ਹਿੰਦ-ਪਾਕਿ ‘ਜੰਗ’ ਨੇ ਬੇਵੱਸ ਕੀਤੇ ਸਰਹੱਦੀ ਲੋਕ

ਸ੍ਰੀਨਗਰ (ਗੁਰਵਿੰਦਰ ਸਿੰਘ ਵਿਰਕ): ਭਾਰਤ-ਪਾਕਿਸਤਾਨ ਵੱਲੋਂ ਇਕ-ਦੂਜੇ ਦੇ ਰਿਹਾਇਸ਼ੀ ਇਲਾਕਿਆਂ ਵਿਚ ਨਿੱਤ ਦਿਨ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਸਰਹੱਦ ਨੇੜੇ ਵਸੇ ਪਿੰਡਾਂ ਦੇ ਲੋਕ ਦਹਿਸ਼ਤ ਦੇ ਪਰਛਾਵੇਂ ਹੇਠ ਦਿਨ ਕੱਟ ਰਹੇ ਹਨ। ਸਰਹੱਦ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਇਕਦਮ ਵਾਧਾ ਹੋਇਆ ਹੈ।

ਪਾਕਿਸਤਾਨੀ ਫ਼ੌਜ ਵੱਲੋਂ ਪੁਣਛ ਤੇ ਰਾਜੌਰੀ ਦੇ ਰਿਹਾਇਸ਼ੀ ਇਲਾਕਿਆਂ ਨੂੰ ਉਚੇਚੇ ਤੌਰ ਉਤੇ ਨਿਸ਼ਾਨਾ ਬਣਾਇਆ ਗਿਆ ਜਿਸ ਵਿਚ ਸਰਪੰਚ ਸਣੇ ਛੇ ਲੋਕਾਂ ਦੀ ਮੌਤ ਤੇ 20 ਤੋਂ ਵੱਧ ਜ਼ਖਮੀ ਹੋ ਗਏ ਹਨ। ਇਸ ਇਲਾਕੇ ਵਿਚ ਲੋਕਾਂ ਨੇ ਘਰ-ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵਿਚ ਪਨਾਹ ਲੈ ਲਈ ਹੈ। ਪਾਕਿਸਤਾਨ ਵੱਲੋਂ ਪੁਣਛ, ਸੂਜੀਆਂ, ਬਾਲਾਕੋਟ, ਹਮੀਰਪੁਰ ਤੇ ਮੰਡੀ ਸੈਕਟਰਾਂ ਵਿਚ ਕੰਟਰੋਲ ਰੇਖਾ ਉਤੇ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ।
ਟੈਨ, ਮਾਨਕੋਟ, ਧਰਾਨਾ, ਘੋਲਾੜ, ਬਸੂਨੀ, ਬਾਲਾਕੋਟ, ਬਹਿਰੂਤ, ਸੰਡੌਤ ਤੇ ਲੰਗੋਤ, ਧਰਾਤੀ, ਪੰਜਨੀ ਅਤੇ ਬਹਿਰੂਤੀ ਸਮੇਤ ਹੋਰ ਸਰਹੱਦੀ ਪੱਟੀ ਦੇ ਸਾਰੇ ਸਰਪੰਚਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਲੋਕਾਂ ਨੂੰ ਬਾਹਰ ਨਾ ਨਿਕਲਣ ਦੇਣ। ਬਸੂਨੀ ਤੇ ਨੇੜਲੇ ਇਲਾਕਿਆਂ ਵਿਚੋਂ ਹਜ਼ਾਰਾਂ ਲੋਕ ਹਿਜਰਤ ਕਰ ਗਏ ਹਨ। ਭਾਰੀ ਗੋਲੀਬਾਰੀ ਕਾਰਨ ਮਾਰੇ ਗਏ ਲੋਕਾਂ ਨੂੰ ਦਫ਼ਨਾਉਣ ਲਈ ਕਈ ਦਿਨ ਇੰਤਜ਼ਾਰ ਕਰਨਾ ਪਿਆ। ਦੋਵੇਂ ਮੁਲਕ ਇਕ-ਦੂਜੇ ‘ਤੇ ਗੋਲੀਬੰਦੀ ਦੀ ਉਲੰਘਣਾ ਦੇ ਦੋਸ਼ ਲਾ ਰਹੇ ਹਨ। ਭਾਰਤ ਨੇ ਜਿਥੇ ਨਵੀਂ ਦਿੱਲੀ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਨੂੰ ਤਲਬ ਕਰ ਕੇ ਸਰਹੱਦ ਉਤੇ ਗੋਲੀਬੰਦੀ ਦੀ ਉਲੰਘਣਾ ਲਈ ਤਿੱਖਾ ਰੋਸ ਜ਼ਾਹਿਰ ਕੀਤਾ, ਉਥੇ ਸ੍ਰੀ ਬਾਸਿਤ ਨੇ ਦੋਸ਼ ਲਾਇਆ ਕਿ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ਉਤੇ ਭਾਰਤ ਵੱਲੋਂ ਜੁਲਾਈ ਤੇ ਅਗਸਤ ਵਿਚ 70 ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। 2012 ਤੋਂ ਹੁਣ ਤੱਕ 200 ਜਵਾਨ ਤੇ ਅਫਸਰ ਦੋਵਾਂ ਮੁਲਕਾਂ ਦੀ ਨਫਰਤ ਦਾ ਸ਼ਿਕਾਰ ਹੋਏ ਹਨ।
ਗੋਲੀਬੰਦੀ ਦੇ ਸਮਝੌਤੇ ਤੋਂ ਤਿੰਨ ਸਾਲਾਂ ਬਾਅਦ 2006 ਵਿਚ ਹੀ ਇਸ ਦੀ ਉਲੰਘਣਾ ਸ਼ੁਰੂ ਹੋ ਗਈ ਸੀ। ਦੋਵੇਂ ਮੁਲਕ ਇਕ-ਦੂਜੇ ‘ਤੇ ਪਹਿਲ ਕਰਨ ਦੇ ਦੋਸ਼ ਮੜ੍ਹਦੇ ਆਏ ਹਨ। ਇਹ ਸਿਲਸਿਲਾ ਲਗਾਤਾਰ ਵਧ ਰਿਹਾ ਹੈ। ਪਿਛਲੇ ਦੋ ਸਾਲਾਂ ਵਿਚ ਇਸ ਵਿਚ ਇਕਦਮ ਵਾਧਾ ਹੋਇਆ ਹੈ। ਸਾਲ 2014 ਵਿਚ 562 ਵਾਰ ਗੋਲੀਬੰਦੀ ਦੀ ਉਲੰਘਣਾ ਹੋਈ। ਇਸ ਵਿਚ ਪੰਜ ਜਵਾਨ ਤੇ 14 ਆਮ ਨਾਗਰਿਕ ਮਾਰੇ ਗਏ ਤੇ 150 ਲੋਕ ਜ਼ਖਮੀ ਹੋਏ। ਇਸ ਤੋਂ ਪਹਿਲਾਂ 2013 ਵਿਚ 347 ਵਾਰ ਗੋਲੀਬੰਦੀ ਦੀ ਉਲੰਘਣਾ ਹੋਈ ਤੇ 12 ਜਵਾਨਾਂ ਦੀ ਜਾਨ ਗਈ ਤੇ 150 ਆਮ ਲੋਕ ਜ਼ਖਮੀ ਹੋਏ। 2012 ਵਿਚ 114 ਵਾਰ ਉਲੰਘਣਾ ਹੋਈ ਤੇ ਪੰਜ ਜਵਾਨ ਤੇ ਚਾਰ ਆਮ ਨਾਗਰਿਕ ਮਾਰੇ ਗਏ। 2011 ਵਿਚ 62 ਵਾਰ ਉਲੰਘਣਾ ਹੋਈ। ਇਸ ਵਿਚ 11 ਜਵਾਨ ਮਾਰੇ ਗਏ। 2010 ਵਿਚ 44, 2009 ਵਿਚ 28, 2008 ਵਿਚ 77, 2007 ਵਿਚ 21 ਤੇ 2006 ਵਿਚ ਤਿੰਨ ਵਾਰ ਗੋਲੀਬੰਦੀ ਦੀ ਉਲੰਘਣਾ ਹੋਈ ਤੇ ਛੇ ਜਵਾਨ ਮਾਰੇ ਗਏ। ਜਦੋਂ ਵੀ ਦੋਵਾਂ ਮੁਲਕਾਂ ਵਿਚਕਾਰ ਕਿਸੇ ਪੱਧਰ ਦੀ ਗੱਲਬਾਤ ਸ਼ੁਰੂ ਹੋਣ ਦੀ ਆਸ ਬੱਝਦੀ ਹੈ ਤਾਂ ਸਰਹੱਦ ‘ਤੇ ਅਜਿਹੀਆਂ ਘਟਨਾਵਾਂ ਵਧ ਜਾਂਦੀਆਂ ਹਨ ਜਿਨ੍ਹਾਂ ਦਾ ਖਮਿਆਜ਼ਾ ਦੋਵਾਂ ਮੁਲਕਾਂ ਦੇ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਦੋਵੇਂ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰ 23-24 ਅਗਸਤ ਨੂੰ ਨਵੀਂ ਦਿੱਲੀ ਵਿਚ ਮਿਲ ਰਹੇ ਹਨ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਵੱਲੋਂ ਹੁਰੀਅਤ ਕਾਨਫਰੰਸ ਦੇ ਆਗੂਆਂ ਨੂੰ ਮਿਲਣ ਦੇ ਮੁੱਦੇ ਉਤੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕਰ ਦਿੱਤੀ ਸੀ। ਗੱਲਬਾਤ ਦਾ ਇਹ ਸਿਲਸਲਾ ਰੂਸ ਵਿਖੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਇਕ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮੁਲਾਕਾਤ ਨਾਲ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਨੇ ਇਸ ਪਾਸੇ ਕੋਈ ਸੁੱਖ ਸੁਨੇਹਾ ਨਾ ਆਉਣ ਦਾ ਸੰਕੇਤ ਦਿੱਤਾ ਹੈ।
____________________________________
ਦੂਸ਼ਣਬਾਜ਼ੀ ਤੱਕ ਹੀ ਸੀਮਤ ਰਹੀ ਗੱਲਬਾਤ
ਭਾਰਤ ਤੇ ਪਾਕਿਸਤਾਨ ਦੇ ਸਬੰਧ ਦੋ ਕਦਮ ਅੱਗੇ ਤੇ ਚਾਰ ਕਦਮ ਪਿੱਛੇ ਵਾਲੇ ਰਹੇ ਹਨ। ਦੋਵੇਂ ਮੁਲਕ ਅਤਿਵਾਦੀ ਘਟਨਾਵਾਂ ਦਾ ਖਾਮਿਆਜ਼ਾ ਭੁਗਤ ਰਹੇ ਹਨ। ਭਾਰਤ ਦਾ ਇਲਜ਼ਾਮ ਹੈ ਕਿ ਇਸ ਪਾਸੇ ਹੋ ਰਹੀਆਂ ਵੱਡੀਆਂ ਅਤਿਵਾਦੀ ਘਟਨਾਵਾਂ ਪਿੱਛੇ ਪਾਕਿਸਤਾਨ ਦਾ ਹੱਥ ਹੈ ਜਦਕਿ ਪਾਕਿਸਤਾਨ ਵਿਚ ਖੁਦ ਅਤਿਵਾਦੀ ਘਟਨਾਵਾਂ ਵਿਚ ਵੱਡੇ ਪੱਧਰ ਉਤੇ ਕਤਲੇਆਮ ਹੋ ਰਿਹਾ ਹੈ। ਦੋਵੇਂ ਦੇਸ਼ਾਂ ਦੇ ਸਬੰਧਾਂ ਉਤੇ ਅਜੇ ਵੀ ਸੰਤਾਲੀ ਦੀ ਵੰਡ ਦਾ ਪਰਛਾਵਾਂ ਦਿਖਾਈ ਦਿੰਦਾ ਹੈ। ਵੰਡ ਦੌਰਾਨ ਫੈਲੀ ਫਿਰਕੂ ਨਫ਼ਰਤ ਦਾ ਨਤੀਜਾ 10 ਲੱਖ ਲੋਕਾਂ ਦੀਆਂ ਜਾਨਾਂ ਜਾਣ, 40 ਲੱਖ ਦੇ ਜਖ਼ਮੀ ਹੋਣ ਅਤੇ 2æ5 ਕਰੋੜ ਦੇ ਹਿਜਰਤ ਕਰਨ ਵਿਚ ਨਿਕਲਿਆ ਸੀ।