ਹਾਫਿਜ਼ ਬਰਖੁਰਦਾਰ ਨੇ ਕਿੱਸਾ ‘ਮਿਰਜ਼ਾ ਸਾਹਿਬਾਂ’ ਵਿਚ ਬੇਵਸੀ ਦਾ ਜ਼ਿਕਰ ਕਰਦਿਆਂ ਲਿਖਿਆ ਹੈ-ਕੌਣ ਬੁਝਾਏ ਹਾਫਿਜ਼ਾ, ਅੱਗ ਲੱਗੇ ਦਰਿਆ’। ਲਹਿੰਦੇ ਪੰਜਾਬ ਦੇ ਸ਼ਹਿਰ ਲਾਹੌਰ ਵਿਚ ਵੱਸਦੇ ਕਹਾਣੀਕਾਰ ਜ਼ੁਬੈਰ ਅਹਿਮਦ ਨੇ ‘ਅੱਗ ਲੱਗੇ ਦਰਿਆ’ ਦੀ ਕਹਾਣੀ ਛੋਹੀ ਹੈ।
ਇਹ ਉਹ ਕਹਾਣੀ ਹੈ ਜੋ ਵਿਹੰਦਿਆਂ ਵਿਹੰਦਿਆਂ ਭਾਂਬੜ ਬਣ ਗਈ ਹੈ। ਇਹ ਇਕੱਲੇ ਲਹਿੰਦੇ ਪੰਜਾਬ ਦੀ ਨਹੀਂ, ਚੜ੍ਹਦੇ ਪੰਜਾਬ ਦੀ ਵੀ ਹੋਣੀ ਜਾਪਦੀ ਹੈ, ਬਲਕਿ ਪੂਰੇ ਪਾਕਿਸਤਾਨ ਤੇ ਹਿੰਦੋਸਤਾਨ ਦੀ ਹੋਣੀ ਪ੍ਰਤੀਤ ਹੁੰਦੀ ਹੈ। ਜ਼ੁਬੈਰ ਅਹਿਮਦ ਉਨ੍ਹਾਂ ਲੇਖਕਾਂ ਦੀ ਢਾਣੀ ਵਿਚੋਂ ਹੈ ਜਿਹੜੇ ਵੰਡ ਤੋਂ ਬਾਅਦ ਦੇ ਹਨ। ਲਾਹੌਰ ਦੇ ਇਸਲਾਮੀਆ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦਾ ਲੇਖਕ, ਕਹਾਣੀਆਂ ਦੇ ਨਾਲ ਨਾਲ ਕਵਿਤਾ ਵੀ ਲਿਖਦਾ ਹੈ। -ਸੰਪਾਦਕ
ਜ਼ੁਬੈਰ ਅਹਿਮਦ
ਕਿਸੇ ਪੁਰਾਣੇ ਕਮਰੇ ਵਿਚ ਮੈਂ ਬੈਠਾਂ। ਦੂਜੀ ਮੰਜ਼ਲੇ, ਵੱਡੀ ਇਮਾਰਤ। ਇਮਾਰਤ ਉਕਾ ਖਾਲੀ, ਜੀਅ ਕੋਈ ਨਹੀਂ। ਅਸਲੋਂ ਇਹ ਇਮਾਰਤ ਪੁਰਾਣੇ ਹੋਵਣ ਪਾਰੋਂ ਬੰਦ ਹੋਈ ਜਾਪਦੀ ਏ। ਕਦੇ ਹੁੰਦੀ ਸੀ ਰੱਜ ਆਬਾਦ, ਵਸੀ ਰਸੀ। ਕਿਥੇ ਰਾਤ ਨੂੰ ਜਾ ਚੁੱਪ ਲੱਥਣੀ। ਗੋਲ ਘੁੰਮ ਘੇਰ ਪੌੜ੍ਹੀਆਂ ਪੁਰਾਣਿਆਂ ਵੇਲਿਆਂ ਦੀਆਂ, ਤੇ ਜਦ ਤੁਸੀਂ ਪੌੜੀਆਂ ਚੜ੍ਹ ਕੇ ਉਤੇ ਅੱਪੜੋ, ਲੰਮਾ ਬਰਾਂਡਾ, ਤੇ ਦੂਜੇ ਹੱਥ ਕਮਰਿਆਂ ਦੀ ਪਾਲ। ਪਹਿਲੇ ਕਮਰੇ ਵਿਚ ਰਜ਼ਾ ਤੇ ਮੈਂ ਬੈਠਦੇ ਸਾਂ, ਪਰ ਹੁਣ ਉਹ ਕਮਰਾ ਅਸਚਰਜ ਜਿਹਾ ਲੱਗਾ। ਬਹੁਤ ਸੌੜਾ ਲੱਗਾ ਦਿਲ ਨੂੰ ਬੜਾ ਦੁਖੀ ਜਿਹਾ ਕਰਦਾ। ਇਕ ਪਾਸੇ ਚਿੱਟਾ ਕੱਪੜਾ ਬੰਨ੍ਹਿਆ ਹੋਵੇ, ਗੋਲ ਬਾਂਸ ਵਰਗਾ ਲੰਮਾ ਦੂਰ ਤੀਕ ਜਾਂਦਾ; ਛੱਤ ਨਾਲ ਜਿਵੇਂ ਏæਸੀæ ਦੀ ਮੋਟੀ ਪਾਈਪ ਬਾਹਰ ਨੂੰ ਲੱਗੀ ਜਾਂਦੀ ਏ ਜਾਂ ਜਿਵੇਂ ਪੜਛੱਤੀ ਜਿਹੀ।
ਇਹ ਰਿਕਾਰਡ ਰੂਮ ਵਿਚ ਨਹੀਂ ਸੀ ਹੁੰਦੀ? ਜਿਥੇ ਹੁੰਦਾ ਸੀ ਚਾਚਾ ਆਸ਼ਿਕ, ਸਸਤੇ ਸਿਗਰਟ ਫੂਕਦਾ। ਇਸ ਦਾ ਕਮਰਾ ਪੁਰਾਣੀਆਂ ਫਾਈਲਾਂ ਨਾਲ ਭਰਿਆ ਰਹਿਣਾ। ਗਰਮੀਆਂ ਵਿਚ ਪੁਰਾਣਾ ਕੂਲਰ ਘੀਂ ਘੀਂ ਚਲਦੇ ਹੋਣਾ ਤੇ ਸਿਆਲਾਂ ਵਿਚ ਮੌਜ। ਸਰਕਾਰੀ ਕੋਟੇ ਦਾ ਕੋਇਲਾ ਜਾਂ ਫਿਰ ਕਮਰੇ ਨਾਲ ਈ ਵਿਹੜਾ। ਧੁੱਪ ਹੋਵੇ ਤਾਂ ਉਸ ਦੀ ਨਿਸ਼ਾ ਲਉ, ਪਰ ਇਹ ਸਾਰੀਆਂ ਫਾਈਲਾਂ ਇਥੇ ਕਿਉਂ ਆ ਗਈਆਂ? ਮੈਂ ਚੁੱਪ-ਚਾਪ ਬੈਠਾ ਹਾਂ। ਇਕ ਵੇਲੇ ਮੈਂ ਇਥੇ ਕਲਰਕ ਸਾਂ, ਬਿਜਲੀ ਦੇ ਮਹਿਕਮੇ ਵਿਚ।
ਇਸ ਇਮਾਰਤ ਨੂੰ ਕੀ ਹੋਇਆ। ਅਜਬ ਜਿਹਾ ਭੇਤ ਏ ਹੁਣ ਇਸ ਵਿਚ। ਬੇਕਦਰੀ ਜਿਹੀ ਵੀਰਾਨੀ, ਉਜੜੀ ਹੋਈ ਬੇ-ਨਿਸ਼ਾਨੀ। ਇਸ ਵੇਲੇ ਇਕ ਬੰਦਾ ਬਸ਼ਰ ਨਹੀਂ ਇਸ ਵਿਚ। ਉਕਾ ਬੰਦ ਏ ਇਹ। ਮੈਂ ਕਿਥੋਂ ਆਣ ਵੜਿਆ ਆਂ। ਮੈਂ ਬੜੀ ਔਖ ਨਾਲ ਬੈਠਾ ਆਂ ਐਥੇ। ਇਕ ਛਿਣ ਨੂੰ ਉਹ ਮੈਨੂੰ ਬੂਹੇ ਤੋਂ ਬਾਹਰ ਦਿਸਦਾ ਏ। ਰਜ਼ਾ। ਲਗਦਾ ਏ ਜਿਵੇਂ ਮੈਂ ਫੜਿਆ ਗਿਆ ਆਂ। ਰਜ਼ਾ ਮੈਨੂੰ ਵੇਖ ਕੇ ਇਕਦਮ ਛਾਈਂ ਮਾਈਂ ਹੋ ਜਾਂਦਾ ਏ। ਰਜ਼ਾ ਤੇ ਮੈਂ ਇਕੋ ਕਮਰੇ ਵਿਚ ਪੰਜ ਵਰ੍ਹੇ ਬੈਠੇ ਰਹੇ। ਉਹ ਮੈਥੋਂ ਕਈ ਵਰ੍ਹੇ ਵੱਡਾ ਸੀ। ਸੀ ਉਹ ਵੀ ਕਲਰਕ, ਪਰ ਸਿਗਰਟ ਪੀਣੇ ਗੋਡਲ ਲੀਫ਼ ਦੇ। ਉਹ ਇੰਜ ਦਾ ਨਹੀਂ ਸੀ ਰਿਸ਼ਵਤਖੋਰ। ਬੜੀ ਚੰਗੀ ਸੀ ਉਸ ਦੀ ਡਰਾਫਟਿੰਗ। ਪੁਰਾਣੇ ਵੇਲਿਆਂ ਦਾ ਬੀæਏæ ਪਾਸ। ਮਧਰਾ ਕੱਦ ਬੁੱਤ। ਗਠਿਆ ਜਿਹਾ ਪਿੰਡਾ। ਉਸ ਸਾਰੇ ਦਿਨ ਆਪਣੀ ਸੀਟ ਤੋਂ ਨਾ ਹਿੱਲਣਾ। ਮੈਂ ਸਵੇਰੇ ਜਦ ਦਫ਼ਤਰ ਆਉਣਾ, ਉਸ ਆਪਣੀ ਸੀਟ ‘ਤੇ ਬੈਠੇ ਹੋਣਾ। ਜਦ ਮੈਂ ਜਾਣਾ, ਉਦੋਂ ਵੀ। ਕਈਆਂ ਕਹਿਣਾ, ਦਫ਼ਤਰ ਦੀ ਸਟੇਸ਼ਨਰੀ ਵੇਚਦਾ ਏ। ਇਸ ਲਈ ਜਦ ਸਾਰੇ ਚਲੇ ਜਾਂਦੇ, ਇਸ ਤਦ ਜਾਣੈ। ਕਿਸੇ ਸੁਣਾਵਣਾ, ਖੋਤਾ ਰੇੜ੍ਹੀ ਆਉਂਦੀ ਏ, ਤੇ ਲੱਦ ਤੁਰ ਜਾਂਦੀ ਏ ਸਟੇਸ਼ਨਰੀ। ਕੁਝ ਦੱਸਦੇ, ਦਫ਼ਤਰ ਦੀ ਸਫ਼ਾਈ ਕਰ ਕੇ ਘਰ ਜਾਣਾ ਤੇ ਕੁਝ ਕੰਮ ਸਵੇਰੇ ਕਰਨਾ ਤੇ ਸਵੇਰੇ ਵੀ ਉਸ ਸਭ ਤੋਂ ਪਹਿਲਾਂ ਆਉਣਾ।
ਉਹ ਸਭੇ ਮੁਲਾਜ਼ਮ ਜਿਨ੍ਹਾਂ ਦੀ ਮੁਅੱਤਲੀ ਜਾਂ ਸ਼ੋਅ ਕਾਜ਼ ਨੋਟਿਸ ਜਾਰੀ ਹੋਇਆ ਹੁੰਦਾ, ਉਸ ਤੋਂ ਜਵਾਬ ਲਿਖਵਾਉਣ ਆਉਂਦੇ ਸਨ। ਅਸੀਂ ਭਾਵੇਂ ਦੋਵੇਂ ਇਕ ਕਮਰੇ ਵਿਚ ਬਹਿਨੇ ਸਾਂ, ਸਾਡੇ ਵਿਚਕਾਰ ਝਿਜਕ ਸੀ, ਓਹਲਾ ਜਿਹਾ, ਕੋਈ ਲੁਕੋ। ਖੌਰੇ ਝਿਜਕ ਪਾਰੋਂ ਕੋਈ ਡਰ, ਅਣਜਾਣੇ ਦੀ ਵਿੱਥ ਜਿਵੇਂ। ਅਸਾਂ ਪੂਰੇ ਪੰਜ ਵਰ੍ਹੇ ਇਕੋ ਕਮਰੇ ਵਿਚ ਇਕੋ ਛੱਤ ਥੱਲੇ ਬੈਠੇ, ਪਰ ਇਹ ਵਿੱਥ, ਝਿਜਕ ਨਾ ਮੁੱਕੀ।
ਇਹ ਲੁਕਾ ਉਸ ਵੱਲੋਂ ਸੀ, ਮੇਰੇ ਵੱਲੋਂ ਨਹੀਂ। ਖੌਰੇ ਇਸ ਲਈ, ਪਈ ਉਸ ਅੰਦਰ ਕੋਈ ਚੋਰ ਸੀ ਜਿਸ ਕਰ ਕੇ ਵਿੱਥ ਨਾ ਮੁੱਕੀ। ਨਾਲੇ ਮੈਂ ਉਸ ਤੋਂ ਘੱਟੋ ਘੱਟ 20 ਵਰ੍ਹੇ ਨਿੱਕਾ ਸਾਂ। ਮੈਂ ਬੀæਏæ ਕਰ ਕੇ ਨਵਾਂ ਨਵਾਂ ਕਲਰਕ ਲੱਗਾ ਸਾਂ ਤੇ ਐਮæਏæ ਪ੍ਰਾਈਵੇਟ ਦੀ ਤਿਆਰੀ ਕਰਦਾ ਪਿਆ ਸਾਂ। ਉਸ ਨੂੰ ਪਤਾ ਸੀ, ਮੈਂ ਕੁਝ ਚਿਰ ਲਈ ਆਂ। ਮੈਂ ਉਚੀ ਸਿਫ਼ਾਰਸ਼ ਪਾਰੋਂ ਸਿੱਧਾ 7ਵੀਂ ਸਕੇਲ ਵਿਚ ਆਇਆ ਸਾਂ ਤੇ ਉਹ 15 ਵਰ੍ਹੇ ਜੂਨੀਅਰ ਕਲਰਕ ਰਹਿਣ ਪਿਛੋਂ ਹੁਣ ਸੀਨੀਅਰ ਕਲਰਕ ਬਣਿਆ ਸੀ। ਇਸ ਦਾ ਉਸ ਨੂੰ ਰੱਜ ਸਾੜਾ ਸੀ। ਉਸ ਨੂੰ ਇਹ ਵੀ ਡਰ ਸਨ, ਪਈ ਕਿਤੇ ਉਸ ਦੇ ਕੰਮ ਮੈਨੂੰ ਨਾ ਮਿਲ ਜਾਣ। ਉਸ ਦੇ ਸਾਰੇ ਕੰਮ ਕਮਾਈ ਆਲੇ ਸਨ, ਇਸ ਲਈ ਉਸ ਹੈਡ ਕਲਰਕ ਨਾਲ ਅੱਟੀ ਸਿਟੀ ਲੜਾ ਕੇ ਮੈਨੂੰ ਉਹ ਕੰਮ ਦਿੱਤੇ, ਜਿਨ੍ਹਾਂ ਵਿਚ ਕੋਈ ਕਮਾਈ ਨਹੀਂ ਸੀ; ਸਗੋਂ ਮੈਨੂੰ ਕਈ ਦਿਨ ਕੋਈ ਕੰਮ ਨਾ ਲੱਭਾ। ਮੈਂ ਦਫ਼ਤਰ ਆਣਾ ਤੇ ਸਾਰਾ ਦਿਨ ਵਿਹਲੇ ਬਹਿ ਘਰ ਤੁਰ ਜਾਣਾ।
ਮੈਂ ਕਿਉਂ ਜੋ ਨਵਾਂ ਨਵਾਂ ਨੌਕਰੀ ਲੱਗਾ ਸਾਂ, ਇਸ ਲਈ ਹਮੇਸ਼ਾ ਵੇਲੇ ਸਿਰ ਆਉਣਾ। ਪੂਰੇ ਸਾਢੇ ਸੱਤ ਵਜੇ। ਇਸ ਵੇਲੇ ਨਿਰਾ ਰਜ਼ਾ ਤੇ ਰਿਕਾਰਡ ਕੀਪਰ ਆਉਂਦੇ ਸਨ। ਹਾਂ, ਅਫਸਰ ਦੇ ਕਮਰੇ ਦਾ ਚਪੜਾਸੀ ਤੇ ਥੱਲੇ ਕੰਟੀਨ ਵਾਲਾ ਵੀ ਆਇਆ ਹੋਣਾ, ਪਰ ਚਾਹ ਸਾਨੂੰ ਨੌਂ, ਸਾਢੇ ਨੌਂ ਵਜੇ ਜਾ ਲੱਭਣੀ ਤੇ ਸਭ ਤੋਂ ਪਹਿਲੀ ਚਾਹ ਵੀ ਮੇਰੇ ਕਮਰੇ ਦੇ ਬੇਲੀ ਈ ਮੰਗਾਣੀ। ਇਸ ਦਾ ਚਾਹ ਦਾ ਬਿੱਲ ਵੀ ਸਭ ਤੋਂ ਵੱਧ ਹੋਣਾ, ਪਰ ਉਸ ਨੂੰ ਕੋਈ ਪ੍ਰਵਾਹ ਨਾ ਹੋਣੀ; ਸਗੋਂ ਜਦ ਕੋਈ ਉਸ ਨੂੰ ਮਿਲਣ ਆਉਂਦਾ, ਉਸ ਝੱਟ ਆਪਣੀ ਕੁਰਸੀ ਤੋਂ ਉਠ ਬਾਰੀ ਕੋਲ ਜਾ ਹੌਲੀ ਜਿਹੀ ਹੇਠਾਂ ਸਿਰ ਕਰ, ਚਾਹ ਲਈ ‘ਵਾਜ ਮਾਰ ਦੇਣੀ। ਕਈ ਵਾਰੀ ਅਗਲੇ ਤੁਰ ਜਾਣਾ, ਤੇ ਮੁੜ ਉਸ ਚਾਹ ਮੇਰੀ ਮੇਜ਼ ‘ਤੇ ਧਰ ਦੇਣੀ। ਪੌਂਦ ਵਿਚ ਤਾਂ ਮੈਨੂੰ ਚੰਗਾ ਲਗਦਾ ਰਿਹਾ, ਫਿਰ ਮੈਨੂੰ ਖਿਆਲ ਆਉਣਾ, ਇਹ ਵੱਢੀ ਤਾਂ ਨਹੀਂ। ਇਸ ਲਈ ਮੈਂ ਹੌਲੀ ਹੌਲੀ ਚਾਹ ਪੀਣ ਤੋਂ ਨਾਂਹ ਕਰ ਦੇਣੀ, ਤੇ ਉਸ ਦਫ਼ਤਰ ਦੀ ਝਾੜ ਪੂੰਝ ਕਰਨ ਆਲੀ ਨੂੰ ਬੁਲਾ ਚਾਹ ਦੇ ਦੇਣੀ। ਉਸ ਦਾ ਨਾਂ ਜਮੀਲਾ ਸੀ। ਉਹ ਚੌਂਤੀ-ਪੈਂਤੀ ਦੀ ਹੋਣੀ ਏ। ਕਾਲਾ ਸ਼ਾਹ ਪਿੰਡਾ ਤੇ ਭਰਿਆ ਭਰਿਆ ਸਰੀਰ। ਮੋਟੇ ਬੁੱਲ੍ਹ ਤੇ ਮੋਟੀਆਂ ਈ ਕਾਲੀਆਂ ਸ਼ਾਹ ਅੱਖੀਆਂ। ਇਸ ਦੇ ਮੁੱਖ ਉਤੇ ਸਭ ਤੋਂ ਸੋਹਣੀਆਂ ਉਸ ਦੀਆਂ ਅੱਖਾਂ ਈ ਸਨ।
ਸਾਰਾ ਦਿਨ ਉਸ ਨਾਲ ਗੰਦਾ-ਮੰਦਾ ਮਖੌਲ ਹੁੰਦਾ ਰਹਿਣਾ, ਤੇ ਉਸ ਖਚਰਾ ਜਿਹਾ ਹਾਸਾ ਹੱਸਦੇ ਰਹਿਣਾ। ਕਈ ਵਾਰੀ ਉਹ ਬਹੁੰ ਚੁੱਪ ਹੁੰਦੀ ਸੀ ਤੇ ਉਸ ਉਕਾ ਕਿਸੇ ਗੱਲ ਦਾ ਜਵਾਬ ਨਾ ਦੇਣਾ; ਸਗੋਂ ਕਿਸੀ ਲੁਕਵੇਂ ਥਾਂ ਪਏ ਰਹਿਣਾ। ਅੱਖਾਂ ਉਸ ਦੀਆਂ ਵਿਚ ਅਜਬ ਜਿਹਾ ਪਾਣੀ ਤਰਨਾ ਦੁੱਖ ਦਾ ਤੇ ਪੀੜ ਦਾ। ਅਜਿਹੇ ਵੇਲਿਆਂ, ਉਸ ਮੇਰੇ ਵੱਲ ਵੀ ਆਪਣੀਅਤ ਨਾਲ ਤੱਕਣਾ, ਜਿਵੇਂ ਕਹਿੰਦੀ ਹੋਵੇ, ਮੁੰਡਿਆ! ਤੂੰ ਅਜੇ ਮੌਜ ਕਰ, ਤੈਨੂੰ ਹਯਾਤੀ ਦੇ ਦੁੱਖਾਂ ਦੀ ਕੀ ਸਾਰ ਏ? ਰਜ਼ਾ ਨੇ ਉਸ ਨੂੰ ਗੰਦੇ ਮਖੌਲ ਕਰਦੇ ਰਹਿਣਾ। ‘ਜਮੀਲਾ, ਇਹਦਾ ਵੀ ਮੁਬਾਇਲ ਬਦਲਾ ਦੇ’। ਮੈਨੂੰ ਬੜੀ ਸ਼ਰਮ ਆਣੀ। ਸਾਡੇ ਪੜ੍ਹਿਆਰ ਮੁੰਡਿਆਂ ਵਿਚਕਾਰ ਇੰਨੇ ਨੰਗੇ ਮਖੌਲ ਨਹੀਂ ਸਨ ਹੁੰਦੇ। ਗਾਲਾਂ ਦੀ ਵਾਛੜ ਭਾਵੇਂ ਵਰ੍ਹਦੀ ਸੀ, ਪਰ ਸ਼ਰਮ ਲਿਹਾਜ਼ ਵੀ ਹੁੰਦਾ ਸੀ। ਖੌਰੇ ਪੜ੍ਹਿਆਰਾਂ ਦੀ ਬਹਿਣਾ ਪਾਰੋਂ ਹੋਵੇ। ਕਈ ਵਾਰੀ ਜਮੀਲਾ ਲੰਘਦੇ ਲੰਘਦੇ ਮੇਰੀ ਗੱਲ੍ਹ ਵੀ ਪੁੱਟ ਲੈਣੀ, ਜਾਂ ਚੂੰਢੀ ਵੱਢ ਲੈਣੀ, ਪਰ ਉਸ ਦਾ ਸਾਰਾ ਮਖੌਲ ਇੰਨਾ ਹੀ ਹੁੰਦਾ ਸੀ।
ਤੇ ਹੌਲੀ ਹੌਲੀ ਮੇਰੇ ਪੈਰ ਉਸ ਦਫਤਰ ਲੱਗਣੇ ਸ਼ੁਰੂ ਹੋਏ। ਇਸ ਵਿਚ ਵੀ ਬਹੁਤਾ ਹੱਥ ਜਮੀਲਾ ਦਾ ਸੀ। ਉਸ ਕਹਿਣਾ, ‘ਘਾਬਰੀਂ ਨਾ। ਇਨ੍ਹਾਂ ਸਾਰਿਆਂ ਦੇ ਭੇਤ ਨੇ; ਕੁਝ ਦੇ ਘੱਟ, ਕੁਝ ਦੇ ਵੱਧ। ਛੱਡਦਾ ਕੋਈ ਨਹੀਂ, ਮੰਗਦੇ ਸਾਰੇ ਨੇ। ਤੈਨੂੰ ਵੀ ਜੋ ਲੱਭੇ, ਬੋਝੇ ਪਾ ਲਈਂ। ਨਿਰੀ ਤਨਖਾਹ ਨਾਲ ਕੀ ਹੁੰਦਾ ਏ? ਬੱਸ ਮੂੰਹ ਸੁੱਟ ਕੇ ਆਪਣਾ ਕੰਮ ਕਰੀ ਜਾ। ਕਿਸੇ ਵੱਲ ਵੇਖਣ ਟੋਹ ਲੈਣ ਦੀ ਲੋੜ ਨਹੀਂ। ਕੋਈ ਕੀ ਕਰਦਾ ਏ, ਤੇਰਾ ਕੋਈ ਮਤਲਬ ਨਹੀਂ। ਤੇਰੀ ਨਵੀਂ ਨਵੀਂ ਨੌਕਰੀ ਏ, ਚੁੱਪ ਕਰ ਕੇ ਵੇਲਾ ਟਪਾ। ਨਹੀਂ ਤਾਂ ਰਹਿਣਾ ਔਖਾ ਕਰ ਦੇਣਗੇ। ਤੈਨੂੰ ਰੋਜ਼ ਅਫ਼ਸਰ ਤੋਂ ਝਾੜ ਪਏਗੀ। ਅਫ਼ਸਰ ਤੋਂ ਝਾੜ ਪਏ ਤਾਂ ਬੰਦੇ ਦਾ ਜੀਅ ਕਰਦਾ ਏ ਥਾਂ ਮਰ ਜਾਵੇ। ਮੈਨੂੰ ਵੇਖ। ਮੇਰੇ ਤਿੰਨ ਬਾਲ ਨੇ। ਬੰਦਾ ਕੁਝ ਨਹੀਂ ਕਰਦਾ। ਅਠਾਰਾਂ ਵਰ੍ਹਿਆਂ ਦੀ ਸਾਂ ਜਦ ਇਥੇ ਆਈ। ਪਹਿਲੇ ਦਿਨ ਈ ਸਵੇਰੇ ਮੈਨੂੰ ਮੇਰੇ ਨਾਲ ਦੇ ਨੇ ਈ ਢਾਹ ਲਿਆ। ਤੂੰ ਨਹੀਂ ਜਾਣਦਾ, ਹੁਣ ਉਹਦੀ ਬਦਲੀ ਹੋ ਗਈ ਏ। ਮੁੜ ਇਕ ਦਿਨ ਕਿਸੇ ਹੋਰ। ਹੌਲੀ ਹੌਲੀ ਮੈਂ ਤਾਕਤ ਫੜੀ, ਤੇ ਦੋ-ਤਿੰਨ ਵਰ੍ਹਿਆਂ ਵਿਚ ਈ ਆਪਣੇ ਪੈਰਾਂ ਉਤੇ ਖਲੋ ਗਈ। ਹੁਣ ਭਾਵੇਂ ਗੰਦਾ ਮਖੌਲ ਕਰਦੇ ਨੇ, ਪਰ ਮਜਾਲ ਏ ਕੋਈ ਹੱਥ ਲਾਏ, ਮੇਰੀ ਮਰਜ਼ੀ ਬਿਨਾਂ। ਉਹ ਭੇਤ ਭਰੀ ਮੁਸਕਾਨ ਨਾਲ ਕਹਿੰਦੀ ਏ।
ਇਹ ਦਫ਼ਤਰ ਅਸਲੋਂ ਬਹੁੰ ਪੁਰਾਣੀ ਕੋਠੀ ਵਿਚ ਸੀ। ਚੌਬੁਰਜੀ ਵਿਚ। ਜੇ ਤੁਸੀਂ ਸ਼ਾਮ ਨਗਰ ਵੱਲ ਜਾਓ, ਰਾਹ ਵਿਚ ਪੈਂਦੈ ਪੁੱਠੇ ਹੱਥ। ਹੁਣ ਖੌਰੇ ਹੈ ਵੀ ਜਾਂ ਨਹੀਂ, ਜਾਂ ਫਿਰ ਪਲਾਜ਼ਾ ਬਣ ਗਿਆ ਹੋਣਾ ਏ। ਬਿਜਲੀ ਦੇ ਮਹਿਕਮੇ ਆਲਿਆਂ ਕਿਰਾਏ ਉਤੇ ਲਈ ਹੋਈ ਸੀ ਕੋਠੀ, ਤੇ ਉਤਲੀ ਮੰਜ਼ਲੇ ਐਕਸੀਅਨ ਬੈਠਦਾ ਸੀ ਜਿਹੜਾ ਐਸ਼ਡੀæਓæ ਤੋਂ ਉਚਾ ਅਫ਼ਸਰ ਹੁੰਦਾ ਏ, ਤੇ ਉਸ ਦੇ ਹੇਠ ਤਿੰਨ-ਚਾਰ ਐਸ਼ਡੀæਓæ ਹੁੰਦੇ ਨੇ। ਉਤੇ ਦਸ ਬਾਰਾਂ ਕਮਰੇ ਸਨ ਜਿਸ ਵਿਚ ਕਲਰਕਾਂ, ਡਰਾਫ਼ਟਮੈਨ, ਸਟੈਨੋ, ਰਿਕਾਰਡ ਕੀਪਰ, ਡਾਇਰੀ ਕਲਰਕ ਦੇ ਵੱਖੋ-ਵੱਖ ਕਮਰੇ ਸਨ। ਇੰਨੇ ਈ ਕਮਰੇ ਥੱਲੇ ਸਨ, ਪਰ ਥੱਲੇ ਰੈਵਨਿਊ ਦਾ ਦਫ਼ਤਰ ਸੀ ਜਿਹੜਾ ਵੱਖਰਾ ਦਫਤਰ ਸੀ।
ਇਸ ਕੋਠੀ ਦੀ ਮਾਲਕਣ ਬੁੜ੍ਹੀ ਮਾਈ ਸੀ ਜਿਸ ਮਸਾਂ ਪੌੜੀਆਂ ਚੜ੍ਹਨੀਆਂ, ਤੇ ਮੁੜ ਵਰਾਂਡੇ ਵਿਚ ਡਾਇਰੀ ਕਲਰਕ ਕੋਲ ਬਹਿ ਜਾਣਾ। ਇਸ ਡਾਇਰੀ ਕਲਰਕ ਈ ਉਸ ਦਾ ਕਿਰਾਏ ਦਾ ਬਿੱਲ ਪਾਸ ਕਰਾਣਾ, ਤੇ ਉਸ ਨੂੰ ਚੈਕ ਦੇ ਕੇ ਡਾਇਰੀ ਰਜਿਸਟਰ ਉਤੇ ਵਸੂਲੀ ਦੇ ਦਸਤਖ਼ਤ ਕਰਾ ਲੈਣੇ। ਇਸ ਬਿੱਲ ਦੀ ਤਿਆਰੀ ਦੀ ਫਾਈਲ ਰਜ਼ਾ ਦੇ ਨੋਟ ਉਤੋਂ ਛੁਹਣੀ, ਮੁੜ ਇਹ ਫਾਈਲ ਹੈਡ ਕਲਰਕ ਕੋਲ ਜਾਣੀ ਤੇ ਮੁੜ ਐਕਸੀਅਨ ਦੀ ਮਨਜ਼ੂਰੀ ਨਾਲ ਚੈੱਕ ਬਣਾ ਜਾਣਾ। ਮਾਈ ਨੇ ਇੰਨਾ ਚਿਰ ਡਾਇਰੀ ਕਲਰਕ ਕੋਲ ਬੈਠੀ ਰਹਿਣਾ, ਤੇ ਮੁੜ ਉਸ ਚੈੱਕ ਲਿਆ ਕੇ ਡਾਇਰੀ ਰਜਿਸਟਰ ਉਤੇ ਉਹਦੇ ਦਸਤਖਤ ਕਰਾ ਕੇ ਇਹ ਚੈੱਕ ਉਹਦੇ ਹਵਾਲੇ ਕਰ ਦੇਣਾ, ਤੇ ਇਸ ਡਾਇਰੀ ਕਲਰਕ ਦੇ ਖੀਸੇ ਵਿਚ ਕੁਝ ਪਾ ਕੇ ਹੌਲੀ ਹੌਲੀ ਆਪਣੇ ਡਰਾਈਵਰ ਨਾਲ ਪੌੜੀਆਂ ਲਹਿ ਜਾਣਾ।
ਇਸ ਕੋਠੀ ਬਾਰੇ ਬੜੀਆਂ ਕਹਾਣੀਆਂ ਸਨ। ਇਕ ਕਹਾਣੀ ਇਹ ਸੀ, ਪਈ ਇਹ ਕੋਠੀ ਸਦਰ ਅਯੂਬ ਨੇ ਕਿਸੇ ਫੌਜੀ ਨੂੰ ਤੋਹਫ਼ੇ ਵਿਚ ਦਿੱਤੀ ਸੀ, ਤੇ ਇਹ ਬੁੜ੍ਹੀ ਮਾਈ ਉਸ ਦੀ ਵਹੁਟੀ ਈ। ਕੁਝ ਕਹਿੰਦੇ, ਨਹੀਂ ਰਖੇਲ ਸੀ ਅਯੂਬ ਦੇ ਵੇਲੇ ਦੇ ਕਿਸੇ ਫੌਜੀ ਅਫ਼ਸਰ ਦੀ, ਤੇ ਉਸ ਨੇ ਦਿੱਤੀ ਕੋਈ ਡਿਪਟੀ ਮਾਰਸ਼ਲ ਲਾਅ ਅਫਸਰ ਸੀ ਮੁਲਤਾਨ, ਕਿ ਲਾਹੌਰ, ਕਿ ਪਿਸ਼ੌਰ ਦਾ, ਤੇ ਮੁੜ ਸਾਰੇ ਕਲਰਕਾਂ ਉਚੀ ਹੱਸ ਕੇ ਉਸ ਬੁਢੇਰੀ ਦੀਆਂ ਨਕਲਾਂ ਲਾਹਣੀਆਂ। ਵੇਖਿਆ ਨਹੀਂ, ਕਿੰਝ ਪਾਨ ਖਾਂਦੀ ਈ, ਬਾਈ ਨਹੀਂ ਲਗਦੀ ਤੈਨੂੰ। ਮੈਨੂੰ ਉਹ ਇਸ ਤੋਂ ਚੇਤੇ ਏ, ਪਈ ਇਕ ਵਾਰ ਉਹ ਚੈੱਕ ਲੈਣ ਆਈ, ਤੇ ਸਾਡਾ ਡਾਇਰੀ ਕਲਰਕ ਜਿਹੜਾ ਸੋਹਣਾ ਸ਼ੌਂਕੀ ਮੁੰਡਾ ਸੀ, ਤੇ ਸਦਾ ਇਸ ਦੇ ਮੁੱਖ ਉਤੇ ਮੁਸਕਾਨ ਰਹਿਣੀ। ਸਭ ਨੂੰ ਪਤਾ ਸੀ, ਪਈ ਮਾਲਕਣ ਚੈੱਕ ਲੈ ਉਸ ਦੇ ਬੁਸ਼ਰਟ ਦੇ ਖੀਸੇ ਵਿਚ ਕੁਝ ਪਾ ਜਾਂਦੀ ਏ। ਇਕ ਦਿਨ ਉਹਦੀ ਛੁੱਟੀ ਪਾਰੋਂ ਮੈਨੂੰ ਇਹ ਕੰਮ ਕਰਨਾ ਪਿਆ, ਤੇ ਜਾਂਦੀ ਵਾਰੀ ਉਸ ਨੇ ਮੇਰੀ ਕਮੀਜ਼ ਦੇ ਖੀਸੇ ਵਿਚ ਸੌ ਦਾ ਨੋਟ ਪਾ ਦਿੱਤਾ। ਉਨ੍ਹਾਂ ਵੇਲਿਆਂ ਵਿਚ ਸੌ ਦਾ ਨੋਟ ਬਹੁੰ ਰਕਮ ਸੀ। ਮੇਰੀ ਤਾਂ ਕੁੱਲ ਤਨਖਾਹ ਯਾਰਾਂ-ਬਾਰਾਂ ਸੌ ਸੀ।
ਪਰ ਮੈਂ ਇਹ ਕੇਹੀ ਸੋਚੀ ਜਾਂਦਾ ਆਂ। ਇਸ ਕਮਰੇ ਵਿਚ ‘ਕੱਲਾ ਕੀ ਕਰਦਾ ਪਿਆ ਆਂ। ਦਫ਼ਤਰ ਤੇ ਕਦ ਦਾ ਮੁੱਕ ਗਿਆ ਹੋਇਆ ਏ। ਮੈਨੂੰ ਰਜ਼ਾ ਦਾ ਖਿਆਲ ਆਂਦਾ ਏ, ਉਸ ਨੂੰ ਤਾਂ ਮਿਲਾਂ। ਹੁਣੇ ਨਜ਼ਰੀ ਪਿਆ ਤਾਂ ਸੀ। ਮੈਂ ਕਮਰੇ ਤੋਂ ਬਾਹਰ ਨਿਕਲਦਾ ਆਂ, ਤੇ ਸਾਰੇ ਕਮਰਿਆਂ ਨੂੰ ਤਾਲੇ ਵੱਜੇ ਹੋਏ ਨੇ। ਹੇਠਾਂ ਵੇਖਦਾ ਆਂ ਤਾਂ ਗੇਟ ਕੁੰਡਲੀਆਂ ਤਾਰਾਂ ਨਾਲ ਬੰਦ ਕੀਤਾ ਹੋਇਆ ਏ। ਇਥੋਂ ਹੁਣ ਕਿਵੇਂ ਨਿਕਲਾਂ। ਅਚਨਚੇਤ ਤ੍ਰਿਖੇ ਪੈਰੀਂ ਨੱਸਦਾ ਮੁੜ ਮੁੜ ਪਿਛੇ ਪੁਣਛ ਰੋਡ ਉਤੇ ਦਿੱਸਦਾ ਏ, ਮੈਂ ਉਸ ਦੇ ਪਿਛੇ ਨੱਸਦਾ ਆਂ। ਉਹ ਤ੍ਰਿਖਾ ਨੱਸਦਾ ਮੁੜ ਮੁੜ ਪਿਛੇ ਵੇਖਦਾ ਨੱਸੀ ਜਾਂਦਾ ਏ। ਕਦੇ ਉਹ ਜਵਾਨ ਬਣ ਜਾਂਦਾ ਏ, ਕਦੀ ਬਹੁੰ ਬੁਢੇਰਾ। ਮੈਂ ਉਹਨੂੰ ‘ਵਾਜਾਂ ਮਾਰਦਾ ਆਂ, ਪਰ ਉਹ ਮੇਰੀ ‘ਵਾਜ ਨਹੀਂ ਸੁਣਦਾ। ਮੈਨੂੰ ਚੇਤੇ ਆਂਦਾ ਏ, ਇਹਦਾ ਵਾਪਡਾ ਟਾਊਨ ਵਿਚ ਪਲਾਟ ਹੁੰਦਾ ਸੀ। ਜਦ 80-82 ਵਿਚ ਇਹ ਕਾਲੋਨੀ ਬਣੀ ਸੀ, ਤੇ ਇਸ ਦੇ ਨਕਸ਼ੇ ਆਏ ਸਨ, ਤੇ ਰਜ਼ਾ ਕਿੰਨੇ ਚਾਅ ਨਾਲ ਆਪਣਾ ਪਲਾਟ ਵਿਖਾਂਦਾ ਸੀ- ‘ਵੇਖੋ ਨੇੜੇ ਈ ਮਸੀਤ ਏ। ਸਾਹਮਣੇ ਬਾਲਾਂ ਦਾ ਪਾਰਕ ਏ। ਕਾਰਨਰ ਪਲਾਟ ਏ। ਇਹਦਾ ਤਾਂ ਮੁੱਲ ਵੀ ਬੜਾ ਮਿਲ ਜਾਏਗਾ। ਉਦੋਂ ਉਹ ਹਰ ਵੇਲੇ ਆਪਣੇ ਪਲਾਟ ਦੀਆਂ ਗੱਲਾਂ ਕਰਦਾ ਰਹਿੰਦਾ ਸੀ। ਇੰਝ ਦਾ ਨਕਸ਼ਾ ਹੋਵੇਗਾ। ਡਰਾਫ਼ਟਮੈਨ ਕੋਲੋਂ ਨਵੇਂ ਨਵੇਂ ਨਕਸ਼ਿਆਂ ਬਾਰੇ ਪੁੱਛਦਾ ਸੀ। ਮੈਂ ਇਸ ਦੇ ਪਿਛੇ ਪਿਛੇ ਨੱਸਦਾ ਉਚੀ ‘ਵਾਜ ਨਾਲ ਪੁੱਛਨਾ ਆਂ- ‘ਵਾਪਡਾ ਟਾਊਨ ਘਰ ਪਾ ਲਿਆ ਸੀ?’ ‘ਨਹੀਂ।’ ਉਹ ਉਚੀ ‘ਵਾਜ ਦਿੰਦਾ ਨੱਸੀ ਜਾਂਦਾ ਏ, ‘ਕੁੜੀਆਂ ਦੇ ਵਿਆਹ ਕਰਨੇ ਸਨ, ਵੇਚ ਦਿੱਤਾ ਸੀ।’ ‘ਹੈਂ’, ਮੈਂ ਅਚੰਭੇ ਨਾਲ ਕਹਿੰਨਾ ਆਂ। ਇਹ ਆਖ ਉਹ ਛਾਈਂ ਮਾਈਂ ਹੋ ਜਾਂਦਾ ਏ।
ਅਚਨਚੇਤ ਮੈਂ ਚੌਬੁਰਜੀ ਚੌਕ ਵਿਚ ਆ ਖੜ੍ਹਾ ਹੋਨਾ ਆਂ। ਚੌਕ ਵਿਚ ਘਾਹ ਉਤੇ ਲੋਕ ਬੈਠੇ ਹੋਏ ਨੇ। ਸਾਹਮਣੇ ਟੀ ਸਟਾਲ ਤੋਂ ਚਾਹਵਾਂ ਆਈ ਜਾਂਦੀਆਂ ਨੇ। ਲੋਕ ਗਪੌੜੀਆਂ ਮਾਰਦੇ ਪਏ ਨੇ। ਬਾਲ ਤੇ ਜਨਾਨੀਆਂ ਵੀ ਨੇ। ਤੇਲ ਮਾਲਿਸ਼ ਆਲੇ ਬੋਤਲਾਂ ਖੜਕਾਂਦੇ ਪਏ ਨੇ। ਚੌਕ ਦੇ ਚੁਫ਼ੇਰੇ ਮੈਨੂੰ ਪਾਣੀ ਦਾ ਵੱਡਾ ਨਾਲਾ ਜਿਹਾ ਵਿਖਾਈ ਦਿੰਦਾ ਏ। ਇਸ ਵਿਚ ਸਾਫ਼ ਸੁਥਰਾ ਪਾਣੀ ਏ, ਤੇ ਰੰਗ ਬਰੰਗੀਆਂ ਮੱਛੀਆਂ ਨਾਲ ਭਰਿਆ ਹੋਇਆ ਏ। ‘ਹੈਂ! ਇਥੇ ਮੱਛੀਆਂ ਵੀ ਨੇ। ਕਦੀ ਫੜਨ ਆਵਾਂਗਾ।’ ਸਾਫ਼ ਪਾਣੀ ਵਿਚ ਮੱਛੀਆਂ ਮੈਨੂੰ ਟੁੰਬ ਲੈਂਦੀਆਂ ਨੇ। ਮੈਨੂੰ ਲੱਗਦਾ ਏ, ਮੈਂ ਇਨ੍ਹਾਂ ਨੂੰ ਹੱਥ ਨਾਲ ਫੜ ਸਕਨਾਂ ਵਾਂ।
ਮੈਂ ਪਾਣੀ ਵਿਚ ਹੱਥ ਪਾਨਾ ਈ ਆਂ, ਤੇ ਪਾਣੀ ਇਕਦਮ ਲਾਲ ਹੋ ਜਾਂਦਾ ਏ। ਮੱਛੀਆਂ ਤੜਫ਼ਣ ਲਗ ਪੈਂਦੀਆਂ ਨੇ, ਜਿਵੇਂ ਮਰ ਰਹੀਆਂ ਹੋਵਣ। ਫਿਰ ਉਹ ਫਟਣ ਲੱਗ ਪੈਂਦੀਆਂ ਨੇ। ਉਨ੍ਹਾਂ ਦੇ ਲੋਥੜੇ ਪਾਣੀ ਵਿਚ ਖਿੱਲਰ ਜਾਂਦੇ ਨੇ। ਚੌਕ ਅਚਨਚੇਤ ਸੁੰਨ ਮਸਾਣ ਹੋ ਜਾਂਦਾ ਏ। ਸਭ ਲੋਕ ਗੈਬ ਜਿਹੇ ਹੋ ਜਾਂਦੇ ਨੇ। ਮੱਛੀਆਂ ਨਾਲੇ ਤੋਂ ਬਾਹਰ ਡਿੱਗਣ ਲੱਗ ਪੈਂਦੀਆਂ ਨੇ, ਤੇ ਸੜਕ ਉਤੇ ਤੜਾਫਟ ਨਾਲ ਲੋਟਣ ਲੱਗ ਪੈਂਦੀਆਂ ਨੇ। ਉਹ ਮੈਨੂੰ ਅਤਿ ਹੈਰਾਨੀ ਨਾਲ ਤੱਕਦੀਆਂ ਸੜਕ ਉਤੇ ਮਰੀ ਜਾਂਦੀਆਂ ਨੇ, ਤੇ ਉਨ੍ਹਾਂ ਦੇ ਆਨੇ ਟੱਡੇ ਜਾਂਦੇ ਨੇ। ਹੈਂ!!
ਬਿਸਤਰਿਓਂ ਉਠ ਬਹਿ ਜਾਨਾ। ਕੇਹਾ ਕੁ ਸਫ਼ਨਾ ਸੀ ਇਹ। ਪੂਰੀ ਡਿੱਠੀ ਸਗਵੀਂ ਫਿਲਮ ਦੀ ਰੀਲ ਹਾਰ ਅੱਖਾਂ ਅੱਗਿਉਂ ਲੰਘ ਜਾਂਦੀ ਏ, ਅੱਖ ਖੁੱਲ੍ਹਣ ਨਾਲ ਭਾਵੇਂ ਬਹੁਤੇ ਸੁਫ਼ਨੇ ਤੇ ਧੁੱਪ ਵਿਚ ਤ੍ਰੇਲ ਵਾਂਙੂੰ ਉਡ ਪੁੱਡ ਜਾਂਦੇ ਨੇ। ਕਮਰਿਓਂ ਉਠ ਵੱਡੇ ਬਹਿਣ ਆਲੇ ਕਮਰੇ ਆ ਖਲੋਨਾ ਆਂ। ਓਹ ਮੇਰਿਆਂ ਰੱਬਾ! ਸਾਡਾ ਤਾਂ ਜੀਵਨ ਈ ਕੁ-ਸੁਫਨਾ ਹੋਈ ਜਾਂਦਾ ਏ। ਬਾਹਰੋਂ ਬਾਰੀਆਂ ਰਾਹੀਂ ਨਿੰਮ੍ਹਾ ਨਿੰਮ੍ਹਾ ਚਾਨਣ ਆਂਦਾ ਪਿਆ ਏ। ਬਾਹਰ ਦੀ ਬੱਤੀ ਬੰਦ ਕਰਾਂ, ਤੇ ਅਖਬਾਰ ਵੇਖਾਂ, ਆਇਆ ਏ ਜਾਂ ਨਹੀਂ! ਬੱਤੀ ਬੰਦ ਕਰ ਭੁੰਜਿਉਂ ਅਖ਼ਬਾਰ ਚੁੱਕਣ ਲਈ ਹੱਥ ਵਿਚ ਫੜਨਾ ਈ ਆਂ, ਕਿ ਹੱਥ ਲਹੂ ਨਾਲ ਭਰ ਜਾਂਦੇ ਨੇ। ਹੈਂ!