ਈਸੜੂ ਸ਼ਹੀਦੀ ਜੋੜ ਮੇਲੇ ਵਿਚ ਚੱਲੇ ਸਿਆਸੀ ਤੀਰ

ਖੰਨਾ: ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਮਨਾਏ ਗਏ ਸ਼ਹੀਦੀ ਜੋੜ ਮੇਲੇ ਮੌਕੇ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਇਕ-ਦੂਜੇ ਨੂੰ ਖੂਬ ਰਗੜੇ ਲਾਏ। ਇਸ ਮੌਕੇ ਅਕਾਲੀ ਦਲ ਬਾਦਲ, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਮਾਨ ਅਤੇ ਸੀæਪੀæਆਈæ, ਸੀæਪੀæਐਮæ ਨੇ ਸ਼ਹੀਦੀ ਕਾਨਫਰੰਸਾਂ ਕੀਤੀਆਂ। ਅਕਾਲੀ ਦਲ ਬਾਦਲ ਨੇ ਕਾਨਫਰੰਸ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀ, ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਲਿਆਉਣ ਦੀਆਂ ਗੱਲਾਂ ਕਰਦੇ ਹਨ ਜਦੋਂ ਕਿ ਕਾਂਗਰਸ ਉਸ ਦੀ ਅਗਵਾਈ ਵਿਚ ਹੀ ਲਗਾਤਾਰ ਦੋ ਵਾਰ ਹਾਰ ਚੁੱਕੀ ਹੈ। ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਦੇ ਮਰਨ ਵਰਤ ਬਾਰੇ ਸ਼ ਬਾਦਲ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਦਿਵਸ ਨੂੰ ਮਰਨ ਵਰਤ ਲਈ ਚੁਣਿਆ ਗਿਆ। ਉਨ੍ਹਾਂ ਨੇ ਸਿੱਧੂ ਦੇ ਹਲਕੇ ਲਈ ਦਿਲ ਖੋਲ੍ਹ ਕੇ ਫੰਡ ਮੁਹੱਈਆ ਕਰਵਾਏ ਹਨ।
ਜਦੋਂ ਮੁੱਖ ਮੰਤਰੀ ਸ਼ ਬਾਦਲ ਨੇ ਬੋਲਣਾ ਸ਼ੁਰੂ ਹੀ ਕੀਤਾ ਤਾਂ ਪੰਡਾਲ ਦੇ ਅਖੀਰ ਵਿਚ ਬੈਠੇ ਬੇਰੁਜ਼ਗਾਰ ਲਾਈਨਮੈਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਪਰ ਮੌਕੇ ਉਤੇ ਹਾਜ਼ਰ ਪੁਲਿਸ ਕਰਮਚਾਰੀਆਂ ਨੇ ਬਹੁਤ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਨ੍ਹਾਂ ‘ਤੇ ਕਾਬੂ ਪਾ ਲਿਆ ਤੇ ਸਟੇਜ ਤੋਂ ਬਾਹਰ ਖੜ੍ਹੀ ਗੱਡੀ ਵਿਚ ਬੈਠਾ ਕੇ ਲੈ ਗਏ। ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਰਾਜ ਅੰਦਰ ਖੇਤੀਬਾੜੀ ਦਾ ਧੰਦਾ ਖਤਮ ਹੋ ਚੁੱਕਾ ਹੈ ਤੇ ਪੰਜਾਬ ਦੀ ਸਨਅਤ ਬਿਲਕੁੱਲ ਠੱਪ ਹੋ ਚੁੱਕੀ ਹੈ। ਪੰਜਾਬ ਅੰਦਰ ਬੇਰੁਜ਼ਗਾਰੀ ਤੇ ਭੁੱਖਮਰੀ ਵਿਚ ਵਾਧਾ ਹੋ ਰਿਹਾ ਹੈ। ਕਿਸਾਨ ਹਿਤੈਸ਼ੀ ਕਹਾਉਣ ਵਾਲੀ ਬਾਦਲ ਸਰਕਾਰ ਦੇ ਰਾਜ ਵਿਚ ਦੇਸ਼ ਦਾ ਅੰਨਦਾਤਾ ਕਿਸਾਨ ਕਰਜ਼ਾਈ ਹੋ ਕੇ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋ ਚੁੱਕਾ ਹੈ। ਬਾਦਲ ਸਰਕਾਰ ਨੇ ਦੋ ਮਹੀਨੇ ਤੱਕ ਆਉਣ ਵਾਲੀ ਝੋਨੇ ਦੀ ਫਸਲ ਦੀ ਖਰੀਦਦਾਰੀ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਕਿਉਂਕਿ ਅਜੇ ਤੱਕ ਆੜ੍ਹਤੀਆਂ ਨੂੰ ਪਿਛਲੀ ਫਸਲ ਦਾ ਭੁਗਤਾਨ ਹੀ ਨਹੀਂ ਹੋਇਆ ਤੇ ਐਫ਼æਸੀæ ਆਈ ਨੇ ਵੀ ਝੋਨੇ ਦੀ ਫਸਲ ਖਰੀਦਣ ਤੋਂ ਕੋਰਾ ਜੁਆਬ ਦੇ ਦਿੱਤਾ ਹੈ।
ਕੈਪਟਨ ਨੇ ਬਾਦਲ ‘ਤੇ ਵਰ੍ਹਦਿਆਂ ਕਿਹਾ ਕਿ ਬਾਦਲ ਨੇ ਆਪਣੀਆਂ ਤੇ ਆਪਣੇ ਚਹੇਤਿਆਂ ਦੀਆਂ ਤਜੌਰੀਆਂ ਭਰਨ ਦੇ ਸਿਵਾਏ ਹੋਰ ਕੁਝ ਵੀ ਨਹੀਂ ਸੋਚਿਆ। ਉਨ੍ਹਾਂ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਮਜੀਠੀਆ ਨੇ ਆਪਣੇ ਨਿੱਜੀ ਸੁਆਰਥਾਂ ਲਈ ਪੰਜਾਬ ਨੂੰ ਬਰਬਾਦੀ ਵੱਲ ਧੱਕਿਆ ਹੈ। ਹੁਣ ਤਾਂ ਬਾਦਲ ਦੀ ਭਾਈਵਾਲ ਪਾਰਟੀ ਦੇ ਆਗੂ ਵੀ ਬਿਲਕੁੱਲ ਨਿਰਾਸ਼ ਹੋ ਚੁੱਕੇ ਹਨ। ਬਾਦਲ ਵੱਲੋਂ ਪੂਰੇ ਪੰਜਾਬ ਨੂੰ ਵਿਸਾਰ ਕੇ ਸਾਰਾ ਪੈਸਾ ਬਠਿੰਡਾ ਦੇ ਵਿਕਾਸ ਕਾਰਜਾਂ ਲਈ ਵਰਤਿਆ ਜਾ ਰਿਹਾ ਹੈ। ਸ਼ਗਨ ਸਕੀਮ ਪਿਛਲੇ ਚਾਰ ਸਾਲਾਂ ਤੋਂ ਬੰਦ ਪਈ ਹੈ, ਬੁਢਾਪਾ, ਵਿਧਵਾ, ਅੰਗਹੀਣਾਂ ਨੂੰ ਮਿਲਣ ਵਾਲੀ ਪੈਨਸ਼ਨ ਅੱਠ ਮਹੀਨੇ ਤੋਂ ਬੰਦ ਪਈ ਹੈ। ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈਣਾ ਹੀ ਭੁੱਲ ਗਿਆ ਹੈ, ਫਿਰ ਭਵਿੱਖ ਵਿਚ ਉਸ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ‘ਆਪ’ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਸਦ ਮੈਂਬਰ ਭਗਵੰਤ ਸਿੰਘ ਮਾਨ, ਪ੍ਰੋæ ਸਾਧੂ ਸਿੰਘ ਤੇ ਦਿੱਲੀ ਤੋਂ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੋਦੀ ਤੇ ਬਾਦਲ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੁੱਕਰ ਗਈ ਹੈ ਤੇ ਡਾæ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਨਾ ਕਰਕੇ ਕਿਸਾਨਾਂ ਦੀ ਲੁੱਟ ਕਰ ਰਹੀ ਹੈ, ਜਿਸ ਕਾਰਨ ਅੱਜ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਗਿਆ ਹੈ।
____________________________________________
ਖੱਬੀਆਂ ਪਾਰਟੀਆਂ ਵੱਲੋਂ ਸਾਂਝੀ ਕਾਨਫਰੰਸ
ਈਸੜੂ ਵਿਖੇ ਸੀæਪੀæਆਈ ਤੇ ਸੀæਪੀæਆਈæਐਮ ਵੱਲੋਂ ਸਾਂਝੀ ਰਾਜਸੀ ਕਾਨਫਰੰਸ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੀ ਯੂæਪੀæਏæ ਸਰਕਾਰ ਤੋਂ ਬਾਅਦ ਐਨæਡੀæਏ ਸਰਕਾਰ ਨਵ-ਉਦਾਰਵਾਦੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਕੇ ਕਾਰਪੋਰੇਟ ਸੈਕਟਰ ਨੂੰ ਖੁਸ਼ ਕਰ ਰਹੀ ਹੈ। ਮੋਦੀ ਸਰਕਾਰ ਦੇ ਅੱਛੇ ਦਿਨ ਆਉਣ ਦੀ ਬਜਾਏ ਬੁਰੇ ਦਿਨ ਆ ਗਏ ਹਨ। ਮੋਦੀ ਸਰਕਾਰ ਭੂਮੀ ਗ੍ਰਹਿਣ ਕਾਨੂੰਨ ਤੋੜ ਕੇ ਕਿਸਾਨਾਂ ਦੀ ਜੀæਟੀæ ਰੋਡ ਤੇ ਰੇਲਵੇ ਲਾਈਨਾਂ ਦੇ ਨਾਲ ਲੱਗਦੀ ਦੋਵੇਂ ਪਾਸੇ ਜਮੀਨ ਪ੍ਰਾਪਤ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਪੰਜਾਬ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ।