ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਤਮਾਮ ਅਹੁਦਿਆਂ ਵਿਚੋਂ ਸਭ ਤੋਂ ਵੱਧ ਤਾਕਤਵਰ ਸਮਝੀ ਜਾਂਦੀ ‘ਪ੍ਰਧਾਨ ਜੀ’ ਦੀ ਪਦਵੀ ਬਾਰੇ ਕੁਝ ਲਿਖਣ ਲੱਗਿਆਂ ਸੋਚਿਆ ਕਿ ‘ਮਹਾਨ ਕੋਸ਼’ ਵੀ ਫਰੋਲ ਲਿਆ ਜਾਵੇ। ਦੇਖੀਏ ਕਿ ਇਸ ਮਹਾਨ ਅਹੁਦੇ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਕੀ ਲਿਖ ਗਏ ਹਨ। ਪ੍ਰਧਾਨ ਦੇ ਇੰਦਰਾਜ ਹੇਠ ਮਾਮੂਲੀ ਜਿਹੀ ਜਾਣਕਾਰੀ ਲਿਖੀ ਦੇਖ ਬੜੀ ਮਾਯੂਸੀ ਹੋਈ।
ਪ੍ਰਧਾਨ ਦੀ ਸ਼ਾਨ ਵਿਚ ਘੱਟ ਤੋਂ ਘੱਟ ਇਕ ਪੂਰਾ ਸਫ਼ਾ ਤਾਂ ਲਿਖ ਦਿੰਦੇ ਭਾਈ ਕਾਨ੍ਹ ਸਿੰਘ ਹੁਰੀਂ? ਜਾਪਦਾ ਹੈ, ‘ਮਹਾਨ ਕੋਸ਼’ ਦੇ ਕਰਤਾ ਦੇ ਹਯਾਤੀ ਦੌਰਾਨ ਪ੍ਰਧਾਨਗੀ ਵਾਸਤੇ ਅਜੋਕੇ ਦੌਰ ਵਰਗੀ ਖਿੱਚ-ਧੂਹ ਨਹੀਂ ਹੁੰਦੀ ਹੋਣੀ। ਇਸੇ ਕਰ ਕੇ ਉਨ੍ਹਾਂ ਇਸ ਸਰਵੋਤਮ ਅਹੁਦੇ ਦੇ ਅਰਥ ਕਰਦਿਆਂ ਸਿਰਫ਼ ਇੰਨਾ ਕੁ ਹੀ ਲਿਖਿਆ ਹੈ, ਸਭ ਤੋਂ ਉਚਾ, ਸ੍ਰੇਸ਼ਟ, ਮੁਖੀਆ।
ਇਨ੍ਹਾਂ ਤਿੰਨ ਅਰਥਾਂ ਤੋਂ ਇਲਾਵਾ ਉਨ੍ਹਾਂ ਪਟਿਆਲਾ ਪਤਿ ਬਾਬਾ ਆਲਾ ਸਿੰਘ ਦੀ ‘ਪਰਧਾਨ’ ਨਾਮ ਵਾਲੀ ਵਿਦਵਾਨ ਧੀ ਦਾ ਹਵਾਲਾ ਦੇ ਕੇ, ਗੁਰਬਾਣੀ ਦੀ ਉਹ ਤੁਕ ਵੀ ਲਿਖੀ ਹੋਈ ਹੈ ਜਿਸ ਵਿਚ ‘ਪ੍ਰਧਾਨ’ ਸ਼ਬਦ ਵਰਤਿਆ ਹੋਇਆ ਹੈ: ਜਿਨਿ ਮਨਿ ਵਸਿਆ ਪਾਰਬ੍ਰਹਮ ਸੇ ਪੂਰੇ ਪਰਧਾਨ॥ ਹੋ ਸਕਦਾ ਹੈ ਕਿ ਅਜੋਕੇ ਦੌਰ ਵਿਚ ਕਿਸੇ ਕਰਮਾਂ ਵਾਲੀ ਸੰਸਥਾ ਕੋਲ ਅਜਿਹਾ ਪ੍ਰਧਾਨ ਹੋਵੇ ਜਿਸ ਉਤੇ ਗੁਰਬਾਣੀ ਦੀ ਇਹ ਪੰਕਤੀ ਢੁਕਦੀ ਹੋਵੇ; ਨਹੀਂ ਤਾਂ ਅਜੋਕੇ ਪ੍ਰਧਾਨਾਂ ਦੀ ਕਾਰਗੁਜ਼ਾਰੀ ਦੇਖਦਿਆਂ ਕਹਿ ਸਕਦੇ ਹਾਂ ਕਿ ਉਨ੍ਹਾਂ ਦੇ ਹਿਰਦੇ ਵਿਚ ਪਾਰਬ੍ਰਹਮ ਦੀ ਜਗ੍ਹਾ ‘ਅਹੰ’ ਭਰਿਆ ਹੋਇਆ ਹੈ। ਸਿਆਸੀ ਦਲਾਂ ਦੇ ਪ੍ਰਧਾਨਾਂ ਦੀ ਗੱਲ ਛੱਡੋ, ਧਾਰਮਿਕ ਸਭਾ-ਸੁਸਾਇਟੀਆਂ ਦੇ ਪ੍ਰਧਾਨ ਵੀ ਪਾਰਬ੍ਰਹਮ ਵਸਿਆ ਹੋਣ ਦਾ ਨਾਟਕ ਭਾਵੇਂ ਕਰੀ ਜਾਣ, ਪਰ ਉਨ੍ਹਾਂ ਦੀ ਰੂਹ ਵਿਚੋਂ ਪ੍ਰਧਾਨਗੀ ਦੀ ਕੁਰਸੀ ਕਦੇ ਨਿਕਲਦੀ ਹੀ ਨਹੀਂ। ਨਾਮ ਪਿਛੇ ਇਕ ਵਾਰ ‘ਪ੍ਰਧਾਨ’ ਲਗਵਾ ਕੇ ਪ੍ਰਧਾਨ ਸਾਹਿਬ ਚਾਹੁਣ ਲੱਗ ਪੈਂਦੇ ਨੇ, ਇਹ ਮਹਾਨ ਲਕਬ ਜਿਉਂਦੇ ਜੀਅ ਉਹਦੇ ਨਾਲੋਂ ਜੁਦਾ ਨਾ ਹੋਵੇ।
ਦਹਾਕਿਆਂ ਤੋਂ ਚਲੀ ਆ ਰਹੀ ਪ੍ਰਧਾਨਗੀ ਖੁੱਸਣ ਤੋਂ ਬਾਅਦ, ਮੁੜ ਪ੍ਰਧਾਨ ਬਣਨ ਲਈ ਬਾਦਲ ਦਲ ਨਾਲ ਜੂਝਣ ਤੋਂ ਬਾਅਦ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਬਾਦਲ ਟੱਬਰ ਦੀ ਅਧੀਨਗੀ ਕਬੂਲ ਕੇ ਆਪਣੀ ਲਾਲਸਾ ਪੂਰੀ ਕਰ ਲਈ ਸੀ। ਉਨ੍ਹੀਂ ਦਿਨੀਂ ਜਥੇਦਾਰ ਟੌਹੜਾ ਨੇ ਆਨੰਦਪੁਰ ਸਾਹਿਬ ਵਿਖੇ ਮੀਟਿੰਗ ਰੱਖੀ। ਮੀਟਿੰਗ ਵਿਚ ਕਿਸੇ ਬੜਬੋਲੇ ਪੱਤਰਕਾਰ ਨੇ ਜਥੇਦਾਰ ਟੌਹੜਾ ਨੂੰ ਕਸੂਤਾ ਜਿਹਾ ਸਵਾਲ ਪੁੱਛ ਲਿਆ, ਟੌਹੜਾ ਸਾਹਿਬ, ਤੁਸੀਂ ਸਿੱਖਾਂ ਦੀ ਪਾਰਲੀਮੈਂਟ ਕਹੀ ਜਾਂਦੀ ਸੰਸਥਾ ਦੇ ਲੰਬਾ ਅਰਸਾ ਪ੍ਰਧਾਨ ਰਹੇ ਹੋਣ ਨਾਤੇ, ‘ਸਿੱਖ ਫਿਤਰਤ’ ਵਿਚ ਆਈ ਇਸ ਕਮਜ਼ੋਰੀ ਬਾਰੇ ਦੱਸੋ ਕਿ ਨਵਾਬੀਆਂ ਨੂੰ ਠੋਕਰਾਂ ਮਾਰਨ ਵਾਲੇ ਪ੍ਰਧਾਨਗੀਆਂ ਨੂੰ ਕਿਉਂ ਚਿੰਬੜਨ ਲੱਗ ਪਏ?
ਸਾਰੇ ਜਥੇਦਾਰ ਟੌਹੜਾ ਵੱਲ ਦੇਖਣ ਲੱਗ ਪਏ ਕਿ ਉਹ ਤਾਂ ਖੁਦ ਇਸ ਗੱਲੋਂ ‘ਕਾਣੇ’ ਹਨ, ਹੁਣ ਕੀ ਜਵਾਬ ਦੇਣਗੇ? ਪਰ ਹਾਜ਼ਰ-ਜਵਾਬ ਜਥੇਦਾਰ ਟੌਹੜਾ ਨੇ ਇਸ ਸਵਾਲ ਨੂੰ ਮਜ਼ਾਕ ਵਿਚ ਟਾਲਦਿਆਂ ਕਿਹਾ, “ਓਏ ਕਾਕਾ! ਤੂੰ ਪ੍ਰਧਾਨਗੀ ਦੀ ਗੱਲ ਕਰਦੈਂ, ਸਿੱਖ ਤਾਂ ਹੱਥ ਵਿਚ ਆਇਆ ਕੜਾਹ ਪ੍ਰਸਾਦ ਵਾਲਾ ਥਾਲ ਨਹੀਂ ਛੱਡਦਾ।”
ਸਿੱਖ ਸਿਆਸਤ ਵਿਚ ਇਕ ਮੌਕੇ ਪ੍ਰਧਾਨਗੀ ਲਈ ਦਾਅਵੇਦਾਰ ਬਣੇ ਦੋ ਬਜ਼ੁਰਗ ਆਗੂਆਂ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਇਹ ਉਨ੍ਹਾਂ ਵੇਲਿਆਂ ਦੀ ਵਾਰਤਾ ਹੈ, ਜਦੋਂ ਪ੍ਰਧਾਨ ਹਾਲੇ ਲਿਫ਼ਾਫਿਆਂ ਵਿਚੋਂ ਨਹੀਂ ਸੀ ਨਿਕਲਦਾ। ਮੈਂਬਰਾਂ ਦੀ ਰਾਏ ਨਾਲ ਹੀ ਕਿਸੇ ਇਕ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਸੀ। ਇਕ ਵਾਰ ਅਜਿਹਾ ਹੋਇਆ ਕਿ ਸਲਾਹ-ਮਸ਼ਵਰਾ ਚੱਲਦਿਆਂ ਪ੍ਰਧਾਨਗੀ ਦੇ ਚਾਹਵਾਨ ਦੋ ਆਗੂਆਂ ਦੇ ਹਮਾਇਤੀ ਬਰੋ-ਬਰਾਬਰ ਗਿਣਤੀ ਵਿਚ ਹੋ ਗਏ। ‘ਇਕ ਅਨਾਰ ਦੋ ਬਿਮਾਰ’ ਦੇਖ ਕੇ ਦੋਹਾਂ ਧੜਿਆਂ ਵਿਚੋਂ ਪੰਜ ਸਿੰਘ ਚੁਣ ਕੇ ਉਨ੍ਹਾਂ ਨੂੰ ਅਖਤਿਆਰ ਦਿੱਤੇ ਗਏ ਕਿ ਉਹ ਦੋਹਾਂ ਦਾਅਵੇਦਾਰਾਂ ਵਿਚੋਂ ਇਕ ਨੂੰ ਪ੍ਰਧਾਨ ਥਾਪ ਦੇਣ। ਉਨ੍ਹਾਂ ਦਾ ਫੈਸਲਾ ਸਭ ਨੇ ਪ੍ਰਵਾਨ ਕਰਨ ਦਾ ਵਚਨ ਦੇ ਦਿੱਤਾ।
ਪੰਜਾਂ ਸਿੰਘਾਂ ਨੇ ਦੋਹਾਂ ਵਿਚੋਂ ਇਕ ਨੂੰ ਸਾਊ-ਸ਼ਰੀਫ਼, ਪੰਥਪ੍ਰਸਤ ਅਤੇ ਤਿਆਗੀ ਬਿਰਤੀ ਵਾਲਾ ਸਮਝ ਕੇ ਵੱਖਰੇ ਕਮਰੇ ਵਿਚ ਬੁਲਾ ਲਿਆ ਤੇ ਦੱਸਿਆ ਕਿ ਪ੍ਰਧਾਨਗੀ ਦਾ ਹੱਕਦਾਰ ਤੂੰ ਹੀ ਹੈਂ, ਇਸ ਵਿਚ ਕੋਈ ਸ਼ੱਕ ਨਹੀਂ; ਪਰ ਅਸੀਂ ਇਕ ਫਾਰਮੂਲੇ ਅਧੀਨ ਤੁਹਾਡਾ ਦੋਹਾਂ ਦਾ ਮਾਣ ਸਤਿਕਾਰ ਬਰਾਬਰ ਕਰ ਦੇਣਾ ਹੈ। ਸਕੀਮ ਇਹ ਬਣੀ ਕਿ ਪੰਜੇ ਸਿੰਘ ਬਾਹਰ ਜਾ ਕੇ ਅੰਦਰ ਬੁਲਾਏ ਗਏ ਇਸ ਆਗੂ ਦੇ ਗਲ ਵਿਚ ਹਾਰ ਤੇ ਸਿਰੋਪਾ ਪਾ ਕੇ ਉਸ ਨੂੰ ਪ੍ਰਧਾਨ ਥਾਪਣ ਦਾ ਐਲਾਨ ਕਰ ਦੇਣਗੇ, ਪਰ ਉਹ ਜੈਕਾਰਿਆਂ ਦੀ ਗੂੰਜ ਵਿਚ ਆਪਣੇ ਗਲੋਂ ਹਾਰ ਤੇ ਸਿਰੋਪਾ ਲਾਹ ਕੇ ਦੂਜੇ ਆਗੂ ਦੇ ਗਲ ਵਿਚ ਪਾ ਦੇਵੇਗਾ।
ਬੰਦ ਕਮਰੇ ਵਿਚ ਪੰਜਾਂ ਸਿੰਘਾਂ ਸਾਹਮਣੇ ਪ੍ਰਧਾਨਗੀ ਦਾ ‘ਤਿਆਗ ਕਰਨਾ’ ਮੰਨਣ ਵਾਲਾ ਜਥੇਦਾਰ, ਬਾਹਰ ਆ ਕੇ ਨਿਮਰਤਾ ਨਾਲ ਖਲੋ ਗਿਆ। ਤੈਅਸ਼ੁਦਾ ਸਕੀਮ ਅਨੁਸਾਰ ਪੰਜਾਂ ਸਿੰਘ ਨੇ ਉਹਦੇ ਗਲ ਵਿਚ ਹਾਰ ਤੇ ਸਿਰੋਪਾ ਪਾ ਕੇ ਜੈਕਾਰੇ ਛੱਡ ਦਿੱਤੇ। ਜੈਕਾਰਿਆਂ ਦੇ ਜਵਾਬ ਵਿਚ ਉਹ ਵੀ ਜਾਹੋ-ਜਲਾਲ ਨਾਲ ‘ਬੋਲੇ ਸੋ ਨਿਹਾਲ’ ਕਰਨ ਲੱਗ ਪਿਆ। ਪੰਜੇ ਸਿੰਘ ਉਸ ਦੇ ਅਗਲੇ ‘ਐਕਸ਼ਨ’ ਦੀ ਤਵੱਕੋ ਕਰ ਰਹੇ ਸਨ, ਪਰ ਉਹ ਸਭ ਦੇ ਦੇਖਦਿਆਂ ਮਾਈਕ ‘ਤੇ ਜਾ ਗੱਜਿਆ। ਫਤਿਹ ਬੁਲਾ ਕੇ ਜਥੇਦਾਰ ਨੇ ਪ੍ਰਧਾਨ ‘ਚੁਣਨ’ ਲਈ ਪੰਜਾਂ ਸਿੰਘਾਂ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ।
ਉਰਦੂ ਦੀ ਕਹਾਵਤ ਹੈ, ‘ਬੜੇ ਮੀਆਂ ਤੋ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲ੍ਹਾ’! ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿਚ ਮੈਂ ਇਕ ਐਸੇ ਪ੍ਰਧਾਨ ਦਾ ਜਲਵਾ ਜਾਂ ਟੌਹਰ-ਟੱਪਾ ਵੀ ਦੇਖਿਆ ਹੋਇਆ ਹੈ, ਜੋ ਸ਼ਾਇਦ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਸੀ। ਜਦੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਪ੍ਰਧਾਨ ਬਣੇ ਤਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮਾਤ ਦੇਣ ਲਈ, ਜ਼ੋਰਾਂ-ਸ਼ੋਰਾਂ ਨਾਲ ਅਕਾਲੀ ਦਲ ਦਾ ਯੂਥ ਵਿੰਗ ਕਾਇਮ ਕੀਤਾ ਗਿਆ ਸੀ। ਸਾਡੇ ਜ਼ਿਲ੍ਹੇ ਦੇ ਦੋਂਹ-ਚਹੁੰ ਪਿੰਡਾਂ ਵਿਚ ਸਕੂਲੋਂ ਭੱਜੇ ਵਿਹਲੜ ਜਿਹੇ ਮੁੰਡੇ ਨੂੰ ਸਰਕਲ ਪ੍ਰਧਾਨ ਬਣਾ ਦਿੱਤਾ ਗਿਆ। ਉਸ ਇਲਾਕੇ ਦੇ ਕਿਸੇ ਪਿੰਡ ਵਿਚ ਦੋਂਹ ਟੱਬਰਾਂ ਦੀ ਲੜਾਈ ਹੋ ਗਈ। ਉਸ ਯੂਥ ਵਿੰਗੀਏ ਮੁੰਡੇ ਨੇ ਇਕ ਧਿਰ ਦੀ ਮਦਦ ਕਰਨ ਵਾਸਤੇ ਪੁਲਿਸ ਚੌਕੀ ਫੋਨ ਕੀਤਾ। ਚੌਕੀ ਇੰਚਾਰਜ ਨੇ ਅੱਗਿਓਂ ਪੁੱਛਿਆ ਹੋਵੇਗਾ ਕਿ ਕੌਣ ਸਾਹਿਬ ਬੋਲ ਰਹੇ ਹੋ ਜੀ? ਬਣਾ-ਸੁਆਰ ਕੇ ਯੂਥ ਵਿੰਗੀਆ ਬੋਲਿਆ, “ਮੈਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ਼ææਯੂਥ ਵਿੰਗ ਸਰਕਲ਼ææਫਲਾਣਾ-ਫਲਾਣਾæææ।”
ਇਸ ਵਾਕ ਵਿਚਲੇ ‘ਪ੍ਰਧਾਨ’ ਲਫ਼ਜ਼ ਨੂੰ ਜਦ ਉਸ ਛੋਕਰੂ ਜਿਹੇ ਨੇ ਬੇਲੋੜਾ ਲਮਕਾ ਕੇ, ਤੇ ਰਤਾ ਘਰੋੜ ਕੇ ਬੋਲਿਆ ਤਾਂ ਕੋਲ ਖੜ੍ਹਿਆਂ ਨੇ ਅਸੀਂ ਬੜੀ ਮੁਸ਼ਕਿਲ ਨਾਲ ਆਪਣਾ ਹਾਸਾ ਰੋਕਿਆ। ਸਾਡਾ ਇਹ ਹਾਸਾ ਕੁਝ ਦਿਨਾਂ ਬਾਅਦ ਫੁਹਾਰਿਆਂ ਵਾਂਗ ਛੁੱਟ ਪਿਆ। ਪਿੰਡ ਵਿਚ ਮੌਕਾ ਦੇਖਣ ਚੌਕੀ ਇੰਚਾਰਜ ਆਪ ਗਿਆ ਤੇ ਯੂਥ ਵਿੰਗੀਏ ਮੁੰਡੇ ਦਾ ਨਾਂ ਲੈ ਕੇ ਪੁੱਛਿਆ, ਬਈ ਉਹ ਕਿਹੜਾ ਐ ਜਿਹਨੇ ਮੈਨੂੰ ਫੋਨ ਕੀਤਾ ਸੀ? ਨਵੇਂ ਨਵੇਂ ਬਣੇ ਉਸ ‘ਜਥੇਦਾਰ’ ਦੇ ਖੜ੍ਹੇ ਹੋਣ ‘ਤੇ ਚੌਕੀ ਇੰਚਾਰਜ ਠਹਾਕਾ ਮਾਰ ਕੇ ਹੱਸਿਆ, “ਜਥੇਦਾਰ, ਤੂੰ ਤਾਂ ਮੈਨੂੰ ਉਸ ਦਿਨ ਡਰਾ ਹੀ ਦਿੱਤਾ ਸੀ।” ਨਕਲ ਉਤਾਰਦਿਆਂ ਚੌਕੀ ਇੰਚਾਰਜ ਕਹਿੰਦਾ, “ਪæææਰæææਧਾæææਨ ਸ਼æææਰæææਰੋæææਮæææਣੀ ਅਕਾਲੀ ਦਲ਼ææ! ਹਾæææਹਾæææਹਾæææ! ਮੈਂ ਸੋਚਿਆ, ਲੌਂਗੋਵਾਲ ਸਾਹਿਬ ਦਾ ਫੋਨ ਆ ਗਿਐ।” ਪੁਲਸੀਏ ਵੱਲੋਂ ਲਾਈ ਨਕਲ ਸੁਣ ਕੇ ਇਕੱਠ ਵਿਚ ਹਾਸਾ ਮਚ ਗਿਆ।
ਕਿਸੇ ਸਭਾ-ਸੁਸਾਇਟੀ ਦਾ ਪ੍ਰਧਾਨ ਬਣਨਾ ਬਹੁਤ ਮਾਣ ਵਾਲੀ ਗੱਲ ਹੈ। ਸੁਹਿਰਦ, ਸੂਝਵਾਨ ਤੇ ਅਗਾਂਹਵਧੂ ਸੋਚ ਵਾਲੇ ਮੁਖੀਏ, ਆਪਣੀਆਂ ਸੰਸਥਾਵਾਂ ਲਈ ਬੇੜੀਆਂ ਬੰਨੇ ਲਾਉਣ ਵਾਲੇ ਮਲਾਹ ਹੋ ਨਿਬੜਦੇ ਹਨ। ਤਿਆਗ ਭਾਵਨਾ ਨਾਲ ਸੇਵਾ ਨਿਭਾਉਣ ਵਾਲੇ ਅਜਿਹੇ ਪ੍ਰਧਾਨ ਜੇ ਕਿਸੇ ਵਜ੍ਹਾ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਵੀ ਕਰਨ ਤਾਂ ਅਕਸਰ ਉਨ੍ਹਾਂ ‘ਤੇ ਦਬਾਅ ਪਾਇਆ ਜਾਂਦਾ ਹੈ ਕਿ ਉਹ ਸੰਸਥਾ ਦੀ ਸੇਵਾ ਕਰਦੇ ਰਹਿਣ। ਮਨ-ਚਿਤ ਵਿਚ ਥੋੜ੍ਹੀ ਬਹੁਤੀ ਵੀ ਤਿਆਗ ਬਿਰਤੀ ਰੱਖਣ ਵਾਲੇ ਅਜਿਹੇ ਪ੍ਰਧਾਨ ਕਦੇ ਵੀ ਕੁਰਸੀ ਲਈ ਰਾਲ਼ਾਂ ਨਹੀਂ ਵਗਾਉਣਗੇ।
ਇਸ ਦੇ ਉਲਟ ਪ੍ਰਧਾਨਗੀ ਨੂੰ ਜੱਟ-ਜੱਫਾ ਮਾਰੀ ਬੈਠੇ ਪ੍ਰਧਾਨ ਆਪਣੀ ਸੰਸਥਾ ਲਈ ਹੀ ਨਹੀਂ, ਸਗੋਂ ਪੂਰੀ ਕੌਮ ਲਈ ਨਮੋਸ਼ੀ ਦਾ ਕਾਰਨ ਬਣਦੇ ਹਨ। ਦੁਖੀ ਹਿਰਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਦੁਨੀਆਂ ਭਰ ਦੇ ਬਹੁਤੇ ਗੁਰਦੁਆਰਿਆਂ ਦਾ ਪ੍ਰਬੰਧ ਜੱਫਾ-ਮਾਰ ਪ੍ਰਧਾਨਾਂ ਨੇ ਸਾਂਭਿਆ ਹੋਇਆ ਹੈ। ਇਸੇ ਕਾਰਨ ਕਿਸੇ ਵਿਰਲੇ ਗੁਰਦੁਆਰੇ ਨੂੰ ਛੱਡ ਕੇ, ਸਭ ਦੇ ਕਚਹਿਰੀਆਂ ਵਿਚ ਮੁਕੱਦਮੇ ਚੱਲਦੇ ਹਨ।
ਕਈ ਹਾਲਤਾਂ ਵਿਚ ਪ੍ਰਧਾਨ ਦਾ ਓਨਾ ਕਸੂਰ ਨਹੀਂ ਹੁੰਦਾ ਜਿੰਨਾ ਉਸ ਨੂੰ ਪ੍ਰਧਾਨ ਬਣਾਉਣ ਵਾਲੇ ਮੈਂਬਰਾਂ ਦਾ ਹੁੰਦਾ ਹੈ। ਚੰਗੀ ਭਲੀ ਚੱਲ ਰਹੀ ਕਿਸੇ ਜਥੇਬੰਦੀ ਦੇ ਮੈਂਬਰਾਂ ਵਿਚੋਂ ਇਕ ਅੱਧ ਨੂੰ ਪ੍ਰਧਾਨਗੀ ਦੀ ਲਾਲਸਾ ਦਾ ਰੋਗ ਚਿੰਬੜ ਜਾਂਦਾ ਹੈ। ਇਸੇ ਲਾਲਸਾ ਅਧੀਨ ਉਸ ਨੂੰ ਪ੍ਰਧਾਨ ਤੇ ਉਸ ਦੇ ਸਮਰਥਕਾਂ ਵਿਚ ਦੁਨੀਆਂ ਭਰ ਦੇ ਐਬ ਨਜ਼ਰ ਆਉਣ ਲੱਗ ਪੈਂਦੇ ਹਨ। ਪ੍ਰਧਾਨ ਨੂੰ ਸਾਰਥਕ ਸਹਿਯੋਗ ਦੇਣ ਦੀ ਬਜਾਏ Ḕਨਾਰਾਜ਼Ḕ ਮੈਂਬਰ ਜਾਂ ਤਾਂ ਸਾਥੀ ਮੈਂਬਰਾਂ ਦੀ ਜੋੜ-ਤੋੜ ਕਰਨ ਲੱਗ ਪੈਂਦਾ ਹੈ। ਜਦੋਂ ਆਪ ਪ੍ਰਧਾਨ ਹੁੰਦੇ ਹਨ ਤਾਂ ਪ੍ਰਧਾਨਗੀ ਛੱਡਣ ਦਾ ਨਾਂ ਨਹੀਂ ਲੈਂਦੇ ਅਤੇ ਇਸ ਪਿਛੇ ਗੁਰਦੁਆਰੇ ਦਾ ਅਤੇ ਵਿਰੋਧੀਆਂ ਦਾ ਹਜ਼ਾਰਾਂ ਡਾਲਰ ਖਰਚਾ ਦਿੰਦੇ ਹਨ। ਜਦੋਂ ਪ੍ਰਧਾਨਗੀ ਖੁਸਦੀ ਹੈ ਤਾਂ ਨਵੇਂ ਬਣੇ ਪ੍ਰਧਾਨ ਵਿਰੁਧ ਪ੍ਰਧਾਨਗੀ ਨੂੰ ਚਿੰਬੜੇ ਰਹਿਣ ਦੇ ਦੋਸ਼ ਲਾਉਣ ਲੱਗਦੇ ਹਨ ਅਤੇ ਮਾਮਲਾ ਫਿਰ ਅਦਾਲਤਾਂ ਵਿਚæææ। ਜੇ ਚਾਰੇ ਸਿਰੇ ਪ੍ਰਧਾਨਗੀ ਖੋਹੀ ਨਾ ਜਾ ਸਕੇ, ਤਦ ਇਕ ਹੋਰ ਗੁਰਦੁਆਰਾ ਬਣਾ ਕੇ Ḕਪ੍ਰਧਾਨ ਸਾਹਿਬḔ ਸਦਾਉਣ ਦੀ ਰੀਝ ਪੂਰੀ ਕਰ ਲਈ ਜਾਂਦੀ ਹੈ। ਇਕ ਹੀ ਪਿੰਡ-ਮੁਹੱਲੇ ਵਿਚ ਜਦੋਂ ਵੀ ਕਿਤੇ ਦੂਜਾ ਗੁਰਦੁਆਰਾ ਬਣਦਾ ਹੈ, ਉਹਦੇ ਪਿਛੇ ਕਾਰਨ ਤਕਰੀਬਨ ਇਹੀ ਹੁੰਦਾ ਹੈ।
ਸਿਰਫ ਗੁਰਦੁਆਰੇ ਹੀ ਨਹੀਂ, ਨਵੀਆਂ ਨਵੀਆਂ ਸਭਾ-ਸੁਸਾਇਟੀਆਂ, ਜਥੇਬੰਦੀਆਂ ਜਾਂ ਪਾਰਟੀਆਂ ਬਣਨ ਪਿਛੇ ਵੀ ਬਹੁਤਾ Ḕਪ੍ਰਧਾਨਗੀ ਦਾ ਕੀੜਾḔ ਹੀ ਕਾਰਨ ਹੁੰਦਾ ਹੈ। ਇਸੇ ਵਜ੍ਹਾ ਕਾਰਨ ਅਕਾਲੀ ਦਲ ਬਣਦੇ-ਟੁੱਟਦੇ ਰਹਿੰਦੇ ਹਨ। ਇਹ ਰੋਗ ਐਨਾ ਵਸੀਹ ਹੋ ਚੁਕਾ ਹੈ ਕਿ ਟਕਸਾਲਾਂ ਤੇ ਫੈਡਰੇਸ਼ਨਾਂ ਦੀ ਗਿਣਤੀ ਹੀ ਕੋਈ ਨਹੀਂ। ਕਿਸੇ ਮਾਰੂ ਵਬਾ ਵਾਂਗ ਪ੍ਰਧਾਨਗੀ ਦੀ ਭੁੱਖ ਨੇ ਪੰਜਾਬੀਆਂ ਦੀਆਂ ਤਮਾਮ ਜਥੇਬੰਦੀਆਂ ਨੂੰ ਇੱਕ ਤੋਂ ਦੋ-ਦੋ, ਤਿੰਨ-ਤਿਨ ਧੜੇਬੰਦੀਆਂ ਵਿਚ ਵੰਡ ਛੱਡਿਆ ਹੈ। ਸਿਤਮ ਦੀ ਗੱਲ ਹੈ ਕਿ ਗੁਰਦੁਆਰਿਆਂ ਦੀਆਂ ਸਟੇਜਾਂ ਉਤੇ ਨਵਾਬੀ ਲੈ ਕੇ ਵੀ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਸਰਦਾਰ ਕਪੂਰ ਸਿੰਘ ਦਾ ਪ੍ਰਸੰਗ ਸੁਣਾਇਆ ਜਾ ਰਿਹਾ ਹੁੰਦੈ, ਤੇ ਉਥੇ ਹੀ ਪ੍ਰਧਾਨਗੀ-ਯੁਧ ਲੜਨ ਦੀਆਂ ਸਕੀਮਾਂ ਬਣ ਰਹੀਆਂ ਹੁੰਦੀਆਂ ਹਨ! ਪ੍ਰਧਾਨਗੀ ਦੀ ਮਹਿਮਾ ਕੌਮ ਲਈ ਸਰਾਪ ਬਣੀ ਹੋਈ ਹੈ ਇਸ ਵੇਲੇ। ਅਫਸੋਸ!