ਪੰਜਾਬੀ ਯੂਨੀਵਰਸਿਟੀ ਦੀ ਵਿਲੱਖਣ ਪ੍ਰਾਪਤੀ

ਗੁਲਜ਼ਾਰ ਸਿੰਘ ਸੰਧੂ
ਭਾਰਤੀ ਸਾਹਿਤ ਅਕਾਡਮੀ ਨਵੀਂ ਦਿੱਲੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾæ ਜਸਪਾਲ ਸਿੰਘ ਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਵਿਚ ਪਾਏ ਨਿਵੇਕਲ ਯੋਗਦਾਨ ਲਈ ਇਸ ਵਰ੍ਹੇ ਦੇ ਉਚਤਮ ਭਾਸ਼ਾ ਸਨਮਾਨ ਨਾਲ ਨਿਵਾਜਿਆ ਹੈ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਸਮੇਂ ਇਸ ਦਾ ਮੂਲ ਮੰਤਵ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪਾਸਾਰ ਅਤੇ ਇਸ ਦਾ ਸਰਵ ਪੱਖੀ ਵਿਕਾਸ ਹੀ ਮਿਥਿਆ ਗਿਆ ਸੀ।

1962 ਵਿਚ ਸਥਾਪਤ ਹੋਈ ਇਹ ਯੂਨੀਵਰਸਿਟੀ ਇਜ਼ਰਾਈਲ ਦੀ ਹੀਬਰਯੂ ਯੂਨੀਵਰਸਿਟੀ ਤੋਂ ਪਿਛੋਂ ਦੁਨੀਆਂ ਭਰ ਵਿਚ ਭਾਸ਼ਾ ਦੇ ਨਾਂ ਉਤੇ ਸਥਾਪਤ ਹੋਣ ਵਾਲੀ ਦੂਜੀ ਵੱਡੀ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ ਦਾ ਸਿਹਰਾ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਸਿਰ ਬਝਦਾ ਹੈ ਜਿਸ ਦੀ ਦੂਰ ਦ੍ਰਿਸ਼ਟੀ ਦਾ ਲੋਹਾ ਅੱਜ ਵੀ ਮੰਨਿਆ ਜਾਂਦਾ ਹੈ।
ਭਾਵੇਂ ਇਸ ਯੂਨੀਵਰਸਿਟੀ ਨੂੰ ਸਥਾਪਤ ਹੋਇਆਂ ਅੱਧੀ ਸਦੀ ਤੋਂ ਵਧ ਸਮਾਂ ਹੋ ਚੁਕਾ ਹੈ ਅਤੇ ਭਾਈ ਜੋਧ ਸਿੰਘ ਵਰਗੇ ਵਿਦਿਆ ਸ਼ਾਸਤਰੀ ਇਸ ਦੇ ਪਹਿਲੇ ਉਪ ਕੁਲਪਤੀ ਹੋ ਗੁਜ਼ਰੇ ਹਨ ਪਰ ਇਸ ਨੂੰ ਦੇਸ਼ ਦੀ ਉਚਤਮ ਸਾਹਿਤ ਅਕਾਡਮੀ ਦੇ ਉਚ ਕੋਟੀ ਦੇ ਵਿਦਵਾਨਾਂ ਦੇ ਹਾਣ ਦੀ ਬਣਾਉਣ ਵਾਲਾ ਵਰਤਮਾਨ ਉਪ ਕੁਲਪਤੀ ਡਾæ ਜਸਪਾਲ ਸਿੰਘ ਹੀ ਹੈ। ਉਸ ਦੇ ਕਾਰਜ ਕਾਲ ਵਿਚ ਹੋਰਨਾਂ ਗੱਲਾਂ ਤੋਂ ਬਿਨਾ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੰਜਾਬੀ ਕਾਨਫਰੰਸਾਂ ਦਾ ਭਰਵਾਂ ਵਿਕਾਸ ਹੋਇਆ। ਉਸ ਨੂੰ ਇਹ ਇਨਾਮ ਤੇ ਸਨਮਾਨ ਤਾਮਿਲਨਾਦ ਦੇ ਰੰਗੀਨ ਸ਼ਹਿਰ ਕੋਇੰਬਟੂਰ ਵਿਖੇ ਵਖ ਵਖ ਭਾਸ਼ਾਵਾਂ ਦੇ ਉਘੇ ਵਿਦਵਾਨਾਂ ਦੀ ਹਾਜ਼ਰੀ ਵਿਚ ਦਿੱਤਾ ਗਿਆ ਹੈ। ਜਿਥੋਂ ਤੱਕ ਮੇਰਾ ਸਬੰਧ ਹੈ, ਮੇਰੇ ਲਈ ਇਹ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪਿਛੋਂ ਦੂਜੀ ਯੂਨੀਵਰਸਿਟੀ ਹੈ ਜਿਸ ਨੇ ਮੇਰੀ ਸਾਹਿਤ ਤੇ ਸੰਚਾਰ ਦੀ ਸੇਵਾ ਨੂੰ ਪਛਾਣਿਆ। ਇਥੋਂ ਤੱਕ ਕਿ ਮੈਨੂੰ ਤਾਜੀਵਨ ਫੈਲੋਸ਼ਿਪ ਵੀ ਦੇ ਰਖੀ ਹੈ ਜਿਸ ਨੇ ਮੈਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਮਹਾਰਥੀਆਂ ਦੇ ਹਾਣ ਦਾ ਬਣਾ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਨੂੰ ਨਵਾਂ ਸਨਮਾਨ ਮੁਬਾਰਕ।
ਸੰਤ ਸੀਚੇਵਾਲ ਦਾ ਕਾਰਜ ਖੇਤਰ: ਉਰਦੂ ਭਾਸ਼ਾ ਦਾ ਇੱਕ ਹਰਮਨ ਪਿਆਰਾ ਸ਼ੇਅਰ ਹੈ, ‘ਹਜ਼ਾਰੋਂ ਬਰਸ ਨਰਗਸ ਅਪਨੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।’ ਸੰਨ 1962 ਵਿਚ ਉਰਦੂ ਅਦੀਬ ਜੋਸ਼ ਮਲਸੀਹਾਨੀ ਦੇ ਕਸਬੇ ਨੇੜੇ ਸ਼ਾਹਕੋਟ (ਜਲੰਧਰ) ਤਹਿਸੀਲ ਦੇ ਪਿੰਡ ਸੀਚੇਵਾਲ ਵਿਚ ਜਨਮੇ ਬਲਬੀਰ ਸਿੰਘ ਸੀਚੇਵਾਲ ਨੇ ਦੋਨਾਂ ਖੇਤਰ ਨੂੰ ਦੁਨੀਆਂ ਦੇ ਨਕਸ਼ੇ ਉਤੇ ਉਭਾਰਨ ਦਾ ਕੰਮ ਕੀਤਾ ਹੈ। ਪਿੰਡ ਸੀਚੇਵਾਲ ਦੀ ਨਿਰਮਲ ਕੁਟੀਆ ਦੇ ਇਸ ਸੇਵਾਦਾਰ ਨੇ 1991 ਦੇ ਗੁਰੂ ਨਾਨਕ ਪੁਰਬ ਸਮੇਂ ਆਪਣੇ ਖੇਤਰ ਦੀਆਂ ਅਣਗੌਲੀਆਂ ਸੜਕਾਂ ਨੂੰ ਲੋਕ ਸੇਵਾ ਰਾਹੀਂ ਸੰਵਾਰਨ ਦਾ ਵਚਨ ਲਿਆ ਸੀ। ਸੰਤ ਸੀਚੇਵਾਲ ਦੀ ਅਣਥਕ ਸੇਵਾ ਦੇ ਫਲਸਰੂਪ ਰੇਤ ਵਿਚ ਫੈਲੇ ਮਲ੍ਹਿਆਂ ਤੇ ਬੂਝਿਆਂ ਨੂੰ ਢਾਹ ਢੁਹਾ ਕੇ ਲੋਕ ਮਨਾਂ ਵਿਚ ਅਜਿਹਾ ਜਾਦੂ ਧੂੜ੍ਹਿਆ ਕਿ ਕੁੱਲ ਖੇਤਰ ਮੋਢੇ ਨਾਲ ਮੋਢਾ ਡਾਹ ਕੇ ਆਪਣੇ ਪਿੰਡਾਂ ਦੀਆਂ ਸੜਕਾਂ ਨੂੰ ਸੁਧਾਰਨ ਜੁਟ ਗਿਆ। ‘ਮੈਂ ਅਕੇਲਾ ਹੀ ਚਲਾ ਥਾ ਜਾਨਬ ਏ ਮੰਜਲ ਮਗਰ ਲੋਗ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ’ ਵਿਚਲੇ ਸੱਚ ਵਾਂਗ ਸੜਕਾਂ ਵਾਲੇ ਕ੍ਰਿਸ਼ਮੇ ਤੋਂ ਪ੍ਰਭਾਵਤ ਹੋ ਕੇ ਸੰਤ ਸੀਚੇਵਾਲ ਵਲੋਂ ਕਾਲੀ ਵੇਈਂ ਦੀ ਸਫਾਈ ਲਈ ਵਿਢੇ ਔਖੇ ਤੇ ਅਤਿ ਲੋੜੀਂਦੇ ਕੰਮ ਵਿਚ ਵੀ ਇਲਾਕਾ ਵਾਸੀਆਂ ਨੇ ਆਪਣਾ ਯੋਗਦਾਨ ਪਾਉਣ ਦਾ ਵਚਨ ਲਿਆ। ਧੁਰ ਥਲੇ ਦੀਆਂ ਜੜੀ ਬੂਟੀਆਂ ਤੇ ਸ਼ਹਿਰਾਂ ਕਸਬਿਆਂ ਦੇ ਗੰਦੇ ਪਾਣੀ ਨਾਲ ਕਾਲੀ ਹੋਈ ਇਸ ਵੇਈਂ ਨੂੰ ਸ਼ੀਸ਼ੇ ਵਾਂਗ ਚਮਕਾਉਣ ਵਾਲੇ ਉਸ ਦੇ ਕਾਰਜ ਨੇ ਭਾਰਤ ਦੇ ਵਿਗਿਆਨੀ ਰਾਸ਼ਟਰਪਤੀ ਡਾæ ਅਬਦੁਲ ਕਲਾਮ ਨੂੰ ਹੀ ਇਸ ਦੀ ਪਵਿਤਰਤਾ ਦੇਖਣ ਲਈ ਨਹੀਂ ਖਿੱਚਿਆ ਸਗੋਂ ਸੰਤ ਸੀਚੇਵਾਲ ਨੂੰ ਵਿੰਡਸਰ ਯੂ ਕੇ ਤੇ ਕੋਪਨਹੈਗਨ ਦੀਆਂ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਸਦ ਕੇ ਮਾਣ ਸਨਮਾਨ ਪ੍ਰਾਪਤ ਕਰਨ ਦੇ ਯੋਗ ਵੀ ਕੀਤਾ।
ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਖੇਤਰ ਦੀਆਂ ਪ੍ਰਾਪਤੀਆਂ ਪੁਸਤਕ (ਮੋਠ, ਬਾਜਰੇ ਦੀ ਜੂਹ, ਪੰਜਾਬੀ ਸੱਥ ਲਾਂਬੜਾ, ਪੰਨੇ 240, ਮੁੱਲ 200 ਰੁਪਏ) ਰੂਪ ਦੇਣ ਦਾ ਕਾਰਜ ਦੋਨਾਂ ਪੰਜਾਬੀ ਸੱਥ ਦੇ ਸੰਚਾਲਕ ਸੂਬੇਦਾਰ ਸ਼ਿਵ ਸਿੰਘ ਨੇ ਬੜੀ ਸੂਝ-ਬੂਝ ਤੇ ਮਿਹਨਤ ਨਾਲ ਨੇਪਰੇ ਚਾੜਿਆ ਹੈ। ਉਸ ਨੇ ਇਹ ਪੁਸਤਕ ਆਪਣੇ ਖੇਤਰ ਦੇ ਵਿਛੜ ਗਏ ਵਿਦਵਾਨਾਂ ਨੂੰ ਸਮਰਪਿਤ ਕੀਤੀ ਹੈ। ਇਸ ਲੜੀ ਵਿਚ ਉਸ ਨੇ ਜਲੰਧਰ ਨਾਲ ਸਬੰਧਤ ਇੰਦਰ ਕੁਮਾਰ ਗੁਜਰਾਲ (ਪ੍ਰਧਾਨ ਮੰਤਰੀ), ਸਵਰਨ ਸਿੰਘ (ਵਿਦੇਸ਼ ਮੰਤਰੀ), ਚੌਧਰੀ ਮੁਹੰਮਦ ਅਲੀ (ਪ੍ਰਧਾਨ ਮੰਤਰੀ ਪਾਕਿਸਤਾਨ), ਅਨਵਰ ਉਲ ਹੱਕ (ਚੀਫ ਜਸਟਿਸ ਪਾਕਿਸਤਾਨ ਸੁਪਰੀਪ ਕੋਰਟ), ਜਨਰਲ ਜ਼ਿਆ-ਉਲ-ਹੱਕ (ਪਾਕਿਸਤਾਨੀ ਰਾਸ਼ਟਰਪਤੀ), ਇਮਰਾਨ ਖਾਨ (ਕ੍ਰਿਕਟ ਕਪਤਾਨ), ਕਵੀ ਅਵਤਾਰ ਸਿੰਘ ਪਾਸ਼ ਤੇ ਅੱਧੀ ਦਰਜਨ ਸੈਨਿਕ ਸ਼ਹੀਦਾਂ ਦੇ ਵੀ ਵੇਰਵੇ ਦਿੱਤੇ ਹਨ। ਇਹ ਸਾਰੇ ਜਲੰਧਰ ਜ਼ਿਲੇ ਨਾਲ ਸਬੰਧਤ ਸਨ। ਆਪਣੀ ਪੁਸਤਕ ਵਿਚ ਉਸ ਨੇ ਤਸਵੀਰਾਂ ਤੇ ਨਕਸ਼ਿਆਂ ਸਮੇਤ ਦੋਨਾਂ ਪੰਜਾਬੀ ਸਥ ਵਰਗੀਆਂ ਹੋਰ ਸੱਥਾਂ ਦੇ ਨਾਂ ਪਤੇ ਵੀ ਦਿੱਤੇ ਹਨ।
ਦੁਆਬੇ ਦੇ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨੇ ਕਾਲੀ ਵੇਈਂ ਤਾਂ ਪਵਿਤਰ ਕਰ ਦਿੱਤੀ ਪਰ ਅੰਡੇਮਾਨ ਤੇ ਨਿਕੋਬਾਰ ਦੇ ਕਾਲੇ ਪਾਣੀਆਂ ਨੂੰ ਸੋਧਣ ਵਾਲਾ ਪੂਰੇ ਭਾਰਤ ਵਿਚ ਹੋਰ ਕੋਈ ਨਹੀਂ ਨਿਤਰਿਆ। ਸ਼ਿਵ ਸਿੰਘ ਦੀ ਇਸ ਪੁਸਤਕ ਵਿਚ ਸੁਤੰਤਰ ਭਾਰਤ ਦੀ ਪ੍ਰਥਮ ਸਿਹਤ ਮੰਤਰੀ ਰਾਜ ਕੁਮਾਰੀ ਅੰਮ੍ਰਿਤ ਕੌਰ, ਦਿੱਲੀ ਦੀ ਸਾਬਕਾ ਮੁਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਪੰਜਾਬ ਕਲਾ ਪ੍ਰੀਸ਼ਦ ਵਿਚ ਮੇਰੀ ਉਤਰ-ਅਧਿਕਾਰੀ ਹਰਿੰਦਰ ਕੌਰ ਨੂੰ ਵੀ ਉਚੇਚ ਨਾਲ ਚੇਤੇ ਕੀਤਾ ਹੈ। ਪਰ ਮੋਠ, ਬਾਜਰੇ ਤੇ ਮੂੰਗਫਲੀ ਦੀ ਕਾਸ਼ਤ ਲਈ ਜਾਣੇ ਜਾਂਦੇ ਇਸ ਖੇਤਰ ਨੂੰ ਵਿਕਾਸ ਦਾ ਨਵਾਂ ਤੇ ਸੁੱਚਾ ਮਾਡਲ ਦੇਣ ਵਾਲਾ ਸੰਤ ਬਲਬੀਰ ਸਿੰਘ ਸੀਚੇਵਾਲ ਹੀ ਹੈ। ਅਸੀਂ ਉਸ ਦੀ ਲੰਮੀ ਤੇ ਸਿਹਤਮੰਦ ਉਮਰਾ ਲਈ ਦੁਆ ਕਰਦੇ ਹਾਂ।
ਅੰਤਿਕਾ:
ਮੇਰਿਆਂ ਖੰਭਾਂ ‘ਚ
ਇਕ ਪਰਵਾਜ਼ ਤੜਪੇ ਰਾਤ ਦਿਨ,
ਪਹਿਨ ਕੇ ਬੈਠੀ ਰਹਾਂ
ਮੈਂ ਝਾਂਜਰਾਂ, ਹਰਗਿਜ਼ ਨਹੀਂ।