-ਜਤਿੰਦਰ ਪਨੂੰ
ਤੇਰਾਂ ਅਗਸਤ ਨੂੰ ਖਤਮ ਹੋਇਆ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਬਾਕੀ ਦਿਨਾਂ ਨਾਲੋਂ ਬਾਰਾਂ ਅਗਸਤ ਦੀ ਭਾਸ਼ਣਬਾਜ਼ੀ ਲਈ ਲੋਕਾਂ ਨੂੰ ਵੱਧ ਯਾਦ ਆਇਆ ਕਰੇਗਾ। ਇਹ ਇੱਕੋ ਦਿਨ ਸਾਰੇ ਸੈਸ਼ਨ ਦਾ ਹਾਸਲ ਸੀ। ਆਜ਼ਾਦੀ ਤੋਂ ਬਾਅਦ ਇਸ ਦੇਸ਼ ਨੂੰ ਕਿਸ ਤਰ੍ਹਾਂ ਦੀ ਲੀਡਰਸ਼ਿਪ ਨਸੀਬ ਹੋਈ ਹੈ, ਇਸ ਇੱਕੋ ਦਿਨ ਵਿਚ ਉਸ ਦੇ ਕਈ ਨਕਾਬ ਲਹਿੰਦੇ ਗਏ ਤੇ ਅਸਲੀ ਚਿਹਰਾ ਸਾਹਮਣੇ ਆ ਗਿਆ। ਇਹ ਅਸਲ ਚਿਹਰਾ ਬੇਹੂਦਗੀ ਦੀ ਸਿਖਰ ਹੈ।
ਸਾਨੂੰ ਅਫਸੋਸ ਹੈ ਕਿ ਦੇਸ਼ ਦੀ ਆਜ਼ਾਦੀ ਦੀ ਦੋ-ਘੱਟ-ਸੱਤਰਵੀਂ ਵਰ੍ਹੇਗੰਢ ਮਨਾਉਣ ਵੇਲੇ ਸਾਨੂੰ ਇਸ ਤਰ੍ਹਾਂ ਦੇ ਲਫਜ਼ ਵਰਤਣੇ ਪਏ ਹਨ, ਪਰ ਇਸ ਤੋਂ ਬਚਣ ਦਾ ਵੀ ਕੋਈ ਢੰਗ ਨਹੀਂ ਲੱਭ ਸਕਦਾ। ਇਹ ਸੱਚ ਪ੍ਰਵਾਨ ਕਰਨਾ ਹੀ ਪੈਣਾ ਹੈ।
ਪੰਜ ਦਿਨ ਪਾਰਲੀਮੈਂਟ ਵਿਚ ਵਿਰੋਧੀ ਧਿਰ ਨਹੀਂ ਸੀ ਰੜਕ ਰਹੀ, ਕਿਉਂਕਿ ਕਾਂਗਰਸ ਦੇ 44 ਮੈਂਬਰਾਂ ਵਿਚੋਂ ਪੰਝੀ ਸਸਪੈਂਡ ਕੀਤੇ ਗਏ ਸਨ ਅਤੇ ਬਾਕੀ ਬਾਈਕਾਟ ਕਰ ਕੇ ਉਨ੍ਹਾਂ ਦੇ ਨਾਲ ਬਾਹਰ ਜਾ ਬੈਠੇ ਸਨ। ਕਈ ਹੋਰ ਧਿਰਾਂ ਇਸ ਫੈਸਲੇ ਕਾਰਨ ਸਰਕਾਰ ਵਿਰੁਧ ਰੋਸ ਵਜੋਂ ਬਾਹਰ ਜਾ ਬੈਠੀਆਂ ਤੇ ਜਿਨ੍ਹਾਂ ਨੇ ਬਾਹਰ ਬੈਠਣ ਦੀ ਥਾਂ ਅੰਦਰ ਆਪਣੀ ਗੱਲ ਕਹਿਣ ਦਾ ਇਰਾਦਾ ਬਣਾਇਆ ਸੀ, ਉਨ੍ਹਾਂ ਨੂੰ ਵਾਕ-ਆਊਟ ਕਰਨਾ ਪੈ ਗਿਆ ਸੀ। ਪੰਜ ਦਿਨ ਦਾ ਇਹ ਸਮਾਂ ਮੁੱਕਣ ਪਿੱਛੋਂ ਉਹ ਘੜੀ ਆਣ ਪਹੁੰਚੀ, ਜਦੋਂ ਹੁਕਮਰਾਨ ਭਾਰਤੀ ਜਨਤਾ ਪਾਰਟੀ ਤੇ ਵਿਰੋਧੀ ਧਿਰ ਦੀ ਮੁੱਖ ਪਾਰਟੀ ਕਾਂਗਰਸ ਆਹਮੋ-ਸਾਹਮਣੇ ਹੋ ਗਈਆਂ। ਕਾਂਗਰਸ ਨੇ ਵੀ ਲੰਮਾ ਸਮਾਂ ਦੇਸ਼ ਉਤੇ ਰਾਜ ਕੀਤਾ ਹੋਇਆ ਹੈ।
ਮੁੱਦਾ ਸਿਰਫ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਕ੍ਰਿਕਟ ਖੇਤਰ ਦੇ ਸਭ ਤੋਂ ਵੱਡੇ ਘੋਟਾਲੇਬਾਜ਼ ਤੇ ਭਾਰਤ ਤੋਂ ਭਗੌੜੇ ਹੋ ਕੇ ਬਰਤਾਨੀਆ ਵਿਚ ਰਾਜਸੀ ਸ਼ਰਣ ਲਈ ਬੈਠੇ ਲਲਿਤ ਮੋਦੀ ਦੀ ਮਦਦ ਕਰਨ ਦਾ ਸੀ। ਸੁਸ਼ਮਾ ਸਵਰਾਜ ਨੇ ਇਸ ਮਦਦ ਨੂੰ ਮਨੁੱਖੀ ਅਧਾਰ ਉਤੇ ਕੀਤੀ ਗਈ ਆਖ ਕੇ ਪੱਲਾ ਛੁਡਾਉਣਾ ਚਾਹਿਆ, ਪਰ ਸਾਰਾ ਭਾਰਤ ਇਹ ਗੱਲ ਜਾਣਦਾ ਹੈ ਕਿ ਇਹ ਮਦਦ ਮਨੁੱਖੀ ਤੋਂ ਵੱਧ ਕਾਰੋਬਾਰੀ ਸੀ। ਲਲਿਤ ਮੋਦੀ ਨਾਲ ਸੁਸ਼ਮਾ ਦੇ ਪਤੀ ਦੇ ਕਾਰੋਬਾਰੀ ਰਿਸ਼ਤੇ ਵੀਹ ਸਾਲਾਂ ਤੋਂ ਵੱਧ ਪੁਰਾਣੇ ਸਨ ਤੇ ਸੁਸ਼ਮਾ ਦੀ ਧੀ ਬਾਂਸੁਰੀ ਵਕੀਲਾਂ ਦੀ ਉਸ ਟੀਮ ਦਾ ਹਿੱਸਾ ਬਣ ਕੇ ਕੰਮ ਕਰਦੀ ਰਹੀ, ਜਿਹੜੀ ਕਾਨੂੰਨੀ ਟੀਮ ਲਲਿਤ ਮੋਦੀ ਵੱਲੋਂ ਪਾਸਪੋਰਟ ਦਾ ਕੇਸ ਲੜਦੀ ਸੀ। ਲੋਕ ਕਹਿ ਰਹੇ ਹਨ ਬਾਂਸਰੀ ਦੀ ਵਕਾਲਤ ਮਾਂ ਦੀ ਲੀਡਰੀ ਦੇ ਜੈਕ ਆਸਰੇ ਵੱਧ ਚੱਲਦੀ ਹੈ, ਜਿਸ ਕਰ ਕੇ ਪੰਜਾਬ ਸਮੇਤ ਕਈ ਰਾਜ ਉਸ ਕੁੜੀ ਨੂੰ ਆਪਣੇ ਵਕੀਲਾਂ ਦੇ ਪੈਨਲ ਵਿਚ ਪਾਈ ਰੱਖਦੇ ਹਨ। ਇਹ ਸਭ ਕੁਝ ਐਵੇਂ ਨਹੀਂ ਹੋ ਜਾਂਦਾ।
ਰਾਹੁਲ ਗਾਂਧੀ ਨੇ ਇਹ ਗੱਲ ਪਾਰਲੀਮੈਂਟ ਵਿਚ ਦੱਸੀ ਕਿ ਉਸ ਨੂੰ ਸੁਸ਼ਮਾ ਸਵਰਾਜ ਨੇ ਮਿਲ ਕੇ ਪੁੱਛਿਆ ਸੀ ਕਿ ਉਹ ਉਸ ਨਾਲ ਗੁੱਸੇ ਕਿਉਂ ਹੈ? ਏਦਾਂ ਦੀ ਦੋ ਜਣਿਆਂ ਦੀ ਨਿੱਜੀ ਗੱਲ ਓਥੇ ਹੀ ਛੱਡ ਦਿੱਤੀ ਜਾਂਦੀ ਹੈ, ਪਰ ਅਨਾੜੀ ਹੋਣ ਕਾਰਨ ਰਾਹੁਲ ਨੇ ਪਾਰਲੀਮੈਂਟ ਵਿਚ ਆਪਣੇ ਭਾਸ਼ਣ ਉਤੇ ਜ਼ੋਰ ਦੇਣ ਲਈ ਦੱਸ ਦਿੱਤੀ। ਫਿਰ ਉਹ ਸਿੱਧੇ ਗੋਲੇ ਦਾਗਦਾ ਇਹ ਪੁੱਛਣ ਲੱਗ ਪਿਆ ਕਿ ਸੁਸ਼ਮਾ ਜੀ, ਲਲਿਤ ਮੋਦੀ ਤੋਂ ਤੁਸੀਂ ਇਸ ਮਦਦ ਦੇ ਬਦਲੇ ਪੈਸਾ ਕਿੰਨਾ ਵਸੂਲ ਕੀਤਾ ਹੈ? ਤੁਹਾਡੀ ਬੇਟੀ ਨੇ ਕਿੰਨਾ ਪੈਸਾ ਲਲਿਤ ਮੋਦੀ ਤੋਂ ਲਿਆ ਹੈ? ਸੁਸ਼ਮਾ ਸਵਰਾਜ ਦੇ ਪਤੀ ਦੇ ਲਲਿਤ ਨਾਲ ਕੋਈ ਸਿੱਧੇ ਜਾਂ ਅਸਿੱਧੇ ਰਿਸ਼ਤੇ ਵੀ ਪੁੱਛਣ ਲੱਗ ਪਿਆ। ਇਸ ਪਿੱਛੋਂ ਸੁਸ਼ਮਾ ਸਵਰਾਜ ਵੀ ਭੜਕ ਪਈ।
ਜਵਾਬ ਵਿਚ ਸੁਸ਼ਮਾ ਸਵਰਾਜ ਨੇ ਪਹਿਲਾ ਗੋਲਾ ਇਹ ਦਾਗ ਦਿੱਤਾ ਕਿ ਰਾਹੁਲ ਗਾਂਧੀ ਆਪਣੀ ਮੰਮੀ ਤੋਂ ਇਹ ਪੁੱਛੇ ਕਿ ਬੋਫੋਰਜ਼ ਤੋਪ ਸੌਦੇ ਵਿਚ ਫਸੇ ਹੋਏ ਇਟਾਲੀਅਨ ਨਾਗਰਿਕ ਓਟਾਵੀਓ ਕੁਆਤਰੋਚੀ ਨੂੰ ਕਾਨੂੰਨੀ ਜਕੜ ਤੋਂ ਬਚਾਉਣ ਲਈ ਉਸ ਨੇ ਕਿੰਨੇ ਪੈਸੇ ਲਏ ਸਨ? ਅਗਲਾ ਸਵਾਲ ਇਹ ਕਰ ਦਿੱਤਾ ਕਿ ਭੋਪਾਲ ਗੈਸ ਕਾਂਡ ਵਿਚ ਇੱਕੋ ਵਾਰ ਪੰਦਰਾਂ ਹਜ਼ਾਰ ਲੋਕ ਮਾਰੇ ਗਏ ਅਤੇ ਇੱਕ ਲੱਖ ਤੋਂ ਵੱਧ ਮਰਨਾਊ ਹੋਏ ਸਨ। ਉਸ ਦੀ ਜ਼ਿੰਮੇਵਾਰ ਯੂਨੀਅਨ ਕਾਰਬਾਈਡ ਕੰਪਨੀ ਦੇ ਚੇਅਰਮੈਨ ਵਾਰਨ ਐਂਡਰਸਨ ਨੂੰ ਭਾਰਤ ਤੋਂ ਭਜਾਉਣ ਵਾਸਤੇ ਰਾਜੀਵ ਗਾਂਧੀ ਨੇ ਕਿੰਨੇ ਪੈਸੇ ਲਏ ਸਨ? ਇਸ ਦੇ ਬਾਅਦ ਲੀਰਾਂ ਦਾ ਖਿੱਦੋ ਉਧੜਦਾ ਗਿਆ। ਏਸੇ ਗੇੜ ਵਿਚ ਇੱਕ ਨਾਂ ਆਦਿਲ ਸ਼ਹਿਰਯਾਰ ਦਾ ਆ ਗਿਆ। ਬਹੁਤੇ ਲੋਕਾਂ ਲਈ ਇਹ ਨਾਂ ਓਪਰਾ ਸੀ। ਇੰਦਰਾ ਗਾਂਧੀ ਦੀ ਚੜ੍ਹਤ ਵੇਲੇ ਨਹਿਰੂ-ਗਾਂਧੀ ਪਰਿਵਾਰ ਨਾਲ ਬਾਹਲੇ ਨੇੜ ਵਾਲੇ ਵਿਦੇਸ਼ ਸੇਵਾ ਦੇ ਅਫਸਰ ਮੁਹੰਮਦ ਯੂਨੁਸ ਦਾ ਵਿਗੜਿਆ ਪੁੱਤਰ ਸੀ, ਆਦਿਲ ਸ਼ਹਿਰਯਾਰ। ਉਸ ਦੇ ਵਿਗੜ ਜਾਣ ਕਰ ਕੇ ਉਸ ਦੇ ਬਾਪ ਨੇ ਅਮਰੀਕਾ ਪੁਚਾ ਦਿੱਤਾ। ਅਮਰੀਕਾ ਵਿਚ ਉਸ ਦੇ ਖਿਲਾਫ ਇਹੋ ਜਿਹੇ ਕੇਸ ਬਣੇ ਕਿ ਅਦਾਲਤ ਨੇ ਸਬੂਤਾਂ ਮੁਤਾਬਕ ਸਜ਼ਾ ਦੇਣ ਵੇਲੇ ਇਹ ਦਰਜ ਕਰ ਦਿੱਤਾ ਕਿ ਇਹ ਬੰਦਾ ਅਗਲੇ ਪੈਂਤੀ ਸਾਲ ਜੇਲ੍ਹ ਤੋਂ ਨਹੀਂ ਨਿਕਲਣਾ ਚਾਹੀਦਾ।
ਜਦੋਂ ਭੋਪਾਲ ਗੈਸ ਕਾਂਡ ਵਿਚ ਅਮਰੀਕੀ ਨਾਗਰਿਕ ਵਾਰਨ ਐਂਡਰਸਨ ਭਾਰਤ ਵਿਚ ਫਸਿਆ ਤਾਂ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਉਸ ਦੇ ਬਚਾਅ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਉਦੋਂ ਇੱਕ ਸੌਦਾ ਵੱਜ ਗਿਆ। ਐਂਡਰਸਨ ਭਾਰਤ ਤੋਂ ਭਜਾਇਆ ਅਤੇ ਬਦਲੇ ਵਿਚ ਆਦਿਲ ਨੂੰ ਓਥੋਂ ਛੁਡਾਇਆ ਗਿਆ। ਰੋਨਾਲਡ ਰੀਗਨ ਨੇ ਆਦਿਲ ਸ਼ਹਿਰਯਾਰ ਦੀ ਸਜ਼ਾ ਮੁਆਫ ਕਰ ਦਿੱਤੀ। ਇਹ ਕੰਮ ਰੀਗਨ ਨੇ ਉਸੇ ਦਿਨ ਕੀਤਾ, ਜਿਸ ਦਿਨ ਪ੍ਰਧਾਨ ਮੰਤਰੀ ਵਜੋਂ ਰਾਜੀਵ ਗਾਂਧੀ ਨੇ ਪਹਿਲੀ ਅਮਰੀਕੀ ਯਾਤਰਾ ਲਈ ਓਥੇ ਪੁੱਜਣਾ ਸੀ। ਰਾਜੀਵ ਦੇ ਭਾਰਤ ਨੂੰ ਮੁੜਨ ਤੋਂ ਪਹਿਲਾਂ ਆਦਿਲ ਅਮਰੀਕਾ ਵਿਚੋਂ ਬਾਹਰ ਆ ਗਿਆ। ਹੁਣ ਸੁਸ਼ਮਾ ਸਵਰਾਜ ਨੇ ਇਹ ਮੁੱਦਾ ਉਛਾਲ ਕੇ ਰਾਹੁਲ ਗਾਂਧੀ ਨੂੰ ਇੱਕ ਤਰ੍ਹਾਂ ਭੁੰਜੇ ਲਾਹ ਦਿੱਤਾ ਤੇ ਉਸ ਦੀ ਹਾਲਤ ਉਸ ਵੇਲੇ ਵੇਖਣ ਵਾਲੀ ਹੀ ਸੀ। ਏਡੀ ਹਮਲਾਵਰੀ ਨਹਿਰੂ-ਗਾਂਧੀ ਪਰਿਵਾਰ ਬਾਰੇ ਪਹਿਲਾਂ ਕਦੇ ਨਹੀਂ ਸੀ ਵੇਖੀ ਗਈ।
ਇੱਕ ਗੱਲ ਸੁਸ਼ਮਾ ਸਵਰਾਜ ਨੇ ਹੋਰ ਕਹੀ ਕਿ ਮੇਰੀ ਧੀ ਬਾਂਸੁਰੀ ਬਾਰੇ ਤੁਸੀਂ ਕਹਿੰਦੇ ਹੋ ਕਿ ਉਹ ਉਸੇ ਮਹਿਕਮੇ ਦੇ ਖਿਲਾਫ ਲਲਿਤ ਮੋਦੀ ਦਾ ਕੇਸ ਲੜਨ ਵਾਲੀ ਟੀਮ ਦੀ ਮੈਂਬਰ ਸੀ, ਜਿਸ ਦੀ ਮੈਂ ਮੰਤਰੀ ਹਾਂ, ਪਰ ਚਿਦੰਬਰਮ ਦਾ ਵੀ ਚੇਤਾ ਕਰ ਲਿਆ ਕਰੋ। ਸੁਸ਼ਮਾ ਨੇ ਯਾਦ ਕਰਵਾ ਦਿੱਤਾ ਕਿ ਸ਼ਾਰਦਾ ਚਿੱਟ ਫੰਡ ਦੇ ਖਿਲਾਫ ਕਾਂਗਰਸ ਦੇ ਮੰਤਰੀ ਚਿਦੰਬਰਮ ਦਾ ਮਹਿਕਮਾ ਇੱਕ ਮੁਕੱਦਮਾ ਚਲਾ ਰਿਹਾ ਸੀ ਤੇ ਓਸੇ ਕਾਂਗਰਸੀ ਮੰਤਰੀ ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ ਅੱਗੋਂ ਦੋਸ਼ੀਆਂ ਦੀ ਵਕੀਲ ਸੀ। ਇਹ ਵੀ ਤਕੜਾ ਗੋਲਾ ਸੀ। ਬਹੁਤ ਸਾਰੇ ਲੋਕਾਂ ਦੀ ਰਾਏ ਵਿਚ ਚਿਦੰਬਰਮ ਨੂੰ ਏਨਾ ਮਾੜਾ ਸ਼ਾਇਦ ਨਾ ਸਮਝਿਆ ਜਾਂਦਾ ਹੋਵੇ, ਅਤੇ ਸਾਡੀ ਵੀ ਬੜਾ ਚਿਰ ਇਹੋ ਰਾਏ ਰਹੀ ਹੈ। ਜਦੋਂ ਵੇਦਾਂਤਾ ਕਾਰਪੋਰੇਸ਼ਨ ਦੀ ਇਹ ਚਿੱਠੀ ਬਾਹਰ ਆਈ ਕਿ ਸਾਡੇ ਬੋਰਡ ਆਫ ਡਾਇਰੈਕਟਰਜ਼ ਦਾ ਇੱਕ ਮੈਂਬਰ ਚਿਦੰਬਰਮ ਹੁਣ ਭਾਰਤ ਸਰਕਾਰ ਦਾ ਮੰਤਰੀ ਬਣ ਗਿਆ ਹੈ, ਉਦੋਂ ਸਾਰਾ ਕੁਝ ਸਾਫ ਹੋ ਗਿਆ ਸੀ। ਨਾ ਉਹ ਕਾਰਪੋਰੇਸ਼ਨ ਸਾਫ ਦਿੱਖ ਵਾਲੀ ਕਹੀ ਜਾਂਦੀ ਸੀ ਤੇ ਨਾ ਉਸ ਕਾਰਪੋਰੇਸ਼ਨ ਨਾਲ ਜੁੜੇ ਚਿਦੰਬਰਮ ਬਾਰੇ ਕਿਸੇ ਸਫਾਈ ਦੀ ਲੋੜ ਹੋ ਸਕਦੀ ਸੀ। ਸੁਸ਼ਮਾ ਸਵਰਾਜ ਨੇ ਸ਼ਾਰਦਾ ਚਿੱਟ ਫੰਡ ਕੇਸ ਵਿਚ ਚਿਦੰਬਰਮ ਦੀ ਪਤਨੀ ਦੀ ਭੂਮਿਕਾ ਬਾਰੇ ਵੀ ਸੱਚ ਕਿਹਾ। ਪਿਛਲੀ ਸਰਕਾਰ ਦੀ ਬੇੜੀ ਬਿਠਾਉਣ ਵਾਲੇ ਕਈ ਪੱਥਰਾਂ ਵਿਚੋਂ ਇੱਕ ਪੱਥਰ ਚਿਦੰਬਰਮ ਤੇ ਉਸ ਦੀ ਪਤਨੀ ਸਨ। ਇਸ ਲਈ ਇਸ ਬਾਰੇ ਸੁਸ਼ਮਾ ਨੇ ਸਾਰਾ ਕੁਝ ਸੱਚ ਕਿਹਾ, ਪਰ ਇਸ ਨਾਲ ਉਹ ਆਪ ਤਾਂ ਸਾਫ ਨਹੀਂ ਹੋ ਗਈ। ਆਪਣੇ ਪਤੀ ਤੇ ਧੀ ਉਤੇ ਲੱਗੇ ਦੋਸ਼ਾਂ ਦਾ ਉਸ ਨੇ ਜਵਾਬ ਨਹੀਂ ਦਿੱਤਾ। ਸੁਸ਼ਮਾ ਦੇ ਪਤੀ ਨੂੰ ਲਲਿਤ ਮੋਦੀ ਆਪਣਾ ਕਾਰੋਬਾਰੀ ਪ੍ਰਤੀਨਿਧ ਬਣਾਉਣ ਦੀ ਚਿੱਠੀ ਵੀ ਲਿਖ ਚੁੱਕਾ ਸੀ। ਰੌਲਾ ਪੈਣ ਪਿੱਛੋਂ ਉਹ ਚਿੱਠੀ ਵਾਪਸ ਮੋੜੀ ਗਈ ਸੀ। ਉਸ ਚਿੱਠੀ ਸਮੇਤ ਇਹ ਸਾਰਾ ਕਾਲਾ ਚਿੱਠਾ ਸੁਸ਼ਮਾ ਸਵਰਾਜ ਨੂੰ ਠਿੱਠ ਕਰਨ ਲਈ ਕਾਫੀ ਹੈ।
ਹੁਣ ਆਈਏ ਕੁਝ ਹੋਰ ਪੱਖਾਂ ਵੱਲ। ਸੁਸ਼ਮਾ ਸਵਰਾਜ ਤੋਂ ਬਾਅਦ ਕਾਂਗਰਸੀ ਆਗੂਆਂ ਵੱਲੋਂ ਲਾਏ ਦੋਸ਼ਾਂ ਬਾਰੇ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਦੀ ਥਾਂ ਖਜ਼ਾਨਾ ਮੰਤਰੀ ਅਰੁਣ ਜੇਤਲੀ ਬੋਲਿਆ। ਉਸ ਨੇ ਬੋਫੋਰਜ਼ ਕੇਸ ਬਾਰੇ ਗੱਲ ਕੀਤੀ, ਕਈ ਹੋਰ ਵੀ ਕੇਸ ਗਿਣਾਏ, ਪਰ ਭੋਪਾਲ ਗੈਸ ਕਾਂਡ ਅਤੇ ਇਸ ਵਿਚ ਵਾਰਨ ਐਂਡਰਸਨ ਨੂੰ ਭਜਾਉਣ ਵਾਲੇ ਮੁੱਦੇ ਬਾਰੇ ਚੁੱਪ ਵੱਟ ਗਿਆ। ਮੁਸ਼ਕ ਮਾਰਦੇ ਖਿੱਦੋ ਦੀ ਇੱਕ ਗੰਦੀ ਲੀਰ ਇਸੇ ਵਿਚ ਸੀ। ਜੇਤਲੀ ਉਸ ਦੇ ਕੇਸ ਬਾਰੇ ਕਦੇ ਚੇਤਾ ਵੀ ਨਹੀਂ ਕਰਨਾ ਚਾਹੇਗਾ। ਸਾਰੀ ਭਾਜਪਾ ਨੂੰ ਪਤਾ ਹੈ ਕਿ ਜੇਤਲੀ ਇਹ ਗੱਲ ਕਿਉਂ ਨਹੀਂ ਕਰਨਾ ਚਾਹੁੰਦਾ? ਕਾਂਗਰਸੀ ਆਗੂ ਕਿਉਂਕਿ ਆਦਿਲ ਦੇ ਕੇਸ ਕਾਰਨ ਕਾਣੇ ਹੋਏ ਪਏ ਸਨ, ਇਸ ਲਈ ਜੇਤਲੀ ਵੇਲੇ ਚੁੱਪ ਕੀਤੇ ਰਹੇ।
ਭਾਰਤੀ ਰਾਜਨੀਤੀ ਨੂੰ ਝੰਜੋੜ ਦੇਣ ਵਾਲੇ ਜਿਹੜੇ ਦੋ ਵੱਡੇ ਕੇਸ ਹੋਏ ਸਨ, ਇੱਕ ਬੋਫੋਰਜ਼ ਤੋਪ ਸੌਦੇ ਦਾ ਤੇ ਦੂਸਰਾ ਭੋਪਾਲ ਗੈਸ ਕਾਂਡ ਦਾ, ਇਨ੍ਹਾਂ ਦੋਵਾਂ ਕੇਸਾਂ ਵਿਚ ਦੋਵਾਂ ਵੱਡੀਆਂ ਧਿਰਾਂ ਦੇ ਲੀਡਰਾਂ ਦੀ ਇੱਕ ਜਾਂ ਦੂਸਰੇ ਰੂਪ ਵਿਚ ਭਾਈਵਾਲੀ ਲੱਭਦੀ ਸੀ। ਬੋਫੋਰਜ਼ ਕੇਸ ਵਿਚ ਇਟਲੀ ਦਾ ਓਟਾਵੀਓ ਕੁਆਤਰੋਚੀ ਬਿਨਾਂ ਸ਼ੱਕ ਰਾਜੀਵ ਗਾਂਧੀ ਤੇ ਸੋਨੀਆ ਦਾ ਪਰਿਵਾਰਕ ਮਿੱਤਰ ਸੀ, ਪਰ ਓਸੇ ਕੇਸ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਉਣ ਵਾਲੇ ਹਿੰਦੂਜਾ ਭਰਾਵਾਂ ਦੀ ਨੇੜਤਾ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਨਾਲ ਸੀ। ਜੇ ਕੁਆਤਰੋਚੀ ਬਚਾਇਆ ਜਾਵੇ ਤਾਂ ਹਿੰਦੂਜਾ ਬਚਦੇ ਸਨ ਤੇ ਜੇ ਹਿੰਦੂਜਾ ਬਚਾਏ ਜਾਂਦੇ ਤਾਂ ਕੁਆਤਰੋਚੀ ਬਚਦਾ ਸੀ। ਵਾਜਪਾਈ ਸਰਕਾਰ ਵੇਲੇ ਬੋਫੋਰਜ਼ ਕੇਸ ਤੋਂ ਹਿੰਦੂਜਾ ਭਰਾਵਾਂ ਨੂੰ ਬਰੀ ਹੋ ਜਾਣ ਦਾ ਮੌਕਾ ਦੇ ਦਿੱਤਾ ਗਿਆ ਤੇ ਕੁਆਤਰੋਚੀ ਦਾ ਕੇਸ ਨਾਲ ਹੀ ਖਤਮ ਹੋਣ ਦਾ ਮਾਹੌਲ ਬਣ ਗਿਆ। ਦੂਸਰਾ ਕੇਸ ਜੋਸ਼ ਵਿਚ ਆਈ ਸੁਸ਼ਮਾ ਸਵਰਾਜ ਨੇ ਰਾਹੁਲ ਗਾਂਧੀ ਨੂੰ ਮਿਹਣਾ ਮਾਰਨ ਵਾਸਤੇ ਵਾਰਨ ਐਂਡਰਸਨ ਦਾ ਉਛਾਲ ਦਿੱਤਾ। ਵਾਰਨ ਐਂਡਰਸਨ ਦੋਸ਼ੀ ਸੀ, ਪਰ ਉਸ ਦੇ ਫਸਣ ਦੇ ਬਾਵਜੂਦ ਵਾਜਪਾਈ ਸਰਕਾਰ ਦੇ ਵਕਤ ਉਸ ਦਾ ਬਚਾਅ ਭਾਜਪਾ ਆਗੂ ਅਰੁਣ ਜੇਤਲੀ ਨੇ ਵੀ ਕੀਤਾ ਸੀ।
ਜੀ ਹਾਂ, ਇਹ ਸੱਚ ਹੈ ਕਿ ਜਦੋਂ ਭਾਰਤ ਦੇ ਅਟਾਰਨੀ ਜਨਰਲ ਸੋਲੀ ਸੋਰਾਬਜੀ ਨੇ ਇਹ ਰਿਪੋਰਟ ਬਣਾਈ ਕਿ ਵਾਰਨ ਐਂਡਰਸਨ ਦੀ ਹਵਾਲਗੀ ਦਾ ਕੇਸ ਅਮਰੀਕਾ ਕੋਲ ਰੱਖਿਆ ਜਾ ਸਕਦਾ ਹੈ, ਵਾਜਪਾਈ ਸਰਕਾਰ ਵਿਚ ਕਾਨੂੰਨ ਮੰਤਰੀ ਅਰੁਣ ਜੇਤਲੀ ਨੇ ਇਹ ਨੋਟ ਲਿਖਿਆ ਸੀ ਕਿ ‘ਕੇਸ ਬਹੁਤ ਕਮਜ਼ੋਰ ਹੈ’। ਕਾਨੂੰਨ ਮੰਤਰੀ ਅਰੁਣ ਜੇਤਲੀ ਦਾ 25 ਸਤੰਬਰ 2001 ਦਾ ਲਿਖਿਆ ਨੋਟ ਇਹ ਕਹਿੰਦਾ ਹੈ ਕਿ ਇਹ ਕੇਸ ਹੀ ਨਹੀਂ ਬਣਦਾ ਕਿ ਮਿਸਟਰ ਐਂਡਰਸਨ ਨੇ ਕੋਈ ਏਦਾਂ ਦਾ ਗੁਨਾਹ ਕੀਤਾ, ਜਿਸ ਦੇ ਕਾਰਨ ਗੈਸ ਲੀਕ ਹੋਣ ਨਾਲ ਮਨੁੱਖੀ ਜਾਨਾਂ ਗਈਆਂ ਜਾਂ ਪ੍ਰਭਾਵਤ ਹੋਈਆਂ ਸਨ। ਜੇਤਲੀ ਨੇ ਇਹ ਵੀ ਲਿਖਿਆ ਕਿ ਏਦਾਂ ਦਾ ਕੋਈ ਸਬੂਤ ਨਹੀਂ ਕਿ ਮਿਸਟਰ ਐਂਡਰਸਨ ਨੂੰ ਇਸ ਪਲਾਂਟ ਵਿਚ ਸੁਰੱਖਿਆ ਪ੍ਰਬੰਧਾਂ ਅਤੇ ਨੁਕਸਾਂ ਬਾਰੇ ਕੋਈ ਅਗੇਤੀ ਜਾਣਕਾਰੀ ਸੀ। ਅਸੀਂ ਬਾਅਦ ਦੇ ਸਾਲਾਂ ਵਿਚ ਭੋਪਾਲ ਗੈਸ ਕਾਂਡ ਵਾਲਾ ਉਹੋ ਪਲਾਂਟ ਖਰੀਦਣ ਵਾਲੀ ਕੰਪਨੀ ਡਾਉ ਕੈਮੀਕਲਜ਼ ਬਾਰੇ ਸੁਣਦੇ ਰਹੇ ਕਿ ਉਸ ਕਾਂਡ ਵਿਚ ਮਾਰੇ ਗਏ ਜਾਂ ਪ੍ਰਭਾਵਤ ਹੋਏ ਲੋਕਾਂ ਦੀ ਕੋਈ ਜ਼ਿੰਮੇਵਾਰੀ ਲੈਣ ਨੂੰ ਉਹ ਕੰਪਨੀ ਤਿਆਰ ਨਹੀਂ। ਮਨਮੋਹਨ ਸਿੰਘ ਸਰਕਾਰ ਵੇਲੇ ਭਾਜਪਾ ਆਗੂ ਦੋਸ਼ ਲਾਉਂਦੇ ਰਹੇ ਕਿ ਡਾਉ ਕੈਮੀਕਲਜ਼ ਨੂੰ ਯੂ ਪੀ ਏ ਸਰਕਾਰ ਬਚਾਉਂਦੀ ਹੈ, ਪਰ ਪਿੱਛੋਂ ਇਹ ਸੱਚ ਵੀ ਬਾਹਰ ਆ ਗਿਆ ਕਿ 2006 ਵਿਚ ਅਰੁਣ ਜੇਤਲੀ ਨੇ ਡਾਉ ਕੰਪਨੀ ਦੇ ਵਕੀਲ ਵਜੋਂ ਇਹ ਰਾਏ ਪੇਸ਼ ਕੀਤੀ ਸੀ ਕਿ ਡਾਉ ਕੰਪਨੀ ਨੂੰ ਪਿਛਲੀ ਕੰਪਨੀ ਦੇ ਵਕਤ ਹੋਏ ਕਾਂਡ ਦੀ ਕਿਸੇ ਦੀਵਾਨੀ ਜਾਂ ਫੌਜਦਾਰੀ ਜਵਾਬਦੇਹੀ ਲਈ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ। ਪਹਿਲਾਂ ਤਾਂ ਪਹਿਲੀ ਕੰਪਨੀ ਦੇ ਮਾਲਕ ਵਾਰਨ ਐਂਡਰਸਨ ਦਾ ਬਚਾਅ ਕੀਤਾ ਤੇ ਫਿਰ ਉਹੋ ਪਲਾਂਟ ਖਰੀਦਣ ਵਾਲੀ ਡਾਉ ਕੰਪਨੀ ਦੇ ਮਾਲਕਾਂ ਨੂੰ ਬਚਾਉਣ ਲਈ ਦਲੀਲਾਂ ਦੇਣ ਵਾਲਾ ਖਜ਼ਾਨਾ ਮੰਤਰੀ ਅਰੁਣ ਜੇਤਲੀ ਇਸ ਤਰ੍ਹਾਂ ਸੁਸ਼ਮਾ ਵੱਲੋਂ ਲਲਿਤ ਮੋਦੀ ਦੀ ਮਦਦ, ਰਾਜੀਵ ਗਾਂਧੀ ਵੱਲੋਂ ਆਦਿਲ ਸ਼ਹਿਰਯਾਰ ਨਾਲ ਸਾਂਝ ਜਾਂ ਕੁਆਤਰੋਚੀ ਦੀ ਮਦਦ ਕਰਨ ਦੇ ਖਾਨੇ ਵਿਚ ਆ ਜਾਂਦਾ ਹੈ।
ਹੇ ਪਿਆਰੀ ਭਾਰਤ ਮਾਂ, ਤੈਨੂੰ ਅਸੀਂ ਸੀਸ ਨਿਵਾਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ, ਜਿਸ ਨੇ ਸਾਨੂੰ ਲੀਡਰਸ਼ਿਪ ਦੇ ਤੌਰ ਉਤੇ ਇਹੋ ਜਿਹੇ ਸੁਲੱਖਣੇ ਲੋਕ ਬਖਸ਼ੇ ਹਨ, ਜਿਨ੍ਹਾਂ ਦੇ ਕਿੱਸੇ ਗਿਣੇ ਹੀ ਨਹੀਂ ਜਾਂਦੇ।