ਤਰਨਤਾਰਨ: ਪੌਂਗ ਡੈਮ ਤੇ ਭਾਖੜਾ ਹੈੱਡ ਵਰਕਸ ਤੋਂ ਸਤਲੁਜ ਤੇ ਬਿਆਸ ਦਰਿਆ ਵਿਚ ਦਿਨ-ਬ-ਦਿਨ ਵਾਧੂ ਛੱਡੇ ਜਾ ਰਹੇ ਪਾਣੀ ਕਾਰਨ ਤਰਨਤਾਰਨ ਜ਼ਿਲ੍ਹੇ ਵਿਚ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਵਿਚ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਹੜ੍ਹ ਦੇ ਪਾਣੀ ਨਾਲ ਇਲਾਕੇ ਵਿਚ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ।
ਹੜ੍ਹਾਂ ਕਾਰਨ ਉਨ੍ਹਾਂ ਦੀਆਂ ਫਸਲਾਂ ਤੇ ਹਰਾ ਚਾਰਾ ਤਬਾਹ ਹੋ ਚੁੱਕਾ ਹੈ।
ਸਤਲੁਜ ਤੇ ਬਿਆਸ ਦਰਿਆਵਾਂ ਵਿਚ ਲੱਗੇ ਐਡਵਾਂਸ ਬੰਨ੍ਹ ਕਈ ਥਾਵਾਂ ਤੋਂ ਟੁੱਟਣ ਕਾਰਨ ਫਸਲਾਂ ਦੀ ਭਾਰੀ ਤਬਾਹੀ ਹੋਈ ਹੈ। ਕਿਸਾਨਾਂ ਤਾਂ ਆਪਣੇ ਯਤਨਾਂ ਨਾਲ ਇਨ੍ਹਾਂ ਐਡਵਾਂਸ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਸਨ ਪਰ ਦਰਿਆਵਾਂ ਵਿਚ ਪਾਣੀ ਘਟਣ ਨਾਲ ਐਡਵਾਂਸ ਬੰਨ੍ਹਾਂ ਵਿਚ ਪਾੜ ਪੈਂਦੇ ਜਾ ਰਹੇ ਹਨ। ਦੋਵੇਂ ਦਰਿਆਵਾਂ ਨੇੜਲੀ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਦੀ ਹੁਣ ਤੱਕ 35 ਹਜ਼ਾਰ ਏਕੜ ਫਸਲ ਪਾਣੀ ਵਿਚ ਡੁੱਬ ਚੁੱਕੀ ਹੈ।
ਕਿਸਾਨ ਹੜ੍ਹ ਦੀ ਮਾਰ ਹੇਠ ਆਈਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਲੋਹੀਆਂ ਇਲਾਕੇ ਵਿਚ ਪਿੰਡ ਦਾਰੇਵਾਲ ਤੇ ਮੰਨੋਮਾਛੀ ਨੇੜੇ ਲੱਗੇ ਐਡਵਾਂਸ ਬੰਨ੍ਹ ਟੁੱਟਣ ਨਾਲ ਇਸ ਇਲਾਕੇ ਵਿਚ ਪਾਣੀ ਭਰ ਗਿਆ। ਸਤਲੁਜ ਦਰਿਆ ਦੇ ਪਾਣੀ ਨੇ ਤਕਰੀਬਨ 10 ਹਜ਼ਾਰ ਏਕੜ ਫਸਲ ਤਬਾਹ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਸੀ ਕੋਈ ਸਰਕਾਰੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਇਸੇ ਤਰ੍ਹਾਂ ਜਮਾਲੀਵਾਲ, ਸ਼ਾਹਵਾਲ, ਇੰਦਰਪੁਰ, ਰਾਮਗੜ੍ਹ, ਟਿੱਬੀ ਤੇ ਤਕੀਆ ਆਦਿ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਦੀ ਫਸਲ ਵੀ ਤਬਾਹ ਹੋ ਗਈ ਹੈ। ਸਤਲੁਜ ਦਰਿਆ ਕਿਨਾਰੇ ਵੱਸੇ ਪਿੰਡਾਂ ਵਿਚੋਂ ਬੇਸ਼ੱਕ ਪਾਣੀ ਉਤਰ ਗਿਆ ਹੈ ਪਰ ਪਾਣੀ ਕਈ ਦਿਨ ਖੜ੍ਹੇ ਰਹਿਣ ਕਾਰ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ।
ਖੇਤੀਬਾੜੀ ਵਿਭਾਗ ਦੀ ਰਿਪੋਰਟ ਅਨੁਸਾਰ ਇਲਾਕੇ ਦੇ ਦੋ ਦਰਜਨ ਪਿੰਡਾਂ ਵਿਚ ਹੜ੍ਹਾਂ ਨਾਲ ਤਕਰੀਬਨ ਢਾਈ ਹਜ਼ਾਰ ਏਕੜ ਰਕਬੇ ਵਿਚ ਖੜ੍ਹੀ ਫਸਲ ਖ਼ਰਾਬ ਹੋ ਗਈ ਹੈ ਜਿਸ ਵਿਚ ਮੁੱਖ ਤੌਰ ਉਤੇ ਮੱਕੀ, ਝੋਨਾ, ਹਰਾ ਚਾਰਾ ਤੇ ਪਾਪੂਲਰ ਦੀ ਫਸਲ ਸ਼ਾਮਲ ਸੀ। ਦੱਸਣਾ ਬਣਦਾ ਹੈ ਕਿ ਜਿਥੇ ਖੇਤੀਬਾੜੀ ਵਿਭਾਗ ਦੀ ਰਿਪੋਰਟ ਅਨੁਸਾਰ ਬਲਾਕ ਸ੍ਰੀ ਆਨੰਦਪੁਰ ਸਾਹਿਬ ਵਿਚ ਢਾਈ ਹਜ਼ਾਰ ਏਕੜ ਫਸਲ ਹੜ੍ਹ ਦੇ ਪਾਣੀ ਨਾਲ ਤਬਾਹ ਹੋਈ ਹੈ ਉੱਥੇ ਹੀ ਦੂਜੇ ਪਾਸੇ ਐਸ਼ਡੀæਐਮæ ਅਮਰਜੀਤ ਬੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ 120 ਏਕੜ ਰਕਬੇ ਵਿਚ ਪਾਣੀ ਘੁੰਮਿਆ ਹੈ। ਕਿਸਾਨਾਂ ਨੇ ਕਿਹਾ ਕਿ ਹਰ ਸਾਲ ਹੜ੍ਹਾਂ ਨਾਲ ਮੰਡ ਖੇਤਰ ਦੇ ਲੋਕਾਂ ਦਾ ਕਰੋੜਾਂ ਰੁਪਿਆਂ ਦਾ ਨੁਕਸਾਨ ਹੁੰਦਾ ਹੈ, ਪਰ ਸਰਕਾਰ ਵੱਲੋਂ ਮਾਮੂਲੀ ਮੁਆਵਜ਼ਾ ਦੇ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਕੋਈ ਠੋਸ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਪਿੰਡ ਦੇ ਸਮੂਹ ਲੋਕਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਇਹ ਮੰਗ ਕੀਤੀ ਕਿ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਧੂੰਦਾ ਤੋਂ ਲੈ ਕੇ ਗੁਜਰਪੁਰਾ, ਧੁੰਨ ਢਾਏ ਵਾਲਾ ਤੱਕ ਧੁੱਸੀ ਬੰਨ ਬਣਾਇਆ ਜਾਵੇ ਤਾਂ ਕਿ ਦਰਿਆ ਵਿਚ ਹੜ੍ਹ ਆਉਣ ਕਾਰਨ ਲੋਕਾਂ ਦਾ ਹਰ ਸਾਲ ਨੁਕਸਾਨ ਨਾ ਹੋਵੇ।
______________________________________
ਕੇਂਦਰ ਨੇ ਪੰਜਾਬ ਦੇ ਪੰਜ ਪ੍ਰਾਜੈਕਟਾਂ ਦੀ ਪ੍ਰਵਾਨਗੀ ਰੋਕੀ
ਬਠਿੰਡਾ: ਕੇਂਦਰ ਸਰਕਾਰ ਨੇ ਪੰਜਾਬ ਦੇ ਪੰਜ ਫਲੱਡ ਮੈਨੇਜਮੈਂਟ ਪ੍ਰਾਜੈਕਟਾਂ ਦੀ ਪ੍ਰਵਾਨਗੀ ਰੋਕ ਲਈ ਹੈ ਜਦੋਂਕਿ ਇਕ ਪ੍ਰੋਜੈਕਟ ਰੱਦ ਕਰ ਦਿੱਤਾ ਹੈ। ਕੇਂਦਰ ਨੇ ਇਨ੍ਹਾਂ ਪੰਜ ਫਲੱਡ ਪ੍ਰੋਜੈਕਟਾਂ ‘ਤੇ ਇਤਰਾਜ਼ ਲਗਾ ਦਿੱਤੇ ਹਨ। ਪੰਜਾਬ ਸਰਕਾਰ ਦੇ 528 ਕਰੋੜ ਰੁਪਏ ਦੇ ਫਲੱਡ ਮੈਨੇਜਮੈਂਟ ਪ੍ਰਾਜੈਕਟ ਕੇਂਦਰ ਕੋਲ ਫਸ ਗਏ ਹਨ। ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨੂੰ ਕੇਂਦਰ ਸਰਕਾਰ ਨੇ ਛੇ ਫਲੱਡ ਪ੍ਰੋਜੈਕਟਾਂ ਲਈ 1181 ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਹਨ। ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਤਰਫੋਂ ਕੇਂਦਰੀ ਜਲ ਕਮਿਸ਼ਨ ਕੋਲ 10 ਫਲੱਡ ਮੈਨੇਜਮੈਂਟ ਪ੍ਰੋਜੈਕਟ ਭੇਜੇ ਗਏ ਸਨ ਤੇ ਇਨ੍ਹਾਂ ਵਾਸਤੇ 720æ73 ਕਰੋੜ ਰੁਪਏ ਦੇ ਫੰਡ ਮੰਗੇ ਗਏ ਸਨ। ਕੇਂਦਰੀ ਜਲ ਸਰੋਤ ਮੰਤਰਾਲੇ ਨੇ ਇਨ੍ਹਾਂ ਵਿਚੋਂ ਚਾਰ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ, ਜੋ ਕਿ 180æ37 ਕਰੋੜ ਰੁਪਏ ਦੇ ਹਨ, ਜਦੋਂਕਿ 11æ67 ਕਰੋੜ ਰੁਪਏ ਦਾ ਇਕ ਪ੍ਰੋਜੈਕਟ ਰੱਦ ਕਰ ਦਿੱਤਾ ਹੈ ਤੇ ਪੰਜ ਫਲੱਡ ਪ੍ਰੋਜੈਕਟਾਂ ਦੀ ਪ੍ਰਵਾਨਗੀ ਕੇਂਦਰ ਨੇ ਰੋਕੀ ਹੋਈ ਹੈ, ਜੋ ਕਿ 528æ69 ਕਰੋੜ ਰੁਪਏ ਦੇ ਹਨ।