ਕੌਮੀ ਹਿਤਾਂ ਵਾਲੇ ਇਹ ਲਾਡਲੇ ਦਹਿਸ਼ਤਗਰਦ

ਬੂਟਾ ਸਿੰਘ
ਫੋਨ: +91-94634-74342
ਬਾਲ ਠਾਕਰੇ ਦੀ ਸ਼ਿਵ ਸੈਨਾ ਇਨ੍ਹੀਂ ਦਿਨੀਂ ਅੰਗਰੇਜ਼ੀ ਰਸਾਲੇ Ḕਤਹਿਲਕਾ’ ਨੂੰ ਸਬਕ ਸਿਖਾਉਣ ਲਈ ਸ਼ਰੇਆਮ ਦਹਿਸ਼ਤਗਰਦ ਐਲਾਨ ਕਰ ਰਹੀ ਹੈ। ਧਾਰਮਿਕ ਘੱਟ-ਗਿਣਤੀ, ਕੌਮੀਅਤ ਜਾਂ ਦਲਿਤ ਜਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਮਹਿਜ਼ ਜਮਹੂਰੀ ਸੰਘਰਸ਼ ਲੜਦੀਆਂ ਹਨ। ਇਨ੍ਹਾਂ ਦੇ ਆਗੂਆਂ ਨੂੰ ਗ਼ੈਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ ਤਹਿਤ ਬਿਨਾਂ ਦਲੀਲ, ਅਪੀਲ ਤੇ ਵਕੀਲ ਸਾਲਾਂ ਬੱਧੀ ਜੇਲ੍ਹ ਵਿਚ ਸੜਨ ਲਈ ਸੁੱਟ ਦੇਣ ਵਾਲਾ ਸਟੇਟ ਦਹਿਸ਼ਤਗਰਦੀ ਦਾ ਪੈਮਾਨਾ ਆਪਣੇ ਚਹੇਤੇ ਦਹਿਸ਼ਤਗਰਦ ਗਰੋਹਾਂ ਉਪਰ ਕਦੀ ਲਾਗੂ ਨਹੀਂ ਕਰਦਾ।

ਸ਼ਿਵ ਸੈਨਾ ਨੇ ਮੁੰਬਈ ਵਿਚ ḔਤਹਿਲਕਾḔ ਦੀਆਂ ਕਾਪੀਆਂ ਸਾੜ ਕੇ ਧਮਕੀ ਦਿੱਤੀ ਕਿ ਇਸ ਮਰ ਰਹੇ ਰਸਾਲੇ ਨੂੰ ਮਾਰਕੀਟ ਵਿਚ ਬੁਰੀ ਤਰ੍ਹਾਂ ਕੁਚਲ ਦਿੱਤਾ ਜਾਵੇਗਾ। ḔਤਹਿਲਕਾḔ ਨੇ ਆਪਣੇ ਇਕ ਪਿਛਲੇ ਅੰਕ ਵਿਚ ਬਾਲ ਠਾਕਰੇ ਉਪਰ ਕਿੰਤੂ-ਪ੍ਰੰਤੂ ਕੀਤੇ ਸਨ। 18 ਅਗਸਤ ਨੂੰ ਸ਼ਿਵ ਸੈਨਾ (ਬਾਲ ਠਾਕਰੇ) ਦੇ ਤਰਜਮਾਨ ਅਖ਼ਬਾਰ Ḕਸਾਮਨਾ’ ਨੇ ਆਪਣੇ ਸੰਪਾਦਕੀ ਵਿਚ ਲਿਖਿਆ- “ਲੋਕਾਂ ਦੇ ਦਿਲਾਂ ਵਿਚ ਬਾਲਾਸਾਹਿਬ ਲਈ ਬਹੁਤ ਪਿਆਰ ਤੇ ਸਤਿਕਾਰ ਹੈæææ। ਨਿਸ਼ਚੇ ਹੀ ਉਸ ਨੇ ਲੋਕਾਂ ਵਿਚ ਹਿੰਦੂਆਂ ਦਾ ਖੌਫ਼ ਭਰਿਆ।æææ ਜੇ ਪਾਕਿਸਤਾਨੀ ਅਤਿਵਾਦੀਆਂ ਨੂੰ ਉਸੇ ਭਾਸ਼ਾ ‘ਚ ਜਵਾਬ ਦੇਣ ਦਾ ਉਸ ਦਾ ਸਟੈਂਡ ਦਹਿਸ਼ਤਵਾਦ ਹੈ, ਤਾਂ ਇਸ ਤਰ੍ਹਾਂ ਦਾ ਦਹਿਸ਼ਤਵਾਦ ਕੌਮੀ ਹਿਤ ਵਿਚ ਸੀ।” ਹੋਰ ਅੱਗੇ- “ਪਾਕਿਸਤਾਨ ਨੂੰ ਜਵਾਬ ਦੇਣ ਲਈ, ਹਿੰਦੂਆਂ ਨੂੰ ਮਨੁੱਖੀ ਬੰਬ ਬਣਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਮੁਲਕ ਉਪਰ ਧਾਵੇ ਬੋਲਣੇ ਚਾਹੀਦੇ ਹਨ।”
ਸ਼ਿਵ ਸੈਨਾ ਦੀ ਇਸ ਦਹਿਸ਼ਤਗਰਦੀ ਬਾਰੇ ਮੋਦੀ ਹਕੂਮਤ ਖ਼ਾਮੋਸ਼ ਹੈ। ਇਸ ਤਰ੍ਹਾਂ ਦੇ ਸ਼ਰੇਆਮ ਦਹਿਸ਼ਤਗਰਦ ਬਿਆਨਾਂ ਬਾਰੇ ਮੁਲਕ ਦੀ Ḕਸਮੂਹਕ ਆਤਮਾ’ ਦੇ ਝੰਡਾਬਰਦਾਰ ਜੱਜਾਂ ਦੇ ਮੂੰਹਾਂ ਨੂੰ ਵੀ ਜੰਦਰੇ ਲੱਗੇ ਹੋਏ ਹਨ ਜਿਨ੍ਹਾਂ ਨੇ ਅਫ਼ਜ਼ਲ ਗੁਰੂ ਨੂੰ ਮੁਲਕ ਦੀ Ḕਸਮੂਹਕ ਆਤਮਾ’ ਨੂੰ ਸ਼ਾਂਤ ਕਰਨ ਲਈ ਫਾਹੇ ਲਾ ਦਿੱਤਾ ਸੀ।
Ḕਦਹਿਸ਼ਤਗਰਦ ਵਾਰਦਾਤਾਂ’ ਨੂੰ ਬਿਨਾ ਕਿਸੇ ਸਬੂਤ ਦੇ ਝਟਪਟ ਮੁਸਲਿਮ ਦਹਿਸ਼ਤਗਰਦਾਂ ਦੇ ਖ਼ਾਤੇ ਪਾ ਕੇ ਘਿਨਾਉਣੀਆਂ ਨਿਖੇਧੀਆਂ ਦੀ ਝੜੀ ਲਗਾਉਣ ਵਾਲਾ ਇਹ ਸਟੇਟ ਇੰਨਾ ਸਹਿਣਸ਼ੀਲ ਹੈ ਕਿ ਹਿੰਦੂਤਵੀਆਂ ਅਤੇ ਸ਼ਿਵ ਸੈਨਿਕਾਂ ਦੇ ਸ਼ਰੇਆਮ, ਦਹਿਸ਼ਤਗਰਦ ਐਲਾਨਾਂ ਨੂੰ ਭੋਰਾ ਖ਼ਤਰਾ ਨਹੀਂ ਮੰਨਿਆ ਜਾਂਦਾ। ਜਦੋਂ ਸਮਝੌਤਾ ਐਕਸਪ੍ਰੈੱਸ ਅਤੇ ਮਾਲੇਗਾਓਂ ਵਰਗੇ ਬੰਬ ਕਾਂਡਾਂ ਵਿਚ ਸ਼ਾਮਲ ਹਿੰਦੂਤਵੀ ਦਹਿਸ਼ਤਗਰਦਾਂ, ਖ਼ਾਸ ਕਰ ਕੇ ਹਿੰਦੂਤਵੀ ਸਰਗਨੇ ਪ੍ਰਵੀਨ ਤੋਗੜੀਆ ਵਰਗਿਆਂ ਦੇ ਚਿਹਰੇ ਸਾਹਮਣੇ ਆਏ, ਤਾਂ ਤੱਤਕਾਲੀ ਗ੍ਰਹਿ ਮੰਤਰੀ ਐਲ਼ਕੇæ ਅਡਵਾਨੀ ਨੇ ਇਹ ਐਲਾਨ ਕਰਨ ਵਿਚ ਕੋਈ ਝਿਜਕ ਨਹੀਂ ਸੀ ਦਿਖਾਈ ਕਿ ਹਿੰਦੂ, ਦਹਿਸ਼ਤਗਰਦ ਨਹੀਂ ਹੋ ਸਕਦੇ; ਮਹਾਂਰਾਸ਼ਟਰ ਦਾ ਐਂਟੀ-ਟੈਰਰਿਸਟ ਸਕੁਐਡ ਝੂਠ ਬੋਲ ਰਿਹਾ ਹੈ। ਦਰਅਸਲ ਉਹ ਕਹਿ ਰਿਹਾ ਸੀ ਮੁਸਲਮਾਨ, ਸਿੱਖ ਆਦਿ ਧਾਰਮਿਕ ਘੱਟ-ਗਿਣਤੀ ਭਾਈਚਾਰੇ ਜਮਾਂਦਰੂ ਦਹਿਸ਼ਤਗਰਦ ਹਨ। ਭਾਜਪਾ ਆਗੂ ਗਿਰੀਰਾਜ ਸਿੰਘ ਨੇ ਤਾਂ ਰਣਬੀਰ ਸੈਨਾ ਦੇ ਮੁਖੀ ਬ੍ਰਹਮੇਸ਼ਵਰ ਮੁਖੀਆ ਨੂੰ Ḕਬਿਹਾਰ ਦੇ ਗਾਂਧੀ’ ਦਾ ਖ਼ਿਤਾਬ ਵੀ ਦਿੱਤਾ ਸੀ ਜਿਸ ਦੇ ਉੱਚ-ਜਾਤੀ ਦਹਿਸ਼ਤਗਰਦ ਗਰੋਹ ਵਲੋਂ 300 ਤੋਂ ਉਪਰ ਦਲਿਤਾਂ ਦੇ ਕਤਲੇਆਮ ਕੀਤੇ ਗਏ ਸਨ। ਹਿੰਦੂਵਾਦੀ ਗਰੋਹਾਂ ਦੀ ਦਹਿਸ਼ਤਗਰਦੀ ਪ੍ਰਤੀ ਇਸ Ḕਧਰਮ ਨਿਰਪੱਖ’ ਸਟੇਟ ਦੀ ਦਰਿਆਦਿਲੀ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਹਜ਼ਾਰਾਂ ਲੋਕਾਂ ਦੀ ਕਤਲੋਗ਼ਾਰਤ ਦੇ ਸਿਆਸੀ ਸੂਤਰਧਾਰ ਸਹਿਜੇ ਹੀ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ। ਇਹ ਕਾਂਗਰਸ ਦਾ ਆਗੂ ਰਾਜੀਵ ਗਾਂਧੀ ਹੋਵੇ ਜਾਂ ਸੰਘ ਪਰਿਵਾਰ ਦਾ ਨਰੇਂਦਰ ਮੋਦੀ ਇਨ੍ਹਾਂ ਨੂੰ ਰਾਜ ਕਰਨ ਦਾ ਮੌਕਾ ਦੇਣ ਪੱਖੋਂ Ḕਧਰਮ ਨਿਰਪੱਖ’ ਸਟੇਟ ਕੋਈ ਵਿਤਕਰਾ ਨਹੀਂ ਕਰਦਾ।
ਇਨ੍ਹੀਂ ਦਿਨੀਂ ਹਿੰਦੂਤਵੀ ਦਹਿਸ਼ਤਗਰਦੀ ਦੀ ਇਕ ਹੋਰ ਪਰਤ ਉਘੜ ਕੇ ਸਾਹਮਣੇ ਆਈ ਹੈ ਜਿਸ ਦਾ ਸਬੰਧ ਬਿਹਾਰ ਵਿਚ 1990ਵਿਆਂ ਦੇ ਦਹਾਕੇ ਦੌਰਾਨ ਉਥੇ ਜਗੀਰੂ ਸੈਨਾਵਾਂ ਵਲੋਂ ਅੰਜਾਮ ਦਿੱਤੇ ਗਏ ਦਲਿਤਾਂ ਦੇ ਕਤਲੇਆਮਾਂ ਨਾਲ ਹੈ। ਵੈੱਬਸਾਈਟ ḔਕੋਬਰਾਪੋਸਟḔ ਨੇ ਇਕ ਸਟਿੰਗ ਓਪਰੇਸ਼ਨ ਰਾਹੀਂ ਬਣਾਈ ਦਸਤਾਵੇਜ਼ੀ ਫਿਲਮ ਜ਼ਰੀਏ ਰਣਬੀਰ ਸੈਨਾ, ਪੁਲਿਸ ਅਤੇ ਹਾਕਮ ਜਮਾਤੀ ਸਿਆਸਤਦਾਨਾਂ ਦੇ ਗੂੜ੍ਹੇ ਸਬੰਧਾਂ ਦੀ ਸਬੂਤਾਂ ਸਹਿਤ ਤਸਦੀਕ ਕੀਤੀ ਹੈ। ḔਕੋਬਰਾਪੋਸਟḔ ਦਾ ਐਸੋਸੀਏਟ ਐਡੀਟਰ ਕੇæ ਅਸ਼ੀਸ਼ ਰਣਬੀਰ ਸੈਨਾ ਬਾਰੇ ਫਿਲਮ ਬਣਾਉਣ ਦੇ ਭੇਖ ‘ਚ ਖੁਫ਼ੀਆ ਕੈਮਰੇ ਨਾਲ ਉਨ੍ਹਾਂ ਦੇ ਬਿਆਨ ਰਿਕਾਰਡ ਕਰਨ ‘ਚ ਕਾਮਯਾਬ ਹੋ ਗਿਆ ਜਿਸ ਨਾਲ ਮਿਲੀਭੁਗਤ ਦੇ ਇਹ ਪੱਖ ਸਾਹਮਣੇ ਆ ਗਏ।
ਬਹੁਤ ਜ਼ਿਆਦਾ ਹਾਹਾਕਾਰ ਮੱਚ ਜਾਣ ‘ਤੇ ਰਣਬੀਰ ਸੈਨਾ ਦੇ ਸਿਆਸੀ ਸਬੰਧਾਂ ਦੀ ਪੜਤਾਲ ਕਰਨ ਲਈ 1997 ਵਿਚ ਜਸਟਿਸ (ਰਿਟਾਇਰਡ) ਅਮੀਰ ਦਾਸ ਦੀ ਅਗਵਾਈ ਵਿਚ ਜਾਂਚ ਕਮਿਸ਼ਨ ਬਣਾਇਆ ਗਿਆ। ਇਨ੍ਹਾਂ ਕਤਲੇਆਮਾਂ ਵਿਚ ਸਟੇਟ ਦੀ ਇੰਨੀ ਡੂੰਘੀ ਮਿਲੀਭੁਗਤ ਸੀ ਕਿ ਇਸ ਕਮਿਸ਼ਨ ਨੂੰ ਲਾਲੂ-ਰਾਬੜੀ ਦੇਵੀ ਹਕੂਮਤ ਨੇ ਕੋਈ ਸਹਿਯੋਗ ਨਹੀਂ ਦਿੱਤਾ; ਕਿਉਂ? ਕਿਉਂਕਿ ਉਨ੍ਹਾਂ ਦੇ 6 ਸਾਲਾਂ ਦੇ ਰਾਜ ਵਿਚ ਰਣਬੀਰ ਸੈਨਾ ਵਲੋਂ ਕੀਤੇ 16 ਕਤਲੇਆਮਾਂ ਵਿਚ ਇਨ੍ਹਾਂ ਹਾਕਮ ਜਮਾਤੀ ਸਿਆਸਤਦਾਨਾਂ ਦਾ ਘਿਨਾਉਣਾ ਹੱਥ ਸਾਹਮਣੇ ਆਉਂਦਾ ਸੀ।
ਜਦੋਂ ਫਿਰ ਵੀ ਕਮਿਸ਼ਨ ਨੇ ਰਿਪੋਰਟ ਤਿਆਰ ਕਰ ਲਈ ਤਾਂ ਜਨਤਾ ਦਲ (ਯੂਨਾਈਟਿਡ) ਅਤੇ ਭਾਜਪਾ ਗੱਠਜੋੜ ਦੀ ਨਿਤੀਸ਼ ਕੁਮਾਰ ਸਰਕਾਰ ਨੇ 2005 ਵਿਚ ਕਮਿਸ਼ਨ ਹੀ ਭੰਗ ਕਰ ਦਿੱਤਾ। ਜਾਂਚ ਦਬਾਉਣ ਬਾਬਤ ਜਸਟਿਸ ਦਾਸ ਨੇ ਖ਼ੁਲਾਸਾ ਕੀਤਾ ਹੈ, “ਕੁਛ ਕਾ ਨਾਮ ਤੋ ਬਤਾ ਸਕਤੇ ਹੈਂ ਜੈਸੇ ਸ਼ਿਵਨੰਦ ਤਿਵਾਰੀ ਹੈ, ਸੀæਪੀæ ਠਾਕੁਰ ਹੈਂ। ਮੁਰਲੀ ਮਨੋਹਰ ਜੋਸ਼ੀ ਔਰ ਸੁਸ਼ੀਲ ਕੁਮਾਰ ਮੋਦੀ ਔਰ ਏਕ ਮੁਖੀਆ ਥੇ, ਨਾਮ ਥਾ ਉਨਕਾ ਉਸ ਗਾਓਂ ਮੇਂ ਲਕਸ਼ਮਣ ਬਾਥੇ ਕੇ ਬਗਲ ਮੇਂ। ਕਾਨਕਲੂਜ਼ਨ ਆਇਆ ਹੈ ਕੀ ਵੋਹ ਭੀ ਸੁਪੋਰਟ ਕਰਤੇ ਥੇ।” ਜਸਟਿਸ ਦਾਸ ਨੇ ਹੋਰ ਦੱਸਿਆ, “ਸਾਡੇ ਕੋਲ ਐਸਾ ਗਵਾਹ ਸੀ ਜਿਸ ਨੇ ਦੱਸਿਆ ਕਿ ਮੁਰਲੀ ਮਨੋਹਰ ਜੋਸ਼ੀ ਨੇ ਉਸ ਨੂੰ ਸੀਮਾ ਵਿਚ ਰਹਿ ਕੇ ਕੰਮ ਕਰਨ ਲਈ ਕਿਹਾ ਸੀ ਅਤੇ ਧਮਕਾਇਆ ਸੀ ਕਿ ਜੇ ਉਸ ਨੇ ਸਹੀ ਜਾਂਚ ਕੀਤੀ ਤਾਂ ਜਦੋਂ ਅਸੀਂ ਸੱਤਾ ਵਿਚ ਆਏ ਤਾਂ ਤੈਨੂੰ ਦੇਖ ਲਵਾਂਗੇ। ਇਸ ਦਾ ਮਤਲਬ ਸੀ, ਉਸ ਉਪਰ ਦਬਾਓ ਪਾ ਕੇ ਜਾਂਚ ਨੂੰ ਆਪਣੇ ਹੱਕ ‘ਚ ਕਰਵਾਉਣਾ।”
ਅਗਲੀ ਭੂਮਿਕਾ ਨਿਆਂ ਪ੍ਰਬੰਧ ਦੀ ਸੀ। 2012-13 ਵਿਚ ਪਟਨਾ ਹਾਈਕੋਰਟ ਨੇ ਬਥਾਨੀਟੋਲਾ, ਲਕਸ਼ਮਣਪੁਰ ਬਾਥੇ ਅਤੇ ਮੀਆਂਪੁਰ ਕਤਲੇਆਮਾਂ ਦੇ ਸਾਰੇ ਮੁਜਰਿਮ ਬਰੀ ਕਰ ਦਿੱਤੇ। ਅਮਨ-ਕਾਨੂੰਨ ਦੀ ਰਖਵਾਲੀ ਪੁਲਿਸ ਨੂੰ ਇਸ ਕਤਲੋਗ਼ਾਰਤ ਦਾ ਇਕ ਵੀ ਠੋਸ ਸਬੂਤ ਨਹੀਂ ਲੱਭਿਆ। ਸਿਆਸੀ ਇਸ਼ਾਰੇ ‘ਤੇ ਪੁਲਿਸ ਨੇ ਸਬੂਤ ਮਿਟਾਉਣ ‘ਚ ਮੁਸਤੈਦੀ ਦਿਖਾਈ। ਕਿਸੇ ਵੀ ਜੱਜ ਨੇ ਪੁਲਿਸ ਵਾਲਿਅਆਂ ਨੂੰ ਸਵਾਲ ਨਹੀਂ ਕੀਤਾ ਕਿ ਮੰਨਿਆ, ਮੁਕੱਦਮਿਆਂ ‘ਚ ਸ਼ਾਮਲ ਬੰਦਿਆਂ ਦੇ ਖ਼ਿਲਾਫ਼ ਕਤਲੋਗ਼ਾਰਤ ਵਿਚ ਸ਼ਾਮਲ ਹੋਣ ਦੇ ਸਬੂਤ ਨਹੀਂ ਤੇ ਉਹ ਬੇਕਸੂਰ ਹਨ, ਪਰ ਇਹ ਕਤਲੇਆਮ ਕਰਨ ਵਾਲੇ ਕੌਣ ਸਨ?
ਦਲਿਤਾਂ ਦੀ ਐਨੇ ਵਸੀਹ ਪੈਮਾਨੇ ‘ਤੇ ਕਤਲੋਗ਼ਾਰਤ ਦੇ ਜੋ ਸਬੂਤ ਤਫ਼ਤੀਸ਼ੀ ਏਜੰਸੀਆਂ ਦੇਖ ਕੇ ਅਣਡਿੱਠ ਕੀਤੇ, ḔਕੋਬਰਾਪੋਸਟḔ ਦੇ ਸਟਿੰਗਰਾਂ ਨੇ ਸਾਰਥੂਆ (1995), ਬਥਾਨੀਟੋਲਾ (1996), ਲਕਸ਼ਮਣਪੁਰ ਬਾਥੇ (1997), ਮੀਆਂਪੁਰ (2000), ਸ਼ੰਕਰਬਿੱਘਾ (1999) ਅਤੇ ਇਕਵਾੜੀ (1997) ਕਤਲੇਆਮ ਵਿਚ ਭੂਮਿਕਾ ਨਿਭਾਉਣ ਵਾਲੇ ਰਣਬੀਰ ਸੈਨਾ ਦੇ ਛੇ Ḕਕਮਾਂਡਰਾਂ’ ਦੀਆਂ ਇੰਟਰਵਿਊਆਂ ਰਿਕਾਰਡ ਕਰ ਕੇ ਉਹ ਸਬੂਤ ਸਾਹਮਣੇ ਲਿਆਂਦੇ ਹਨ। ਇਨ੍ਹਾਂ ਵਿਚ ਅਦਾਲਤਾਂ ਵਲੋਂ ਬਰੀ ਕੀਤੇ ਗਏ ਸਰਗਨੇ ਵੀ ਹਨ। ਉਨ੍ਹਾਂ ਨੇ ਭਾਜਪਾ ਸਮੇਤ ਚੋਟੀ ਦੇ ਸਿਆਸਤਦਾਨਾਂ ਦੀ ਭੂਮਿਕਾ ਬਿਆਨ ਕਰਦਿਆਂ ਇਹ ਖ਼ੁਲਾਸਾ ਵੀ ਕੀਤਾ ਹੈ ਕਿ ਰਣਬੀਰ ਸੈਨਾ ਨੂੰ ਸਿਖਲਾਈ ਅਤੇ ਹਥਿਆਰ ਦੇਣ ਵਿਚ ਸਾਬਕਾ ਫ਼ੌਜੀਆਂ ਅਤੇ ਨੌਕਰੀਸ਼ੁਦਾ ਫ਼ੌਜੀਆਂ ਦੀ ਕੀ ਭੂਮਿਕਾ ਸੀ।
ਰਣਬੀਰ ਸੈਨਾ ਦੇ Ḕਮੁਖੀਆ ਜੀ’ ਬ੍ਰਹਮੇਸ਼ਵਰ ਸਿੰਘ ਦੇ ਸਹਾਇਕ ਸਿਧਨਾਥ ਸਿੰਘ ਮੁਤਾਬਿਕ ਉਸ ਨੇ ਛੇ ਕਤਲੇਆਮਾਂ ਵਿਚ ਹਿੱਸਾ ਲਿਆ। ਉਸ ਨੇ ਗ੍ਰਿਫ਼ਤਾਰ ਹੋਣ ਪਿਛੋਂ ਪੁਲਿਸ ਨੂੰ ਦੱਸਿਆ ਸੀ- “æææ ਤੋ ਵੋਹ ਮਿਲਟਰੀ ਕਾ ਰਿਜੈਕਟਿਡ ਸਮਾਨ ਥਾ, ਵੋਹੀ ਹਮ ਲੋਗੋਂ ਕੋ ਉਪਲਭਦ ਹੂਆ ਥਾæææ ਜਬ ਪ੍ਰਧਾਨ ਮੰਤਰੀ ਹਮਾਰੇ ਹੂਏ ਥੇæææ ਚੰਦਰ ਸ਼ੇਖਰ।” ਇਹ ਹਥਿਆਰ ਧਨਬਾਦ ਦੇ ਤਾਕਤਵਰ ਸਿਆਸਤਦਾਨ ਅਤੇ ਚੰਦਰ ਸ਼ੇਖਰ ਦੇ ਗੂੜ੍ਹੇ ਯਾਰ ਸੂਰਿਆ ਦੇਵ ਜ਼ਰੀਏ ਪਹੁੰਚੇ ਅਤੇ ਇਹ ਬ੍ਰਹਮੇਸ਼ਵਰ ਸਿੰਘ ਵਲੋਂ ਦਿੱਤੇ ਪੈਸੇ ਨਾਲ ਬਾਕਾਇਦਾ ਟੈਂਡਰ ਭਰ ਕੇ ਖ਼ਰੀਦੇ ਗਏ ਸਨ। ਲਕਸ਼ਮਣਪੁਰ ਬਾਥੇ ਕਾਂਡ ਲਈ ਜ਼ਿੰਮੇਵਾਰ ਪ੍ਰਮੋਦ ਸਿੰਘ ਜਿਸ ਨੂੰ ਪਟਨਾ ਹਾਈ ਕੋਰਟ ਨੇ ਬਰੀ ਕਰ ਦਿੱਤਾ, ਅਨੁਸਾਰ “ਭਾਜਪਾ ਕਾ ਸਰਕਾਰ ਜਿਸ ਸਮੇਂ ਥਾæææ ਅਟਲ ਬਿਹਾਰੀ ਵਾਜਪਾਈ ਥੇæææ ਉਸ ਸਮੇਂ ਥੇ ਯਸ਼ਵੰਤ ਸਿਨਹਾæææ ਮੁਖੀਆ ਜੀ ਸੇ ਬਾਰ ਬਾਰ ਮਿਲਤੇ ਥੇ।” ਉਸ ਨੇ ਰਣਬੀਰ ਸੈਨਾ ਨੂੰ ਸਾਢੇ ਪੰਜ ਲੱਖ ਰੁਪਏ ਦਿੱਤੇ। ਰਾਸ਼ਟਰੀ ਲੋਕ ਸਮਤਾ ਪਾਰਟੀ (ਅੱਜ ਕੱਲ੍ਹ ਮੋਦੀ ਸਰਕਾਰ ਵਿਚ ਭਾਈਵਾਲ) ਦਾ ਐਮæਪੀæ ਅਰੁਨ ਕੁਮਾਰ ਰਣਬੀਰ ਸੈਨਾ ਦੇ ਮੈਂਬਰਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਉਂਦਾ ਸੀ। ਇਸੇ ਕਾਂਡ ਵਿਚ ਸ਼ਾਮਲ ਚੰਦਰ ਸ਼ੇਖਰ ਨੂੰ ਹੇਠਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਦਿੱਤੀ, ਪਰ ਪਟਨਾ ਹਾਈ ਕੋਰਟ ਨੇ ਬਰੀ ਕਰ ਦਿੱਤਾ।
ਭੋਲਾ ਰਾਏ ਜੋ ਹੁਣ ਟਾਟਾਨਗਰ ਵਿਚ ਲੁਕਿਆ ਹੋਇਆ ਹੈ, ਅਨੁਸਾਰ, ਸੈਨਾ ਦੇ 100 ਮੈਂਬਰਾਂ ਨੇ ਇਕਵਾੜੀ ਪਿੰਡ ਤੋਂ ਉਸ ਦੇ ਭਤੀਜੇ ਸੰਤੂ ਦੀ ਅਗਵਾਈ ਵਿਚ ਹਮਲਾ ਕੀਤਾ ਸੀ। ਰਵਿੰਦਰ ਚੌਧਰੀ ਨੇ ਦੱਸਿਆ ਕਿ ਕਿਵੇਂ ਰਣਬੀਰ ਸੈਨਾ ਨੇ ਸਰਕਾਰ ਨੂੰ ਜਗਾਉਣ ਲਈ ਇਕੋ ਵਕਤ 50 ਪਿੰਡਾਂ ਵਿਚ 50 ਕਤਲੇਆਮ ਕਰਨ ਦੀ ਯੋਜਨਾ ਉਲੀਕੀ। ਸਟੇਟ ਮਸ਼ੀਨਰੀ ਦੀ ਹਮਾਇਤ ਬਾਰੇ ਉਸ ਨੇ ਖ਼ੁਲਾਸਾ ਕੀਤਾ, “ਤੀਨ ਵਜੇ ਔਰ ਹਮਾਰੀ ਸੇਨਾ ਗੋਲੀ ਚਲਾਨਾ ਚਾਲੂ। ਤੀਨ ਵਜੇ ਦਿਨ ਮੇਂ ਵਹਾਂ ਪੁਲੀਸ ਚੌਕੀ ਭੀ ਥੀ, ਫਿਰ ਭੀ ਨਰਸੰਘਾਰ ਹੂਆ।” ਬਿਹਾਰ ਪੀਪਲਜ਼ ਪਾਰਟੀ ਦੇ ਆਨੰਦ ਮੋਹਨ ਸਿੰਘ ਦੇ ਸਹਿਯੋਗ ਬਾਰੇ ਉਸ ਨੇ ਖ਼ੁਲਾਸਾ ਕੀਤਾ- “ਆਨੰਦ ਮੋਹਨ ਆਏ, ਬੇਚਾਰੇ ਪੂਰਾ ਕਹਿ ਗਏ ਕੀ ਹਮਾਰੇ ਪਾਸ ਹਥਿਆਰੋਂ ਕਾ ਜਖ਼ੀਰਾ ਹੈ, ਜੋ ਜੋ ਭੀ ਹਥਿਆਰ ਚਾਹਤੇ ਹੋ, ਆਕਰ ਲੇ ਜਾਉ।” ਫ਼ੌਜ ਦੀ ਮਦਦ ਬਾਰੇ ਉਸ ਨੇ ਕਿਹਾ, “ਸਾਡੇ ਬੰਦੇ ਫ਼ੌਜ ਵਿਚ ਹਨ ਅਤੇ ਜਦੋਂ ਉਹ ਛੁੱਟੀ ਆਉਂਦੇ ਹਨ, ਸਾਨੂੰ ਸਿਖਲਾਈ ਦਿੰਦੇ ਸਨæææ ਪਿੰਡ ਖਾਸਾ ਵੱਡਾ ਹੈ ਅਤੇ 200-400 ਬੰਦੇ ਫ਼ੌਜ ਵਿਚ ਹਨ।æææ ਜੇ ਹਰ ਟੱਬਰ ਦੇ ਇਕ-ਦੋ ਬੰਦੇ ਵੀ ਸਾਡੇ ਨਾਲ ਆਉਣ ਤਾਂ ਸਾਡੇ ਕੋਲ ਲੜਨ ਵਾਲੇ ਚੋਖੇ ਬੰਦੇ ਹੋ ਜਾਂਦੇ ਹਨ।”
ਕੀ ਅਜੇ ਵੀ ਮੁਲਕ ਦੇ ਨਿਆਂ ਪ੍ਰਬੰਧ ਨੂੰ ਸਬੂਤ ਚਾਹੀਦੇ ਹਨ ਕਿ ਹਿੰਦੂਤਵੀ ਜਥੇਬੰਦੀਆਂ, ਰਣਬੀਰ ਸੈਨਾ ਤੇ ਸ਼ਿਵ ਸੈਨਾ ਵਗੈਰਾ ਦਹਿਸ਼ਤਗਰਦ ਜਥੇਬੰਦੀਆਂ ਹਨ ਅਤੇ ਕਤਲੇਆਮ ਰਣਬੀਰ ਸੈਨਾ ਦੇ ਉਨ੍ਹਾਂ ਸਰਗਨਿਆਂ ਨੇ ਕੀਤੇ ਜਿਨ੍ਹਾਂ ਨੂੰ ਅਦਾਲਤਾਂ ਨੇ ਬਰੀ ਕਰ ਦਿੱਤਾ ਹੈ?