਕੀਲੇ ਨੇ ਜਦੋਂ ਧਾਰਮਿਕ ਗੀਤ ਗਾਉਣੇ ਸ਼ੁਰੂ ਕੀਤੇ ਤਾਂ ਸਵੇਰੇ ਸਵੇਰੇ ਬੱਸ ਅੱਡੇ ਦੇ ਸਾਹਮਣੇ ਵਾਲੇ ਦਫਤਰਾਂ ਵਿਚ ਮੈਂ ਕੁਲਦੀਪ ਪਾਰਸ ਕੋਲ ਬੈਠਾ ਸਾਂ। ਚਮਕੀਲੇ ਹੋਰੀਂ ਪ੍ਰੋਗਰਾਮ ‘ਤੇ ਚੱਲੇ ਸਨ। ਉਹ ਦਫ਼ਤਰ ਅੰਦਰ ਆਇਆ, ਤਾਂ ਕਹਿਣ ਲੱਗਾ, “ਬੱਬੀ (ਅਮਰਜੋਤ) ਗੱਡੀ ਵਿਚ ਗੱਲ ਕਰਨਾ ਚਾਹੁੰਦੀ ਆ।” ਉਹ ਕਾਰ ਦੀ ਪਿਛਲੀ ਸੀਟ ‘ਤੇ ਬੈਠੀ ਸੀ। ਬਾਰੀ ਖੋਲ੍ਹਦੇ ਸਾਰ ਉਹ ਮੈਨੂੰ ਘੁੱਟ ਕੇ ਚਿੰਬੜ ਗਈ। ਅੱਖਾਂ ਭਰ ਲਈਆਂ, ਤੇ ਦਰਦ ਦੇਖੋ, “ਭਾਜੀ! ਅਸੀਂ ਤਾਂ ਹੁਣ ਦੇਬੀ ਦਾ ਗੀਤ ਵੀ ਰਿਕਾਰਡ ਕਰ’ਤਾæææਹੁਣ ਤਾਂ ਸਾਡੇ ਬਚਣ ਦਾ ਹੀਲਾ ਕਰੋ।” ਤੇ ਨਾਲ ਹੀ ਡਰਾਇਵਰ ਨੂੰ ਕਹਿਣ ਲੱਗੀ, “ਲਾ ਜ਼ਰਾ ਉਹ ਗੀਤæææ।”
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਨੇæææ
ਪਾਇਆ ਰੱਬ ਨਾਲ ਵੈਰ ਆਈ ਸੰਗ ਨਾ
ਮਖਸੂਸਪੁਰੀ ਖੈਰ ਮੰਗ ਨਾæææ
ਹੰਸ ਰਾਜ ਹੰਸ ਨੇ ਜਦੋਂ ਆਪਣੇ ਘਰ ਸਫ਼ੀਪੁਰ ਮੈਨੂੰ ਆਪਣੀ ਇੰਗਲੈਂਡ ਵਿਚ ਰਿਲੀਜ਼ ਹੋਈ ਕੈਸਿਟ ‘ਵਾਰਿਸ ਪੰਜਾਬ ਦੇ’ ਹੱਥ ਫੜਾਈ ਤਾਂ ਬੋਲਿਆ, “ਐਸੀ ਪਿਆਰ ‘ਚ ਕਸੂਤੀ ਹਾਰ ਪੈ ਗਈæææ ਵਰਗੇ ਗੀਤਾਂ ਤੋਂ ਬਾਅਦ ਦੇਬੀ ਦਾ ‘ਆਸ਼ਕਾਂ ਦੀ ਕਾਹਦੀ ਜ਼ਿੰਦਗੀ’ ਗੀਤ ਲਗਦੈ ਚੱਲ ਜਾਵੇਗਾ, ਕਿਉਂਕਿ ਫਕੀਰੀ ਛੱਡ ਕੇ ਕੁਝ ਕਮਰਸ਼ੀਅਲ ਹੋਣ ਦੀ ਕੋਸ਼ਿਸ਼ ਕਰ ਰਿਹੈ। ਦੇਬੀ ਲਿਖਦਾ ਬਹੁਤ ਅੱਛੈ।”
ਸੱਚ ਇਹ ਹੈ ਕਿ ਨਾ ਹੰਸ ਨੂੰ, ਤੇ ਨਾ ਹੀ ਦੇਬੀ ਨੂੰ ਪਤਾ ਸੀ ਕਿ ਇਹ ਗੀਤ ਇੰਨਾ ਹਿੱਟ ਹੋ ਜਾਵੇਗਾ। ਸੁਰਿੰਦਰ ਸ਼ਿੰਦੇ ਦਾ ਫੋਕੀਆਂ ਲਿਹਾਜ਼ਾਂ ਵਾਲਾ ਗੀਤ ਵੀ ਦੇਬੀ ਦਾ ਭਲੇ ਦਿਨਾਂ ਵਿਚ ਚੰਗਾ ਰਿਹਾ ਸੀ। ਸਰਦੂਲ ਸਿਕੰਦਰ ਦਾ ‘ਲਵ ਮੈਰਿਜ ਕਰਾਉਣ ਦਾ ਰਿਵਾਜ਼ ਹੋ ਗਿਆ’ ਵਾਲਾ ਗੀਤ ਜਦੋਂ ਆਇਆ ਤਾਂ ਦੇਬੀ ਹਿੱਟ ਗੀਤਕਾਰ ਬਣ ਗਿਆ ਸੀ। ਮੇਰੇ ਵਿਆਹ ਵਾਲੇ ਦਿਨ 1989 ਵਿਚ ਸਰਦੂਲ ਤੇ ਨੂਰੀ ਦੀ ਨਵੀਂ ਬਣੀ ਜੋੜੀ ਨੇ ਦੋ-ਗਾਣਾ ਗਾਇਆ ਸੀ, ‘ਨੱਚ ਸਾਲੀਏ ਨੀ ਮੇਰੇ ਵੀਰ ਦੇ ਵਿਆਹ ਵਿਚ’ ਗਾਇਆ ਤਾਂ ਮਖਸੂਸਪੁਰ ਦੇ ਬੁੜ੍ਹਿਆਂ ਨੇ ਵੀ ਦੇਬੀ ਤੇ ਪਿੰਡ ਦਾ ਨਾਂ ਸੁਣ ਕੇ ਜੇਬਾਂ ਖਾਲੀ ਕਰ ਦਿੱਤੀਆਂ ਸਨ।
‘ਕਹਿੰਦੇ ਭਾਗਾਂ ਵਾਲੇ ਹੁੰਦੇ ਜਿਹੜੇ ਪਾਉਣ ਚਿੱਠੀਆਂ’ ਕੁਲਦੀਪ ਮਾਣਕ ਨੇ ਗਾਇਆ ਤਾਂ ਦੇਬੀ ਦੀਆਂ ਤਸ਼ਬੀਹਾਂ ਤੇ ਅਲੰਕਾਰਾਂ ਦੀ ਰੱਜ ਕੇ ਸਿਫ਼ਤ ਹੋਣ ਲੱਗੀ। ਕੁਲਦੀਪ ਪਾਰਸ ਦਾ ਗੀਤ ‘ਦੋ ਗੁੱਤਾਂ ਵਾਲੀਏ ਸ਼ੌਕੀਨ ਕੁੜੀਏ, ਮੈਨੂੰ ਦਿਲ ਵੀ ਰਕਾਨੇ ਤੇਰੇ ਦੋ ਲਗਦੇ’ ਵਿਚ ‘ਬੱਤੀ ਵਾਲਾ ਚੌਕ ਤੇ ਮੰਦਰ ਵਾਲੀ ਗਲੀ/ਬੱਸ ਦੋ ਤੇਰੇ ਮਨ ਭਾਉਂਦੇ ਰੂਟ ਨੀæææ’ ਦੇਬੀ ਦੀਆਂ ਦਿੱਲੀ ਦੀਆਂ ਕਹਾਣੀਆਂ ਹਨ। ਪੰਜਾਬੀ ਅਕਾਦਮੀ ਵਾਲਾ ਰਵੇਲ ਸਿੰਘ, ਕੁਲਵੰਤ ਨਾਗਰਾ ਉਨ੍ਹਾਂ ਦਿਨਾਂ ਵਿਚ ਦੇਬੀ ਦੇ ਆੜੀ ਸਨ ਤੇ ਇਹ ਬੱਤੀ ਵਾਲਾ ਚੌਕ, ਮੰਦਰ ਵਾਲੀ ਗਲੀ ਸਾਰਿਆਂ ਦਾ ਲੰਘਣ ਵਾਲਾ ਰੂਟ ਸੀ। ਕੁਲਵੰਤ ਹੋਰਾਂ ਜ਼ਰੀਏ ਹੀ ਦੇਬੀ, ਚਰਨਜੀਤ ਆਹੂਜਾ ਨੂੰ ਮਿਲਿਆ ਸੀ ਤੇ ਦਵਿੰਦਰ ਖੰਨੇਵਾਲੇ ਤੇ ਦੇਬੀ ਦੀ ਅੰਦਰਲੀ ਗੀਤਕਾਰੀ ਤੇ ਸ਼ਾਇਰੀ ਨੂੰ ਬਾਹਰ ਕੱਢ ਕੇ ਸ਼ਿੰਗਾਰਨ ਵਿਚ ਆਹੂਜਾ ਦੇ ਵੱਡੇ ਰੋਲ ਤੋਂ ਦੋਵੇਂ ਨਹੀਂ ਮੁੱਕਰ ਸਕਦੇ।
ਮੇਰੇ ਵੀ ਉਦੋਂ ਮੱਸ ਨਹੀਂ ਸੀ ਫੁੱਟੀ ਅਤੇ ਗੀਤਕਾਰ ਬਣਨ ਦਾ ਤੇਈਆ ਮੈਨੂੰ ਵੀ ਚੜ੍ਹ ਗਿਆ ਸੀ। ਚਿੱਠੀਆਂ ਵਾਲੇ ਗੀਤ ਦੀ ਰਿਕਾਰਡਿੰਗ ਤੋਂ ਬਾਅਦ ਸੋਨੋਟੋਨ ਸਟੂਡੀਓ ਵਿਚ ਆਹੂਜਾ ਨੇ ਰਸਮੀ ਤੌਰ ‘ਤੇ ਮਿਲਾਉਂਦਿਆਂ ਕਿਹਾ ਕਿ ਇਹ ਦੇਬੀ ਹੈ।
ਭੇਤ ਇਹ ਵੀ ਸੀ ਕਿ ਛੱਲੀਆਂ, ਮੱਕੀ, ਮੱਕੀ ਦਾ ਆਟਾ ਤੇ ਬਾਸਮਤੀ ਦੇ ਚੌਲ ਚਰਨਜੀਤ ਦੇ ਘਰ ਆਉਣ ਲੱਗ ਪਏ ਸਨ ਤੇ ਦਿੱਲੀ ਰਹਿਣ ਵਾਲੇ ਇਨ੍ਹਾਂ ਦੇ ਮੁਕਾਬਲੇ ਹੋਰ ਵੱਡੇ ਤੋਹਫ਼ੇ ਮੰਨਦੇ ਹੀ ਨਹੀਂ। ਦੇਬੀ ਬਹੁਤੀ ਵਾਰ ਸਭ ਕੁਝ ਟਰਾਲੀ ਵਿਚ ਲੱਦ ਕੇ ਵੀ ਰਾਮ ਰਾਜ ਤੋਂ ਦਿੱਲੀ ਲੈ ਆਉਂਦਾ ਸੀ।
ਉਨ੍ਹਾਂ ਦਿਨਾਂ ਵਿਚ ਹਾਲਾਤ ਇਹ ਤਾਂ ਦੱਸਣ ਲੱਗ ਪਏ ਸਨ ਕਿ ਦੇਬੀ ਅੰਦਰ ਵੱਡਾ ਬਣਨ ਦੀਆਂ ਸੰਭਾਵਨਾਵਾਂ ਸਨ, ਪਰ ਉਹ ਗਾਇਕ ਵੀ ਬਣ ਸਕਦਾ ਹੈ, ਇੱਦਾਂ ਦਾ ਕੁਝ ਵੀ ਨਹੀਂ ਸੀ ਲਗਦਾ। ਗੱਲ 1990-91 ਦੀ ਹੋਵੇਗੀ, ਮੈਂ ਕਿਸੇ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਲਈ ਪੁੱਜਿਆ, ਤਾਂ ਲੋਹੇ ਦੇ ਸਟੈਂਡ ‘ਤੇ ਬੁੱਕਲ ਮਾਰੀ ਬੈਠਾ ਕੋਈ ਗੱਭਰੂ ਦੇਬੀ ਵਰਗਾ ਲੱਗਾ। ਅੱਖ ਮਿਲੀ ਤਾਂ ਉਹ ਬੋਲਿਆ, “ਅਸ਼ੋਕ ਭਾਜੀ।” ਤੇ ਅਸੀਂ ਘੁੱਟ ਕੇ ਕਰੀਬ ਅੱਠ ਨੌਂ ਸਾਲਾਂ ਬਾਅਦ ਮਿਲੇ ਸਾਂ। ਮੈਂ ਕਿਹਾ, “ਦੇਬੀ, ਜਿੰਨਾ ਪਿਆਰ ਤੈਨੂੰ ਤੇ ਤੇਰੇ ਗੀਤਾਂ ਨੂੰ ਮਿਲਿਆ, ਬੱਸ ਵੱਖਰਾ ਹੀ ਰੰਗ ਹੈ।” ਇਹ ਸ਼ਾਇਦ ਉਹੀ ਦਿਨ ਸਨ ਜਦੋਂ ਉਹਦੀ ਚਰਨਜੀਤ ਆਹੂਜਾ ਦੇ ਸੰਗੀਤ ਹੇਠ ਗਾਇਕ ਵਜੋਂ ਐਲਬਮ ਤਿਆਰ ਹੋ ਰਹੀ ਸੀ,
ਦੁਨੀਆਂ ਸੁੰਨੀ ਹੋ ਜਾਂਦੀ
ਜਦ ਮਾਂ ਨ੍ਹੀਂ ਰਹਿੰਦੀ।
ਮਨਮੋਹਨ ਵਾਰਿਸ ਜਿੱਦਣ ਮੇਰੇ ਕੋਲ ਪਿੰਡ, ਮਨਿੰਦਰ ਗਿੱਲ ਦੀ ਤਿਆਰ ਕੈਸਿਟ ਲੈ ਕੇ ਆਇਆ (ਜਿਸ ਵਿਚ ‘ਹੋਰਾਂ ਨਾਲ ਪੀਂਘਾਂ ਝੂਟਦੀਏ’ ਵਾਲਾ ਗੀਤ ਸੀ), ਤਾਂ ਉਹਨੇ ਆਪਣਾ ਜੋ ਤੁਆਰਫ਼ ਕਰਵਾਉਂਦਿਆਂ ਦੇਬੀ ਦਾ ਹਵਾਲਾ ਦੇ ਕੇ ਸ਼ਬਦ ਕਹੇ ਸਨ, ਉਹ ਉਵੇਂ ਹੀ ਲਿਖ ਰਿਹਾਂ, “ਦੇਬੀ ਸਾਡੇ ਕੋਲ ਹੀ ਰਹਿੰਦੈ, ਸਾਡੇ ਪਰਿਵਾਰਕ ਸਬੰਧ ਨੇ, ਬਹੁਤੇ ਗੀਤ ਦੇਬੀ ਦੇ ਹੀ ਗਾਇਆ ਕਰਾਂਗੇæææਉਹਨੂੰ ਗਾਉਣ ਨਾਲ ਚੜ੍ਹਾਈ ਤਾਂ ਮਾੜੇ-ਧੀੜੇ ਦੀ ਵੀ ਹੋ ਜਾਂਦੀ ਆæææ।”
ਰੱਬ ਹੀ ਜਾਣੇ ਪਲੇਟਾਂ ਸਹੀ ਸਨ, ਪਰ ਬ੍ਰੇਕਾਂ ਫਿਰ ਵੀ ਬਹੁਤਾ ਚਿਰ ਲੱਗ ਨਾ ਸਕੀਆਂ। ਬਹੁਤੇ ਗੀਤਕਾਰ ਗਾਇਕਾਂ ਨਾਲ ਖਫ਼ਾ ਜਾਂ ਨਾਰਾਜ਼ ਤੇ ਨਿਰਾਸ਼ ਕਿਉਂ ਰਹੇ ਨੇ, ਇਹ ਦੱਸਣ ਦੀ ਤਾਂ ਜਸਵੀਰ ਗੁਣਾਚੌਰੀਏ ਤੱਕ ਲੋੜ ਨਹੀਂ, ਪਰ ਸਰਦੂਲ ਸਿਕੰਦਰ, ਹੰਸ ਰਾਜ ਹੰਸ, ਮਨਮੋਹਨ ਵਾਰਿਸ ਹਰਗਿਜ਼ ਨਹੀਂ ਕਹਿ ਸਕਦੇ ਕਿ ਉਨ੍ਹਾਂ ਦੀ ਗਾਇਕੀ ਵਿਚ ਦੇਬੀ ਦਾ ਯੋਗਦਾਨ ਨਹੀਂ; ਪਰæææਦੇਬੀ ਚਰਨਜੀਤ ਆਹੂਜਾ ਨੂੰ ‘ਗੁਰੂ ਜੀ ਗੁਰੂ ਜੀ’ ਕਹਿਣ ਤੋਂ ਕਿਉਂ ਉਕ ਗਿਆ, ਇਹ ਖੈਰ! ਮੈਨੂੰ ਵੀ ਨਹੀਂ ਪਤਾ।
ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੋਟ ਫਤੂਹੀ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਮੈਂ 8-9 ਸਾਲ ਪੜ੍ਹਾਉਂਦਾ ਰਿਹਾ ਹਾਂ। ਇਹ ਉਹੀ ਸਕੂਲ ਹੈ ਜਿਥੋਂ ਦੇਬੀ ਨੇ ਗਿਆਰਵੀਂ ਪਾਸ ਕੀਤੀ ਸੀ। ਇਥੇ ਹੀ ਗੁਰਦੇਵ ਸਿੰਘ ਖਾਬੜਾ ਅਤੇ ਨਰਿੰਦਰਪਾਲ-ਦੋ ਅਧਿਆਪਕ ਮੇਰੇ ਕੁਲੀਗ ਰਹੇ ਜਿਨ੍ਹਾਂ ਤੋਂ ਉਹ ਪੜ੍ਹਿਆ ਸੀ। ਮੈਨੂੰ ਇਕ ਚਿੱਠੀ ਵਿਚ ਵੀ ਦੇਬੀ ਨੇ ਲਿਖਿਆ ਸੀ, ਇਥੇ ਇਨ੍ਹਾਂ ਕੋਲ ਪੜ੍ਹਦਿਆਂ ਕੰਨ ਵੀ ਬਹੁਤ ਪੁਟਵਾਏ, ਮੁਰਗੇ ਵੀ ਬਣੇ ਤੇ ਉਨ੍ਹਾਂ ਨੇ ਵੀ ਸਿਫ਼ਤ ਕਰਨੀ।
ਉਨ੍ਹਾਂ ਵੀ ਆਖਣਾ, ਅਸ਼ੋਕ, ਕਿਤੇ ਇਕੱਠੇ ਮਿਲੇ ਤਾਂ ਦੇਖੀਂ, ਦੇਬੀ ਆਪਣੀ ਕਿੰਨੀ ਕਰਦੈ।
ਫਿਰ ਪ੍ਰਸੰਗ ਦੇਖੋ ਕਿਵੇਂ ਬਦਲਦੇ ਨੇ:
ਉਹੀ ਗੁਰਦੇਵ ਸਿੰਘ ਖਾਬੜਾ ਆਪਣੇ ਮੁੰਡੇ ਦੇ ਵਿਆਹ ਤੋਂ ਪਿਛੋਂ ਦੱਸੇ, “ਯਾਰ! ਦੇਬੀ ਹੁਣ ਉਹ ਨ੍ਹੀਂ ਰਿਹਾ। ਵਿਆਹ ‘ਤੇ ਸੱਦਿਆ, ਆਪਣੇ ਸੈਕਟਰੀ ਰਾਹੀਂ ਪੈਸੇ ਲੈ ਕੇ ਚੜ੍ਹਿਆæææਅਸੀਂ ਵੀ ਫਿਰ ਉਪਰ ਘੱਟ ਹੀ ਸੁੱਟੇ।” ਦਿੱਤੇ ਅਸਲ ਵਿਚ ਉਸ ਨੇ ਸਾਊਂਡ ਤੇ ਸਾਜ਼ਿੰਦਿਆਂ ਜੋਗੇ ਹੀ ਸਨ। ਜਾਣਨ ਵਾਲਿਆਂ ਨੂੰ ਪਤੈ, ਕਿ ਉਹ ਵਪਾਰਕ ਨਹੀਂ ਹੈ।
ਸਾਖਰਤਾ ਮੁਹਿੰਮ ਦੌਰਾਨ ਮੈਂ ਹਿਸ਼ਆਰਪੁਰ ਕੋ-ਆਰਡੀਨੇਟਰ ਸਾਂ। ਅਧਿਆਪਕਾਂ ਦੀ ਮੀਟਿੰਗ ਤੋਂ ਬਾਅਦ ਗੀਤ-ਸੰਗੀਤ ਦੀ ਗੱਲ ਚੱਲ ਪਈ। ਮੈਥੋਂ ਫਰਲੋਅ ਲੈਣ ਦੇ ਚੱਕਰ ਵਿਚ ਸਿਆਣੀ ਜਿਹੀ ਅਧਿਆਪਕਾ ਬੀਬੀ ਕਹਿਣ ਲੱਗੀ, “ਥੋਡੇ ਸਹੁਰੇ ਮਖਸੂਸਪੁਰ ਹਨ?”
“ਹਾਂ ਜੀ।”
“ਮੈਂ ਉਥੇ ਪੜ੍ਹਾਉਂਦੀ ਰਹੀ ਹਾਂ। ਪ੍ਰਾਇਮਰੀ ਵਿਚ ਦੇਬੀ ਮੇਰਾ ਸਟੂਡੈਂਟ ਸੀ। ਫੱਟੀ ਬੜੀ ਖੁਸ਼ਖਤ ਲਿਖਦਾ ਸੀ। ਬੜੀ ਸੁੰਦਰ ਲਿਖਾਈ ਸੀ।”
“ਨਹੀਂ ਮੈਡਮ, ਮੇਰੇ ਕੋਲ ਦੇਬੀ ਦੀਆਂ ਕਈ ਚਿੱਠੀਆਂ ਪਈਆਂ ਹਨæææ ਉਹਦੀ ਤਾਂ ਲਿਖਾਈæææ ਕੁਛ ਵੀ ਨ੍ਹੀਂ ਸੀ।”
“ਅੱਛਾ! ਤਾਂ ਫਿਰ ਉਹ ਕੋਈ ਹੋਰ ਹੋਣੈ।”
ਅਸਲ ਵਿਚ ਜਦੋਂ ਮਨੁੱਖ ਤਰੱਕੀ ਕਰਦਾ ਅਤੇ ਨਾਂ ਕੱਢਦੈ, ਤਾਂ ਉਸ ਉਤੇ ਦਾਅਵੇਦਾਰ ਬਹੁਤੇ ਹੋ ਜਾਂਦੇ ਹਨ, ਦੂਰ ਦੀਆਂ ਰਿਸ਼ਤੇਦਾਰੀਆਂ ਵੀ ਨੇੜੇ ਆ ਜਾਂਦੀਆਂ।
ਮੈਂ ਦਰਜਨਾਂ ਗਾਇਕਾਂ ਦੇ ਨਾਂ ਦੱਸ ਸਕਦਾਂ ਜਿਹੜੇ ਜਦ ਵੀ ਮਿਲਣਗੇ, ਮੈਨੂੰ ਇਕੋ ਵੰਗਾਰ ਪਾਉਣਗੇ, “ਅਸ਼ੋਕ, ਜਾਂ ਤਾਂ ਦੇਬੀ ਤੋਂ ਊਂ ਗੀਤ ਲੈ ਦੇ, ਜਾਂ ਫਿਰ ਪੁੱਛ ਲੈ, ਇਕ ਗੀਤ ਦੇ ਕਿੰਨੇ ਪੈਸੇ ਮੰਗਦਾ?”
ਚਲੋ! ਇਹ ਪੇਸ਼ਕਸ਼ਾਂ ਹੁੰਦੀਆਂ ਨੇ, ਊਂ ਮੈਂ ਨਹੀਂ ਮੰਨਦਾ ਕਿ ਦੇਬੀ ਨੇ ਪੈਸਾ ਲੈ ਕੇ ਕੋਈ ਗੀਤ ਕਿਸੇ ਗਾਇਕ ਨੂੰ ਦਿੱਤਾ ਹੋਵੇਗਾ।
ਉਲਾਂਭਿਆਂ ਭਰੇ ਗਾਇਕੀ ਦੇ ਘੜਮੱਸ ਵਿਚੋਂ ਸੁਰਜੀਤ ਪਾਤਰ ਵਰਗੇ ਪਦਮਸ੍ਰੀ ਸ਼ਾਇਰ ਦਾ ਦੇਬੀ ਨੂੰ ਸ਼ਾਗਿਰਦ ਵਜੋਂ ਸਵੀਕਾਰਨਾ ਆਪਣੇ ਆਪ ਵਿਚ ਮੂੰਹੋਂ ਬੋਲਣ ਵਾਲੀ ਘਟਨਾ ਹੈ।
ਇਸ ਗੱਲ ਨੂੰ ਮੇਰੇ ਨਾਲ ਤੁਸੀਂ ਵੀ ਮੰਨੋਗੇ ਕਿ ਦੇਬੀ ਦੀ ਗੀਤਕਾਰੀ, ਸ਼ਾਇਰੀ ਦੇ ਹਰ ਸ਼ਬਦ ਪ੍ਰਤੀ ਮੋਹ ਆਪਣੇ ਆਪ ਕੁੱਬਾ ਇਸ ਕਰ ਕੇ ਹੋ ਜਾਂਦਾ ਹੈ ਕਿਉਂਕਿ ਸਰਲ ਭਾਸ਼ਾ ਵਿਚ ਬਿਨਾਂ ਕੁੰਡਾ ਖੜਕਾਇਆਂ ਕਿਸੇ ਦੇ ਅੰਦਰ ਚਲੇ ਜਾਣ ਦਾ ਹੁਨਰ ਸਿਰਫ਼ ਵਰਤਮਾਨ ਗੀਤਕਾਰੀ ਦੇ ਯੁੱਗ ਵਿਚ ਦੇਬੀ ਕੋਲ ਹੈ। ਪਾਤਰ ਨੂੰ ਹਾਲ ਹੀ ਵਿਚ ਮੈਂ ਸਹਿਜ ਸੁਭਾਅ ਪੁੱਛਿਆ ਕਿ ਜੇ ਤੁਸੀਂ ਦੇਬੀ ਦੇ ਕਿਸੇ ਗੀਤ ਦੀ ਇਕਦਮ ਗੱਲ ਕਰਨੀ ਹੋਵੇ, ਜੋ ਤੁਹਾਨੂੰ ਸਭ ਤੋਂ ਚੰਗਾ ਲਗਦਾ ਹੋਵੇ, ਤਾਂ ਉਤਰ ਦੇਖੋ:
ਰਸਤੇ ਵੀ ਸਭ ਪਹਿਲਾਂ ਵਾਲੇ
ਪਰ ਹੁਣ ਮੱਲਦਾ ਹੋਰ ਕੋਈ
ਨਖ਼ਰੇ ਵੀ ਸਭ ਪਹਿਲਾਂ ਵਾਲੇ
ਪਰ ਹੁਣ ਝੱਲਦਾ ਹੋਰ ਕੋਈ
ਸਾਡੀ ਗਲਤੀ ਗੱਲ ਪਹਿਲਾਂ
ਟੁਣਕਾ ਕੇ ਕਾਹਤੋਂ ਕੀਤੀ ਨਾ
ਕੱਚਾ ਭਾਂਡਾ ਹਰ ਕੋਈ ਪਹਿਲਾਂ
ਠੋਰ ਵੇਖਦਾ ਏæææ
ਸੱਜਣਾਂ ਦੀ ਫੁਲਕਾਰੀ ਦੇ
ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ
ਇਨ੍ਹਾਂ ਸ਼ੀਸ਼ਿਆਂ ਵਿਚ ਹੁਣ ਮੂੰਹ
ਕੋਈ ਹੋਰ ਵੇਖਦਾ ਏæææ।
ਦੇਬੀ ਦੀ ਸਮੁੱਚੀ ਸ਼ਾਇਰੀ ਵਿਚ ਕਿਤੇ ਵੀ ਪ੍ਰਸ਼ਨ ਚਿੰਨ੍ਹ, ਇਤਰਾਜ਼ ਲਗਾਇਆ ਨਹੀਂ ਜਾ ਸਕਦਾ। ਉਹਦੀ ਸ਼ਾਇਰੀ ‘ਤੇ ਟਿੱਪਣੀ ਕਰਨੀ ਹੋਵੇ ਤਾਂ ਕਹਿ ਸਕਦੇ ਹਾਂ ਕਿ ਸ਼ੋਰੀਲੀਆਂ ਸੁਰਾਂ ਦੇ ਦੌਰ ਵਿਚ ਉਹਨੇ ‘ਝੂਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ’ ਤੋਂ ਬਾਅਦ ਹੁਣ ਤੱਕ ਜੋ ਦਿੱਤਾ ਹੈ, ਉਹ ਸੰਭਾਲਣਯੋਗ ਹੀ ਨਹੀਂ, ਮਾਣ ਕਰਨਯੋਗ ਵੀ ਹੈ। ਪਿਛਲੇ ਢਾਈ ਦਹਾਕਿਆਂ ਦਾ ਇਤਿਹਾਸਕ ਚੈਪਟਰ ਗੀਤਕਾਰੀ ਵਿਚ ਪੰਜਾਬੀਆਂ ਦੇ ਨਾਂ ਰਹੇਗਾ ਹੀ, ਤੇ ਦੇਬੀ ਇਸ ਦਾ ਸੂਤਰਧਾਰ ਹੈ।
ਮਾਂ ਵੀ ਨਹੀਂ ਰਹੀ ਤੇ ਪਿਉ ਵੀ ਨਹੀਂ। ਮਖਸੂਸਪੁਰ ਵਿਚ ਉਹਦਾ ਘਰ ਪਿੰਡ ਵਾਲੇ ਨਿਸ਼ਾਨੀ ਮੰਨਦੇ ਹਨ, ਮੰਗੇ ਹੋਰੀਂ ਹੈਗੇ ਆæææ ਉਹ ਸਰੀ ਵਿਚ ਟੈਕਸੀ ਚਲਾਉਂਦਾ ਰਿਹੈ, ਫਿਰ ਬਹੁਤਾ ਸਮਾਂ ਪੰਜਾਬ ਵਿਚਲੇ ਫਗਵਾੜੇ ਵਾਲੇ ਘਰ ਵਿਚ ਰਹਿੰਦੈ, ਰਾਮ ਰਾਜ ਵਾਲਾ ਫਾਰਮ ਵੱਡਾ ਭਰਾ ਦੇਖਦੈ, ਉਹ ਧੀਆਂ ਦਾ ਮੁਕੰਮਲ ਬਾਪ ਹੈ, ਉਹਦੇ ਗੰਜ ਪੈ ਗਿਆ ਸੀ, ਉਹਨੇ ਨਕਲੀ ਵਾਲ ਲੁਆ ਲਏæææਪਰ ਜੋ ਕੁਝ ਝੜਨ ਤੋਂ ਉਹਨੇ ਪੰਜਾਬੀ ਗੀਤਕਾਰੀ ਦਾ ਬਚਾਇਆ, ਉਹਦੇ ਨਾਲ ਜ਼ਿੰਦਾਬਾਦ ਦਾ ਨਾਅਰਾ ਲਾਇਆ ਜਾ ਸਕਦਾ ਹੈ।
ਦੇਬੀ ਨੂੰ ਸਾਡਾ ਦੇਬੀ ਕਹਿਣ ਵਿਚ ਮੈਂਂ ਵੀ ਮਾਣ ਹੀ ਸਮਝਦਾਂ, ਤੇ ਫਖਰ ਵੀ।

ਗੱਲ ਬਣੀ ਕਿ ਨਹੀਂ

ਸੁੱਚਾ ਤੇ ਘੁੱਕਰ
ਵਿਲਕੇ ਹੁਣ ਬਲਬੀਰੋ ਭਾਬੀ, ਗੱਲ ਨ੍ਹੀਂ ਸੁਣਦਾ ਸੁੱਚਾ।
ਭੂਤਰਿਆ ਏ ਹਰ ਮੋੜ ‘ਤੇ, ਤਾਹੀਂ ਘੁੱਕਰ ਲੁੱਚਾ।
‘ਕੱਠੇ ਰਹਿੰਦੇ ਸਾਧ ਚੋਰ, ਸਭ ਪਾਲਣ ਸ਼ੌਕ ਅਵੱਲੇ,
ਸੰਤ ਸਿਹੁੰ ਨਜ਼ਰਾਂ ‘ਚੋਂ ਡਿਗ ਕੇ, ਫਿਰ ਵੀ ਬਣਦਾ ਉਚਾ।
ਘੁੱਗੀਆਂ ਚਿੜ੍ਹੀਆਂ ਸਾਹ ਨਾ ਲੈਣ, ਹਲਕੇ ਕਊਏ ਆਣ ਖੜੇ।
ਬੇਖੌਫ ਤਾਂ ਹੋ ਕੇ ਦੱਸੋ, ਕਿੰਜ ਕੂੰਜਾਂ ਦੀ ਡਾਰ ਚੜ੍ਹੇ।
ਰੱਖੜੀ ਬੰਨ੍ਹ ਕੇ ਭੈਣ ਹਾਲੇ ਤਾਂ, ਪਿੰਡ ਦੀਆਂ ਜੂਹਾਂ ਲੰਘੀ ਸੀ।
ਉਸੇ ਭਾਈ ਨੇ ਭੋਇੰ ਖਾਤਰ, ਸਿਰ ਤੋਂ ਕਰ’ਤੀ ਨੰਗੀ ਸੀ।
ਕਿਹੜੇ ਰਿਸ਼ਤੇ ਕਿਹੜੀਆਂ ਕਦਰਾਂ, ਦੱਸੇ ਨਿੱਤ ਸਮਾਜ ਭਲਾ।
ਬੀਬੇ ਤੇ ਬਦਮਾਸ਼ ਵਿਚਾਲੇ, ਰਹਿ ਗਿਆ ਕਿਹੜਾ ਰਾਜ ਭਲਾ।
ਰੋ ਰੋ ਮਾਪੇ ਦੀਦੇ ਗਾਲਣ, ਚੰਦ ਚੜ੍ਹਾਉਂਦੇ ਚੰਦ ਨਵੇਂ।
ਬੁੱਢੇ ਕਾਰੀਗਰ ਨੂੰ ਝੱਲਣੋਂ ਹਟ ਗਏ ਨੇ ਹੁਣ ਸੰਦ ਨਵੇਂ।
ਲਾਣੇਦਾਰ ਬੇਈਮਾਨ, ਤਾਂ ਕੁੱਲ ਦਾ ਬੇੜਾ ਕਿਥੋਂ ਤਰ ਜਾਊਗਾ?
ਆਪਣੇ ਲਈ ਨ੍ਹੀਂ ਜਿਉਂਦਾ ਜਿਹੜਾ, ਦੂਜਿਆਂ ਲਈ ਕੀ ਮਰ ਜਾਊਗਾ?
ਕਿੱਕਰਾਂ ਵਰਗੀ ਜਿੰਦ ਨਿਮਾਣੀ, ਖਾ ਲਈ ‘ਭੌਰੇ’ ਰੋਹੀਆਂ ਨੇ।
ਉਚੀ ਉਚੀ ਮਾਂਵਾਂ-ਧੀਆਂ, ਹੁਣ ਗਲ ਲੱਗ ਕੇ ਰੋਈਆਂ ਨੇ।
-ਐਸ ਅਸ਼ੋਕ ਭੌਰਾ