ਭਾਰਤ-ਪਾਕਿਸਤਾਨ ਸਰਹੱਦ ਉਤੇ ਗੂੰਜੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ

ਅਟਾਰੀ: ਹਿੰਦ-ਪਾਕਿ ਦੋਸਤੀ ਮੰਚ ਵੱਲੋਂ ਫੋਕਲੋਰ ਰਿਸਰਚ ਅਕਾਦਮੀ ਤੇ ਪੰਜਾਬ ਜਾਗਰਤੀ ਮੰਚ ਸਮੇਤ ਹੋਰ ਹਮਖ਼ਿਆਲ ਜਥੇਬੰਦੀਆਂ ਦੇ ਸਹਿਯੋਗ 20ਵਾਂ ਹਿੰਦ-ਪਾਕਿ ਪੰਜਾਬੀ ਦੋਸਤੀ ਮੇਲਾ ਮਨਾਇਆ ਗਿਆ। ਇਸ ਮੌਕੇ ਖਾਸ ਗੱਲ ਇਹ ਰਹੀ ਕਿ ਭਾਰਤ ਵੱਲੋਂ ਪੁੱਜੇ ਲੋਕਾਂ ਨੇ ਸਰਹੱਦ ਵਿਖੇ ‘ਬੋਲੇ ਸੌ ਨਿਹਾਲ’ ਦੇ ਜੈਕਾਰੇ ਲਾਏ ਤਾਂ ਪਾਕਿਸਤਾਨੀ ਲੋਕਾਂ ਨੇ ਇਸਦਾ ਜਵਾਬ ‘ਸਤਿ ਸ੍ਰੀ ਅਕਾਲ’ ਬੋਲ ਕੇ ਦਿੱਤਾ।

ਅਟਾਰੀ-ਵਾਹਗਾ ਸਰਹੱਦ ਉਤੇ ਦੋਵਾਂ ਮੁਲਕਾਂ ਵਿਚਕਾਰ ਦੋਸਤੀ ਦੇ ਹਮਾਇਤੀਆਂ ਵੱਲੋਂ ਮੋਮਬੱਤੀਆਂ ਬਾਲ ਕੇ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਨੂੰ ਮੁੜ ਸੁਰਜੀਤ ਕਰਨ, ਖਿੱਤੇ ਵਿਚ ਅਮਨ-ਸ਼ਾਂਤੀ ਤੇ ਦੋਸਤੀ ਦਾ ਸੁਨੇਹਾ ਦਿੱਤਾ। ਇਸ ਵਾਰ ਵੀ ਪਾਕਿਸਤਾਨ ਵਾਲੇ ਪਾਸਿਉਂ ਸਾਫਮਾ ਦੇ ਸਕੱਤਰ ਜਨਰਲ ਇਮਤਿਆਜ਼ ਆਲਮ, ਸਈਦਾ ਦੀਪ ਤੇ ਸਰਮਤ ਮਨਜੂਰ ਦੀ ਅਗਵਾਈ ਹੇਠ ਤੇ ਭਾਰਤ ਵਾਲੇ ਪਾਸਿਉਂ ਕੌਮਾਂਤਰੀ ਅਟਾਰੀ ਸਰਹੱਦ ਵਿਖੇ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਪ੍ਰਧਾਨ ਰਾਮੇਸ਼ ਯਾਦਵ ਤੇ ਦੀਪਕ ਬਾਲੀ ਦੀ ਅਗਵਾਈ ਹੇਠ ਪੱਛਮੀ ਬੰਗਾਲ ਤੋਂ ਸੰਸਦ ਮੈਂਬਰ ਮੁਹੰਮਦ ਸਲੀਮ, ਮੁੰਬਈ ਤੋਂ ਉੱਘੇ ਪੱਤਰਕਾਰ ਜਤਿਨ ਦੇਸਾਈ ਸਮੇਤ ਦੋਵਾਂ ਮੁਲਕਾਂ ਦੇ ਸਾਫ਼ਮਾ ਮੈਂਬਰਾਂ, ਉੱਘੇ ਸਿਆਸਤਦਾਨਾਂ ਤੇ ਬੁੱਧੀਜੀਵੀਆਂ ਦੀ ਹਾਜ਼ਰੀ ਵਿਚ ਮੋਮਬੱਤੀਆਂ ਜਗਾ ਕੇ ਦੋਵਾਂ ਮੁਲਕਾਂ ਵਿਚਕਾਰ ਅਮਨ-ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ।
ਅਟਾਰੀ-ਵਾਹਗਾ ਸਰਹੱਦ ਵਿਖੇ ਪੁੱਜੇ ਦੋਵਾਂ ਮੁਲਕਾਂ ਦੇ ਹਮਖ਼ਿਆਲੀ ਲੋਕਾਂ ਨੂੰ ਭਾਰਤ ਵਾਲੇ ਪਾਸਿਉਂ ਸਤਨਾਮ ਸਿੰਘ ਮਾਣਕ ਤੇ ਪਾਕਿਸਤਾਨ ਵਾਲੇ ਪਾਸਿਉਂ ਜਨਾਬ ਇਮਤਿਆਜ਼ ਆਲਮ ਨੇ ਇਕ ਦੂਸਰੇ ਨੂੰ ਆਵਾਜ਼ ਦੇ ਕੇ ਦੋਵਾਂ ਮੁਲਕਾਂ ਦੇ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਕੌਮਾਂਤਰੀ ਸਰਹੱਦ ਦੇ ਗੇਟਾਂ ਉਤੇ ਪਹੁੰਚੇ ਦੋਵਾਂ ਮੁਲਕਾਂ ਦੇ ਲੋਕਾਂ ਨੇ ਜ਼ੋਰ-ਸ਼ੋਰ ਨਾਲ ‘ਹਿੰਦ-ਪਾਕਿ ਦੋਸਤੀ’ ਜ਼ਿੰਦਾਬਾਦ, ਅਤਿਵਾਦ ਖ਼ਿਲਾਫ਼ ਦੋਵਾਂ ਸਰਕਾਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ, ਦੋਵਾਂ ਮੁਲਕਾਂ ਦੇ ਲੋਕਾਂ ਨੂੰ ਆਪਸ ਵਿਚ ਮਿਲਾਉਣ ਲਈ ਖੁੱਲ੍ਹੇ ਵੀਜ਼ੇ ਦੇਣ ਲਈ ਨਾਅਰੇ ਲਗਾ ਕੇ ਅਪੀਲ ਕੀਤੀ।
________________________________
ਦੋਵਾਂ ਮੁਲਕਾਂ ਨੂੰ ਮਿਲੇ ਕੇ ਅਤਿਵਾਦ ਦੇ ਟਾਕਰੇ ਦਾ ਸੱਦਾ
ਤੇਰਾਂ ਸੂਤਰੀ ਪ੍ਰਸਤਾਵਿਤ ਐਲਾਨਨਾਮੇ ਵਿਚ ਆਪਸੀ ਸਾਂਝ ਨੂੰ ਬਹਾਲ ਕਰਨ ਲਈ ਲੋੜੀਂਦੇ ਉੱਦਮ ਜ਼ਾਹਰ ਕੀਤੇ। ਇਸ ਐਲਾਨਨਾਮੇ ਅਨੁਸਾਰ ਦੇਸ਼ ਦੀ ਵੰਡ ਮੌਕੇ ਹੋਈ ਫਿਰਕੂ ਹਿੰਸਾ ਦੌਰਾਨ ਮਾਰੇ ਗਏ ਦਸ ਲੱਖ ਲੋਕਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਅਜੋਕੇ ਸਮੇਂ ਵਿਚ ਦੋਵਾਂ ਦੇਸ਼ਾਂ ਵਿਚ ਅਤਿਵਾਦ ਨੂੰ ਬੜਾਵਾ ਦੇਣ ਵਾਲੀਆਂ ਤਾਕਤਾਂ ਦੀ ਪੁਰਜ਼ੋਰ ਨਿੰਦਾ ਕੀਤੀ। ਆਪਸੀ ਵਪਾਰ ਨੂੰ ਵਾਧਾ ਦੇਣ ਲਈ ਖੁੱਲਦਿਲੀ ਵਿਖਾਉਣ, ਲਾਹੌਰ ਤੇ ਅੰਮ੍ਰਿਤਸਰ ਵਿਚ ਵੀਜ਼ਾ ਕੇਂਦਰ ਖੋਲ੍ਹਣ ਤੇ ਕਸ਼ਮੀਰ ਸਮੇਤ ਸਮੂਹ ਦੁਵੱਲੇ ਮਸਲੇ ਗੱਲਬਾਤ ਰਾਹੀਂ ਸੁਲਝਾਉਣ ਦੀ ਅਪੀਲ ਕੀਤੀ ਗਈ। ਅਮਨ ਦੀਆਂ ਹਮਾਇਤੀ ਜਥੇਬੰਦੀਆਂ ਵੱਲੋਂ ਇਥੇ ਪੰਜਾਬ ਨਾਟਸ਼ਾਲਾ ਵਿਖੇ ਸੈਮੀਨਾਰ ਦੌਰਾਨ ਕੌਮਾਂਤਰੀ ਅਤਿਵਾਦ ਦੀ ਚੁਣੌਤੀ ਮੂਹਰੇ ਦੱਖਣੀ ਏਸ਼ੀਆਈ ਮੁਲਕਾਂ ਦੀ ਭੂਮਿਕਾ ‘ਤੇ ਚਰਚਾ ਹੋਈ।