ਘੂਕ ਸੁੱਤੀਆਂ ਯਾਦਾਂ ਦੀ ਜਾਗ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੂਰੀ ਇਮਾਨਦਾਰੀ ਨਾਲ ਪਹਿਲਾਂ ਇਹ ਸੱਚੋ-ਸੱਚ ਦੱਸ ਦਿਆਂ ਕਿ ਇਸ ਲਿਖਤ ਵਿਚ ਆਪਣੇ ਸਾਹਿਤਕ ਸੁਨੇਹੇ ਦੇ ਦੋ ਵਾਕਿਆ ਜੋ ਪਾਠਕਾਂ ਅੱਗੇ ਰੱਖ ਰਿਹਾ ਹਾਂ, ਉਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਮੈਂ ਆਪਣੀ ਕਿਸੇ ਚਤੁਰਾਈ ਜਾਂ ਆਪਣੇ ‘ਅਕਲਮੰਦ’ ਹੋਣ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹਾਂ। ਅਜਿਹਾ ਕਰਨਾ ਮੂਰਖਤਾ ਦੀ ਨਿਸ਼ਾਨੀ ਹੁੰਦਾ ਹੈ। ਬੱਸ, ਇਨ੍ਹਾਂ ਨੂੰ ਮਹਿਜ਼ ਇਤਫਾਕ ਨਾਲ ਹੋਏ ਅਸਚਰਜ ਮੌਕਾ ਮੇਲ ਹੀ ਕਿਹਾ ਜਾ ਸਕਦਾ ਹੈ। ਇਹਦੇ ‘ਚ ਕੋਈ ਹਉਮੈ ਜਾਂ ਵਡਿਆਈ ਦੀ ਗੱਲ ਨਹੀਂ। ਹਾਂ, ਆਪਣੀ ਯਾਦਾਸ਼ਤ ਉਤੇ ਭੋਰਾ ਕੁ ਜਿੰਨਾ ਫਖ਼ਰ ਕਰਨ ਦੀ ਗੁਸਤਾਖੀ ਜ਼ਰੂਰ ਕਰਨੀ ਚਾਹਾਂਗਾ। ਉਮੀਦ ਹੈ ਕਿ ਪਾਠਕ ਲੇਖ ਪੜ੍ਹਨ ਮਗਰੋਂ ਮੈਨੂੰ ਇੰਨੀ ਕੁ ਖੁੱਲ੍ਹ ਜ਼ਰੂਰ ਦੇ ਦੇਣਗੇ।
ਕਿਤੇ ਵੀ ਛਪੀ ਕੋਈ ਵਧੀਆ ਲਿਖਤ ਪੜ੍ਹ ਕੇ ਉਸ ਦੇ ਲੇਖਕ ਨਾਲ ਸੰਪਰਕ ਕਰਨ ਦੀ ‘ਖੋਟੀ ਆਦਤ’ ਮੈਨੂੰ ਮੁੱਢੋਂ ਹੀ ਪਈ ਹੋਈ ਹੈ; ਉਦੋਂ ਦੀ, ਜਦੋਂ ਹਾਲੇ ਟੈਲੀਫੋਨ ਦੀ ਵਰਤੋਂ ਆਮ ਨਹੀਂ ਸੀ ਹੋਈ। ਉਨ੍ਹਾਂ ਦਿਨਾਂ ਵਿਚ ਮੈਂ ਕਵੀਆਂ ਲੇਖਕਾਂ ਨੂੰ ਹੱਥੀਂ ਚਿੱਠੀਆਂ ਲਿਖਦਾ ਹੁੰਦਾ ਸਾਂ। ਇਹ ਰੋਗ ਫਿਰ ਵੱਖ ਵੱਖ ਅਖ਼ਬਾਰਾਂ ਮੈਗਜ਼ੀਨਾਂ ਦੇ ‘ਸੰਪਾਦਕ ਦੀ ਡਾਕ’ ਕਾਲਮ ਲਈ ਖਤ ਲਿਖਣ ਤੱਕ ਵਧ ਗਿਆ। ਅਮਰੀਕਾ ਆ ਕੇ ‘ਨੈਟ’ ਅਤੇ ਫੋਨ ਦੀ ਖੁੱਲ੍ਹੀ ਸਹੂਲਤ ਮਿਲਣ ਸਦਕਾ ਮੇਰੇ ਸ਼ੌਕ ਦਾ ਦਾਇਰਾ ਕੌਮਾਂਤਰੀ ਹੋ ਗਿਆ। ਕਿਸੇ ਲੇਖਕ ਦੀ ਰਚਨਾ ਬਾਰੇ ਉਸ ਦੀ ਨੁਕਤਾਚੀਨੀ ਕਰਨੀ ਜਾਂ ਲਿਖਾਰੀ ਦੀ ਹੌਸਲਾ ਅਫ਼ਜਾਈ ਕਰਨੀ ਮੇਰੇ ਲਈ ਸੁਖਾਲੀ ਹੋ ਗਈ। ਕਿਸੇ ਮਜਬੂਰੀ ਅਧੀਨ ਨਹੀਂ, ਸਗੋਂ ਸਵੈ-ਸਿਰਜੇ ਫਰਜ਼ ਮੁਤਾਬਕ ਅਜਿਹਾ ਕਰਦਿਆਂ ਮੈਨੂੰ ਮਾਨਸਿਕ ਤਸੱਲੀ ਮਿਲਦੀ ਹੈ।
ਅਮਰੀਕਾ ‘ਚ ਛਪਦੀ ਇਕ ਪੰਜਾਬੀ ਅਖ਼ਬਾਰ ਵਿਚ ਡਾæ ਕ੍ਰਿਸ਼ਨ ਕੁਮਾਰ ਰੱਤੂ ਦਾ ਲੇਖ ਪੜ੍ਹਿਆ। ‘ਖਵਾਬ ਹੋਏ ਬੰਜਰ ਇਸ ਪਹਿਰ’ ਦੇ ਸਿਰਲੇਖ ਵਾਲੀ ਇਸ ਲਿਖਤ ਵਿਚ ਡਾæ ਰੱਤੂ ਨੇ ਖਲੀਲ ਜਿਬਰਾਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਤਨੇ ਮਾਰਮਿਕ ਭਾਵਾਂ ਨੂੰ ਸ਼ਬਦੀ ਜਾਮਾ ਪਹਿਨਾਉਂਦਿਆਂ ਡਾæ ਰੱਤੂ ਨੇ ਕਮਾਲ ਹੀ ਕੀਤੀ ਹੋਈ ਸੀ ਇਸ ਲੇਖ ਵਿਚ। ਵੰਨਗੀ ਮਾਤਰ ਕੁਝ ਸਤਰਾਂ ਲਿਖ ਰਿਹਾ ਹਾਂ,
‘æææਦੋਸਤੋ, ਉਮਰ ਦੇ ਇਸ ਪਹਿਰ ‘ਚ ਜਦੋਂ ਸ਼ਹਿਰ ਉਦਾਸ ਤੇ ਮੌਸਮ ਬੇਰੌਣਕੇ ਹੋਣ ਲਗਦੇ ਨੇ, ਬਨੇਰੇ ‘ਤੇ ਕੋਈ ਕਾਂ ਸੁਨੇਹੇ ਲੈ ਕੇ ਨਹੀਂ ਆਉਂਦਾæææਬੁੱਢੀਆਂ ਤੇ ਥੱਕੀਆਂ ਅੱਖਾਂ ਦੀਆਂ ਆਸ਼ਾਵਾਂ ਨੂੰ ਬੂਰ ਪੈਣ ਦੀ ਆਖਰੀ ਰੁੱਤ ਵੀ ਚੰਦਰੀ ਹੋ ਜਾਂਦੀ ਹੈ, ਪਰ ਫਿਰ ਆਸ਼ਾ ਦੀਆਂ ਕਿਰਨਾਂ ਆਪਣੇ ਸੁਨਹਿਰੀ ਅੱਖਰਾਂ ‘ਚ ਤੁਹਾਡਾ ਨਾਂ ਤਾਂ ਉਸ ਇੰਦਰਧਨੁਸ਼ ‘ਚ ਲਿਖਦੀਆਂ ਨੇ, ਪਰ ਇਹ ਤੁਹਾਡੇ ‘ਤੇ ਹੈ ਕਿ ਹਿੰਮਤ ਕਰ ਕੇ ਉਸ ਵਿਚ ਲਿਖਿਆ ਆਪਣਾ ਨਾਂ ਪੜ੍ਹ ਲਵੋæææਇਹ ਹੀ ਹੈ, ਇਸ ਪਹਿਰ ਖ਼ਵਾਬਾਂ ਨੂੰ  ਬੰਜਰ ਹੋਇਆ ਵੇਖਣ ਦੀ ਤ੍ਰਾਸਦੀ!æææ
ਸੁੰਨੇ ਘਰ, ਉਦਾਸ ਵਿਹੜੇ,
ਬੰਜਰ ਮਨ, ਵੀਰਾਨ ਹੋਏ ਗਿਰਾਂ,
ਸਮੁੰਦਰ ਘੋਰ ਨਿਰਾਸ਼,
ਸੁਨਾਮੀ ਪੁੱਛੇ ਗਿਰਾਂ।
ਆਉ ਹੁਣ ਆਪਣਾ ਆਪਣਾ
ਪੁਰਖਾ ਘਰ ਵੇਖ ਆਈਏ।’
ਡਾæ ਰੱਤੂ ਦੀ ਸਾਹਿਤਕ ਪ੍ਰਤਿਭਾ ਬਾਰੇ ਮੈਨੂੰ ਕਾਫੀ ਜਾਣਕਾਰੀ ਹੈ ਪਰ ਉਨ੍ਹਾਂ ਨਾਲ ਫੋਨ ‘ਤੇ ਗੱਲਬਾਤ ਇਕ-ਅੱਧ ਵਾਰ ਹੀ ਕੀਤੀ ਹੋਵੇਗੀ। ਉਨ੍ਹਾਂ ਦੇ ਇਸ ਲੇਖ ਤੋਂ ਵਿਸਮਾਦਿਤ ਹੋ ਉਨ੍ਹਾਂ ਨੂੰ ਫੋਨ ਮਿਲਾਇਆ ਪਰ ਕੰਪਿਊਟਰੀ ਸੁਨੇਹਾ ਮਿਲਿਆ ਕਿ ਉਹ ‘ਕਵਰੇਜ਼ ਕਸ਼ੇਤਰ ਸੇ ਬਾਹਰ’ ਹਨ। ਉਸ ਦਿਨ ਗੁਫਤਗੂ ਤਾਂ ਹੋ ਨਾ ਸਕੀ ਪਰ ਉਨ੍ਹਾਂ ਸਬੰਧੀ ਇਕ ਸਵਾਲ ਚਾਣਚਕ ਮੇਰੇ ਚੇਤਿਆਂ ‘ਚ ਅੰਗੜਾਈਆਂ ਭਰਨ ਲੱਗ ਪਿਆ। ‘ਕ੍ਰਿਸ਼ਨ ਕੁਮਾਰ ਰੱਤੂ’ ਇਹ ਨਾਮ ਤੈਰਦਾ ਤੈਰਦਾ ਮੇਰੇ ਦਿਲ ਦਿਮਾਗ ‘ਚ ਵਸੀਆਂ ਪ੍ਰਾਇਮਰੀ ਸਕੂਲ ਦੇ ਦਿਨਾਂ ਦੀਆਂ ਘੂਕ ਸੁੱਤੀਆਂ ਯਾਦਾਂ ਨਾਲ ਜਾ ਟਕਰਾਇਆ।
ਗੂਗਲ ‘ਤੇ ਸਰਚ ਮਾਰਨ ਵਾਂਗ ਮੇਰੇ ਸਾਹਮਣੇ ‘ਮਸਤਾਨਾ’ ਆ ਗਿਆ। ਇਹ ਕੋਈ ਵੈਰਾਗੀ, ਫੱਕਰ ਜਾਂ ਰਮਤਾ ਨਹੀਂ, ਸਗੋਂ ਅੰਮ੍ਰਿਤਸਰ ਦੇ ਬਾਜ਼ਾਰ ਮਾਈ ਸੇਵਾ ਤੋਂ ਛਪਦੇ ਨਿੱਕੇ ਜਿਹੇ ਮਹੀਨਾਵਾਰ ਮੈਗਜ਼ੀਨ ਦਾ ਨਾਂ ਹੁੰਦਾ ਸੀ। ਦੋ ਰੁਪਏ ਸਾਲ ਦੇ ਚੰਦੇ ਵਾਲਾ ਇਹ ਮੈਗਜ਼ੀਨ ਮੇਰੇ ਬਾਪ ਨੇ ਬੜੇ ਚਾਅ ਤੇ ਰੀਝ ਨਾਲ ਮੇਰੇ ਨਾਂ ‘ਤੇ ਲਗਵਾਇਆ ਸੀ। ਡਾæ ਵਾਸਦੇਵ ਸਿੰਘ ਗਰੋਵਰ ਦੀ ਦਵਾਈਆਂ ਦੀ ਫਰਮ ਵੱਲੋਂ ਛਾਪੇ ਜਾਂਦੇ ‘ਮਸਤਾਨਾ’ ਵਿਚ ਚੋਣਵੀਆਂ ਖ਼ਬਰਾਂ, ਕੁਝ ਗੀਤ ਗਜ਼ਲਾਂ ਅਤੇ ਇਕ-ਅੱਧ ਲੇਖ ਜਾਂ ਕਹਾਣੀ ਤੋਂ ਇਲਾਵਾ ‘ਗਰੌਵਰ ਐਂਡ ਸੰਨਜ਼’ ਦੀਆਂ ਦਵਾਈਆਂ ਦੀ ਮਸ਼ਹੂਰੀ ਹੁੰਦੀ ਸੀ। ਅਸੀਂ ਤਿੰਨੇ ਭਰਾ ਹਰ ਮਹੀਨੇ ਬੜੀ ਬੇਸਬਰੀ ਨਾਲ ਇਸ ਦੀ ਉਡੀਕ ਕਰਦੇ। ਮੱਝਾਂ ਚਰਾਉਣ ਗਏ, ਇਸ ਨੂੰ ਨਿੱਠ ਕੇ ਪੜ੍ਹਦੇ। ਅਸਲ ਵਿਚ ਮੇਰੇ ਸਾਹਿਤਕ ਸ਼ੌਕ ਦਾ ਨੀਂਹ ਪੱਥਰ ਸੀ ਇਹ ‘ਮਸਤਾਨਾ’ ਮੈਗਜ਼ੀਨ!
ਅੱਜ 45-46 ਸਾਲਾਂ ਦੇ ਲੰਮੇ ਵਕਫੇ ਬਾਅਦ ਧੁੰਦਲੇ ਜਿਹੇ ਪਰਛਾਵਿਆਂ ਵਾਂਗ ਮੈਨੂੰ ‘ਮਸਤਾਨਾ’ ਵਿਚ ਛਪਦਾ ਰਿਹਾ ‘ਕ੍ਰਿਸ਼ਨ ਕੁਮਾਰ ਰੱਤੂ’ ਦਾ ਨਾਂ ਯਾਦ ਆਇਆ। ਜਦੋਂ ਜ਼ਿਹਨੀ ਸਮੁੰਦਰ ਵਿਚ ਡੁਬਕੀਆਂ ਵੱਜਣ ਲੱਗੀਆਂ ਤਦ ਮੈਨੂੰ ‘ਮਸਤਾਨੇ’ ਦੇ ਕਿਸੇ ਅੰਕ ਵਿਚ ਕ੍ਰਿਸ਼ਨ ਕੁਮਾਰ ਰੱਤੂ ਦੇ ਲਿਖੇ ਇਕ ਗੀਤ ਦਾ ਮੁਖੜਾ ਵੀ ਚੇਤੇ ਆਉਣ ਲੱਗਾ, ‘ਨੀ ਨਿੰਦੀਏ ਨਾ ਮਾਲਕਾਂ ਨੂੰ ਭਾਵੇਂ ਹੋਵੇ ਕੰਬਲੀ ਤੋਂ ਕਾਲਾæææ।’ ਲੇਕਿਨ ਨਾਲ ਹੀ ਸੋਚ ਆਈ ਕਿ ‘ਮਸਤਾਨਾ’ ਵਿਚ ਛਪਦਾ ਰੱਤੂ ਜ਼ਰੂਰੀ ਨਹੀਂ ਅੱਜ ਵਾਲਾ ਡਾæ ਰੱਤੂ ਹੀ ਹੋਵੇ। ਇਕੋ ਨਾਮ ਵਾਲੇ ਬਥੇਰੇ ਬੰਦੇ ਹੁੰਦੇ ਨੇ, ਲੇਕਿਨ ‘ਮਸਤਾਨੇ’ ਵਾਲਾ ਰੱਤੂ ਮੇਰੇ ਮਨ-ਚਿੱਤ ਵਿਚ ਅਟਕਿਆ ਰਿਹਾ।
ਖ਼ੈਰ! ਕੁਝ ਦਿਨਾਂ ਬਾਅਦ ਅਮਰੀਕਨ ਪੰਜਾਬੀ ਅਖ਼ਬਾਰ ਵਿਚੋਂ ਪੜ੍ਹੇ ਹੋਏ ਲੇਖ ਬਾਰੇ ਗੱਲਬਾਤ ਕਰਨ ਲਈ ਮੈਂ ਡਾæ ਰੱਤੂ ਨੂੰ ਫਿਰ ਕਾਲ ਕਰ ਲਈ। ਮੇਰਾ ਨੰਬਰ ਦੇਖ ਕੇ ਉਹ ਇਕਦਮ ਚਹਿਕਿਦਆਂ ਬੋਲੇ, “ਤੁਹਾਡੀ ਉਮਰ ਬਹੁਤ ਹੈ ਵੀਰ।” ਮੈਂ ਉਤਸੁਕਤਾ ਨਾਲ ਉਨ੍ਹਾਂ ਮੂੰਹੋਂ ਅਗਲੀ ਗੱਲ ਸੁਣਨ ਲਈ ਕੰਨ ਨਾਲ ਫੋਨ ਹੋਰ ਘੁੱਟ ਕੇ ਲਾ ਲਿਆ, “ਆਹ ਅੱਜ ਦੇ ‘ਨਵਾਂ ਜ਼ਮਾਨਾ’ ਵਿਚ ਛਪਿਆ ਤੁਹਾਡਾ ਈ ਲੇਖ ਪੜ੍ਹ ਰਿਹਾਂ।”
ਉਨ੍ਹਾਂ ਨਾਲ ਗੱਲਾਂ-ਬਾਤਾਂ ਕਰਦਿਆਂ ਮੇਰੇ ਦਿਲ ‘ਚ ਰਹਿ ਰਹਿ ਕੇ ਆਵੇ ਕਿ ਪੁੱਛ ਲਵਾਂ ਕਿ ਉਹ ਕਦੇ ‘ਮਸਤਾਨਾ’ ਨਾਂ ਦੇ ਪੱਤਰ ਵਿਚ ਵੀ ਲਿਖਦੇ ਰਹੇ ਹਨ? ਪਰ ਮੈਂ ਜਕ ਗਿਆ ਕਿ ਸਾਹਿਤਕ ਖੇਤਰ ਵਿਚ ਪਾਏ ਬਹੁਮੁੱਲੇ ਯੋਗਦਾਨ ਸਦਕਾ, ਭਾਰਤ ਦੇ ਰਾਸ਼ਟਰਪਤੀ ਪਾਸੋਂ ਸਨਮਾਨ ਪ੍ਰਾਪਤ ਅਤੇ ਦੂਰਦਰਸ਼ਨ ਕੇਂਦਰ ਜੈਪੁਰ ਦੇ ਡਾਇਰੈਕਟਰ ਦੇ ਅਹੁਦੇ ‘ਤੇ ਸਸ਼ੋਭਿਤ ਡਾæ ਰੱਤੂ ਨੂੰ ਕਿਹੜੇ ਮੂੰਹ ਨਾਲ ਦੋ ਰੁਪਏ ਸਾਲਾਨਾ ਚੰਦੇ ਵਾਲੇ ‘ਮਸਤਾਨੇ’ ਵਿਚ ਛਪਣ ਦਾ ਸਵਾਲ ਪੁੱਛਾਂ? ਲੇਕਿਨ ‘ਮੂੰਹ ਆਈ ਬਾਤ ਨਾ ਰਹਿੰਦੀ ਏ’ ਅਨੁਸਾਰ ਵਲ-ਫੇਰ ਜਿਹਾ ਪਾ ਕੇ ਮੈਂ ਪੁੱਛ ਹੀ ਲਿਆ, “ਡਾਕਟਰ ਸਾ’ਬ ਬੜੇ ਪੁਰਾਣੇ ਵੇਲਿਆਂ ‘ਚ ਤੁਹਾਡਾ ਕੋਈ ਸਿਰਨਾਂਵੀਆ ‘ਮਸਤਾਨਾ’ ਨਾਂ ਵਾਲੇ ਮੈਗਜ਼ੀਨ ਵਿਚ ਵੀ ਛਪਦਾ ਹੁੰਦਾ ਸੀ।”
ਮੇਰੇ ਮੂੰਹੋਂ ਗੱਲ ਨਿਕਲਦਿਆਂ ਉਹ ਹੈਰਾਨੀ ਤੇ ਗੰਭੀਰਤਾ ਦੇ ਰਲੇ-ਮਿਲੇ ਸੁਰ ‘ਚ ਕਹਿੰਦੇ, “ਤੁਸੀਂ ਇਸ ਵੇਲੇ ਉਸੇ ਕ੍ਰਿਸ਼ਨ ਕੁਮਾਰ ਰੱਤੂ ਨਾਲ ਗੱਲਾਂ ਕਰ ਰਹੇ ਹੋ ਜੋ ਮਸਤਾਨਾ ‘ਚ ਗੀਤ-ਗਜ਼ਲਾਂ ਲਿਖਦਾ ਹੁੰਦਾ ਸੀ।” ਨਾਲ ਹੀ ਉਨ੍ਹਾਂ ਮੈਨੂੰ ਚੌਂਕ ਕੇ ਪੁੱਛਿਆ, “ਮਸਤਾਨਾ ਦਾ ਕੋਈ ਅੰਕ ਸਾਂਭਿਆ ਹੋਇਐ ਤੁਸੀਂ?”
ਆਪਣੀ ਯਾਦਦਾਸ਼ਤ ਨੂੰ ਆਪੇ ਥਾਪੜਾ ਦਿੰਦਿਆਂ ਮੈਂ ਦਿਲ ‘ਚ ਕਿਹਾ, ‘ਮਸਤਾਨੇ’ ਕਿਹਨੇ ਸਾਂਭਣੇ ਸਨ? ਅਮਰੀਕਾ ‘ਚ ਆ ਕੇ ਤਾਂ ਮੈਂ ਖੁਦ ‘ਮਸਤਾਨਾ’ ਬਣਿਆ ਹੋਇਆਂ!
ਅਗਲਾ ਕਿੱਸਾ ਵੀ ਸਾਹਿਤਕ ਪਿੜ ਨਾਲ ਹੀ ਸਬੰਧਿਤ ਹੈ। ਅਮਰੀਕਾ ਪਹੁੰਚਿਆਂ ਮੈਨੂੰ ਹਾਲੇ ਦੋ ਕੁ ਸਾਲ ਹੀ ਹੋਏ ਸਨ। ਇਥੋਂ ਦੀਆਂ ਪੰਜਾਬੀ ਅਖ਼ਬਾਰਾਂ ਨਾਲ ਮੇਰੀ ਜਾਣ-ਪਛਾਣ ਹਾਲੇ ਖੁੱਲ੍ਹ ਕੇ ਨਹੀਂ ਸੀ ਹੋਈ। ਇਕ ਦਿਨ ਆਪਣੇ ਮੇਲ ਬਾਕਸ ਵਿਚੋਂ ਨਿਕਲੀ ਡਾਕ ਵਿਚ ਪਾਕਿਸਤਾਨੀ ਮੈਗਜ਼ੀਨ ਦੇਖ ਕੇ ਮੈਂ ਹੈਰਾਨ ਰਹਿ ਗਿਆ। ‘ਲਹਿਰਾਂ’ ਨਾਂ ਦੇ ਇਸ ਪੰਜਾਬੀ ਰਿਸਾਲੇ ਦੇ ਬਾਹਰ ਮੇਰਾ ਇਥੋਂ ਦਾ ਐਡਰੈਸ ਪੈਨ ਨਾਲ ਲਿਖਿਆ ਸੀ। ਮੈਨੂੰ ਪਾਕਿਸਤਾਨ ‘ਚ ਛਪਦੇ ਕਿਸੇ ਪੰਜਾਬੀ ਪਰਚੇ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਪਤਾ ਨਹੀਂ ‘ਲਹਿਰਾਂ’ ਵਾਲਿਆਂ ਨੇ ਮੇਰਾ ਐਡਰੈਸ ਕਿਥੋਂ ਤੇ ਕਿਵੇਂ ਲਿਆ ਹੋਵੇਗਾ! ਉਹ ਮੈਗਜ਼ੀਨ ਮੈਨੂੰ ਰੈਗੂਲਰ ਡਾਕ ਰਾਹੀਂ ਮਿਲਣਾ ਸ਼ੁਰੂ ਹੋ ਗਿਆ। ਇਹ ਮੈਗਜ਼ੀਨ ਸਾਰਾ ਉਰਦੂ ਅੱਖਰਾਂ ਵਿਚ ਹੁੰਦਾ, ਤੇ ਵਿਚ ਇਕ ਦੋ ਗਜ਼ਲਾਂ ਜਾਂ ਗੀਤ ਗੁਰਮੁਖੀ ਵਿਚ ਵੀ ਛਪੇ ਹੁੰਦੇ। ਉਰਦੂ ਤੋਂ ਮੈਂ ਬਿਲਕੁਲ ਨਾਵਾਕਿਫ ਸਾਂ। ਇਸ ਲਈ ਮੈਗਜ਼ੀਨ ‘ਤੇ ਪੰਛੀ ਝਾਤ ਮਾਰਦਿਆਂ ਗੁਰਮੁਖੀ ਵਾਲਾ ਹਿੱਸਾ ਪੜ੍ਹ ਕੇ ਇਨ੍ਹਾਂ ਨੂੰ ਗੁਰਦੁਆਰੇ ਕਮਿਊਨਿਟੀ ਸੈਂਟਰ ਵਿਚ ਬੈਠਣ ਵਾਲੇ ਉਨ੍ਹਾਂ ਵਿਹਲੇ ਬੈਠੇ ਬਜ਼ੁਰਗਾਂ ਨੂੰ ਦੇ ਆਉਂਦਾ ਜਿਨ੍ਹਾਂ ‘ਚੋਂ ਕਈ ਉਰਦੂ ਪੜ੍ਹਨਾ ਜਾਣਦੇ ਸਨ। ਇਹ ਸਿਲਸਿਲਾ ਕਈ ਮਹੀਨੇ ਚਲਦਾ ਰਿਹਾ।
ਇਕ ਦਿਨ ਤਾਜ਼ੇ ਮਿਲੇ ਨਵੇਂ ਮੈਂਗਜ਼ੀਨ ਦੀ ਸਰਸਰੀ ਉਥਲ-ਪੁਥਲ ਕਰਦਿਆਂ ਸੁਤੇ-ਸਿੱਧ ਹੀ ਮੈਨੂੰ ਪੰਜਾਬੀ ਹਾਸਰਸ ਦੇ ਪੁਰਾਤਨ ਕਵੀ ਐਸ਼ਐਸ਼ ਚਰਨ ਸਿੰਘ ‘ਸ਼ਹੀਦ’ ਦਾ ਚੇਤਾ ਆ ਗਿਆ। ਉਨ੍ਹਾਂ ਬਾਰੇ ਇੰਨੀ ਕੁ ਗੱਲ ਮੈਂ ਕਿਤੇ ਪੜ੍ਹੀ ਹੋਈ ਹੈ ਕਿ ਸੰਨ ਸੰਤਾਲੀ ਦੀ ਵੰਡ ਵੇਲੇ ਉਹ ਖੁਦ ਤਾਂ ਜਾਨ ਬਚਾ ਕੇ ਅੰਮ੍ਰਿਤਸਰ ਪਹੁੰਚ ਗਏ ਸਨ, ਪਰ ਮਚੀ ਹੋਈ ਆਪਾ-ਧਾਪੀ ਵਿਚ ਉਨ੍ਹਾਂ ਦੀਆਂ ਧੀਆਂ ਉਧਰ ਹੀ ਰਹਿ ਗਈਆਂ ਸਨ। ਕਵੀ ਸ਼ਹੀਦ ਜੀ ਦੇ ਇਸ ਪਰਿਵਾਰਕ ਵੇਰਵੇ ਦੀ ਮੈਨੂੰ ਇੰਨੀ ਕੁ ਜਾਣਕਾਰੀ ਸੀ, ਹੋਰ ਕੁਝ ਨਹੀਂ ਸੀ ਪਤਾ; ਨਾ ਹੀ ਕਦੇ ਮੈਨੂੰ ਇਸ ਗੱਲ ਨੇ ਕੁਰੇਦਿਆ ਹੀ ਸੀ ਕਿ ਮੈਂ ਉਨ੍ਹਾਂ ਦੀਆਂ ਧੀਆਂ ਦਾ ਅਤਾ-ਪਤਾ ਲਵਾਂ, ਪਰ ਪਾਕਿਸਤਾਨੋਂ ਆਇਆ ਪੰਜਾਬੀ ਮੈਗਜ਼ੀਨ ਸਾਹਮਣੇ ਪਿਆ ਦੇਖ ਕੇ ਮੈਨੂੰ ਫੁਰਨਾ ਫੁਰਿਆ। ਸੋਚਿਆ ਕਿ ਕਿਉਂ ਨਾ ਇਸ ਮੈਗਜ਼ੀਨ ਦੇ ਛਾਪਕਾਂ ਨਾਲ ਰਾਬਤਾ ਬਣਾ ਕੇ ਕਵੀ ਦੀਆਂ ਧੀਆਂ ਬਾਰੇ ਪੁੱਛਿਆ ਜਾਵੇ? ਮੈਗਜ਼ੀਨ ਦੇ ਸਰਵਰਕ ‘ਤੇ ਛਪੀ ਸੰਪਾਦਕੀ ਮੰਡਲ ਦੀ ਈਮੇਲ ਆਈæਡੀæ ਦੇਖ ਕੇ ਮੇਰੀ ਜਿਗਿਆਸਾ ਹੋਰ ਚਮਕ ਪਈ।
ਸਵਰਗੀ ਸ਼ਹੀਦ ਜੀ ਦੀ ਪਾਕਿਸਤਾਨ ਵਿਚਲੀ ਕਿਸੇ ਪੁਰਾਣੀ ਰਿਹਾਇਸ਼ ਬਾਰੇ ਮੈਨੂੰ ਕੋਈ ਇਲਮ ਨਹੀਂ ਸੀ। ਇਸ ਲਈ ਰੋਮਨ ਅੱਖਰਾਂ ਵਿਚ ਅਟੇ-ਸਟੇ ਹੀ ਉਨ੍ਹਾਂ ਦਾ ਸੰਕੋਚਵਾਂ ਜਿਹਾ ਵੇਰਵਾ ਲਿਖ ਕੇ, ਮੈਂ ਸੰਪਾਦਕ ਜੀ ਨੂੰ ਪੁੱਛਿਆ ਕਿ ਆਪਣੇ ਬਾਪ ਨਾਲੋਂ ਵਿਛੜ ਜਾਣ ਬਾਅਦ ਉਨ੍ਹਾਂ ਕੁੜੀਆਂ ਦੀ ਕਿਤਿਉਂ ਕੋਈ ਉੱਘ-ਸੁੱਘ ਨਿਕਲੀ, ਜਾਂ ਉਹ ਵਿਚਾਰੀਆਂ ਵੀ ਰੌਲੇ ਗੌਲੇ ‘ਚ ਤਹਿ-ਤੇਗ ਹੋ ਗਈਆਂ? ਕੁਝ ਸਤਰਾਂ ਲਿਖ ਕੇ ਈਮੇਲ ਭੇਜ ਦਿੱਤੀ।
ਅੱਠਾਂ ਦਸਾਂ ਦਿਨਾਂ ਬਾਅਦ ਮੈਨੂੰ ਈਮੇਲ ਦਾ ਜਵਾਬ ਆ ਗਿਆ। ਮੋੜਵੀਂ ਈਮੇਲ ਵਿਚ ਉਸ ਮੈਗਜ਼ੀਨ ਦੇ ਸੰਪਾਦਕ ਨੇ ਕੁਝ ਅਜਿਹਾ ਵੇਰਵਾ ਲਿਖਿਆ ਹੋਇਆ ਸੀ, “ਜਨਾਬæææਸਿੰਘ, ਆਪ ਕੇ ਖ਼ਤ ਕਾ ਜਵਾਬ ਲਿਖਨੇ ਮੇਂ ਦੇਰੀ ਕਾ ਸਬੱਬ ਯਿਹ ਹੂਆ ਕਿ ਮੇਰੀ ਬੀਵੀæææਬੇਗਮ ਕਾ ਇੰਤਕਾਲ (ਮੌਤ) ਹੋ ਗਯਾ ਥਾ। ਜਿਸ ਦਿਨ ਆਪ ਕਾ ਖਤ ਮਾਸੂਲ ਹੂਆ, ਉਸੀ ਦਿਨ ਉਸੇ ਸਪੁਰਦ-ਏ-ਖਾਕ ਕੀਆ ਗਯਾ ਥਾ। ਆਪ ਕੋ ਵਾਜ਼ਿਆ ਕਰਦੂੰ ਕਿ ਸਰਦਾਰ ਚਰਨ ਸਿੰਘ ‘ਸ਼ਹੀਦ’ ਕੀ ਜਿਨ ਬੇਟੀਉਂ ਕੇ ਬਾਰੇ ਮੇਂ ਆਪ ਨੇ ਇਤਲਾਹ ਮਾਂਗੀ ਹੈ, ਉਨ ਮੇਂ ਸੇ ਏਕ ਮੇਰੀ ਬੀਵੀ ਥੀ। ਜਿਸ ਕਾ ਪਹਲਾ ਨਾਮæææਕੌਰ ਥਾæææਵੋਹ ਭੀ ਕਭੀ-ਕਭਾਰ ਗਜ਼ਲ ਵਗੈਰਾ ਲਿਖ ਲੇਤੀ ਥੀæææ।”

Be the first to comment

Leave a Reply

Your email address will not be published.