ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਤਿੰਨ ਮੁਲਜ਼ਮ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਉਰਾ ਤੇ ਜਗਤਾਰ ਸਿੰਘ ਤਾਰਾ ਵੱਲੋਂ ਜਨਵਰੀ 2004 ਵਿਚ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਫ਼ਰਾਰ ਹੋਣ ਦੇ ਮਾਮਲੇ ਵਿਚ ਅਦਾਲਤ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਚੁੱਕੇ ਹਨ।
ਯੂæਟੀæ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਅਨੁਭਵ ਸ਼ਰਮਾ ਨੇ ਜੇਲ੍ਹ ਬਰੇਕ ਕੇਸ ਲਈ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਉਤੇ ਉਂਗਲ ਉਠਾਉਂਦਿਆਂ ਕਿਹਾ ਹੈ ਕਿ ਪੁਲਿਸ ਨੇ ਘਟਨਾ ਵਾਪਰਨ ਤੋਂ ਪਹਿਲਾਂ ਤੇ ਬਾਅਦ ਵਿਚ ਅੱਖਾਂ ਬੰਦ ਕਰੀ ਰੱਖੀਆਂ ਸਨ।
ਪੁਲਿਸ ਨੇ ਮਾਮਲੇ ਦੀ ਜਾਂਚ ਬਹੁਤ ਗ਼ੈਰ-ਜ਼ਿੰਮੇਵਾਰਾਨਾ ਢੰਗ ਨਾਲ ਕੀਤੀ ਤੇ ਗ਼ਲਤ ਤੱਥ ਰਲਗੱਡ ਕਰੀ ਰੱਖੇ। ਅਦਾਲਤ ਵੱਲੋਂ 11 ਅਗਸਤ ਨੂੰ 123 ਪੰਨਿਆਂ ਦਾ ਫ਼ੈਸਲਾ ਸੁਣਾਇਆ ਗਿਆ ਸੀ। ਅਦਾਲਤ ਨੇ ਕਿਹਾ ਹੈ ਕਿ ਪੁਲਿਸ ਅਫ਼ਸਰ ਇਕ-ਦੂਜੇ ਉੱਤੇ ਜ਼ਿੰਮੇਵਾਰੀ ਪਾਉਣ ਵਿਚ ਉਲਝੇ ਰਹੇ, ਜਦੋਂਕਿ ਸੁਰੰਗ ਪੁੱਟੇ ਜਾਣ ਦੀ ਸੂਚਨਾ ਮਿਲਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਮੁਲਜ਼ਮਾਂ ਨੇ ਜੇਲ੍ਹ ਦੀ ਬੈਰਕ ਵਿਚ ਲੱਗੀ ਗਰਿੱਲ ਦੇ ਅੱਗੇ ਪਰਦੇ ਲਾ ਰੱਖੇ ਸਨ। ਬੈਰਕ ਵਿਚੋਂ ਮਿੱਟੀ ਦੇ ਭਰੇ 40 ਥੈਲੇ ਵੀ ਮਿਲੇ ਸਨ। ਇਸ ਤੋਂ ਬਿਨਾਂ ਕਾਫ਼ੀ ਲੰਮਾ ਕੱਪੜਾ ਵੀ ਮਿਲਿਆ ਸੀ। ਉਹ ਬਾਹਰਲੀ ਕੰਧ ਤੱਕ ਪੁੱਟੀ ਸੁਰੰਗ ਵਿਚ 50 ਫੁੱਟ ਤੱਕ ਰੀਂਗ ਕੇ ਗਏ ਸਨ। ਉਥੇ ਮਿਲੀਆਂ ਕਮੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਕੱਪੜੇ ਵੀ ਬਦਲੇ ਸਨ। ਫ਼ਰਾਰ ਹੋਣ ਦੀ ਰਾਤ ਉਨ੍ਹਾਂ ਦੀ ਬੈਰਕ ਵਿਚ ਤੜਕੇ ਤਿੰਨ ਵਜੇ ਤੱਕ ਟੀæਵੀæ ਚੱਲਦਾ ਰਿਹਾ ਸੀ, ਜਦੋਂਕਿ ਭੱਜਣ ਦਾ ਪਤਾ ਸਵੇਰੇ ਸਵਾ ਅੱਠ ਵਜੇ ਲੱਗਿਆ ਸੀ। ਜੇਲ੍ਹ ਸੁਪਰਡੈਂਟ ਤੋਂ ਲੈ ਕੇ ਬੈਰਕ ਵਾਰਡਨ ਤੱਕ ਸਭ ਇਕ-ਦੂਜੇ ਉਤੇ ਜ਼ਿੰਮੇਵਾਰੀ ਪਾ ਕੇ ਆਪ ਬਚਦੇ ਰਹੇ ਹਨ।
ਜੇਲ੍ਹ ਬਰੇਕ ਕੇਸ ਦੇ ਮੁੱਖ ਸਾਜ਼ਿਸ਼ਕਾਰ ਨਰੈਣ ਸਿੰਘ ਚੌਰਾ ਨੂੰ ਜੇਲ੍ਹ ਵਿਚੋਂ ਫ਼ਰਾਰ ਹੋਣ ਦੇ ਦਿਨ ਸਿਰਫ਼ ਬਿਜਲੀ ਕੱਟਣ ਦਾ ਕੰਮ ਦਿੱਤਾ ਗਿਆ ਸੀ। ਪੁਲਿਸ ਕੋਲ ਫੋਨਾਂ ਦਾ ਅਜਿਹਾ ਕੋਈ ਰਿਕਾਰਡ ਨਹੀਂ ਜਿਸ ਵਿਚ ਉਨ੍ਹਾਂ ਦੀ ਗੱਲਬਾਤ ਹੋਣ ਦਾ ਸਬੂਤ ਪੇਸ਼ ਕੀਤਾ ਗਿਆ ਹੋਵੇ। ਉਸ ਨੂੰ ਗ੍ਰਿਫਤਾਰ ਕਰਨ ਸਮੇਂ ਉਸ ਤੋਂ ਸੈੱਲ ਫੋਨ ਬਰਾਮਦ ਹੋਇਆ ਸੀ ਪਰ ਪੁਲਸ ਇਹ ਦੱਸਣ ਵਿਚ ਅਸਫ਼ਲ ਰਹੀ ਕਿ ਗੱਲ ਕਿਸ ਨਾਲ ਚੱਲਦੀ ਸੀ। ਅਦਾਲਤ ਨੇ ਫ਼ੈਸਲੇ ਦੇ ਅੰਤ ਵਿਚ ਕਿਹਾ ਹੈ ਕਿ ਸਰਕਾਰੀ ਧਿਰ ਇਸ ਵੱਡੀ ਸਾਜ਼ਿਸ਼ ਨੂੰ ਸਾਬਤ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੀ।
_____________________________________
ਅਗਾਊਂ ਜਾਣਕਾਰੀ ਦੇ ਬਾਵਜੂਦ ਮੀਟੀ ਰੱਖੀਆਂ ਅੱਖਾਂ
ਚੰਡੀਗੜ੍ਹ ਪੁਲਿਸ ਨੂੰ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਉਰਾ ਤੇ ਜਗਤਾਰ ਸਿੰਘ ਤਾਰਾ ਦੀ ਬੈਰਕ ਨੰਬਰ ਸੱਤ ਵਿਚੋਂ ਮਿੱਟੀ ਬਾਹਰ ਕੱਢ ਕੇ ਜੇਲ੍ਹ ਅੰਦਰਲੇ ਗੁਰਦੁਆਰੇ ਨੇੜੇ ਸੁੱਟਣ ਦੀ ਇਤਲਾਹ ਵੀ ਮਿਲ ਗਈ ਸੀ ਪਰ ਪੁਲਿਸ ਜੇਲ੍ਹ ਅਧਿਕਾਰੀਆਂ ਵੱਲੋਂ ਅਜਿਹਾ ਕੁਝ ਨਾ ਵਾਪਰਨ ਦੀ ਸੂਚਨਾ ਦੇਣ ਉਤੇ ਚੁੱਪ ਬੈਠ ਗਈ ਸੀ। ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜਾਂਚ ਲਈ ਟੀਮਾਂ ਦਾ ਗਠਨ ਤਾਂ ਜ਼ਰੂਰ ਕੀਤਾ ਸੀ ਪਰ ਆਪ ਕਦੇ ਅਦਾਲਤ ਵਿਚ ਆਉਣ ਦੀ ਖੇਚਲ ਨਹੀਂ ਕੀਤੀ। ਅਦਾਲਤ ਨੇ ਪਰਮਜੀਤ ਸਿੰਘ ਭਿਉਰਾ ਦੇ ਉਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਜੇਲ੍ਹ ਵਿਚੋਂ ਫ਼ਰਾਰ ਹੋਣ ਦੀ ਯੋਜਨਾ ਨਵੰਬਰ 2002 ਵਿਚ ਘੜੀ ਜਾ ਚੁੱਕੀ ਸੀ।
_______________________________________
ਤਾਰਾ ਵੱਲੋਂ ਬੇਅੰਤ ਸਿੰਘ ਕਤਲ ਕੇਸ ਲੜਨ ਤੋਂ ਵੀ ਨਾਂਹ
ਚੰਡੀਗੜ੍ਹ: ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ ਨੇ ਅਦਾਲਤੀ ਲੜਾਈ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੇ ਜੇਲ੍ਹ ਬਰੇਕ ਕੇਸ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜਗਤਾਰ ਸਿੰਘ ਤਾਰਾ ਦੇ ਵਕੀਲ ਸਿਮਰਜੀਤ ਸਿੰਘ ਨੇ ਉਸ ਨਾਲ ਜੇਲ੍ਹ ਵਿਚ ਮੁਲਾਕਾਤ ਕੀਤੀ। ਵਕੀਲ ਮੁਤਾਬਕ ਮੁਲਜ਼ਮ ਨੇ ਸਪਸ਼ਟ ਕਿਹਾ ਹੈ ਕਿ ਉਹ ਬੇਅੰਤ ਸਿੰਘ ਕਤਲ ਕੇਸ ਵਿਚ ਅਦਾਲਤੀ ਲੜਾਈ ਲੜਨ ਦੇ ਹੱਕ ਵਿਚ ਨਹੀਂ ਹੈ। ਮੁਲਜ਼ਮ ਦਾ ਕਹਿਣਾ ਹੈ ਕਿ ਬੇਅੰਤ ਸਿੰਘ ਕਤਲ ਕੇਸ ਦੀ ਪਹਿਲਾਂ ਚੱਲੀ ਸੁਣਵਾਈ ਵੇਲੇ ਉਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਦਾ ਭਾਰਤ ਦੇ ਕਾਨੂੰਨ ਵਿਚ ਵਿਸ਼ਵਾਸ ਨਹੀਂ ਹੈ ਤੇ ਉਹ ਅੱਜ ਵੀ ਆਪਣੇ ਬਿਆਨਾ ‘ਤੇ ਕਾਇਮ ਹੈ ਜਦੋਂ ਪਹਿਲਾਂ ਇਹ ਕੇਸ ਚੱਲ ਰਿਹਾ ਸੀ ਤਾਂ ਜਗਤਾਰ ਸਿੰਘ ਤਾਰਾ ਜੇਲ੍ਹ ਵਿਚੋਂ ਭੱਜ ਗਿਆ ਸੀ ਤੇ ਉਸ ਦੀ ਗ਼ੈਰਹਾਜ਼ਰੀ ਵਿਚ ਕੇਸ ਦਾ ਫ਼ੈਸਲਾ ਸੁਣਾ ਦਿੱਤਾ ਗਿਆ ਸੀ।