ਅਰਦਾਸਿ ਸੁਣੀ ਦਾਤਾਰਿ

ਗੁਰਨਾਮ ਕੌਰ ਕੈਨੇਡਾ
‘ਅਰਦਾਸ’ ਸਿੱਖ ਧਰਮ ਦਾ ਇੱਕ ਵਿਲੱਖਣ ਸੰਕਲਪ ਹੈ। ਕੁਝ ਵਿਦਵਾਨਾਂ ਅਨੁਸਾਰ ‘ਅਰਦਾਸ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਧਾਤੂ ਅਰਦ ਅਤੇ ਆਸ ਵਿਚ ਹੈ। ਅਰਦ ਦਾ ਅਰਥ ਹੈ ਪੁੱਛਣਾ, ਮੰਗਣਾ, ਪ੍ਰਾਰਥਨਾ ਕਰਨੀ ਅਤੇ ਆਸ ਦਾ ਅਰਥ ਹੈ ਇੱਛਾ, ਆਸ ਅਤੇ ਖਾਹਿਸ਼। ਇਸ ਤਰ੍ਹਾਂ ਅਰਦਾਸ ਦਾ ਪੂਰਨ ਅਰਥ ਹੈ, ਜੋ ਇੱਛਾ ਹੈ ਉਸ ਨੂੰ ਮੰਗਣਾ।

ਕੁਝ ਵਿਦਵਾਨ ‘ਅਰਦਾਸ’ ਸ਼ਬਦ ਨੂੰ ਫਾਰਸੀ ਦੇ ਸ਼ਬਦ ਅਰਜਦਾਸਤ ਤੋਂ ਆਇਆ ਮੰਨਦੇ ਹਨ ਜਿਸ ਦਾ ਅਰਥ ਹੈ ਪ੍ਰਾਰਥਨਾ, ਬੇਨਤੀ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਅਰਦਾਸ ਸ਼ਬਦ ਦੀ ਵਿਆਖਿਆ ਕਰਦਿਆਂ ਸੰਸਕ੍ਰਿਤ ਅਤੇ ਫਾਰਸੀ ਦੋਵਾਂ ਦਾ ਜ਼ਿਕਰ ਕੀਤਾ ਹੈ। (ਭਾਸ਼ਾ ਵਿਗਿਆਨੀ ਹੋਣ ਦੇ ਨਾਤੇ ਬਲਜੀਤ ਬਾਸੀ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਇਸ ‘ਤੇ ਚਨਣਾ ਪਾਉਣ)
ਅਰਦਾਸ ਸ਼ਬਦ ਦਾ ਮੂਲ ਭਾਵੇਂ ਦੋਵਾਂ ਭਾਸ਼ਾਵਾਂ ਵਿਚੋਂ ਕਿਸੇ ਵਿਚ ਵੀ ਹੈ ਪਰ ‘ਅਰਦਾਸ’ ਸੰਕਲਪ ਅਤੇ ਪਰੰਪਰਾ ਦੇ ਤੌਰ ‘ਤੇ ਸਿੱਖ ਧਰਮ ਦਾ ਇੱਕ ਵਿਲੱਖਣ ਅਤੇ ਆਪਣਾ ਸੰਕਲਪ ਹੈ, ਸਿੱਖ ਧਰਮ ਦੀ ਅਨੋਖੀ ਅਤੇ ਅਨੂਠੀ ਰਵਾਇਤ ਹੈ। ਇਸ਼ਟ ਅੱਗੇ ਪ੍ਰਾਰਥਨਾ ਕਰਨ ਦੀ ਰਵਾਇਤ ਹੋਰ ਧਰਮਾਂ ਜਿਵੇਂ ਯਹੂਦੀ, ਈਸਾਈ ਮਤ ਅਤੇ ਇਸਲਾਮ ਵਿਚ ਵੀ ਪ੍ਰਾਪਤ ਹੈ। ਅਰਦਾਸ ਦਾ ਧਰਮ ਨਾਲ ਸਬੰਧ ਅਸਲ ਵਿਚ ਧਰਮ ਦੇ ਇਕ-ਈਸ਼ਵਰਵਾਦੀ ਹੋਣ ਨਾਲ ਹੈ। ਇਕ-ਈਸ਼ਵਰਵਾਦੀ ਧਰਮ ਵਿਚ ਹੀ ਆਤਮਾ ਦਾ ਪਰਮਾਤਮਾ ਜਾਂ ਰੱਬ ਨਾਲ ਸਿੱਧਾ ਸੰਪਰਕ ਸਮਝਿਆ ਜਾਂਦਾ ਹੈ।
ਬਹੁ-ਦੇਵਵਾਦੀ ਧਰਮਾਂ ਵਿਚ ਅਰਦਾਸ ਦਾ ਕੋਈ ਬਹੁਤਾ ਮਹੱਤਵ ਨਹੀਂ ਹੈ ਜਿਵੇਂ ਹਿੰਦੂ ਮਤ ਵਿਚ। ਹਿੰਦੂ ਮਤ ਵਿਚ ਵੇਦ-ਕਾਲ ਤੋਂ ਲੈ ਕੇ ਦੇਵਤਿਆਂ ਨੂੰ ਖੁਸ਼ ਕਰਨ ਲਈ ਹਵਨ ਅਤੇ ਯੱਗ ਕੀਤੇ ਜਾਂਦੇ ਤੇ ਖਾਸ ਸਮਿਆਂ ਤੇ ਖਾਸ ਮੰਤਰ ਪੜ੍ਹੇ ਜਾਂਦੇ ਰਹੇ ਹਨ। ਵੇਦ-ਕਾਲ ਤੋਂ ਬਾਅਦ ਜਦੋਂ ਯੱਗ ਅਤੇ ਹਵਨ ਦਾ ਰਿਵਾਜ ਘਟ ਗਿਆ ਤਾਂ ਮੰਦਰਾਂ ਵਿਚ ਵੱਖ-ਵੱਖ ਦੇਵੀ-ਦੇਵਤਿਆਂ ਦੇ ਬੁੱਤਾਂ ਦੀ ਪੂਜਾ ਹੋਣ ਲੱਗ ਪਈ। ਨਿਰ-ਈਸ਼ਵਰਵਾਦੀ ਧਰਮਾਂ ਵਿਚ ਅਰਦਾਸ ਦਾ ਕੋਈ ਮਹੱਤਵ ਨਹੀਂ ਜਿਵੇਂ ਜੈਨ ਧਰਮ ਅਤੇ ਬੁੱਧ ਧਰਮ। ਅਰਦਾਸ ਅਕਾਲ ਪੁਰਖ ਨੂੰ ਹੀ ਇੱਕੋ ਇੱਕ ਪਰਮ ਸ਼ਕਤੀ ਮੰਨਦੇ ਹੋਏ ਉਸ ਅੱਗੇ ਆਤਮ-ਸਮਰਪਣ ਦੀ ਭਾਵਨਾ ਨਾਲ ਹੀ ਕੀਤੀ ਜਾਂਦੀ ਹੈ, ਕਿਸੇ ਸਿੱਧ, ਯੋਗੀ ਜਾਂ ਤੀਰਥੰਕਰ ਨੂੰ ਖੁਸ਼ ਕਰਨ ਲਈ ਨਹੀਂ। ਜੈਨੀਆਂ ਅਨੁਸਾਰ ਸਿਹਤ, ਖੁਸ਼ਹਾਲੀ, ਪ੍ਰਸਿੱਧੀ ਜਾਂ ਹੋਰ ਪ੍ਰਾਪਤੀਆਂ ਲਈ ਅਰਦਾਸ ਕਰਨ ਦਾ ਕੋਈ ਤਾਰਕਿਕ ਪੱਧਰ ਨਹੀਂ ਹੈ ਕਿਉਂਕਿ ਇਹ ਸਭ ‘ਕਰਮ’ ਰਾਹੀਂ ਨਿਰਧਾਰਤ ਹੁੰਦੀਆਂ ਹਨ। ਬੁੱਧ ਧਰਮ ਕਰਤਾ ਪੁਰਖ ਦੀ ਹੋਂਦ ਵਿਚ ਵਿਸ਼ਵਾਸ ਨਹੀਂ ਕਰਦਾ। ਇਸ ਲਈ ਬੁੱਧ ਮਤ ਅਨੁਸਾਰ ਧਰਮ ਦੀ ਪਰਪੱਕਤਾ ਮਨੁੱਖ ਦੇ ਆਪਣੇ ਆਪੇ ਦੀ ਸੰਪੂਰਨਤਾ ਵਿਚ ਹੀ ਨਿਹਤ ਮੰਨੀ ਜਾਂਦੀ ਹੈ। ਇਸੇ ਲਈ ਬੁੱਧ ਧਰਮ ਵਿਚ ਵੀ ਅਰਦਾਸ ਦਾ ਕੋਈ ਮਹੱਤਵ ਨਹੀਂ ਹੈ, ਬਲਕਿ ਬੁੱਧ ਨੇ ਪਰਮਾਤਮਾ ਅੱਗੇ ਅਰਦਾਸ ਦੀ ਮਨਾਹੀ ਕੀਤੀ ਹੈ।
ਅਰਦਾਸ, ਜ਼ਰੂਰੀ ਤੌਰ ‘ਤੇ ਕੋਈ ਲਾਭ ਮੰਗਣ ਲਈ ਪਰਮਾਤਮਾ ਅੱਗੇ ਦਰਖਾਸਤ ਨਹੀਂ ਹੈ। ਮਨੁੱਖੀ ਸੁਰਤਿ ਦੀ ਪਰਮ ਹਸਤੀ ਨਾਲ ਲਿਵਲੀਨਤਾ ਦੇ ਛਿਣਾਂ ਨੂੰ ਅਰਦਾਸ ਕਿਹਾ ਜਾ ਸਕਦਾ ਹੈ। ਇਹ ਮਨੁੱਖੀ ਮਨ ਦਾ ਪਰਮ ਹਸਤੀ ਵੱਲ ਉਮੜਨਾ ਹੈ। ਇਸ ਤਰ੍ਹਾਂ ਮਨੁੱਖੀ ਮਨ ਦਾ ਉਮੜਨਾ, ਅਕਾਲ ਪੁਰਖ ਦੀ ਵਡਿਆਈ, ਉਸ ਅੱਗੇ ਆਪਣੇ ਮਨ ਦੇ ਅਹਿਸਾਸਾਂ, ਤੌਖਲਿਆਂ ਨੂੰ ਜ਼ਾਹਿਰ ਕਰਨਾ ਅਤੇ ਖਾਸ ਰਹਿਮਤਾਂ ਲਈ ਦੁਆ ਮੰਗਣਾ ਅਰਦਾਸ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਸਿੱਖ ਚਿੰਤਨ ਵਿਚ ਮੁੱਖ ਬਲ ਇਸ ਤੱਥ ‘ਤੇ ਦਿੱਤਾ ਗਿਆ ਹੈ ਕਿ ਮਨੁੱਖ ਨੇ ਅਗਿਆਨ ਤੋਂ ਬਾਹਰ ਆਉਣਾ ਹੈ, ਉਸ ਪਰਮ ਸਤਾ ਦਾ ਗਿਆਨ ਪ੍ਰਾਪਤ ਕਰਨਾ ਹੈ, ਉਸ ਦੇ ਗੁਣਾਂ ਨੂੰ ਯਾਦ ਕਰਦਿਆਂ ਆਪਣੇ ਅੰਦਰ ਉਹ ਗੁਣ ਪੈਦਾ ਕਰਨੇ ਹਨ ਜਿਨ੍ਹਾਂ ਅਨੁਸਾਰ ਸਕ੍ਰਿਅ ਵਿਅਕਤੀਤਵ ਘੜਨਾ ਹੈ, ਅਜਿਹਾ ਵਿਅਕਤਿਤਵ ਜੋ ਅਕਾਲ ਪੁਰਖ ਦੀ ਨੇੜਤਾ ਦਾ ਅਹਿਸਾਸ ਜਗਾਵੇ ਅਤੇ ਉਸ ਦੀ ਹਜ਼ੂਰੀ ਨੂੰ ਅਨੁਭਵ ਕਰ ਸਕੇ ਅਤੇ ਉਸ ਨਾਲ ਇਕਸੁਰ ਹੋ ਕੇ ਜੀਵਨ ਬਸਰ ਕਰੇ। ਮਨੁੱਖ ਨੇ ਅਜਿਹੇ ਹਾਲਾਤ ਦੀ ਸਿਰਜਣਾ ਕਰਨ ਦਾ ਯਤਨ ਕਰਨਾ ਹੈ ਜਿਸ ਵਿਚ ਇਸ ਕਿਸਮ ਦੇ ਵਿਅਕਤਿਤਵ ਦਾ ਵਿਕਾਸ ਹੋ ਸਕੇ ਅਤੇ ਉਚਤਮ ਸਤਿ ਨਾਲ ਇਕਸੁਰਤਾ ਪੈਦਾ ਹੋਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਹੀ ਜਪੁਜੀ ਵਿਚ ਗੁਰੂ ਨਾਨਕ ਸਾਹਿਬ ਨੇ ਮਨੁੱਖ ਦੇ ਸਾਹਮਣੇ ਆਦਰਸ਼ ‘ਸਚਿਆਰ’ ਹੋਣ ਦਾ ਰੱਖਿਆ ਹੈ, “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ” ਅਤੇ ਨਾਲ ਹੀ ਗੁਰੂ ਸਾਹਿਬ ਨੇ ਇਸ ਦਾ ਉਤਰ ਵੀ ਦੇ ਦਿੱਤਾ ਹੈ, “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥” ਮੂਲ ਮੰਤਰ ਵਿਚ ਅਕਾਲ ਪੁਰਖ ਦੇ ਜੋ ਗੁਣ ਬਿਆਨ ਕੀਤੇ ਗਏ ਹਨ, ਉਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਹੈ ਅਤੇ ਆਪਣੇ ਵਿਅਕਤਿਤਵ ਦਾ ਹਿੱਸਾ ਬਣਾਉਣਾ ਹੈ। ਮਨੁੱਖ ਦੇ ਸਾਹਮਣੇ ਰੱਖਿਆ ਗਿਆ ਇਹ ਆਦਰਸ਼ ਆਪਣੇ ਉਸ ਇਸ਼ਟ ਵਰਗਾ ਹੋਣ ਦਾ ਹੈ, ਕਿਉਂਕਿ ਗੁਰਮਤਿ ਚਿੰਤਨ ਅਨੁਸਾਰ ਜਿਸ ਕਿਸਮ ਦੇ ਇਸ਼ਟ ਨੂੰ ਮਨੁੱਖ ਧਿਆਉਂਦਾ ਹੈ, ਉਸ ਦਾ ਵਿਅਕਤਿਤਵ ਵੀ ਉਹੋ ਜਿਹਾ ਹੀ ਘੜਿਆ ਜਾਂਦਾ ਹੈ, “ਜੈਸਾ ਸੇਵੈ ਤੈਸੋ ਹੋਇ॥”
ਅਰਦਾਸ, ਇਸ ਉਪਰ ਦੱਸੇ ਆਦਰਸ਼ ਤੱਕ ਪਹੁੰਚ ਸਕਣ ਲਈ, ਇਸ ਨੂੰ ਅਨੁਭਵ ਕਰ ਸਕਣ, ਇਸ ਦਾ ਅਨੁਸਾਰੀ ਹੋ ਕੇ ਜੀਅ ਸਕਣ ਅਤੇ ਦੂਸਰਿਆਂ ਨੂੰ ਇਸ ਕਿਸਮ ਦਾ ਜੀਵਨ ਜਿਉਣ ਦੇਣ ਦੇ ਉਪਰਾਲੇ ਵਾਸਤੇ ਬਿਨੈ ਵੀ ਹੈ, ਉਤਸ਼ਾਹ ਦੇਣ ਵਾਲਾ ਪ੍ਰੇਰਨਾ ਸਰੋਤ ਵੀ ਹੈ ਅਤੇ ਵਾਹਿਗੁਰੂ ਅੱਗੇ ਜੀਵ-ਆਤਮਾ ਦਾ ਸਮਰਪਣ ਵੀ ਹੈ। ਕੂੜ ਅਰਥਾਤ ਹਉਮੈ ਦੀ ਕੰਧ ਨੂੰ ਤੋੜ ਕੇ, ਉਸ ਗਿਆਨ ਦੀ ਪ੍ਰਾਪਤੀ ਰਾਹੀਂ ਵਾਹਿਗੁਰੂ ਦੇ ਹੁਕਮ ਦਾ ਅਨੁਸਾਰੀ ਹੋ ਕੇ ਉਹ ਮਨੁੱਖ ਹੀ ਜਿਉਂ ਸਕਦਾ ਹੈ ਜੋ ਵਾਹਿਗੁਰੂ ਦੇ ਹਜ਼ੂਰ ਆਪਣੇ ਆਪੇ ਦਾ ਪੂਰਨ ਸਮਰਪਣ ਕਰਦਾ ਹੈ। ਸਿੱਖ ਚਿੰਤਨ ਅਨੁਸਾਰ ਵਿਚਾਰ, ਭਗਤੀ ਅਤੇ ਵਾਹਿਗੁਰੂ ਦੀ ਨਦਰਿ ਜੀਵ ਨੂੰ ਉਸ ਪਰਮ ਸਤਿ ਦੇ ਅਨੁਭਵ ਵੱਲ ਲੈ ਜਾਂਦੀ ਹੈ। ਇਸ ਰਸਤੇ ‘ਤੇ ਚਲਦਿਆਂ ਮਨੁੱਖ ਦੀ ਬੁੱਧੀ ਅਤੇ ਉਸ ਦੀ ਸ਼ਖਸੀਅਤ ਵਿਕਾਸ ਕਰਦੀ ਹੈ। ਸਿੱਖ ਧਰਮ ਵਿਚ ਵਾਹਿਗੁਰੂ ਅੱਗੇ ਅਰਦਾਸ ਕਰਕੇ ਇਨ੍ਹਾਂ ਤਿੰਨਾਂ ਦੀ ਅਕਾਂਖਿਆ ਕੀਤੀ ਗਈ ਹੈ।
ਜਪੁਜੀ ਵਿਚ ‘ਖੰਡਾਂ’ ਦੀਆਂ ਪਉੜੀਆਂ ਵਿਚ ਗਿਆਨ ਦਾ ਜੋ ਸਿਧਾਂਤ ਦਿਤਾ ਗਿਆ ਹੈ, ਉਸ ਵਿਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਮਨੁੱਖ ਕੁਦਰਤ ਤੋਂ ਕਾਦਰ ਵੱਲ, ਰਚਨਾ ਤੋਂ ਰਚਣਹਾਰ ਵੱਲ ਵਿਕਾਸ ਕਰਦਾ ਹੈ। ਇਥੇ ਵਿਚਾਰ, ਭਗਤੀ ਅਤੇ ਨਦਰਿ ਦੀ ਵਿਆਖਿਆ ਕੀਤੀ ਗਈ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਇੱਕ ਲੰਮੀ ਅਰਦਾਸ ਹੈ ਜਿਸ ਵਿਚ ਵਿਚਾਰ ਰਾਹੀਂ ਮਨੁੱਖ ਭਗਤੀ ਕਰਦਾ ਹੈ ਅਤੇ ਵਾਹਿਗੁਰੂ ਦੀ ਨਦਰਿ ਦਾ ਪਾਤਰ ਬਣਦਾ ਹੈ। ਸਿੱਖ ਧਰਮ ਵਿਚ ਭਗਤੀ ਨਾਮ ਸਿਮਰਣ, ਉਸ ਪਰਵਰਦਗਾਰ ਦੇ ਗੁਣਾਂ ਦਾ ਗਾਇਨ ਕਰਨ ਨਾਲ ਜੁੜੀ ਹੋਈ ਹੈ ਅਤੇ ਅਰਦਾਸ ਇਸ ਦਾ ਜ਼ਰੂਰੀ ਅੰਗ ਹੈ। ਨਾਮ ਸਿਮਰਨ ਅਤੇ ਅਰਦਾਸ ਆਪਣੇ ਆਪ ਨੂੰ ਵਾਹਿਗੁਰੂ ਦੇ ਸਮਰਪਣ ਕਰ ਦੇਣਾ ਹੈ। ਇਸ ਤਰ੍ਹਾਂ ਮਨੁੱਖ, ਭਾਵੇਂ ਉਹ ਇਸਤਰੀ ਹੋਵੇ ਜਾਂ ਪੁਰਸ਼, ਆਪਣੀ ਸ਼ਖਸੀਅਤ ਦਾ ਵਿਕਾਸ ਕਰਕੇ ਵਾਹਿਗੁਰੂ ਦੀ ਹਜ਼ੂਰੀ ਦਾ ਅਨੁਭਵ ਕਰ ਸਕਦਾ ਹੈ ਅਤੇ ਅਜਿਹੇ ਹਾਲਾਤ, ਵਾਤਾਵਰਣ ਦੀ ਸਿਰਜਣਾ ਹਿਤ ਜੂਝਦਾ ਹੈ ਜਿਸ ਵਿਚ ਸਰਬ ਲੋਕਾਈ ਲਈ ਇਸ ਅਵਸਰ ਨੂੰ ਪ੍ਰਾਪਤ ਕਰਨਾ ਸੰਭਵ ਹੋ ਸਕੇ। ਇਸੇ ਨੂੰ ਸਿੱਖ ਧਰਮ ਦਰਸ਼ਨ ਅਨੁਸਾਰ ‘ਧਰਮ ਯੁੱਧ’ ਕਿਹਾ ਜਾ ਸਕਦਾ ਹੈ।
ਗੁਰੂ ਨਾਨਕ ਸਾਹਿਬ ਅਨੁਸਾਰ ਜੀਵ ਆਤਮਾ ਦਾ ਅੰਤਮ ਸਥਾਨ, ਉਸ ਦੀ ਆਖਰੀ ਮੰਜ਼ਿਲ ਵਾਹਿਗੁਰੂ ਦਾ ਦਰ ਹੈ, ਇਸ ਤੋਂ ਬਿਨਾ ਉਸ ਦਾ ਹੋਰ ਕੋਈ ਸਥਾਨ ਨਹੀਂ ਹੈ। ਇਸ ਲਈ ਆਪਣਾ ਤਨ ਅਤੇ ਮਨ ਵਾਹਿਗੁਰੂ ਨੂੰ ਅਰਪਣ ਕਰਕੇ ਉਸ ਦੀ ਰਜ਼ਾ ਵਿਚ ਰਹਿਣਾ ਹੀ ਅਰਦਾਸ ਹੈ, ਕਿਉਂਕਿ ਇਹ ਆਤਮਾ ਅਤੇ ਸਰੀਰ ਉਸ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੋਇਆ ਹੈ,
ਜੇਤਾ ਦੇਹਿ ਤੇਤਾ ਹਉ ਖਾਉ॥
ਬਿਆ ਦਰੁ ਨਾਹੀ ਕੈ ਦਰਿ ਜਾਉ॥
ਨਾਨਕੁ ਏਕ ਕਹੈ ਅਰਦਾਸਿ॥
ਜੀਉ ਪਿੰਡ ਸਭੁ ਤੇਰੈ ਪਾਸਿ॥੩॥ (ਪੰਨਾ ੨੫)
ਗੁਰੂ ਨਾਨਕ ਸਾਹਿਬ ਨੇ ਸਿਰੀ ਰਾਗੁ ਵਿਚ ‘ਸ਼ਬਦ ਸੀਗਾਰੀਆ’ ਹੋਣ ਦਾ ਜ਼ਿਕਰ ਕੀਤਾ ਹੈ। ਸ਼ਬਦ ਉਹ ਗਿਆਨ ਹੈ ਜੋ ਮਨੁੱਖ ਦੀ ਸੱਚੀ ਰਹਿਣੀ ਵਾਸਤੇ ਰਾਹਨੁਮਾਈ ਕਰਦਾ ਹੈ। ਸ਼ਬਦ ਉਸ ਹਰ ਤਰ੍ਹਾਂ ਦੇ ਅਗਿਆਨ ਤੋਂ ਮਨੁੱਖ ਨੂੰ ਛੁਟਕਾਰਾ ਦੁਆਉਂਦਾ ਹੈ ਜੋ ਉਸ ਨੂੰ ਵਾਹਿਗੁਰੂ ਤੋਂ ਵਿਛੋੜਨ ਦਾ ਅਤੇ ਜਨਮ-ਮਰਨ ਦੇ ਚੱਕਰ ਵਿਚ ਪੈਣ ਦਾ ਕਾਰਨ ਬਣਦਾ ਹੈ। ਸ਼ਬਦ ਰਾਹੀਂ ਮਨੁੱਖ ਦਾ ਮਨ ਅਤੇ ਤਨ ਦੋਵੇਂ ਪ੍ਰਕਾਸ਼ਮਾਨ ਹੁੰਦੇ ਹਨ। ਅਜਿਹੇ ਪ੍ਰਕਾਸ਼ਮਾਨ ਜੀਵ ਨੂੰ ਹੀ ‘ਗੁਰ ਸਬਦੀ ਸੀਗਾਰੀਆ’ ਕਿਹਾ ਹੈ। ਇਸ ਤਰ੍ਹਾਂ ਗੁਰੂ ਸਾਹਿਬਾਨ ਅਨੁਸਾਰ ਸ਼ਬਦ ਜਗਿਆਸੂ ਦੀ ਧਰਮ ਦੇ ਰਸਤੇ ‘ਤੇ ਤੁਰਨ ਲਈ ਮਦਦ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਇਥੇ ਧਰਮ ਦਾ ਰਸਤਾ ਕੀ ਹੈ, ਉਸ ਦੀ ਵੀ ਵਿਆਖਿਆ ਕੀਤੀ ਹੈ। ਗੁਰੂ ਸਾਹਿਬ ਅਨੁਸਾਰ ਧਰਮ ਦਾ ਰਸਤਾ ਉਹ ਹੈ, ਜਿਸ ਵਿਚ ਮਨੁੱਖ ਦਾ ਤਨ ਅਤੇ ਮਨ ਵਾਹਿਗੁਰੂ ਦੇ ਭਉ ਅਤੇ ਭਾਉ ਅਰਥਾਤ ਵਾਹਿਗੁਰੂ ਦੇ ਪ੍ਰੇਮ ਅਤੇ ਭੈ ਵਿਚ ਰੰਗੇ ਹੁੰਦੇ ਹਨ (ਭੈ ਇਥੇ ਨਿਰਮਲ ਭੈ ਹੈ ਜੋ ਪ੍ਰੇਮ ਵਿਚੋਂ ਪੈਦਾ ਹੁੰਦਾ ਹੈ, ਕਿਸੇ ਡਰ ਵਿਚੋਂ ਨਹੀਂ), ਮਨੁੱਖ ਦੀ ਇੱਛਾ ਵਾਹਿਗੁਰੂ ਦੀ ਇੱਛਾ ਨਾਲ ਇੱਕ-ਮਿੱਕ ਹੋ ਜਾਂਦੀ ਹੈ। ਇਸੇ ਰਸਤੇ ਦਾ ਅਨੁਸਾਰੀ ਬਣਨ ਲਈ ਜੀਵ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ। ਰੱਬੀ ਗਿਆਨ ਦਾ ਇੱਕੋ ਇੱਕ ਸਾਧਨ ਸ਼ਬਦ ਹੈ,
ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ॥
ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ॥
ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ॥੨॥ (ਪੰਨਾ ੫੪)
ਸਿੱਖ ਧਰਮ ਚਿੰਤਨ ਵਿਚ ‘ਸਚ’ ਤਿੰਨ ਅਰਥਾਂ ਵਿਚ ਵਰਤਿਆ ਮਿਲਦਾ ਹੈ। ਪਹਿਲਾ, ਸੱਚ ਪਰਮ ਹਸਤੀ ਦਾ ਵਿਸ਼ੇਸ਼ਣ ਹੈ, ਗੁਣ ਹੈ, ਉਸ ਦੀ ਸਦੀਵੀ ਹੋਂਦ ਦਾ ਸੂਚਕ ਹੈ ਜਿਸ ਨੂੰ ‘ਸਤਿਨਾਮੁ’ ਵੀ ਕਿਹਾ ਹੈ। ਦੂਜਾ ਪ੍ਰਸਤਾਵਨਾ ਦੇ ਗੁਣ ਦੇ ਤੌਰ ‘ਤੇ ਵੀ ਪ੍ਰਾਪਤ ਹੈ ਜਿਸ ਵਿਚ ਮਨੁੱਖ ਦੇ ਚੱਲਣ ਦੀ ਅਗਵਾਈ ਕਰਨ ਦੀ ਸਮਰੱਥਾ ਹੈ। ਤੀਸਰਾ, ਸੱਚ ਨੈਤਿਕ ਗੁਣ ਹੈ ਜਿਸ ਨੂੰ ਮਨੁੱਖ ਨੇ ਧਾਰਨ ਕਰਨਾ ਹੈ। ਗੁਰੂ ਸਾਹਿਬ ਨੇ ਜਦੋਂ ‘ਸਚੀ ਅਰਦਾਸਿ’ ਦੀ ਗੱਲ ਕੀਤੀ ਹੈ ਤਾਂ ਉਹ ਮਨੁੱਖੀ ਚੱਲਣ ਦੀ ਰਾਹਨੁਮਾਈ ਕਰਨ ਵਾਲੀ ਹੈ ਜਿਸ ਦਾ ਨਤੀਜਾ ਭਗਤੀ ਵਿਚ ਨਿਕਲਦਾ ਹੈ। ਜਦੋਂ ‘ਸਾਚਉ ਵਖਰੁ’ ਅਤੇ ‘ਸਚੁ ਰਾਸਿ’ ਦੀ ਗੱਲ ਕੀਤੀ ਹੈ ਤਾਂ ਸੱਚ ਨੂੰ ਮਨੁੱਖ ਦੇ ਨੈਤਿਕ ਗੁਣ ਵਜੋਂ ਲਿਆ ਹੈ ਜਿਸ ਨੂੰ ਉਸ ਨੇ ਆਪਣੇ ਅੰਦਰ ਪ੍ਰਜਵਲਿਤ ਕਰਨਾ ਹੈ। ਜਦੋਂ ‘ਸਾਚੀ ਦਰਗਹ’ ਦੀ ਗੱਲ ਕੀਤੀ ਹੈ ਤਾਂ ਸੱਚ ਪਰਮ ਹਸਤੀ ਦਾ ਵਿਸ਼ੇਸ਼ਣ ਹੈ ਜਿਥੇ ਜਗਿਆਸੂ ਨੇ ਪਹੁੰਚਣਾ ਹੈ। ਇਸ ਮਾਰਗ ‘ਤੇ ਚੱਲ ਕੇ ਮਨੁੱਖ ਦਾ ਪ੍ਰਗਾਸ ਹੁੰਦਾ ਹੈ। ਭਾਵ ਉਹ ਪਰਮ ਸਤਿ ਨਾਲ ਇਕਸੁਰ ਹੋ ਜਾਂਦਾ ਹੈ। ‘ਪਤਿ’ ਵਾਲਾ ਜੀਵਨ ਜਿਉਣ ਤੇ ਸਿੱਖ ਧਰਮ ਵਿਚ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ,
ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸੁ॥
ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ॥
ਪਤਿ ਸਿਉ ਲੇਖਾ ਨਿਬੜੈ ਰਾਮਨਾਮੁ ਪਰਗਾਸਿ॥ (ਪੰਨਾ ੫੫)
ਗੁਰੂ ਨਾਨਕ ਸਾਹਿਬ ਨੇ ਅੱਗੇ ਚੱਲ ਕੇ ‘ਅਰਦਾਸ’ ਨੂੰ ਹੁਕਮ ਨਾਲ ਜੋੜਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ‘ਹੁਕਮ’ ਕੁਦਰਤੀ ਪ੍ਰਬੰਧ ਲਈ, ਸੰਯੁਕਤ ਸਮੁੱਚ ਲਈ ਆਇਆ ਹੈ, ਜਿਸ ਨੂੰ ਇੱਕ ਕ੍ਰਮਬਧ ਬ੍ਰਹਿਮੰਡ ਦੇ ਰੂਪ ਵਿਚ ਦ੍ਰਿਸ਼ਟੀਗੋਚਰ ਕਰਨਾ ਹੈ ਭਾਵ ਹੁਕਮ ਕਾਰਨ ਹੀ ਬ੍ਰਹਿਮੰਡ ਇੱਕ ਸਮੁੱਚੀ ਵਿਵਸਥਾ ਹੈ ਦੇ ਸਰੂਪ ਵਿਚ ਹੈ, ਕੋਈ ਅਫਰਾ-ਤਫਰੀ ਜਾਂ ਬੇਤਰਤੀਬੀ ਨਹੀਂ ਹੈ। ਹੁਕਮ ਰਾਹੀਂ ਸਾਨੂੰ ਕੁਦਰਤਿ ਵਿਚ ਕਾਰਣ ਅਤੇ ਕਾਰਜ ਦੇ ਰਿਸ਼ਤੇ ਦੀ ਸਮਝ ਪੈਂਦੀ ਹੈ। ਕੁਦਰਤਿ ਵਿਚ ਹਰ ਚੀਜ਼ ਸੰਯੁਕਤ ਰੂਪ ਵਿਚ ਸਬੰਧਤ ਹੈ ਅਤੇ ਇਸ ਸਬੰਧ ਨੂੰ ਸਮਝਣਾ ਹੁਕਮ ਨੂੰ ਸਮਝਣਾ ਹੈ।
ਗੁਰੂ ਨਾਨਕ ਦੇਵ ਨੇ ਹੁਕਮ ਨੂੰ ਅਗਿਆਨ ਅਤੇ ਕੂੜ ਨੂੰ ਦੂਰ ਕਰਨ ਲਈ ਇੱਕ ਬਲਵਾਨ ਸਾਧਨ ਮੰਨਿਆ ਹੈ। ਇਸੇ ਲਈ ਜਪੁਜੀ ਵਿਚ ‘ਕਿਵ ਕੂੜੈ ਤੁਟੈ ਪਾਲਿ’ ਦਾ ਉਤਰ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਵਿਚ ਦਿੱਤਾ ਹੈ। ਗੁਰੂ ਸਾਹਿਬ ਨੇ ਹੁਕਮ ਅਤੇ ਅਗਿਆਨ ਵਿਚ ਪਰਸਪਰ ਵਿਰੋਧ ਸਥਾਪਤ ਕੀਤਾ ਹੈ। ‘ਹੁਕਮ’ ਨਾ ਹੀ ਅਗਿਆਨੀ ਹੈ (ਅੰਨਾ) ਹੈ ਅਤੇ ਨਾ ਹੀ ਗਿਆਨਮੂਲਕ ਬ੍ਰਹਿਮੰਡੀ ਤੱਤ ਤੋਂ ਸੱਖਣਾ ਹੈ। ਇਹ ਵਿਚਾਰਵਾਨ ਕੁਦਰਤਿ ਵੱਲ ਇਸ਼ਾਰਾ ਵੀ ਕਰਦਾ ਹੈ ਅਤੇ ਜਦੋਂ ਇਸ ਨੂੰ ‘ਲਿਖਿਆ ਨਾਲਿ’ ਕਿਹਾ ਹੈ ਤਾਂ ਇਸ ਨੂੰ ਪ੍ਰਕਾਸ਼ ਅਤੇ ਗਿਆਨ ਦਾ ਸਿਧਾਂਤ ਕਿਹਾ ਹੈ। ਗੁਰਬਾਣੀ ਅਨੁਸਾਰ ਹੁਕਮ ਨੂੰ ਬੁੱਝ ਕੇ ਹੀ ‘ਹੁਕਮੀ’ (ਕਰਤਾ ਪੁਰਖ) ਤੱਕ ਪਹੁੰਚਿਆ ਜਾ ਸਕਦਾ ਹੈ ਅਤੇ ਉਸ ਵਿਚ ਲੀਨ ਹੋਇਆ ਜਾ ਸਕਦਾ ਹੈ। ਇਨ੍ਹਾਂ ਤੁਕਾਂ ਵਿਚ ਗੁਰੂ ਪਾਤਿਸ਼ਾਹ ਨੇ ਬਹੁਤ ਸੁੰਦਰ ਢੰਗ ਨਾਲ ਸ਼ਬਦ, ਸੱਚ ਅਤੇ ਹੁਕਮ ਦਾ ਸੁਮੇਲ ਅਰਦਾਸ ਵਿਚ ਕੀਤਾ ਹੈ,
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ॥
ਕਰਨਿ ਭਗਤਿ ਦਿਨੁ ਰਾਤਿ ਨਾ ਰਹਨੀ ਵਾਰੀਆ॥
ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ॥
ਸਚੁ ਕਹਨਿ ਅਰਦਾਸਿ ਸੇ ਵੇਚਾਰੀਆ॥
ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ॥
ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ॥
ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ॥
ਸਬਦਿ ਸਵਾਰੀ ਆਸੁ ਅੰਮ੍ਰਿਤੁ ਪੀਵਿਆ॥੨੨॥