ਬੱਲ ਦਾ ‘ਐਬਸਰਡ’/ਮਾਨਵਵਾਦ ਤੇ ਵਿਲੱਖਣ ਅਖਬਾਰ ਨਵੀਸੀ

ਪੰਜਾਬੀ ਟ੍ਰਿਬਿਊਨ ਬਾਰੇ ਯਾਦਾਂ ਦੀ ਲੜੀ
ਅਮੋਲਕ ਸਿੰਘ ਜੰਮੂ
ਪੱਤਰਕਾਰੀ ਦੇ ਅਸੂਲਾਂ ਅਨੁਸਾਰ ਖਬਰ ਦੇ ਸੰਪਾਦਨ ਵੇਲੇ ਸਬ ਐਡੀਟਰ ਨੇ ਖਬਰ ਐਡਿਟ ਕਰਦਿਆਂ ਨਿਰਪੱਖ ਰਹਿਣਾ ਹੁੰਦਾ ਹੈ। ਪੱਤਰ ਪ੍ਰੇਰਕ ਜਾਂ ਰਿਪੋਰਟਰ ਵਲੋਂ ਭੇਜੀ ਖਬਰ ਕੱਟੀ-ਵੱਢੀ ਜਾਂ ਮੁੜ ਲਿਖੀ ਜਾ ਸਕਦੀ ਹੈ ਪਰ ਕਿਸੇ ਖਬਰ ਜਾਂ ਬਿਆਨ ਵਿਚ ਮੂਲੋਂ ਹੀ ਆਪਣੇ ਕੋਲੋਂ ਕੋਈ ਸਮੱਗਰੀ, ਖਾਸ ਕਰ ਕੋਈ ਵਿਚਾਰ ਜੋੜਨਾ ਸਹੀ ਨਹੀਂ ਮੰਨਿਆ ਜਾਂਦਾ। ਗੁਰਦਿਆਲ ਬੱਲ ਦਫਤਰੀ ਜ਼ਾਬਤੇ ਤੋਂ ਤਾਂ ਹਮੇਸ਼ਾਂ ਇਨਕਾਰੀ ਰਿਹਾ ਹੀ, ਖਬਰਾਂ ਦਾ ਸੰਪਾਦਨ ਕਰਦਿਆਂ ਵੀ ਉਸ ਕਦੇ ਕਿਸੇ ਰਵਾਇਤੀ ਕਾਇਦੇ-ਕਾਨੂੰਨ ਨੂੰ ਪ੍ਰਵਾਨ ਨਹੀਂ ਕੀਤਾ। ਬੱਲ ਨੂੰ ਕਿਸੇ ਪੱਤਰ ਪ੍ਰੇਰਕ ਜਾਂ ਰਿਪੋਰਟਰ ਵਲੋਂ ਭੇਜੀ ਖਬਰ, ਜਾਂ ਕਿਸੇ ਵਿਅਕਤੀ ਜਾਂ ਸੰਸਥਾ ਵਲੋਂ ਭੇਜੇ ਬਿਆਨ ਵਿਚ ਆਪਣੇ ਕੋਲੋਂ ਹੀ ਬਹੁਤ ਕੁਝ ਜੋੜ ਦੇਣ ਦਾ ਇਕ ਤਰ੍ਹਾਂ ਨਾਲ ਖਬਤ ਸੀ। ਇਹ ਵੀ ਠੀਕ ਹੈ ਕਿ ਨਿਊਜ਼ ਐਡੀਟਰ ਨਾਲ ਉਸ ਦਾ ਝਗੜਾ ਬਹੁਤੀ ਵਾਰ ਡਿਊਟੀ ‘ਤੇ ਲੇਟ ਆਉਣ ਕਰਕੇ ਨਹੀਂ ਬਲਕਿ ਕਿਸੇ ਖਬਰ ਵਿਚ ਆਪਣੇ ਕੋਲੋਂ ਹੀ ਘੜ ਕੇ ਮਸਾਲਾ ਪਾ ਦੇਣ ਕਰਕੇ ਹੁੰਦਾ।
ਕੋਈ ਵੀ ਕਿਸੇ ਜਾਣਕਾਰ ਦਾ ਨਾਂ ਲੈ ਕੇ ਬੱਲ ਨੂੰ ਕੋਈ ਬਿਆਨ ਖਬਰ ਲਾਉਣ ਲਈ ਦੇ ਦੇਵੇ, ਬੱਲ ਆਪਣਾ ਪਵਿੱਤਰ ਧਰਮ ਸਮਝ ਲੈਂਦਾ ਕਿ ਇਹ ਖਬਰ ਹਰ ਹਾਲਤ ਵਿਚ ਲਗਣੀ ਚਾਹੀਦੀ ਹੈ। ਉਸ ਦੀ ਇਸ ਆਦਤ ਨੂੰ ਰੋਕਣ ਲਈ ਇਕ ਵਾਰ ਤਾਂ ਸੰਪਾਦਕ ਨੇ ਇਹ ਵੀ ਹੁਕਮ ਕਰ ਦਿਤੇ ਕਿ ਬੱਲ ਦੀ ਬਣਾਈ ਕੋਈ ਵੀ ਖਬਰ ਚੀਫ ਸਬ ਜਾਂ ਨਿਊਜ਼ ਐਡੀਟਰ ਦੇ ਦਸਤਖਤਾਂ ਬਿਨਾਂ ਨਹੀਂ ਛਪੇਗੀ। ਪਰੂਫ ਰੀਡਰਾਂ ਨੂੰ ਵੀ ਇਹ ਹੁਕਮ ਹੋ ਗਿਆ ਕਿ ਉਹ ਇਸ ਦਾ ਖਿਆਲ ਰਖਣ। ਬੱਲ ਕਿਹੜਾ ਘੱਟ ਸੀ, ਉਹ ਆਪਣੀਆਂ ਥੈਲੇ ਵਾਲੀਆਂ ਖਬਰਾਂ ਲਾਉਣ ਲਈ ਸ਼ਾਮ ਸਿੰਘ ਜਾਂ ਆਪਣੇ ਹੱਕ ਦੇ ਕਿਸੇ ਹੋਰ ਚੀਫ ਸਬ ਤੋਂ ਸਹੀ ਪੁਆ ਲੈਂਦਾ। ਉਸ ਦੀ ਇਸ ਆਦਤ ਤੋਂ ਕਈ ਵਾਰ ਤਾਂ ਉਸ ਦੇ ਪੱਕੇ ਹਮਾਇਤੀ ਵੀ ਅੱਕ ਜਾਂਦੇ ਪਰ ਬੱਲ ਉਪਰ ਕਿਸੇ ਗੱਲ ਦਾ ਕੋਈ ਅਸਰ ਨਹੀਂ ਸੀ। ਉਂਜ ਬੱਲ ਦੇ ਇਸ ਖਬਤ ਦੇ ਕੁਝ ਹਾਂ-ਪੱਖੀ ਪਹਿਲੂ ਵੀ ਸਨ। ਮੈਨੂੰ ਯਾਦ ਹੈ, ਇਕ ਵਾਰ ਕੋਈ ਸੱਜਣ ਕਿਸੇ ਦਾ ਨਾਂ ਲੈ ਕੇ ਉਸ ਪਾਸ ਆਇਆ, ਬੱਲ ਨੇ ਬੜੇ ਧਿਆਨ ਨਾਲ ਉਸ ਦੀ ਗੱਲ ਸੁਣੀ। ਦੇਵਨੇਤ ਉਸ ਦਿਨ ਸਟਾਫ ਘੱਟ ਸੀ। ਚੀਫ ਸਬ ਨੇ ਦੋ ਵਾਰ ਮੈਨੂੰ ਬਾਹਰ ਘਾਹ ‘ਤੇ ਬੈਠ ਕੇ ਉਸ ਵਿਅਕਤੀ ਦੀ ਗੱਲ ਸੁਣ ਰਹੇ ਬੱਲ ਨੂੰ ਬੁਲਾਉਣ ਲਈ ਭੇਜਿਆ। ਬੱਲ ਨੇ ਖਬਰ ਬਣਾਈ ਅਤੇ ਚੀਫ ਸਬ ਤੋਂ ਬੜੀ ਜਿਦ ਕਰਕੇ ਪਾਸ ਕਰਵਾ ਕੇ ਛਾਪ ਦਿਤੀ।  ਖਬਰ ਦਾ ਨਤੀਜਾ ਇਹ ਸੀ ਕਿ ਉਸ ਬੰਦੇ ਦੀ ਜਾਨ ਬੱਚ ਗਈ ਜਿਸ ਨੂੰ ਪੁਲਿਸ ਕਿਸੇ ਵਕਤ ਵੀ ਚੁਕ ਕੇ ਖਤਮ ਕਰਨ ਨੂੰ ਫਿਰਦੀ ਸੀ।
ਕੋਈ ਵੀ ਕਿਸੇ ਜਾਣਕਾਰ ਦਾ ਨਾਂ ਲੈ ਕੇ ਬੱਲ ਨੂੰ ਕੋਈ ਬਿਆਨ ਖਬਰ ਲਾਉਣ ਲਈ ਦੇ ਦੇਵੇ, ਬੱਲ ਆਪਣਾ ਪਵਿੱਤਰ ਧਰਮ ਸਮਝ ਲੈਂਦਾ ਕਿ ਇਹ ਖਬਰ ਹਰ ਹਾਲਤ ਵਿਚ ਲਗਣੀ ਚਾਹੀਦੀ ਹੈ। ਉਸ ਦੀ ਇਸ ਆਦਤ ਨੂੰ ਰੋਕਣ ਲਈ ਇਕ ਵਾਰ ਤਾਂ ਸੰਪਾਦਕ ਨੇ ਇਹ ਵੀ ਹੁਕਮ ਕਰ ਦਿਤੇ ਕਿ ਬੱਲ ਦੀ ਬਣਾਈ ਕੋਈ ਵੀ ਖਬਰ ਚੀਫ ਸਬ ਜਾਂ ਨਿਊਜ਼ ਐਡੀਟਰ ਦੇ ਦਸਤਖਤਾਂ ਬਿਨਾਂ ਨਹੀਂ ਛਪੇਗੀ। ਪਰੂਫ ਰੀਡਰਾਂ ਨੂੰ ਵੀ ਇਹ ਹੁਕਮ ਹੋ ਗਿਆ ਕਿ ਉਹ ਇਸ ਦਾ ਖਿਆਲ ਰਖਣ। ਬੱਲ ਕਿਹੜਾ ਘੱਟ ਸੀ, ਉਹ ਆਪਣੀਆਂ ਥੈਲੇ ਵਾਲੀਆਂ ਖਬਰਾਂ ਲਾਉਣ ਲਈ ਸ਼ਾਮ ਸਿੰਘ ਜਾਂ ਆਪਣੇ ਹੱਕ ਦੇ ਕਿਸੇ ਹੋਰ ਚੀਫ ਸਬ ਤੋਂ ਸਹੀ ਪੁਆ ਲੈਂਦਾ। ਉਸ ਦੀ ਇਸ ਆਦਤ ਤੋਂ ਕਈ ਵਾਰ ਤਾਂ ਉਸ ਦੇ ਪੱਕੇ ਹਮਾਇਤੀ ਵੀ ਅੱਕ ਜਾਂਦੇ ਪਰ ਬੱਲ ਉਪਰ ਕਿਸੇ ਗੱਲ ਦਾ ਕੋਈ ਅਸਰ ਨਹੀਂ ਸੀ।
ਬੱਲ ਆਪਣੀ ਧੁਨ ਵਿਚ ਉਹੋ ਕੁਝ ਹੀ ਕਰੀ ਗਿਆ ਜੋ ਉਸ ਨੂੰ ਠੀਕ ਲੱਗਦਾ ਸੀ। ਬੱਲ ਅਜਿਹਾ ਕਿਉਂ ਕਰਦਾ ਸੀ, ਇਸ ਬਾਰੇ ਮੈਂ ਤਾਂ ਕੋਈ ਨਿਰਣਾ ਦੇਣ ਦੀ ਅਵਸਥਾ ਵਿਚ ਨਹੀਂ ਹਾਂ। ਕਰਮਜੀਤ ਭਾਅ ਜੀ ਸ਼ਾਇਦ ਕੁਝ ਦੱਸ ਸਕਣ, ਕਿਹਾ ਨਹੀਂ ਜਾ ਸਕਦਾ।
ਬੱਲ ਨੇ ਸਿੱਖ ਇਤਿਹਾਸ ਬਾਰੇ ਸੋਹਣ ਸਿੰਘ ਸੀਤਲ, ਕਰਤਾਰ ਸਿੰਘ ਕਲਾਸਵਾਲੀਆ ਅਤੇ ਬਾਬਾ ਪ੍ਰੇਮ ਸਿੰਘ ਹੋਤੀ ਦੀਆਂ ਬਹੁਤੀਆਂ ਕਿਤਾਬਾਂ 6ਵੀਂ-7ਵੀਂ ਜਮਾਤ ਤਕ ਹੀ ਪੜ੍ਹ ਲਈਆਂ ਸਨ। ਕਾਲਜ ਜਾਂਦੇ ਸਾਰ ਜਸਵੰਤ ਸਿੰਘ ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਪੜ੍ਹ ਕੇ ਉਸ ਦੀ ਕਮਿਊਨਿਸਟ ਲੜਕਿਆਂ ਦੇ ਸਰਕਲ ਨਾਲ ਨੇੜਤਾ ਹੋ ਗਈ ਪਰ ਉਨ੍ਹਾਂ ਦਾ ‘ਤੰਗਨਜ਼ਰ ਰਵੱਈਆ’ ਵੇਖ ਕੇ ਅਤੇ ਸਟਾਲਿਨ ਦੀਆਂ ਵਧੀਕੀਆਂ ਬਾਰੇ ਸ਼ੁਰੂ ਵਿਚ ਹੀ ਲੋੜੋਂ ਵੱਧ ਜਾਣ ਲੈਣ ਕਰਕੇ ਉਸ ਦੇ ਮਨ ਵਿਚ ਮਾਰਕਸਵਾਦ ਦੇ ਅਮਲ ਵਿਚ ਪਲਟ ਸਕਣ ਦੀ ਸੰਭਾਵਨਾ ਬਾਰੇ ਸ਼ੰਕੇ ਪੈਦਾ ਹੋ ਗਏ। ਰੱਬ ਦੀ ਹੋਂਦ ਵਿਚ ਉਸ ਦਾ ਯਕੀਨ ਪਹਿਲਾਂ ਹੀ ਡੋਲ ਗਿਆ ਸੀ।
ਬੱਲ ਦਸਿਆ ਕਰਦਾ ਕਿ ਕਾਲਜ ਦੇ ਉਨ੍ਹਾਂ ਮੁਢਲੇ ਵਰ੍ਹਿਆਂ ਵਿਚ ਉਸ ਨੇ ਆਪਣੇ ਮਿੱਤਰ ਕੰਵਲਜੀਤ ਸਿੰਘ ਸੰਧੂ ਦੇ ਪਿੰਡ ਦੀ ਢਾਬ ‘ਤੇ ਬੈਠਿਆਂ ਉਸ ਨੂੰ ਕਿਹਾ ਸੀ ਕਿ ਅਸੀਂ ਜਨਮ ਜਾਤ ਤੋਂ ਹੀ ਸਰਾਪੇ ਹੋਏ ਲੋਕ ਹਾਂ; ਸਾਨੂੰ ਜਿਉਂਦੇ ਜੀ ਕਿਧਰੇ ਢੋਈ ਨਹੀਂ ਮਿਲਣੀ। ਸਾਡਾ ਸ਼ੰਕਾ ਹੀ ਅਜਿਹਾ ਹੈ ਕਿ ‘ਰੱਬ ਜੇ ਹੈ ਤਾਂ ਦੁਨੀਆਂ ਦਾ ਅਰਥ ਕੀ ਹੈ? ਅਤੇ ਜੇ ਰੱਬ ਨਹੀਂ ਹੈ ਤਾਂ ਦੁਨੀਆਂ ਦੀ ਤੁਕ ਕੀ ਹੈ? ਸਟਾਲਿਨ ਠੀਕ ਸੀ ਕਿ ਗਲਤ? ਇਸ ਬਾਰੇ ਪੱਕਾ ਫੈਸਲਾ ਵੀ ਸਾਥੋਂ ਮਰਦੇ ਦਮ ਤੱਕ ਨਹੀਂ ਹੋਣਾ।’ ਇਸ ਦੇ ਬਾਵਜੂਦ ਉਸ ਸੰਕਲਪ ਲਿਆ ਸੀ ਕਿ ‘ਕਾਦਰ, ਜੇ ਕਿਧਰੇ ਹੈ ਤਾਂ ਅਸੀਂ ਉਸ ਦੀ ਕੁਦਰਤ ਦੀ ਲੀਲਾ ਨੂੰ ਅਜਿਹੀ ਤਾਕਤ ਨਾਲ ਨਿਹਾਰਾਂਗੇ ਕਿ ਉਹ ਖੁਦ ਆ ਕੇ ਪੁੱਛਣ ਲਈ ਮਜ਼ਬੂਰ ਹੋਵੇਗਾ ਕਿ ਤੁਸੀਂ ਇਹ ਪੈਸ਼ਨ ਕਿਥੋਂ ਲਿਆ ਹੈ। ਅਸੀਂ ਜ਼ਿੰਦਗੀ ਨੂੰ ਐਸੀ ਮੁਹੱਬਤ ਕਰਾਂਗੇ ਕਿ ਸਾਰੀ ਕਾਇਨਾਤ ਦਾ ਕੋਨਾ ਕੋਨਾ ਮਹਿਕ ਜਾਵੇਗਾ। ਜ਼ਿੰਦਗੀ ‘ਚ ਕਿਧਰੇ ਧੁਰੋਂ ਲਿਖੇ ਕੋਈ ਅਰਥ ਹੈ ਨਹੀਂ-ਇਹ ਅਰਥ ਆਪਣੀਆਂ ਸ਼ਰਤਾਂ ਤੇ ਅਸੀਂ ਖੁਦ ਭਰਾਂਗੇ।’
ਅਗਸਤ 2011 ਵਿਚ ਜਦੋਂ ਉਹ ਮੇਰੇ ਕੋਲ ਕੋਈ ਤਿੰਨ ਹਫਤੇ ਰੁਕਿਆ ਤਾਂ ਉਸ ਨੇ ਇਸ ਗੱਲ ‘ਤੇ ਵਡੀ ਤਸੱਲੀ ਪ੍ਰਗਟਾਈ ਕਿ ਜੀਵਨ ਕਿਸੇ ਕਥਿਤ ਮਹਾਨ ਆਦਰਸ਼ ਦੇ ਲੇਖੇ ਭਾਵੇਂ ਨਹੀਂ ਲੱਗਿਆ, ਫਿਰ ਵੀ ਜ਼ਿੰਦਗੀ ਦੇ ਹਰ ਰੰਗ ਅਤੇ ਢੰਗ ਨੂੰ ਆਪਣੀ ਰੂਹ ਦੇ ਤਾਲ ਅਨੁਸਾਰ ਜੀਅ ਲੈਣ ਦੀ ਇਨੀ ਫੁਰਸਤ ਜੁੜੀ ਹੈ ਕਿ ਕਿਸੇ ਕਿਸਮ ਦਾ ਕੋਈ ਹੇਰਵਾ ਬਾਕੀ ਨਹੀਂ ਹੈ।
ਇਹ ਪੁੱਛੇ ਜਾਣ ‘ਤੇ ਕਿ ਕਾਇਨਾਤ ਦਾ ਕੋਈ ਕਣ ਮਹਿਕਿਆ ਦਿਸਦਾ ਤਾਂ ਹੈ ਨਹੀਂ, ਬੱਲ ਦਾ ਜਵਾਬ ਸੀ, ਇਸ ਦਾ ਇਹ ਮਤਲਬ ਨਹੀਂ ਕਿ ਕੋਸ਼ਿਸ਼ ਕੀਤੀ ਨਹੀਂ ਜਾਣੀ ਚਾਹੀਦੀ। ਜ਼ਿੰਦਗੀ ਨੂੰ ਕਿਸੇ ਸਦੀਵੀ ਗੀਤ ਦੇ ਤਾਲ ਅਨੁਸਾਰ ਜਿਉਣ ਦੀ ਕੋਸ਼ਿਸ਼ ਕਰਨ ਤੋਂ ਚੰਗਾ ਹੋਰ ਕਿਹੜਾ ਵਣਜ ਹੋ ਸਕਦਾ ਹੈ? ਆਪਣੇ ਯਾਰਾਂ-ਦੋਸਤਾਂ ਦੀ ਰੋਟੀ, ਦਾਰੂ-ਪਾਣੀ, ਚਾਹ-ਪਾਣੀ ਨਾਲ, ਅਤੇ ਕਿਤਾਬਾਂ ਦੇ ਸ਼ੌਕੀਨਾਂ ਦੀ ਹਰ ਤਰ੍ਹਾਂ ਦੀਆਂ ਕਿਤਾਬਾਂ ਨਾਲ ਸੇਵਾ ਕਰਨ ਦੀ ਉਸ ਨੂੰ ਬੜੀ ਤਸੱਲੀ ਸੀ ਤੇ ਉਸ ਲਈ ਇੰਨਾ ਹੀ ਕਾਫੀ ਸੀ। ਜੇ ਸੱਚ ਜਾਣੋ ਤਾਂ ਬਾਬਾ ਬੱਲ ਆਮ ਸਮਾਜੀ ਤੌਰ-ਤਰੀਕਿਆਂ ਤੋਂ ਬਾਹਰ ਹੈ।
‘ਪੰਜਾਬੀ ਟ੍ਰਿਬਿਊਨ’ ਵਿਚ ਆ ਕੇ ਉਸ ਦਾ ਗਲਤ ਜਾਂ ਠੀਕ ਵਿਸ਼ਵਾਸ ਇਹ ਸੀ ਕਿ ਉਹ ਅਦਾਰੇ ਦੇ ਨਿਯਮਾਂ ਪ੍ਰਤੀ ਨਹੀਂ ਬਲਕਿ ਉਨ੍ਹਾਂ ਲੋਕਾਂ ਪ੍ਰਤੀ ਜਵਾਬਦੇਹ ਹੈ ਜਿਨ੍ਹਾਂ ਨੂੰ ਹਾਲਾਤ ਨੇ ਹਾਸ਼ੀਏ ‘ਤੇ ਧੱਕਿਆ ਹੋਇਆ ਹੈ। ਉਸ ਨੇ ਬੇਰੁਜ਼ਗਾਰ ਅਧਿਆਪਕਾਂ, ਸਰਕਾਰੀ ਅਧਿਆਪਕਾਂ, ਵਿਦਿਆਰਥੀ ਸੰਗਠਨਾਂ, ਨਕਸਲੀ ਧੜਿਆਂ, ਸੱਜੇ ਅਤੇ ਖੱਬੇ ਕਮਿਊਨਿਸਟਾਂ ਦੀਆਂ ਖਬਰਾਂ ਤਾਂ ਪੂਰਨ ਨਿਸ਼ਠਾ ਨਾਲ ਲਾਈਆਂ ਹੀ, ਬਾਅਦ ਵਿਚ ਖਾੜਕੂ ਧਿਰਾਂ ਦੀਆਂ ਖਬਰਾਂ ਲਾਉਣ ਵਿਚ ਵੀ ਕੋਈ ਕਸਰ ਬਾਕੀ ਨਾ ਛੱਡੀ। ਹਰ ਖਬਰ ਦਾ ਸੰਪਾਦਨ ਕਰਨ ਵੇਲੇ ਨਜ਼ਰੀਆ ਉਸ ਦਾ ਉਹੀ ਸੇਰ ਤੋਂ ਡੇਢ ਸੇਰ ਬਣਾਉਣ ਦਾ ਹੁੰਦਾ ਬਲਕਿ ਕਈ ਵਾਰ ਤਾਂ ਉਹ ਤੋਲੇ ਦੀ ਪਨਸੇਰੀ ਬਣਾ ਦਿੰਦਾ।
ਅਸਲ ਵਿਚ ਸਟਾਲਿਨ ਮਾਰਕਾ ਕਾਮਰੇਡਾਂ ਤੋਂ ਬਦਜਨ ਹੋ ਜਾਣ ਪਿਛੋਂ ਮਾਰਕਸ ਪ੍ਰਤੀ ਸਤਿਕਾਰ ਬਣਿਆ ਰਹਿਣ ਦੇ ਬਾਵਜੂਦ ਉਸ ਨੂੰ ਕਿਸੇ ਵੀ ‘ਕੱਲੀ-ਕਾਰੀ ਵਿਚਾਰਧਾਰਾ ਦੇ ਸੱਚ ਉਤੇ ਅਜਾਰੇਦਾਰੀ ਦੇ ਦਾਅਵਿਆਂ ‘ਤੇ ਸੰਦੇਹ ਹੋ ਗਿਆ ਸੀ। ‘ਪੰਜਾਬੀ ਟ੍ਰਿਬਿਊਨ’ ਵਿਚ ਗੁਜ਼ਾਰੇ ਸਾਲਾਂ ਦੌਰਾਨ ਸ਼ਾਇਦ ਉਸ ਨੂੰ ਲੱਗਣ ਲੱਗ ਗਿਆ ਸੀ ਕਿ ਹਰ ਵਿਚਾਰਧਾਰਾ ਹੀ ਆਪੋ ਆਪਣੀ ਜਗ੍ਹਾ ‘ਤੇ ਠੀਕ ਸੀ, ਬਸ਼ਰਤੇ ਕਿ ਉਸ ਦੇ ਪੈਰੋਕਾਰਾਂ ਵੱਲੋਂ ਦੂਜੀਆਂ ਧਿਰਾਂ ਦਾ ਜ਼ਬਰਦਸਤੀ ਮੂੰਹ ਬੰਦ ਕਰਨ ਦੀ ਧੱਕੇਸ਼ਾਹੀ ਨਾ ਕੀਤੀ ਜਾਵੇ। ਸੈਮੁਅਲ ਬੈਕਿਟ ਦਾ ਨਾਟਕ ‘ਗੋਦੋ ਦੀ ਉਡੀਕ’ ਮੈਂ ਵੀ ਪੜ੍ਹਿਆ ਤੇ ਵੇਖਿਆ ਸੀ ਪਰ ਮੈਨੂੰ ਲੱਗਦਾ, ਜੀਵਨ ਦੀ ਨਿਹਿਤ ਐਬਸਰਡਟੀ ਦਾ ਥੀਮ ਬੱਲ ਦੀ ਤਾਂ ਅੰਤਰ ਆਤਮਾ ਵਿਚ ਵਸਿਆ ਹੋਇਆ ਸੀ। (ਗੋਦੋ ਦੀ ਉਡੀਕ (ੱਅਟਿਨਿਗ ੋਰ ਘੋਦੋਟ) ਫ਼ਰਾਂਸੀਸੀ ਨਾਟਕਕਾਰ ਸੈਮੂਅਲ ਬੈਕਿਟ ਰਚਿਤ ਇਕ ਐਬਸਰਡ ਡਰਾਮਾ ਹੈ, ਜਿਸ ਵਿਚ ਦੋ ਮੁੱਖ ਪਾਤਰ-ਵਲਾਦੀਮੀਰ ਅਤੇ ਐਸਟਰਾਗਨ ਇੱਕ ਕਾਲਪਨਿਕ ਪਾਤਰ ਗੋਦੋ ਦੇ ਆਉਣ ਦੀ ਅੰਤਹੀਣ ਅਤੇ ਨਿਸਫਲ ਉਡੀਕ ਕਰਦੇ ਹਨ। ਗੋਦੋ ਆਸ ਦੀ ਉਹ ਕਿਰਨ ਹੈ ਜੋ ਕਦੇ ਪੂਰੀ ਨਹੀਂ ਹੁੰਦੀ। ਗੋਦੋ ਦੀ ਗੈਰਹਾਜ਼ਰੀ ਅਤੇ ਹੋਰ ਪਹਿਲੂਆਂ ਦੇ ਅਧਾਰ ‘ਤੇ ਇਸ ਡਰਾਮੇ ਦੀਆਂ ਹੁਣ ਤੱਕ ਅਨੇਕ ਵਿਆਖਿਆਵਾਂ ਹੋ ਚੁੱਕੀਆਂ ਹਨ। ਇਸ ਨੂੰ ਵੀਹਵੀਂ ਸਦੀ ਦਾ ਅੰਗਰੇਜ਼ੀ ਭਾਸ਼ਾ ਦਾ ਸਭ ਤੋਂ ਪ੍ਰਭਾਵਸ਼ਾਲੀ ਡਰਾਮਾ ਵੀ ਕਿਹਾ ਗਿਆ ਹੈ।)
ਬੱਲ ਦਾ ਕਹਿਣਾ ਸੀ ਕਿ ਜ਼ਿੰਦਗੀ ‘ਚ ਹੱਕ-ਸੱਚ ਦੀ ਲੜਾਈ ਲਈ ਜੇ ਨਹੀਂ ਲੜਿਆ ਜਾ ਸਕਿਆ, ਨਾ ਸਹੀ; ਅਖਬਾਰ ਵਿਚ ਕੰਮ ਕਰਨ ਦਾ ਮੌਕਾ ਮਿਲ ਗਿਆ ਤਾਂ ਘੱਟੋ ਘੱਟ ਉਨ੍ਹਾਂ ਲੋਕਾਂ ਦੀ ਪੈਰਵੀ ਤਾਂ ਕੀਤੀ ਜਾਵੇ ਜੋ ਅਜਿਹੇ ਸੰਗਰਾਮ ਕਰ ਰਹੇ ਸਨ। ਇਸ ਕਿਸਮ ਦੇ ਧੜਿਆਂ ਅਤੇ ਧਿਰਾਂ ਦੀਆਂ ਪੁਜ਼ੀਸ਼ਨਾਂ ਦੀ ਜਿੰਨੀ ਉਸ ਨੂੰ ਸਮਝ ਸੀ, ਉਨੀ ਪੰਜਾਬੀ ਟ੍ਰਿਬਿਊਨ ਦੇ ਸਟਾਫ ਵਿਚੋਂ ਸ਼ਾਇਦ ਕਿਸੇ ਨੂੰ ਵੀ ਨਹੀਂ ਸੀ। 1986 ਜਾਂ 87 ਦੀ ਗੱਲ ਹੈ, ਕਾਮਰੇਡ ਦਰਸ਼ਨ ਖਟਕੜ ਦੀ ਅਗਵਾਈ ਹੇਠਲੀ ਨਕਸਲੀ ਪਾਰਟੀ ਦਾ ਕੋਈ ਇਜਲਾਸ ਸੀ। ਉਨ੍ਹਾਂ ਬੱਲ ਨੂੰ ਆਪਣੀ ਰਿਪੋਰਟ ਦੀ ਖਬਰ ਲਾਉਣ ਲਈ ਕਿਹਾ ਪਰ ਉਹ ਵੇਲੇ ਸਿਰ ਰਿਪੋਰਟ ਪੁੱਜਦੀ ਨਾ ਕਰ ਸਕੇ। ਬੱਲ ਨੇ ਖੁਦ ਹੀ ਆਪਣੇ ਕੋਲੋਂ ਘੜ ਕੇ ਤਿੰਨ ਕਾਲਮੀ ਵੱਡੀ ਖਬਰ ਛਾਪ ਦਿੱਤੀ। ਖਬਰ ਛਪੀ ਵੇਖ ਕੇ ਦਰਸ਼ਨ ਖਟਕੜ ਖੁਦ ਹੈਰਾਨ ਸੀ ਕਿ ਖਬਰ ਇੰਨੀ ਸਹੀ ਭਾਵਨਾ ਵਿਚ ਕਿਵੇਂ ਲੱਗ ਗਈ?
ਨਕਸਲੀਆਂ ਦਾ ਇਕ ਹੋਰ ਧੜਾ ਇੰਟਰਨੈਸ਼ਨਲਿਸਟ ਡੈਮੋਕਰੈਟਿਕ ਪਾਰਟੀ ਦੇ ਨਾਂ ਹੇਠ ਕੰਮ ਕਰਨ ਲੱਗਾ। ਇਸ ਪਾਰਟੀ ਦਾ ਏਜੰਡਾ ਵਿਚਾਰਾਂ ਦੇ ਪ੍ਰਚਾਰ ਰਾਹੀਂ ਸਮਾਜਕ ਤਬਦੀਲੀ ਲਿਆਉਣ ਦਾ ਸੀ। ਕਰਮਜੀਤ ਭਾਅ ਜੀ ਦੇ ਵੀ ਇਸ ਪਾਰਟੀ ਦੇ ਆਗੂ ਮਾਸਟਰ ਖੇਤਾ ਸਿੰਘ ਨਾਲ ਨਿਕਟ ਸਬੰਧ ਸਨ। ਬੱਲ ਦੀਆਂ ਇਸ ਪਾਰਟੀ ਦੇ ਆਗੂਆਂ ਨਾਲ ਮੁਲਾਕਾਤਾਂ ਕਰਮਜੀਤ ਭਾਅ ਜੀ ਦੇ ਘਰ ਹੀ ਹੁੰਦੀਆਂ ਰਹੀਆਂ ਸਨ। ਹੋਇਆ ਇਹ ਕਿ ਬੱਲ ਦੀ ਬਦੌਲਤ ਇਕ ਸਟੇਜ ‘ਤੇ ‘ਪੰਜਾਬੀ ਟ੍ਰਿਬਿਊਨ’ ਇਸ ਪਾਰਟੀ ਦਾ ਬੁਲਾਰਾ ਹੀ ਜਾਪਣ ਲਗ ਪਿਆ। ਸਾਡੇ ਸਾਥੀ ਸ਼ਮਸ਼ੇਰ ਸੰਧੂ ਦੇ ਦੱਸਣ ਅਨੁਸਾਰ ਉਸ ਦਾ ਦੋਸਤ ਇਨਕਲਾਬੀ ਕਵੀ ਪਾਸ਼ ਆਪਣੀ ਸ਼ਹੀਦੀ ਤੋਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਆਇਆ ਤਾਂ ਉਸ ਨੇ ਪੁੱਛਿਆ ਕਿ ਪੰਜਾਬੀ ਟ੍ਰਿਬਿਊਨ ਦੀ ਵਿਚਾਰਧਾਰਾ ਕੀ ਹੈ? ਕਿਸੇ ਕਿਸੇ ਦਿਨ ਇਹ ਨਕਸਲੀ ਧਿਰਾਂ ਦਾ ਤਰਜਮਾਨ ਕਿਵੇਂ ਬਣ ਜਾਂਦਾ ਹੈ? ਸ਼ਮਸ਼ੇਰ ਦਾ ਸੰਖੇਪ ਜਿਹਾ ਜਵਾਬ ਸੀ: ਜਿਸ ਦਿਨ ਗੁਰਦਿਆਲ ਬੱਲ ਦੀ ਜਿਸ ‘ਤੇ ਮਿਹਰਬਾਨੀ ਹੋ ਜਾਵੇ, ਉਸੇ ਦਾ ਤਰਜਮਾਨ ਬਣ ਜਾਂਦਾ ਹੈ, ਅਖਬਾਰ।
ਕੁਝ ਵਿਸ਼ੇਸ਼ ਕਿਸਮ ਦੀਆਂ ਖਬਰਾਂ ਜਾਂ ਰਿਪੋਰਟਾਂ ਨੂੰ ਐਬਸਰਡ ਵਿਅੰਗ ਭਾਵ ਵਿਚ ਪੇਸ਼ ਕਰਨ ਦਾ ਬੱਲ ਦਾ ਆਪਣਾ ਹੀ ਰੰਗ ਸੀ। ਪੱਤਰਕਾਰੀ ਦਾ ਕੋਰਸ ਕੀਤਾ ਹੋਣ ਕਰਕੇ ਮੈਨੂੰ ਬੱਲ ਦਾ ਇਸ ਤਰ੍ਹਾਂ ਕਰਨਾ ਬਿਲਕੁਲ ਹੀ ਉਸ ਦੀ ਜਿਆਦਤੀ ਲਗਦੀ। ਬੱਲ ਨੇ ਅਜਿਹੇ ਭਾਵ ਵਾਲੀਆਂ ਖਬਰਾਂ ਬਹੁਤ ਘੜੀਆਂ, ਜਿਨ੍ਹਾਂ ਵਿਚੋਂ 15-20 ਮੇਰੀ ਫਾਈਲ ਵਿਚ ਅਜੇ ਵੀ ਸਾਂਭੀਆਂ ਪਈਆਂ ਹਨ। ਪਾਠਕਾਂ ਦੀ ਦਿਲਚਸਪੀ ਲਈ ਇਨ੍ਹਾਂ ਵਿਚੋਂ ਕੁਝ ਖਬਰਾਂ ਨਮੂਨੇ ਵਜੋਂ ਪੇਸ਼ ਕੀਤੀਆਂ ਜਾ ਸਕਦੀਆਂ ਹਨ।
ਗਿੱਦੜਬਾਹਾ ਤੋਂ ਸਾਲ 1989 ‘ਚ ਕਿਸੇ ਕਥਿਤ ‘ਲੋਕ ਜਾਗਰਨ ਮੰਚ’ ਦੀ ਹੈ। ਇਸ ਖਬਰ ਵਿਚ ਪਹਿਲੇ ਅਤੇ ਪਿਛੋਂ ਦੇ ਦੋ ਪੈਰ੍ਹਿਆਂ ਨੂੰ ਛੱਡ ਕੇ ਬਾਕੀ ਸਾਰਾ ਮਸਾਲਾ ਬੱਲ ਦਾ ਪਾਇਆ ਹੋਇਆ ਹੈ। ਇਸ ਕਿਸਮ ਦੇ ਕਥਿਤ ਜਾਗ੍ਰਿਤੀ ਮੰਚਾਂ ਨੂੰ ਤਿੱਖੇ ਵਿਅੰਗ ਦੀ ਧਾਰ ਹੇਠ ਲਿਆ ਕੇ ਬੱਲ ਨੂੰ ਕੋਈ ਖਾਸ ਹੀ ਮਾਨਸਿਕ ਤਸੱਲੀ ਮਿਲਦੀ ਸੀ।
ਲੋਕ ਜਾਗਰਨ ਮੰਚ ਭਾਰਤੀਆਂ ਨੂੰ ਉਨ੍ਹਾਂ ਦੇ ਆਤਮਿਕ ਧੁਰੇ ਨਾਲ ਜੋੜੇਗਾ
ਗਿੱਦੜਬਾਹਾ, 30 ਮਾਰਚ (ਪੱਤਰ ਪ੍ਰੇਰਕ): ਭਾਰਤੀ ਲੋਕਾਂ ਅੱਗੇ ਇਸ ਸਮੇਂ ਮੁੱਖ ਮਸਲਾ ਇਹ ਹੈ ਕਿ ਦੇਸ਼ ਅੰਦਰ ਚੱਲ ਰਹੇ ਬੁੱਚੜਖਾਨੇ ਬੰਦ ਕਰਵਾਏ ਜਾਣ ਅਤੇ ਕਸ਼ਮੀਰ ਵਾਦੀ ਅੰਦਰ ਕਸ਼ਮੀਰੀ ਪੰਡਤਾਂ ਨੂੰ ਵਾਪਸ ਭੇਜ ਕੇ ਦੇਸ਼ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਗੁਫਾ ਅਮਰਨਾਥ ਦੀ ਯਾਤਰਾ ਸਦਾ ਵਾਸਤੇ ਸੁਰੱਖਿਅਤ ਬਣਾਈ ਜਾਵੇ।
ਇਹ ਵਿਚਾਰ ਇਨ੍ਹਾਂ ਉਦੇਸ਼ਾਂ ਦੀ ਪੂਰਤੀ  ਲਈ ਕਾਇਮ ਕੀਤੇ ਗਏ ਲੋਕ ਜਾਗਰਨ ਮੰਚ ਦੇ ਪ੍ਰਧਾਨ ਸ੍ਰੀ ਬਨਾਰਸੀ ਦਾਸ ਬਾਂਸਲ ਵੱਲੋਂ ਪ੍ਰਗਟ ਕੀਤੇ ਗਏ ਹਨ। ਉਨ੍ਹਾਂ ਆਖਿਆ ਜਿਹੜੀਆਂ ਕੌਮਾਂ ਆਪਣੇ ਆਤਮਿਕ ਵਿਰਸੇ ਵੱਲੋਂ ਬੇਮੁਖ ਹੋ ਜਾਣ ਉਹ ਬਹੁਤ ਜਲਦੀ ਗਰਕ ਹੋ ਜਾਇਆ ਕਰਦੀਆਂ ਹਨ। ਭਾਰਤੀ ਲੋਕਾਂ ਨੂੰ ਇਹ ਗੱਲ ਕਦੀ ਵੀ ਮਨੋ ਨਹੀਂ ਵਿਸਾਰਨੀ ਚਾਹੀਦੀ ਕਿ ਉਨ੍ਹਾਂ ਦੇ ਆਤਮਿਕ ਵਿਰਸੇ ਦੀਆਂ ਜੜ੍ਹਾਂ ਅਮਰਨਾਥ ਦੀ ਗੁਫਾ ਵਿਚ ਹਨ। ਇਸ ਥਾਂ ‘ਤੇ ਭਗਵਾਨ ਸ਼ਿਵ ਸਦੀਵੀ ਕਾਲ ਤੋਂ ਸੁੰਨ ਸਮਾਧ ਲਾਈ ਬੈਠੇ ਹਨ ਅਤੇ ਇਸੇ ਥਾਂ ‘ਤੇ ਉਨ੍ਹਾਂ ਵਲੋਂ ਕਾਇਨਾਤ ਦੀ ਸਮੁੱਚੀ ਘਾੜਤ ਵਿਉਂਤੀ ਗਈ ਸੀ। ਇਸ ਲਈ ਹਿੰਦੁਸਤਾਨ ਦੇ ਲੋਕਾਂ ਲਈ ਇਸ ਪਵਿੱਤਰ ਅਸਥਾਨ ਦੀ ਅਹਿਮੀਅਤ ਉਸ ਤੋਂ ਵੱਧ ਹੈ ਜਿਤਨੀ ਕਿ ਯਹੂਦੀਆਂ ਲਈ ਯੈਰੁਸ਼ਲਮ ਪਵਿੱਤਰ ਦੀਵਾਰ ਦੀ ਹੈ।
ਸ੍ਰੀ ਬਾਂਸਲ ਨੇ ਕਿਹਾ ਕਿ ਯਹੂਦੀ ਲੋਕ ਘੱਟ ਗਿਣਤੀ ਵਿਚ ਸਨ ਅਤੇ ਹਜ਼ਾਰਾਂ ਸਾਲ ਘਰੋਂ ਬੇਘਰ ਹੋਏ ਰਹਿਣ ਦੇ ਬਾਵਜੂਦ ਯਹੂਦੀਆਂ ਦੀ ਆਤਮਿਕ ਤਾਕਤ ਦਾ ਰਾਜ਼ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ ਆਪਣੇ ਇਸ ਆਤਮਿਕ ਕੇਂਦਰ ਨੂੰ ਇਕ ਪਲ ਲਈ ਵੀ ਮਨੋ ਵਿਸਾਰਿਆ ਨਹੀਂ ਸੀ। ਇਥੇ ਪਵਿੱਤਰ ਆਤਮਿਕ ਧੁਰੇ ਲਈ ਤੜਪ ਵਿਚੋਂ ਹੀ ਯਹੂਦੀਆਂ ਨੇ ਸੰਸਾਰ ਨੂੰ ਆਈਨਸਟਾਈਨ ਸਮੇਤ ਅਨੇਕਾਂ ਸਾਇੰਸਦਾਨ, ਗਣਿਤ ਵਿਗਿਆਨੀ, ਲੇਖਕ, ਦਾਰਸ਼ਨਿਕ ਅਤੇ ਸੰਗੀਤਕਾਰ ਦਿੱਤੇ। ਇਸੇ ਤੜਪ ਵਿਚੋਂ ਇਸਰਾਈਲ ਹੋਂਦ ਵਿਚ ਆਇਆ ਅਤੇ ਉਹ ਆਪਣੀ ਪਵਿੱਤਰ ਦੀਵਾਰ ਤੱਕ ਪੁੱਜਣ ਵਿਚ ਸਫਲ ਹੋਏ। ਪ੍ਰੰਤੂ ਸਾਡੇ ਨੇਤਾਵਾਂ ਦਾ ਬਾਬਾ ਆਦਮ ਹੀ ਨਿਰਾਲਾ ਹੈ। ਸਾਡਾ ਆਪਣਾ ਭਾਰਤ ਮੁਲਕ ਹੈ। ਸਾਡੀ ਗਿਣਤੀ ਯਹੂਦੀਆਂ ਦੇ ਮੁਕਾਬਲੇ ਸੌ ਗੁਣਾ ਵੱਧ ਹੈ। ਪਵਿੱਤਰ ਅਮਰਨਾਥ ਦੀ ਗੁਫਾ ਆਪਣੇ ਦੇਸ਼ ਵਿਚ ਹੈ ਪਰ ਅਸੀਂ ਨਾ ਕੇਵਲ ਆਪਣੇ ਆਤਮਿਕ ਨਾੜੂਏ ਨਾਲੋਂ ਹੀ ਟੁੱਟੇ ਹੋਏ ਹਾਂ ਬਲਕਿ ਸਾਡੇ ਆਗੂਆਂ ਨੂੰ ਕੁਰਸੀ ਦੀ ਅੰਨ੍ਹੀ ਦੌੜ ਵਿਚ ਖਚਤ ਹੋਣ ਕਾਰਨ ਕਸ਼ਮੀਰ ਵਾਦੀ ਵਿਚੋਂ ਜ਼ਬਰਦਸਤ ਬਾਹਰ ਕੱਢੇ ਹੋਏ ਕਸ਼ਮੀਰੀ ਬ੍ਰਾਹਮਣ ਭਰਾਵਾਂ ਦੇ ਦੁੱਖ ਦਾ ਵੀ ਖਿਆਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਲੋਕ ਜਾਗਰਨ ਮੰਚ ਦੀ ਨੀਤੀ ਹੈ ਕਿ ਲੋਕ ਉਸ ਪਾਰਟੀ ਨੂੰ ਵੋਟ ਦੇਣ ਜੋ ਪਾਰਟੀ ਬਾਬਾ ਅਮਰਨਾਥ ਦੇ ਦਰਸ਼ਨਾਂ ਸਮੇਂ ਯਾਤਰੀਆਂ ਉਤੇ ਮੰਡਰਾਉਂਦੀ ਅਤਿਵਾਦ ਦੀ ਕਾਲੀ ਛਾਂ ਨੂੰ ਦੂਰ ਕਰ ਸਕੇ ਅਤੇ ਦੇਸ਼ ਵਿਚ ਗਊ ਹੱਤਿਆ ‘ਤੇ ਰੋਕ ਲਾ ਸਕੇ। ਉਨ੍ਹਾਂ ਕਿਹਾ ਕਿ ਮੰਚ ਚਾਹੁੰਦਾ ਹੈ ਕਿ ਉਸ ਪਾਰਟੀ ਨੂੰ ਵੋਟ ਦਿੱਤਾ ਜਾਵੇ ਜੋ ਹਿੰਦੂ ਅਤੇ ਮੁਸਲਮਾਨਾਂ ਨੂੰ ਸਮਾਨ ਅਧਿਕਾਰ ਪ੍ਰਦਾਨ ਕਰੇ। ਜਦੋਂ ਕਿ ਸਰਕਾਰ ਇਮਾਮਾਂ ਨੂੰ ਤਾਂ ਤਨਖਾਹ ਦੇ ਰਹੀ ਹੈ ਅਤੇ ਹੱਜ ਯਾਤਰੀਆਂ ਨੂੰ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕਰ ਰਹੀ ਹੈ ਪਰ ਹਿੰਦੂਆਂ ਦੀ ਤੀਰਥ ਯਾਤਰਾ ਉਤੇ ਟੈਕਸ ਲਾ ਰਹੀ ਹੈ।
ਇਸ ਖਬਰ ਦੀ ਅਸਲ ਕਾਪੀ ਅਗਲੇ ਦਿਨ ਨਿਊਜ਼ ਐਡੀਟਰ ਨੇ ਕਢਵਾ ਲਈ ਅਤੇ ਕਈ ਦਿਨ ਰੌਲਾ ਪੈਂਦਾ ਰਿਹਾ ਕਿ ਇਹ ਕਿਸ ਕਿਸਮ ਦੀ ਐਡੀਟਿੰਗ ਹੈ? ਖਬਰ ਵਿਚ ਕਾਂਟ ਛਾਂਟ ਕਰਨ ਦੀ ਬਜਾਏ ਮੈਟਰ ਵਧਾ ਕਿਸ ਉਦੇਸ਼ ਲਈ ਦਿੱਤਾ ਗਿਆ? ਖਬਰ ਭੇਜਣ ਵਾਲਾ ਪੱਤਰਕਾਰ ਹੈਰਾਨ ਸੀ ਕਿ ਉਸ ਦੀ ਭੇਜੀ ਖਬਰ ਦਾ ਕੀ ਬਣ ਗਿਆ, ਪਰ ਇਸ ਗੱਲੋਂ ਖੁਸ਼ ਸੀ ਕਿ ਖਬਰ ਲੰਬੀ ਛਪੀ ਹੈ।
ਦੂਜੀ ਖਬਰ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਕਿਸੇ ਸਮਾਗਮ ਬਾਰੇ ਪੱਤਰਕਾਰ ਦਰਸ਼ਨ ਸਿੰਘ ਖੋਖਰ ਵੱਲੋਂ ਭੇਜੀ ਗਈ ਰਿਪੋਰਟ ਹੈ। ਇਸ ਰਿਪੋਰਟ ਵਿਚ ਵੀ ਪਹਿਲੇ ਅਤੇ ਪਿਛਲੇ ਦੋ ਕੁ ਪਹਿਰਿਆਂ ਨੂੰ ਛੱਡ ਕੇ ਸਿੱਖ ਚਿੰਤਕ ਪ੍ਰੋæ ਕੁਲਵੰਤ ਸਿੰਘ ਗਰੇਵਾਲ ਵਾਲਾ ਸਾਰਾ ਹਿੱਸਾ ਬੱਲ ਦਾ ਆਪਣੇ ਕੋਲੋਂ ਪਰ ਉਸ ਦੇ ਅਕਸਰ ਕਾਫੀ ਹਾਊਸ ਦੀਆਂ ਮਜਲਿਸਾਂ ਵਿਚ ਕੀਤੇ ਗਏ ਦਾਅਵਿਆਂ ਦੀ ਸਪਿਰਟ ਅਨੁਸਾਰ ਘੜ ਕੇ ਫਿਟ ਕੀਤਾ ਹੋਇਆ ਹੈ। ਪਹਿਲੀ ਖਬਰ ਵਿਚ ਜੇ ਹਿੰਦੂ ਜਾਗਰਨ ਮੰਚ ‘ਤੇ ਵਿਅੰਗ ਹੈ ਤਾਂ ਇਸ ਦੂਜੀ ਖਬਰ ਵਿਚ ਉਸ ਤੋਂ ਵੀ ਤਿੱਖੇ ਅਤੇ ਸੂਖਮ ਵਿਅੰਗ ਦਾ ਨਿਸ਼ਾਨਾ ਪ੍ਰੋæ ਗਰੇਵਾਲ ਨੂੰ ਬਣਾਇਆ ਗਿਆ ਹੈ।
‘ਪੱਛਮੀ ਚਿੰਤਨ ਰਾਹੀਂ ਭਵਸਾਗਰ ਪਾਰ ਨਹੀਂ ਹੋ ਸਕਦਾ’
ਪਟਿਆਲਾ (ਦਰਸ਼ਨ ਖੋਖਰ): ਗੁਰਮਤਿ ਸਾਹਿਤ ਦੇ ਪ੍ਰਸਿੱਧ ਵਿਦਵਾਨ ਡਾæ ਗੁਰਚਰਨ ਸਿੰਘ ਨੇ ਕਿਹਾ ਕਿ ਆਦਿ ਕਾਲ ਤੋਂ ਹੀ ਮਨੁੱਖ ਸੱਚ ਦੀ ਖੋਜ ਵਿਚ ਸੰਘਰਸ਼ਸ਼ੀਲ ਰਿਹਾ ਹੈ ਭਾਵੇਂ ਉਹ ਜੀਵਨ ਦੇ ਕਿਸੇ ਵੀ ਖੇਤਰ ਵਿਚ ਵਿਚਰ ਰਿਹਾ ਹੋਵੇ ਪਰ ਸੱਚ ਮ੍ਰਿਗ-ਛਲ ਵਾਂਗ ਉਸ ਤੋਂ ਹੋਰ ਦੂਰ ਹੁੰਦਾ ਗਿਆ ਹੈ। ਡਾæ ਗੁਰਚਰਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਵਿਗਿਆਨ ਭਵਨ ਵਿਚ ਗੁਰੂ ਨਾਨਕ ਸਿਮਰਤੀ ਵਿਖਿਆਨਮਾਲਾ ਦੇ ਅੰਤਰਗਤ ਆਯੋਜਿਤ ਦੋ-ਰੋਜ਼ਾ ਗੋਸ਼ਟੀ ਦਾ ਉਦਘਾਟਨ ਕਰ ਰਹੇ ਸਨ।
ਉਨ੍ਹਾਂ ਅੱਗੇ ਕਿਹਾ ਕਿ ਸਮੇਂ-ਸਮੇਂ ਅਧਿਆਤਮਕ ਪੱਧਰ ‘ਤੇ ਵਿਸਮਾਦਿਕ ਅਵਸਥਾ ਵਿਚ ਸੱਚ ਨੂੰ ਸੀਮਤ ਭਾਸ਼ਾ ਵਿਚ ਸਮਝਣ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਬੌਧਿਕ ਪੱਧਰ ‘ਤੇ ਇਹ ਵਿਖਿਆਨ ਮਾਲਾ ਵੀ ਉਸੇ ਲੜੀ ਦਾ ਹਿੱਸਾ ਹੈ ਜਿਸ ਵਿਚ ਵਿਦਵਾਨ ਸ਼ਾਬਦਿਕ ਰੂਪ ਵਿਚ ਸੱਚ ਦੇ ਕੀਤੇ ਗਏ ਪ੍ਰਗਟਾਵੇ ਨੂੰ ਸਮਝਣ ਦਾ ਯਤਨ ਕਰ ਰਹੇ ਹਨ ਤਾਂ ਜੋ ਇਸ ਸੰਕਲਪ ਦੀ ਕਿਸੇ ਕਿਰਨ ਦੀ ਪ੍ਰਾਪਤੀ ਹੋ ਸਕੇ।
ਇਸ ਮੌਕੇ ਸਥਾਨਕ ਵਿਦਵਾਨ ਪ੍ਰੋæ ਕੁਲਵੰਤ ਸਿੰਘ ਗਰੇਵਾਲ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਪੂਰਬੀ ਸਭਿਅਤਾ ਦੀ ਨੁਹਾਰ ਪੱਛਮੀ ਸਭਿਅਤਾ ਤੋਂ ਬਿਲਕੁਲ ਅਲੱਗ ਹੈ। ਮਾਨਵ ਜਾਤੀ ਜਦੋਂ ਤਕ ਵੀ ਹੋਂਦ ਵਿਚ ਰਹੇਗੀ, ਇਸ ਦੀ ਅੰਤਿਮ ਸੱਚ ਦੀ ਪ੍ਰਾਪਤੀ ਲਈ ਤੜਪ ਅਤੇ ਤਲਾਸ਼ ਵੀ ਬਣੀ ਰਹੇਗੀ ਪ੍ਰੰਤੂ ਪੂਰਬ ਦੇ ਮਨੁੱਖ ਨੂੰ ਅਜਿਹਾ ਕਰਦਿਆਂ ਆਤਮਿਕ ਸੇਧ ਅਤੇ ਆਪਣੇ ਗੁਰੂਆਂ-ਪੀਰਾਂ ਵਲੋਂ ਦਰਸਾਏ ਰਾਹਾਂ ਤੋਂ ਲੈਣੀ ਪਵੇਗੀ ਅਤੇ ਪੱਛਮ ਦੇ ਮਾਰਕਸਵਾਦੀ, ਅਧੁਨਿਕਵਾਦੀ ਅਤੇ ਪਾਰ-ਅਧੁਨਿਕਤਾਵਾਦੀ ਸਿਧਾਂਤਾਂ ਵੱਲ ਝਾਕ ਛੱਡਣੀ ਹੋਵੇਗੀ।
ਪ੍ਰੋæ ਗਰੇਵਾਲ ਨੇ ਦੱਸਿਆ ਕਿ ਜੇਕਰ ਮਨੁੱਖ ਦੀ ਮੁਕਤੀ ਅਤੇ ਉਸ ਦੀ ਆਤਮਿਕ ਪਿਆਸ ਅਜਿਹੇ ਨਿਰਪੇਖ ਸਿਧਾਂਤਾਂ ਨਾਲ ਹੋ ਸਕਦੀ ਹੁੰਦੀ ਤਾਂ ਨਾ ਤਾਂ ਫਰਾਂਸੀਸੀ ਮਾਰਕਸਵਾਦੀ-ਸੰਰਚਨਾਵਾਦੀਆਂ ਦੇ ਉਸਤਾਦ ਲੂਈ ਅਲਤਿਉਸੇਰ ਨੂੰ ਆਤਮ ਹੱਤਿਆ ਕਰਨੀ ਪੈਂਦੀ, ਨਾ ਮਿਸ਼ੈਲ ਫੂਕੋ ਵਰਗਾ ਪਾਰ-ਆਧੁਨਿਕਤਾਵਾਦੀ ਉਸਤਾਦ ਏਡਜ਼ ਵਰਗੀ ਨਾਮੁਰਾਦ ਬਿਮਾਰੀ ਨਾਲ ਮਰਦਾ ਅਤੇ ਨਾ ਪ੍ਰਵਚਨਾਂ ਦੀ ਸੁਤੰਤਰਤਾ ਦੇ ਝੰਡਾ ਬਰਦਾਰ ਮਹਾਂ ਚਿੰਤਕ ਗਾਈਲਜ਼ ਦੇਲੀਊਸ਼ ਨੂੰ ਹੀ ਇਕੱਲਤਾ ਦੇ ਸੰਤਾਪ ਤੋਂ ਬਚਣ ਲਈ ਬਾਰੀ ਵਿਚੋਂ ਛਲਾਂਗ ਮਾਰ ਕੇ ਆਪਣੀ ਜਾਨ ਗੁਆਉਣੀ ਪੈਂਦੀ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਉਹ ਚਿੰਤਕ ਸਨ ਜਿਨ੍ਹਾਂ ਨੇ 70ਵਿਆਂ ਤੋਂ ਲੈ ਕੇ 90ਵਿਆਂ ਤੱਕ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਵਿਚ ਵਿਦਵਾਨਾਂ ਨੂੰ ਚਕਾਚੌਂਧ ਕਰੀ ਰੱਖਿਆ ਅਤੇ ਫਿਰ ਪਿਛਲੇ ਕੁਝ ਵਰ੍ਹਿਆਂ ‘ਚ ਥੋੜ੍ਹੇ ਥੋੜ੍ਹੇ ਸਮੇਂ ਦੇ ਅੰਤਰ ਨਾਲ ਤਿੰਨੇ ਬਹੁਤ ਤ੍ਰਾਸਦਿਕ ਤਰੀਕਿਆਂ ਨਾਲ ਮੌਤ ਦੇ ਮੂੰਹ ਵਿਚ ਜਾ ਡਿੱਗੇ। ਭਵਸਾਗਰ ਪਾਰ ਕਰਵਾ ਸਕਣ ਦੀ ਉਨ੍ਹਾਂ ਦੇ ਚਿੰਤਨ ਵਿਚ ਕੋਈ ਜੁਗਤ ਮੌਜੂਦ ਨਹੀਂ ਸੀ।
ਇਸ ਅਵਸਰ ‘ਤੇ ਗੋਸ਼ਟੀ ਦੇ ਮੁੱਖ ਪ੍ਰਵਕਤਾ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾæ ਗੋਬਿੰਦ ਨਾਥ ਰਾਜਗੁਰੂ ਨੇ ੴ  ਦੇ ਸੰਕਲਪ ਬਾਰੇ ਆਪਣਾ ਖੋਜ ਪੱਤਰ ਪੇਸ਼ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਇਸ ਸੰਕਲਪ ਰਾਹੀਂ ਟੁਕੜੇ ਟੁਕੜੇ ਹੋਏ ਇਸ ਸਮਾਜ ਨੂੰ ਇਕ ਸੂਤਰ ਵਿਚ ਪ੍ਰੋਣ ਦਾ ਸੰਦੇਸ਼ ਦਿੱਤਾ ਸੀ। æææ
ਵਿਭਾਗ ਵੱਲੋਂ ਡਾæ ਗੁਰਨਾਮ ਕੌਰ ਨੇ ਗੁਰਮਤਿ ਸਾਹਿਤ ਦੇ ਖੋਜ ਖੇਤਰ ਵਿਚ ਵਿਭਾਗੀ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਭਾਸ਼ਨ ਲੜੀਆਂ ਦੇ ਉਦੇਸ਼ਾਂ ਬਾਰੇ ਦੱਸਿਆ। ਵਿਚਾਰ ਗੋਸ਼ਟੀ ਵਿਚ ਹੋਈ ਚਰਚਾ ਵਿਚ ਡਾæ ਜੋਧ ਸਿੰਘ, ਡਾæ ਮੰਜੁਲਾ ਸਹਿਦੇਵ, ਡਾæ ਹੁਕਮ ਚੰਦ ਰਾਜਪਾਲ ਅਤੇ ਡਾæ ਬਿਕਰਮ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਕਿਤਾਬਾਂ ਵੀ ਰਿਲੀਜ਼ ਕੀਤੀਆਂ। ਡਾæ ਬਲਕਾਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ।
ਬੱਲ ਨੇ ਇਕ ਥੈਲਾ ਹਮੇਸ਼ਾਂ ਮੋਢਿਆਂ ਉਤੇ ਪਾਇਆ ਹੁੰਦਾ ਜਿਸ ਵਿਚ ਭਾਂਤ-ਸੁਭਾਂਤੀਆਂ ਕਿਤਾਬਾਂ ਤਾਂ ਹੁੰਦੀਆਂ ਹੀ, ਨਾਲ ਹੀ ਪਤਾ ਨਹੀਂ ਕਿੱਧਰ-ਕਿੱਧਰ ਦੀਆਂ ਖਬਰਾਂ ਵੀ ਇਸ ਵਿਚ ਭਰੀਆਂ ਹੁੰਦੀਆਂ। ਉਸ ਦਾ ਖਬਰਾਂ ਘੜਨ ਦਾ ਇਕ ਹੋਰ ਵੀ ਅਨੋਖਾ ਢੰਗ ਸੀ। ਫੋਨ ‘ਤੇ ਕਦੀ ਕੋਈ ਪੱਤਰਕਾਰ ਖਬਰ ਲਿਖਾਉਂਦਾ ਤਾਂ ਬੱਲ ਉਸ ਤੋਂ ਖਬਰ ਦੇ ਇਕ-ਦੋ ਨੁਕਤੇ ਅਤੇ ਖਬਰ ਨਾਲ ਸਬੰਧਤ ਬੰਦਿਆਂ ਦੇ ਨਾਂ ਨੋਟ ਕਰ ਲੈਂਦਾ ਤੇ ਅਗਲੇ ਦਿਨ ਉਸ ਪੱਤਰ ਪ੍ਰੇਰਕ ਦੇ ਨਾਂ ਹੇਠ ਵਡੀ ਸਾਰੀ ਖਬਰ ਅਖਬਾਰ ਵਿਚ ਛਪੀ ਹੁੰਦੀ ਅਤੇ ਇਸ ਵਿਚ ਕਈ ਕੁਝ ਉਹ ਵੀ ਹੁੰਦਾ ਜਿਸ ਦਾ ਪੱਤਰ ਪ੍ਰੇਰਕ ਨੇ ਕਦੀ ਸੁਪਨਾ ਵੀ ਨਹੀਂ ਸੀ ਲਿਆ ਹੁੰਦਾ।
1996 ਦੇ ਅੱਧ ਵਿਚ ਮੈਂ ਚੰਡੀਗੜ੍ਹ ਤੋਂ ਸ਼ਿਕਾਗੋ ਚਲਾ ਆਇਆ। 1999 ਦੇ ਸ਼ੁਰੂ ਵਿਚ ਜਦੋਂ ਵਾਪਸ ਚੰਡੀਗੜ੍ਹ ਗਿਆ ਤਾਂ ਨਰਿੰਦਰ ਭੁੱਲਰ ਨੇ ਕੋਲੋਂ ਖਬਰਾਂ ਘੜਨ ਦੇ ਬੱਲ ਦੇ ਖਬਤ ਦੀ ਗੱਲ ਕਰਦਿਆਂ 1997 ਦੇ ਸ਼ੁਰੂ ਵਿਚ ਕੋਲੋਂ ਘੜੀ ‘ਸੂਚਨਾ ਦੇ ਅਧਿਕਾਰ’ ਵਾਲੀ ਇਕ ਬੜੀ ਹੀ ਦਿਲਚਸਪ ਰਿਪੋਰਟ ਦੀ ਕਾਪੀ ਦਿੱਤੀ। ਇਹ ਵੀ ਮੇਰੀ ਫਾਈਲ ਵਿਚ ਸਾਂਭੀ ਪਈ ਹੈ। ਇਥੇ ਇਹ ਰਿਪੋਰਟ ਵੀ ਜਰਾ ਕੁ ਸੰਪਾਦਨ ਨਾਲ ਛਾਪੀ ਜਾ ਰਹੀ ਹੈ।
‘ਸੂਚਨਾ ਦਾ ਅਧਿਕਾਰ’ ਵਿਸ਼ੇ ‘ਤੇ ਸੈਮੀਨਾਰ ਯਾਦਗਾਰੀ ਹੋ ਨਿਬੜਿਆ
ਪਟਿਆਲਾ: ‘ਸੰਚਾਰ’ ਪਟਿਆਲਾ ਅਤੇ ਪੰਜਾਬ ਯੂਨੀਅਨ ਆਫ ਜਰਨਲਿਸਟਸ (ਰਜ਼ਿ) ਵੱਲੋਂ ਸਾਂਝੇ ਤੌਰ ਉਤੇ ਪਿਛਲੇ ਦਿਨੀਂ ਇਥੇ ਪੰਜਾਬੀ ‘ਵਰਸਿਟੀ ਦੇ ਸਟੂਡੈਂਟਸ ਹੋਮ ਵਿਖੇ ‘ਸੂਚਨਾ ਦਾ ਅਧਿਕਾਰ ਅਤੇ ਭਾਰਤੀ ਜਮਹੂਰੀਅਤ’ ਵਿਸ਼ੇ ਉਤੇ ਕਰਵਾਇਆ ਗਿਆ ਸੈਮੀਨਾਰ ਉਸ ਸਮੇਂ ਯਾਦਗਾਰੀ ਹੋ ਨਿਬੜਿਆ ਜਦੋਂ ਪਾਰ ਆਧੁਨਿਕਵਾਦ ਦੇ ਧੁਨੰਤਰ ਵਿਦਵਾਨ ਡਾæ ਗੁਰਭਗਤ ਸਿੰਘ ਅਤੇ ਉਨ੍ਹਾਂ ਦੇ ਸਮਕਾਲੀ ਪ੍ਰੋæ ਅਮਰਜੀਤ ਸਿੰਘ ਪਰਾਗ ਵਿਚਾਲੇ ਵਿਚਾਰਾਂ ਦਾ ਅਜਿਹਾ ਦਵੰਦ ਯੁੱਧ ਹੋਇਆ ਕਿ ਡਾæ ਗੁਰਭਗਤ ਸਿੰਘ ਨੂੰ ਹੱਥ ਖੜ੍ਹੇ ਕਰ ਕੇ ਹਾਰ ਕਬੂਲ ਕਰਨੀ ਪਈ।
ਸੈਮੀਨਾਰ ਦੇ ਮੁੱਖ ਬੁਲਾਰੇ ਅਤੇ ਮੁੱਖ ਮਹਿਮਾਨ ਵੀ ਕਰਮਵਾਰ ਡਾæ ਗੁਰਭਗਤ ਸਿੰਘ ਅਤੇ ਪ੍ਰੋæ ਅਮਰਜੀਤ ਸਿੰਘ ਪਰਾਗ ਸਨ ਅਤੇ ਬਹਿਸ ਚਰਚਾ ਦੀ ਸੰਜੀਦਗੀ ਅਤੇ ਤੀਖਣਤਾ ਤੋਂ ਲੱਗਦਾ ਸੀ, ਜਿਵੇਂ ਪ੍ਰਬੰਧਕਾਂ ਵਲੋਂ ਇਹ ਵਿਚਾਰਧਾਰਕ ‘ਘੋਲ’ ਬਾਕਾਇਦਾ ਕਰਵਾਇਆ ਵੀ ਮਿਥ ਕੇ ਹੀ ਗਿਆ ਹੋਵੇ।
ਸੈਮੀਨਾਰ ਦੌਰਾਨ ਪਹਿਲਾਂ ਡਾæ ਗੁਰਭਗਤ ਸਿੰਘ ਨੇ ਮਨੁੱਖੀ ਇਤਿਹਾਸ ਵਿਚ ਜਮਹੂਰੀਅਤ ਦੇ ਸੰਕਲਪ ਅਤੇ ਇਸ ਦੇ ਵਿਕਾਸ ਬਾਰੇ ਪੂਰੇ ਵਿਸਥਾਰ ਵਿਚ ਰੋਸ਼ਨੀ ਪਾਈ। ਉਨ੍ਹਾਂ ਨੇ ਅਜਿਹਾ ਕਰਦਿਆਂ ਜਮਹੂਰੀ ਪ੍ਰਣਾਲੀ ਦੇ ਬਰਤਾਨਵੀ ‘ਵੈਸਟ ਮਿਨਸਟਰ’ ਅਤੇ ਅਮਰੀਕਨ ਮਾਡਲਾਂ ਦੀਆਂ ਸਾਂਝਾਂ ਤੇ ਅੰਤਰਾਂ ਦਾ ਨਿਖੇੜਾ ਕਰਦਿਆਂ ਇਨ੍ਹਾਂ ਦੋਵੇਂ ਮਾਡਲਾਂ ਦੇ ਗੁਣਾਂ-ਔਗੁਣਾਂ ਬਾਰੇ ਸਮਝਾਇਆ ਅਤੇ ਇਹ ਵੀ ਦੱਸਿਆ ਕਿ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਭਾਰਤੀ ਹਾਕਮਾਂ ਨੂੰ ਆਪਣੇ ਹਿਤਾਂ-ਹੱਕਾਂ ਦੀ ਰਾਖੀ ਲਈ ਜਮਹੂਰੀਅਤ ਦਾ ਬਰਤਾਨਵੀ ਮਾਡਲ ਕਿਉਂ ਵਧੇਰੇ ਸੂਟ ਕਰਦਾ ਸੀ। ਉਨ੍ਹਾਂ ਸਮਾਜਵਾਦੀ ਜਮਹੁਰੀਅਤ ਦੇ ਮਾਡਲ ਦੀਆਂ ਘਾਟਾਂ ਦਾ ਵੀ ਵੇਰਵੇ ਸਹਿਤ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਇਹ ਸਾਰੀਆਂ ਪ੍ਰਣਾਲੀਆਂ ਮੱਧਕਾਲੀ ਅੰਧਕਾਰ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵਜੋਂ ਸਾਹਮਣੇ ਆਏ ਯੂਰਪੀਨ ਪੁਨਰਜਾਗ੍ਰਿਤੀ ਦੇ ਪ੍ਰਾਜੈਕਟ ਦੀ ਹੀ ਪੈਦਾਇਸ਼ ਸਨ। ਧਰਮ ਅਤੇ ਵਿਸ਼ਵਾਸ ਦੇ ਮੁਕਾਬਲੇ ਤਰਕ ਅਤੇ ਵਿਗਿਆਨ ਦੀ ‘ਅੰਤਿਮ ਫਤਿਹ’ ਵਿਚ ਅੰਨ੍ਹੇ ਵਿਸ਼ਵਾਸ ‘ਤੇ ਅਧਾਰਤ ਜਮਹੂਰੀ ਉਦਾਰਵਾਦ ਅਤੇ ਮਾਰਕਸੀ ਸਮਾਜਵਾਦ ਦੀਆਂ ਬੁਲੰਦ ਬਾਂਗ ਵਿਚਾਰਧਾਰਾਵਾਂ ਵਿਚ ਵਖਰੇਵੇਂ ਲਈ ਕੋਈ ਜਗ੍ਹਾ ਨਹੀਂ ਸੀ। ਇਹੋ ਕਾਰਨ ਸੀ ਕਿ ਜਾਣੇ-ਅਣਜਾਣੇ ਇਨ੍ਹਾਂ ਸਾਰੇ ਸਿਧਾਂਤਾਂ ਨੇ ਨਾਅਰੇ ਮਨੁੱਖ ਦੀ ਬਰਾਬਰੀ ਦੇ ਲਾਏ, ਵਾਅਦੇ ਸੁਤੰਤਰਤਾ ਦੇ ਕੀਤੇ-ਪ੍ਰੰਤੂ ਅਮਲੀ ਰੂਪ ਵਿਚ ਹੁੰਦਾ ਇਹ ਰਿਹਾ ਕਿ ਮਨੁੱਖ ਆਤਮਕ ਅਤੇ ਪਦਾਰਥਕ ਦੋਵਾਂ ਖੇਤਰਾਂ ਵਿਚ ਸਿਸਟਮ ਦੇ ਮੂਹਰੇ ਵਧੇਰੇ ਨਿਤਾਣਾ ਹੁੰਦਾ ਗਿਆ। ਗੁਲਾਮੀ ਵਧਦੀ ਗਈ ਅਤੇ ਨਾਬਰਾਬਰੀ ਵੀ ਵੱਧ ਪੱਕੇ ਪੈਰੀਂ ਹੁੰਦੀ ਗਈ।
ਡਾæ ਗੁਰਭਗਤ ਸਿੰਘ ਨੇ ਕਿਹਾ ਕਿ ਜਮਹੂਰੀਅਤ ਦੇ ਅਜਿਹੇ ਮੋਟਾ ਪੀਹਣ ਵਾਲੇ ਇਸ ਫਾਸ਼ੀ ਪ੍ਰਵਚਨ ਵਿਚ ਭਾਰਤੀ ਉਪ ਮਹਾਂਦੀਪ ਦੇ ਵਿਲੱਖਣ ਸਭਿਆਚਾਰਾਂ ਦੀ ਖੁਸ਼ਬੋਈ ਨੂੰ ਵਧਣ ਫੁੱਲਣ ਅਤੇ ਮੌਲਣ ਦਾ ਮੌਕਾ ਦੇਣ ਲਈ ਕੋਈ ਵਾਅਦਾ ਨਹੀਂ ਸੀ ਅਤੇ ਸਿਸਟਮ ਦੀ ਸਾਜ਼ਿਸ਼ ਵਿਰੁਧ ਪੰਜਾਬ, ਕਸ਼ਮੀਰ, ਅਸਾਮ ਜਾਂ ਨਾਗਾਲੈਂਡ ਦੇ ਲੋਕਾਂ ਨੇ ਜਦੋਂ ਜਦੋਂ ਖੰਡੇ ਖਿੱਚੇ ਤਾਂ ਹਾਕਮ ਜਮਾਤਾਂ ਉਨ੍ਹਾਂ ਲੋਕਾਂ ਦੀ ਹੱਕੀ ਪੀੜਾ ਨੂੰ ਸਮਝਣ ਦੀ ਬਜਾਏ ਵਾਰ ਵਾਰ ਬੁਖਲਾਹਟ ਦਾ ਸ਼ਿਕਾਰ ਹੁੰਦੀਆਂ ਗਈਆਂ।
ਨਿਤਾਣੇ ਸਭਿਆਚਾਰਾਂ ਦੇ ਲੋਕਾਂ ਦੇ ਸੰਘਰਸ਼ਾਂ ਦੇ ਹੱਕ ਵਿਚ ਹਿੱਕ ਥਾਪੜ ਕੇ ਭੁਗਤਦਿਆਂ ਉਹ ਪੰਜਾਬ ਦੇ ਪਿਛਲੇ ਵਰ੍ਹਿਆਂ ਦੀ ਖਾੜਕੂ ਲਹਿਰ ਵੱਲ ਪਰਤੇ ਅਤੇ ਉਨ੍ਹਾਂ ਪ੍ਰੈਸ ਦੇ ਮਾੜੇ ਰੋਲ ਅਤੇ ਪੱਤਰਕਾਰਾਂ ਦੀ ਗੁਲਾਮ ਜ਼ਹਿਨੀਅਤ ‘ਤੇ ਤਾਬੜਤੋੜ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਰੋਤਿਆਂ ਦੀ ਵਾਹ ਵਾਹ ਦੌਰਾਨ ਉਨ੍ਹਾਂ ਦੱਸਿਆ ਕਿ ਇਥੇ ਦੋਸ਼ ਵਿਚਾਰੇ ਪੱਤਰਕਾਰਾਂ ਦਾ ਨਹੀਂ ਬਲਕਿ ਉਨ੍ਹਾਂ ਸਾਰੀਆਂ ਸੰਸਥਾਵਾਂ ਦੀ ਸਾਜ਼ਿਸ਼ ਦਾ ਸੀ ਜਿਨ੍ਹਾਂ ਦੇ ਕਿ ਉਹ ਅੰਗ ਹਨ ਅਤੇ ਜਿਹੜੀਆਂ ਕਿ ਟਿਕੀਆਂ ਹੀ ਮਨੁੱਖ ਨੂੰ ਟੇਮ ਕਰਨ ਜਾਂ ਸਿਧਾਉਣ ਦੇ ਉਦੇਸ਼ ਉਪਰ ਹੋਈਆਂ ਸਨ। ਫਰਾਂਸ ਦੇ ਫੂਕੋ ਨਾਂ ਦੇ ਫਿਲਾਸਫਰ ਦੇ ਵਿਚਾਰਾਂ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਹੁਣ ਉਹ ਵਕਤ ਆ ਪੁੱਜਾ ਹੈ ਜਦੋਂ ਮਨੁੱਖ ਨੇ ਇਨ੍ਹਾਂ ਕਥਿਤ ਮਹਾਨ ਸਿਧਾਂਤਾਂ ਅਤੇ ਉਨ੍ਹਾਂ ਦਾ ਦਮ ਭਰਨ ਵਾਲੀਆਂ ਜ਼ਾਲਮ ਹਾਕਮ ਧਿਰਾਂ ਦੀ ਸਾਜ਼ਿਸ਼ ਨੂੰ ਸਮਝ ਲਿਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਦੁਨੀਆਂ ਭਰ ਦੇ ਮਨੁੱਖ ਆਪੋ ਆਪਣੇ ਲੋਕ ਸਭਿਆਚਾਰਾਂ ਦੀ ਰਾਖੀ ਲਈ ਉਠਣਗੇ ਅਤੇ ਸਾਰੀ ਦੁਨੀਆਂ ਵਿਚ ਵਿਲੱਖਣ ਸਭਿਆਚਾਰਾਂ ਦੀ ਖੁਸ਼ਬੋਈ ਫੈਲ ਜਾਵੇਗੀ।
ਖਾੜਕੂ ਲਹਿਰ ਵਿਚ ਪੱਤਰਕਾਰਾਂ ਦੇ ਰੋਲ ਵੱਲ ਪਰਤਦਿਆਂ ਉਨ੍ਹਾਂ ਕਿਹਾ ਕਿ ਬਾਹਰਲੇ ਪੱਤਰਕਾਰ ਸੱਜਣ ਉਨ੍ਹਾਂ ਔਖੇ ਸਮਿਆਂ ਵਿਚ ਪੁਲਿਸ ਦੇ ਹੱਥਠੋਕੇ ਬਣੇ ਰਹੇ ਅਤੇ ਲਹਿਰ ਨੂੰ ਬਦਨਾਮ ਕਰਨ ਲਈ ਉਹ ਉਹੋ ਪ੍ਰੈਸ ਨੋਟ ਹੀ ਅਖਬਾਰਾਂ ਵਿਚ ਛਪਵਾਈ ਗਏ ਜੋ ਕਿ ਸਿਸਟਮ ਦੀ ਰੱਖਿਆ ਕਰਨ ਵਾਲੀ ਦੂਸਰੀ ਅਹਿਮ ਸੰਸਥਾ ਪੁਲਿਸ ਦੇ ਨੁਮਾਇੰਦੇ ਉਨ੍ਹਾਂ ਨੂੰ ਘੜ ਘੜ ਕੇ ਦਿਆ ਕਰਦੇ ਸਨ। æææ ਅੱਗੋਂ ਹੋਰ ਬੰਬ ਉਨ੍ਹਾਂ ਇਹ ਸੁੱਟਿਆ ਕਿ ਪੱਤਰਕਾਰਾਂ ਦੀ ਜ਼ਮੀਰ ਦੀ ਆਵਾਜ਼ ਅੰਦਰੋਂ ਉਸ ਸਮੇਂ ਇਸ ਕਰਕੇ ਨਾ ਕੂਕੀ ਕਿ ਉਨ੍ਹਾਂ ਨੂੰ ਸਿਸਟਮ ਦੀ ਸੇਵਾ ਕਰਨ ਵਾਲੀ ਸੰਸਥਾ-ਜਾਨੀ ਕਿ ਯੂਨੀਵਰਸਿਟੀਆਂ ਨੇ ਪਹਿਲਾਂ ਹੀ ਆਪਣੀ ਲੋੜ ਲਈ ਸਿਧਾਇਆ ਹੋਇਆ ਸੀ।
ਉਹ ਆਪਣੇ ਭਾਸ਼ਨ ਦੀ ਧਾਰਾ ਸਿਸਟਮ ਦੀ ਰਾਖੀ ਕਰਨ ਵਾਲੀਆਂ ਹੋਰ ਸੰਸਥਾਵਾਂ ਵੱਲ ਮੋੜਨ ਬਾਰੇ ਅਜੇ ਸੋਚ ਹੀ ਰਹੇ ਸਨ ਕਿ ਪ੍ਰਬੰਧਕਾਂ ਨੇ ਪ੍ਰੋæ ਅਮਰਜੀਤ ਸਿੰਘ ਪਰਾਗ ਨੂੰ ਮੈਦਾਨ ਵਿਚ ਉਤਰਨ ਲਈ ਸੰਕੇਤ ਕਰ ਦਿੱਤਾ।
ਪ੍ਰੋæ ਪਰਾਗ ਨੇ ਮਾਈਕ ਸੰਭਾਲਦਿਆਂ ਹੀ ਡਾæ ਗੁਰਭਗਤ ਸਿੰਘ ਨੂੰ ਵੰਗਾਰਿਆ ਅਤੇ ਕਿਹਾ ਕਿ ਪਾਰ ਆਧੁਨਿਕ ਨੇਂਹਵਾਦ ਤੇ ਉਹਦੇ ਸਮਰਥਕਾਂ ਦਾ ਸਾਰਾ ਪ੍ਰਵਚਨ ਵੀ ਉਸੇ ਤਰ੍ਹਾਂ ਦੇ ਵਿਚਾਰਧਾਰਕ ਹੰਕਾਰ ਤੇ ਆਧਾਰਤ ਸੀ ਅਤੇ ਫਾਸ਼ੀਵਾਦ ਵੱਲ ਰਿਚਤ ਸੀ ਜਿਸ ਕਿਸਮ ਦੇ ਹੰਕਾਰ ਜਾਂ ਫਾਸ਼ੀਵਾਦੀ ਸੁਝਾਅ ਲਈ ਕਿ ਉਹ ਪੂਰਵ ਸਭਿਆਚਾਰਾਂ ਵਿਰੁਧ ਜਹਾਦ ਦਾ ਸੱਦਾ ਦੇ ਰਹੇ ਹਨ। ਉਨ੍ਹਾਂ ਬਹੁਤ ਹੀ ਵਿਹਾਰਕ ਅਤੇ ਮਿੱਠੀਆਂ ਮਿਸਾਲਾਂ ਦੇ ਕੇ ਪਹਿਲਾਂ ਮੰਨਿਆ ਕਿ ਇਹ ਠੀਕ ਹੈ ਕਿ ਸੰਸਥਾਵਾਂ ਮਨੁੱਖ ਨੂੰ ਸਿਧਾਉਂਦੀਆਂ ਹਨ, ਉਸ ਦੀ ਪਹਿਲਕਦਮੀ ਦੀ ‘ਸਪੇਸ’ ਨੂੰ ਤਬਾਹ ਕਰਦੀਆਂ ਹਨ ਅਤੇ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਸੰਸਥਾਵਾਂ ਦੇ ਰੋਲ ਨੂੰ ਅਜਿਹੀ ਮਜਾਹੀਆ ਇਕਪਾਸੜਤਾ ਤਕ ਵੀ ਮਹਿਦੂਦ ਨਹੀਂ ਕੀਤਾ ਜਾ ਸਕਦਾ।
ਮਸਲਨ ਉਨ੍ਹਾਂ ਕਿਹਾ ਕਿ ਸਾਡੀ ਇਥੇ ਵਿਆਹ ਦੀ ਸੰਸਥਾ ਹੈ ਜਿਸ ਵਿਰੁਧ ਉਤਰ-ਆਧੁਨਿਕਵਾਦ ਤੋਂ ਪ੍ਰੇਰਿਤ ਫੈਮੀਨਿਸਟਾਂ ਨੇ ਅੱਜ ਸਭ ਤੋਂ ਵੱਧ ਪਰਸ ਰਾਮ ਵਾਲਾ ਕੁਹਾੜਾ ਚੁੱਕਿਆ ਹੋਇਆ ਹੈ। ਇਹ ਸੰਸਥਾ ਔਰਤ ਨੂੰ ਨਿਰਸੰਦੇਹ ਸਿਧਾਉਂਦੀ ਹੈ। æææ ਔਰਤ ਨੂੰ ਸੁਤੰਤਰ ਹੋਣ ਦੀ ਵੀ ਲੋੜ ਹੈ ਪਰ ਕੀ ਵਿਆਹ ਦੀ ਸੰਸਥਾ ਕੇਵਲ ਇਤਨੀ ਕੁ ਹੀ ਗੱਲ ਹੈ। ਉਨ੍ਹਾਂ ਡਾæ ਗੁਰਭਗਤ ਸਿੰਘ ਨੂੰ ਲਲਕਾਰ ਕੇ ਕਿਹਾ ਕਿ ਡਾਕਟਰ ਸਾਹਿਬ ਜਾਓ, ਜਾ ਕੇ ਆਪਣੇ ਉਤਰ ਆਧੁਨਿਕ ਪੰਡਤਾਂ ਨੂੰ ਇਹ ਗੱਲ ਦੱਸ ਆਵੋ ਕਿ ਮਾਨਵੀ ਸਭਿਅਤਾ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ ਅਤੇ ਇਸ ਵਿਕਾਸ ਦੀ ਬੁਨਿਆਦ ਉਸੇ ਟੱਬਰ ਦੀ ਸੰਸਥਾ ‘ਤੇ ਖੜ੍ਹੀ ਹੈ ਜਿਸ ਵਿਰੁਧ ਉਨ੍ਹਾਂ ਨੇ ਕੁਹਾੜਾ ਚੁੱਕਿਆ ਹੋਇਆ ਹੈ।
ਪ੍ਰੋæ ਪਰਾਗ ਨੇ ਬਹੁਤ ਹੀ ਗਹਿਨ ਕਲਾਸੀਕਲ ਸ਼ੈਲੀ ਵਿਚ ਡਾæ ਗੁਰਭਗਤ ਸਿੰਘ ਨੂੰ ਵਾਸਤਾ ਪਾ ਕੇ ਕਿਹਾ ਕਿ ਉਹ ਨਵੇਂ ਵਿਚਾਰਾਂ ਦੇ ਜੋਸ਼ ਵਿਚ ਯੋਰਪੀ ਐਨਲਾਈਟਨਮੈਂਟ ਦੇ ਪ੍ਰਾਜੈਕਟ ਤੇ ਐਂ ਕਾਲੀ ਕੀੜੀ ਨਾ ਫੇਰਨ।
ਉਨ੍ਹਾਂ ਕਿਹਾ ਕਿ ਪੁਲਿਸ ਦਾ, ਪੱਤਰਕਾਰਾਂ ਦਾ ਅਤੇ ਯੂਨੀਵਰਸਿਟੀਆਂ ਦਾ ਰੋਲ ਵੀ ਇਕਪਾਸੜ ਤਰੀਕੇ ਨਾਲ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਡਾæ ਗੁਰਭਗਤ ਸਿੰਘ ਨੂੰ ਯਾਦ ਕਰਾਇਆ ਕਿ ਜੇਕਰ ਪੁਲਿਸ ਅਤੇ ਪੱਤਰਕਾਰ ਜ਼ਾਲਮ ਸਿਸਟਮ ਦੇ ਹੱਕ ਵਿਚ ਭੁਗਤ ਰਹੇ ਵਰਸਿਟੀ ਪ੍ਰਬੰਧ ਦੀ ਪੈਦਾਇਸ਼ ਹਨ ਤਾਂ ਡਾæ ਗੁਰਭਗਤ ਸਿੰਘ ਜਾਂ ਸਿਸਟਮ ਵਿਰੁਧ ਲੜਨ ਵਾਲੇ ਨੌਜਵਾਨ ਮੁਜਾਹਿਦ ਵੀ ਇਨ੍ਹਾਂ ਯੂਨੀਵਰਸਿਟੀਆਂ ਵਿਚੋਂ ਹੀ ਪੜ੍ਹ ਕੇ ਆਏ ਸਨ।
ਪ੍ਰੋæ ਪਰਾਗ ਨੇ ਕਿਹਾ ਕਿ ਜੇ ਆਧੁਨਿਕ ਵਿਦਿਅਕ ਪ੍ਰਣਾਲੀ ਦਾ ਨਾਕਾਰਾਤਮਿਕ ਚਿਹਰਾ ਹੀ ਦਿਖਾਉਣਾ ਹੈ, ਫੂਕੋ, ਦੈਰਿਦਾ ਜਾਂ ਯੱਕ ਲਾਕਾਂ ਵਰਗੇ ਔਖੇ ਔਖੇ ਨਾਂ ਲੈ ਕੇ ਡਰਾਉਣ ਦੀ ਵੀ ਭਲਾ ਕੀ ਲੋੜ ਹੈ। ਇਸ ਕਿਸਮ ਦੀਆਂ ਗੱਲਾਂ ਤਾਂ ਸਾਡੇ ਆਪਣੇ ਮਾਨਵਵਾਦੀ ਲੋਕ ਪੱਖੀ ਉਰਦੂ ਕਵੀ ਅਕਬਰ ਇਲਾਹਾਬਾਦੀ ਨੇ 100-150 ਵਰ੍ਹੇ ਪਹਿਲਾਂ ਹੀ ਕੀਤੀਆਂ ਹੋਈਆਂ ਹਨ। ਜਦੋਂ ਉਨ੍ਹਾਂ ਅਕਬਰ ਇਲਾਹਾਬਾਦੀ ਦਾ ਤਨਜੀਆ ਸ਼ੇਅਰ ‘ਯੂੰ ਕਤਲ ਸੇ ਬੱਚੋਂ ਕੇ ਵੋਹ ਬਦਨਾਮ ਨਾ ਹੋਤਾ, ਅਫਸੋਸ ਕਿ ਫਰਾਊਨ ਕੋ ਕਾਲਜ ਕੀ ਨਾ ਸੂਝੀ’ ਸੁਣਾਇਆ ਤਾਂ ਮਾਹੌਲ ਹਾਸੇ ਨਾਲ ਭਰ ਗਿਆ ਤੇ ਫਿਰ ਜਦੋਂ ਸਾਡੇ ਮਿਥਿਹਾਸ ਦੇ ਰਾਜੇ ਕੰਸ ਦੇ ਕ੍ਰਿਸ਼ਨ ਨੂੰ ਮਰਵਾਉਣ ਦੀ ਕੋਸ਼ਿਸ਼ ਵਰਗੀ ਰਾਜੇ ਫਰਾਊਨ ਦੀ ਕਥਾ ਉਨ੍ਹਾਂ ਨੇ ਸੁਣਾਈ ਤਾਂ ਸੈਮੀਨਾਰ ਵਿਚ ਬੈਠੇ ਦਰਸ਼ਕ ਇਕ ਵਾਰ ਮੁੜ ਵਾਹ ਵਾਹ ਕਰ ਉਠੇ।
ਇਹੋ ਮੌਕਾ ਸੀ ਜਦੋਂ ਡਾæ ਗੁਰਭਗਤ ਸਿੰਘ ਨੇ ਖੇਡ ਭਾਵਨਾ ਦਿਖਾਉਂਦਿਆਂ ਹੱਸ ਕੇ ਹੱਥ ਖੜ੍ਹੇ ਕੀਤੇ ਅਤੇ ਗੋਸ਼ਟੀਆਂ ਦਾ ਸਿਲਸਿਲਾ ਅੱਗੋਂ ਜਾਰੀ ਰੱਖਣ ਦੇ ਐਲਾਨ ਨਾਲ ਪ੍ਰਬੰਧਕਾਂ ਵੱਲੋਂ ਇਸ ‘ਇਤਿਹਾਸਕ’ ਮੈਚ ਨੂੰ ਬਰਾਬਰੀ ‘ਤੇ ਛੁਡਾ ਦਿੱਤਾ ਗਿਆ।
ਪ੍ਰੋæ ਪਰਾਗ ਨੇ æææਡਾæ ਗੁਰਭਗਤ ਸਿੰਘ ਦੇ ਇਸ ਵਿਚਾਰ ਨਾਲ ਪੂਰਨ ਸਹਿਮਤੀ ਪ੍ਰਗਟਾਈ ਕਿ ਭਾਰਤ ਵਿਚ ਜਮਹੂਰੀਅਤ ਦੀ ਪ੍ਰਣਾਲੀ ਨੂੰ ਵਧੇਰੇ ਨਰੋਈਆਂ ਲੀਹਾਂ ‘ਤੇ ਲਿਆਉਣ ਦੀ ਨਿਸ਼ਚੇ ਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਅਤੇ ਅਜਿਹਾ ਕਰਨ ਲਈ ਪ੍ਰੈਸ ਦੀ ਸੁਤੰਤਰਤਾ ਅਤੇ ਸੂਚਨਾ ਦੇ ਅਧਿਕਾਰ ਦੀ ਯਕੀਨਨ ਲੋੜ ਹੈ।
ਸੈਮੀਨਾਰ ਦੌਰਾਨ ਪ੍ਰਬੰਧਕਾਂ ਵੱਲੋਂ ਪ੍ਰੋæ ਹਰਜਿੰਦਰ ਵਾਲੀਆ ਅਤੇ ਸ੍ਰੀ ਅਸ਼ੋਕ ਸਿੰਘੀ ਨੇ ਬਾਰਸ਼ ਦੇ ਬਾਵਜੂਦ ਸਮਾਗਮ ਵਿਚ ਪੁੱਜੇ ‘ਦਰਸ਼ਕਾਂ’ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਹੋਇਆ ਇੰਜ ਕਿ ਪੰਜਾਬੀ ਯੂਨੀਵਰਸਿਟੀ ਵਿਚ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਾਲੇ ਡਾæ ਹਰਜਿੰਦਰ ਵਾਲੀਆ ਨੇ ਆਪਣੀ ਪੈਂਠ ਬਣਾਉਣ ਲਈ ‘ਸੂਚਨਾ ਦਾ ਅਧਿਕਾਰ’ ਬਾਰੇ ਉਨ੍ਹੀਂ ਦਿਨੀਂ ਨਵੀਂ ਚੱਲੀ ਬਹਿਸ ‘ਤੇ ਗੋਸ਼ਟੀ ਕਰਵਾਈ। ਸੱਦੇ ਗਏ ਮਾਨਵ ਅਧਿਕਾਰਾਂ ਵਾਲਾ ਵਕੀਲ ਨਵਕਿਰਨ ਸਿੰਘ ਅਤੇ ਹੋਰ ਕਈ ਅਹਿਮ ਬੁਲਾਰੇ ਪੁੱਜ ਨਾ ਸਕੇ। ਬੱਲ ਖੁਦ ਵੀ ਸੈਮੀਨਾਰ ਵਿਚ ਹਾਜ਼ਰ ਨਾ ਹੋ ਸਕਿਆ। ਸਬੱਬ ਨਾਲ ਮੁੱਖ ਬੁਲਾਰਾ ਡਾæ ਗੁਰਭਗਤ ਸਿੰਘ ਸੀ। ਬੱਲ ਉਸ ਦੀ ਵਿਦਵਤਾ ਅਤੇ ਪੜ੍ਹਾਈ ਦੀ ਰੇਂਜ ਦਾ ਕਦਰਦਾਨ ਸੀ ਪਰ ਉਸ ਨੂੰ ਖਿਝ ਸੀ ਕਿ ਸਾਰੇ ਆਧੁਨਿਕ ਚਿੰਤਨ ਨੂੰ ਡਾਕਟਰ ਸਾਹਿਬ ਖਾਹਮਖਾਹ ਹੀ ਸਿੱਖੀ ਚਿੰਤਨ ਨਾਲ ਘੁਚੂੰ ਮਚੂੰ ਕਰੀ ਜਾ ਰਹੇ ਸਨ। ਸੂਚਨਾ ਦੇ ਸਿਧਾਂਤ ਬਾਰੇ ਵੀ ਉਸੇ ਤਰ੍ਹਾਂ ਦੇ ਅੰਟ ਸ਼ੰਟ ਦਾਅਵੇ ਉਨ੍ਹਾਂ ਨੇ ਗੋਸ਼ਟੀ ਵਿਚ ਕਰ ਦਿੱਤੇ ਸਨ। ਇਹ ਗੋਸ਼ਟੀ ਸੋਮਵਾਰ ਨੂੰ ਹੋਈ ਸੀ। ਅੰਗਰੇਜ਼ੀ ਤੇ ਪੰਜਾਬੀ ਅਖਬਾਰਾਂ ਦੇ 15-20 ਨੁਮਾਇੰਦੇ ਗੋਸ਼ਟੀ ਵਿਚ ਹਾਜ਼ਰ ਹੋਏ ਸਨ। ਪਰ ਖਬਰ ਕੇਵਲ ਰੋਜ਼ਾਨਾ ‘ਅਜੀਤ’ ਵਿਚ ਅਤੇ ਉਹ ਵੀ ਦੋ ਦਿਨ ਬਾਅਦ ਦੋ ਪੈਰ੍ਹਿਆਂ ਦੀ ਹੀ ਲੱਗੀ ਸੀ। ਪੱਤਰਕਾਰ ਆਪਣੀ ਆਦਤ ਅਨੁਸਾਰ ਗੋਸ਼ਟੀ ਦੇ ਪ੍ਰ੍ਰਬੰਧਕਾਂ ਕੋਲੋਂ ਲਿਖਤੀ ਪ੍ਰੈਸ ਨੋਟ ਚਾਹੁੰਦੇ ਸਨ, ਜੋ ਮਿਲਿਆ ਨਹੀਂ ਸੀ। ਬੱਲ ਦਾ ਵੀ ਇਸ ਝੰਜਟ ਵਿਚ ਪੈਣ ਦਾ ਮਨ ਨਹੀਂ ਸੀ। ਵੀਰਵਾਰ ਦਾ ਦਿਨ ਸੀ। ਉਸ ਦਿਨ ਸਭ ਤੋਂ ਵੱਧ, ਯਾਨਿ 58 ਕਾਲਮ ਮੈਟਰ ਦੇਣਾ ਸੀ। ਬੱਲ ਦੀ ਸਵੇਰ ਦੀ ਡਿਊਟੀ ਸੀ। ਪ੍ਰੋæ ਸ਼ਾਮ ਸਿੰਘ ਨੇ 3 ਵਜੇ ਸ਼ਿਫਟ ਦਾ ਚਾਰਜ ਸੰਭਾਲਿਆ ਤਾਂ ਅਜੇ 38 ਕਾਲਮ ਤਾਜਾ ਮੈਟਰ ਚਾਹੀਦਾ ਸੀ। ਸਟਾਫ ਵੀ ਘੱਟ ਸੀ। ਸ਼ਾਮ ਸਿੰਘ ਨੇ ਕੁਰਸੀ ‘ਤੇ ਬਹਿੰਦੇ ਸਾਰ ਹੀ ਬੱਲ ਨੂੰ ਆਪਣੇ ਥੈਲੇ ਵਾਲੀਆਂ ਸਾਰੀਆਂ ਖਬਰਾਂ ਦੇ ਜਾਣ ਲਈ ਆਖਿਆ ਪਰ ਉਹ ਖਬਰਾਂ ਤਾਂ ਬੱਲ ਸਵੇਰ ਦਾ ਹੀ ਬਣਾ ਕੇ ਪ੍ਰੈਸ ਨੂੰ ਤੋਰ ਚੁਕਾ ਸੀ। ਬੱਲ ਨੇ ਆਖਿਆ ਕਿ ਉਦੋਂ ਤੱਕ ਤਾਂ ਇਕ ਖਬਰ ਉਸ ਦੇ ਸਿਰ ਵਿਚਲੀ ਹੀ ਰਹਿ ਗਈ ਸੀ ਅਤੇ ਇਹ ਖਬਰ ਸੂਚਨਾ ਅਧਿਕਾਰ ਸੈਮੀਨਾਰ ਵਾਲੀ ਸੀ।
ਡਾæ ਹਰਜਿੰਦਰ ਵਾਲੀਆ ਦਾ ਮਨ ਰਿਪੋਰਟ ਪੜ੍ਹ ਕੇ ਖਿੜ ਗਿਆ ਸੀ ਅਤੇ ਉਸ ਨੇ ਪੂਰਾ ਵਰ੍ਹਾ ਇਸ ਦੀ ਕਟਿੰਗ ਵਿਭਾਗ ਦੇ ਸਾਈਨ ਬੋਰਡ ‘ਤੇ ਟੰਗੀ ਰੱਖੀ ਸੀ। ਇਸ ਖਬਰ ‘ਤੇ ਡਾæ ਗੁਰਭਗਤ ਸਿੰਘ, ਬੱਲ ਉਪਰ ਕਾਫੀ ਖਫਾ ਖੂਨ ਹੋਏ ਅਤੇ ਪਿਛੋਂ ਕਈ ਵਰ੍ਹੇ ਬਾਬੇ ਨਾਲ ਕਲਾਮ ਤੱਕ ਵੀ ਨਾ ਕੀਤੀ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਉਸ ਸਮੇਂ ਸ਼ ਸ਼ੰਗਾਰਾ ਸਿੰਘ ਭੁੱਲਰ ਸਨ। ਡਾæ ਗੁਰਭਗਤ ਸਿੰਘ ਨੇ ਉਨ੍ਹਾਂ ਕੋਲ ਗੰਭੀਰ ਵਿਸ਼ੇ ‘ਤੇ ਹੋਈ ਬਹਿਸ ਨੂੰ ਵਿਅੰਗ ਰੂਪ ਵਿਚ ਪੇਸ਼ ਕਰਨ ਲਈ ਬੱਲ ਵਿਰੁਧ ਲਿਖਤੀ ਸ਼ਿਕਾਇਤ ਵੀ ਕੀਤੀ ਪਰ ਭੁੱਲਰ ਸਾਹਿਬ ਨੇ ਚਿੱਠੀ ਪੜ੍ਹ ਕੇ ਹੱਸ ਛੱਡਿਆ ਸੀ।
ਬੱਲ ਨੂੰ ਹੁਣ ਤੱਕ ਵੀ ਆਪਣੀਆਂ ਅਜਿਹੀਆਂ ‘ਮਨੋਕਲਪਿਤ’ ਖਬਰਾਂ ਬਣਾਉਣ ‘ਤੇ ਕੋਈ ਅਫਸੋਸ ਨਹੀਂ। ਉਸ ਨੂੰ ਕਥਿਤ ਤੱਥ ਅਧਾਰਤ ਰਿਪੋਰਟਾਂ ਤੋਂ ਇਹ ਖਬਰਾਂ ਜਾਂ ਰਿਪੋਰਟਾਂ ਕਿਤੇ ਵਧੇਰੇ ਅਰਥਵਾਨ ਲੱਗਦੀਆਂ ਹਨ ਬਸ਼ਰਤੇ ਕਿ ਪਾਠਕਾਂ ਵਿਚ ਸੂਖਮ ਵਿਅੰਗ ਨੂੰ ਸਮਝਣ ਜਾਂ ਮਾਨਣ ਦੀ ਸੂਝ ਤੇ ਸਮਰੱਥਾ ਹੋਵੇ। ਮੈਂ ਪੁਛਿਆ ਕਿ ਉਹ ਖਬਰ ਵਿਚ ਇੰਜ ਕੋਲੋਂ ਕਈ ਕੁਝ ਕਿਉਂ ਪਾਉਂਦਾ ਹੈ? ਜਵਾਬ ਸੀ, ਹਿੰਦੂ ਮੰਚ, ਕੁਲਵੰਤ ਗਰੇਵਾਲ ਜਾਂ ਡਾæ ਗੁਰਭਗਤ ਸਿੰਘ ਵਰਗੇ ‘ਚਿੰਤਕਾਂ ਜਾਂ ਧਿਰਾਂ ਦੇ ਸਿਰਾਂ ਵਿਚ ਜੰਮੀ ਬਰਫ ਨੂੰ ਤੋੜਨ ਲਈ’ ਅਜਿਹੇ ਤਿੱਖੇ ਵਿਅੰਗਾਂ ਦੀ ਆਰ ਤੋਂ ਬਿਨਾਂ ਹੋਰ ਰਾਹ ਵੀ ਕੀ ਸੀ? ਉਸ ਅਨੁਸਾਰ ਕੁਲਵੰਤ ਗਰੇਵਾਲ ਅਤੇ ਡਾæ ਗੁਰਭਗਤ ਸਿੰਘ ‘ਕੱਚੇ ਚਿੰਤਨ ਦੇ ਸਿਰਲੱਥ ਅਲੰਬਰਦਾਰ’ ਹਨ। ਉਹ ਦਾਅਵਾ ਜੀਵਨ ਵਿਚ ਸ਼ਾਇਰੀ ਤੇ ਸੰਗੀਤ ਨਾਲ ਜੁੜੇ ਹੋਏ ਮੁੱਲਾਂ ਦੀ ਰਾਖੀ ਦਾ ਕਰਦੇ ਹਨ ਪਰ ਉਨ੍ਹਾਂ ਨੂੰ ਜ਼ਰਾ ਭਰ ਵੀ ਇਸ ਕਿਸਮ ਦੇ ਖਤਰੇ ਦੀ ਸੋਝੀ ਨਹੀਂ ਕਿ ਉਨ੍ਹਾਂ ਦਾ ਚਿੰਤਨ ਅਮਲ ਵਿਚ ਜਦੋਂ ਉਤਰੇਗਾ ਤਾਂ ਕਿਵੇਂ ਸਭ ਤੋਂ ਪਹਿਲਾਂ ਇਨ੍ਹਾਂ ਕਦਰਾਂ ਦਾ ਹੀ ਘਾਣ ਕਰੇਗਾ।
ਗੁਰਦਿਆਲ ਬੱਲ ਲਈ ਜ਼ਿੰਦਗੀ ਦਾ ਹਰ ਪਲ, ਹਰ ਦਿਨ ਇਕ ਨਵਿਓਂ ਨਵਾਂ ਜਸ਼ਨ ਹੈ ਅਤੇ ‘ਪੰਜਾਬੀ ਟ੍ਰਿਬਿਊਨ’ ਇਸ ਲਈ ਇਕ ਮੰਚ ਸੀ। ਉਹ ਜ਼ਿੰਦਗੀ ਨੂੰ ਕਿਸੇ ਪਵਿੱਤਰ ਜਸ਼ਨ ਵਾਂਗ ਜਿਊਣ ਦਾ ਮੌਕਾ ਦੇਣ ਲਈ ਬਰਜਿੰਦਰ ਭਾਅ ਜੀ ਦਾ ਕੋਟਾਨਿ ਕੋਟਿ ਰਿਣੀ ਹੈ।
ਦੁਮਛੱਲਾ: 1992 ਦੀ ਗੱਲ ਹੈ। ਟ੍ਰਿਬਿਊਨ ਕਾਲੌਨੀ ਵਿਚ ਮੇਰੇ ਘਰ ਰੰਮ ਦੇ ਪੈਗ ਫੜੀ ਅਸੀਂ ਉਪਰ ਬਰਸਾਤੀ ਵਿਚ ਚਲੇ ਗਏ। ਬੱਲ ਉਰਦੂ ਦੇ ਕਿਸੇ ਸ਼ਾਇਰ ਦਾ ਸ਼ੇਅਰ ‘ਪੀਸ ਡਾਲਾ ਹੈ ਆਸਮਾਂ ਨੇ ਮੁਝੇ, ਕਿਸ ਕੇ ਰਾਹ ਕਾ ਗੁਬਾਰ ਹੋਨੇ ਕੋ’ ਗੁਣਗੁਣਾ ਰਿਹਾ ਸੀ। ਮੈਂ ਇਸ ਮਿਸਰੇ ਦਾ ਸਿੱਧਾ ਅਰਥ ਕਰਨ ਲਈ ਕਿਹਾ ਤਾਂ ਬੱਲ ਦਾ ਅਸਿੱਧਾ ਜਵਾਬ ਸੀ, “ਅਮੋਲਕ, ਮੈਨੂੰ ਆਇਸਾਡੋਰਾ ਡੰਕਨ, ਅੰਮ੍ਰਿਤਾ ਸ਼ੇਰਗਿੱਲ, ਮਦਾਮ ਬਾਵਾਰੀ ਅਤੇ ਅੰਨਾ ਕਾਰਨਿਨਾ ਦੇ ਤਸੱਵਰਾਂ ਨੇ ਸਰਸ਼ਾਰ ਕਰੀ ਰੱਖਿਆ ਹੈ। ਇਹ ਚਾਰੇ ਮੈਨੂੰ ਆਪਣੀਆਂ ਧਰਮ ਭੈਣਾਂ ਲਗਦੀਆਂ ਹਨ। ਜ਼ਿੰਦਗੀ ਸੋਹਣੀ ਹੈ ਅਤੇ ਇਹ ਤਸੱਵਰ ਮੈਨੂੰ ਸਦਾ ਯਾਦ ਕਰਵਾਈ ਰਖਦੇ ਹਨ ਕਿ ਇਨਸਾਨ ਸੁਹੱਪਣ ਦੀਆਂ ਐਸੀਆਂ ਉਚੀਆਂ ਸਿਖਰਾਂ ਨੂੰ ਛੂਹ ਸਕਦਾ ਹੈ। ਮੈਂ ਦਿਨ ਰਾਤ ਸੋਚਦਾ ਰਹਿਨਾਂ ਕਿ ਇਨ੍ਹਾਂ ਚੌਹਾਂ ਵਿਚੋਂ ਸਾਰਿਆਂ ਤੋਂ ਚੰਗੀ, ਯਾਨਿ ਆਪਣੀ ਰਾਣੀ ਭੈਣ ਕੀਹਨੂੰ ਕਹਾਂ। ਪਤਾ ਨਹੀਂ ਲਗਦਾ, ਕਿਸੇ ਗੱਲ ਦਾ ਵੀ, ਪਤਾ ਨਹੀਂ ਲੱਗਦਾ!”
ਬੱਲ 1998 ਵਿਚ ਪੰਜਾਬੀ ਟ੍ਰਿਬਿਊਨ ਦੀ ਨੌਕਰੀ ਛਡ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਵਿਚ ਚਲਾ ਗਿਆ ਸੀ, ਜਿਥੋਂ ਦੋ ਕੁ ਸਾਲ ਪਹਿਲਾਂ ਉਹ ਰਿਟਾਇਰ ਹੋ ਗਿਆ ਅਤੇ ਅਜਕਲ੍ਹ ਪਟਿਆਲੇ ਹੀ ਵਸਦਾ ਹੈ।

Be the first to comment

Leave a Reply

Your email address will not be published.