ਮੁਜ਼ੱਫਰਨਗਰ ਬਾਕੀ ਹੈ ਜਾਂ ਜਾਰੀ ਹੈ?

ਦਲਜੀਤ ਅਮੀ
ਫੋਨ: +1(253) 455-8932
ਨਕੁਲ ਸਿੰਘ ਸਾਹਨੀ ਦੀ ਦਸਤਾਵੇਜ਼ੀ ਫਿਲਮ ‘ਮੁਜ਼ੱਫ਼ਰਨਗਰ ਬਾਕੀ ਹੈæææ’ ਚਰਚਾ ਵਿਚ ਹੈ। ਭਾਜਪਾ ਦੀ ਵਿਦਿਆਰਥੀ ਜਥੇਬੰਦੀ- ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏæਬੀæਵੀæਪੀæ), ਨੇ ਦਿੱਲੀ ਦੇ ਕਰੋੜੀ ਮੱਲ ਕਾਲਜ ਵਿਚ ਇਸ ਫਿਲਮ ਦੀ ਪਰਦਾਪੇਸ਼ੀ ਨੂੰ ਜ਼ਬਰਦਸਤੀ ਰੋਕਿਆ। ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਅਤੇ ਸ਼ਾਮਲੀ ਜ਼ਿਲ੍ਹਿਆਂ ਵਿਚ ਫ਼ਿਰਕੂ ਫ਼ਸਾਦ ਹੋਏ ਸਨ ਜਿਨ੍ਹਾਂ ਵਿਚ ਸੌ ਤੋਂ ਜ਼ਿਆਦਾ ਜਾਨਾਂ ਗਈਆਂ ਸਨ। ਕਈ ਪਿੰਡਾਂ ਵਿਚ ਸਦੀਆਂ ਤੋਂ ਵਸਦਾ ਮੁਸਲਮਾਨ ਭਾਈਚਾਰਾ ਹਿਜਰਤ ਲਈ ਮਜਬੂਰ ਹੋਇਆ ਸੀ।

ਕੜਕਦੀ ਠੰਢ ਤੇ ਰੜੇ ਮੈਦਾਨ ਵਿਚ ਤੰਬੂਆਂ ਹੇਠ ਗੁਜ਼ਾਰਾ ਕਰਨ ਲਈ ਮਜਬੂਰ ਹੋਇਆ ਤਬਕਾ ਖ਼ਬਰਾਂ ਵਿਚ ਆਇਆ ਸੀ। ਪ੍ਰਸ਼ਾਸਨ ਅਤੇ ਸਿਆਸਤਦਾਨਾਂ ਨੇ ਆਪੋ-ਆਪਣੇ ਦਾਅਵਿਆਂ ਨੂੰ ਠੀਕ ਸਾਬਤ ਕਰਨ ਲਈ ਇਨ੍ਹਾਂ ਰਾਹਤਾਂ ਕੈਂਪਾਂ ਨੂੰ ਛੋਟੇ-ਵੱਡੇ ਦਰਸਾਉਣ ਦੀ ਕਵਾਇਦ ਕੀਤੀ ਸੀ। ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਇਨ੍ਹਾਂ ਕੈਂਪਾਂ ਨੂੰ ਬੰਦ ਕਰਨ ਲਈ ਬੁਲਡੋਜਰਾਂ ਤੱਕ ਦੀ ਵਰਤੋਂ ਕੀਤੀ ਸੀ। ਨਕੁਲ ਸਿੰਘ ਸਾਹਨੀ ਦੀ ਦਸਤਾਵੇਜ਼ੀ ਫਿਲਮ ਇਨ੍ਹਾਂ ਤੱਥਾਂ ਪਿਛਲੀ ਸੋਚ, ਤਫ਼ਸੀਲ ਅਤੇ ਪੀੜ ਨੂੰ ਸਮਝਣ ਦਾ ਤਰੱਦਦ ਹੈ।
ਨਕੁਲ ਨੇ ਆਪਣੇ ਕੈਮਰੇ ਰਾਹੀਂ ਉਨ੍ਹਾਂ ਸਮਿਆਂ ਵਿਚ ਉਸ ਇਲਾਕੇ ਉਤੇ ਨਜ਼ਰ ਰੱਖੀ; ਉਸ ਇਲਾਕੇ ਦੀ ਹੋਣੀ ਨੂੰ ਮੁਲਕ ਦੀ ਸਿਆਸਤ ਅਤੇ ਇਤਿਹਾਸ ਨਾਲ ਜੋੜ ਕੇ ਸਮਝਣ ਦਾ ਉਪਰਾਲਾ ਕੀਤਾ। ਨਕੁਲ ਨੇ ਉਨ੍ਹਾਂ ਫ਼ਸਾਦ ਨਾਲ ਮਜ਼ਬੂਤ ਹੋਈ ਫ਼ਿਰਕੂ ਵੰਡੀ ਅਤੇ ਟੁੱਟੀ ਸਮਾਜਕ ਤੇ ਤਬਕਾਤੀ ਸਾਂਝ ਦੀਆਂ ਗਵਾਹੀਆਂ ਦਰਜ ਕੀਤੀਆਂ। ਇਸ ਫਿਲਮ ਵਿਚ ਗਲੀਆਂ ‘ਚ ਦੰਗਾਬਾਜ਼ਾਂ ਦੀਆਂ ਗਾਲਾਂ ਅਤੇ ਭਾਜਪਾ ਦੇ ਸਿਆਸੀ ਜਲਸੇ ਇਕੋ ਲੜੀ ਦੀਆਂ ਕੜੀਆਂ ਵਜੋਂ ਪੇਸ਼ ਹੁੰਦੇ ਹਨ। ਕੁਝ ਸ਼ਬਦਾਂ ਦੇ ਹੇਰ-ਫੇਰ ਨਾਲ ਗਾਲਾਂ, ਨਾਅਰੇ ਅਤੇ ਸਿਆਸਤਦਾਨਾਂ ਦੇ ਜਲਸੇ ਇਕ-ਦੂਜੇ ਦਾ ਪਸਾਰਾ ਜਾਪਣ ਲੱਗਦੇ ਹਨ। ਸਿੱਧੀਆਂ ਲਕੀਰਾਂ ਪਾਉਣੀਆਂ ਸਿੱਖ ਰਹੇ ਬੱਚੇ, ਆਪਣੇ ਮਾਰੇ ਗਏ ਮਾਪਿਆਂ ਦੇ ਆਖ਼ਰੀ ਪਲਾਂ ਨੂੰ ਕਾਗ਼ਜ਼ ਉਤੇ ਬਿਆਨ ਕਰਦੇ ਹਨ। ਬਾਲਗ਼, ਬੱਚਿਆਂ ਨੂੰ ਫ਼ਿਰਕੂ ਸੋਚ ਤੋਂ ਬਚਾਉਣ ਦੇ ਨਾਕਾਮਯਾਬ ਆਹਰ ਵਿਚ ਲੱਗੇ ਹਨ। ਨਕੁਲ ਦਾ ਕੈਮਰਾ ਦੰਗਿਆਂ ਦੇ ਤੱਥਾਂ ਤੋਂ ਅੱਗੇ ਨਿਕਲ ਕੇ ਮਨੁੱਖੀ ਪੀੜ ਅਤੇ ਦੁਸ਼ਵਾਰੀਆਂ ਨੂੰ ਫੜਨ ਦਾ ਉਪਰਾਲਾ ਕਰਦਾ ਹੈ। ਇਹ ਬੇਕਿਰਕੀ ਦੀ ਸੋਚ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਦਲੀਲ ਨੂੰ ਰੱਦ ਕਰ ਕੇ ਨਫ਼ਰਤ ਨਾਲ ਚੱਲਣ ਵਾਲੀ ਸਿਆਸਤ ਦੀਆਂ ਤੰਦਾਂ ਨੂੰ ਗਲੀਆਂ ਵਿਚ ਡੁੱਲ੍ਹੇ ਮਨੁੱਖੀ ਖ਼ੂਨ ਤੋਂ ਥਾਣਿਆਂ, ਜਲਸਿਆਂ ਰਾਹੀਂ ਅਖ਼ਬਾਰਾਂ-ਟੈਲੀਵਿਜ਼ਨਾਂ ਵਿਚੋਂ ਹੁੰਦਾ ਹੋਇਆ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦੇ ਸਫ਼ਰ ਨਾਲ ਜੋੜਦਾ ਹੈ।
‘ਮੁਜ਼ੱਫ਼ਰਨਗਰ ਬਾਕੀ ਹੈæææ’ ਇਕ ਪਾਸੇ ਕਤਲੇਆਮ ਦੀਆਂ ਤਫ਼ਸੀਲਾਂ ਦਰਜ ਕਰਦੀ ਹੈ, ਦੂਜੇ ਪਾਸੇ ਫ਼ਿਰਕੂ ਸੋਚ ਦੀ ਪੈੜ ਨੱਪਦੀ ਹੋਈ ਸਿਆਸਤਦਾਨਾਂ ਦੇ ਬੋਲਿਆਂ ਵਿਚੋਂ ਸਿਧਾਂਤਕ ਪੈਂਤੜਾ ਉਜਾਗਰ ਕਰਦੀ ਹੈ। ਜਦੋਂ ਸਮਕਾਲੀਆਂ ਦੇ ਕਤਲੇਆਮ ਉਤੇ ਦਸਤਾਵੇਜੀ ਫਿਲਮ ਬਣ ਰਹੀ ਹੋਵੇ, ਤਾਂ ਕਤਲ ਨੂੰ ਅੰਜ਼ਾਮ ਦੇਣ ਵਾਲੇ ਤੋਂ ਸ਼ਹਿ ਦੇਣ ਵਾਲੇ ਅਤੇ ਕਾਤਲਾਨਾ ਸੋਚ ਦਾ ਮੁੱਢ ਬੰਨ੍ਹਣ ਵਾਲਿਆਂ ਦਾ ਜ਼ਿਕਰ ਹੁੰਦਾ ਹੀ ਹੈ। ਨਕੁਲ ਦੀ ਫਿਲਮ ਇਹ ਕੜੀਆਂ ਜੋੜਦੀ ਹੋਈ ਮੁਕਾਮੀ ਬੁਰਛਾਗਰਦਾਂ ਤੋਂ ਭਾਜਪਾ ਦੇ ਆਗੂ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੱਕ ਦਾ ਰਿਸ਼ਤਾ ਸਾਫ਼ ਕਰਦੀ ਹੈ। ਇਸ ਤੋਂ ਅੱਗੇ ਜਾ ਕੇ ਕਤਲੇਆਮ ਦੇ ਮੁਲਜ਼ਮਾਂ ਦੇ ਸਿਆਸੀ ਉਭਾਰ ਅਤੇ ਉਨ੍ਹਾਂ ਦੇ ਸਮਾਜਕ-ਸਿਆਸੀ-ਕਾਨੂੰਨੀ ‘ਚੋਰ-ਮੋਰੀਆਂ’ ਵਿਚੋਂ ‘ਬਾਇੱਜ਼ਤ’ ਬਚ ਨਿਕਲਣ ਦਾ ਗੌਣ ਢਾਂਚਾ ਬੇਪਰਦ ਕਰਦਾ ਹੈ।
ਫ਼ਿਰਕੂ ਫ਼ਸਾਦ ਅਤੇ ਗੰਨਾ ਮਿੱਲਾਂ ਦੇ ਬਾਹਰ ਰੁਲਦੇ ਗੰਨੇ ਦੀ ਕਹਾਣੀ ਬਿਆਨ ਕਰਦਾ ਹੋਇਆ ਨਕੁਲ ਸਮਝਾਉਂਦਾ ਹੈ ਕਿ ਗਲੀਆਂ ਵਿਚ ਡੁੱਲ੍ਹਿਆ ਖ਼ੂਨ ਟੁੱਟੀ ਸਾਂਝ ਰਾਹੀਂ ਮੁਨਾਫ਼ਾਖ਼ੋਰ ਦੀ ਜੇਬ ਭਰਦਾ ਹੈ। ਇਕੋ ਝਟਕੇ ਨਾਲ ਕਿਸਾਨ ਦੇ ਧੜੱਲੇਦਾਰ ਆਗੂ ਬੇਅਸਰ ਹੋ ਜਾਂਦੇ ਹਨ। ਮੋਢੇ ਨਾਲ ਮੋਢੇ ਜੋੜ ਕੇ ਮਿਹਨਤ ਦਾ ਮੁੱਲ ਮੰਗਣ ਵਾਲੇ ਇਕ-ਦੂਜੇ ਦੀ ਪਛਾਣ ਮਜ਼ਹਬਾਂ ਦੇ ਹਵਾਲੇ ਨਾਲ ਕਰਦੇ ਹਨ। ਗਲੀਆਂ ਵਿਚ ਖ਼ੂਨ ਡੁੱਲ੍ਹਦਾ ਅਤੇ ਖੇਤਾਂ ਵਿਚ ਡੁੱਲ੍ਹਿਆ ਮੁੜ੍ਹਕਾ ਮਿੱਲਾਂ ਦੇ ਬਾਹਰ ਬੇਕਦਰ ਹੁੰਦਾ ਹੈ। ਅਣਵਿਕਿਆ ਗੰਨਾ ਕਿਸਾਨੀ ਦਾ ਸੁਆਦ ਕੁਸੈਲਾ ਕਰਦਾ ਹੈ। ਜਦੋਂ ਇਹ ਪੱਖ ਉਜਾਗਰ ਹੁੰਦਾ ਹੈ ਤਾਂ ਨਕੁਲ ਉਨ੍ਹਾਂ ਤਾਕਤਾਂ ਦੀ ਨਿਸ਼ਾਹਦੇਹੀ ਕਰਨ ਦਾ ਤਰੱਦਦ ਕਰਦਾ ਹੈ ਜੋ ਕਤਲੇਆਮ ਦੇ ਖ਼ਦਸ਼ਿਆਂ ਅਤੇ ਦਲੀਲ ਤੇ ਦਰਦਮੰਦੀ ਦੀ ਸਿਆਸਤ ਦੀ ਬਾਤ ਪਾਉਂਦਾ ਹੈ। ਉਹ ਨਿਮਾਣੇ ਅਤੇ ਨਿਗੁਣੇ ਮਨੁੱਖੀ ਉਪਰਾਲਿਆਂ ਦੀ ਗਵਾਹੀ ਭਰਦਾ ਹੈ ਤੇ ਸਾਫ਼ ਕਰਦਾ ਹੈ ਕਿ ਦਰਦਮੰਦੀ ਅਤੇ ਸਮਾਜਕ ਇਨਸਾਫ਼ ਦੀ ਲੜਾਈ ਦਿਨੋ-ਦਿਨ ਔਖੀ ਹੁੰਦੀ ਜਾ ਰਹੀ ਹੈ। ਸਮਝ ਇਹੋ ਉਭਰਦੀ ਹੈ ਕਿ ਫ਼ਿਰਕੂ ਸਿਆਸਤ ਦਾ ਟੀਚਾ ਮਨੁੱਖ ਨੂੰ ਦਲੀਲ ਦੇ ਘੇਰੇ ਵਿਚ ਕੱਢ ਕੇ ਸ਼ਰਧਾ ਨਾਲ ਜੋੜਨਾ ਤੇ ਸੀਲ ਸ਼ਹਿਰੀ ਬਣਾਉਣਾ ਹੈ।
ਨਕੁਲ ਦੀ ਫਿਲਮ ਉਤੇ ਭਾਜਪਾਈ ਜਥੇਬੰਦੀਆਂ ਦੀ ਔਖ ਸਮਝ ਆਉਂਦੀ ਹੈ। ਇਸ ਔਖ ਦੀ ਗੱਲ ਕਰਨ ਤੋਂ ਪਹਿਲਾਂ ਇਹ ਸੁਆਲ ਜਾਇਜ਼ ਬਣਦਾ ਹੈ ਕਿ ਫਿਲਮ ਤੋਂ ਕਿਸੇ ਨੂੰ ਖ਼ਤਰਾ ਕੀ ਹੈ? ਜਦੋਂ ਭਾਜਪਾਈ ਸੋਚ ਨੂੰ ਸਿਆਸੀ ਪਿੜ ਵਿਚ ਕੋਈ ਵੱਡੀ ਵੰਗਾਰ ਨਹੀਂ ਹੈ, ਫਿਰ ਇਸ ਦੀਆਂ ਜਥੇਬੰਦੀਆਂ ਦਸਤਾਵੇਜ਼ੀ ਖ਼ਿਲਾਫ਼ ਹਮਲਾਵਰ ਰੁਖ਼ ਕਿਉਂ ਅਖ਼ਤਿਆਰ ਕਰਦੀਆਂ ਹਨ? ਦਸਅਸਲ ਇਹੋ ਸੁਆਲ ਮੌਜੂਦਾ ਮਾਹੌਲ ਨੂੰ ਸਮਝਣ ਦੀ ਕੁੰਜੀ ਬਣਦੇ ਹਨ। ਭਾਜਪਾਈ ਜਾਂ ਬੁਨਿਆਦਪ੍ਰਸਤੀ ਦੀ ਸੋਚ ਦਾ ਪਸਾਰਾ ਲਗਾਤਾਰ ਹੋਇਆ ਹੈ, ਪਰ ਕੇਂਦਰ ਵਿਚ ਮੋਦੀ ਸਰਕਾਰ ਬਣਨ ਨਾਲ ਇਨ੍ਹਾਂ ਦਾ ਰੁਖ਼ ਹੋਰ ਹਮਲਾਵਰ ਹੋਇਆ ਹੈ। ਅੰਧ-ਵਿਸ਼ਵਾਸ਼ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਨਰੇਂਦਰ ਦਾਭੋਲਕਰ ਦਾ ਕਤਲ, ਕਬੀਰ ਕਲਾ ਮੰਚ ਖ਼ਿਲਾਫ਼ ਦੇਸ਼-ਧ੍ਰੋਹ ਦਾ ਮੁਕੱਦਮਾ, ਮਹਾਰਾਸ਼ਟਰ ਵਿਚ ਕਾਮਰੇਡ ਗੋਬਿੰਦ ਪਨਸਾਰੇ ਦਾ ਕਤਲ, ਤੀਸਤਾ ਸੇਤਲਵਾਡ ਤੇ ਸੰਜੀਵ ਭੱਟ ਦੀ ਘੇਰਾਬੰਦੀ, ਆਨੰਦ ਪਟਵਰਧਨ ਦੀ ਦਸਤਾਵੇਜ਼ੀ ਫਿਲਮ ‘ਰਾਮ ਕੇ ਨਾਮ’ ਦੀ ਪਰਦਾਪੇਸ਼ੀ ਖ਼ਿਲਾਫ਼ ਮੁਹਿੰਮ, ਆਈæਆਈæਟੀæ ਮਦਰਾਸ ਵਿਚ ਅੰਬੇਦਕਰ ਪੇਰੀਆਰ ਸਟੱਡੀ ਸੈਂਟਰ ਉਤੇ ਪਾਬੰਦੀ, ਜੀæਐਨæ ਸਾਈਬਾਬਾ ਦੀ ਗ੍ਰਿਫ਼ਤਾਰੀ, ਬੈਂਡੀ ਡੋਨੀਗਰ ਦੀ ਕਿਤਾਬ ਉਤੇ ਪਾਬੰਦੀ ਅਤੇ ਤਾਮਿਲ ਲੇਖਕ ਮੂਰੂਗਨ ਦਾ ਆਪਣੀ ਮੌਤ ਦਾ ਐਲਾਨ, ਸਭ ਇਕੋ ਲੜੀ ਦੀਆਂ ਕੜੀਆਂ ਹਨ। ਇਸੇ ਦੌਰਾਨ ਭਾਜਪਾ ਨੇ ਅਜਿਹੇ ਬੰਦਿਆਂ ਨੂੰ ਅਹਿਮ ਅਦਾਰਿਆਂ ਵਿਚ ਅਹੁਦੇ ਦਿੱਤੇ ਹਨ ਜੋ ਆਪਣੀ ਮੂਲਵਾਦੀ ਸੋਚ ਲਈ ਜਾਣੇ ਜਾਂਦੇ ਹਨ।
ਮੌਜੂਦਾ ਹਾਲਾਤ ਵਿਚ ਭਾਜਪਾਈ ਸੋਚ ਵਾਲੀਆਂ ਜਥੇਬੰਦੀਆਂ ਹਰ ਮੌਕਾ ਤਾੜ ਰਹੀਆਂ ਹਨ। ਉਹ ਸਿਆਸੀ ਗ਼ਲਬੇ ਨੂੰ ਸਾਹਿਤਕ-ਸਭਿਆਚਾਰਕ ਖੇਤਰ ਵਿਚ ਫੈਲਾਉਣਾ ਚਾਹੁੰਦੀਆਂ ਹਨ। ਇਸ ਮਾਮਲੇ ਵਿਚ ਉਨ੍ਹਾਂ ਦਾ ਕੰਮ ਅਵਾਮ ਨੂੰ ਸੀਲ ਕਰ ਕੇ ਇਹ ਸਮਝਾਉਣਾ ਹੈ ਕਿ ਉਨ੍ਹਾਂ ਦੀ ਸੋਚ ਹੀ ਮੁਲਕ ਅਤੇ ਸਮਾਜ ਦੀ ਸੁਰੱਖਿਆ, ਵਿਕਾਸ ਅਤੇ ਭਵਿੱਖ ਦੀ ਜ਼ਾਮਨੀ ਭਰਦੀ ਹੈ। ਇਸ ਸੋਚ ਉਤੇ ਸੁਆਲ ਕਰਨ ਵਾਲੇ ਹਰ ਸ਼ਬਦ ਨੂੰ ਉਹ ਸ਼ਬਦਕੋਸ਼ ਵਿਚੋਂ ਕੱਢ ਦੇਣਾ ਚਾਹੁੰਦੇ ਹਨ। ਉਹ ਭਾਜਪਾਈ ਸੋਚ ਉਤੇ ਹਰ ਸੁਆਲ ਨੂੰ ਦੇਸ਼-ਧ੍ਰੋਹ ਜਾਂ ਸਮਾਜਘਾਤ ਜਾਂ ਭਾਰਤੀ ਵਿਰਾਸਤ ਦੇ ਖ਼ਿਲਾਫ਼ ਸਾਜ਼ਿਸ਼ ਕਰਾਰ ਦੇਣਾ ਚਾਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅੱਠ ਸੌ ਸਾਲਾਂ ਬਾਅਦ ਇਸ ਮੁਲਕ ਵਿਚ ਹਿੰਦੂ ਰਾਜ ਆਇਆ ਹੈ, ਤਾਂ ‘ਗ਼ੁਲਾਮੀ’ ਦੀ ਹਰ ਨਿਸ਼ਾਨੀ ਮਿਟਾਈ ਜਾਣੀ ਚਾਹੀਦੀ ਹੈ।
ਨਕੁਲ ਦੀ ਫਿਲਮ ਇਸੇ ਪੱਖੋਂ ਅਹਿਮ ਹੈ। ਉਹ ਭਾਜਪਾਈ ਸੋਚ ਉਤੇ ਹਰ ਪੱਖੋਂ ਸੁਆਲ ਕਰਨ ਦੀ ਵਿੱਥ ਸਿਰਜਦੀ ਹੈ ਅਤੇ ਇਸ ਸੋਚ ਦੇ ਘੇਰੇ ਤੋਂ ਬਾਹਰ ਬਿਹਤਰ ਸਮਾਜ ਦੇ ਸੁਫ਼ਨੇ ਦੀ ਦੱਸ ਪਾਉਂਦੀ ਹੈ। ਦਸਤਾਵੇਜ਼ੀ ਫਿਲਮ ਦੀ ਭਾਵੇਂ ਮੁਲਕ ਵਿਚ ਪਹੁੰਚ ਬਹੁਤ ਘੱਟ ਹੈ, ਪਰ ਭਾਜਪਾਈ ਉਸੇ ਤਬਕੇ ਨੂੰ ਮੁਖ਼ਾਤਬ ਹੋਣਾ ਚਾਹੁੰਦੀ ਹੈ। ਇਹ ਤਬਕਾ ਦਲੀਲ ਨਾਲ ਸੋਚਦਾ ਹੈ ਅਤੇ ਆਵਾਮ ਦੀ ਹਰ ਵੰਡੀ ਤੋਂ ਪਾਰ ਕਰ ਕੇ ਮਨੁੱਖ ਨਾਲ ਮਨੁੱਖ ਦੀ ਸਾਂਝ ਦੀ ਹਾਮੀ ਭਰਦਾ ਹੈ। ਕੁਲ ਮਿਲਾ ਕੇ ਇਹ ਤਬਕਾ ਭਾਵੇਂ ਮੁਲਕ ਦੇ ਅਹਿਮ ਫ਼ੈਸਲਿਆਂ ਉਤੇ ਅਸਰਅੰਦਾਜ਼ ਨਾ ਹੋਵੇ, ਪਰ ਇਹ ਸੁਆਲਾਂ ਦਾ ਛੱਟਾ ਦਿੰਦਾ ਹੈ। ਨਿਜ਼ਾਮ ਨੂੰ ਕਿਤੇ ਨਾ ਕਿਤੇ ਇਨ੍ਹਾਂ ਸੁਆਲਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਇਸ ਤਬਕੇ ਵਿਚੋਂ ਦਲੀਲਮੰਦੀ ਅਤੇ ਦਰਦਮੰਦੀ ਵਾਲੀ ਸਿਆਸਤ ਦੀ ਗੱਲ ਤੁਰਦੀ ਹੈ। ਭਾਜਪਾਈ ਸੋਚ ਵਾਲੀਆਂ ਜਥੇਬੰਦੀਆਂ ਨੂੰ ਆਪਣੀ ਸਮਝ ਅਤੇ ਕਾਰਗੁਜ਼ਾਰੀ ਉਤੇ ਹਰ ਸੁਆਲ ਨਾਖ਼ੁਸ਼ਗਵਾਰ ਜਾਪਦਾ ਹੈ। ਇਸੇ ਕਰ ਕੇ ਸੁਆਲ ਕਰਨ ਵਾਲਿਆਂ ਨੂੰ ਦੇਸ਼-ਧ੍ਰੋਹੀ ਤੋਂ ਹਿੰਦੂ-ਵਿਰੋਧੀ ਅਤੇ ਨਕਸਲੀ ਜਾਂ ਅਤਿਵਾਦੀ ਹੋਣ ਤੱਕ ਦੇ ਵਿਸ਼ੇਸ਼ਣ ਦਿੱਤੇ ਜਾ ਰਹੇ ਹਨ।
ਦਸਤਾਵੇਜ਼ੀ ਫਿਲਮਾਂ ਤੋਂ ਭਾਜਪਾਈਆਂ ਦੀ ਔਖ ਦਾ ਲੰਮਾ ਇਤਿਹਾਸ ਹੈ। ਆਨੰਦ ਪਟਵਰਧਨ ਤੋਂ ਰਾਕੇਸ਼ ਕੁਮਾਰ ਅਤੇ ਗੋਪਾਲ ਮੈਨਨ ਤੋਂ ਸੰਜੇ ਕਾਕ ਦੀਆਂ ਫਿਲਮਾਂ ਦਾ ਲੰਮਾ ਇਤਿਹਾਸ ਹੈ। ‘ਮੁਜ਼ੱਫ਼ਰਨਗਰ ਬਾਕੀ ਹੈæææ’ ਇਸੇ ਰੁਝਾਨ ਵਿਚ ਨਵੀਂ ਕੜੀ ਹੈ। ਇਸ ਫਿਲਮ ਵਿਚ ਇਸ ਨੂੰ ਬਣਾਉਣ ਦੀਆਂ ਔਕੜਾਂ ਵਿਚ ਦਰਜ ਹਨ। ਪਰਦਾਪੇਸ਼ੀ ਦੌਰਾਨ ਆਉਣ ਵਾਲੀਆਂ ਔਕੜਾਂ ਨੇ ਹੁਣ ਬਣਾਉਣ ਵੇਲੇ ਤੱਕ ਪਸਾਰਾ ਕਰ ਲਿਆ ਹੈ। ਇਨ੍ਹਾਂ ਹਾਲਾਤ ਵਿਚ ਦੱਸ ਇਹ ਪੈਂਦੀ ਹੈ ਕਿ ਅਜਿਹੀਆਂ ਫਿਲਮਾਂ ਬਣਾਉਣੀਆਂ ਹੁਣ ਸੁਖਾਲਾ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਔਖਾ ਹੋ ਸਕਦਾ ਹੈ। ਇਸ ਫਿਲਮ ਵਿਚ ਦਰਜ ਹੈ ਕਿ ਪਿਛਲੀਆਂ ਫਿਲਮਾਂ ਵਿਚ ਫ਼ਿਰਕੂ ਜਨੂਨ ਉਤੇ ਸੁਆਲ ਕਰਨ ਵਾਲਿਆਂ ਦੀ ਅਸਰਦਾਰ ਆਵਾਜ਼ ਹੁਣ ਕਮਜ਼ੋਰ ਹੋ ਰਹੀ ਹੈ। ਜੋ ਸੁਆਲ ਪਹਿਲੀਆਂ ਫਿਲਮਾਂ ਵਿਚ ਠੋਸ ਨਜ਼ਰ ਆਉਂਦੇ ਸਨ, ਉਹ ‘ਮੁਜ਼ੱਫ਼ਰਨਗਰ ਬਾਕੀ ਹੈæææ’ ਤੱਕ ਕੁਰੇਦ ਕੇ ਲੱਭਣੇ ਪੈਂਦੇ ਹਨ। ਮਾਮਲਾ ਸਾਫ਼ ਹੈ ਕਿ ਗ਼ਾਲਬ ਧਿਰ ਦਾ ਦਬਦਬਾ ਮੁਲਕ ਵਿਚ ਵਧ ਰਿਹਾ ਹੈ ਤਾਂ ਸਿਆਸੀ ਦਸਤਾਵੇਜ਼ੀ ਫਿਲਮਾਂ ਬਣਾਉਣ ਲਈ ਵਧੇਰੇ ਹੁਨਰ ਅਤੇ ਦ੍ਰਿੜਤਾ ਦੀ ਲੋੜ ਪੈਣ ਵਾਲੀ ਹੈ। ਜੇ ਫਿਲਮ ਬਣਾਉਣ ਨਾਲ ਖ਼ਦਸ਼ੇ ਜੁੜੇ ਹੋਏ ਹਨ ਤਾਂ ਪਰਦਾਪੇਸ਼ੀ ਹੋਰ ਜ਼ਿਆਦਾ ਮੁਸ਼ਕਿਲ ਹੋਣ ਵਾਲੀ ਹੈ। ਸੁਆਲਾਂ ਵਾਲੀਆਂ ਫਿਲਮਾਂ ਨੂੰ ਥਾਂ ਦੇਣ ਵਾਲੇ ਅਦਾਰਿਆਂ ਦਾ ਖ਼ਾਸਾ ਬਦਲ ਰਿਹਾ ਹੈ। ਇਸ ਮਾਹੌਲ ਵਿਚ ‘ਮੁਜ਼ੱਫ਼ਰਨਗਰ ਬਾਕੀ ਹੈæææ’ ਸਿਰਫ਼ ਫਿਲਮ ਦਾ ਨਾਮ ਨਹੀਂ ਹੈ, ਸਗੋਂ ਇਹ ਦਸਤਾਵੇਜ਼ੀ ਫਿਲਮਸਾਜ਼ੀ ਦੇ ਮੌਜੂਦਾ ਦੌਰ ਦਾ ਬਿੰਬ ਹੈ। ‘ਮੁਜ਼ੱਫ਼ਰਨਗਰ ਬਾਕੀ ਹੈæææ’ ਦਰਅਸਲ ਦਸਤਾਵੇਜ਼ੀ ਫਿਲਮਾਂ ਖ਼ਿਲਾਫ਼ ਬਣਾਏ ਜਾ ਰਹੇ ਮਾਹੌਲ ਦੇ ਐਨ ਬਰਾਬਰ ਕੋਈ ਮੌਕਾ ਹੈ। ਜੇ ਇਸ ਦੌਰ ਵਿਚ ਅਜਿਹੇ ਹਰ ਮੌਕੇ ਨੂੰ ਸੰਘਰਸ਼ ਵਿਚ ਤਬਦੀਲ ਨਾ ਕੀਤਾ ਗਿਆ, ਤਾਂ ਆਉਂਦੇ ਦਿਨਾਂ ਦੌਰਾਨ ਚੁੱਪ ਦੀ ਭਿਆਨਕਤਾ ਠੋਸ ਰੂਪ ਅਖ਼ਤਿਆਰ ਕਰੇਗੀ।