ਬਾਪੂ ਸੂਰਤ ਸਿੰਘ ਦਾ ਜਵਾਈ ਸਤਵਿੰਦਰ ਸਿੰਘ ਭੋਲਾ ਕਤਲ

ਸ਼ਿਕਾਗੋ (ਬਿਊਰੋ): ਬੰਦੀ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ ਦਾ ਜਵਾਈ ਸਤਵਿੰਦਰ ਸਿੰਘ ਭੋਲਾ ਦਾ ਇਥੋਂ ਕਰੀਬ ਡੇਢ ਸੌ ਮੀਲ ਇਲੀਨਾਏ ਸਟੇਟ ਦੇ ਸ਼ਹਿਰ ਪਿਓਰੀਆ ਵਿਚ ਐਤਵਾਰ ਰਾਤੀਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਕਤਲ ਕਰ ਦਿੱਤਾ,

ਜਿਥੇ ਉਹ ਪਰਿਵਾਰ ਸਮੇਤ ਰਹਿੰਦਾ ਸੀ। ਉਹ 52 ਸਾਲ ਦਾ ਸੀ।
ਭੋਲੇ ਦੀ ਪਤਨੀ ਅਤੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਲੜਕੀ ਸਰਵਰਿੰਦਰ ਕੌਰ ਅਜੇ ਦੋ ਅਗਸਤ ਨੂੰ ਹੀ ਲੁਧਿਆਣਾ ਤੋਂ ਅਮਰੀਕਾ ਆਈ ਸੀ। ਬੀਬੀ ਸਰਵਰਿੰਦਰ ਕੌਰ ਆਪਣੇ ਪਿਤਾ ਦੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਭਾਰਤ ਗਈ ਸੀ।
ਪੁਲਿਸ ਭਾਵੇਂ ਇਸ ਘਟਨਾ ਦੀ ਪੁਣ-ਛਾਣ ਲੁੱਟ-ਖੋਹ ਅਤੇ ਕਾਰੋਬਾਰੀ ਕਲੇਸ਼-ਦੋਹਾਂ ਹੀ ਥਿਊਰੀਆਂ ‘ਤੇ ਕਰ ਰਹੀ ਹੈ ਪਰ ਪੁਲਿਸ ਅਨੁਸਾਰ ਜਾਹਰਾ ਤੌਰ ‘ਤੇ ਇਹ ਘਟਨਾ ਲੁਟ-ਮਾਰ ਦੀ ਨਹੀਂ ਜਾਪਦੀ ਕਿਉਂਕਿ ਉਸ ਦੀ ਜੇਬ ਵਿਚ 2000 ਡਾਲਰ ਤੋਂ ਵੱਧ ਰਕਮ ਨਕਦ ਸੀ ਜੋ ਛੇੜੀ ਨਹੀਂ ਗਈ। ਇਹ ਖਬਰ ਛਪਣ ਵੇਲੇ ਤਕ ਕੋਈ ਗ੍ਰਿਫਤਾਰੀ ਨਹੀਂ ਸੀ ਕੀਤੀ ਗਈ ਅਤੇ ਨਾ ਹੀ ਪੁਲਿਸ ਨੇ ਕੋਈ ਕੇਸ ਦਰਜ ਕੀਤਾ ਹੈ।
ਮਰਹੂਮ ਭੋਲੇ ਉਤੇ ਚਾਕੂ ਨਾਲ ਵਾਰ ਕੀਤਾ ਗਿਆ ਅਤੇ ਉਸ ਦੇ ਸਰੀਰ ਉਤੇ ਕਈ ਥਾਂ ਚਾਕੂ ਦੇ ਵਾਰ ਸਨ, ਪ੍ਰੰਤੂ ਗਰਦਨ ‘ਤੇ ਹੋਇਆ ਵਾਰ ਘਾਤਕ ਸਾਬਤ ਹੋਇਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਬਾਪੂ ਖਾਲਸਾ ਦੇ ਸਮਰਥਕ ਇਸ ਨੂੰ ਉਸ ਦੇ ਸੰਘਰਸ਼ ਨਾਲ ਜੋੜ ਰਹੇ ਹਨ ਤੇ ਇਸ ਨੂੰ ਭਾਰਤੀ ਖੂਫੀਆ ਏਜੰਸੀ ਦੀ ਸਾਜ਼ਿਸ਼ ਕਰਾਰ ਦੇ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਜਦੋਂ ਬਾਪੂ ਸੂਰਤ ਸਿੰਘ ਦਾ ਸੰਘਰਸ਼ ਫੇਲ੍ਹ ਕਰਨ ਦਾ ਕੋਈ ਯਤਨ ਕਾਰਗਰ ਸਾਬਤ ਨਾ ਹੋਇਆ ਤਾਂ ਖੁਫੀਆ ਏਜੰਸੀਆਂ ਵਲੋਂ ਇਹ ਵਾਰਦਾਤ ਕਰਵਾਈ ਗਈ। ਸੋਮਵਾਰ ਸਵੇਰੇ ਇਸ ਘਟਨਾ ਦਾ ਪਤਾ ਲਗਦਿਆਂ ਸਾਰ ਸੋਸ਼ਲ ਮੀਡੀਏ ਉਤੇ ਇਹ ਵਿਚਾਰ ਆਉਣ ਲਗ ਪਏ ਸਨ।
ਜ਼ਿਕਰਯੋਗ ਹੈ ਕਿ ਸਤਵਿੰਦਰ ਸਿੰਘ ਭੋਲਾ ਅਕਾਲ ਤਖਤ ਉਤੇ ਹਮਲੇ ਤੋਂ ਬਾਅਦ ਸਿੱਖ ਸਟੂਡੈਂਟਸ ਫੈਡਰੇਸ਼ਨ (ਮਨਜੀਤ ਸਿੰਘ) ਦੀ ਪੰਜ ਮੈਂਬਰੀ ਪ੍ਰੀਜ਼ੀਡੀਅਮ ਦਾ ਮੈਂਬਰ ਰਿਹਾ। ਪ੍ਰੀਜ਼ੀਡਅਮ ਵਿਚ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ, ਹਰਮਿੰਦਰ ਸਿੰਘ ਸੰਧੂ ਤੇ ਸੁਖਵੰਤ ਸਿੰਘ ਅੱਕਾਂਵਾਲੀ ਸ਼ਾਮਲ ਸਨ। ਉਹ 1991 ਵਿਚ ਅਮਰੀਕਾ ਆ ਗਿਆ ਸੀ ਤੇ ਇਥੇ ਸਿਆਸੀ ਪਨਾਹ ਲੈ ਲਈ ਸੀ।
ਪ੍ਰਾਪਤ ਸੂਚਨਾ ਮੁਤਾਬਕ ਸਤਵਿੰਦਰ ਸਿੰਘ ਭੋਲਾ ਖ਼ਿਲਾਫ਼ ਭਾਰਤ ਵਿਚ ਅੱਠ ਕੇਸ ਦਰਜ ਸਨ। ਇਨ੍ਹਾਂ ਕੇਸਾਂ ਵਿਚੋਂ ਇਕ ਕੇਸ ਅਕਾਲੀ ਨੇਤਾ ਡਾæ ਰਾਜਿੰਦਰ ਕੌਰ ਦੀ ਹੱਤਿਆ ਦਾ ਸੀ। ਡਾæ ਰਾਜਿੰਦਰ ਕੌਰ ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਧੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਦੀ ਮਾਤਾ ਸੀ। ਇਸ ਤੋਂ ਇਲਾਵਾ ਭੋਲੇ ਖਿਲਾਫ ਬਲਦੇਵ ਖੋਖਰ ਦੇ ਕਤਲ ਦਾ ਦੋਸ਼ ਵੀ ਸੀ। ਬਲਦੇਵ ਖੋਖਰ ਅਤੇ ਰਜਿੰਦਰ ਕੌਰ ਦਾ ਕਤਲ 2 ਫਰਵਰੀ 1989 ਨੂੰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਚ ਹੋਇਆ ਸੀ। ਬਲਦੇਵ ਖੋਖਰ ਬਠਿੰਡਾ ਦਾ ਵਕੀਲ ਸੀ।
1991 ਵਿਚ ਬਠਿੰਡਾ ਦੀ ਇੱਕ ਅਦਾਲਤ ਨੇ ਭੋਲੇ ਨੂੰ ਇਸ਼ਤਿਹਾਰੀ ਭਗੌੜਾ ਕਰਾਰ ਦਿੱਤਾ ਸੀ। ਇਸ ਕੇਸ ਦਾ ਸਬੰਧ ਬਠਿੰਡਾ ਦੇ ਵਕੀਲ ਦੇ ਕਤਲ ਨਾਲ ਹੀ ਸੀ। ਉਸ ਖ਼ਿਲਾਫ਼ ਬਠਿੰਡਾ ਦੇ ਕੋਤਵਾਲੀ ਥਾਣੇ ਵਿਚ ਸੱਤ ਕੇਸ ਦਰਜ ਸਨ ਤੇ ਅੱਠਵਾਂ ਕੇਸ ਦਿੱਲੀ ਵਿਚ ਦਰਜ ਸੀ।