ਬਲਜੀਤ ਬਾਸੀ
ਪਤਲੇ ਲੰਮੇ ਹੱਥੇ ਦੇ ਸਿਰੇ ‘ਤੇ ਲੱਗੀ ਨਿੱਕਚੂ ਜਿਹੀ ਕੌਲੀ ਵਾਲੇ ਬਰਤਨ ਨੂੰ ਚਮਚਾ ਕਿਹਾ ਜਾਂਦਾ ਹੈ। ਧਿਆਨ ਨਾਲ ਸੋਚੋ, ਇਹ ਬਰਤਨ ਬਾਂਹ ਦੇ ਸਿਰੇ ‘ਤੇ ਬਣਾਈ ਹੱਥ ਦੀ ਚੂਲੀ ਜਿਹਾ ਹੀ ਹੈ। ਕੁਝ ਲੋਕ ਇਸ ਨੂੰ ਚਮਚ ਆਖਣ ਵਿਚ ਸ਼ਾਨ ਸਮਝਦੇ ਹਨ। ਮੈਂ ਜੱਕੋ ਤੱਕੇ ਵਿਚ ਹਾਂ ਕਿ ਇਸ ਜੁਗਾੜ ਨੂੰ ਭਾਂਡਾ ਬਿਆਨਾਂ ਕਿ ਸੰਦ!
ਲੇਖਕ ਰਾਜਿੰਦਰ ਸਿੰਘ ਬੇਦੀ ਨੇ ਇਕ ਵਾਰੀ ਕਿਹਾ ਸੀ ਕਿ ਪੰਜਾਬੀ ਭਾਸ਼ਾ ਦੇ ਸ਼ਬਦ-ਨਿਰਮਾਣ ਦੀ ਖੂਬੀ ਹੈ ਕਿ ਕਿਸੇ ਚੀਜ਼ ਦੇ ਅਕਾਰ ਅਨੁਸਾਰ ਇਕੋ ਸ਼æਬਦ ਤੋਂ ਕਈ ਹੋਰ ਉਪ-ਸ਼ਬਦ ਘੜੇ ਜਾ ਸਕਦੇ ਹਨ। ਮਿਸਾਲ ਵਜੋਂ ਆਮ ਪੇਟ ਢਿੱਡ ਤਾਂ ਹੈ ਹੀ, ਬੱਚੇ ਦਾ ਛੋਟਾ ਪੇਟ ਢਿੱਡੀ ਬਣ ਜਾਂਦਾ ਹੈ, ਬਹੁਤ ਵੱਡੇ ਪੇਟ ਨੂੰ ਢਿੱਡਾ ਤੇ ਅਜਿਹੇ ਢਿਡ ਵਾਲੇ ਨੂੰ ਢਿੱਡਲ ਕਹਿ ਦਿੱਤਾ ਜਾਂਦਾ ਹੈ। ਇਸ ਹਿਸਾਬ ਨਾਲ ਛੋਟੇ ਚਮਚੇ ਨੂੰ ਅਸੀਂ ਚਮਚੀ ਆਖ ਦਿੰਦੇ ਹਾਂ। ਖਾਧ ਪਦਾਰਥ ਨੂੰ ਚੁੱਕਣ ਵਾਲੇ ਚਮਚੇ ਜਿਹੇ ਕੁਝ ਹੋਰ ਸੰਦ ਵੀ ਹਨ ਜਿਵੇਂ ਪਲੀ, ਡੋਈ, ਕੜਛੀ। ਭਾਵੇਂ ਚਮਚਾ ਤਰੀ ਜਿਹੇ ਤਰਲ ਜਾਂ ਕੜਾਹ ਜਿਹੇ ਅਰਧ-ਠੋਸ ਭੋਜਨ ਨਿਗਲਣ ਲਈ ਬਣਾਇਆ ਗਿਆ ਹੈ ਪਰ ਬਹੁਤੇ ਨੱਕ-ਚੜ੍ਹੇ ਆਲੂਆਂ ਆਦਿ ਦੀ ਭੁਰਜੀ ਜਿਹੇ ਪਕਵਾਨਾਂ ਨੂੰ ਮੂੰਹ ਦੇ ਕੋਲ ਅਪੜਾਉਣ ਲਈ ਵੀ ਇਸ ਸੰਦ ਦੀ ਵਰਤੋਂ ਕਰਦੇ ਹਨ। ਅੱਜ ਕਲ੍ਹ ਚਮਚੇ ਆਮ ਤੌਰ ‘ਤੇ ਸਟੀਲ, ਪਲਾਸਟਿਕ ਅਤੇ ਚੀਨੀ ਦੇ ਬਣੇ ਮਿਲਦੇ ਹਨ। ਮੇਰੇ ਬਚਪਨ ਦੇ ਸਮੇਂ ਅਸੀਂ ਪਿੱਤਲ ਦੇ ਚਮਚੇ ਵਰਤਦੇ ਰਹੇ ਹਾਂ। ਜਦ ਸਟੀਲ ਦੇ ਭਾਂਡੇ ਆਏ ਤਾਂ ਚਮਚਿਆਂ ਸਮੇਤ ਭਾਂਡਾ-ਜਗਤ ਦੀ ਕਾਇਆ ਹੀ ਪਲਟ ਗਈ, ਸਾਫ ਸਾਫ ਦਿਖਦੇ, ਛੇਤੀ ਮਾਂਜੇ ਜਾਣ ਵਾਲੇ ਅਤੇ ਚਮਚਮ ਕਰਦੇ ਚਮਚੇ, ਜਾਣੋਂ ਜਿੰæਦਗੀ ਹੋਰ ਦੀ ਹੋਰ ਹੋ ਗਈ।
ਭਾਵੇਂ ਚਮਚੇ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਆਮ ਘਰ ਦੀ ਰਸੋਈ ਵਿਚ ਇਹ ਵੀਹਵੀਂ ਸਦੀ ਵਿਚ ਹੀ ਆਇਆ। ਬਹੁਤੇ ਮਧ-ਵਰਗੀ ਭਾਰਤੀ ਲੋਕ ਭੋਜਨ ਨੂੰ ਚਮਚੇ ਤੋਂ ਬਗੈਰ ਹੱਥ ਨਾਲ ਚੱਕ ਕੇ ਖਾਣ ਦੇ ਹੀ ਰਸੀਏ ਹਨ। ਦਰਅਸਲ ਆਮ ਭਾਰਤੀ ਨੂੰ ਖਾਣਾ ਓਨੀ ਦੇਰ ਸੁਆਦ ਨਹੀਂ ਲਗਦਾ ਜਿੰਨੀ ਦੇਰ ਬੁਰਕੀ ਵਾਲੇ ਹੱਥ ਦੀ ਛੋਹ ਬੁਲ੍ਹਾਂ ਤੇ ਜੀਭ ਨੂੰ ਨਾ ਲੱਗੇ। ਦੱਖਣੀ ਭਾਰਤੀ ਤਾਂ ਜਿੰਨਾ ਚਿਰ ਚੌਲਾਂ ਅਤੇ ਸਾਂਬਰ ਦੇ ਚਿੱਕੜ ਨੂੰ ਕੂਹਣੀਆਂ ਤੱਕ ਲਬੇੜ ਕੇ ਨਾ ਚੱਟਣ, ਉਨ੍ਹਾਂ ਨੂੰ ਲਗਦਾ ਹੈ, ਉਨ੍ਹਾਂ ਕੁਝ ਖਾਧਾ ਹੀ ਨਹੀਂ। ਰਾਜਿਆਂ, ਮਹਾਰਾਜਿਆਂ, ਰਈਸਾਂ ਤੇ ਅਮੀਰਾਂ ਦੇ ਘਰ ਸੋਨੇ ਚਾਂਦੀ ਦੇ ਚਮਚੇ ਵੀ ਹੁੰਦੇ ਹਨ। ਜਵਾਹਰ ਲਾਲ ਨਹਿਰੂ ਵਰਗੇ ਤਾਂ ਜੰਮੇ ਹੀ ਮੂੰਹ ਵਿਚ ਚਾਂਦੀ ਦਾ ਚਮਚਾ ਲੈ ਕੇ ਸਨ। ਹੀਰਿਆਂ ਜੜੇ ਚਮਚਿਆਂ ਦਾ ਜ਼ਿਕਰ ਵੀ ਬਥੇਰਾ ਸੁਣਿਆ ਹੈ। ਚਮਚੇ ਤੋਂ ਖਾਣ ਦੇ ਇਲਾਵਾ ਮਾਪਣ, ਮਿਲਾਉਣ, ਘੋਲਣ ਅਤੇ ਉਲੱਦਣ ਪੁਲੱਦਣ ਦਾ ਕੰਮ ਵੀ ਲੈ ਲਿਆ ਜਾਂਦਾ ਹੈ। ਲੱਡੂ ਰੱਖੇ ਚਮਚੇ ਨੂੰ ਮੂੰਹ ਵਿਚ ਫਸਾ ਕੇ ਚਮਚਾ-ਦੌੜ ਰਚਾਉਣ ਦਾ ਵੀ ਰਿਵਾਜ਼ ਤੁਰ ਪਿਆ ਹੈ।
ਕਈ ਜੁੱਗ ਪਹਿਲਾਂ ਕੁਦਰਤੀ ਬਣੀਆਂ ਬਣਾਈਆਂ ਵਸਤਾਂ ਜਿਵੇਂ ਸਿੱਪੀਆਂ ਆਦਿ ਤੋਂ ਚਮਚੇ ਜਿਹਾ ਕੰਮ ਲਿਆ ਜਾਂਦਾ ਸੀ। ਕੋਈ ਤਿੰਨ ਹਜ਼ਾਰ ਸਾਲ ਪਹਿਲਾਂ ਪ੍ਰਾਚੀਨ ਮਿਸਰ ਦੇ ਅਮੀਰਜ਼ਾਦੇ ਹਾਥੀਦੰਦ, ਵਧੀਆ ਪੱਥਰ ਅਤੇ ਲੱਕੜੀ ਦੇ ਚਮਚੇ ਵਰਤਦੇ ਰਹੇ ਹਨ। ਇਨ੍ਹਾਂ ਉਤੇ ਧਾਰਮਕ ਚਿੰਨ੍ਹ ਉਕਰੇ ਹੁੰਦੇ ਸਨ। ਚੀਨ ਵਿਚ ਹੱਡੀਆਂ ਦੇ ਚਮਚੇ ਬਣਾਏ ਜਾਂਦੇ ਸਨ। ਇੰਗਲੈਂਡ ਵਿਚ ਤੇਰ੍ਹਵੀਂਂ ਸਦੀ ਵਿਚ ਚਮਚੇ ਦੀ ਵਰਤੋਂ ਦਾ ਜ਼ਿਕਰ ਆਉਂਦਾ ਹੈ। ਐਡਵਰਡ ਪਹਿਲੇ ਦੇ ਰਾਜ ਸਮੇਂ ਚਮਚਾ ਅਮੀਰੀ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਉਸ ਵੇਲੇ ਤਾਜਪੋਸ਼ੀ ਦੀ ਰਸਮ ਚਮਚਾ ਭਰ ਤੇਲ ਲਾਉਣ ਨਾਲ ਕੀਤੀ ਜਾਂਦੀ ਸੀ। ਪ੍ਰਾਚੀਨ ਭਾਰਤ ਵਿਚ ਵੀ ਚਮਚੇ ਜਿਹੇ ਭਾਂਡੇ ਦੀ ਸੋਅ ਮਿਲਦੀ ਹੈ ਪਰ ਇਸ ਦਾ ਬਹੁਤਾ ਪ੍ਰਚਲਨ ਮੁਸਲਮਾਨੀ ਹਕੂਮਤ ਦੌਰਾਨ ਹੋਇਆ। ਵੈਦਿਕ ਕਾਲ ਵਿਚ ਸੋਮਰਸ ਪਾਨ ਲਈ ਚਮਸ ਨਾਂ ਦੇ ਭਾਂਡੇ ਦੀ ਵਰਤੋਂ ਦੇ ਸੰਕੇਤ ਮਿਲਦੇ ਹਨ। ਚਮਚਾ ਹਿੰਦ-ਇਰਾਨੀ ਭਾਸ਼ਾਈ ਪਰਿਵਾਰ ਦਾ ਸ਼ਬਦ ਹੈ। ਕਿਹਾ ਜਾਂਦਾ ਹੈ ਕਿ ਇਹ ਤੁਰਕ ਭਾਸ਼ਾ ਤੋਂ ਫਾਰਸੀ ਵਿਚ ਹੁੰਦਾ ਹੋਇਆ ਭਾਰਤੀ ਭਾਸ਼ਾਵਾਂ ਵਿਚ ਆ ਵੜਿਆ ਪਰ ਇਸ ਦੇ ਅਜਿਹੇ ਪਿਛੋਕੜ ਦੇ ਕੋਈ ਸਬੂਤ ਨਹੀਂ ਦਿੱਤੇ ਜਾਂਦੇ। ਸ਼ਾਇਦ ਚਮਚਾ ਸ਼ਬਦ ਦੀ ਧੁਨੀ ਹੀ ਇਸ ਦੇ ਤੁਰਕੀ ਪਿਛੋਕੜ ਦਾ ਭੁਲੇਖਾ ਪਾਉਂਦੀ ਹੈ।
ਅਜਿਤ ਵਡਨੇਰਕਰ ਅਨੁਸਾਰ ਇਹ ਮੂਲ ਰੂਪ ਵਿਚ ਸੰਸਕ੍ਰਿਤ ਪਿਛੋਕੜ ਵਾਲਾ ਸ਼ਬਦ ਹੋ ਸਕਦਾ ਹੈ। ਅਜਿਹਾ ਦਾਅਵਾ ਉਸ ਨੇ ਕੁਲਕਰਣੀ ਦੇ ਮਰਾਠੀ ਵਿਉਤਪਤੀ ਕੋਸ਼ ਦੇ ਆਧਾਰ ‘ਤੇ ਕੀਤਾ ਹੈ। ਇਸ ਦਾਅਵੇ ਅਨੁਸਾਰ ਚਮਚ ਸ਼ਬਦ ਦੀ ਵਿਉਤਪਤੀ ਪਿਛੇ ਸੰਸਕ੍ਰਿਤ ਦਾ ḔਚਮḔ ਧਾਤੂ ਹੈ। ਇਸ ਧਾਤੂ ਵਿਚ ਪੀਣ, ਗਟ ਗਟ ਕਰਨ, ਡੀਕਣ, ਚੱਟਣ ਆਦਿ ਦੇ ਭਾਵ ਹਨ। ਇਸ ਧਾਤੂ ਤੋਂ ਚਮਤਕਾਰ ਸ਼ਬਦ ਬਣਿਆ। ਚਮਤਕਾਰ ਵਿਚ ਜਾਦੂ ਦੀ ਤਰ੍ਹਾਂ ਕਿਸੇ ਚੀਜ਼ ਦੇ ਅਚਾਨਕ ਅਲੋਪ ਹੋਣ ਦੇ ਭਾਵ ਹਨ। ਜਦੋਂ ਅਸੀਂ ਕਿਸੇ ਤਰਲ ਪਦਾਰਥ ਨੂੰ ਨਿਗਲਦੇ, ਗਟਾਗਟ ਪੀਂਦੇ ਜਾਂ ਡੀਕਦੇ ਹਾਂ ਤਾਂ ਉਹ ਪਦਾਰਥ ਇਕ ਦਮ ਅਲੋਪ ਹੀ ਤਾਂ ਹੋ ਜਾਂਦਾ ਹੈ। ਪੂਜਾ ਵਿਧੀਆਂ ਵਿਚ ਸ਼ੁਧ ਜਲ ਛਕਣ ਨੂੰ ਆਚਮਨ ਕਿਹਾ ਜਾਂਦਾ ਹੈ। ਆਚਮਨ ਸ਼ਬਦ ਵੀ ਇਸੇ ਧਾਤੂ ਤੋਂ ਬਣਿਆ ਹੈ। ਪ੍ਰਾਚੀਨ ਕਾਲ ਵਿਚ ਸੋਮਪਾਨ ਕਰਨ ਲਈ ਚਮਚੇ ਜਿਹੇ ਇਕ ਭਾਂਡੇ ḔਚਮਸḔ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਪਲਾਸ਼ (ਢੱਕ) ਦਾ ਬਣਿਆ ਹੁੰਦਾ ਸੀ। ਚਮਸ ਸ਼ਬਦ ਚਮ ਧਾਤੂ ਤੋਂ ਬਣਿਆ ਹੈ। ਉਸ ਜ਼ਮਾਨੇ ਵਿਚ ਮਦਰਾ ਪਾਨ ਕਰਨ ਲੱਗਿਆਂ ਸ਼ਰਾਬ ਇਕ ਵੱਡੇ ਭਾਂਡੇ ਵਿਚ ਪਾ ਲਈ ਜਾਂਦੀ ਸੀ ਤੇ ਕੁਲੀਨ ਵਰਗ ਦੇ ਲੋਕ ਇਸ ਚਮਸ ਨਾਲ ਇਕ ਨਿਸਚਿਤ ਮਿਕਦਾਰ ਅਰਥਾਤ ਚਮਸ ਭਰ (ਪੰਜਾਬੀ ਦਾ ਹਾੜਾ) ਸ਼ਰਾਬ ਵਾਰੋ ਵਾਰੀ ਪੀਵੀ ਜਾਂਦੇ ਸਨ। ਵਡਨੇਰਕਰ ਅਨੁਸਾਰ ਪ੍ਰਾਚੀਨ ਯੂਨਾਨ ਦੇ ਅਮੀਰ ਲੋਕ ਇਸ ਤਰ੍ਹਾਂ ਸ਼ਰਾਬ ਪੀਂਦੇ ਸਨ ਤੇ ਹੋ ਸਕਦਾ ਹੈ ਇਹ ਤਰੀਕਾ ਯੂਨਾਨੀਆਂ ਦੇ ਪ੍ਰਭਾਵ ਸਦਕਾ ਹੀ ਪ੍ਰਚਲਿਤ ਹੋਇਆ ਹੋਵੇ। ਗੰਧਾਰ ਦੇ ਇਲਾਕੇ ਵਿਚ ਯੂਨਾਨੀਆਂ ਦਾ ਉਪਨਿਵੇਸ਼ ਰਿਹਾ ਹੈ।
ḔਚਮਸḔ ਸ਼ਬਦ ਦਾ ਅਗਲਾ ਰੂਪ ਹੈ, ਚਮਸਯਾ। ਪਰਾਕ੍ਰਿਤ ਵਿਚ ਇਸ ਦਾ ਰੂਪ ਹੋਇਆ ਚਮਸ, ਤੇ ਸੰਭਵ ਹੈ ਅਪਭਰੰਸ਼ਾਂ ਵਿਚੋਂ ਹੁੰਦਾ ਹੋਇਆ ਇਸ ਦਾ ਅਜੋਕਾ ਰੂਪ ਚਮਚ/ਚਮਚਾ ਬਣ ਗਿਆ ਹੋਵੇ ਜਾਂ ਫਿਰ ਫਾਰਸੀ ਵਿਚ ਜਾ ਕੇ ਇਸ ਨੇ ਅਜਿਹਾ ਰੂਪ ਧਾਰਿਆ। ਇਹ ਨਿਸਚਿਤ ਲਗਦਾ ਹੈ ਕਿ ਇਸ ਰੂਪ ਵਿਚ ਇਹ ਫਾਰਸੀ ਵਲੋਂ ਹੀ ਭਾਰਤੀ ਭਾਸ਼ਾਵਾਂ ਵਿਚ ਦਾਖਲ ਹੋਇਆ। ਕੁਝ ਵੀ ਹੋਵੇ ਇਕ ਗੱਲ ਤਾਂ ਪੱਕੀ ਹੈ ਕਿ ਚਮਚਾ ਸ਼ਬਦ ਮੂਲ ਰੂਪ ਵਿਚ ਹਿੰਦ-ਇਰਾਨੀ ਹੀ ਹੈ।
ਚਮਚਾ (ਸ਼ਬਦ) ਇਕ ਹੋਰ ਆਸ਼ੇ ਲਈ ਵੀ ਵਰਤਿਆ ਜਾਂਦਾ ਹੈ। ਇਹ ਚਮਚਾ ਕਿਸੇ ਧਾਤ ਆਦਿ ਦਾ ਨਹੀਂ ਬਣਿਆ ਹੁੰਦਾ ਬਲਕਿ ਮਨੁੱਖੀ ਹੱਡ ਮਾਸ ਤੋਂ ਤਿਆਰ ਹੁੰਦਾ ਹੈ। ਹਾਂ, ਇਸ ਵਿਚੋਂ ਆਤਮਾ ਗਾਇਬ ਹੁੰਦੀ ਹੈ। ਕਿਸੇ ਵੱਡੇ, ਚਲਦੇ ਪੁਰਜ਼ੇ ਬੰਦੇ ਅੱਗੇ ਇਹ ਚਮਚਾ ਪੇਸ਼ ਪੇਸ਼ ਹੁੰਦਾ ਹੈ। ਤੁਸੀਂ ਸਮਝ ਹੀ ਗਏ ਹੋਵੋਗੇ, ਆਮ ਭਾਸ਼ਾ ਵਿਚ ਇਸ ਨੂੰ ਖੁਸ਼ਾਮਦੀ ਜਾਂ ਚਾਪਲੂਸ ਕਿਹਾ ਜਾਂਦਾ ਹੈ। ਕਹਿੰਦੇ ਹਨ, ਜਿਸ ਉਭਰਦੇ ਨੇਤਾ ਦਾ ਕਾਰਟੂਨ ਬਣਾਇਆ ਜਾਂਦਾ ਹੈ, ਥੋੜੇ ਚਿਰ ਪਿਛੋਂ ਉਸ ਦੀ ਵਾਸਤਵਿਕ ਸ਼ਕਲ ਵੀ ਕਾਰਟੂਨ ਵਰਗੀ ਹੀ ਹੋ ਜਾਂਦੀ ਹੈ। ਚਮਚਾ ਬਣੇ ਲੋਕਾਂ ਬਾਰੇ ਵੀ ਅਜਿਹਾ ਕਿਹਾ ਜਾ ਸਕਦਾ ਹੈ। ਚਮਚੇ ਦੀ ਖੁਸ਼ਾਮਦੀ ਹਰਕਤ ਨੂੰ ਚਮਚਾਗੀਰੀ ਕਿਹਾ ਜਾਂਦਾ ਹੈ। ‘ਗੀਰੀ’ ਫਾਰਸੀ ਦਾ ਮਸ਼ਹੂਰ ਪਿਛੇਤਰ ਹੈ। ਯੁੱਗ ਯੁੱਗ ਵਿਚ ਚਮਚੇ ਪੈਦਾ ਹੁੰਦੇ ਆਏ ਹਨ। ਇਨ੍ਹਾਂ ਤੋਂ ਬਿਨਾ ਕਿਸੇ ਵੀ ਸੰਗਠਨ ਦਾ ਕਾਰੋਬਾਰ ਚੱਲ ਨਹੀਂ ਸਕਦਾ। ਅਨੁਮਾਨ ਹੈ ਕਿ ਚਮਚਾ ਸ਼ਬਦ ਦੀ ਅਜਿਹੀ ਵਰਤੋਂ ਮੁਸਲਮਾਨੀ ਹਕੂਮਤ ਦੌਰਾਨ ਸ਼ੁਰੂ ਹੋਈ ਕਿਉਂਕਿ ਚਮਚੇ ਦੀ ਵਧੇਰੇ ਵਰਤੋਂ ਉਦੋਂ ਹੀ ਹੋਈ। ਸੱਤਾਧਾਰੀ ਲੋਕਾਂ ਦੀ ਹਉਮੈ ਨੂੰ ਪੱਠੇ ਪੈਂਦੇ ਰਹਿਣੇ ਚਾਹੀਦੇ ਹਨ ਤੇ ਇਹ ਪੱਠੇ ਚਮਚਾ ਬਣੇ ਲੋਕ ਖੂਬ ਪਰੋਸਦੇ ਹਨ।
ਇਕ ਕੋਸ਼ ਅਨੁਸਾਰ ਖੁਸ਼ਾਮਦੀ ਦੇ ਅਰਥਾਂ ਵਾਲਾ ਚਮਚਾ ਸ਼ਬਦ ਖਾਣ ਪੀਣ ਵਿਚ ਸਹਾਇਤਾ ਕਰਨ ਵਾਲੇ ਹਥਿਆਰ ਨਾਲ ਸਬੰਧਤ ਨਹੀਂ। ਇਹ ਬਣਿਆ ਹੈ ḔਚੰਮḔ ਸ਼ਬਦ ਤੋਂ, ਜੋ ਚਰਮ ਸ਼ਬਦ ਦਾ ਵਿਕਸਿਆ ਰੂਪ ਹੈ। ਚੰਮ ਤੁਚਾ ਜਾਂ ਜਿਲਦ ਨੂੰ ਆਖਦੇ ਹਨ। ਜਿਵੇਂ ਚੰਮ ਮਨੁਖੀ ਸਰੀਰ ਨਾਲ ਚੁੰਬੜਿਆ ਹੁੰਦਾ ਹੈ ਇਵੇਂ ਚਮਚੇ ਆਪਣੇ ਵੱਡੇ ਲੋਕਾਂ ਦੇ ਨਾਲ ਚੁੰਬੜੇ ਰਹਿੰਦੇ ਹਨ। ਪਰ ਇਹ ਦਲੀਲ ਬੇਤੁਕੀ ਲਗਦੀ ਹੈ। ਚਮਚੇ ਦਾ ਚਰਿਤਰ ਬਹੁਤਾ ਚੁੰਬੜੇ ਹੋਏ ਹੋਣ ਵਾਲਾ ਨਹੀਂ ਬਲਕਿ ਚਾਪਲੂਸੀ ਕਰਕੇ ਆਪਣੇ ਸੁਆਰਥੀ ਹਿਤ ਪੂਰੇ ਕਰਨ ਵਾਲਾ ਹੁੰਦਾ ਹੈ। ਚਮਚਾ ਸ਼ਬਦ ਵਿਚ ਚਾਪਲੂਸੀ ਦਾ ਭਾਵ ਚਮਚੇ ਦਾ ਖਾਣ-ਪੀਣ ਵਾਲੇ ਸੰਦ ਹੋਣ ਕਰਕੇ ਹੈ। ਸਾਡੀ ਸਭਿਅਤਾ ਵਿਚ ਖਿਲਾਉਣ-ਪਿਲਾਉਣ ਦਾ ਮਨਸ਼ਾ ਚਾਪਲੂਸੀ ਨਾਲ ਜੁੜਿਆ ਹੋਇਆ ਹੈ। ਅਸੀਂ ਕੁਝ ਮਿਸਾਲਾਂ ਲੈਂਦੇ ਹਾਂ। ਇਕ ਸ਼ਬਦ ਹੈ ਚਾਟੁਕਾਰ ਜੋ ਬਹੁਤਾ ਹਿੰਦੀ ਵਿਚ ਵਰਤਿਆ ਜਾਂਦਾ ਹੈ। ਇਹ ਸ਼ਬਦ ਵੀ ਕਿਸੇ ਦੀ ਐਵੇਂ ਸਿਫਤ ਜਾਂ ਲੋਲੋ-ਪੋਪੋ ਕਰਨ ਵਾਲੇ ਲਈ ਵਰਤਿਆ ਜਾਂਦਾ ਹੈ। ਚਾਟੁਕਾਰ ਬਣਿਆ ਹੈ, ḔਚਟḔ ਧਾਤੂ ਤੋਂ ਜਿਸ ਵਿਚ ਚੱਟਣ ਦੇ ਭਾਵ ਹਨ। ਕਿਸੇ ਨੂੰ ਮੱਖਣ ਲਾਉਣ ਦਾ ਭਾਵ ਵੀ ਕਿਸੇ ਦੀ ਵਧ ਚੜ੍ਹ ਕੇ ਵਡਿਆਈ ਕਰਨਾ ਹੀ ਹੈ। ਮੱਖਣ ਖਾਣ ਪੀਣ ਵਾਲੀ ਚੀਜ਼ ਹੈ। ਅੱਜ ਕਲ੍ਹ ਤਾਂ ਇਸ ਲਈ ਇਕ ਬੋਲਚਾਲ ਦਾ ਸ਼ਬਦ ḔਬਟਰਿੰਗḔ ਵੀ ਚੱਲ ਪਿਆ ਹੈ। ਅੰਗਰੇਜ਼ੀ ਵਿਚ ਇਸ ਭਾਵ ਲਈ ਬੁਟਟeਰ ੁਪ ਉਕਤੀ ਚਲਦੀ ਹੈ।
ਉਂਜ ਮਨੁੱਖੀ ਚਮਚੇ ਨੂੰ ਇਕ ਹੋਰ ਜ਼ਾਵੀਏ ਤੋਂ ਵੀ ਦੇਖਿਆ ਜਾ ਸਕਦਾ ਹੈ। ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ, ਚਮਚਾ ਇਕ ਸੰਦ ਦੇ ਨਿਆਈਂ ਹੈ, ਇਸ ਸੰਦ ਨੂੰ ਅਸੀਂ ਕੋਈ ਕੰਮ ਸੁਖਾਲਾ ਕਰਨ ਲਈ ਵਰਤਦੇ ਹਾਂ। ਭਾਵ ਇਸ ਦੀ ਵਰਤੋਂ ਨਾਲ ਖਾਣਾ ਆਦਿ ਸੁਖਾਲਾ ਖਾਧਾ ਜਾਂਦਾ ਹੈ। ਸੋ, ਮਨੁਖੀ ਚਮਚਾ ਵੀ ਇਕ ਸੰਦ ਜਾਂ ਉਪਕਰਣ ਵਾਂਗ ਵਰਤਾਉ ਕਰਦਾ ਹੈ, ਉਹ ਆਪਣੇ ਹਜ਼ੂਰ ਦੇ ਕਈ ਕੁੱਤੇ ਕੰਮ ਕਰਨ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ। ਧਿਆਨ ਦਿਉ ਅੰਗਰੇਜ਼ੀ ਸ਼ਬਦ ਟੂਲ ਦਾ ਇਕ ਅਰਥ ਹੈ, ਅਜਿਹਾ ਵਿਅਕਤੀ ਜੋ ਦੂਜਿਆਂ ਦੇ ਕੰਮ ਸਿਰੇ ਚੜ੍ਹਾਉਣ ਲਈ ਆਪਾ ਬਖਸ਼ੇ, ਕਠਪੁਤਲੀ ਜਾਂ ਮੁਹਰਾ ਬਣੇ। ਪੰਜਾਬੀ ਦਾ ਇਕ ਹੋਰ ਸ਼ਬਦ ਹੱਥਠੋਕਾ ਅਜਿਹਾ ਹੀ ਅਰਥ ਦਿੰਦਾ ਹੈ।