ਬਹੁਤ ਕੁਝ ਹੋਈ ਜਾ ਰਿਹੈ, ਹੋਈ ਵੀ ਸਾਹਮਣੇ ਜਾ ਰਿਹੈ। ਵੇਖਦੇ ਵੀ ਸਾਰੇ ਨੇ, ਫਿਰ ਕੋਈ ਬੋਲਦਾ ਕਿਉਂ ਨਹੀਂ? ਇਹੋ ਸਭ ਤੋਂ ਵੱਡਾ ਨੁਕਸਾਨ ਹੈ। ਗਊ ਮਾਤਾ ਨੇ ਬੱਕਰੇ ਦੇ ਢਿੱਡ ਵਿਚ ਇੰਨੀ ਜ਼ੋਰ ਦੀ ਲੱਤ ਮਾਰੀ ਕਿ ਉਹ ਦਸ ਫੁੱਟ ਦੂਰ ਜਾ ਕੇ ਡਿੱਗਿਆ। ਬੱਕਰੀ ਨੇ ਧਾਹ ਮਾਰੀ, “ਨੀ ਬਿਮਾਰੀ ਪੈਣੀਏਂ! ਆਹ ਕਸਾਈ ਤਾਂ ਸਾਨੂੰ ਪਹਿਲਾਂ ਹੀ ਖਿੱਚੀ ਜਾਂਦਾ ਸੀ, ਤੇਰਾ ਕੀ ਵਿਗਾੜਿਆ ਸੀ ਮੇਰੇ ਸਿਰ ਦੇ ਸਾਈਂ ਨੇ?” ਗਾਂ ਹੋਰ ਤੱਤੀ ਹੋ ਕੇ ਬੋਲੀ, “ਨੀ ਹੋਰ ਕੀ ਕਰਾਂ!
ਸਰਹੱਦਾਂ ਲੰਘ ਕੇ ਸਾਡੇ ‘ਤੇ ਹਮਲੇ ਕਰਦੇ ਓæææਤੈਨੂੰ ਪਤੈ, ਤੇਰਾ ਧਰਮ ਹੋਰ ਐ ਤੇ ਮੇਰਾ ਹੋਰ।” ਬੱਕਰੇ ਨੂੰ ਪੈਰੀਂ ਖੜ੍ਹੇ ਕਰਦਿਆਂ ਬੱਕਰੀ ਦੀ ਧਾਹ ਨਿਕਲੀ, “ਅੱਛਾ! ਹਰੇ ਤੇ ਲਾਲ ਰੰਗ ਦਾ ਰੌਲੈæææਬੱਸ ਇਹੀ ਕਸਰ ਰਹਿੰਦੀ ਸੀ।” ਸਰਕਾਰਾਂ ਕੁੱਖ ਤੇ ਰੁੱਖ ਬਚਾਉਣ ਦੇ ਨਾਅਰੇ ਲਾ ਰਹੀਆਂ ਹਨ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਜਿੱਦਣ ਪੰਛੀ ਤੇ ਜਾਨਵਰ ਵੀ ਧਰਮ ਦੇ ਅੜਿੱਕੇ ਆ ਗਏ, ਨਾ ਪੱਤੇ ਰਹਿਣੇ ਤੇ ਨਾ ਹੀ ਟਾਹਣ। ਤੇ ਕੁੱਖਾਂ ਵਿਚ ਪਹਿਲਾਂ ਹੀ ਧਰਮ ਕਦੋਂ ਦਾ ਜਾ ਵੜਿਆ ਹੈ! ਸੰਤੇ ਅਮਲੀ ਨੇ ਅਹਾਤੇ ਵਿਚ ਵੜਦਿਆਂ ਪਹਿਲਾਂ ਪੈਗ ਲਾ ਕੇ ਲਲਕਾਰਾ ਮਾਰਿਆ, “ਚੱਕ ਓ ਸੋਹਣ ਸਿਆਂ ਪਟਿਆਲੇ ਆਲਾæææਖਿੱਚ ਉਹ ਸ਼ਿਆਮ ਸੁੰਦਰਾ ਮੁਰਗੇ ਦੀ ਲੱਤ ਬਣਾ ਕੇ, ਤੇ ਫਜ਼ਲ ਦੀਨਾæææਚਾੜ੍ਹ ਦੇ ਮੱਛੀ ਨੂੰ ਵੱਟ। ਪਤੰਦਰੋ! ਅਹਾਤੇ ਵਿਚ ਹੀ ਬੰਦੇ ਆਂ, ਬਾਹਰ ਜਾ ਕੇ ਤਾਂ ਤਿੰਨਾਂ ਨੇ ਧਰਮ ਦੀਆਂ ਵੱਟਾਂ ਹੀ ਪਾਉਣੀਆਂ ਨੇ।”
ਅਜੇ ਤੱਕ ਤਸੱਲੀਬਖ਼ਸ਼ ਉਤਰ ਕਿਸੇ ਨੇ ਵੀ ਨਹੀਂ ਦਿੱਤਾ ਕਿ ਨਾਰੀਅਲ ਤੇ ਪਰਮਾਤਮਾ ਦਾ ਆਪਸ ਵਿਚ ਇੰਨਾ ਪਿਆਰ ਕਿਉਂ ਹੈ! ਜਦੋਂ ਦੀਆਂ ਛੱਤਾਂ ਸੀਮੈਂਟ ਦੀਆਂ ਪੈਣ ਲੱਗੀਆਂ ਨੇ, ਕਿਰਲੀ ਖੁਸ਼ ਹੈ ਕਿ ਚਲੋ ਸ਼ਤੀਰਾਂ ਨਾਲ ਜੱਫ਼ੇ ਪਾਉਣ ਦਾ ਕਲੰਕ ਤੇ ਕੋਹੜ ਮਗਰੋਂ ਲੱਥਾ, ਪਰ ਉਹ ਹੋਰ ਵੀ ਖੀਵੀ ਇਸ ਕਰ ਕੇ ਹੋਈ ਪਈ ਹੈ ਕਿ ਸਿਆਣੇ ਤੇ ਅਕਲਮੰਦ ਕਹਾਉਣ ਵਾਲੇ ਬੰਦਿਆਂ ਦੇ ਗਲੋਂ ਸ਼ਾਇਦ ਜਾਤ ਦਾ ਕਲੰਕ ਕਦੇ ਵੀ ਨਾ ਲੱਥੇ! ਸ਼ੀਸ਼ਾ ਜਵਾਨੀ ਵਿਚ ਸੋਹਣਾ ਲਗਦਾ ਹੈ, ਐਨਕ ਤੇ ਖੂੰਡੀ ਬੁਢਾਪੇ ਵਿਚ, ਤੇ ਸਾਰੀ ਉਮਰ ਡਿੰਗਾਂ ਵਾਂਗ ਫਸੇ ਰਹਿਣ ਵਾਲੇ ਮੀਆਂ ਬੀਵੀ ਆਖਰੀ ਉਮਰੇ ਨਕਲੀ ਦੰਦਾਂ ਦੀ ਇਕ ਜੋੜੀ ਨਾਲ ਵੀ ਪਿਆਰ ਸਾਂਝਾ ਕਰ ਰਹੇ ਹੁੰਦੇ ਹਨ। ਜਾਤ ਹੈ, ਰਹੇਗੀ ਵੀ, ਇਹਦੇ ਕਰ ਕੇ ਕਾਣੀ ਵੰਡ ਤੇ ਵਿਤਕਰਾ ਵੀ ਨਹੀਂ ਮੁੱਕੇਗਾ, ਤੇ ਜਦੋਂ ਲਾਲਚ ਸਿਰ ਚੜ੍ਹਦਾ ਹੈ, ਤਾਂ ਜਾਤ ਵੀ ਲੱਕ ਦੂਹਰਾ ਕਰ ਲੈਂਦੀ ਹੈ। ਉਤਰਾਖੰਡ ਵਿਚ ਇਹ ਬਿਰਤਾਂਤ ਦੋ ਕੁ ਸਾਲ ਪਹਿਲਾਂ ਵਾਪਰਿਆ ਸੀ, ਪਰ ਮੈਂ ਤਹਿਕੀਕਾਤ ਹੁਣ ਕਰ ਸਕਿਆ ਹਾਂæææ।
ਐਸ਼ ਅਸ਼ੋਕ ਭੌਰਾ
ਵੇਖਿਆ ਜਾਵੇ ਤਾਂ ਅੱਖ ਤੇ ਕੰਨ ਵਿਚਕਾਰਲਾ ਫਰਕ ਤਾਂ ਭਾਵੇਂ ਚਾਰ ਕੁ ਇੰਚ ਦਾ ਹੀ ਹੁੰਦਾ ਹੈ, ਪਰ ਉਂਜ ਹੁੰਦੇ ਇਹ ਇਕ-ਦੂਜੇ ਤੋਂ ਕੋਹਾਂ ਦੂਰ ਨੇ। ਅੱਖ ਵੇਖਦੀ ਹੈ ਤੇ ਕੰਨ ਸੁਣਦਾ ਹੈ; ਇਕ ਨਰ ਹੈ ਤੇ ਇਕ ਮਾਦਾ। ਅੱਖਾਂ ਸੱਚ ਬੋਲਦੀਆਂ ਹਨ ਤੇ ਕੰਨ ਸੁਣੀਆਂ-ਸੁਣਾਈਆਂ ਗੱਲਾਂ ‘ਤੇ ਹੀ ਵਿਸ਼ਵਾਸ ਜਤਾ ਰਿਹਾ ਹੁੰਦਾ ਹੈ ਪਰ ਜਦੋਂ ਦਿਲ ਵਿਲਕਦਾ ਹੈ ਤਾਂ ਇਕ ਅੱਥਰੂ ਸੁੱਟ ਰਹੀ ਹੁੰਦੀ ਹੈ ਤੇ ਇਕ ਦੁਹਾਈ ਦੇ ਰਿਹਾ ਹੁੰਦਾ ਹੈ ਕਿ ਮੇਰੇ ਅੰਦਰ ਹੁਣ ਉਂਗਲੀਆਂ ਫਸਾ ਦਿਓ। ਜ਼ਰੂਰੀ ਵੀ ਨਹੀਂ ਕਿ ਸਾਰਾ ਕੁਝ ਰਾਜੇ ਹਰੀਸ਼ ਚੰਦਰ ਨਾਲ ਹੀ ਵਾਪਰ ਗਿਆ ਹੈ। ਬੜੀ ਪਰਜਾ ਹੈ ਜੋ ਪਿੱਟ ਪਿੱਟ ਕੇ ਬੇਹਾਲ ਹੋ ਰਹੀ ਹੈ। ਫਰਕ ਕਈ ਵਾਰ ਸਿਰਫ਼ ਇੰਨਾ ਹੁੰਦਾ ਹੈ ਕਿ ਚੀਕਾਂ ਤੇ ਦੁਹਾਈਆਂ ਅੰਦਰ ਹੀ ਪੈਂਦੀਆਂ ਹਨ, ਕਿਉਂਕਿ ਦੁਨੀਆਂ ਨੇ ਕਈ ਬੂਹੇ-ਬਾਰੀਆਂ ਖੁੱਲ੍ਹਣ ਹੀ ਨਹੀਂ ਦੇਣੇ ਹੁੰਦੇ।
ਅੱਜ ਦੇ ਦੌਰ ਵਿਚ ਮੁਹੱਬਤ ਨੂੰ ਜੰਗਾਲ ਇਸ ਕਰ ਕੇ ਲੱਗ ਰਿਹਾ ਹੈ ਕਿ ਲੋਕ ਚੰਗਿਆਂ ਦੀ ਉਸਤਤ ਨਹੀਂ, ਸਗੋਂ ਭੈੜਿਆਂ ਦੀ ਨਿਗਰਾਨੀ ਕਰਨ ਲੱਗ ਪਏ ਹਨ। ਮਨੁੱਖ ਜਦੋਂ ਦਾ ਕੰਨਾਂ ਦਾ ਕੱਚਾ ਵੱਧ ਹੁੰਦਾ ਜਾ ਰਿਹਾ ਹੈ, ਦਿਲ ਤੇ ਅੱਖਾਂ ਨੂੰ ਫੇਲ੍ਹ ਹੋਣ ਤੇ ਰੋਣ-ਧੋਣ ਦੇ ਹਰਜਾਨੇ ਬੜੇ ਭੁਗਤਣੇ ਪੈ ਰਹੇ ਹਨ। ਉਨ੍ਹਾਂ ਭਲੇ ਮਾਣਸਾਂ ਨੂੰ ਕਿਥੋਂ ਲੱਭ ਕੇ ਲਿਆਈਏ ਜਿਹੜੇ ‘ਹਮ ਨਹੀਂ ਚੰਗੇ’ ਕਹਿਣ। ਹੁਣ ਤਾਂ ਬਹੁ-ਗਿਣਤੀ ਦੁਨੀਆਂ ਉਨ੍ਹਾਂ ਨੂੰ ਭੈੜਾ, ਬੁਰਾ ਕਹਿਣ ਲੱਗੀ ਹੋਈ ਹੈ ਜਿਨ੍ਹਾਂ ਨੇ ਮੁੱਛ ਨਾਲੋਂ ਬੋਦੀ ‘ਤੇ ਹੱਥ ਵੱਧ ਫੇਰਿਆ ਹੈ। ਹਓਮੈ ਦੀ ਟੋਪੀ ਉਤਾਰੀ ਹੀ ਨਹੀਂ। ਇਨ੍ਹਾਂ ਨੇ ਹੀ ਨੀਵਿਆਂ ਨੂੰ ਚੁੱਕ ਕੇ ਛਾਤੀ ਨਾਲ ਲਾਉਣ ਦੀ ਨਹੀਂ, ਦੁਰਕਾਰਨ ਦੀ ਸੇਵਾ ਵੱਧ ਕੀਤੀ ਹੈ। ਇਸੇ ਲਈ ਜਾਤ ਦੇ ਉਜਾੜੇ ਹਾਲੇ ਜਾਰੀ ਹਨ ਤੇ ਇਨ੍ਹਾਂ ਦੇ ਰੁਕਣ ਦੀ ਆਸ ਕਰਨੀ ਵੀ ਸਿਆਣਪ ਨਹੀਂ ਹੋਵੇਗੀ। ਚਲੋæææ!
ਸਿਆਲਾਂ ਦੇ ਚੜ੍ਹਦੇ ਪਾਸੇ ਪਿੱਪਲ ਹੇਠ ਜੁੜੀ ਪਰ੍ਹਿਆ ਵਿਚ ਜਦੋਂ ਕੈਦੋਂ ਨੇ ਪੱਗ ਲਾਹ ਕੇ ਚੂਚਕ ਦੇ ਪੈਰਾਂ ਵਿਚ ਮਾਰਦਿਆਂ ਦੁਹੱਥੜ ਮਾਰੀ ਸੀ ਕਿ ਸਿਆਲਾਂ ਦਿਆ ਚੌਧਰੀਆ! ਤੇਰੀ ਧੀ ਮੱਝੀਆਂ ਦੇ ਰਖਵਾਲੇ ਚਾਕ ਨਾਲ ਅੱਖ-ਮਟੱਕੇ ਕਰ ਰਹੀ ਹੈ ਤੇ ਹੁਣ ਇੱਜ਼ਤ ਲੁੱਟ ਹੋਣ ਦੀ ਕਸਰ ਕੀ ਬਾਕੀ ਰਹਿ ਗਈ, ਤਾਂ ਹੀਰ ਦੁਆਲੇ ਕਰਫਿਊ ਤੇ ਦਫ਼ਾ ਚੁਤਾਲੀ ਉਸੇ ਵੇਲੇ ਲਾਗੂ ਕਰ ਦਿੱਤੇ ਗਏ ਸਨ, ਪਰ ਧਿਆਨ ਲਾ ਕੇ ਨਹੀਂ, ਧਰ ਕੇ ਵੇਖੋ, ਐਸ ਬਾਪ ਦੀ ਪੱਗ ਦਾ ਮੁੱਲ ਕੌਣ ਤੇ ਕੋਈ ਪਾ ਸਕੇਗਾ?
ਅੰਦਰ ਸ਼ਗਨਾਂ ਦੇ ਗੀਤ ਗਾਏ ਜਾ ਰਹੇ ਸਨ, ਭੱਠੀ ਚੜ੍ਹੀ ਹੋਈ ਸੀ, ਤੰਬੂਆਂ ਹੇਠਾਂ ਰਿਸ਼ਤੇਦਾਰਾਂ ਦੀ ਪੂਰੀ ਚਹਿਲ-ਪਹਿਲ ਸੀ, ਤੇ ਅਜੇ ਪਹਿਲੀ ਸਲਾਮੀ ਹੀ ਕਾਕੇ ਹਰਕੇਸ਼ ਨੂੰ ਪਈ ਹੋਵੇਗੀ, ਭਗਵਾਨੀ ਪ੍ਰਸਾਦ ਨੇ ਆਪਣੀ ਢਿੱਲੀ ਪਗੜੀ ਲਾਹ ਕੇ ਚੰਦਰ ਭਾਨ ਦੇ ਪੈਰਾਂ ਵਿਚ ਮਾਰ ਕੇ ਲੇਰ ਮਾਰੀ, “ਮੇਰੀ ਲੰਕਾ ਉਜੜੀ ਦਾ ਕੀ ਬਣੇਗਾ, ਅੱਜ ਮੈਨੂੰ ਪੂਰਾ ਅਹਿਸਾਸ ਹੋਇਐ ਕਿ ਸੱਚਮੁੱਚ ਹੀ ਮੇਰੀ ਕੋਈ ਔਕਾਤ ਨਹੀਂ ਸੀ, ਤੇ ਗਰੀਬ ਤੇ ਛੋਟੇ ਲੋਕਾਂ ਦੀ ਔਕਾਤ ਤੁਸੀਂ ਲੋਕ ਰਹਿਣ ਵੀ ਕਿਥੇ ਦਿੰਦੇ ਹੋ! ਉੱਜੜ ਗਿਆਂ ਦੇ ਮੁੜ ਵਸੇਬੇ ਸਰਕਾਰਾਂ ਤੋਂ ਵੀ ਨਹੀਂ ਹੁੰਦੇ।” ਤੇ ਨਾਲ ਹੀ ਬੇਹੋਸ਼ ਕੇ ਭਗਵਾਨੀ ਪ੍ਰਸਾਦ ਹੇਠਾਂ ਜਾ ਪਿਆ।
ਕੁਝ ਕੁ ਲੋਕਾਂ ਨੂੰ ਹੀ ਪਤਾ ਸੀ ਕਿ ਇਹ ਭਗਵਾਨੀ ਪ੍ਰਸਾਦ ਉਹੀ ਹੈ, ਚੰਦਰ ਭਾਨ ਦਾ ਪਹਿਲਾ ਕੁੜਮ, ਜਿਸ ਦਾ ਹੁਣ ਇਰਾਕ ਵਾਂਗ ਬਚਿਆ ਵੀ ਕੁਝ ਨਹੀਂ। ਬਹੁਤੇ ਰਿਸ਼ਤੇਦਾਰ ਅੱਖਾਂ ਰਾਹੀਂ ਪੁੱਛਣ ਦਾ ਯਤਨ ਕਰ ਰਹੇ ਸਨ ਕਿ ਆਖਰ ਹੋਇਆ ਕੀ ਹੈ! ਦਰਅਸਲ, ਮਹਾਂਭਾਰਤ ਵਿਚ ਅੰਨ੍ਹੇ ਧ੍ਰਿਤਰਾਸ਼ਟਰ ਦੀ ਕਹਾਣੀ ਭਾਵੇਂ ਕੁਝ ਵੀ ਹੋਵੇ, ਪਰ ਇਸ ਬਦਕਿਸਮਤ ਬਾਪ ਦੇ ਮਹਾਂਭਾਰਤ ‘ਤੇ ਕੋਈ ਬੀæਆਰæ ਚੋਪੜਾ ਸ਼ਾਇਦ ਡਰਾਮਾ ਨਾ ਖੇਡੇ!
ਅਸਲ ਵਿਚ ਕਦੇ ਕਿਸੇ ਨੇ ਸੁਆਲ ਹੀ ਨਹੀਂ ਕੀਤਾ ਕਿ ਅਕਸਰ ਮੂਰਤੀਆਂ ਚੁੱਪ ਤੇ ਖਾਮੋਸ਼ ਕਿਉਂ ਹੁੰਦੀਆਂ ਹਨ?
ਹੁਣ ਵਕਤ ਦਾ ਵਰਤਾਰਾ ਮੈਂ ਦੱਸਦਾ ਹਾਂ:
ਕਾਨੂੰਨ ਦੀ ਪੜ੍ਹਾਈ ਵਿਚ ਹਰਕੇਸ਼ ਤੇ ਰੰਜਨਾ ਜਮਾਤੀ ਸਨ। ਵਿਦਿਆਰਥੀਆਂ ਵਾਲੀ ਸਾਂਝ ਸੀ। ਫੀਸ ਦੀ ਸਮੱਸਿਆ ਆਈ ਤਾਂ ਰੰਜਨਾ ਦੇ ਚਿਹਰੇ ‘ਤੇ ਉਦਾਸੀ ਵੇਖ ਕੇ ਹਰਕੇਸ਼ ਨੇ ਪੁੱਛਿਆ, “ਤੂੰ ਚੁੱਪ ਕਿਉਂ ਏ?”
“ਮਾਂ ਤੁਰ ਗਈ, ਉਹਦੇ ਕਰ ਕੇ ਬਾਪੂ ਦੋ ਕੁ ਮਹੀਨੇ ਤੋਂ ਮੰਡੀ ਵਿਚ ਫਲਾਂ ਦੀ ਰੇਹੜੀ ਨ੍ਹੀਂ ਲਾ ਸਕਿਆ। ਆੜ੍ਹਤੀਆ ਤਾਂ ਕੰਮ ਚਲਾਉਣ ਲਈ ਵੀ ਚਾਰ ਪੈਸੇ ਦੇਣ ਨੂੰ ਤਿਆਰ ਨਹੀਂæææਬਾਪੂ ਫੀਸ ਕਿਥੋਂ ਦੇਵੇਗਾ?”
ਪੜ੍ਹਨ ਵਿਚ ਸਿਰੇ ਦੀ ਹੁਸ਼ਿਆਰ ਰੰਜਨਾ ਦੀ ਛੇ ਮਹੀਨਿਆਂ ਦੀ ਫੀਸ ਹਰਕੇਸ਼ ਨੇ ਜਮ੍ਹਾਂ ਕਰਵਾ ਕੇ ਕਿਹਾ, “ਘਬਰਾ ਨਾ, ਤੈਨੂੰ ਮੈਂ ਵਕੀਲ ਬਣਾ ਦਿਆਂਗਾ। ਤੇਰਾ ਕੋਈ ਭਰਾ ਨਹੀਂ?”
ਗਰੀਬਾਂ ਦੇ ਕਈ ਘੜੇ ਤਾਂ ਚਲੋ ਕੱਚੇ ਹੁੰਦੇ ਹੀ ਹਨ, ਰੱਬ ਚੱਪਣੀਆਂ ਵੀ ਤੋੜ ਸੁੱਟਦਾ ਹੈ। ਭਰਾ ਨੂੰ ਤੇਰਵੇਂ ਸਾਲ ਵਿਚ ਪੀਲੀਆ ਨਿਗਲ ਗਿਆ। ਮਾਂ ਉਹਦੇ ਗਮ ਵਿਚ ਚਲੇ ਗਈ ਤੇ ਜ਼ਿੰਦਗੀ ਦਾ ਗੱਡਾ ਬਾਪ ਖਿੱਚ ਰਿਹਾ ਹੈ ਤੇ ਧੀ ਧੱਕਾ ਲਾਉਣ ਜੋਗੀ ਵੀ ਨਹੀਂ ਸੀ।
ਹਰਕੇਸ਼ ਦੀ ਹਮਦਰਦੀ ਪਤਾ ਨਹੀਂ ਗਰੀਬੜੀ ਧੀ ਨੂੰ ਪਹਿਲਾਂ ਪਿਆਰ ਵਿਚ ਬਦਲਦੀ ਦਿਸੀ, ਤੇ ਫਿਰ ਮੁਹੱਬਤ ਦੀ ਬੁੱਕਲ ਖੁੱਲ੍ਹ ਗਈ। ਤੇ ਇਕ ਦੂਜੇ ‘ਤੇ ਫਿਦਾ ਹੋਣ ਦੀ ਸੱਚੀ ਸਹੁੰ ਮੱਲੋ-ਮੱਲੀ ਮੂੰਹੋਂ ਨਿਕਲ ਗਈ।
ਆਮਦਨ ਕਰ ਕਮਿਸ਼ਨਰ ਬਾਪ ਅਤੇ ਉਹ ਖਾਨਦਾਨ ਜਿਥੇ ਲਸਣ ਦੀ ਪੋਥੀ ਵੀ ਚੌਂਕੇ ਵਿਚ ਨਾ ਵੜਦੀ, ਮਹਿਲਾਂ ਦੀਆਂ ਉਚੀਆਂ ਕੰਧਾਂ, ਨੌਕਰਾਂ-ਚਾਕਰਾਂ ਨਾਲ ਹੋਣ ਵਾਲੀ ਸੇਵਾ ਵਾਲਾ ਆਂਗਣæææਤੇ ਕਿਥੇ ਸਬਜ਼ੀ ਮੰਡੀ ਨੇੜੇ ਝੁੱਗੀਆਂ ਕੋਲ ਬਣਿਆ ਨਿੱਕਾ ਜਿਹਾ ਭਗਵਾਨੀ ਪ੍ਰਸਾਦ ਦਾ ਤਿੰਨ ਕੁ ਕਮਰਿਆਂ ਵਾਲਾ ਮਿਹਨਤ ਦੇ ਮੁੜ੍ਹਕੇ ਨਾਲ ਬਣਾਇਆ ਮਕਾਨ।
ਜਿੱਦਣ ਹਰਕੇਸ਼ ਆਪਣੇ ਨਾਲ ਰੰਜਨਾ ਤੇ ਉਸ ਦੇ ਬਾਪੂ ਭਗਵਾਨੀ ਪ੍ਰਸਾਦ ਨੂੰ ਲੈ ਕੇ ਸ਼ਾਹੀ ਮਹਿਲਾਂ ਵਿਚ ਅੱਪੜਿਆ, ਤਾਂ ਘੁੰਮਵੀਂ ਕੁਰਸੀ ‘ਤੇ ਬੈਠੇ ਚੰਦਰ ਭਾਨ ਨੇ ਰੰਜਨਾ ਦੀ ਖੂਬਸੂਰਤੀ ਵੱਲ ਤਾਂ ਜਿਵੇਂ ਅੱਖਾਂ ਨਾਲ ਹੁੰਗਾਰਾ ਭਰਿਆ ਹੋਵੇ, ਪਰ ਨਾਲ ਹੀ ਆਪਣੇ ਕਾਮਿਆਂ ਵਰਗੇ ਮਨੁੱਖ ਤੱਕ ਕੇ ਪਹਿਲਾਂ ਤਾਂ ਚੁੱਪ ਰਿਹਾ, ਫਿਰ ਨਿੰਬੂ ਪਾਣੀ ਦੇ ਗਲਾਸ ਪਿਉ ਦੇ ਹੱਥ ਜਿਉਂ ਹੀ ਨੌਕਰ ਨੇ ਫੜਾਏ, ਉਹ ਇਸ਼ਾਰੇ ਨਾਲ ਹਰਕੇਸ਼ ਨੂੰ ਅੰਦਰ ਲਿਜਾ ਕੇ ਪੁੱਛਣ ਲੱਗਾ, “ਇਹ ਕੁੜੀ ਤੇ ਬੁੜ੍ਹਾ ਕੌਣ ਨੇ?”
“ਕੁੜੀ ਰੰਜਨਾ ਹੈ ਡੈਡ, ਮੇਰੇ ਨਾਲ ਲਾਅ ਕਰ ਰਹੀ ਹੈ ਤੇ ਨਾਲ ਉਸ ਦਾ ਪਿਤਾ ਹੈ, ਪਰ ਡੈਡæææ।”
ਪੁੱਤ ਦਾ ਭੇਤ ਸਮਝਦਿਆਂ ਚੰਦਰ ਭਾਨ ਦੇ ਅਭਿਮਾਨ ਦੀ ਲਾਲੀ ਭੜਕ ਪਈ, “ਅੱਛਾ ਇਹ ਉਹੀ ਕੁੜੀ ਹੈ ਜਿਹਦੀ ਤੂੰ ਖਰਚੇ ਵਿਚ ਮਦਦ ਕਰਨ ਦੀ ਗੱਲ ਆਖਦੈਂæææ?” ਤੇ ਪੁੱਤ ਦਾ ਜਵਾਬ ਸੁਣਨ ਤੋਂ ਪਹਿਲਾਂ ਹੀ ਤੋਪ ਦਾ ਗੋਲਾ ਗਰੀਬ ‘ਤੇ ਛੱਡਣ ਆ ਗਿਆ, “ਏ ਕੁੜੀਏ! ਤੇਰੀ ਮਦਦ ਕਰਾ’ਤੀ ਇਨਸਾਨੀਅਤ ਦੇ ਨਾਤੇ, ਤੇ ਤੂੰ ਉਲਟਾ ਮੇਰੇ ਪੁੱਤ ‘ਤੇ ਡੋਰੀਆਂ ਪਾ ਲਈਆਂ। ਚੁੜੇਲ ਕਿਸੇ ਥਾਂ ਦੀ। ਪੁੱਤ ਨੂੰ ਜੱਜ ਬਣਾਉਣੈ ਮੈਂæææਤੂੰ ਨੂੰਹ ਬਣਨ ਨੂੰ ਕਾਹਲੀ ਹੋ ਗਈ। ਇਸ ਘਰ ਦੀ ਤੈਨੂੰ ਤਾਂ ਮੈਂ ਨੌਕਰਾਣੀ ਨਾ ਰੱਖਾਂ। ਓਏæææਤੂੰ ਬੁੜ੍ਹਿਆ ਔਕਾਤ ਵੇਖ ਆਪਣੀæææਨ੍ਹਾਤੇ ਨੂੰ ਜਿੱਦਾਂ ਮਹੀਨਾ ਹੋ ਗਿਆ ਹੋਵੇ। ਚੱਲਦਾ ਬਣ। ਬੇਰ ਖਾਣੇ ਅੰਬ ਭਾਲਣ ਤੁਰ ਪਏ। ਚੌਕੀਦਾਰ ਲੱਗਣਾ ਤਾਂ ਆ ਜੀਂ ਭਲਕੇ। ਔਕਾਤ ਵੇਖੀਦੀ ਹੁੰਦੀ ਆ ਆਪਣੀ। ਆ ਗਿਆ ਡੋਲਾ ਘਰ ਆਪ ਹੀ ਛੱਡਣ।”
ਤੇ ਪਰਮਾਣੂ ਬੰਬ ਜਿਵੇਂ ਅਮਰੀਕਾ ਨੇ ਮੁੜ ਕੇ ਭੁਲੇਖੇ ਨਾਲ ਸੁੱਟ ਦਿੱਤਾ ਹੋਵੇ। ਉਨ੍ਹੀਂ ਪੈਰੀਂ ਪਿਉ-ਧੀ ਹਵੇਲੀਓਂ ਬਾਹਰ ਹੋ ਗਏ।
ਫਿਰ ਜਿਵੇਂ ਤੂੰਬਾ ਤਾਂ ਰਿਹਾ, ਤਾਰ ਟੁੱਟ ਗਈ। ਰੰਜਨਾ ਤੇ ਹਰਕੇਸ਼ ਮਿਲਦੇ ਰਹੇ। ਜਾਗ ਤਾਂ ਭਾਵੇਂ ਸੀ, ਪਰ ਦੁੱਧ ਨਾ ਰਿਹਾ।
ਦੋ ਕੁ ਵਰ੍ਹੇ ਚੁੱਪ ਬੀਤ ਗਏ। ਜੁਡੀਸ਼ਰੀ ਇਮਤਿਹਾਨ ਰੰਜਨਾ ਤੇ ਹਰਕੇਸ਼ ਨੇ ਇਕੱਠਿਆਂ ਦਿੱਤਾ। ਨਤੀਜੇ ਵਾਲੀ ਅਖਬਾਰ ਬਾਪੂ ਦੇ ਟੇਬਲ ‘ਤੇ ਨਕਲੀਆਂ ਦੇ ਚੋਪਾਟੇ ਵਾਂਗ ਮਾਰ ਕੇ ਹਰਕੇਸ਼ ਨੇ ਕਿਹਾ, “ਡੈਡ ਆਹ ਵੇਖ ਨਤੀਜਾ, ਰੰਜਨਾ ਦੂਜੇ ਨੰਬਰ ‘ਤੇ ਆਈ ਹੈ, ਬਣ ਗਈ ਨਾ ਜੱਜ!”
“ਤੇ ਤੂੰ?” ਐਨਕ ਦੇ ਉਪਰੋਂ ਦੀ ਦੇਖ ਕੇ ਚੰਦਰ ਭਾਨ ਨੇ ਹੈਰਾਨੀ ਨਾਲ ਪੁੱਛਿਆ।
“ਰਹਿ ਗਿਆਂ ਐਤਕੀਂ! ਨਾਲੇ ਕੀ ਲੈਣਾ ਜੱਜ ਬਣ ਕੇ। ਬਥੇਰਾ ਧਨ-ਦੌਲਤ ਐ। ਰੱਖ ਲਈਂ ਜੱਜ ਨੂੰ ਨੌਕਰਾਣੀ।”
ਤਬਲਾ ਜਿਵੇਂ ਪੁੱਠੇ ਪਾਸੇ ਤੋਂ ਵੱਜਣ ਲੱਗ ਪਿਆ ਹੋਵੇ। ਚੰਦਰ ਭਾਨ ਦੀ ਲੀਡਰਾਂ ਵਰਗੀ ਰਾਜਨੀਤੀ ਉੱਛਲ ਪਈ, “ਅੱਛਾ ਹਾਲੇ ਹਟਿਆ ਨ੍ਹੀਂ। ਵਿਆਹ ਕਰਵਾਉਣਾ ਚਾਹੁੰਨੈ ਤੂੰ? ਜਾਹæææਜਾ ਕੇ ਕਹਿ ਦੇ ਭਗਵਾਨੀ ਪ੍ਰਸਾਦ ਨੂੰ ਰਿਸ਼ਤਾ ਮਨਜ਼ੂਰ ਐ।”
ਰਾਂਝੇ ਨਾਲ ਜਿਵੇਂ ਬੇਲੇ ਤੋਂ ਹੀਰ ਦੀ ਡੋਲੀ ਤੁਰਨ ਲੱਗੀ ਹੋਵੇ। ਖੁਸ਼ੀ ਨਾਲ ਉਛਲਦਾ ਹਰਕੇਸ਼ ਪੰਜ ਡੱਬੇ, ਤੇ ਇਕ ਵੱਖਰਾ, ਲੈ ਕੇ ਸਿੱਧਾ ਭਗਵਾਨੀ ਪ੍ਰਸਾਦ ਦੇ ਘਰੇ ਜਾ ਪੁੱਜਾ। ਰੌਣਕਾਂ ਵਿਚ ਦਸਤਕ ਦੇ ਕੇ ਕਹਿਣ ਲੱਗਾ, “ਰੰਜਨਾ! ਆਹ ਪੰਜ ਡੱਬੇ ਬਰਫ਼ੀ ਦੇ ਤੇਰੇ ਜੱਜ ਬਣਨ ਦੀ ਖੁਸ਼ੀ ਵਿਚ, ਤੇ ਆਹ ਛੇਵਾਂæææਤੈਨੂੰ ਕੀ ਦੱਸਾਂæææਰੇਲ ਚੜ੍ਹ ਗਈ ਬਿਨਾਂ ਲਾਈਨ ਤੋਂ ਹੀ ਪਟੜੀ ‘ਤੇæææ।”
“ਹੁਣ ਉਹਨੂੰ ਪੁੱਛ ਵੱਡੇ ਲਾਟ ਨੂੰ ਬੇਰ ਆ ਕਿ ਅੰਬæææਆ ਗਿਆ ਨਾ ਲਾਲਚ ਵਿਚ ਪਸੀਨਾæææਸੋਚਾਂਗੇ ਹਾਲੇ ਨ੍ਹੀਂæææ।”
“ਪਿਤਾ ਜੀ ਗੱਲ ਕੀ ਆ ਹੁਣæææਮੰਨ ਤਾਂ ਗਿਆ ਡੈਡ?”
“ਓਏ ਮਾਰ ਕੇ ਪੁੱਛਦਾ ਏਂ ਸੱਟਾਂ ਕਿਥੇ ਕਿਥੇ ਲੱਗੀਆਂ ਨੇ। ਹੁਣ ਇਹ ਨਹੀਂ ਹੋਵੇਗਾ।”
ਫਿਰ ਕੱਚੀਆਂ ਤੰਦਾਂ ਵੀ ਪੱਕੀਆਂ ਹੁੰਦੀਆਂ ਗਈਆਂæææਪਿਆਰ ਦੀਆਂ ਪੀਂਘਾਂ ਦੇ ਹੁਲਾਰੇ ਫਿਰ ਉਚੇ ਉਠਣ ਲੱਗੇ, ਤੇ ਆਖਰ ਵਾਅਦਿਆਂ ਦੀ ਇਸ ਖਿੱਚੋਤਾਣ ਵਿਚ ਭਗਵਾਨੀ ਪ੍ਰਸਾਦ ਦਾ ਸਿਰ ਤਾਂ ਧੀ ਦੀਆਂ ਖੁਸ਼ੀਆਂ ਲਈ ਨੀਵਾਂ ਹੋ ਹੀ ਗਿਆ, ਪਰ ਇਕ ਸ਼ਰਤ ਉਸ ਨੇ ਇਹ ਰੱਖ ਦਿੱਤੀ, “ਕਾਕਾ! ਬਾਪੂ ਤੇਰਾ ਤਾਂ ਮੈਖ਼ਾਨੇ ਵਿਚ ਅਮੀਰੀ ਕਰ ਕੇ ਵੜਿਆ ਰਹੇ, ਠੀਕ ਹੈ, ਪਰ ਤੂੰ ਉਦੋਂ ਤੱਕ ਸ਼ਰਾਬ ਮੂੰਹ ਨਹੀਂ ਲਾਵੇਂਗਾ ਜਦੋਂ ਤੱਕ ਤੂੰ ਵੀ ਜੱਜ ਨਾ ਬਣ ਜਾਵੇਂ।”
ਤੇ ਪਿਆਰ ਦੀ ਪ੍ਰਵਾਨਗੀ ਨਾਲ ਬਣੀ ਖੀਰ ਵਿਚ ਸ਼ਰਤਾਂ ਵੀ ਦਾਖਾਂ ਤੇ ਮੁਨੱਕੇ ਹੀ ਲੱਗਦੀਆਂ ਹੁੰਦੀਆਂ ਨੇ!
ਧੀ ਜੱਜ ਬਣੀ ਦੇਖ ਕੇ ਜਿਹੜੇ ਦੋ ਸੌ ਦਾ ਉਧਾਰ ਫਰੂਟ ਨਹੀਂ ਸਨ ਦਿੰਦੇ, ਉਨ੍ਹਾਂ ਆੜ੍ਹਤੀਆਂ ਨੇ ਗੱਜ-ਵੱਜ ਕੇ ਵਿਆਹ ਕਰਨ ਲਈ ਮੱਲੋ-ਮੱਲੀ ਉਧਾਰ ਦੀਆਂ ਪੰਡਾਂ ਭਗਵਾਨੀ ਪ੍ਰਸਾਦ ਦੇ ਘਰ ਸੁੱਟ ਦਿੱਤੀਆਂ।
ਪੈਲੇਸ ਵਿਚ ਸ਼ਾਹੀ ਵਾਜਾ ਵੱਜਿਆ, ਮਹਿੰਗੀਆਂ ਕਾਰਾਂ ਆਈਆਂ, ਕੀਮਤੀ ਸ਼ਰਾਬਾਂ ਡੁੱਲ੍ਹਦੀਆਂ ਰਹੀਆਂ ਤੇ ਜਦੋਂ ਗਰੀਬ ਦੀ ਲਾਇਕ ਧੀ ਨਾਲ, ਮਹਿਲਾਂ ਦੇ ਪ੍ਰਿੰਸ ਚਾਰਲਸ ਦੇ ਫੇਰੇ ਹੋਏ ਤਾਂ ਦੀਵਾਲੀ ਵਰਗੇ ਪਟਾਕੇ ਚੱਲਣ ਲੱਗੇ, ਔਕਾਤ ਪਰਖਣ ਵਾਲਾ ਚੰਦਰ ਭਾਨ ਨਸ਼ੇ ਦੀ ਲੋਰ ਵਿਚ ਆਪ ਨੱਚਿਆ।
ਮਹਿਲਾਂ ਨਾਲ ਕੁੱਲੀਆਂ ਦਾ ਹੱਥ ਮਿਲਦਾ ਵੇਖ ਕੇ ਖੁਸ਼ ਤਾਂ ਸਾਰੇ ਸਨ, ਤੇ ਪਤਾ ਵੀ ਸਾਰਿਆਂ ਨੂੰ ਸੀ ਕਿ ਵਿਆਹ ਰੰਜਨਾ ਦਾ ਨਹੀਂ, ਜੱਜ ਦਾ ਹੋ ਰਿਹਾ ਹੈ।
ਡੋਲੀ ਤੁਰਨ ਵੇਲੇ ਚੰਦਰ ਭਾਨ ਨੇ ਭਾਨ ਨਹੀਂ, ਨੋਟ ਸੁੱਟੇ, ਤੇ ਰੰਜਨਾ ਨੇ ਵਿਲਕਦੇ ਤੇ ਸਿਸਕਦੇ ਬਾਪ ਦੇ ਗਲੋਂ ਲੱਥ ਕੇ ਕਾਲੇ ਰੰਗ ਦੀ ਫੁੱਲਾਂ ਵਾਲੀ ਕਾਰ ਵਿਚ ਪੈਰ ਧਰ ਲਿਆ।
“ਜੰਗ ਫਿਰ ਜਿੱਤ ਹੀ ਲਈ ਮੇਰੀਏ ਜਾਨੇ!”
“ਤੁਸੀਂ ਸ਼ਰਾਬ ਪੀਤੀ ਐ?”
“ਅੱਜ ਲਾ ਲਈ ਘੁੱਟ ਖੁਸ਼ੀ ਵਿਚ।” ਤੇ ਨਾਲ ਹੀ ਗੱਡੀ ਰੋਕ ਕੇ ਡਰਾਈਵਰ ਨੂੰ ਪੈਗ ਬਣਾਉਣ ਲਈ ਆਖ ਦਿੱਤਾ।
ਨਸ਼ੇ ਨੇ ਅੰਦਰ ਖਰੂਦ ਭਰਿਆ ਤਾਂ ਹਰਕੇਸ਼ ਡਰਾਈਵਰ ਨੂੰ ਕਹਿਣ ਲੱਗਾ, “ਤੂੰ ਪਿੱਛੇ ਆ, ਮੈਂ ਚਲਾਉਨਾਂ ਗੱਡੀ।” ਤੇ ਉਹਦੇ ਨਾਂਹ ਨਾਂਹ ਕਰਦਿਆਂ ਵੀ ਰੰਜਨਾ ਨੂੰ ਅਗਲੀ ਸੀਟ ‘ਤੇ ਬਿਠਾ ਕੇ ਗੱਡੀ ਚਲਾਉਣ ਲੱਗ ਪਿਆ।
ਰੰਜਨਾ ਨੂੰ ਲੱਗਦਾ ਸੀ ਕਿ ਅੱਜ ਹਰਕੇਸ਼ ਕੁਝ ਜ਼ਿਆਦਾ ਹੀ ਕਰ ਰਿਹਾ ਹੈ, ਸੁੱਖ ਨਹੀਂ ਲੱਗਦੀ। ਸਾਹਮਣਿਓਂ ਤੇਜ਼ ਟਰੱਕ ਉਪਰ ਚੜ੍ਹਿਆ ਆਉਂਦਾ ਦੇਖ, “ਕੀ ਕਰਦੈਂ ਹਰਕੇਸ਼”, ਤੇ ਨਾਲ ਹੀ ਬਚਾਅ ਲਈ ਸਟੇਅਰਿੰਗ ਦੂਜੇ ਪਾਸੇ ਘੁਮਾ ਦਿੱਤਾ। ਕਾਰ ਬੇਕਾਬੂ ਹੋ ਕੇ ਦਰਖਤ ਵਿਚ ਵੱਜੀ ਤੇ ਜਿਵੇਂ ਉਸ ਦੀਆਂ ਜੜ੍ਹਾਂ ਹਿੱਲ ਗਈਆਂ ਹੋਣ! ਚੂੜਾ ਟੁਕੜੇ ਤੇ ਮਾਂਗ ਵਿਚੋਂ ਸੰਧੂਰ ਦੇ ਨਾਲ ਹੀ ਧਰਾਲਾਂ ਪੈ ਗਈਆਂ ਰੰਜਨਾ ਦੀਆਂ।
ਕਹਾਣੀ ਥਾਏਂ ਖਤਮ ਤੇ ਬਚ ਗਿਆ ਸ਼ਰਾਬੀ, ਅਮੀਰ ਤੇ ਵੱਡਿਆਂ ਘਰਾਂ ਦਾ ਕਾਕਾ।
ਜੱਜ ਦੀ ਲਾਸ਼ ਬਣ ਗਈ ਸੀ।
æææਤੇ ਬੇਹੋਸ਼ ਹੋ ਕੇ ਪੈਰਾਂ ਵਿਚ ਪੱਗ ਸੁੱਟਣ ਵਾਲੇ ਭਗਵਾਨੀ ਪ੍ਰਸਾਦ ਨੂੰ ਪਤਾ ਸੀ ਕਿ ਅੱਜ ਹਰਕੇਸ਼ ਤਾਂ ਫਿਰ ਸਿਹਰੇ ਬੰਨ੍ਹ ਲਵੇਗਾ, ਪਰ ਧੀ ਦਾ ਕਫ਼ਨ ਉਵੇਂ ਦਿਸ ਰਿਹਾ ਹੈæææਪੱਲੇ ਹੈ ਹੀ ਕੀ ਸੀ, ਤੇ ਫਿਰ ਔਕਾਤ ਨੇ ਕੀ ਬਚਣਾ ਸੀ।
ਚਲੋ! ਆਤਮਾ ਸ਼ਾਂਤ ਹੋਣ ਲਈ ਆਖਦੀ ਹੀ ਹੁੰਦੀ ਹੈ।
ਗੱਲ ਬਣੀ ਕਿ ਨਹੀਂ?
ਐਸ ਅਸ਼ੋਕ ਭੌਰਾ
ਬਾਂਸ ਬਰੇਲੀ ਨੂੰ
ਹਾਏ ਓਏ ਰੱਬਾ! ਆਹ ਕੀ ਹੁੰਦੀਆਂ? ਥਾਂ ਥਾਂ ਤੇਰੀਆਂ ਖੇਲਾਂ ਨੇ।
ਸੁਰਗਾਂ ਵਰਗੀਆਂ ਲਗਦੀਆਂ ਅੱਜ ਕੱਲ, ਬਾਬਿਆਂ ਨੂੰ ਇਹ ਜੇਲ੍ਹਾਂ ਨੇ।
ਲੁੱਚੇ ਬਹਿ ਕੇ ਸੀਖਾਂ ਪਿੱਛੇ, ਨਿੱਤ ਹੀ ਕਤਲ ਕਰਾਉਂਦੇ ਨੇ,
ਰਹਿ ਜਾਣਗੀਆਂ ਹਰੀਆਂ ਕਿੱਦਾਂ, ਧਰਮ ਤੇਰੇ ਦੀਆਂ ਵੇਲਾਂ ਨੇ।
ਰੱਖੇ ਨੇ ਬਦਮਾਸ਼ ਦੁਆਲੇ, ਚਰਨੀਂ ਡਿੱਗਦੇ ਭੋਲੇ ਲੋਕ,
ਇਉਂ ਲੱਗਦੈ ਜਿਉਂ ਨਾਮ ਤੇਰੇ ਦੀਆਂ, ਡੇਰਿਆਂ ਅੰਦਰ ਸੇਲਾਂ ਨੇ।
ਨਾ ਗਾਰਡ, ਨਾ ਝੰਡੀ ਹੱਥ ਵਿਚ ਕਿਥੇ ਕੋਈ ਰੋਕ ਲਊ,
ਪਾਪ ਦੀਆਂ ਇਹ ਭੱਜੀਆਂ ਫਿਰਦੀਆਂ, ਬਿਨ ਪਟੜੀ ਤੋਂ ਰੇਲਾਂ ਨੇ।
ਕੱਟੇ ਵਰਗਾ ਸਾਧ ਹਰਾਮੀ, ਇਹਦੇ ਤੋਂ ਕੀ ਮਿਲਜੂ’ਗਾ,
ਸਿਰ ‘ਤੇ ਜਟਾਂ, ਜੂਆਂ ਜਟਾਂ ਵਿਚ, ਕਿੰਜ ਸਮਝਾਈਏ ਚੇਲੀ ਨੂੰ।
ਪਖੰਡਪੁਣੇ ਦਾ ਸਿਖਰ ਹੈ ‘ਭੌਰੇ’, ਚੰਦ ਚੜ੍ਹਨੋਂ ਕੀ ਰਹਿੰਦਾ ਏ?
ਸੁਣਦੇ ਸਾਂ, ਹੁਣ ਵੇਖਿਆ, ਜਾਂਦਾ ਸੱਚੀਂ ਬਾਂਸ ਬਰੇਲੀ ਨੂੰ।