ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਅਕੇਲਾ

ਡਾ. ਗੁਰਨਾਮ ਕੌਰ ਕੈਨੇਡਾ
ਦਸਵੀਂ ਨਾਨਕ ਜੋਤਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 5 ਜਨਵਰੀ ਨੂੰ ਮਨਾਇਆ ਜਾਂਦਾ ਹੈ। ਦਸਵੀਂ ਨਾਨਕ ਜੋਤਿ ਬਾਰੇ ਉਨ੍ਹਾਂ ਵਿਦਵਾਨਾਂ ਦੇ ਮਨ ਵਿਚ ਇੱਕ ਬਹੁਤ ਵੱਡਾ ਭੁਲੇਖਾ ਆਮ ਹੀ ਪਾਇਆ ਜਾਂਦਾ ਹੈ, ਜਿਨ੍ਹਾਂ ਦਾ ਸਿੱਖ ਦਰਸ਼ਨ ਨਾਲ ਵਾਹ-ਵਾਸਤਾ ਨੇੜੇ ਦਾ ਨਹੀਂ ਹੈ, ਕਿ ਦਸਮ ਪਾਤਿਸ਼ਾਹ ਹਜ਼ੂਰ ਨੇ ਜਿਹੜਾ ਰਸਤਾ ਚੁਣਿਆ ਉਹ ਗੁਰੂ ਨਾਨਕ ਦੇ ਦੱਸੇ ਰਸਤੇ ਤੋਂ ਵੱਖਰਾ ਅਤੇ ਅਲੱਗ ਸੀ। ਉਨ੍ਹਾਂ ਦੇ ਕਹਿਣ ਦਾ ਭਾਵ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਨੇ ਭਗਤੀ ਦਾ, ਨਾਮ ਸਿਮਰਨ ਦਾ ਮਾਰਗ ਦਰਸਾਇਆ ਉਥੇ ਦਸਮ ਪਾਤਿਸ਼ਾਹ ਨੇ ਸਿਰਫ ਸ਼ਕਤੀ ਦਾ ਮਾਰਗ ਦੱਸਿਆ ਅਰਥਾਤ ਸਿੱਖ ਮਾਰਗ ਨੂੰ ਸਿਰਫ ਤੇ ਸਿਰਫ ਯੁੱਧ ਦਾ ਮਾਰਗ ਬਣਾ ਦਿੱਤਾ। ਦੂਸਰਾ ਭੁਲੇਖਾ ਇਹ ਵੀ ਆਮ ਹੈ ਕਿ ਦਸਮ ਪਾਤਿਸ਼ਾਹ ਨੇ ਖ਼ਾਲਸਾ ਪੰਥ ਦੀ ਸਿਰਜਣਾ ਮਹਿਜ ਸਿੱਖ ਧਰਮ ਦੀ ਰਾਖੀ ਲਈ ਕੀਤੀ ਅਤੇ ਸਿੱਖ ਧਰਮ ਨੂੰ ਬਚਾਉਣ ਲਈ ਹੀ ਯੁੱਧ ਕੀਤੇ। ਇਹ ਵਿਦਵਾਨਾਂ ਵੱਲੋਂ ਪਾਈਆਂ ਭਰਾਂਤੀਆਂ ਹਨ ਕਿਉਂਕਿ ਗੁਰੂ ਨਾਨਕ ਪਾਤਿਸ਼ਾਹ ਦਾ ਮਾਰਗ ਹੀ ਗੁਰੂ ਗੋਬਿੰਦ ਸਿੰਘ ਦਾ ਮਾਰਗ ਹੈ।
ਸਿੱਖ ਧਰਮ ਅਜਿਹਾ ਧਰਮ ਹੈ ਜਿਸ ਦਾ ਇਲਹਾਮ ਅਰਥਾਤ ਰੱਬੀ ਜੋਤਿ ਦਾ ਪ੍ਰਕਾਸ਼ਨ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਲਗਾਤਾਰਤਾ ਵਿਚ ਹੈ, ਸਤਿ ਦਾ ਪ੍ਰਕਾਸ਼ਨ ਇੱਕ ਲਗਾਤਾਰ ਅਮਲ ਹੈ। ਦਸ ਗੁਰੂ ਸਾਹਿਬਾਨ ਵਿਚ ਗੁਰੂ ਜੋਤਿ ਵੀ ਉਹੀ ਹੈ ਅਤੇ ਗੁਰੂ ਜੁਗਤਿ ਵੀ ਉਹੀ ਹੈ। ਇਸ ਤੱਥ ਦੀ ਪ੍ਰੋੜਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਦਰਲੀ ਗਵਾਹੀ ਤੋਂ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਤੋਂ ਭਲੀ ਭਾਂਤ ਹੋ ਜਾਂਦੀ ਹੈ। ਸਤੇ ਬਲਵੰਡ ਦੀ ਰਾਮਕਲੀ ਰਾਗ ਵਿਚ ਰਚੀ ਵਾਰ ਵਿਚ ਇਸ ਤੱਥ ਨੂੰ ਉਜਾਗਰ ਕਰਦਿਆਂ, ਇਸ ਅਦਭੁੱਤ ਮਰਯਾਦਾ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਿਆਈ ਦਾ ਤਿਲਕ ਦੇ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਬਰਕਤਿ ਨਾਲ ਭਾਈ ਲਹਿਣਾ ਜੀ ਦੀ ਵਡਿਆਈ ਸੰਸਾਰ ਵਿਚ ਫੈਲ ਗਈ ਕਿਉਂਕਿ ਭਾਈ ਲਹਿਣਾ ਜੀ ਦੇ ਅੰਦਰ ਵੀ ਉਹੀ ਗੁਰੂ ਨਾਨਕ ਸਾਹਿਬ ਵਾਲੀ ਰੱਬੀ ਜੋਤਿ ਸੀ ਅਤੇ ਗੁਰੂ ਜੁਗਤਿ ਵੀ ਉਹੀ ਸੀ, ਭਾਵ ਜੋਤਿ ਵੀ ਉਹੀ ਹੈ ਅਤੇ ਉਸ ਨੂੰ ਪ੍ਰਕਾਸ਼ਿਤ ਕਰਨ ਦੀ ਜੁਗਤਿ ਵੀ ਉਹੀ ਹੈ, ਕੇਵਲ ਸਰੀਰ ਹੀ ਬਦਲਾਇਆ ਹੈ,
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
(ਪੰਨਾ ੯੬੬)
ਤੀਸਰੀ ਪਉੜੀ ਵਿਚ ਇਸੇ ਸਿਧਾਂਤ ਨੂੰ ਦ੍ਰਿੜ ਕਰਵਾਉਂਦਿਆਂ ਸਤੇ ਬਲਵੰਡਿ ਦੀ ਵਾਰ ਵਿਚ ਕਿਹਾ ਹੈ ਕਿ ਸੈਂਕੜੇ ਸੇਵਕਾਂ ਵਾਲਾ ਬਾਬਾ ਨਾਨਕ ਸਰੀਰ ਵਟਾ ਕੇ ਭਾਵ ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿਚ ਗੁਰਗੱਦੀ ‘ਤੇ ਬੈਠਾ ਹੈ। ਗੁਰੂ ਅੰਗਦ ਦੇਵ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਉਹੀ ਰੱਬੀ ਜੋਤਿ ਬਿਰਾਜਮਾਨ ਹੈ, ਕੇਵਲ ਸਰੀਰ ਹੀ ਬਦਲਿਆ ਹੈ,
ਗੁਰ ਅੰਗਦ ਦੀ ਦੋਹੀ ਫਿਰੀ
ਸਚੁ ਕਰਤੈ ਬੰਧਿ ਬਹਾਲੀ॥
ਨਾਨਕੁ ਕਾਇਆ ਪਲਟੁ ਕਰਿ
ਮਲਿ ਤਖਤੁ ਬੈਠਾ ਸੈ ਡਾਲੀ॥
(ਪੰਨਾ ੯੬੭)
ਅੱਗੇ ਛੇਵੀਂ ਪਉੜੀ ਵਿਚ ਦੱਸਿਆ ਹੈ ਕਿ ਪਿਉ (ਗੁਰੂ ਅੰਗਦ ਦੇਵ) ਅਤੇ ਦਾਦੇ (ਗੁਰੂ ਨਾਨਕ ਦੇਵ) ਵਰਗਾ ਹੀ ਪੋਤਰਾ (ਗੁਰੂ ਅਮਰਦਾਸ) ਮੰਨਿਆ ਪ੍ਰਮੰਨਿਆ ਹੈ ਜਿਸ ਦੇ ਮੱਥੇ ਉਤੇ ਉਹੀ ਨੂਰ ਹੈ, ਤਖਤ ਵੀ ਉਹੀ ਹੈ ਅਤੇ ਦਰਬਾਰ ਵੀ ਉਹੀ ਹੈ। ਗੁਰੂ ਅਮਰਦਾਸ ਜੀ ਦੇ ਸਿਰ ਉਤੇ ਗੁਰੂ ਨਾਨਕ ਵਾਲਾ ਛਤਰ ਦੇਖ ਕੇ ਸੰਗਤਿ ਅਸਚਰਜ ਹੋ ਰਹੀ ਹੈ। ਇਸੇ ਪਰੰਪਰਾ ਵਿਚ ਗੁਰੂ ਰਾਮਦਾਸ ਦੀ ਉਪਮਾ ਕਰਦਿਆਂ ਕਿਹਾ ਹੈ ਕਿ ਗੁਰੂ ਰਾਮਦਾਸ ਧੰਨ ਹਨ। ਜਿਸ ਅਕਾਲ ਪੁਰਖ ਨੇ ਉਨ੍ਹਾਂ ਨੂੰ ਪੈਦਾ ਕੀਤਾ ਹੈ, ਉਸੇ ਨੇ ਉਨ੍ਹਾਂ ਨੂੰ ਵਡਿਆਈ ਬਖਸ਼ਿਸ਼ ਕੀਤੀ ਹੈ। ਇਹ ਇੱਕ ਮੁਕੰਮਲ ਕਰਾਮਾਤ ਹੈ ਕਿ ਸਿਰਜਣਹਾਰ ਅਕਾਲ ਪੁਰਖ ਨੇ ਖੁਦ ਆਪਣੇ ਆਪ ਨੂੰ ਉਨ੍ਹਾਂ ਵਿਚ ਟਿਕਾਇਆ ਹੈ ਅਤੇ ਸੰਗਤਿ ਨੇ ਉਨ੍ਹਾਂ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਨਮਸਕਾਰ ਕੀਤੀ ਹੈ। ਸਾਰੇ ਗੁਰੂ ਸਾਹਿਬਾਨ ਵਿਚ ਇੱਕੋ ਰੱਬੀ ਜੋਤਿ ਬਿਰਾਜਮਾਨ ਹੈ,
ਨਾਨਕ ਤੂ ਲਹਣਾ ਤੂ ਹੈ
ਗੁਰੁ ਅਮਰੁ ਤੂ ਵੀਚਾਰਿਆ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ॥
(ਪੰਨਾ ੯੬੮)
ਇਸ ਤੋਂ ਅੱਗੇ ਜ਼ਿਕਰ ਹੈ ਕਿ ਚਾਰੇ ਗੁਰੂ ਆਪੋ-ਆਪਣੇ ਸਮੇਂ ਵਿਚ ਰੌਸ਼ਨ ਹੋਏ ਹਨ ਅਤੇ ਸਿਰਜਣਹਾਰ ਆਪ ਹੀ ਉਨ੍ਹਾਂ ਵਿਚ ਪ੍ਰਗਟ ਹੋਇਆ ਹੈ। ਉਸ ਨੇ ਆਪ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਅਤੇ ਫਿਰ ਆਪ ਹੀ ਸ੍ਰਿਸ਼ਟੀ ਨੂੰ ਆਸਰਾ ਦੇ ਰਿਹਾ ਹੈ। ਉਹ ਆਪ ਹੀ ਪੱਟੀ, ਆਪ ਹੀ ਕਲਮ ਅਤੇ ਆਪ ਹੀ ਲਿਖਣ ਵਾਲਾ ਹੈ। ਸਾਰੀ ਸ੍ਰਿਸ਼ਟੀ ਆਵਾ-ਗਵਣ ਦੇ ਚੱਕਰ ਵਿਚ ਪਈ ਹੋਈ ਹੈ ਪਰ ਸਿਰਜਣਹਾਰ ਸਦੀਵੀ ਹੈ ਜੋ ਆਪਣੀ ਰਚਨਾ ਤੋਂ ਨਿਰਲੇਪ ਵੀ ਹੈ ਅਤੇ ਇਸ ਵਿਚ ਸਮਾਇਆ ਹੋਇਆ ਵੀ ਹੈ। ਉਸ ਅਕਾਲ ਪੁਰਖ ਦੇ ਬਖਸ਼ਿਸ਼ ਕੀਤੇ ਤਖਤ, ਜਿਸ ਉਤੇ ਪਹਿਲੇ ਚਾਰ ਗੁਰੂ ਬੈਠੇ ਸਨ, ਹੁਣ ਗੁਰੂ ਅਰਜਨ ਦੇਵ ਬੈਠੇ ਹਨ ਅਤੇ ਉਨ੍ਹਾਂ ਦਾ ਤੇਜ-ਪ੍ਰਤਾਪ ਚਾਰੇ ਪਾਸੇ ਫੈਲ ਰਿਹਾ ਹੈ। ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਚਹੁੰ ਚੱਕਾਂ ਵਿਚ ਗੁਰੂ ਅਰਜਨ ਨੇ ਚਾਨਣ ਕਰ ਦਿੱਤਾ ਹੈ,
ਤਖਤਿ ਬੈਠਾ ਅਰਜਨ ਗੁਰੂ
ਸਤਿਗੁਰ ਕਾ ਖਿਵੈ ਚੰਦੋਆ॥
ਉਗਵਣਹੁ ਤੈ ਆਥਵਣਹੁ
ਚਹੁ ਚਕੀ ਕੀਅਨੁ ਲੋਆ॥
(ਪੰਨਾ ੯੬੮)
ਇਸੇ ਸਿਧਾਂਤ ਦੀ ਪ੍ਰੋੜਤਾ ਭਾਈ ਗੁਰਦਾਸ ਦੀਆਂ ਵਾਰਾਂ ਤੋਂ ਵੀ ਹੁੰਦੀ ਹੈ। ਭਾਈ ਗੁਰਦਾਸ ਪਹਿਲੀ ਵਾਰ ਦੀ ਅਠੱਤੀਵੀਂ ਪਉੜੀ ਵਿਚ ਜ਼ਿਕਰ ਕਰਦੇ ਹਨ ਕਿ ਕਰਤਾਰਪੁਰ ਆ ਕੇ ਗੁਰੂ ਨਾਨਕ ਸਾਹਿਬ ਨੇ ਉਦਾਸੀ ਵਾਲਾ ਭੇਖ ਉਤਾਰ ਦਿੱਤਾ ਅਤੇ ਸੰਸਾਰੀਆਂ ਵਾਲੇ ਬਸਤਰ ਪਹਿਨ ਕੇ ਮੰਜੀ ‘ਤੇ ਬੈਠ ਕੇ ਗੁਰੂ-ਰੂਪ ਕਾਰਜ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ‘ਨਿਰਮਲ ਪੰਥ’ ਸਥਾਪਤ ਕਰ ਦਿੱਤਾ। ਆਪਣੇ ਜਿਉਂਦੇ ਜੀਅ ਭਾਵ ਸਰੀਰ ਰੂਪ ਵਿਚ ਵਿਚਰਦੇ ਹੋਏ ਹੀ ਭਾਈ ਲਹਿਣੇ ਦੇ ਸਿਰ ‘ਤੇ ਗੁਰਿਆਈ ਦਾ ਛਤਰ ਰੱਖ ਦਿੱਤਾ। ਆਪਣੀ ਜੋਤਿ ਭਾਈ ਲਹਿਣੇ ਵਿਚ ਜਗਾ ਕੇ ਉਸ ਨੂੰ ਆਪਣਾ ਰੂਪ ਬਣਾ ਲਿਆ ਅਰਥਾਤ ਭਾਈ ਲਹਿਣੇ ਅੰਦਰ ਰੱਬੀ ਜੋਤਿ ਜਗਾ ਕੇ ਗੁਰੂ ਅੰਗਦ ਦੇ ਰੂਪ ਵਿਚ ਗੁਰੂ-ਰੂਪ ਧਾਰਨ ਕੀਤਾ। ਰੱਬੀ ਜੋਤਿ ਓਹੀ ਹੈ ਜੋ ਗੁਰੂ ਨਾਨਕ ਅੰਦਰ ਬਿਰਾਜਮਾਨ ਸੀ, ਸਿਰਫ ਸਰੀਰ ਬਦਲ ਗਿਆ ਹੈ,
ਥਾਪਿਆ ਲਹਿਣਾ ਜੀਂਵਦੇ
ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ
ਸਤਿਗੁਰ ਨਾਨਕਿ ਰੂਪੁ ਵਟਾਇਆ।
ਲਖਿ ਨ ਕੋਈ ਸਕਈ
ਆਚਰਜੇ ਆਚਰਜੁ ਦਿਖਾਇਆ।
ਕਾਇਆ ਪਲਟਿ ਸਰੂਪੁ ਬਣਾਇਆ॥੪੫॥
ਇੱਕ ਗੁਰੂ ਤੋਂ ਦੂਸਰੇ ਗੁਰੂ ਤੱਕ ਦੇ ਇਸ ਜੋਤਿ-ਪ੍ਰਕਾਸ਼ਨ ਦੇ ਅਮਲ ਦੀ ਨਿਰੰਤਰਤਾ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਗੁਰੂ ਅੰਗਦ ਨੂੰ ਉਹੀ ਤਖਤ, ਉਹੀ ਨਿਸ਼ਾਨ ਅਤੇ ਉਹੀ ਗੁਰੂ ਦਾ ਛਤਰ ਮਿਲਿਆ ਜਿਹੜਾ ਗੁਰੂ ਨਾਨਕ ਕੋਲ ਸੀ। ਗੁਰੂ ਨਾਨਕ ਦੀ ਮੁਹਰ-ਛਾਪ ਗੁਰੂ ਅੰਗਦ ਕੋਲ ਪਹੁੰਚੀ, ਉਨ੍ਹਾਂ ਨੇ ਕਰਤਾਰਪੁਰ ਛੱਡ ਦਿੱਤਾ ਅਤੇ ਇਹ ਜੋਤਿ ਖਡੂਰ ਆ ਕੇ ਜਗਾਈ। ਭਾਈ ਲਹਿਣੇ ਪਾਸੋਂ ਭਾਵ ਗੁਰੂ ਅੰਗਦ ਕੋਲੋਂ ਇਹ ਜੋਤਿ ਗੁਰੂ ਅਮਰਦਾਸ ਕੋਲ ਆ ਗਈ। ਗੁਰੂ ਨੇ ਅਮਰਦਾਸ ਦੇ ਸਰੂਪ ਵਿਚ (ਗੁਰੂ ਨਾਨਕ ਗੁਰੂ ਅਮਰਦਾਸ ਦੇ ਸਰੂਪ ਵਿਚ ਬਿਰਾਜਮਾਨ ਹਨ ਕਿਉਂਕਿ ਰੱਬੀ ਜੋਤਿ ਓਹੀ ਹੈ) ਰੱਬੀ ਦਾਤ ਪ੍ਰਾਪਤ ਕੀਤੀ ਹੈ। ਗੁਰੂ ਅਮਰਦਾਸ ਨੇ ਗੁਰੂ ਅੰਗਦ ਦੇਵ ਦੀ ਤਰ੍ਹਾਂ ਹੀ ਖਡੂਰ ਛੱਡ ਦਿੱਤਾ ਅਤੇ ਪ੍ਰਚਾਰ ਖਾਤਰ ਨਵਾਂ ਨਗਰ ਗੋਇੰਦਵਾਲ ਵਸਾਇਆ (ਗੁਰੂ ਅੰਗਦ ਦੇਵ ਨੇ ਕਰਤਾਰਪੁਰ ਛੱਡ ਕੇ ਖਡੂਰ ਵਸਾਇਆ ਸੀ)। ਇਸੇ ਤਰ੍ਹਾਂ ਗੁਰੂ ਅਮਰਦਾਸ ਕੋਲੋਂ ਇਹ ਰੱਬੀ ਦਾਤ (ਗੁਰੂ ਜੋਤਿ) ਗੁਰੂ ਰਾਮਦਾਸ ਕੋਲ ਆਈ ਅਤੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਦੁਨੀਆਦਾਰ ਪੁੱਤਰ ਅਰਜਨ ਦੇਵ (ਗੁਰੂ) ਕੋਲ ਇਹ ਦਾਤ ਪਹੁੰਚੀ। ਗੁਰੂ ਜੋਤਿ ਅਤੇ ਗੁਰੂ ਜੁਗਤਿ ਦੇ ਇਸ ਸਾਰੇ ਅਮਲ ਵਿਚ ਇੱਕ ਗੱਲ ਜੋ ਬਹੁਤ ਅਹਿਮ ਹੈ ਅਤੇ ਜ਼ੋਰ ਦੇ ਕੇ ਕਹੀ ਗਈ ਹੈ, ਉਹ ਹੈ ਗੁਰੂ ਦਾ ਸੰਸਾਰੀ ਹੋਣਾ ਅਤੇ ਗੁਰਗੱਦੀ ਨੂੰ ਪ੍ਰਾਪਤ ਕਰਨ ਲਈ ਉਸ ਦੇ ਯੋਗ ਹੋਣਾ। ਇਸ ਤੱਥ ਨੂੰ ਭਾਈ ਗੁਰਦਾਸ ਨੇ ਬਹੁਤ ਸਪੱਸ਼ਟ ਕੀਤਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਦੇ ਸਬੰਧ ਵਿਚ ਉਨ੍ਹਾਂ ਨੇ ਗੁਰੂ ਨਾਨਕ ਵੱਲੋਂ ਉਦਾਸੀ (ਤਿਆਗੀਆਂ ਵਾਲਾ) ਵੇਸ ਉਤਾਰ ਕੇ ਸੰਸਾਰੀ ਕੱਪੜੇ ਪਹਿਨ ਕੇ ਮੰਜੀ ‘ਤੇ ਬੈਠ ਕੇ ਪ੍ਰਚਾਰ ਕਰਨ ਅਤੇ ਪੁੱਤਰਾਂ ਨੂੰ ਪਰਖਣ ਤੋਂ ਬਾਅਦ ਅਯੋਗ ਹੋਣ ਤੇ ਭਾਈ ਲਹਿਣੇ ਨੂੰ ਗੁਰੂ ਥਾਪਣ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਗੁਰੂ ਅੰਗਦ ਆਪਣੇ ਪੁੱਤਰਾਂ ਦੀ ਥਾਂ ਗੁਰਗੱਦੀ ਗੁਰੂ ਅਮਰਦਾਸ ਨੂੰ ਦਿੰਦੇ ਹਨ ਜੋ ਦੁਨਿਆਵੀ ਰਿਸ਼ਤੇ ਵਿਚ ਉਨ੍ਹਾਂ ਦੇ ਕੁੜਮ ਲਗਦੇ ਹਨ ਪਰ ਅਧਿਆਤਮਕ ਰਿਸ਼ਤੇ ਵਿਚ ਉਨ੍ਹਾਂ ਦੇ ਸਿੱਖ ਹਨ। ਇਸੇ ਤਰ੍ਹਾਂ ਗੁਰਗੱਦੀ ਵਾਸਤੇ ਯੋਗਤਾ ਦੀ ਪਰਖ ਵਿਚ ਗੁਰੂ ਅਮਰਦਾਸ ਦੇ ਪੁੱਤਰ ਪੂਰੇ ਨਹੀਂ ਉਤਰਦੇ ਪਰ ਗੁਰੂ ਰਾਮਦਾਸ ਨੂੰ ਇਸ ਪਰਖ ਵਿਚ ਯੋਗ ਹੋਣ ‘ਤੇ ਗੁਰਗੱਦੀ ਸੌਂਪੀ ਜਾਂਦੀ ਹੈ ਜੋ ਦੁਨਿਆਵੀ ਰਿਸ਼ਤੇ ਵਿਚ ਗੁਰੂ ਅਮਰਦਾਸ ਦੇ ਜੁਆਈ ਹਨ, ਉਨ੍ਹਾਂ ਦੀ ਪੁੱਤਰੀ ਬੀਬੀ ਭਾਨੀ ਦੇ ਪਤੀ।
ਗੁਰੂ ਰਾਮਦਾਸ ਨੇ ਅੰਮ੍ਰਿਤਸਰ ਨਗਰ ਵਸਾਇਆ ਜਿਸ ਦਾ ਨਾਮ ਉਦੋਂ ਰਾਮਦਾਸ ਚੱਕ ਸੀ ਅਤੇ ਸਰੋਵਰ ਦੀ ਖੁਦਾਈ ਕਰਵਾਈ। ਇਸ ਤਰ੍ਹਾਂ ਅੰਮ੍ਰਿਤਸਰ ਵਿਚ ਜੋਤਿ ਜਗਾਈ। ਗੁਰੂ ਅਰਜਨ ਦੇਵ ਨੇ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਅਤੇ ਇਸ ਪਵਿੱਤਰ ਸਥਾਨ ‘ਤੇ ‘ਗ੍ਰੰਥ ਸਾਹਿਬ’ ਦੀ ਬੀੜ ਦਾ ਸੰਕਲਨ ਅਤੇ ਪ੍ਰਕਾਸ਼ ਕੀਤਾ। ਗੁਰੂ ਅਰਜਨ ਦੇਵ ਗੁਰੂ ਰਾਮਦਾਸ ਦੇ ਸਭ ਤੋਂ ਛੋਟੇ ਪੁੱਤਰ ਸਨ ਪਰ ਯੋਗ ਹੋਣ ਦੇ ਨਾਤੇ ਗੁਰਗੱਦੀ ਉਨ੍ਹਾਂ ਨੂੰ ਸੌਂਪੀ ਗਈ। ਗੁਰੂ ਜੋਤਿ ਅਤੇ ਗੁਰੂ ਜੁਗਤਿ ਦੀ ਇਹ ਪਰੰਪਰਾ ਦਸਵੇਂ ਗੁਰੂ ਤੱਕ ਲਗਾਤਾਰਤਾ ਵਿਚ ਹੈ। ਗੁਰੂ ਗੋਬਿੰਦ ਸਿੰਘ ਨੇ ‘ਗ੍ਰੰਥ ਸਾਹਿਬ’ ਵਿਚ ਨੌਵੇਂ ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਲ ਕਰਕੇ ਬਾਕਾਇਦਾ ਗੁਰ-ਮਰਿਆਦਾ ਅਨੁਸਾਰ ਆਪਣੇ ਇਸ ਸੰਸਾਰ ਤੋਂ ਕੂਚ ਕਰਨ ਤੋਂ ਪਹਿਲਾਂ ਗੁਰ-ਗੱਦੀ ‘ਗ੍ਰੰਥ ਸਾਹਿਬ’ ਨੂੰ ਸੌਂਪ ਕੇ ਗੁਰੂ ਦਾ ਦਰਜ਼ਾ ਦਿੱਤਾ। ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ।
ਗੁਰੂ ਸਾਹਿਬਾਨ ਨੇ ਬਾਣੀ ਨੂੰ ਸਦੀਵੀ ਮੰਨਿਆ ਹੈ ਕਿਉਂਕਿ ਇਹ ਧੁਰੋਂ ਆਈ ਪ੍ਰਵਾਨ ਕੀਤੀ ਗਈ ਹੈ। ਸ਼ਬਦ ਰੂਪ ਵਿਚ ਗੁਰੂ ਸਦੀਵੀ ਹੈ ਜਦ ਕਿ ਸਰੀਰ ਸਦੀਵੀ ਰਹਿਣ ਵਾਲਾ ਨਹੀਂ ਹੈ। ਗੁਰੂ ਨਾਨਕ ਨੇ ਜਿਸ ਧਰਮ ਦੀ ਨੀਂਹ ਮਨੁੱਖ ਵਾਸਤੇ ਰੱਖੀ ਉਸ ਦਾ ਮਕਸਦ ਮਨੁੱਖ ਦੀ ਸੌੜੀ ਮਾਨਿਸਕਤਾ ਨੂੰ ਬਦਲ ਕੇ ਉਸ ਦਾ ਸਦੀਵੀ ਮਾਨਸਿਕ ਕਾਇਆਕਲਪ ਕਰਨਾ ਸੀ। ਇਸ ਦੀ ਨੀਂਹ ਸਦੀਵੀ ਰਹਿਣ ਵਾਲੀਆਂ ਸਦਾਚਾਰਕ ਕੀਮਤਾਂ ‘ਤੇ ਰੱਖੀ ਗਈ। ਇਸ ਲਈ ਇਸ ਧਰਮ ਦਾ ਮਕਸਦ ਕਿਸੇ ਇੱਕ ਵਿਸ਼ੇਸ਼ ਨਸਲ, ਜਾਤਿ, ਕੌਮ, ਦੇਸ਼ ਜਾਂ ਫਿਰਕੇ ਦਾ ਭਲਾ ਨਾ ਹੋ ਕੇ ਸਰਬੱਤ ਦਾ ਭਲਾ ਹੈ। ਇਹ ਧਰਮ ਸਰਬ-ਅਲਿੰਗਨਕਾਰੀ ਹੈ ਅਰਥਾਤ ਇਨ੍ਹਾਂ ਸਦਾਚਾਰਕ ਕੀਮਤਾਂ ਦੀ ਪਾਲਣਾ ਧਾਰਮਿਕ ਕਹਾਉਣ ਵਾਲੇ ਵਿਅਕਤੀ ਲਈ ਜ਼ਰੂਰੀ ਹੈ। ਇਨ੍ਹਾਂ ਕੀਮਤਾਂ ਤੋਂ ਵਿਹੂਣਾ ਧਰਮ ਮਹਿਜ ਇੱਕ ਰਸਮੀ ਦਿਖਾਵਾ ਹੈ। ਗੁਰੂ ਨਾਨਕ ਸਾਹਿਬ ਨੇ ਜੋ ਸੰਗਤਿ ਸ਼ੁਰੂ ਕੀਤੀ ਸੀ, ਗੁਰੂ ਗੋਬਿੰਦ ਸਿੰਘ ਤੱਕ ਪਹੁੰਚਦਿਆਂ ਉਹ ਇਸ ਯੋਗ ਹੋ ਚੁੱਕੀ ਸੀ ਕਿ ਉਹ ਖ਼ਾਲਸੇ ਦਾ ਰੂਪ ਧਾਰ ਕੇ ਹਰ ਤਰ੍ਹਾਂ ਦੇ ਅਨਿਆਂ ਦਾ ਟਾਕਰਾ ਕਰ ਸਕੇ। ਗੁਰੂ ਨਾਨਕ ਨੇ ਨਾਮ ਸਿਮਰਨ ਦੇ ਨਾਲ ਨਾਲ ਕਿਰਤ ਕਰਨ ਅਤੇ ਵੰਡ ਛਕਣ ਦਾ ਸਿਧਾਂਤ ਦਿੱਤਾ ਜੋ ਕਿ ਸਮਾਜਿਕ ਨਿਆਂ ਅਤੇ ਇਨਸਾਨੀ ਬਰਾਬਰੀ ਅਤੇ ਸਵੈਮਾਣ ਦਾ ਆਧਾਰ ਹੈ। ਇਨ੍ਹਾਂ ਕੀਮਤਾਂ ਦਾ ਉਲੰਘਣ ਕਰਦਿਆਂ ਜਦੋਂ ਬਾਬਰ ਨੇ ਹਿੰਦੁਸਤਾਨ ‘ਤੇ ਹਮਲਾ ਕੀਤਾ, ਗੁਰੂ ਨਾਨਕ ਸਾਹਿਬ ਨੇ ਉਸ ਦੇ ਖਿਲਾਫ ਅਵਾਜ਼ ਉਠਾਈ ਅਤੇ ਹਿੰਦੁਸਤਾਨੀਆਂ ਨੂੰ ਚੇਤੰਨ ਕੀਤਾ ਕਿ ਅਜਿਹੀ ਮੁਸੀਬਤ ਨਾਲ ਮਨੁੱਖ ਨੂੰ ਆਪ ਹੀ ਸਿਝਣ ਦੇ ਯੋਗ ਹੋਣਾ ਚਾਹੀਦਾ ਹੈ। ਕੋਈ ਪੀਰ ਜਾਂ ਦੇਵੀ ਦੇਵਤਾ ਬਾਬਰ ਦੇ ਹਮਲੇ ਵੇਲੇ ਉਨ੍ਹਾਂ ਦਾ ਸਹਾਈ ਨਹੀਂ ਹੋਇਆ। ਇਸ ਨਿਆਂ ਦੀ ਬਹਾਲੀ ਲਈ ‘ਸਿਰੁ ਦੀਜੈ ਕਾਣਿ ਨ ਕੀਜੈ’ ਦੇ ਅਸੂਲ ‘ਤੇ ਚੱਲਣਾ ਪੈਂਦਾ ਹੈ। ਇਸੇ ਅਸੂਲ ‘ਤੇ ਚੱਲਦਿਆਂ ਗੁਰੂ ਅਰਜਨ ਦੇਵ ਨੇ ਸ਼ਹਾਦਤ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਥਾਪਤ ਕੀਤਾ। ਨਾਮ ਸਿਮਰਨ ਅਰਥਾਤ ਅਧਿਆਤਮਕ ਪਰਪੱਕਤਾ ਦੇ ਨਾਲ ਨਾਲ ਸਿੱਖਾਂ ਨੂੰ ਸਰੀਰਕ ਅਤੇ ਸ਼ਸਤਰ-ਸਿੱਖਿਆ ਵਿਚ ਵੀ ਨਿਪੁੰਨ ਕੀਤਾ। ਉਨ੍ਹਾਂ ਨੇ ਯੁੱਧ ਮਹਿਜ ਸਿੱਖ ਧਰਮ ਜਾਂ ਸਿੱਖਾਂ ਦੀ ਰਾਖੀ ਲਈ ਨਹੀਂ ਕੀਤੇ ਸਗੋਂ ਸਮੇਂ ਦੇ ਹਾਕਮਾਂ ਦੀਆਂ ਵਧੀਕੀਆ ਅਤੇ ਜ਼ੁਲਮਾਂ ਦੇ ਖਿਲਾਫ ਕੀਤੇ।
ਮੁਗਲ ਹਕੂਮਤ ਦੇ ਔਰੰਗਜ਼ੇਬ ਦੇ ਹੱਥਾਂ ਤੱਕ ਪਹੁੰਚਦਿਆਂ-ਪਹੁੰਚਦਿਆਂ ਹਿੰਦੁਸਤਾਨੀ ਜਨਤਾ ਉਤੇ ਜ਼ੁਲਮਾਂ ਦੀ ਇੰਤਹਾ ਹੋ ਗਈ ਸੀ। ਲੋਕਾਂ ਨੂੰ ਆਪਣਾ ਧਰਮ ਤਿਆਗ ਕੇ ਜ਼ਬਰੀ ਇਸਲਾਮ ਕਬੂਲ ਕਰਾਇਆ ਜਾ ਰਿਹਾ ਸੀ। ਇਹੀ ਫ਼ਰਿਆਦ ਲੈ ਕੇ ਕਸ਼ਮੀਰੀ ਪੰਡਤ ਗੁਰੂ ਦਰਬਾਰ ਵਿਚ ਗੁਰੂ ਤੇਗ ਬਹਾਦਰ ਦੀ ਹਜ਼ੂਰੀ ਵਿਚ ਆਏ। ਕਸ਼ਮੀਰੀ ਪੰਡਤ ਸਿੱਖ ਨਹੀਂ ਸਨ, ਨਾ ਹੀ ਗੁਰੂ ਤੇਗ ਬਹਾਦਰ ਹਿੰਦੂ ਧਰਮ ਦੇ ਚਿੰਨ੍ਹ-ਜਨੇਊ ਅਤੇ ਤਿਲਕ ਧਾਰਨ ਕਰਦੇ ਸਨ ਪਰ ਉਨ੍ਹਾਂ ਨੇ ਜ਼ਬਰੀ ਧਰਮ ਤਬਦੀਲ ਕਰਨ ਦੀ ਔਰੰਗਜ਼ੇਬ ਦੀ ਇਸ ਨੀਤੀ ਦੇ ਖਿਲਾਫ ਦਿੱਲੀ ਵਿਚ ਜਾ ਕੇ ਸ਼ਹਾਦਤ ਦਿੱਤੀ। ਆਪਣੇ ਵਿਸ਼ਵਾਸ ਅਨੁਸਾਰ ਆਪਣੇ ਇਸ਼ਟ ਨੂੰ ਧਿਆਉਣਾ ਮਨੁੱਖ ਦਾ ਮੁੱਢਲਾ ਹੱਕ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਨਾਨਕ ਦੇ ਮਿਸ਼ਨ ਨੂੰ ਪੂਰਾ ਕਰਦਿਆਂ ‘ਸੰਗਤਿ’ ਨੂੰ ਅੰਮ੍ਰਿਤ ਛਕਾ ਕੇ ‘ਖ਼ਾਲਸਾ’ ਸਿਰਜਿਆ। ਇਹ ਮਹਿਜ ਸਿੱਖ ਧਰਮ ਦੀ ਰਾਖੀ ਲਈ ਨਹੀਂ ਸੀ। ਇਹ ਸਿਰਜਣਾ ‘ਮਨੁੱਖਤਾ’ ਦੀ ਰਾਖੀ ਲਈ, ਸਰਬੱਤ ਦੇ ਭਲੇ ਲਈ ਕੀਤੀ ਗਈ ਅਤੇ ਇਹ ਸਿਰਜਣਾ ਗੁਰੂ ਨਾਨਕ ਸਾਹਿਬ ਦੇ ਬਾਣੀ ਵਿਚ ਦਿੱਤੇ ਫ਼ਲਸਫੇ ਦਾ ਅਮਲੀ ਪ੍ਰਕਾਸ਼ਨ ਸੀ, ਅਕਾਲ ਪੁਰਖ ਦੇ ਹੁਕਮ ਵਿਚ ਸੀ। ਗੁਰੂ ਗੋਬਿੰਦ ਸਿੰਘ ਨੂੰ ਇਨ੍ਹਾਂ ਅਸੂਲਾਂ ‘ਤੇ ਚੱਲਣ ਲਈ ਟੱਕਰ ਮੁਗ਼ਲ ਹਕੂਮਤ ਨਾਲ ਹੀ ਨਹੀਂ ਲੈਣੀ ਪਈ, ਬਾਈਧਾਰ ਦੇ ਪਹਾੜੀ ਰਾਜਿਆਂ ਨਾਲ ਵੀ ਲੈਣੀ ਪਈ। ਪਹਾੜੀ ਰਾਜਿਆਂ ਨੂੰ ਗੁਰੂ ਨਾਨਕ ਸਾਹਿਬ ਦਾ ਸਮਾਜਿਕ ਨਿਆਂ, ਸਰਬੱਤ ਦਾ ਭਲਾ ਅਤੇ ਬਰਾਬਰੀ ਵਾਲਾ ਫ਼ਲਸਫ਼ਾ ਹਿੰਦੂ ਧਰਮ ਲਈ ਖ਼ਤਰਾ ਜਾਪਦਾ ਸੀ। ਗੁਰੂ ਸਾਹਿਬ ਨੇ ਯੁੱਧ ਕਿਸੇ ਰਾਜਸੀ ਹਕੂਮਤ ਦੀ ਸਥਾਪਤੀ ਲਈ ਨਹੀਂ ਕੀਤੇ, ਮਨੁੱਖ ਦੇ ਮੁਢਲੇ ਅਧਿਕਾਰਾਂ ਲਈ ਕੀਤੇ ਜਿਨ੍ਹਾਂ ਦੀ ਉਦੋਂ ਘੋਰ ਉਲੰਘਣਾ ਹੋ ਰਹੀ ਸੀ। ਇਹੀ ਕਾਰਨ ਸੀ ਕਿ ਮਾਨਵਤਾ ਦੇ ਮੁੱਦਈ ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ ਹੋ ਕੇ ਵੀ ਆਪਣੇ ਮੁਰੀਦਾਂ ਸਮੇਤ ਗੁਰੂ ਸਾਹਿਬ ਦੇ ਪੱਖ ਵਿਚ ਖੜੇ ਹੋਏ ਅਤੇ ਯੁੱਧ ਵਿਚ ਹਿੱਸਾ ਲਿਆ। ਗਨੀ ਖਾਂ, ਮਨੀ ਖਾਂ ਵਰਗੇ ਮੁਸਲਮਾਨ ਗੁਰੂ ਸਾਹਿਬ ਦੇ ਸ਼ਰਧਾਲੂ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਿਸ਼ਨ ਨੂੰ ਸਮਝਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣਾ ਜ਼ਰੂਰੀ ਹੈ ਜਿਸ ਦੇ ਲੜ ਗੁਰੂ ਸਾਹਿਬ ਨੇ ਸਿੱਖ ਜਗਤ ਨੂੰ ਲਾਇਆ।

Be the first to comment

Leave a Reply

Your email address will not be published.